ਨਵੀਂ ਦਿੱਲੀ: ਇਸ ਵਰ੍ਹੇ 141 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਸੂਚੀ ਵਿਚ ਸੱਤ ਪਦਮ ਵਿਭੂਸ਼ਨ, 16 ਪਦਮ ਭੂਸ਼ਨ ਤੇ 118 ਪਦਮਸ੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ 34 ਔਰਤਾਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ 18 ਭਾਰਤੀ ਮੂਲ ਦੀਆਂ ਵਿਦੇਸ਼ੀ ਹਸਤੀਆਂ ਨੂੰ ਅਤੇ 12 ਜਣਿਆਂ ਨੂੰ ਮਰਨ ਉਪਰੰਤ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਰਨ ਉਪਰੰਤ ਪਦਮ ਵਿਭੂਸ਼ਨ ਸਨਮਾਨ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਮੌਰੀਸ਼ਸ ਦੇ ਸਿਆਸਤਦਾਨ ਅਨੀਰੁੱਧ ਜਗਨਾਥ, ਮੁੱਕੇਬਾਜ਼ ਐਮ.ਸੀ. ਮੇਰੀਕੋਮ, ਕਲਾ ਦੇ ਖੇਤਰ ‘ਚ ਯੂਪੀ ਦੇ ਛੰਨੂਲਾਲ ਮਿਸ਼ਰਾ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਧਿਆਤਮ ਲਈ ਕਰਨਾਟਕ ਦੇ ਉਡੁਪੀ ਮੱਠ ਦੇ ਸ੍ਰੀ ਵਿਸ਼ਵੇਸ਼ਤੀਰਥ ਸਵਾਮੀਜੀ ਨੂੰ ਵੀ ਮਰਨ ਉਪਰੰਤ ਪਦਮ ਵਿਭੂਸ਼ਨ ਸਨਮਾਨ ਦਿੱਤਾ ਗਿਆ ਹੈ।
ਪਦਮ ਭੂਸ਼ਨ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ‘ਚ ਕਾਰੋਬਾਰੀ ਆਨੰਦ ਮਹਿੰਦਰਾ, ਪੀ.ਵੀ. ਸਿੰਧੂ, ਐਮ. ਮੁਮਤਾਜ਼ ਅਲੀ ਤੇ ਮਰਹੂਮ ਮਨੋਹਰ ਪਰੀਕਰ ਸ਼ਾਮਲ ਹਨ। ਪੰਜਾਬ ਨਾਲ ਸਬੰਧਤ ਜਗਦੀਸ਼ ਲਾਲ ਅਹੂਜਾ ਨੂੰ ਸਮਾਜ ਸੇਵਾ ਲਈ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਪਦਮਸ੍ਰੀ ਹਾਸਲ ਕਰਨ ਵਾਲੀਆਂ ਹੋਰਨਾਂ ਅਹਿਮ ਸ਼ਖ਼ਸੀਅਤਾਂ ‘ਚ ਕ੍ਰਿਕਟਰ ਜ਼ਹੀਰ ਖ਼ਾਨ, ਖੇਡ ਵਰਗ ਵਿਚ ਹੀ ਐਮ.ਪੀ. ਗਣੇਸ਼ ਸ਼ਾਮਲ ਹਨ। ਉਦਯੋਗ ਤੇ ਵਪਾਰ ਲਈ ਭਰਤ ਗੋਇੰਕਾ, ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਤੇ ਏਕਤਾ ਕਪੂਰ ਨੂੰ ਕਲਾ ਖੇਤਰ ‘ਚ ਪਾਏ ਯੋਗਦਾਨ ਲਈ, ਹਾਕੀ ਖਿਡਾਰਨ ਰਾਣੀ ਰਾਮਪਾਲ, ਅਦਾਕਾਰਾ ਕੰਗਨਾ ਰਣੌਤ, ਸੰਗੀਤਕਾਰ-ਗਾਇਕ ਅਦਨਾਨ ਸਮੀ, ਗਾਇਕ ਸੁਰੇਸ਼ ਵਾਡਕਰ ਨੂੰ ਵੀ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
____________________________________
ਛੇ ਜਵਾਨਾਂ ਨੂੰ ਸ਼ੌਰਿਆ ਚੱਕਰ
ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਰਣਬੀਰ ਸਿੰਘ ਸਮੇਤ ਥਲ ਸੈਨਾ ਦੇ 19 ਸੀਨੀਅਰ ਅਧਿਕਾਰੀਆਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ ਹੈ। ਬਹਾਦਰੀ ਲਈ ਛੇ ਜਵਾਨਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ੍ਰੀਨਗਰ ਆਧਾਰਿਤ ਥਲ ਸੈਨਾ ਦੀ 15 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇ ਜੇ.ਐਸ ਢਿੱਲੋਂ ਨੂੰ ਧਾਰਾ 370 ਹਟਾਉਣ ਮਗਰੋਂ ਕਸ਼ਮੀਰ ਵਾਦੀ ‘ਚ ਦਿੱਤੀਆਂ ਗਈਆਂ ਸੇਵਾਵਾਂ ਲਈ ਉਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਆ ਗਿਆ ਹੈ। ਪੈਰਾਸ਼ੂਟ ਰੈਜੀਮੈਂਟ (ਸਪੈਸ਼ਲ ਫੋਰਸ) ਦੇ ਨਾਇਬ ਸੂਬੇਦਾਰ ਨਰਿੰਦਰ ਸਿੰਘ ਨੂੰ ਕੰਟਰੋਲ ਰੇਖਾ ਉਤੇ ਘੁਸਪੈਠ ਰੋਕਣ, 11 ਗੋਰਖਾ ਰਾਈਫਲਜ਼ ਦੇ ਲੈਫਟੀਨੈਂਟ ਕਰਨਲ ਜਯੋਤੀ ਲਾਮਾ ਨੂੰ ਮਨੀਪੁਰ ‘ਚ ਖੁਫੀਆ ਨੈੱਟਵਰਕ ਸਥਾਪਤ ਕਰਨ ਅਤੇ 14 ਦਹਿਸ਼ਤਗਰਦਾਂ ਨੂੰ ਫੜਨ ਲਈ ਬਣਾਈ ਯੋਜਨਾ, ਥਲ ਸੈਨਾ ਦੀ ਏਅਰ ਡਿਫੈਂਸ ਦੇ ਮੇਜਰ ਕੋਨਜੇਂਗਬਾਮ ਬਿਜੇਂਦਰ ਸਿੰਘ ਨੂੰ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ, ਜਾਟ ਰੈਜੀਮੈਂਟ ਦੇ ਨਾਇਬ ਸੂਬੇਦਾਰ ਸੋਮਬੀਰ ਨੂੰ ਜੰਮੂ ਕਸ਼ਮੀਰ ‘ਚ ਤਿੰਨ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਦਿਖਾਈ ਬਹਾਦਰੀ ਲਈ ਮਰਨ ਉਪਰੰਤ, ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਦੇ ਨਾਇਕ ਨਰੇਸ਼ ਕੁਮਾਰ ਨੂੰ ਮੁਕਾਬਲੇ ਦੌਰਾਨ ਦਿਖਾਈ ਬਹਾਦਰੀ ਲਈ ਸ਼ੌਰਿਆ ਚੱਕਰ ਨਾਲ ਨਿਵਾਜਿਆ ਗਿਆ ਹੈ।
ਕਸ਼ਮੀਰੀ ਅੱਗੇ: ਗਣਤੰਤਰ ਦਿਵਸ ਮੌਕੇ ਕੁੱਲ 1040 ਪੁਲਿਸ ਕਰਮੀਆਂ ਨੂੰ ਵਿਲੱਖਣ ਸੇਵਾਵਾਂ ਤੇ ਬਹਾਦਰੀ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਜੰਮੂ ਕਸ਼ਮੀਰ ਪੁਲਿਸ ਦੇ ਹਿੱਸੇ ਸਭ ਤੋਂ ਵੱਧ 108 ਮੈਡਲ ਆਏ ਹਨ।
_______________________________
ਪੰਜਾਬ ਦੇ ਲੰਗਰ ਬਾਬਾ ਨੂੰ ਪਦਮਸ੍ਰੀ ਸਨਮਾਨ
ਨਵੀਂ ਦਿੱਲੀ: ਪਦਮਸ੍ਰੀ ਸਨਮਾਨ ਪਾਉਣ ਵਾਲੇ ਪੰਜਾਬ ਦੇ ਲੰਗਰ ਬਾਬਾ ਦੇ ਨਾਂ ਨਾਲ ਪ੍ਰਸਿੱਧ ਜਗਦੀਸ਼ ਲਾਲ ਆਹੂਜਾ ਸੈਂਕੜੇ ਗਰੀਬ ਮਰੀਜ਼ਾਂ ਨੂੰ ਹਰ ਦਿਨ ਚੰਡੀਗੜ੍ਹ ਵਿਖੇ ਪੀ.ਜੀ.ਆਈ. ਹਸਪਤਾਲ ਦੇ ਬਾਹਰ ਮੁਫਤ ਭੋਜਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ 1980 ‘ਚ ਇਸ ਦੀ ਸ਼ੁਰੂਆਤ ਕੀਤੀ ਸੀ। ਬੀਤੇ 15 ਸਾਲਾਂ ਤੋਂ ਹਰ ਦਿਨ ਆਹੂਜਾ 2 ਹਜ਼ਾਰ ਲੋਕਾਂ ਨੂੰ ਮੁਫਤ ਭੋਜਨ ਕਰਵਾ ਰਹੇ ਹਨ। ਸਮਾਜਿਕ ਕਾਰਕੁਨ ਅਬਦੁਲ ਜੱਬਾਰ ਨੇ 1984 ਵਿਚ ਹੋਏ ਭੁਪਾਲ ਗੈਸ ਕਾਂਡ ਦੇ ਬਾਅਦ ‘ਭੁਪਾਲ ਗੈਸ ਪੀੜਤ ਮਹਿਲਾ ਉਦਯੋਗ ਸੰਗਠਨ’ ਦੀ ਸਥਾਪਨਾ ਕੀਤੀ। ਇਸ ਸੰਗਠਨ ਨੇ 2300 ਗੈਸ ਪੀੜਤ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ 35 ਸਾਲ ਤੱਕ ਕੰਮ ਕੀਤਾ। ਮੁਹੰਮਦ ਸ਼ਰੀਫ ਨੇ 25 ਸਾਲਾਂ ਤੋਂ ਫੈਜ਼ਾਬਾਦ ਤੇ ਆਲੇ ਦੁਆਲੇ ਦੇ ਇਲਾਕਿਆਂ ‘ਚ 25000 ਤੋਂ ਜ਼ਿਆਦਾ ਲਾਸ਼ਾਂ ਦਾ ਸਸਕਾਰ ਕੀਤਾ। ਉਨ੍ਹਾਂ ਨੂੰ ਲੋਕ ‘ਚਾਚਾ ਸ਼ਰੀਫ’ ਦੇ ਨਾਂ ਨਾਲ ਵੀ ਪੁਕਾਰਦੇ ਹਨ।