ਚੰਡੀਗੜ੍ਹ: ਬਹਿਬਲ ਕਾਂਡ ਦੇ ਮੁੱਖ ਗਵਾਹ ਦੇ ਪਰਿਵਾਰ ਵੱਲੋਂ ਉਸ ਦੀ ਮੌਤ ਕੁਝ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਣ ਉਤੇ ਮਾਮਲਾ ਭਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮੌਕੇ ਦਾ ਲਾਹਾ ਲੈਂਦਿਆਂ ਹਾਕਮ ਧਿਰ ਉਤੇ ਹੱਲਾ ਬੋਲ ਦਿੱਤਾ ਹੈ।
ਇਸ ਸਬੰਧੀ ਸੁਖਬੀਰ ਸਿੰਘ ਬਾਦਲ ਪਿੰਡ ਬਹਿਬਲ ਕਲਾਂ ਪਹੁੰਚੇ। ਉਨ੍ਹਾਂ ਦਾ ਦੌਰਾ ਇੰਨਾ ਗੁਪਤ ਸੀ ਕਿ ਜ਼ਿਲ੍ਹਾ ਅਧਿਕਾਰੀ ਵੀ ਇਸ ਤੋਂ ਬੇਖਬਰ ਸਨ। ਸੂਤਰਾਂ ਅਨੁਸਾਰ ਸ੍ਰੀ ਬਾਦਲ ਪਹਿਲਾਂ ਪਿੰਡ ਸੰਧਵਾਂ ਸਥਿਤ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਦੇ ਨਿਵਾਸ ਉਤੇ ਪਹੁੰਚੇ ਅਤੇ ਉਥੋਂ ਸਾਥੀਆਂ ਨਾਲ ਸਿੱਧੇ ਬਹਿਬਲ ਕਲਾਂ ਆਏ। ਸੁਰਜੀਤ ਸਿੰਘ ਹਫਤਾ ਪਹਿਲਾਂ ਦਿਲ ਦੀ ਧੜਕਣ ਰੁਕਣ ਕਾਰਨ ਦਮ ਤੋੜ ਗਿਆ ਸੀ। ਉਹ ਬਹਿਬਲ ਗੋਲੀ ਕਾਂਡ ਦਾ ਮੁੱਖ ਗਵਾਹ ਸੀ। ਅਕਾਲੀ ਆਗੂਆਂ ਨੇ ਉਨ੍ਹਾਂ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ। ਉਹ ਮ੍ਰਿਤਕ ਦੀ ਪਤਨੀ ਜਸਬੀਰ ਕੌਰ, ਪੁੱਤਰ ਲਖਵਿੰਦਰ ਸਿੰਘ ਅਤੇ ਹੋਰਨਾਂ ਨੂੰ ਮਿਲੇ। ਪਰਿਵਾਰ ਨੇ ਸੁਰਜੀਤ ਸਿੰਘ ਦੀ ਮੌਤ ਲਈ ਪਿੰਡ ਦੇ ਇਕ ਕਾਂਗਰਸੀ ਆਗੂ ਮਨਜਿੰਦਰ ਸਿੰਘ ਬਿੱਟਾ ਉਤੇ ਉਨ੍ਹਾਂ ਦੇ ਘਰ ਉਡਣ ਦਸਤੇ ਰਾਹੀਂ ਬਿਜਲੀ ਚੋਰੀ ਦਾ ਝੂਠਾ ਕੇਸ ਪੁਆਉਣ ਤੇ ਫਾਇਰਿੰਗ ਕਰਨ ਵਰਗੇ ਦੋਸ਼ ਲਾਏ।
ਸੁਖਬੀਰ ਬਾਦਲ ਨੇ ਇਲਜ਼ਾਮਾਂ ਦੀ ਪੁਸ਼ਟੀ ਕਰਦਿਆਂ ਹਕੂਮਤ ਨੂੰ ਘੇਰਦਿਆਂ ਆਖਿਆ ਕਿ ਮੌਤ ਤੋਂ ਬਾਅਦ ਅੱਠ ਦਿਨ ਬੀਤਣ ਉਤੇ ਵੀ ਸਬੰਧਤ ਮੁਲਜ਼ਮਾਂ ਖਿਲਾਫ ਪੁਲਿਸ ਕੇਸ ਦਰਜ ਨਾ ਕਰਨਾ ਸੁਆਲ ਖੜ੍ਹੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੁਰਜੀਤ ਸਿੰਘ ਦੀ ਮੌਤ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਸ਼੍ਰੋਮਣੀ ਅਕਾਲੀ ਦਲ ਕਾਨੂੰਨੀ ਸਹਾਇਤਾ ਲਈ ਪਰਿਵਾਰ ਮਦਦ ਕਰੇਗਾ। ਉਨ੍ਹਾਂ ਘਟਨਾ ਸਬੰਧੀ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਘਟਨਾ ਨਾਲ ਜੋੜ ਕੇ ਸੰਗੀਨ ਦੋਸ਼ ਲਾਉਂਦਿਆਂ ਮੁੱਖ ਮੰਤਰੀ ਤੋਂ ਦੋਵਾਂ ਦੀ ਬਰਖਾਸਤਗੀ ਦੀ ਮੰਗ ਕੀਤੀ। ਕਾਂਗਰਸੀ ਆਗੂ ਕੁਸ਼ਲਦੀਪ ਢਿੱਲੋਂ ਨੇ ਆਖਿਆ ਕਿ ਉਹ ਸਬੰਧਤ ਪਰਿਵਾਰ ਨੂੰ ਨਹੀਂ ਜਾਣਦੇ ਅਤੇ ਸੁਖਬੀਰ ਸਿੰਘ ਬਾਦਲ ਕੋਲ ਕੋਈ ਮੁੱਦਾ ਨਹੀਂ ਹੈ। ਇਸ ਲਈ ਉਹ ਸਿਆਸਤ ਚਮਕਾ ਰਹੇ ਹਨ।
ਸੁਖਬੀਰ ਬਾਦਲ ਦੇ ਆਉਣ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਮਰਹੂਮ ਸੁਰਜੀਤ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ। ਸ੍ਰੀ ਸੋਢੀ ਨੇ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਬੰਦ ਕਮਰਾ ਮੀਟਿੰਗ ਕੀਤੀ ਅਤੇ ਉਸ ਦੀ ਸਦੀਵੀ ਰੁਖਸਾਈ ਨੂੰ ਦੁਖਦਾਈ ਘਟਨਾ ਦੱਸਿਆ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
_____________________________________________
ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ: ਢੀਂਡਸਾ
ਮੋਗਾ: ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੰਗ ਕੀਤੀ ਹੈ ਕਿ ਬਹਿਬਲ ਕਾਂਡ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਆਇਕ ਜਾਂਚ ਕਰਵਾਈ ਜਾਵੇ ਤਾਂ ਸਾਰੀ ਸਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਘਟਨਾ ਮੌਕੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਬਦਲਣ ਦੀ ਗੱਲ ਆਖੀ ਸੀ ਪਰ ਛੋਟੇ ਬਾਦਲ ਤੇ ਭੂੰਦੜ ਨੇ ਇਕ ਸੀਨੀਅਰ ਪੱਤਰਕਾਰ ਦੀ ਹਾਜ਼ਰੀ ‘ਚ ਪੁਲੀਸ ਵਿਚ ਬਗਾਵਤ ਹੋਣ ਦੀ ਗੱਲ ਆਖ ਕੇ ਸਲਾਹ ਟਾਲ ਦਿੱਤੀ।
ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪਾਰਟੀ ਨੂੰ ਸਹੀ ਦਿਸ਼ਾ ਵੱਲ ਲਿਜਾਣ ਤੇ ਕੀਤੀਆਂ ਗਲਤੀਆਂ ਦਾ ਕਦੇ ਮੰਥਨ ਨਹੀਂ ਕੀਤਾ ਤੇ ਹੁਣ ਅਕਾਲੀ ਦਲ ‘ਚ ਲੋਕਤੰਤਰ ਦੀ ਥਾਂ ਤਾਨਾਸ਼ਾਹੀ ਭਾਰੂ ਹੈ। ਉਨ੍ਹਾਂ ਸੁਖਬੀਰ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਨ੍ਹਾਂ ਤੇ ਹਰਸਿਮਰਤ ਦੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ।