-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿਚ ਐਫ਼ਬੀæਆਈæ ਨੇ ਇਕ ਗਰੋਹ ਕਾਬੂ ਕੀਤਾ ਹੈ ਅਤੇ ਕਈ ਬੰਦੇ ਹਿਰਾਸਤ ਵਿਚ ਲਏ ਹਨ, ਪਰ ਜੋ ਪਹਿਲੇ ਬੰਦੇ ਫੜੇ ਗਏ ਹਨ, ਉਹ ਸਾਡੇ ਪੰਜਾਬੀ ਸ਼ੇਰ ਹਨ ਅਤੇ ਇਨ੍ਹਾਂ ਕੋਲੋਂ ਦਸ ਹਜ਼ਾਰ ਕਰੈਡਿਟ ਕਾਰਡ ਵੀ ਬਰਾਮਦ ਹੋਏ ਹਨ। ਇਹ ਇਨ੍ਹਾਂ ਨੇ ਲੋਕਾਂ ਦੀਆਂ ਮੇਲਾਂ ਜਾਂ ਈਮੇਲਾਂ ਵਿਚੋਂ ਕਾਰਡਾਂ ਦੇ ਨੰਬਰ ਚੋਰੀ ਕਰ ਕੇ ਬਣਾਏ ਸਨ ਅਤੇ ਇਨ੍ਹਾਂ ਕਾਰਡਾਂ ਰਾਹੀਂ ਲੋਕਾਂ ਦੇ ਖਾਤਿਆਂ ਵਿਚੋਂ ਕਰੋੜਾਂ ਡਾਲਰ ਵੀ ਕਢਵਾ ਲਏ ਸਨ। ਫੜੇ ਗਏ ਪੰਜਾਬੀਆਂ ਨਾਲ ਗੁਆਂਢੀ ਮੁਲਕ ਪਾਕਿਸਤਾਨ ਦੇ ਪੰਜਾਬੀ ਵੀ ਸ਼ਾਮਲ ਹਨ ਅਤੇ ਇਸ ਗਰੋਹ ਦਾ ਨੈਟਵਰਕ ਦੁਨੀਆਂ ਦੇ ਕਈ ਮੁਲਕਾਂ ਵਿਚ ਕੰਮ ਕਰ ਰਿਹਾ ਹੈ। ਇਨ੍ਹਾਂ ਪੰਜਾਬੀਆਂ ਨੇ ਬਹੁਤਾ ਰਗੜਾ ਆਪਣੇ ਪੰਜਾਬੀ ਪਰਿਵਾਰਾਂ ਨੂੰ ਹੀ ਲਾਇਆ ਹੈ ਤੇ ਆਪਣੇ ਪੰਜਾਬ ਤੇ ਪੰਜਾਬੀਅਤ ਦਾ ਨਾਂ ਰੋਸ਼ਨ ਨਹੀਂ ਕੀਤਾ, ਸਗੋਂ ਕਾਲਾ ਕੀਤਾ ਹੈ। ਬਾਕੀ, ਅਜੇ ਤਾਂ ਸ਼ੁਰੂਆਤ ਹੈ, ਫੜੇ ਗਏ ਸ਼ੇਰ ਅਜੇ ਅੱਗਿਉਂ ਹੋਰ ਕੀ ਕੀ ਖੁਲਾਸੇ ਕਰਨਗੇ, ਇਹ ਸਮਾਂ ਹੀ ਦੱਸੇਗਾ!
ਅਗਲੀ ਖ਼ਬਰ ਹੈ, ‘ਮੈਂ ਬਲਾਤਕਾਰੀ ਹੂੰ’ ਗਾਉਣ ਵਾਲਾ ਲਾਹਣਤੀਆ ਯੋ ਯੋ ਹਨੀ ਸਿੰਘ ਵੀ ਪੰਜਾਬੀ ਪੁੱਤਰ ਹੈ ਜਿਸ ਨੇ ਨਾ ਹੀ ਆਪਣੇ ਪੰਜਾਬ ਦੀ ਮਿੱਟੀ ਦੀ ਲਾਜ ਰੱਖੀ ਹੈ, ਤੇ ਨਾ ਹੀ ਆਪਣੀ ਮਾਂ ਦੇ ਦੁੱਧ ਦੀ ਲਾਜ ਪਾਲੀ ਹੈ। ਸਸਤੀ ਸ਼ੋਹਰਤ ਤੇ ਰਾਤੋ ਰਾਤ ਸਟਾਰ ਬਣਨ ਦੇ ਭੁੱਖੇ ਇਹ ਲੋਕ ਆਪਣੀ ਮਾਂ ਜਾਂ ਭੈਣ ਦੀ ਇੱਜ਼ਤ ਕਰਨ ਵਾਲੇ ਤਾਂ ਹੁੰਦੇ ਨਹੀਂ, ਦੂਜਿਆਂ ਦੀਆਂ ਇੱਜ਼ਤਾਂ ਵੀ ਸ਼ਰ੍ਹੇਆਮ ਲਾਹ ਸੁੱਟਦੇ ਹਨ। ਹਨੀ ਸਿੰਘ ਨੇ ਇਹ ਗਾਣਾ ਗਾਇਆ ਵੀ, ਤੇ ਪੰਜਾਬੀਆਂ ਨੇ ਹਿੜ ਹਿੜ ਕਰ ਕੇ ਸੁਣਿਆ ਵੀ, ਤੇ ਨਾਲ ਨੱਚੇ ਵੀ; ਪਰ ਕਿਸੇ ਨੇ ਉਹਨੂੰ ਫਿੱਟੇ-ਮੂੰਹ ਤੱਕ ਨਹੀਂ ਆਖਿਆ। ਆਖੇ ਵੀ ਕੌਣ? ‘ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ’ ਵਾਂਗ ਪੰਜਾਬ ਵਿਚ ਤਾਂ ਪਹਿਲਾਂ ਹੀ ਪਰਲੋ ਆਈ ਪਈ ਹੈ। ਸਰਕਾਰ ਨੂੰ ਕੀ, ਉਹ ਪੰਜਾਬ ਦਾ ਵਿਕਾਸ ਕਰੇਗੀ ਜਾਂ ਵਿਨਾਸ਼, ਪਰ ਕਰੇਗੀ ਜ਼ਰੂਰ! ਪਿੰਡ ਪਿੰਡ ਗਲੀ ਗਲੀ ਬਲਾਤਕਾਰ ਹੋ ਰਹੇ ਹਨ, ਤੇ ਹਰ ਰੋਜ਼ ਹੋ ਰਹੇ ਹਨ, ਪਰ ਅੱਜ ਤੱਕ ਕੋਈ ਬਲਾਤਕਾਰੀ ਇਹ ਨਹੀਂ ਮੰਨਿਆ ਕਿ ਇਹ ਮਾੜਾ ਕਰਮ ਉਸ ਨੇ ਕੀਤਾ ਹੈ।æææਤੇ ਇਹ ਚਵਲ ਬੰਦਾ ਸ਼ਰ੍ਹੇਆਮ ਰੌਲਾ ਪਾ ਰਿਹਾ ਹੈ, ਉਹ ਵੀ ਗਾਣਾ ਗਾ ਕੇ ਕਿ ਮੈਂ ਬਲਾਤਕਾਰੀ ਹੂੰ। ਫਿਰ ਵੀ ਜੇ ਪੰਜਾਬ ਪੁਲਿਸ ਜਾਂ ਸਰਕਾਰ ਫੜ ਕੇ ਉਹਨੂੰ ਜੇਲ੍ਹ ਵਿਚ ਨਾ ਸੁੱਟੇ ਤਾਂ ਕਸੂਰ ਕਿਸ ਦਾ ਹੈ? ਘੱਟੋ ਘੱਟ ਯੋ ਯੋ ਦਾ ਤਾਂ ਨਹੀਂ!
ਤਾਜ਼ਾ ਖਬਰ ਹੈ ਕਿ ਇਕ ਗ਼ੈਰਤਮੰਦ ਸੰਸਥਾ ਦੀ ਸ਼ਿਕਾਇਤ ‘ਤੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੀ ਪੁਲਿਸ ਨੇ ਉਹਦੇ ਖਿਲਾਫ ਕੇਸ ਦਰਜ ਕੀਤਾ ਹੈ। ਕਹਿੰਦੇ ਹਨ ਕਿ ਜਦੋਂ ਇਹ ਗੀਤ ਅਦਾਲਤ ਵਿਚ ਸੁਣਾਇਆ ਗਿਆ ਤਾਂ ਜੱਜਾਂ ਨੇ ਕੰਨਾਂ ‘ਤੇ ਹੱਥ ਰੱਖ ਲਏ ਅਤੇ ਲਾਹਣਤਾਂ ਪਾਈਆਂ ਪੰਜਾਬ ਸਰਕਾਰ ਨੂੰ ਕਿ ਤੁਹਾਡੇ ਰਾਜ ਵਿਚ ਆਹ ਵਿਕਾਸ ਜਾਂ ਸੇਵਾ ਹੋ ਰਹੀ ਹੈ?
ਉਂਜ, ਮਸਲਾ ਇਹ ਵੀ ਹੈ ਕਿ ਪੰਜਾਬ ਵਿਚ ਅਤੇ ਵਿਦੇਸ਼ੀਂ ਵਸਦੇ ਕਈ ਸਰੋਤਿਆਂ, ਖਾਸ ਕਰ ਕੇ ਨੌਜਵਾਨ ਵਰਗ ਦੀ ਮਾਨਸਿਕ ਦਸ਼ਾ ਇੰਨੀ ਵਿਗੜ ਚੁੱਕੀ ਹੈ ਕਿ ਉਨ੍ਹਾਂ ਨੂੰ ਆਚਰਣ ਤੋਂ ਡਿੱਗੇ ਹੋਏ ਅਤਿ ਘਟੀਆ ਲਫ਼ਜ਼ਾਂ ਦੀ ਵੀ ਸਮਝ ਨਹੀਂ ਪੈਂਦੀ। ਹੋਰ ਤਾਂ ਹੋਰ, ਸਾਡੀਆਂ ਧੀਆਂ ਭੈਣਾਂ ਵੀ ਇਸ ਗੀਤ ‘ਤੇ ਨੱਚਦੀਆਂ ਟੱਪਦੀਆਂ ਹਨ। ਇਸ ਲਈ ਜਿੰਨਾ ਚਿਰ ਨੌਜਵਾਨ ਵਰਗ ਇਹੋ ਜਿਹੇ ਬਦਇਖਲਾਕ ਲਿਖਣ ਤੇ ਗਾਉਣ ਵਾਲਿਆਂ ਦਾ ਬਾਈਕਾਟ ਨਹੀਂ ਕਰਦਾ, ਇਸ ਹਨੇਰੀ ਨੂੰ ਠੱਲ੍ਹ ਨਹੀਂ ਪੈ ਸਕਦੀ। ਦੂਜੇ ਬੰਨੇ, ਸਰਕਾਰਾਂ ਚਲਾਉਣ ਵਾਲੇ ਤਾਂ ਖੁਦ ਚਾਹੁੰਦੇ ਹਨ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਡੁੱਬ ਕੇ ਸੜਕਾਂ ‘ਤੇ ਰੁਲਦੀ ਫਿਰੇ ਅਤੇ ਉਹ ਆਪਣਾ ਰਾਜ ਚਲਾਈ ਜਾਣ।
ਹੁਣ ਹੋਰ ਸੁਣੋ! ਜਲੰਧਰ ਪੁਲਿਸ ਦੇ ਸੀæਆਈæਏæ ਸਟਾਫ਼ ਵੱਲੋਂ ਕਸਟਮ ਅਧਿਕਾਰੀ ਸੁਪਰਡੈਂਟ ਗੁਰਦੇਵ ਸਿੰਘ ਦੀ ਗੱਡੀ ਵਿਚੋਂ ਦਸ ਕਿਲੋ ਹੈਰੋਇਨ ਫੜੀ ਗਈ ਜਿਸ ਦੀ ਕੀਮਤ ਪੰਜਾਹ ਕਰੋੜ ਰੁਪਏ ਹੈ। ਸਤਵੰਜਾ ਸਾਲਾ ਗੁਰਦੇਵ ਸਿੰਘ ਪੱਟੀ ਦਾ ਰਹਿਣ ਵਾਲਾ ਹੈ ਅਤੇ ਅਟਾਰੀ ਰੇਲਵੇ ਸਟੇਸ਼ਨ ‘ਤੇ ਤਾਇਨਾਤ ਹੈ। ਚੰਗੇ ਕੰਮਾਂ ਕਰ ਕੇ ਰਾਸ਼ਟਰਪਤੀ ਮੈਡਲ ਵਿਜੇਤਾ ਵੀ ਹੈ। ਅੰਮ੍ਰਿਤਸਰ ਤੋਂ ਜਲੰਧਰ ਵੱਲ ਆਪਣੀ ਸਫ਼ਾਰੀ ਗੱਡੀ ਵਿਚ ਆਉਂਦੇ ਹੋਏ ਗੁਰਦੇਵ ਸਿੰਘ ਨੂੰ ਕਰਤਾਰਪੁਰ ਨੇੜੇ ਪੁਲਿਸ ਨੇ ਦਬੋਚ ਲਿਆ ਤੇ ਉਹਦੀ ਗੱਡੀ ਦੀ ਅਗਲੀ ਸੀਟ ਦੇ ਥੱਲਿਉਂ ਮਾਲ ਬਰਾਮਦ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਗੁਰਦੇਵ ਸਿੰਘ ਦੇ ਨਸ਼ਾ ਤਸਕਰੀ ਦੇ ਵੱਡੇ ਵੱਡੇ ਸੌਦਾਗਰਾਂ ਨਾਲ ਸੰਪਰਕ ਹਨ। ਉਹਦੇ ਕੋਲੋਂ ਪਾਕਿਸਤਾਨ ਦਾ ਸਿਮ ਵੀ ਫੜਿਆ ਗਿਆ ਹੈ; ਕਿਉਂਕਿ ਉਹ ਜਦ ਪਾਕਿਸਤਾਨ ਦੇ ਸਮਗਲਰਾਂ ਨਾਲ ਸੰਪਰਕ ਕਰਦਾ ਸੀ ਤਾਂ ਇਹੀ ਸਿਮ ਵਰਤਦਾ ਸੀ। ਉਸ ਕੋਲੋਂ ਗੈਰਕਾਨੂੰਨੀ ਅਸਲਾ ਵੀ ਬਰਾਮਦ ਹੋਇਆ ਹੈ। ਗੁਰਦੇਵ ਸਿੰਘ ਪੁਲਿਸ ਦੇ ਕਈ ਵੱਡੇ ਅਫ਼ਸਰਾਂ ਦੀ ਸੇਵਾ ਅਤੇ ਮਦਦ ਵੀ ਰੱਜ ਕੇ ਕਰਦਾ ਸੀ ਤੇ ਉਨ੍ਹਾਂ ਦੇ ਬਾਹਰੋਂ ਆਉਂਦੇ ਮਹਿੰਗੇ ਸਾਮਾਨ ਬਿਨਾਂ ਕਸਟਮ ਦੇ ਲੰਘਾ ਕੇ ਖੁਸ਼ੀਆਂ ਪ੍ਰਾਪਤ ਕਰਦਾ ਸੀ।
ਹੁਣ ਜਦੋਂ ਗੁਰਦੇਵ ਸਿੰਘ ਫੜਿਆ ਗਿਆ ਤਾਂ ਸਾਰਿਆਂ ਨੇ ਨਜ਼ਰਾਂ ਫੇਰ ਲਈਆਂ ਹਨ। ਕੋਈ ਵੀ ਉਹਦੀ ਸਹਾਇਤਾ ਲਈ ਨਹੀਂ ਬਹੁੜਿਆ। ਹੁਣ ਪਤਾ ਨਹੀਂ ਕਿ ਉਹ ਅੱਗਿਉਂ ਕਿਹੜੇ ਕਿਹੜੇ ਯੋਧਿਆਂ ਦੇ ਭੇਤ ਖੋਲ੍ਹੇਗਾ ਤੇ ਕਿਹੜੇ ਕਿਹੜੇ ਪੰਜਾਬੀ ਸ਼ੇਰ ਇਸ ਭਾਈਵਾਲੀ ਵਿਚ ਹੋਰ ਸਾਹਮਣੇ ਆਉਣਗੇ? ਹੈ ਨਾ ਕਮਾਲ! ਰਾਸ਼ਟਰਪਤੀ ਐਵਾਰਡ ਵਾਲਾ ਬੰਦਾ ਕਿੱਧਰ ਜਾ ਰਿਹਾ ਹੈ!! ਅਸਲ ਵਿਚ ਇਹ ਉਹ ਲੋਕ ਹਨ ਜਿਹੜੇ ਮੁਖੌਟੇ ਪਾ ਕੇ ਦੇਸ਼, ਧਰਮ ਤੇ ਰੱਬ ਨੂੰ ਵੀ ਲੁੱਟ ਰਹੇ ਹਨ। ਸੋ, ਪੰਜਾਬੀਓ! ਹੁਣ ਜਾਗਣ ਦਾ ਵੇਲਾ ਹੈ। ਆਓ! ਜਾਗੋ!! ਮਾੜੇ ਕਰਮਾਂ ਤੋਂ ਕੰਨਾਂ ਨੂੰ ਹੱਥ ਲਾਓ!! ਆਪਣੇ ਪੁਰਖਿਆਂ ਦੇ ਮਾਣ ਨੂੰ ਸਤਿਕਾਰ ਦਿਓ।æææਤੇ ਪੰਜਾਬ ਨੂੰ ਕਲੰਕਤ ਹੋਣ ਤੋਂ ਬਚਾ ਲਓ!
Leave a Reply