ਸਿੱਖ ਧਰਮ ਨੂੰ ‘ਕਲਟ’ ਦੱਸਣ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ

ਅੰਮ੍ਰਿਤਸਰ: ਅਯੁੱਧਿਆ ਕੇਸ ਦੇ ਫੈਸਲੇ ਵਿਚ ਸਿੱਖ ਧਰਮ ਬਾਰੇ ਵਰਤੇ ਗਏ ਸ਼ਬਦ ‘ਕਲਟ’ ਨੂੰ ਹਟਾਉਣ ਦਾ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ। ਇਸ ਸਬੰਧੀ ਸਿੱਖ ਨੇਸ਼ਨ ਆਰਗੇਨਾਈਜੇਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ਵਿਚ ਇਸ ਇਤਰਾਜ਼ਯੋਗ ਸ਼ਬਦ ਅਤੇ ਗੁਰੂ ਨਾਨਕ ਦੇਵ ਦੀ ਅਯੁੱਧਿਆ ਫੇਰੀ ਦੌਰਾਨ ਮੂਰਤੀ ਪੂਜਾ ਕਰਨ ਸਬੰਧੀ ਦਿੱਤੇ ਹਵਾਲਿਆਂ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ।

ਸਿੱਖ ਨੇਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਵਲੋਂ ਦਾਇਰ ਕੀਤੀ ਇਹ ਪਟੀਸ਼ਨ ਵਕੀਲ ਇਸ਼ਮਾ ਰੰਧਾਵਾ, ਧਨੰਜਯ ਗਰੋਵਰ ਅਤੇ ਅਨਿਰਬਾਨ ਭੱਟਾਚਾਰੀਆ ਨੇ ਤਿਆਰ ਕੀਤੀ ਹੈ। ਹਾਲ ਹੀ ਵਿਚ ਦਾਇਰ ਕੀਤੀ ਇਸ ਪਟੀਸ਼ਨ ਉਤੇ ਸੁਪਰੀਮ ਕੋਰਟ ਵਲੋਂ ਸੁਣਵਾਈ ਕਰਨ ਦੀ ਸਹਿਮਤੀ ਦੇ ਦਿੱਤੀ ਗਈ ਹੈ। ਇਸ ਪਟੀਸ਼ਨ ਉਤੇ ਸੁਣਵਾਈ ਅਗਲੇ ਹਫਤੇ ਸ਼ੁਰੂ ਹੋਣ ਅਤੇ ਇਸ ਦੀ ਪੈਰਵੀ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਵਲੋਂ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਸਬੰਧੀ ਵਿਚ ਡਾ. ਰੰਧਾਵਾ ਨੇ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਅਯੁੱਧਿਆ ਕੇਸ ਬਾਰੇ ਦਿੱਤੇ ਫੈਸਲੇ ਵਿਚ ਸਿੱਖ ਧਰਮ ਬਾਰੇ ਵਿਸ਼ੇਸ਼ ਤੌਰ ਉਤੇ ਇਕ ਸ਼ਬਦ ‘ਕਲਟ’ ਵਰਤਿਆ ਗਿਆ ਹੈ।
ਉਨ੍ਹਾਂ ਵੱਖ-ਵੱਖ ਸ਼ਬਦਕੋਸ਼ਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਇਹ ਸ਼ਬਦ ਨਾਂਹ-ਪੱਖੀ ਭਾਵਨਾ ਵਾਲਾ ਹੈ। ਅਦਾਲਤ ਵਲੋਂ ਸਿੱਖ ਧਰਮ ਨੂੰ ਇਸ ਸ਼ਬਦ ਰਾਹੀਂ ਇਕ ਗੁੱਟ ਕਰਾਰ ਦਿੱਤਾ ਗਿਆ ਹੈ ਜਦੋਂਕਿ ਸੰਯੁਕਤ ਰਾਸ਼ਟਰ ਵਲੋਂ ਸਿੱਖ ਧਰਮ ਨੂੰ ਵਿਸ਼ਵ ਦੇ ਛੇਵੇਂ ਮੁਕੰਮਲ ਧਰਮ ਵਜੋਂ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸ਼ਬਦ ਨਾ ਹਟਾਇਆ ਗਿਆ ਤਾਂ ਇਹ ਭਵਿੱਖ ਵਿਚ ਕਈ ਹੋਰ ਥਾਂਵਾਂ ਉਤੇ ਵੀ ਸਿੱਖ ਧਰਮ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਇਸ ਗਲਤੀ ਨੂੰ ਹੁਣੇ ਸੁਧਾਰਨਾ ਚਾਹੀਦਾ ਹੈ।
_____________________________________________
ਬਾਬੇ ਨਾਨਕ ਨਾਲ ਮੂਰਤੀ ਪੂਜਾ ਜੋੜਨ ਉਤੇ ਇਤਰਾਜ਼
ਅੰਮ੍ਰਿਤਸਰ: ਪਟੀਸ਼ਨ ਵਿਚ ਦਰਜ ਕੀਤੇ ਦੂਜੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਅਯੁੱਧਿਆ ਮਾਮਲੇ ਵਿਚ ਆਰ.ਐਸ਼ਐਸ਼ ਨਾਲ ਸਬੰਧਤ ਰਾਜਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਗਵਾਹੀ ਦਿੱਤੀ ਹੈ ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਗੁਰੂ ਨਾਨਕ ਦੇਵ ਵਲੋਂ ਇਕ ਸ਼ਰਧਾਲੂ ਵਜੋਂ ਰਾਮ ਜਨਮ ਭੂਮੀ ਅਯੁੱਧਿਆ ਦੇ ਦਰਸ਼ਨ ਕੀਤੇ ਗਏ ਸਨ ਅਤੇ ਉਥੇ ਉਨ੍ਹਾਂ ਨੇ ਮੰਦਰ ਵਿਚ ਭਗਵਾਨ ਰਾਮ ਦੀ ਮੂਰਤੀ ਦੀ ਪੂਜਾ ਵੀ ਕੀਤੀ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਰਾਜਿੰਦਰ ਸਿੰਘ ਵਲੋਂ ਆਪਣੀ ਗਵਾਹੀ ਵਿਚ ਗੁਰੂ ਨਾਨਕ ਦੇਵ ਬਾਰੇ ਅਦਾਲਤ ਨੂੰ ਗਲਤ ਹਵਾਲੇ ਦਿੱਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਗਵਾਹ ਕੋਈ ਮਾਨਤਾ ਪ੍ਰਾਪਤ ਇਤਿਹਾਸਕਾਰ ਨਹੀਂ ਹੈ ਅਤੇ ਉਸ ਨੇ ਆਪਣੇ ਦਾਅਵੇ ਬਾਰੇ ਕੋਈ ਪੁਖਤਾ ਸਬੂਤ ਵੀ ਨਹੀਂ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਚੁਣੌਤੀ ਪਟੀਸ਼ਨ ਵਿਚ ਮਾਨਤਾ ਪ੍ਰਾਪਤ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਵਿਚਾਰ ਵੀ ਨੱਥੀ ਕੀਤੇ ਗਏ ਹਨ। ਗੁਰੂ ਨਾਨਕ ਦੇਵ ਖੁਦ ਕਰਮਕਾਂਡਾਂ ਤੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਸਨ, ਇਸ ਲਈ ਉਹ ਖੁਦ ਕਿਵੇਂ ਮੂਰਤੀ ਪੂਜਾ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਦਰਜ ਕੀਤੀ ਇਹ ਗਵਾਹੀ ਕਾਨੂੰਨੀ ਦਸਤਾਵੇਜ਼ ਬਣ ਜਾਵੇਗੀ ਜਿਸ ਨਾਲ ਭਵਿੱਖ ਵਿਚ ਹੋਰ ਵੀ ਦੁਬਿਧਾਵਾਂ ਪੈਦਾ ਹੋਣਗੀਆਂ। ਇਸ ਲਈ ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ।