ਪ੍ਰਭਸ਼ਰਨਦੀਪ ਸਿੰਘ
ਇਸ ਵਿਚ ਸ਼ੱਕ ਨਹੀਂ ਕਿ ਮਾਂ ਸਦਾ ਹੀ ਖਾਸ ਹੁੰਦੀ ਹੈ; ਹਰ ਮਾਂ ਆਪਣੀ ਔਲਾਦ ਲਈ ਪਲ-ਪਲ ਆਪਾ ਵਾਰਦੀ ਹੈ, ਔਲਾਦ ਨੂੰ ਮਾਂ ਤੋਂ ਨਿਰਾਲਾ ਸਕੂਨ ਮਿਲਦਾ ਹੈ। ਮਾਂ-ਅਨੁਭਵ ਦੀ ਸਮੁੱਚਤਾ ਬਾਰੇ ਅਨੇਕ ਨਜ਼ਰੀਏ ਹੋ ਸਕਦੇ ਹਨ, ਜੋ ਆਪੋ-ਆਪਣੀ ਥਾਂ ਸਹੀ ਵੀ ਹੋ ਸਕਦੇ ਹਨ, ਪਰ ਮਾਂ-ਅਨੁਭਵ ਨੂੰ ਕਿਸੇ ਇੱਕ ਨਜ਼ਰੀਏ ਤੱਕ ਸੀਮਤ ਕਰਨਾ ਠੀਕ ਨਹੀਂ। ਮਾਂਵਾਂ ਅਜਿਹੀਆਂ ਮੌਲਿਕ ਸਿਰਜਕ ਹਨ, ਜਿਨ੍ਹਾਂ ਦੀ ਮਮਤਾ ਦੀਆਂ ਨੁਹਾਰਾਂ ਉਨ੍ਹਾਂ ਦੇ ਬੱਚਿਆਂ ਦੇ ਨਕਸ਼ਾਂ ਤੋਂ ਵੀ ਵੱਧ ਨਿੱਖੜਵੀਆਂ ਤੇ ਵਿਸਮਾਦੀ ਹੁੰਦੀਆਂ ਹਨ। ਕੋਈ ਸ਼ੱਕ ਨਹੀਂ ਕਿ ਸੱਭੇ ਮਾਂਵਾਂ ਖਾਸ ਹੁੰਦੀਆਂ ਹਨ, ਪਰ ਹਰ ਮਾਂ ਦੀ ਵਿਲੱਖਣਤਾ ਦੇ ਮਹੀਨ ਮਾਅਨੇ ਹਨ।
ਅੱਜ ਸਾਡੀ ਮਾਂ ਸਾਨੂੰ ਛੱਡ ਕੇ ਸਦਾ ਲਈ ਤੁਰ ਗਈ ਹੈ ਤਾਂ ਉਸ ਦੀਆਂ ਛੋਹਾਂ, ਬੋਲ ਤੇ ਮੌਜੂਦਗੀ ਪੂਰੀ ਸ਼ਿੱਦਤ ਨਾਲ ਮਹਿਸੂਸ ਹੋ ਰਹੇ ਹਨ। ਇਹ ਤਾਂ ਪਤਾ ਨਹੀਂ ਕਿ ਜੋ ਮੇਰੇ ਅਹਿਸਾਸ ਵਿਚ ਹੈ, ਉਹ ਸ਼ਬਦਾਂ ਵਿਚ ਉਤਰ ਸਕੇਗਾ ਕਿ ਨਹੀਂ, ਪਰ ਪੂਰੇ ਜਾਂ ਅਧੂਰੇ, ਸਭ ਤੋਂ ਪਾਵਨ ਅਹਿਸਾਸ ਸਾਂਝੇ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਮਾਤਾ ਦੇ ਤੁਰ ਜਾਣ ਨਾਲ ਮੈਂ ਅਜਿਹੀ ਇਕੱਲ ਵਿਚ ਚਲਾ ਗਿਆ ਹਾਂ, ਜਿਸ ਵਿਚੋਂ ਜਿਉਂਦੇ ਜੀਅ ਕਦੇ ਬਾਹਰ ਨਹੀਂ ਆ ਸਕਦਾ। ਬੰਦੇ ਨੂੰ ਘੋਰ ਉਦਾਸੀ ਵਿਚ ਲਿਜਾਣ ਵਾਲੀ ਇਕੱਲ ਤੇ ਆਪਣੇ-ਆਪ ਨਾਲ ਇਕਸੁਰ ਕਰਨ ਵਾਲੀ ਇਕਾਂਤ-ਦੋਵੇਂ ਹੀ ਇਸ ਸਦਮੇ ਵਿਚੋਂ ਪੈਦਾ ਹੋ ਰਹੀਆਂ ਹਨ।
ਅਸੀਂ ਤਿੰਨ ਭੈਣ-ਭਰਾ ਹਾਂ। ਮੈਂ ਸਭ ਤੋਂ ਵੱਡਾ ਹਾਂ, ਮੈਥੋਂ ਛੋਟੀ ਭੈਣ ਤੇ ਸਭ ਤੋਂ ਛੋਟਾ ਸਾਡਾ ਭਰਾ ਹੈ। ਇਹ ਲੇਖ ਮੁੱਖ ਤੌਰ ‘ਤੇ ਮੇਰੇ ਅਨੁਭਵਾਂ ‘ਤੇ ਆਧਾਰਿਤ ਹੈ, ਜੋ ਸਿਰਫ ਪਹਿਲੇ ਹੀ ਨਹੀਂ, ਸਗੋਂ ਕਿਸੇ ਵੱਖਰੇ ਜ਼ਮਾਨੇ ਦੇ, ਸ਼ਾਇਦ ਉਨ੍ਹੀਂਵੀਂ ਸਦੀ ਦੇ ਅਨੁਭਵ ਹਨ, ਕਿਉਂਕਿ ਬਾਅਦ ਵਿਚ ਜੁਗ ਕਿਸੇ ਅਣਚਿਤਵੀ ਤੇਜ਼ੀ ਨਾਲ ਬਦਲੇ ਤੇ ਵੇਂਹਦਿਆਂ-ਵੇਂਹਦਿਆਂ ਦੁਨੀਆਂ ਹੋਰ ਦੀ ਹੋਰ ਹੋ ਗਈ। ਉਨ੍ਹੀਂ ਦਿਨੀਂ ਪਿੰਡਾਂ ਦੇ ਲੋਕਾਂ ਵਿਚ ਅੰਤਾਂ ਦਾ ਸੰਤੋਖ ਤੇ ਅਪਣੱਤ ਸੀ। ਸਾਰਾ ਪਿੰਡ ਇੱਕ ਵੱਡੇ ਘਰ ਵਾਂਗੂੰ ਲੱਗਦਾ ਸੀ। ਪਿੰਡ ਦੀਆਂ ਗਲੀਆਂ ‘ਚ ਘੁੰਮਣਾ ਘਰੇ ਹੀ ਫਿਰਦੇ ਹੋਣ ਜਿਹੀ ਗੱਲ ਸੀ। ਇਸ ਲਈ ਪਿੰਡ ਇੱਕ ਆਜ਼ਾਦ ਫਿਜ਼ਾ ਸੀ, ਜਿੱਥੇ ਅਸੀਂ ਆਪਣੇ ਰੰਗਾਂ ਵਿਚ ਮੌਲਦੇ ਸਾਂ।
ਪੰਜਾਬ ਦੇ ਪਿੰਡਾਂ ਨੇ 1960ਵਿਆਂ ਵਿਚ ਵੀਹਵੀਂ ਸਦੀ ਵਿਚ ਪੈਰ ਧਰਨਾ ਸ਼ੁਰੂ ਕੀਤਾ, 1990ਵਿਆਂ ਦੇ ਅੱਧ ਪਿਛੋਂ 21ਵੀਂ ਸਦੀ ਵੱਲ ਨੂੰ ਅਹੁਲ ਪਏ, ਤੇ ਨਾਲ ਹੀ ਸਿੱਖਾਂ ਦਾ ਪੰਜਾਬ ਵਿਚੋਂ ਉਜਾੜਾ ਸ਼ੁਰੂ ਹੋ ਗਿਆ, ਜਿਸ ਦੀ ਹੁਣ ਅੱਤ ਹੋ ਗਈ ਹੈ। ਇੰਜ ਅਸੀਂ ਘੁੱਗ ਵੱਸਦੇ ਪਿੰਡਾਂ ਤੋਂ ਲੈ ਕੇ ਵਿਹਲੇ ਹੁੰਦੇ ਪਿੰਡਾਂ ਤੱਕ ਸਭ ਕੁੱਝ ਵੇਖ ਲਿਆ। ਉਨ੍ਹਾਂ ਵੱਸਦੇ-ਰਸਦੇ ਪਿੰਡਾਂ ‘ਚ ਕੀ ਸੀ, ਜੋ ਅਸੀਂ ਗੁਆ ਲਿਆ? ਲੋਕ ਅਕਸਰ ਕਹਿੰਦੇ ਹਨ ਕਿ ਅਸੀਂ ਆਪਣਾ ਸੱਭਿਆਚਾਰ ਗੁਆ ਲਿਆ, ਅਸੀਂ ਆਪਣੀ ਮਿੱਟੀ ਨਾਲ ਆਪਣਾ ਨਾਤਾ ਗੁਆ ਲਿਆ।
ਇਹ ਬੜੇ ਅਸਪੱਸ਼ਟ ਅਤੇ ਆਮ ਬਿਆਨ ਹਨ, ਜਿਨ੍ਹਾਂ ‘ਚੋਂ ਕੋਈ ਜੁਆਬ ਨਹੀਂ ਮਿਲਦਾ, ਸਗੋਂ ਹੋਰ ਸੁਆਲ ਖੜ੍ਹੇ ਹੁੰਦੇ ਹਨ, ਜਿਵੇਂ ਸੱਭਿਆਚਾਰ ਤੋਂ ਸਾਡਾ ਕੀ ਭਾਵ ਹੈ? ਆਖਰ ਕੀ ਗੁਆ ਲਿਆ ਹੈ ਅਸੀਂ ਇਸ ਸੱਭਿਆਚਾਰ ਤੋਂ ਵਿਰਵੇ ਹੋਣ ਨਾਲ? ਮਿੱਟੀ ਨਾਲ ਨਾਤੇ ਦਾ ਕੀ ਅਰਥ ਹੈ? ਗੱਲ ਦੀ ਰਮਜ਼ ਅਖੀਰਲੇ ਸੁਆਲ ਵਿਚ ਪਈ ਹੈ। ਮਿੱਟੀ ਧਰਤੀ ਦਾ ਉਹ ਹਿੱਸਾ ਹੈ, ਜਿਸ ‘ਤੇ ਸਾਡੀ ਮੇਰ ਹੈ, ਜੋ ਸਾਨੂੰ ਅੰਨ, ਪਾਣੀ ਤੇ ਬਹਿਣ ਦੀ ਥਾਂ ਦਿੰਦਾ ਹੈ। ਮਿੱਟੀ ਅੰਨ ਦਿੰਦੀ ਹੈ ਤੇ ਮਨੁੱਖ ਇਸ ਨੂੰ ਸਿੰਜਦੇ ਹਨ, ਕਦੇ ਪਾਣੀ ਨਾਲ, ਕਦੇ ਹੰਝੂਆਂ ਨਾਲ, ਤੇ ਕਦੇ ਲਹੂ ਨਾਲ। ਇਸ ਲਈ ਜਿੱਥੇ ਧਰਤੀ ਦਾ ਵੰਨ-ਸੁਵੰਨਤਾ ਨਾਲ ਭਰਪੂਰ ਪਸਾਰਾ ਮਨੁੱਖੀ ਹੋਂਦ ਦਾ ਕਾਇਨਾਤੀ ਰੂਪ ਦ੍ਰਿਸ਼ਟਮਾਨ ਕਰਦਾ ਹੈ, ਮਿੱਟੀ ਮਨੁੱਖ ਦੇ ਨਿੱਜ ਨਾਲ ਜੁੜੇ ਅਪਣੱਤ ਭਰੇ ਅਹਿਸਾਸ ਦੀ ਜ਼ਮੀਨ ਹੈ। ਅਪਣੱਤ ਕਦੇ ਵੀ ਇਤਿਹਾਸ ਤੋਂ ਵਾਂਝੀ ਨਹੀਂ ਹੁੰਦੀ। ਇਸ ਦਾ ਸੁਚੇਤ, ਅਚੇਤ ਜਾਂ ਅਵਚੇਤਨ ਵਿਚ ਪਿਛੋਕੜ ਹੁੰਦਾ ਹੈ। ਪੁਸ਼ਤਾਂ ਦੀ ਕਮਾਈ ਮਿੱਟੀ ਨੂੰ ਰਮਜ਼ਾਂ ਨਾਲ ਭਰਪੂਰ ਕਰਦੀ ਹੈ। ਮਾਂਵਾਂ ਇਸ ਕਮਾਈ ਨੂੰ ਆਤਮਸਾਤ ਕਰਕੇ ਸਾਂਭਦੀਆਂ ਹਨ। ਇਹ ਕਮਾਈ ਮਾਂਵਾਂ ਦਾ ਤੋਸ਼ਾਖਾਨਾ ਹੁੰਦਾ ਹੈ, ਜਿੱਥੋਂ ਉਹ ਬੇਸ਼ਕੀਮਤੀ ਸੌਗਾਤਾਂ ਬੱਚਿਆਂ ਨੂੰ ਦਿੰਦੀਆਂ ਹਨ।
ਮਾਂਵਾਂ ਲਈ ਆਪਣੇ ਬੱਚਿਆਂ ਤੋਂ ਪਿਆਰਾ ਕੋਈ ਨਹੀਂ ਹੁੰਦਾ, ਇਸ ਲਈ ਉਹ ਆਪਣੀ ਔਲਾਦ ਨੂੰ ਉਹੀ ਦਿੰਦੀਆਂ ਹਨ, ਜੋ ਉਨ੍ਹਾਂ ਲਈ ਸਭ ਤੋਂ ਖਾਸ ਹੁੰਦਾ ਹੈ। ਸੱਭਿਆਚਾਰ ਦੀ ਅਮੀਰੀ ਜਾਂ ਗਰੀਬੀ ਦਾ ਪਤਾ ਮਾਂਵਾਂ ਦੀਆਂ ਸੌਗਾਤਾਂ ਤੋਂ ਲੱਗਦਾ ਹੈ। ਧਰਤੀ ਨੂੰ ਸਿੱਖੀ ਦੀ ਛੁਹ ਨਸੀਬ ਹੋਈ ਤੇ ਪੰਜਾਬ ਦੀ ਮਿੱਟੀ ਸਿੱਖੀ ਦੇ ਵਿਗਸਣ ਦਾ ਮੁੱਖ ਕੇਂਦਰ ਬਣੀ। ਇਸ ਦੇ ਜਾਏ ਬੁਲੰਦ ਇਨਸਾਨੀ ਸ਼ਾਨ ਦੇ ਨੁਮਾਇੰਦੇ ਬਣੇ। ਭਾਵ ਜਾਤ-ਪਾਤ ਸਿਰਫ ਟੁੱਟ ਹੀ ਨਹੀਂ ਗਈ ਸਗੋਂ ਪੰਜਾਬ ਦੇ ਵਾਸੀਆਂ ਦਾ ਇੱਕ ਹਿੱਸਾ ਊਚ-ਨੀਚ ਦੇ ਸੰਕਲਪ ਨੂੰ ਪਲਟਾ ਹੀ ਦੇ ਗਿਆ।
ਮੁੱਖ ਨੁਕਤੇ ਵੱਲ ਮੁੜੀਏ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਮਿੱਟੀ ਨੂੰ ਸਿੱਖੀ ਨੇ ਜੀਵਨ ਬਖਸ਼ਿਆ, ਜੋ ਸਿੱਖੀ ਦੇ ਸੰਕਲਪਾਂ ‘ਤੇ ਆਧਾਰਿਤ ਜ਼ਰੂਰ ਸੀ, ਪਰ ਇਸ ਦੀ ਹੋਂਦ ਮਹਿਜ਼ ਸੂਖਮ ਜਾਂ ਸਿਧਾਂਤਕ ਨਹੀਂ ਸੀ। ਸਿੱਖੀ ਨੇ ਪੰਜਾਬ ਦੇ ਰੋਜ਼ਮੱਰਾ ਜੀਵਨ ਦਾ ਕਾਇਆਕਲਪ ਕੀਤਾ। ਸਿੱਖੀ ਵਿਚੋਂ ਹੀ ਪੰਜਾਬੀ ਬੋਲੀ ਦਾ ਇੱਕ ਨਵਾਂ ਰੂਪ ਉਦੈ ਹੋਇਆ। ਪੰਜਾਬ ਦੇ ਲੋਕਾਂ ਦੀ ਰਹਿਤਲ ਅਤੇ ਬੋਲੀ ਵਿਚ ਢਲੀ ਸਿੱਖੀ ਸਿੱਖਾਂ ਦੇ ਵਿਲੱਖਣ ਸੱਭਿਅਚਾਰਕ ਪਸਾਰ ਦਾ ਆਧਾਰ ਬਣੀ। ਇਸ ਰਹਿਤਲ ਅਤੇ ਬੋਲੀ ਦੇ ਅਨੇਕ ਦਿਸਦੇ-ਅਣਦਿਸਦੇ ਰੂਪ ਅਸੀਂ ਆਪਣੀ ਮਾਤਾ ਤੋਂ ਸੌਗਾਤਾਂ ਵਜੋਂ ਹਾਸਲ ਕੀਤੇ। ਉਨ੍ਹਾਂ ਅਮੁੱਲ ਸੌਗਾਤਾਂ ਕਰਕੇ ਅਸੀਂ ਮਾਂ ਤੇ ਮਿੱਟੀ-ਦੋਹਾਂ ਦੇ ਦੇਣਦਾਰ ਹਾਂ। ਮਾਂ-ਮਿੱਟੀ ਦੀ ਅਪਣੱਤ ਹੀ ਸਾਡੇ ਬੌਧਿਕ ਸਰੋਕਾਰਾਂ ਅਤੇ ਸਿਆਸੀ ਦਾਅਵਿਆਂ ਦਾ ਆਧਾਰ ਬਣੀ ਹੈ।
ਅਸੀਂ ਤਿੰਨੇ ਭੈਣ-ਭਰਾ ਪੜ੍ਹਨ-ਲਿਖਣ ਦੇ ਖੇਤਰ ਤੋਂ ਹਾਂ। ਸਾਨੂੰ ਆਪਣੇ ਸਫਰ ‘ਤੇ ਕਾਫੀ ਤਸੱਲੀ ਹੈ। ਗੁਰੂ ਮਹਾਰਾਜ ਤੋਂ ਬਾਅਦ ਅਸੀਂ ਇਸ ਸਭ ਕੁੱਝ ਲਈ ਆਪਣੇ ਮਾਤਾ-ਪਿਤਾ ਦੇ ਰਿਣੀ ਹਾਂ ਅਤੇ ਅਸੀਂ ਜੋ ਕੁਝ ਵੀ ਹਾਂ, ਉਨ੍ਹਾਂ ਦੀ ਮਿਹਨਤ, ਪ੍ਰਤੀਬੱਧਤਾ ਅਤੇ ਤਿਆਗ ਦਾ ਸਿੱਟਾ ਹੈ। ਸਾਡੇ ਬੌਧਿਕ ਸਫਰ ਵਿਚ ਉਨ੍ਹਾਂ ਦੀ ਖਾਸ ਅਹਿਮੀਅਤ ਹੈ, ਕਿਉਂਕਿ ਅਸੀਂ ਮਨੁੱਖੀ ਹੋਂਦ ਦੇ ਬੁਨਿਆਦੀ ਸੁਆਲਾਂ ਦੇ ਰੂਬਰੂ ਪੰਜਾਬ ਦੀ ਮਿੱਟੀ ਨਾਲ ਜੁੜੀ ਸਿੱਖ ਸਥਾਨਕਤਾ ਦੇ ਅਨੁਭਵ ਰਾਹੀਂ ਹੋ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਮਨੁੱਖੀ ਹੋਂਦ ਨੂੰ ਦਰਪੇਸ਼ ਆਤਮਿਕ, ਸਮਾਜਕ, ਮਨੋਵਿਗਿਆਨਕ ਅਤੇ ਆਰਥਕ ਸੰਕਟਾਂ ਦੀ ਵਿਆਖਿਆ ਸਿੱਖੀ ਤੋਂ ਸੇਧ ਲੈ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅਜਿਹੇ ਬੌਧਿਕ ਕਾਰਜ ਸਾਹਮਣੇ ਮੁੱਖ ਮਸਲਾ ਹੁੰਦਾ ਹੈ ਕਿ ਦੁਨੀਆਂ ‘ਤੇ ਛਾਏ ਸੰਕਟ ਸਾਡੀ ਆਪਣੀ ਸਮਝ ‘ਤੇ ਹੀ ਭਾਰੂ ਪੈ ਜਾਂਦੇ ਹਨ। ਸਾਡੇ ਮਾਤਾ-ਪਿਤਾ ਦੀ ਖਾਸ ਦੇਣ ਹੈ ਕਿ ਉਨ੍ਹਾਂ ਨੇ ਸਾਨੂੰ ਸਿੱਖੀ ਵਿਚ ਨਿਹਿਤ ਉਹ ਮੌਲਿਕ ਅਨੁਭਵ ਦਿੱਤਾ, ਜਿਸ ‘ਤੇ ਦੁਨੀਆਂ ਦੀਆਂ ਹੋਰ ਫਲਸਫਾਨਾ ਵਿਆਖਿਆਵਾਂ ਅਸਰਅੰਦਾਜ਼ ਨਹੀਂ ਸੀ ਹੋ ਸਕਦੀਆਂ।
ਮਾਂ-ਬਾਪ ਦੀ ਇਸ ਸੌਗਾਤ ਨੇ ਸਾਨੂੰ ਮਨੁੱਖੀ ਹੋਂਦ ਦੇ ਤਰਕ ਦੀ ਨਿੱਜੀ ਜ਼ਮੀਨ ਮੁਹੱਈਆ ਕੀਤੀ। ਇਸ ਨਾਲ ਸਾਹਿਤ ਤੇ ਫਲਸਫੇ ਨੂੰ ਪੜ੍ਹਨ ਦਾ ਅਨੁਭਵ ਹੀ ਬਦਲ ਗਿਆ ਅਤੇ ਦੁਨੀਆਂ ਦੇ ਮਹਾਨ ਸਾਹਿਤਕਾਰਾਂ ਤੇ ਫਿਲਾਸਫਰਾਂ ਦੇ ਬਹੁਤ ਗਹਿਰੇ ਤੇ ਪ੍ਰਬੀਨ ਬਿਰਤਾਂਤਾਂ ਨੂੰ ਆਪਣੇ ਅਨੁਭਵ ਦੇ ਦ੍ਰਿਸ਼ਟੀਕੋਣ ਤੋਂ ਪੜ੍ਹਨ ਦੀ ਸਮਰੱਥਾ ਹਾਸਲ ਹੋਈ। ਬਹੁਤ ਸਾਲ ਮੈਂ ਸਮਝਦਾ ਰਿਹਾ ਕਿ ਸਾਡੀ ਮਾਤਾ ਨੇ ਸਾਨੂੰ ਸਿੱਖੀ ਤੇ ਗੁਰਬਾਣੀ ਨਾਲ ਜੋੜਨ ਵਿਚ ਵੱਧ ਹਿੱਸਾ ਪਾਇਆ ਅਤੇ ਪੜ੍ਹਨ-ਲਿਖਣ ਦੀ ਲਗਨ ਮੁੱਖ ਤੌਰ ‘ਤੇ ਪਿਤਾ ਦੀ ਪ੍ਰੇਰਨਾ ਸੀ। ਪਰ ਇਹ ਗੱਲ ਸਹੀ ਨਹੀਂ। ਸਾਡੇ ਪਿਤਾ ਨੇ ਸਾਨੂੰ ਆਧੁਨਿਕ ਵਿੱਦਿਆ ਦੇ ਨਾਲ-ਨਾਲ ਪੰਜਾਬ ਦੀ ਸਿੱਖ ਬੌਧਿਕ ਵਿਰਾਸਤ ਦੇ ਧਾਰਮਿਕ, ਸਾਹਿਤਕ ਅਤੇ ਇਤਿਹਾਸਕ ਸਰੋਤਾਂ ਨਾਲ ਜੋੜਿਆ। ਮਾਤਾ ਨੇ ਸਿੱਖ ਬੌਧਿਕ ਵਿਰਾਸਤ ਦੇ ਧਾਰਮਿਕ ਅਤੇ ਸੱਭਿਆਚਾਰਕ ਅਨੁਭਵ ਨਾਲ ਜੋੜਿਆ। ਪਹਿਲਾਂ ਉਸ ਰਹਿਤਲ ਨਾਲ ਜੋੜਿਆ ਜੋ ਸਿੱਖ ਬੌਧਿਕ ਵਿਰਾਸਤ ਦੇ ਧਾਰਮਿਕ ਅਤੇ ਸੱਭਿਆਚਾਰਕ ਅਨੁਭਵ ਲਈ ਲੋੜੀਂਦੀ ਸੀ ਤੇ ਫਿਰ ਇਸ ਵਿਚ ਪੜਾਅ-ਦਰ-ਪੜਾਅ ਪ੍ਰਵੇਸ਼ ਕਰਵਾਇਆ। ਇਸ ਅਨੁਭਵ ਰਾਹੀਂ ਹਾਸਲ ਹੋਣ ਵਾਲੀ ਬੌਧਿਕਤਾ ਨਾ ਤਾਂ ਕਿਤਾਬਾਂ ‘ਚੋਂ ਮਿਲ ਸਕਦੀ ਸੀ, ਨਾ ਇਸ ਦਾ ਮਾਂ ਤੋਂ ਵਧੀਆ ਕੋਈ ਹੋਰ ਸਰੋਤ ਹੋ ਸਕਦਾ ਸੀ।
ਮਾਂ ਸਾਨੂੰ ਗੁਰਬਾਣੀ ਦਾ ਪਾਠ ਸਿਖਾਉਂਦੀ, ਗੁਰਮਤਿ ਅਤੇ ਇਤਿਹਾਸ ਦੀ ਜਾਣਕਾਰੀ ਦਿੰਦੀ ਤੇ ਬੀਤੇ ਦੀਆਂ ਯਾਦਾਂ ਤਾਜ਼ੀਆਂ ਕਰ-ਕਰ ਪੁਰਾਣਾ ਪੰਜਾਬ ਸਾਡੀ ਕਲਪਨਾ ਵਿਚ ਜਿਉਂਦਾ ਕਰ ਦਿੰਦੀ। ਮਾਂ ਦੇ ਗੁਰਬਾਣੀ ਦਾ ਪਾਠ ਸਿਖਾਉਣ ਨਾਲ ਹੀ ਗੁਰਬਾਣੀ ਅਤੇ ਇਸ ਦੇ ਪਾਠ-ਦੋਹਾਂ ਦੇ ਰੂਪ ਨਿਸਚਿਤ ਹੋ ਗਏ; ਜ਼ਿੰਦਗੀ ਦਾ ਪਹਿਲਾ ਕਦਮ ਹੀ ਇਹ ਹੋ ਗਿਆ ਕਿ ਗੁਰਬਾਣੀ ਅਤੇ ਇਸ ਦੇ ਪਾਠ ਦਾ ਕਿਸੇ ਵੀ ਹੋਰ ਲਿਖਤ ਜਾਂ ਪੜ੍ਹਤ ਨਾਲ ਕੋਈ ਮੇਲ ਨਹੀਂ। ਇਸ ਵਿਚੋਂ ਹੀ ਗੁਰੂ ਅਤੇ ਅਕਾਲ ਪੁਰਖੁ ਦਾ ਸਰੂਪ ਸਥਾਪਤ ਹੋ ਗਿਆ, ਜਿਸ ‘ਤੇ ਆਧੁਨਿਕਵਾਦ ਦਾ ਕੋਈ ਅਸਰ ਨਹੀਂ ਸੀ। ਇਸੇ ਲੜੀ ਵਿਚ ਮਾਤਾ ਨੇ ਸਾਨੂੰ ਸਿੱਖ ਇਤਿਹਾਸ ਦੇ ਅੰਦਰਲੇ ਜੀਵੰਤ ਅਨੁਭਵ ਨਾਲ ਜੋੜਿਆ, ਜਿਸ ਦੀ ਇਹ ਜਾਣਕਾਰੀ ਬਹੁਤੀਆਂ ਆਧੁਨਿਕ ਕਿਤਾਬਾਂ ‘ਚੋਂ ਅਲੋਪ ਸੀ। ਮਾਤਾ ਦੀ ਇਤਿਹਾਸ ਬਾਰੇ ਜਾਣਕਾਰੀ ਤਾਂ ਕਿਤਾਬਾਂ ਵਿਚੋਂ ਆਈ ਸੀ, ਪਰ ਇਸ ਬਾਰੇ ਸਮਝ ਦਾ ਸਰੋਤ ਕੋਈ ਕਿਤਾਬ ਨਹੀਂ ਸੀ ਸਗੋਂ ਸਿੱਖੀ ਅਤੇ ਇਤਿਹਾਸ ਦਾ ਜਿਉਂਦਾ-ਜਾਗਦਾ ਅਨੁਭਵ ਸੀ, ਜੋ ਪੰਜਾਬ ਦੇ ਪਿੰਡਾਂ ਦੀ ਆਮ ਰਹਿਤਲ ਦਾ ਆਧਾਰ ਸੀ। ਸਿੱਖ ਸਾਖੀਆਂ ਤੋਂ ਬਿਨਾ ਮਾਤਾ ਨੇ ਸਾਨੂੰ ਪੰਜਾਬ ਦੀਆਂ ਲੋਕ ਬਾਤਾਂ ਨਾਲ ਵੀ ਜੋੜਿਆ। ਜਿਸ ਮੌਖਿਕ ਪਰੰਪਰਾ ਰਾਹੀਂ ਇਹ ਬਾਤਾਂ ਮਾਤਾ ਕੋਲ ਪਹੁੰਚੀਆਂ ਸਨ, ਉਸ ਦੀ ਭਾਸ਼ਾ ਤੇ ਸਰੂਪ ਸਿੱਖ ਵਿਰਾਸਤ ਵਿਚੋਂ ਉਗਮੇ ਸਨ। ਇਸ ਲਈ ਇਹ ਬਾਤਾਂ ਗਰਮੀਆਂ ਦੀਆਂ ਤਾਰਿਆਂ ਭਰੀਆਂ ਟਿਕੀਆਂ ਰਾਤਾਂ ਵਿਚ ਅਛੋਪਲੇ ਜਿਹੇ ਗੁਰਬਾਣੀ ‘ਚੋਂ ਪਹਿਲਾਂ ਹੀ ਹਾਸਲ ਹੋਏ ਸਿੱਖ ਦ੍ਰਿਸ਼ਟੀਕੋਣ ਨਾਲ ਆਪਣੀ ਇਕਸੁਰਤਾ ਬਣਾ ਲੈਂਦੀਆਂ ਸਨ।
ਸਾਡੀ ਮਾਤਾ ਪੰਜਾਬ ਦੀ ਉਸ ਸਿੱਖ ਧਾਰਮਿਕ ਰਹਿਣੀ ਦੀ ਨੁਮਾਇੰਦਗੀ ਕਰਦੀ ਸੀ, ਜਿਸ ਵਿਚ ਧਰਮ-ਸਿਧਾਂਤ ਦੀ ਪੈਰਵਾਈ ਧਰਮੀ ਜੀਵਨ ਜਿਉਣ ਦਾ ਇੱਕ ਹਿੱਸਾ ਸੀ। ਭਾਵੇਂ ਸਾਰੀ ਸਿੱਖ ਪਰੰਪਰਾ ਸਾਹਿਤਕ ਅਤੇ ਬੌਧਿਕ ਲਿਖਤਾਂ ਨਾਲ ਭਰਪੂਰ ਰਹੀ ਹੈ, ਪਰ ਲਿਖਤੀ ਸਾਹਿਤ ਦੇ ਨਾਲ-ਨਾਲ ਸਿੱਖਾਂ ਦੀ ਇੱਕ ਠੋਸ ਮੌਖਿਕ ਬੌਧਿਕ ਪਰੰਪਰਾ ਵੀ ਰਹੀ ਹੈ। ਸਾਡੇ ਮਾਤਾ ਨੇ ਸਾਨੂੰ ਇਸ ਬੌਧਿਕ ਵਿਰਾਸਤ ਨਾਲ ਜੋੜਿਆ ਜੋ ਉਨ੍ਹਾਂ ਆਪਣੇ ਬਜੁਰਗਾਂ ਤੋਂ ਅਤੇ ਪਿੰਡਾਂ ਦੇ ਮਾਹੌਲ ਵਿਚੋਂ ਹਾਸਲ ਕੀਤੀ ਸੀ। ਮਾਤਾ ਨੂੰ ਸਿੱਖੀ ਦੀ ਪਹਿਲੀ ਜਾਗ ਆਪਣੇ ਪਿੰਡ ਤਲਵੰਡੀ ਭੰਗੇਰੀਆਂ ਤੋਂ ਲੱਗੀ। ਸਾਡੇ ਪੜਨਾਨਾ ਜੀ ਸ਼ ਚੰਨਣ ਸਿੰਘ ਗੁਰਬਾਣੀ ਦੇ ਰਸੀਏ ਤੇ ਮਹਾਂਪੁਰਖਾਂ ਦਾ ਸਤਿਕਾਰ ਕਰਨ ਵਾਲੇ ਗੁਰਸਿੱਖ ਸਨ। ਉਨ੍ਹਾਂ ਦੀ ਅੱਖਾਂ ਦੀ ਜੋਤ ਜਾਂਦੀ ਰਹੀ ਸੀ। ਮਾਤਾ ਜੀ ਉਨ੍ਹਾਂ ਨੂੰ ਗੁਰਬਾਣੀ ਦਾ ਪਾਠ ਸ੍ਰਵਣ ਕਰਾਉਂਦੇ।
ਉਨ੍ਹਾਂ ਨੂੰ ਪਾਠ ਸੁਣਾਉਣਾ ਰੋਜ਼ ਸੰਥਿਆ ਹਾਸਲ ਕਰਨ ਦਾ ਅਦੁੱਤੀ ਮੌਕਾ ਸੀ। ਗੁਰਬਾਣੀ ਪਾਠ ਦੀ ਸ਼ੁੱਧਤਾ ਦੇ ਨਾਲ-ਨਾਲ ਉਹ ਪਾਠ ਦੀ ਰਹਾਅ ਭਾਵ ਸਰੋਦ ‘ਤੇ ਬਹੁਤ ਜ਼ੋਰ ਦਿੰਦੇ। ਇਹ ਗੁਰਬਾਣੀ ਪਾਠ ਪ੍ਰਤੀ ਸਿੱਖ ਪਹੁੰਚ ਦਾ ਉਹ ਟਕਸਾਲੀ ਰੂਪ ਸੀ, ਜਿਸ ਵਿਚੋਂ ਪਾਠ-ਰਸ ਦੀ ਅਹਿਮੀਅਤ ਕਦੇ ਘਟਣ ਨਹੀਂ ਸੀ ਦਿੱਤੀ ਜਾਂਦੀ। ਸਾਡੇ ਮਾਤਾ ਮੇਰੇ ਸੁਰਤ ਸੰਭਾਲਣ ਤੱਕ, ਜਦੋਂ ਅਸੀਂ ਨਾਨਕੀਂ ਜਾਂਦੇ, ਤਾਂ ਸਾਡੇ ਪੜਨਾਨਾ ਜੀ ਨੂੰ ਪਾਠ ਸੁਣਾਉਂਦੇ। ਮਾਤਾ ਦਾ ਗੁਰਬਾਣੀ ਦਾ ਪਾਠ ਰਸ ਦਾ ਇੱਕ ਅਰੁੱਕ ਵੇਗ ਹੁੰਦਾ ਸੀ, ਜਿਸ ਵਿਚ ਮੁਨਾਸਿਬ ਜਗ੍ਹਾ ‘ਤੇ ਵਿਸ਼ਰਾਮ ਜਾਂ ਠਹਿਰਾਅ ਜ਼ਰੂਰ ਹੁੰਦੇ, ਪਰ ਉਹ ਪਾਠ ਦੀ ਰਹਾਅ ਨਾਲ ਇੰਨੇ ਇੱਕ-ਮਿੱਕ ਸਨ ਕਿ ਪਾਠ ਦੇ ਵਹਾਅ ਨੂੰ ਪ੍ਰਭਾਵਿਤ ਨਹੀਂ ਸਨ ਕਰਦੇ। ਮੈਨੂੰ ਜਪੁਜੀ ਸਾਹਿਬ ਦਾ ਪਾਠ ਸਾਡੀ ਮਾਤਾ ਨੇ ਸਿਖਾਇਆ। ਅੱਜ ਮੈਂ ਉਸ ਤਰ੍ਹਾਂ ਪਾਠ ਕਰਨ ਦੇ ਸਮਰੱਥ ਨਹੀਂ, ਪਰ ਉਹ ਰਹਾਅ ਮੇਰੇ ਚੇਤੇ ‘ਚੋਂ ਵਿੱਸਰੀ ਵੀ ਨਹੀਂ। ਇਹ ਸਾਡੀ ਮਾਤਾ ਦਾ ਵਿਰਸਾ ਸੀ, ਜੋ ਚੰਗੇ ਭਾਗਾਂ ਨੂੰ ਅਸੀਂ ਵੀ ਗ੍ਰਹਿਣ ਕੀਤਾ। ਪੰਜਾਬ ਦੇ ਕਾਵਿਕ, ਸੰਗੀਤਕ ਅਤੇ ਫਲਸਫਾਨਾ ਗਿਆਨ ਦੇ ਇਸ ਵਿਰਸੇ ਨੂੰ ਲੈ ਕੇ ਸਾਡੇ ਮਾਤਾ, ਸਾਡੇ ਪਿੰਡ ਮਨਾਵੇਂ ਪਹੁੰਚੇ।
ਮਨਾਵੇਂ ਸਾਡਾ ਨਿੱਕਾ ਜਿਹਾ ਘਰ ਸੀ, ਜੀਹਦੇ ਵਿਹੜੇ ਵਿਚ ਦੋ ਪੁਰਾਣੇ, ਵੱਡੇ, ਪਰ ਲਿਫੇ ਹੋਏ ਫਰਮਾਂਹ ਸਨ, ਜਿਨ੍ਹਾਂ ‘ਤੇ ਚੜ੍ਹਨਾ-ਉਤਰਨਾ ਮੇਰੇ ਲਈ ਬਹੁਤ ਸੌਖਾ ਸੀ। ਆਂਢੋਂ-ਗੁਆਂਢੋਂ ਮੈਥੋਂ ਪੰਜ-ਸੱਤ ਸਾਲ ਵੱਡੀਆਂ ਮੇਰੀਆਂ ਅੱਠ-ਦਸ ਭੈਣਾਂ ਸਾਡੇ ਫਰਮਾਂਹਵਾਂ ‘ਤੇ ਪੀਂਘ ਪਾਉਂਦੀਆਂ, ਸਾਡੇ ਘਰੇ ਚੌਪਈ ਤੇ ਸੁਖਮਨੀ ਸਾਹਿਬ ਦੇ ਪਾਠ ਵੀ ਕਰਦੀਆਂ, ਤੇ ਚਾਚੀ ਜੀ (ਸਾਡੀ ਮਾਤਾ) ਨਾਲ ਹੱਸਦਿਆਂ-ਖੇਡਦਿਆਂ ਦਿਨ ਲੰਘਾਉਂਦੀਆਂ। ਉਨ੍ਹੀਂ ਦਿਨੀਂ ਸਾਡੇ ਘਰੇ ਉਹ ਸਿੱਖੀ ਵਰਤਦੀ ਸੀ, ਜਿਸ ਦੇ ਦੀਦਾਰੇ ਪੂਰਨ ਸਿੰਘ ਦੀਆਂ ਕਵਿਤਾਵਾਂ ‘ਚੋਂ ਹੁੰਦੇ ਹਨ। ਕਹਿਣ ਤੋਂ ਭਾਵ ਸਿੱਖੀ ਦਾ ਪਿੰਡ ਦੀ ਸੱਭਿਆਚਾਰਕ ਰਹਿਤਲ ਵਿਚ ਢਲਿਆ ਖੇੜਾ ਸਿੱਖੀ ਜਿਉਣ ਲਈ ਉਹ ਚਾਅ ਪੈਦਾ ਕਰਦਾ ਸੀ, ਜਿਸ ਵਿਚੋਂ ਲੋਕ ਪੰਜ ਕੱਕਾਰੀ ਰਹਿਤ ਧਾਰਦੇ ਸਨ ਜਾਂ ਇਹ ਅਪਨਾਉਣ ਲਈ ਉਡੀਕ ਕਰਦੇ ਸਨ।
ਪੰਜਾਬ ਦੇ ਲੋਕਾਂ ਦੀ ਰਹਿਤਲ ਵਿਚ ਢਲੀ ਸਿੱਖੀ ਦਾ ਸਹਿਜ ਵਿਗਾਸ ਸਾਡੀ ਮਾਂ ਦੀ ਮਹਾਨਤਾ ਦਾ ਮੂਲ ਆਧਾਰ ਸੀ, ਬਾਕੀ ਸਭ ਗੱਲਾਂ ਇਸ ਦੇ ਪ੍ਰਗਟਾਵੇ ਸਨ। ਉਨ੍ਹਾਂ ਕੁੜੀਆਂ ਨਾਲ ਮਾਤਾ ਦਾ ਨਿੱਘਾ ਸਨੇਹ ਸੀ। ਇਸ ਦੇ ਦੋ ਖਾਸ ਪਹਿਲੂ ਸਨ: ਅਪਣੱਤ ਤੇ ਦੂਜੇ ਨੂੰ ਸਮਝਣ ਦੀ ਸਮਰੱਥਾ, ਜੋ ਨਿਰਛੱਲ ਸਿੱਖ ਪਹੁੰਚ ਤੇ ਗੁਰਬਾਣੀ ਰਾਹੀਂ ਹਾਸਲ ਹੋਏ ਨਿਮਰ ਤੇ ਦਿਆਲਤਾ ਭਰੇ ਰਵੱਈਏ ਦੀ ਉਪਜ ਸੀ। ਸੱਭੇ ਕੁੜੀਆਂ ਅਖੰਡ ਪਾਠੀ ਸਨ, ਜੋ ਮੇਰੇ ਸਿੱਖੀ ਨਾਲ ਨਾਤੇ ਦਾ ਅਣਦਿਸਦਾ ਪਰ ਪ੍ਰਭਾਵਸ਼ਾਲੀ ਪ੍ਰੇਰਨਾ ਸਰੋਤ ਬਣੀਆਂ।
ਮਨਾਵਾਂ ਸਿੱਖੀ ਦਾ ਵਿਲੱਖਣ ਕੇਂਦਰ ਸੀ। ਪਿੰਡ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਸੀ, ਜਿੱਥੇ ਛੇਵੇਂ ਪਾਤਸ਼ਾਹ ਨੇ ਇੱਕ ਤਪੇ ਦਾ ਉਧਾਰ ਕੀਤਾ ਸੀ। ਪਿੰਡ ਦਾ ਪੁਰਾਣਾ ਗੁਰਦੁਆਰਾ ਬਹੁਤ ਛੋਟਾ ਤੇ ਸਾਦਾ ਸੀ, ਜਿਸ ਦੀਆਂ ਕੰਧਾਂ ਤੇ ਚੌਗਿਰਦੇ ਵਿਚੋਂ ਪੁਸ਼ਤਾਂ ਦੀ ਆਤਮਕ ਕਮਾਈ ਦੀ ਊਰਜਾ ਹਾਸਲ ਹੁੰਦੀ ਸੀ। ਗੁਰਦੁਆਰੇ ਦੀ ਉਸ ਵਣਾਂ ਵਰਗੀ ਚੁੱਪ ਵਿਚ ਬਹਿ ਕੇ ਮੈਂ ਕਦੇ-ਕਦੇ ਪਾਠ ਕਰਦਾ, ਜੋ ਮੇਰੇ ਜੀਵਨ ਦਾ ਅਮੁੱਲ ਅਨੁਭਵ ਹੈ। ਉਹ ਗੁਰਦੁਆਰਾ ਢਾਹ ਦਿੱਤਾ ਗਿਆ, ਜਿਸ ਦਾ ਮੈਨੂੰ ਡੂੰਘਾ ਦੁੱਖ ਹੈ। ਉਸ ਦੀ ਥਾਂ ਨਵਾਂ, ਸੰਗਮਰਮਰ ਤੇ ਸੋਨੇ ਦੇ ਗੁੰਬਦ ਵਾਲਾ ਗੁਰਦੁਆਰਾ ਬਣਾਇਆ ਗਿਆ, ਜੋ ਬਹੁਤ ਸ਼ਾਨਦਾਰ ਤੇ ਦਰਸ਼ਨੀ ਹੈ, ਪਰ ਮੈਨੂੰ ਉਸ ਵਿਚ ਪੁਰਾਣੇ ਵਾਲੀ ਗੱਲ ਕਦੇ ਨਹੀਂ ਲੱਭੀ।
ਮੈਂ ਸੱਤ ਕੁ ਸਾਲਾਂ ਦਾ ਸਾਂ ਤਾਂ ਮਾਤਾ ਨੇ ਮੈਨੂੰ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਕੰਠ ਕਰਵਾ ਦਿੱਤੀਆਂ। ਅਸੀਂ ਮੋਗੇ ਕਿਸੇ ਜਾਣਕਾਰ ਪਰਿਵਾਰ ਦੇ ਘਰੇ ਗਏ। ਸਾਡੇ ਨਾਲ ਸਾਡੇ ਗੁਆਂਢੋਂ ਮੇਰੇ ਤਾਈ ਜੀ ਬੀਬੀ ਚਰਨ ਕੌਰ ਜੀ ਸਨ। ਉਚੇ ਕੱਦ ‘ਤੇ ਬੁਲੰਦ ਸ਼ਖਸੀਅਤ ਸਦਕਾ ਉਨ੍ਹਾਂ ਦਾ ਸਾਰੇ ਪਿੰਡ ਵਿਚ ਰੋਅਬ-ਦਾਅਬ ਸੀ। ਉਹ ਮੇਰੀ ਸਿੱਖੀ ਨਾਲ ਲਗਨ ਦੀ ਕਦਰ ਵੀ ਕਰਦੇ ਸਨ ਤੇ ਮੈਨੂੰ ਬਹੁਤ ਉਤਸ਼ਾਹ ਵੀ ਦਿੰਦੇ ਸਨ। ਉਨ੍ਹਾਂ ਨੇ ਮੋਗੇ ਵਾਲੇ ਪਰਿਵਾਰ ਨੂੰ ਕਿਹਾ ਕਿ ਇਹ ਮੁੰਡਾ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਜ਼ੁਬਾਨੀ ਕਰ ਲੈਂਦਾ ਹੈ। ਉਸ ਪਰਿਵਾਰ ਦੀ ਧੀ ਵੀ ਮੇਰੇ ਜਿੱਡੀ ਸੀ। ਤਾਈ ਜੀ ਦੀ ਗੱਲ ਸੁਣ ਕੇ ਉਹ ਕਹਿਣ ਲੱਗੇ, “ਸਾਡੀ ਕੁੜੀ ਪੂਰੇ ਜਪੁਜੀ ਸਾਹਿਬ ਦਾ ਪਾਠ ਜ਼ੁਬਾਨੀ ਕਰ ਲੈਂਦੀ ਹੈ।” ਉਥੋਂ ਮੁੜਦਿਆਂ ਤਾਈ ਜੀ ਨੇ ਸਾਡੇ ਮਾਤਾ ਨੂੰ ਕਿਹਾ, “ਸੁਰਿੰਦਰ, ਆਪਾਂ ਤਾਂ ਐਵੇਂ ਹੀ ਤਿੜੇ ਫਿਰਦੇ ਹਾਂ, ਚੱਲ, ਮੁੰਡੇ ਨੂੰ ਪੂਰੇ ਜਪੁਜੀ ਸਾਹਿਬ ਦਾ ਪਾਠ ਸਿਖਾ!” ਮਾਤਾ ਨੇ ਜਪੁਜੀ ਸਾਹਿਬ ਦੀ ਇਕ-ਇਕ ਤੁਕ ਮੈਨੂੰ ਉਸ ਰਸ-ਭਰਪੂਰ ਰਹਾਅ ਨਾਲ ਸਿਖਾਈ ਜੋ ਅੱਜਕੱਲ੍ਹ ਕਰੀਬ ਅਲੋਪ ਹੈ; ਮੈਂ ਅੱਜ ਤੱਕ ਇੱਕ ਵੀ ਹੋਰ ਬੰਦੇ ਨੂੰ ਉਸ ਤਰੀਕੇ ਨਾਲ ਪਾਠ ਕਰਦਾ ਨਹੀਂ ਵੇਖਿਆ। ਮੇਰੇ ਸਿੱਖੀ ਸਿਦਕ ਦੀ ਨੀਂਹ ਉਸ ਇਕੱਲੀ-ਇਕੱਲੀ ਤੁਕ ਵਿਚ ਲੱਗੀ ਹੋਈ ਹੈ। ਆਪਣੇ ਚੇਤੇ ‘ਚੋਂ ਉਸੇ ਰਹਾਅ ਨਾਲ ਜਪੁਜੀ ਸਾਹਿਬ ਦਾ ਪਾਠ ਕਰਨਾ ਅੱਜ ਮੇਰੇ ਲਈ ਸਭ ਤੋਂ ਉਚਾ ਟੀਚਾ ਹੈ।
ਗੁਰਬਾਣੀ ਪਾਠ ਦੇ ਨਾਲ-ਨਾਲ ਮਾਤਾ ਨੇ ਮੈਨੂੰ ਇਤਿਹਾਸ ਦੇ ਜੀਵੰਤ ਅਨੁਭਵ ਵਿਚ ਪ੍ਰਵੇਸ਼ ਕਰਵਾਇਆ, ਜਿਸ ਦਾ ਪਹਿਲਾ ਜ਼ਰੀਆ ਸ਼੍ਰੋਮਣੀ ਕਮੇਟੀ ਦੀਆਂ ਛਾਪੀਆਂ ਦੋ ਬਾਲ-ਪੁਸਤਕਾਂ, “ਨਿੱਕੀਆਂ ਜਿੰਦਾਂ ਵੱਡਾ ਸਾਕਾ” ਤੇ “ਸਾਕਾ ਚਮਕੌਰ” ਬਣੀਆਂ। ਕਿਤਾਬਾਂ ਵਿਚ ਇਤਿਹਾਸ ਸੀ, ਪਰ ਸਾਡੇ ਮਾਤਾ ਦੇ ਪੜ੍ਹਾਉਣ ਵਿਚ ਸਿੱਖ ਇਤਿਹਾਸ ਦੀ ਆਤਮਾ ਦੀ ਪ੍ਰਤੀਤੀ ਸੀ, ਜੋ ਸਿੱਖਾਂ ਨੇ ਪੁਸ਼ਤ-ਦਰ-ਪੁਸ਼ਤ ਗ੍ਰਹਿਣ ਕੀਤੀ ਸੀ। ਮਿਸਾਲ ਵਜੋਂ ਇਨ੍ਹਾਂ ਕਿਤਾਬਾਂ ਵਿਚ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਰਵੇ ਸਨ। ਦੁਨਿਆਵੀ ਅਰਥਾਂ ਵਿਚ ਇਹ ਸਾਹਿਬਜ਼ਾਦਿਆਂ ‘ਤੇ ਹੋਏ ਦਰਦਨਾਕ ਜ਼ੁਲਮ ਅਤੇ ਉਨ੍ਹਾਂ ਦੇ ਜੀਵਨ ਦਾ ਬਹੁਤ ਛੋਟੀ ਉਮਰ ਵਿਚ ਅੰਤ ਹੋਣ ਦੀ ਦਾਸਤਾਨ ਸੀ। ਪਰ ਸਿੱਖਾਂ ਲਈ ਇਹ ਸ਼ਹਾਦਤਾਂ ਇੱਕ ਜੇਤੂ ਜਲਾਲ ਦਾ ਸੋਮਾ ਸੀ, ਜਿਸ ਨਾਲ ਸਿੱਖੀ ਦਾ ਆਤਮਕ ਖੇੜਾ ਨਵੀਂ ਸ਼ਿੱਦਤ ਹਾਸਲ ਕਰਦਾ ਸੀ। ਸਾਡੇ ਮਾਤਾ ਸ਼ਹਾਦਤ ਦੇ ਇਸ ਜੇਤੂ ਜਲਾਲ ਦਾ ਰਸ ਮੈਨੂੰ, ਆਪਣੇ ਪੰਜ-ਸੱਤ ਵਰ੍ਹਿਆਂ ਦੇ ਪੁੱਤ ਨੂੰ, ਗ੍ਰਹਿਣ ਕਰਵਾ ਰਹੇ ਸਨ। ਇਸ ਅਹਿਸਾਸ ਪਿੱਛੇ ਕ੍ਰਿਆਸ਼ੀਲ ਮੌਤ ਦੀ ਸਹਿਜ ਫਤਹਿ ਅਤੇ ਸਿੱਖੀ ਦਾ ਵਿਗਾਸੀ ਜਲੌਅ ਉਹ ਪਹਿਲੂ ਹਨ, ਜੋ ਸਾਡੇ ਮਾਤਾ ਨੂੰ ਇੱਕ ਆਧੁਨਿਕ ਅਧਿਆਪਕ ਤੋਂ ਵੱਖਰਿਆਉਂਦੇ ਹਨ। “ਸਾਕਾ ਚਮਕੌਰ” ਪੜ੍ਹਦਿਆਂ ਜਦੋਂ ਮੈਂ ਮਾਤਾ ਨੂੰ ਪੁੱਛਦਾ ਕਿ ਚਮਕੌਰ ਦੀ ਗੜ੍ਹੀ ਦੀ ਜੰਗ ਵੇਲੇ ਮੈਂ ਗੁਰੂ ਸਾਹਿਬ ਨਾਲ ਕਿਉਂ ਨਹੀਂ ਸੀ ਤਾਂ ਮੈਨੂੰ ਮਾਤਾ ਦੇ ਚਿਹਰੇ ‘ਤੇ ਸ਼ਿਕਨ ਨਹੀਂ, ਖਿਣ-ਖਿਣ ਤੇਜ ਫੜਦਾ ਅਨੰਦ ਦਿਸਦਾ ਸੀ। ਅੱਖਾਂ ਵਿਚ ਇੱਕ ਤਸੱਲੀ ਹੁੰਦੀ ਸੀ, ਜੋ ਸਿਦਕ ਦੀ ਭਰ੍ਹਵੀਂ ਬੁਨਿਆਦ ਦੀ ਦੱਸ ਪਾਉਂਦੀ ਸੀ। ਸਿੱਖੀ ਤੇ ਇਸ ਦੇ ਸੰਚਾਰ ਦੀ ਵਿਧੀ ਇਨ੍ਹਾਂ ਮਾਂਵਾਂ ਨੇ ਸਾਂਭੀ ਹੈ, ਜਿਸ ਤੋਂ ਅਜੋਕੇ ਵਿਦਵਾਨ ਵਿਰਵੇ ਹੁੰਦੇ ਜਾ ਰਹੇ ਹਨ।
ਇਸ ਗੱਲ ਨੂੰ ਰਤਾ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰ ਮਾਂ ਆਪਣੇ ਬੱਚਿਆਂ ਦੀ ਸਲਾਮਤੀ ਚਾਹੁੰਦੀ ਹੈ। ਭਾਵੇਂ ਇਹ ਸਹੀ ਹੈ ਕਿ ਸਿੱਖ ਇਤਿਹਾਸ ਵਿਚ ਮਾਂਵਾਂ ਨੇ ਆਪਣੇ ਬੱਚਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤੇ ਜਾਣ ‘ਤੇ ਵੀ ਸਿਦਕ ਨਹੀਂ ਹਾਰਿਆ, ਇਹ ਵੀ ਸਹੀ ਹੈ ਕਿ ਇਹ ਮਾਂਵਾਂ ਸਦਾ ਪੈਦਾ ਹੁੰਦੀਆਂ ਰਹਿਣਗੀਆਂ, ਪਰ ਆਮ ਵਰਤਾਰਾ ਇਹੀ ਹੈ ਕਿ ਕੋਈ ਮਾਂ ਆਪਣੇ ਬੱਚਿਆਂ ਨੂੰ ਮੌਤ ਦੇ ਮੂੰਹ ਵੱਲ ਜਾਂਦਾ ਨਹੀਂ ਵੇਖ ਸਕਦੀ। ਅਜਿਹੀ ਸਮਝ ਦੇ ਦ੍ਰਿਸ਼ਟੀਗੋਚਰ ਸਿੱਖ ਮਾਂਵਾਂ ਦੀ ਵਿਲੱਖਣਤਾ ਕਿਸ ਗੱਲ ਵਿਚ ਹੈ? ਸਿੱਖ ਮਾਂਵਾਂ ਦਾ ਨਿਆਰਾਪਣ ਇਹ ਹੈ ਕਿ ਮੌਤ ਦੇ ਭੈਅ ਦੇ ਬਾਵਜੂਦ ਬੱਚਿਆਂ ਨਾਲ ਮੋਹ ਦੇ ਹੁੰਦਿਆਂ, ਉਹ ਸਿੱਖੀ ਸਿਦਕ ਲਈ ਸਿਰ ਦੇਣ ਦੇ ਅਹਿਸਾਸ ‘ਤੇ ਸੁਆਲ ਨਹੀਂ ਚੁੱਕਦੀਆਂ। ਸਿੱਖ ਮਾਂਵਾਂ ਭੈਅ ਤੇ ਰੁਦਨ ਦੇ ਮਨੁੱਖੀ ਅਹਿਸਾਸਾਂ ਦੇ ਹੁੰਦਿਆਂ ਬੱਚਿਆਂ ਵਿਚ ਸਿੱਖੀ ਦੀ ਜਾਨਾਂ ਵਾਰ ਦੇਣ ਵਾਲੀ ਵਿਰਾਸਤ ਦਾ ਸੰਚਾਰ ਪੂਰੇ ਚਾਅ ਨਾਲ ਕਰਦੀਆਂ ਹਨ। ਅਸਲ ਜ਼ਿੰਦਗੀ ਸਦਾ ਇਉਂ ਹੀ ਹੁੰਦੀ ਹੈ; ਮੌਤ ਦੇ ਭੈਅ ਹੇਠਾਂ ਜ਼ਿੰਦਗੀ ਦੇ ਬਾਗ ਖਿੜਦੇ ਹਨ। ਭਾਵੇਂ ਇਤਿਹਾਸ ਦੇ ਕਿਸੇ ਪੜਾਅ ‘ਤੇ ਕਰਾਮਾਤਾਂ ਵੀ ਵਾਪਰਦੀਆਂ ਹਨ, ਜਦੋਂ ਲੋਕ ਸਭ ਮਨੁੱਖੀ ਸੀਮਤਾਈਆਂ ਨਕਾਰ ਧਰਦੇ ਹਨ, ਮਾਂਵਾਂ ਬੱਚਿਆਂ ਦੇ ਟੁਕੜੇ ਆਪਣੀਆਂ ਝੋਲੀਆਂ ਵਿਚ ਪੁਆਉਂਦੀਆਂ ਹਨ, ਤੇ ਮੌਤ ਛਿੱਥੀ ਪੈ ਕੇ ਰਹਿ ਜਾਂਦੀ ਹੈ, ਪਰ ਮੌਤ ਦੇ ਗਲਬੇ ਹੇਠ ਵੀ ਚੜ੍ਹਦੀ ਕਲਾ ਦੇ ਅਹਿਸਾਸ ਬਰਕਰਾਰ ਰਹਿਣੇ ਕੋਈ ਛੋਟੀ ਗੱਲ ਨਹੀਂ।
ਸੱਤਰਵਿਆਂ ਦੇ ਅਖੀਰ ਵਿਚ ਪੰਜਾਬ ਦੀ ਧਰਤੀ ਨੇ ਵੱਡੀ ਕਰਵਟ ਲਈ। ਹਿੰਦ ਅਤੇ ਪੰਜਾਬ ਇੱਕ ਵਾਰ ਮੁੜ ਵੱਖਰੀਆਂ ਅਤੇ ਵਿਰੋਧੀ ਹਸਤੀਆਂ ਵਜੋਂ ਉਭਰੇ। ਸਿੱਖਾਂ ਦੀ ਹਿੰਦੁਸਤਾਨੀ ਹਕੂਮਤ ਨਾਲ ਲੜਾਈ ਸ਼ੁਰੂ ਹੋ ਗਈ, ਪਰ ਇਹ ਸਿੱਖਾਂ ਦੀ ਹਕੂਮਤ ਨਾਲ ਜੰਗ ਘੱਟ, ਹਿੰਦੂ ਫਿਰਕਾਪ੍ਰਸਤੀ ਖਿਲਾਫ ਵੱਧ ਸੀ। ਅਸਲ ਵਿਚ ਭਾਰਤੀ ਹਕੂਮਤ ਵੀ ਹਿੰਦੂ ਫਿਰਕਾਪ੍ਰਸਤੀ ਦੀ ਹੀ ਨੁਮਾਇੰਦਗੀ ਕਰਦੀ ਸੀ। ਇੰਦਰਾ ਗਾਂਧੀ ਦਾ ਹਿੰਦੂਆਂ ਵਿਚ ਸਥਾਪਤ ਹੋਇਆ ਦੇਵੀ ਦਾ ਰੁਤਬਾ ਇਸੇ ਰੁਝਾਨ ਦੀ ਤਸਦੀਕ ਕਰਦਾ ਹੈ। ਇਹ ਅਜਿਹਾ ਅਸਾਵਾਂ ਫਿਰਕੂ ਫਸਾਦ ਸੀ, ਜਿਸ ਵਿਚ ਹਿੰਦੂਆਂ ਦੀ ਸਿੱਖਾਂ ਦੇ ਮੁਕਾਬਲੇ ਗਿਣਤੀ ਵੀ ਵੱਧ ਸੀ ਤੇ ਉਨ੍ਹਾਂ ਕੋਲ ਸਿਆਸੀ ਸੱਤਾ ਵੀ ਸੀ। ਇਸ ਵੇਲੇ ਤੱਕ ਅਸੀਂ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਸਾਂ। ਸ਼ਹਿਰਾਂ ਦੇ ਮਾਹੌਲ ਵਿਚ ਫਿਰਕੂ ਤਣਾਅ ਹਵਾ ਵਿਚ ਵੀ ਮਹਿਸੂਸ ਕੀਤਾ ਜਾ ਸਕਦਾ ਸੀ। ਸਾਡੇ ਨਾਲ ਸਕੂਲਾਂ ਵਿਚ ਪੜ੍ਹਦੇ ਨਿੱਕੇ-ਨਿੱਕੇ ਨਿਆਣਿਆਂ ਤੋਂ ਲੈ ਕੇ ਸਿਆਣੇ-ਬਿਆਣੇ ਗੁਆਂਢੀਆਂ ਤੱਕ ਸਭ ਵਿਚ ਇਹ ਫਿਰਕੂ ਨਫਰਤ ਜ਼ੋਰ ਫੜ ਰਹੀ ਸੀ। ਭਾਵੇਂ ਕੁੱਝ ਹਿੰਦੂ ਪਰਿਵਾਰਾਂ ਨਾਲ ਸਾਡੀ ਸਾਂਝ ਵੀ ਸੀ ਤੇ ਉਹ ਜ਼ਿਆਦਾਤਰ ਕੋਈ ਸਿੱਧੀ ਸਿੱਖ ਵਿਰੋਧੀ ਗੱਲ ਨਹੀਂ ਸੀ ਕਰਦੇ, ਪਰ ਕਦੇ ਨਾ ਕਦੇ ਇਹ ਜਾਹਰ ਹੋ ਹੀ ਜਾਂਦਾ ਸੀ ਕਿ ਅੰਦਰੋਂ ਉਹ ਭਾਰਤੀ ਹਕੂਮਤ ਦੇ ਨਾਲ ਤੇ ਸਿੱਖਾਂ ਦੇ ਖਿਲਾਫ ਸਨ। ਸਿੱਖ ਮਾਪਿਆਂ ਲਈ ਇਹ ਪਰਖ ਦੀ ਘੜੀ ਸੀ। ਉਨ੍ਹਾਂ ਸਾਹਮਣੇ ਇੱਕ ਰਾਹ ਤਾਂ ਇਹ ਸੀ ਕਿ ਭਾਰਤੀ ਸਥਾਪਤੀ ਦੀ ਬੋਲੀ ਬੋਲ ਕੇ ਹਿੰਦੂਆਂ ਦੀ ਨਜ਼ਰ ਵਿਚ ਚੰਗੇ ਬਣਨ ਤੇ ਆਪਣੀ ਔਲਾਦ ਦੀ ਸੁਰੱਖਿਆ ਯਕੀਨੀ ਬਣਾਉਣ, ਦੂਜਾ ਇਹ ਕਿ ਸਿੱਖ ਵਿਰਸੇ ਦੇ ਗੌਰਵ ਨੂੰ ਆਪਣੇ ਅਮਲ ਵਿਚ ਜਿਉਂਦਾ ਕਰਨ। ਸਾਡੇ ਮਾਂ-ਬਾਪ ਨੇ ਇਸ ਸਥਿਤੀ ਦਾ ਬਹੁਤ ਚੜ੍ਹਦੀ ਕਲਾ ਨਾਲ ਸਾਹਮਣਾ ਕੀਤਾ। ਭਾਵੇਂ ਉਹ ਚਾਹੁੰਦੇ ਸਨ ਕਿ ਅਸੀਂ ਕਦੇ ਕਿਸੇ ਮੁਸੀਬਤ ਵਿਚ ਨਾ ਪਈਏ, ਪਰ ਫਿਰ ਵੀ ਉਨ੍ਹਾਂ ਨੇ ਸਾਨੂੰ ਕਦੇ ਇਹ ਮਹਿਸੂਸ ਨਾ ਹੋਣ ਦਿੱਤਾ ਕਿ ਆਪਣੇ ਹੱਕਾਂ ਲਈ ਖੜ੍ਹੇ ਹੋਣਾ ਸਿੱਖਾਂ ਲਈ ਕੋਈ ਗੁਨਾਹ ਸੀ। ਸਾਡੇ ਮਾਂ-ਬਾਪ ਦੋਵੇਂ ਸਪੱਸ਼ਟ ਸਨ ਕਿ ਭਾਰਤੀ ਹਕੂਮਤ ਤੇ ਬਹੁਗਿਣਤੀ ਭਾਈਚਾਰਾ ਹਿੰਸਾ ਦੀ ਜੜ੍ਹ ਸਨ ਤੇ ਸਿੱਖ ਆਪਣੀ ਹੱਕੀ ਲੜਾਈ ਲੜ ਰਹੇ ਸਨ। ਸਿੱਖ ਸੰਘਰਸ਼ ਦੀ ਸਮਝ ਲਈ ਲੋੜੀਂਦੀ ਇਤਿਹਾਸਕ ਜਾਣਕਾਰੀ, ਸਿਧਾਂਤਕ ਸਮਝ ਅਤੇ ਅਣਖੀਲਾ ਰਵੱਈਆ ਸਾਨੂੰ ਮਾਂ-ਬਾਪ ਤੋਂ ਹੀ ਹਾਸਲ ਹੋਏ। ਸਾਡੀ ਅਣਖ ਨੂੰ ਪ੍ਰਚੰਡ ਰੱਖਣ ਵਿਚ ਮਾਤਾ ਦੀ ਵੱਡੀ ਭੂਮਿਕਾ ਸੀ। ਜੂਨ ਚੁਰਾਸੀ ਵਿਚ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤਾਂ ਮਾਤਾ ਨੇ ਫੈਸਲਾ ਕੀਤਾ ਕਿ ਅੱਜ ਘਰੇ ਰੋਟੀ ਨਹੀਂ ਪੱਕਣੀ ਤੇ ਸਾਰਾ ਪਰਿਵਾਰ ਭੁੰਜੇ ਸੌਂਵੇਂਗਾ। ਭਾਵੇਂ ਮਾਤਾ ਦੀ ਦ੍ਰਿੜ੍ਹਤਾ ਕਮਾਲ ਦੀ ਸੀ, ਪਰ ਤਾਂ ਵੀ ਹਿੰਦੂਆਂ ਨਾਲ ਕੋਈ ਨਫਰਤ ਨਹੀਂ ਸੀ। ਜੁਲਾਈ 1986 ਵਿਚ ਮੁਕਤਸਰ ਬੱਸ ਕਾਂਡ ਹੋਇਆ, ਜਿਸ ਵਿਚ 13 ਹਿੰਦੂ ਮਾਰ ਦਿੱਤੇ ਗਏ ਤਾਂ ਸਾਡੀ ਮਾਤਾ ਨੇ ਬਹੁਤ ਦੁੱਖ ਮਨਾਇਆ। ਜੂਨ ਚੁਰਾਸੀ ਦੇ ਹਮਲੇ ਪਿਛੋਂ ਸਾਡੇ ਗੁਆਂਢੋਂ ਕਈ ਸਿੱਖ ਆਂਟੀਆਂ ਨੇ ਮਾਤਾ ਨੂੰ ਇਹ ਵੀ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਦਰਬਾਰ ਸਾਹਿਬ ‘ਤੇ ਹਮਲੇ ਤੋਂ ਬਾਅਦ ਵੀ ਤੁਸੀਂ ਹਿੰਦੂਆਂ ਨਾਲ ਬੋਲ-ਚਾਲ ਬੰਦ ਨਹੀਂ ਕੀਤੀ। ਉਹ ਬਹੁਤ ਗੁੱਸੇ ਵਿਚ ਸਨ ਤੇ ਕਹਿ ਰਹੀਆਂ ਸਨ, ਹੁਣ ਇਨ੍ਹਾਂ ਨਾਲ ਸਾਡੀ ਕੀ ਸਾਂਝ ਰਹਿ ਗਈ ਹੈ? ਪਰ ਮਾਤਾ ਵਿਚ ਪਰਿਵਾਰਕ ਸਾਂਝ ਰੱਖਣ ਵਾਲੇ ਹਿੰਦੂਆਂ ਦਾ ਬਾਈਕਾਟ ਕਰਨ ਦੀ ਸਮਰੱਥਾ ਨਹੀਂ ਸੀ।
ਚੁਰਾਸੀ ਪਿਛੋਂ ਪੰਜਾਬ ਵਿਚ ਬਹੁਤ ਵੱਡੀ ਜੁਝਾਰੂ ਲਹਿਰ ਚੱਲੀ। ਸਿੱਖ ਨੌਜੁਆਨਾਂ ਦੀ ਜਾਨ ਦਾ ਕੋਈ ਮੁੱਲ ਨਾ ਰਿਹਾ। ਉਨ੍ਹਾਂ ਨੂੰ ਫੜ ਕੇ ਕੋਹ-ਕੋਹ ਕੇ ਮਾਰ ਮੁਕਾਉਣ ਵਿਚ ਕਿਸੇ ਕਿਸਮ ਦੀ ਕਾਨੂੰਨੀ ਜਾਂ ਨੈਤਿਕ ਅੜਚਣ ਨਹੀਂ ਸੀ। ਭਾਵੇਂ ਉਦੋਂ ਮਾਂ-ਬਾਪ ਚਾਹੁੰਦੇ ਸਨ ਕਿ ਅਸੀਂ ਜੁਝਾਰੂ ਲਹਿਰ ਤੋਂ ਦੂਰ ਰਹੀਏ, ਪਰ ਤਾਂ ਵੀ ਉਨ੍ਹਾਂ ਨੇ ਭਾਰਤੀ ਸਥਾਪਤੀ ਦੇ ਪ੍ਰਚਾਰ ਦਾ ਸਾਡੇ ‘ਤੇ ਅਸਰ ਨਹੀਂ ਪੈਣ ਦਿੱਤਾ। ਅਜਿਹੇ ਹਾਲਾਤ ਵਿਚ ਇੱਕ ਮਾਂ ਦਾ ਸਿੱਖੀ ਸਿਦਕ ਅਤੇ ਪੰਥਕ ਸੋਚ ਨੂੰ ਕਾਇਮ ਰੱਖਣਾ ਮਾਮੂਲੀ ਗੱਲ ਨਹੀਂ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਦੌਰ ਵਿਚ ਅਜਿਹੀਆਂ ਹਜ਼ਾਰਾਂ ਨਹੀਂ, ਲੱਖਾਂ ਸਿੱਖ ਮਾਂਵਾਂ ਮੌਜੂਦ ਸਨ। ਇਸ ਦੌਰ ਵਿਚ ਸਿੱਖ ਜੋਧਿਆਂ ਨੇ ਜੋ ਇਤਿਹਾਸ ਦੀ ਪੁਰਾਣੀ ਸ਼ਾਨ ਮੁੜ ਸੁਰਜੀਤ ਕੀਤੀ, ਉਸ ਵਿਚ ਮਾਂਵਾਂ ਦੇ ਬਖਸ਼ੇ ਬਲ ਦੀ ਵੀ ਖਾਸ ਭੂਮਿਕਾ ਸੀ; ਜੋਧੇ ਗੁਰੂ ਦੀ ਮਿਹਰ ਨਾਲ ਜੂਝੇ, ਪਰ ਗੁਰੂ ਦੀ ਬਖਸ਼ਿਸ਼ ਦਾ ਇੱਕ ਅਹਿਮ ਮਾਧਿਅਮ ਸਿਦਕੀ ਸਿੱਖ ਮਾਂਵਾਂ ਸਨ।
ਅਸੀਂ ਤਿੰਨੇ ਭੈਣ-ਭਰਾ ਅੱਖਰਾਂ ਨਾਲ ਜੂਝਣ ਦੇ ਰਾਹ ਪੈ ਗਏ, ਜਿਸ ਵਿਚ ਸਾਡੇ ਪਿਤਾ ਦੀ ਅਣਥੱਕ ਪ੍ਰਤੀਬੱਧਤਾ ਦਾ ਵੱਡਾ ਹਿੱਸਾ ਰਿਹਾ ਹੈ। ਇਸ ਦੇ ਵੇਰਵੇ ਛੇਤੀ ਹੀ ਇੱਕ ਵੱਖਰੇ ਲੇਖ ਵਿਚ ਸਾਂਝੇ ਕਰਾਂਗਾ। ਅੱਜ ਦੀ ਬਾਤ ਸਾਡੇ ਮਾਤਾ ਬਾਰੇ ਹੈ ਜੋ ਅੱਖਰਾਂ ਤੋਂ ਪਹਿਲਾਂ ਦੀ ਬਾਤ ਹੈ। ਉਹ ਬਾਤ ਜੋ ਸਦਾ ਹੀ ਅੱਖਰਾਂ ਤੋਂ ਪਹਿਲਾਂ ਰਹਿਣੀ ਹੈ, ਜਿਸ ਨੇ ਅੱਖਰਾਂ ਨੂੰ ਲੋਅ ਹੀ ਨਹੀਂ ਸਿਦਕ ਅਤੇ ਜਲਾਲ ਵੀ ਦੇਣੇ ਹਨ। ਮਾਤਾ ਨੇ ਪੁਸ਼ਤਾਂ ਦੀ ਸਿੱਖੀ ਦੀ ਕਮਾਈ ਦਾ ਸਾਡੇ ਤੱਕ ਸੰਚਾਰ ਕੀਤਾ। ਇਸ ਵਿਚ ਇੱਕ ਪਾਸੇ ਸਿੱਖ ਜੀਵਨ-ਦ੍ਰਿਸ਼ਟੀ ‘ਚੋਂ ਪੈਦਾ ਹੋਈ ਬੌਧਿਕ ਜ਼ਮੀਨ ਸੀ ਤੇ ਦੂਜੇ ਪਾਸੇ ਪੁਸ਼ਤਾਂ ਦੀਆਂ ਸਿੱਖੀ ਅਤੇ ਪੰਥ ਨਾਲ ਜੁੜੀਆਂ ਭਾਵਨਾਵਾਂ ਦਾ ਸੰਚਾਰ ਸੀ। ਸਿੱਖੀ ਅਤੇ ਪੰਥ ਨਾਲ ਇਹ ਬੌਧਿਕ ਅਤੇ ਭਾਵਨਾਤਮਕ ਸਾਂਝ ਸਾਡੀ ਵਿਰਾਸਤ ਦਾ ਤੱਤ-ਸਾਰ ਹੈ। ਮਾਂ ਦੀਆਂ ਛੋਹਾਂ ਨੇ ਦੇਹੀ ਅਤੇ ਇਸ ਅੰਦਰਲੇ ਆਪੇ ਨੂੰ ਘੜਿਆ, ਸੰਵਾਰਿਆ ਤੇ ਸਦਾ ਗੁਰੂ ਦੇ ਸਨਮੁਖ ਰੱਖਿਆ। ਮਾਂ ਦੇ ਬੋਲ ਵੀ ਛੋਹਾਂ ਵਾਂਗ ਹੀ ਹੁੰਦੇ ਹਨ, ਜੋ ਸਿਧਾਂਤ ਨਹੀਂ ਪ੍ਰਚਾਰਦੇ, ਆਤਮਾ ਨੂੰ ਛੋਹਾਂ ਦੇ ਦੇ ਗੁਰੂ ਅੱਗੇ ਸਮਰਪਣ ਲਈ ਤਿਆਰ ਕਰਦੇ ਹਨ। ਸਿਧਾਂਤ ਸਮਰਪਣ ਦੇ ਅਨੁਭਵ ਨਾਲ ਆਪਣੇ-ਆਪ ਆਤਮਸਾਤ ਹੋ ਜਾਂਦੇ ਹਨ। ਮਨੁੱਖ ਵਿਚਾਰਾਂ ਆਸਰੇ ਨਹੀਂ, ਯਾਦਾਂ ਸਹਾਰੇ ਜਿਉਂਦੇ ਹਨ। ਮਾਂ ਦੀ ਹਸਤੀ ਦਿਮਾਗ ਤੋਂ ਪਹਿਲਾਂ ਯਾਦਾਂ ਵਿਚ ਬਿਰਾਜਮਾਨ ਹੈ; ਅਨੇਕ ਜਾਣੀਆਂ-ਅਣਜਾਣੀਆਂ ਤੇ ਸੁੱਤੀਆਂ-ਜਾਗਦੀਆਂ ਯਾਦਾਂ ਮਾਂ ਦੇ ਅਣਕਿਆਸੇ ਦੀਦਾਰ ਕਰਵਾਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਯਾਦਾਂ ਸੰਗ ਥਰਥਰਾਉਂਦੀ ਦੇਹੀ ਮਨ ਨੂੰ ਵੀ ਵਿਰਾਸਤ ਨਾਲ ਜੋੜੀ ਰੱਖਦੀ ਹੈ। ਮਾਂ ਨੂੰ ਹੁਣ ਕਦੇ ਨਾ ਵੇਖ ਸਕਣ ਦਾ ਦੁੱਖ ਉਹ ਦਾਰੂ ਹੈ, ਜੋ ਇਸ ਆਤਮਕ ਸਾਂਝ ਨੂੰ ਜਿਉਂਦਾ ਰੱਖਦੀ ਹੈ।
ਮਾਂ ਨੇ ਹੁਣ ਕਦੇ ਮੁੜ ਕੇ ਨਹੀਂ ਆਉਣਾ, ਪਰ ਮਾਂ ਕਰਕੇ ਸਾਨੂੰ ਪਤਾ ਹੈ ਕਿ ਅਸੀਂ ਕਿਸ ਪਾਸੇ ਜਾਣਾ ਹੈ। ਮੌਤ ਦੇ ਹਨੇਰੇ ਦੇ ਇਨ੍ਹਾਂ ਹੌਲਾਂ ਵਿਚੋਂ ਵੀ ਮਾਂ ਦੀ ਜਗਦੀ ਰੂਹ ਸਾਡਾ ਰਾਹ ਰੁਸ਼ਨਾ ਰਹੀ ਹੈ। ਮੌਤ ਦੀ ਅਸਲੀਅਤ ਵੈਰਾਗ ਦਾ ਸੋਮਾ ਹੈ। ਇਸ ਯਖ-ਠੰਡੇ ਸੰਸਾਰ ਵਿਚ ਸਿਲ-ਪੱਥਰ ਹੋਏ ਮਨ ਨੂੰ ਵੈਰਾਗ ਤਰਲਤਾ ਬਖਸ਼ਦਾ ਹੈ। ਵੈਰਾਗ ਸੰਗ ਦ੍ਰਵਿਆ ਮਨ ਵਗਦੀਆਂ ਨੈਆਂ ਦਾ ਰੂਪ ਧਾਰਦਾ ਹੈ। ਮਾਂ ਦੀ ਸਦ-ਜੀਵੰਤ ਹਸਤੀ ਇਨ੍ਹਾਂ ਨੈਆਂ ਵਿਚ ਗੁਰੂ ਦੇ ਸ਼ਬਦ-ਅੰਮ੍ਰਿਤ ਦੀਆਂ ਬੂੰਦਾਂ ਪਾਉਂਦੀ ਹੈ। ਗੁਰੂ ਦਾ ਸ਼ਬਦ ਇੱਕੋ ਆਸਰਾ ਹੈ, ਜਿਸ ਨੇ ਅੰਦਰਲੇ-ਬਾਹਰਲੇ ਸਭ ਵਹਿਣਾਂ ‘ਚੋਂ ਪਾਰ ਲੰਘਾਉਣਾ ਹੈ। ਸ਼ਬਦ, ਵੈਰਾਗ ਤੇ ਸਮਰਪਣ, ਮਾਂ ਦੀ ਪ੍ਰੇਰਨਾ ਦਾ ਹੀ ਨਹੀਂ, ਹਸਤੀ ਦਾ ਹਿੱਸਾ ਹਨ।