ਹੈਰੀਟੇਜ ਸਟਰੀਟ ‘ਤੇ ਬੁੱਤਾਂ ਦਾ ਰੇੜਕਾ

ਕੁਲਵੰਤ ਸਿੰਘ ਢੇਸੀ
ਸਿੱਖ ਪੰਥ ਵਿਚ ਅੱਜ ਕਲ ਕੋਈ ਨਾ ਕੋਈ ਨਵਾਂ ਮੁੱਦਾ ਉਠ ਪੈਂਦਾ ਹੈ, ਜਿਸ ਪਿਛੋਂ ਪਹਿਲਾ ਭੁੱਲ ਜਾਂਦਾ ਹੈ ਜਾਂ ਭੁਲਾ ਦਿੱਤਾ ਜਾਂਦਾ ਹੈ, ਤੇ ਪੰਥ ਕਿਸੇ ਵੀ ਮੁੱਦੇ ‘ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦਾ। 25 ਨਵੰਬਰ 2011 ਨੂੰ ਅਨੰਦਪੁਰ ਸਾਹਿਬ ਵਿਖੇ ਸਿੱਖੀ ਦਾ ਵਿਸ਼ਾਲ ਅਜਾਇਬ ਘਰ ‘ਵਿਰਾਸਤ-ਏ-ਖਾਲਸਾ’ ਖੋਲ੍ਹਿਆ ਗਿਆ ਸੀ, ਜਿਸ ਸਬੰਧੀ ਕੁਝ ਲੋਕਾਂ ਦਾ ਇਤਰਾਜ਼ ਸੀ ਕਿ ਉਸ ਵਿਚ ਪੰਜਾਬੀ ਸਭਿਆਚਾਰ ਜਾਂ ਰਹਿਤਲ ਨੂੰ ਸਿੱਖੀ ਵਿਚ ਰਲਗੱਡ ਕੀਤਾ ਗਿਆ ਸੀ, ਜਦ ਕਿ ਗੁੱਗੇ ਪੀਰ ਜਿਹੇ ਅੰਧ ਵਿਸ਼ਵਾਸਾਂ ਨਾਲ ਤਾਂ ਸਿੱਖੀ ਦਾ ਦੂਰ ਦਾ ਵੀ ਕੋਈ ਵਾਸਤਾ ਨਹੀਂ। ਸਿੱਖ ਸਮੂਹ ਦੇ ਅਨੇਕਾਂ ਇਤਰਾਜ਼ਾਂ ਦੇ ਬਾਵਜੂਦ 120 ਏਕੜ ਵਿਚ ਫੈਲੇ ਵਿਰਾਸਤ-ਏ-ਖਾਲਸਾ ਨੂੰ ਦੇਸ਼ ਦਾ ਪਹਿਲੇ ਨੰਬਰ ਦਾ ਅਜਾਇਬ ਘਰ ਹੋਣ ਦਾ ਮਾਣ ਮਿਲਿਆ,

ਜਦੋਂ ਇਸ ਦਾ ਨਾਂ ‘ਲਿਮਕਾ ਬੁੱਕ’ ਅਤੇ ‘ਏਸ਼ੀਆ ਬੁੱਕ’ ਦੇ ਰਿਕਾਰਡ ਵਿਚ ਸ਼ਾਮਲ ਹੋ ਗਿਆ। ਇਸ ਨੂੰ ਏਸ਼ੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਵੀ ਕਿਹਾ ਜਾਂਦਾ ਹੈ। ਏਨਾ ਕੁਝ ਹੁੰਦਿਆਂ ਵੀ ਇਸ ਅਜਾਇਬ ਘਰ ਦੀ ਪੇਸ਼ਕਾਰੀ ਵਿਚ ਜੇ ਕੋਈ ਕਮੀ ਰਹਿ ਗਈ ਸੀ ਤਾਂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਸ ਨੂੰ ਗੰਭੀਰਤਾ ਨਾਲ ਲੈਂਦੀ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਕਿ ਸੂਬੇ ਦੇ ਕਿਸੇ ਹਿੱਸੇ ਵਿਚ ਕਿਸੇ ਵੀ ਥਾਂ ਸਿੱਖੀ ਨਾਲ ਸਬੰਧਤ ਕਿਸੇ ਪੇਸ਼ਕਾਰੀ ਵਿਚ ਕੋਈ ਢਿੱਲ ਮੱਠ ਨਾ ਰਹੇ।
ਹੁਣ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਾਹ (ਹੈਰੀਟੇਜ ਸਟਰੀਟ) ਵਿਚ ਭੰਗੜੇ ਅਤੇ ਗਿੱਧੇ ਦੇ ਬੁੱਤਾਂ ਦੇ ਥੜ੍ਹੇ ਜਦੋਂ ਕੁਝ ਸਿੰਘਾਂ ਨੇ ਘਣ ਲੈ ਕੇ ਤੋੜਨੇ ਸ਼ੁਰੂ ਕੀਤੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਧਾਰਾ 307 ਭਾਵ ਇਰਾਦਾ-ਏ-ਕਤਲ ਲਾ ਦਿੱਤੀ। ਪਿਛਲੇ ਡੇਢ ਸਾਲ ਤੋਂ ਕੁਝ ਸਿੱਖ ਜਥੇਬੰਦੀਆਂ ਨੇ ਸ਼ਹਿਰ ਦੇ ਡੀ. ਸੀ. ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਤੇ ਮਹਿਕਮਿਆਂ ਕੋਲ ਸ਼ਿਕਾਇਤ ਕੀਤੀ ਸੀ ਕਿ ਇਹ ਬੁੱਤ ਹੈਰੀਟੇਜ ਸਟਰੀਟ ਵਿਚੋਂ ਤਤਕਾਲ ਉਠਾ ਲਏ ਜਾਣ, ਕਿਉਂਕਿ ਦਰਬਾਰ ਸਾਹਿਬ ਨੂੰ ਜਾਂਦੇ ਲੋਕ ਨਾ ਸਿਰਫ ਇਨ੍ਹਾਂ ਬੁੱਤਾਂ ਸਾਹਮਣੇ ਭੰਗੜੇ-ਗਿੱਧੇ ਦੇ ਪੋਜ਼ ਬਣਾ ਕੇ ਫੋਟੋਆਂ ਹੀ ਖਿਚਵਾਂਦੇ ਹਨ, ਸਗੋਂ ਇਹ ਬੁੱਤ ਦਰਬਾਰ ਸਾਹਿਬ ਦੇ ਨਾਮ ਬਾਣੀ ਵਾਲੇ ਵਾਤਾਵਰਣ ਵਿਚ ਵਿਘਨ ਪਾਉਂਦੇ ਹਨ। ਮਾਮਲਾ ਉਦੋਂ ਹੋਰ ਭਖ ਗਿਆ, ਜਦੋਂ ਅਕਾਂਕਸ਼ਾ ਨਾਂ ਦੀ ਇੱਕ ਕੁੜੀ ਨੇ ਦਰਬਾਰ ਸਾਹਿਬ ਸਮੂਹ ਵਿਚ ਨਾਚ ਕਰਦਿਆਂ ਇੱਕ ‘ਟਿਕ ਟਾਕ’ ਵੀਡੀਓ ਪਾ ਦਿੱਤੀ।
ਹੁਣ ਇਸ ਮਾਮਲੇ ‘ਤੇ ਸਤਿਕਾਰ ਕਮੇਟੀਆਂ ਅਤੇ ਕੁਝ ਹੋਰ ਜਥੇਬੰਦੀਆਂ ਹੀਲੇ ਵਸੀਲੇ ਕਰ ਰਹੀਆਂ ਹਨ। ਪੁਲਿਸ ਅਨੁਸਾਰ ਮਾਮਲਾ ਸੈਰ ਸਪਾਟਾ ਮਹਿਕਮੇ ਨਾਲ ਸਬੰਧਤ ਹੈ, ਜਿਸ ਦਾ ਦਫਤਰ ਚੰਡੀਗੜ੍ਹ ਵਿਚ ਹੈ, ਜਦੋਂ ਕਿ ਸਥਾਨਕ ਅਫਸਰ ਜਾਂ ਮਹਿਕਮੇ ਇਸ ਸਬੰਧੀ ਕੁਝ ਨਹੀਂ ਕਰ ਸਕਦੇ। ਸਿੱਖ ਜਥੇਬੰਦੀਆਂ ਦ੍ਰਿੜ ਹਨ ਕਿ ਉਹ ਇਨ੍ਹਾਂ ਬੁੱਤਾਂ ਦਾ ਇਥੋਂ ਸਫਾਇਆ ਕਰਕੇ ਹੀ ਦਮ ਲੈਣਗੇ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਦੇ ਉਹ ਆਗੂ ਇਸ ਮੁੱਦੇ ‘ਤੇ ਖਾਮੋਸ਼ ਹਨ, ਜਿਨ੍ਹਾਂ ਨੇ ਇਨ੍ਹਾਂ ਬੁੱਤਾਂ ਦਾ ਉਦਘਾਟਨ ਕੀਤਾ ਸੀ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਹੈਰੀਟੇਜ ਸਟਰੀਟ ਦਰਬਾਰ ਸਾਹਿਬ ਦੇ ਵਾਤਾਵਰਣ ਨਾਲ ਸਬੰਧਤ ਹੈ, ਜਦ ਕਿ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਕਿ ਦਰਬਾਰ ਸਾਹਿਬ ਨੂੰ ਜਾਣ ਵਾਲੀ ਸੰਗਤ ਇਨ੍ਹਾਂ ਬੁੱਤਾਂ ਤੋਂ ਨਾਚ ਭੰਗੜੇ ਦਾ ਪ੍ਰਭਾਵ ਲੈ ਕੇ ਦਰਸ਼ਨਾਂ ਲਈ ਜਾਵੇ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਬੁੱਤ ਲਾਏ ਜਾ ਰਹੇ ਸਨ ਜਾਂ ਜਦੋਂ ਇਨ੍ਹਾਂ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਸਿੱਖ ਸੰਪਰਦਾਵਾਂ ਦੇ ਮੁਖੀਆਂ ਵਿਚੋਂ ਕਿਸੇ ਨੇ ਵੀ ਇਸ ਗੱਲ ਨੂੰ ਨੋਟ ਕਿਉਂ ਨਾ ਕੀਤਾ! ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਹੈ ਕਿ ਉਹ ਇਸ ਅਸਥਾਨ ਦੀ ਪਵਿੱਤਰਤਾ ਅਤੇ ਸੁਰੱਖਿਆ ਨਾਲ ਸਬੰਧਤ ਹਰ ਗੱਲ ਦਾ ਧਿਆਨ ਰੱਖੇ।
ਕਿਹਾ ਜਾਂਦਾ ਹੈ ਕਿ ਹਿੰਦੂ ਆਗੂ ਕਿਸੇ ਵੀ ਸਬੰਧਤ ਮੁੱਦੇ ਸਬੰਧੀ ਸਮੇਂ ਤੋਂ ਪਹਿਲਾਂ ਸੋਚ ਲੈਂਦੇ ਹਨ, ਮੁਸਲਮਾਨ ਸਿਰ ਪਈ ‘ਤੇ ਸੋਚਦੇ ਹਨ, ਜਦੋਂ ਕਿ ਸਿੱਖ ਉਸ ਵੇਲੇ ਸੋਚਦੇ ਹਨ ਜਦੋਂ ਗੱਲ ਸਿਰ ਤੋਂ ਲੰਘ ਜਾਵੇ। ਸਮਾਂ ਲੰਘ ਜਾਣ ਪਿਛੋਂ ਹੋਈਆਂ ਗਲਤੀਆਂ ਕਾਰਨ ਦੇਣੇ ਦੇ ਲੈਣੇ ਪੈ ਜਾਂਦੇ ਹਨ ਅਤੇ ਭਾਈਚਾਰਾ ਸਾਰੀ ਦੁਨੀਆਂ ਵਿਚ ਬਦਨਾਮ ਹੁੰਦਾ ਹੈ।
ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਐਸਾ ਧਰਮ ਹੈ, ਜਿਥੇ ਜੀਵਨ ਦੇ ਹਰ ਵਿਸ਼ੇਸ਼ ਸਮੇਂ ‘ਅਨੰਦ ਭਇਆ ਮੇਰੀ ਮਾਏ’ ਪੜ੍ਹਿਆ ਜਾਂਦਾ ਹੈ। ਇਥੋਂ ਤਕ ਕਿ ਕਿਸੇ ਦੇ ਅਕਾਲ ਚਲਾਣੇ ਪਿਛੋਂ ਅੰਤਿਮ ਸਸਕਾਰ ਅਨੰਦ ਸਾਹਿਬ ਪੜ੍ਹੇ ਬਿਨਾ ਸੰਪੂਰਨ ਨਹੀਂ ਹੁੰਦਾ। ਸਿੱਖ ਧਰਮ ਵਿਚ ਹੱਸਦਿਆਂ, ਖੇਡਦਿਆਂ ਜੀਵਨ ਜਿਉਣ ਦੀ ਪ੍ਰੇਰਨਾ ਹੈ। ਪੰਚਮ ਪਾਤਸ਼ਾਹ ਦੇ ਬਚਨ ਹਨ,
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥
ਸਿੱਖੀ ਵਿਚ ਨਾਚ ਭੰਗੜੇ ਨੂੰ ਜਾਇਜ਼ ਸਿੱਧ ਕਰਨ ਵਾਲੇ ਲੋਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ‘ਨਚਣੁ ਕੁਦਣੁ ਮਨ ਕਾ ਚਾਉ’, ਪਰ ਉਹ ਇਹ ਨਹੀਂ ਜਾਣਦੇ ਕਿ ਇਹ ਬਾਣੀ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਲੋਕਾਂ ਸਬੰਧੀ ਉਚਾਰੀ ਹੈ, ਜੋ ਹਿੰਦੂ ਦੇਵਤਿਆਂ ਅਤੇ ਹਿੰਦੂ ਕਥਾ ਕਹਾਣੀਆਂ ਦੇ ਸਾਂਗ ਉਤਾਰਦੇ ਸਨ ਤੇ ਰਾਸ ਪਾਉਂਦੇ ਸਨ। ਸਬੰਧਤ ਤੁਕ ਅਸਲ ਵਿਚ ਇਸ ਤਰ੍ਹਾਂ ਮੁਕੰਮਲ ਹੁੰਦੀ ਹੈ,
ਬੰਧਨ ਬੰਧਿ ਭਵਾਏ ਸੋਇ॥
ਪਇਐ ਕਿਰਤਿ ਨਚੈ ਸਭੁ ਕੋਇ॥
ਨਚਿ ਨਚਿ ਹਸਹਿ ਚਲਹਿ ਸੇ ਰੋਇ॥
ਉਡਿ ਨ ਜਾਹੀ ਸਿਧ ਨ ਹੋਹਿ॥
ਨਚਣੁ ਕੁਦਣੁ ਮਨ ਕਾ ਚਾਉ॥
ਨਾਨਕ ਜਿਨ੍ਹ ਮਨਿ ਭਉ ਤਿਨ੍ਹਾ ਮਨਿ ਭਾਉ॥
ਭਾਵ ਮਨੁੱਖ ਮਾਇਆ ਦੇ ਪ੍ਰਭਾਵ ਵਿਚ ਭੌਂਦੇ ਹਨ ਅਤੇ ਹਰੇਕ ਜੀਵ ਕਰਮਾਂ ਤੇ ਸੰਸਕਾਰਾਂ ਅਨੁਸਾਰ ਨੱਚ, ਹੱਸ, ਰੋ ਕੇ ਇਥੋਂ ਤੁਰ ਜਾਂਦਾ ਹੈ। ਨੱਚਣ, ਟੱਪਣ ਨਾਲ ਨਾ ਤਾਂ ਉਚੀ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਨਾ ਹੀ ਕੋਈ ਸਿੱਧ ਬਣ ਸਕਦਾ ਹੈ। ਨੱਚਣਾ, ਕੁੱਦਣਾ ਤਾਂ ਮਨ ਦਾ ਹੀ ਸ਼ੌਕ ਹੈ, ਜਦੋਂ ਕਿ ਵਾਹਿਗੁਰੂ ਨਾਲ ਪ੍ਰੇਮ ਕਰਨ ਵਾਲੇ ਵਾਹਿਗੁਰੂ ਦੇ ਹੁਕਮ (ਡਰ) ਵਿਚ ਰਹਿੰਦੇ ਹਨ।
ਦਰਬਾਰ ਸਾਹਿਬ ਸਮੂਹ ਵਿਚ ਮਾਹੌਲ ਗੁਰਮਤਿ ਵਾਲਾ ਬਣਿਆ ਰਹੇ, ਇਸ ਲਈ ਆਲੇ ਦੁਆਲੇ ਦਾ ਮਾਹੌਲ ਵੀ ਗੁਰਮਤਿ ਦੇ ਰੰਗਾਂ ਵਾਲਾ ਹੋਣਾ ਚਾਹੀਦਾ ਹੈ।
ਸਿੱਖਾਂ ਖਿਲਾਫ ਪ੍ਰਾਪੇਗੰਡਾ: ਭਾਰਤ ਵਿਚ ਸਿੱਖਾਂ ਖਿਲਾਫ ਪ੍ਰਾਪੇਗੰਡਾ ਨਫਰਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਉਤਰਾ ਖੰਡ ਵਿਚ ਗੁਰਦੁਆਰਾ ਨਾਨਕ ਮਤਾ ਵਿਚ ਪੁਲਿਸ ਦੀ ਰਿਹਰਸਲ ਨੂੰ ਲੈ ਕੇ ਮੀਡੀਏ ਵਿਚ ਸਿੱਖਾਂ ਨੂੰ ਅਤਿਵਾਦੀ ਗਰਦਾਨਿਆ ਗਿਆ। ਪੁਲਿਸ ਨੇ ਨਾਨਕ ਮਤਾ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਇਜਾਜ਼ਤ ਲੈ ਕੇ ਇਕ ਪੁਲਿਸ ਮਸ਼ਕ ਕਰਵਾਈ, ਜਿਸ ਨੂੰ ਹਿੰਦੀ ਮੀਡੀਏ ਨੇ ਇਹ ਕਹਿ ਕੇ ਪ੍ਰਚਾਰਿਆ ਕਿ ਗੁਰਦੁਆਰੇ ਵਿਚ ਅਤਿਵਾਦੀ ਲੁਕੇ ਹੋਏ ਸਨ, ਜੋ ਏ. ਕੇ. ਸੰਤਾਲੀ ਬੰਦੂਕਾਂ ਨਾਲ ਲੈਸ ਸਨ। ਇਹ ਵੀ ਸੁਰਖੀ ਲਾਈ ਗਈ ਕਿ ਪੁਲਿਸ ਵਲੋਂ ਕੀਤੇ ਗਏ ਹਮਲੇ ਵਿਚ ਦੋ ਅਤਿਵਾਦੀ ਮਾਰੇ ਗਏ। ਪੁਲਿਸ ਨੇ ਇਸ ਸਬੰਧੀ ਮਾਫੀ ਵੀ ਮੰਗੀ ਕਿ ਪੁਲਿਸ ਨੇ ਮੀਡੀਏ ਨੂੰ ਇਸ ਸਬੰਧੀ ਜਾਣੂ ਨਹੀਂ ਸੀ ਕਰਵਾਇਆ ਕਿ ਇਹ ਕੋਈ ਅਸਲੀ ਘਟਨਾ ਨਹੀਂ, ਸਗੋਂ ਪੁਲਿਸ ਦੀ ਆਰਜੀ ਕਵਾਇਦ ਸੀ। ਮੀਡੀਏ ਨੇ ਲੱਖਾਂ ਲੋਕਾਂ ਦੇ ਮਨਾਂ ਵਿਚ ਸਿੱਖਾਂ ਦੀ ਜੋ ਤਸਵੀਰ ਬਣਾਈ ਹੈ, ਉਹ ਪੁਲਿਸ ਮਾਫੀ ਨਾਲ ਮਿਟਣੀ ਨਹੀਂ। ਹੈਰਾਨੀ ਦੀ ਗੱਲ ਹੈ ਕਿ ਸਿੱਖ ਆਗੂਆਂ ਨੇ ਇਸ ਘਟਨਾ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ।
ਅੱਜ ਭਾਰਤ ਵਿਚ ਹੋਰ ਘੱਟ ਗਿਣਤੀਆਂ ਸਣੇ ਸਿੱਖ ਵੀ ਫਿਰਕੂ ਅਨਸਰਾਂ ਦੇ ਨਿਸ਼ਾਨੇ ‘ਤੇ ਹਨ। ਤਾਜ਼ਾ ਮਿਸਾਲ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਪਰਵਿੰਦਰਪਾਲ ਸਿੰਘ ਨਾਂ ਦੇ ਸਿੱਖ ਨੌਜਵਾਨ ‘ਤੇ ਕੀਤੇ ਗਏ ਹਮਲੇ ਦੀ ਹੈ। ਇਹ ਨੌਜਵਾਨ ਢਾਹੇ ਜਾ ਰਹੇ ਗੁਰਦੁਆਰਾ ਮੰਗੂ ਮੱਠ ਦੇ ਵਿਰੋਧ ਵਿਚ ਸਰਗਰਮ ਸੀ। ਹਮਲਾਵਰਾਂ ਨੇ ਨੌਜਵਾਨ ਦੇ ਸਿਰ ‘ਤੇ ਪੱਥਰ ਮਾਰੇ, ਜਿਸ ਨਾਲ ਉਸ ਦੀ ਦਸਤਾਰ ਉਤਰ ਗਈ ਅਤੇ ਫਿਰ ਉਹ ਉਸ ਦੀ ਕੁੱਟ ਮਾਰਨ ਕਰਨ ਲੱਗੇ, ਜਦੋਂ ਕਿ ਕੋਲ ਖੜ੍ਹੀ ਪੁਲਿਸ ਕੁਝ ਵੀ ਨਹੀਂ ਸੀ ਕਰ ਰਹੀ। ਇਸੇ ਤਰ੍ਹਾਂ ਖੰਨੇ ਵਿਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਸ਼ਰਾਰਤੀਆਂ ਨੇ ਨਿਸ਼ਾਨਾ ਬਣਾਇਆ ਹੈ। ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਗੁਰਦੁਆਰੇ ਢਾਹੁਣ ਅਤੇ ਮੀਡੀਏ ਵਿਚ ਸਿੱਖਾਂ ਖਿਲਾਫ ਪ੍ਰਚਾਰ ਸੰਘ ਪਰਿਵਾਰ ਦੀ ਉਸੇ ਨੀਤੀ ਦਾ ਹਿੱਸਾ ਹੈ, ਜਿਸ ਰਾਹੀਂ ਉਹ ਹੋਰ ਘੱਟਗਿਣਤੀਆਂ ‘ਤੇ ਹਾਵੀ ਹੈ।
ਭਾਰਤ ਵਿਚ ਭਾਜਪਾ ਦੀਆਂ ਨੀਤੀਆਂ ਖਿਲਾਫ ਲਿਖਣ ਵਾਲੇ ਸਿਰਫ ਤਿੰਨ ਪੱਤਰਕਾਰਾਂ ਵਿਚੋਂ ਪੀ. ਪੀ. ਬਾਜਪਾਈ (ਏ. ਬੀ. ਪੀ.) ਅਤੇ ਅਭੀਸ਼ਾਰ ਸ਼ਰਮਾ (ਸੁਨੀਏ ਸਰਕਾਰ) ‘ਤੇ ਦਬਾਅ ਪਾ ਕੇ ਖਾਮੋਸ਼ ਕੀਤਾ ਜਾ ਰਿਹਾ ਹੈ, ਜਦ ਕਿ ਰਵੀਸ਼ ਕੁਮਾਰ (ਐਨ. ਡੀ. ਟੀ. ਵੀ.) ਬੇਹੱਦ ਦਬਾਅ ਦੇ ਬਾਵਜੂਦ ਆਪਣੇ ਸਟੈਂਡ ‘ਤੇ ਖੜ੍ਹਾ ਹੈ।
ਜਿਉਂ ਹੀ ਇਹ ਪੱਤਰਕਾਰ ਮੋਦੀ ਸਰਕਾਰ ਬਾਰੇ ਕੁਝ ਬੋਲਦੇ ਹਨ ਤਾਂ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜਾਂ ਗਾਲ੍ਹਾਂ ਬਕੀਆਂ ਜਾਂਦੀਆਂ ਹਨ। ਮੋਦੀ ਖਿਲਾਫ ਪ੍ਰਚਾਰ ਨੂੰ ਰੋਕਣ ਲਈ 200 ਵਿਅਕਤੀਆਂ ਦੀ ਫੌਜ ਸੈਂਸਰਸ਼ਿਪ ਲਈ ਤਾਇਨਾਤ ਹੈ, ਜੋ ਕਿਸੇ ਵੀ ਖਬਰ ‘ਤੇ ਬਾਜ ਨਿਗ੍ਹਾ ਰੱਖਦੀ ਹੈ। ਭਾਰਤ ਤੋਂ ਬਾਹਰ ਧਰੁਵ ਰਾਠੀ ਨਾਂ ਦਾ ਇੱਕ ਨੌਜਵਾਨ ਪੱਤਰਕਾਰ ਮੀਡੀਏ ਦੇ ਘੁੱਟੇ ਜਾ ਰਹੇ ਗਲੇ ਸਬੰਧੀ ਅਤੇ ਮਾਨਵੀ ਮੁੱਲਾਂ ਖਿਲਾਫ ਮੋਦੀ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਿਹਾ ਹੈ, ਜਦੋਂ ਕਿ ਸੰਘੀ ਮੀਡੀਆ ਮੇਨ ਸਟਰੀਮ ਦੇ ਮਨਾਂ ਵਿਚ ਘੱਟਗਿਣਤੀਆਂ ਖਿਲਾਫ ਨਫਰਤ ਫੈਲਾਉਣ ਲਈ ਅਨੇਕਾਂ ਸਾਜਿਸ਼ਾਂ ਕਰ ਰਿਹਾ ਹੈ।