ਗੁਰੂ ਅੰਗਦ ਦੇਵ ਅਤੇ ਮਾਤਾ ਖੀਵੀ ਦੇ ਵਿਆਹ ਪੁਰਬ ‘ਤੇ ਵਿਸ਼ੇਸ਼: 29 ਜਨਵਰੀ (16 ਮਾਘ) 2020
ਜਸ਼ਨਦੀਪ ਸਿੰਘ ਸੰਘਰਕੋਟ
ਫੋਨ: +91-70870-90905
ਗੁਰਮਤਿ ਵਿਚ ਔਰਤ ਦਾ ਸਥਾਨ ਖਾਸ ਅਤੇ ਸਤਿਕਾਰਯੋਗ ਹੈ। ਗੁਰੂ ਨਾਨਕ ਦੇਵ ਨੇ ਜਿੱਥੇ ਗੁਰੂ ਅੰਗਦ ਦੇਵ ਨੂੰ ਸ਼ਬਦ ਦੀ ਦਾਤ ਬਖਸ਼ੀ, ਉਥੇ ਮਾਤਾ ਖੀਵੀ ਨੂੰ ਅੰਨ ਦੇਗ ਦਾ ਕੜਛਾ ਬਖਸ਼ਿਸ਼ ਕਰ ਕੇ ਨਿਹਾਲ ਕੀਤਾ। ਗੁਰੂ ਨਾਨਕ ਦੇਵ ਦੇ ਨਾਰੀ ਸ਼ਕਤੀ ਸਿਧਾਂਤ ਨੂੰ ਗੁਰੂ ਅਮਰਦਾਸ ਨੇ ਸਮਾਜਕ ਕੁਰੀਤੀਆਂ ਜਿਵੇਂ ਘੁੰਡ ਕੱਢਣਾ, ਸਤੀ ਪ੍ਰਥਾ, ਬਾਲ ਵਿਆਹ ਆਦਿ ਦਾ ਸੁਧਾਰ ਕਰਕੇ ਜਾਰੀ ਰੱਖਿਆ। ਗੁਰੂ ਅਰਜਨ ਦੇਵ ਵਲੋਂ ਬਾਣੀ ਸੰਪਾਦਨ ਸਮੇਂ ਮਾਤਾ ਖੀਵੀ ਦੀ ਉਸਤਤ ਦਰਜ ਕਰਨਾ ਇਸ ਸਿਧਾਂਤ ਨੂੰ ਹੋਰ ਪੱਕਾ ਕਰਦਾ ਹੈ। ਮਾਤਾ ਖੀਵੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ। ਸੰਗਤਾਂ ਦੀ ਸੇਵਾ ਦੇ ਨਾਲ ਘਰ ਦੀਆਂ ਜਿੰਮੇਵਾਰੀਆਂ ਦਾ ਅਹਿਸਾਸ, ਪੁੱਤਰਾਂ ਨੂੰ ਗੁਰਮਤਿ ਦ੍ਰਿੜ ਕਰਵਾਉਣ ਤੇ ਮਨਮੁੱਖ ਬਿਰਤੀ ਤੋਂ ਤੋੜਨ, ਧੀਆਂ ਨੂੰ ਦਾਜ ਵਜੋਂ ਨਾਮ ਰੂਪ ਤੇ ਸ਼ੁਭ ਸੰਸਕਾਰ ਦੇਣ, ਕਿਰਤ ਨੂੰ ਮਹਾਨਤਾ ਦੇਣ, ਪਤੀ ਦੀ ਰਜ਼ਾ ਵਿਚ ਰਹਿਣ ਅਤੇ ਸੇਵਾ ਸਿਮਰਨ ਨਾਲ ਸਾਂਝ ਬਣਾਈ ਰੱਖਣ ਆਦਿ ਪੱਖਾਂ ਤੋਂ ਸੇਧ ਲੈਣ ਦੀ ਲੋੜ ਹੈ।
ਸਿੱਖ ਇਤਿਹਾਸ ਵਿਚ ਜੇ ਪਹਿਲੀ ਸਿੱਖ ਬੀਬੀ ਹੋਣ ਦਾ ਮਾਣ ਬੇਬੇ ਨਾਨਕੀ ਨੂੰ ਪ੍ਰਾਪਤ ਹੈ ਤਾਂ ਪਹਿਲੀ ਸਿੱਖ ਸੇਵਕਾ ਦੇ ਰੂਪ ਵਿਚ ਸਨਮਾਨ ਮਾਤਾ ਖੀਵੀ ਨੂੰ ਪ੍ਰਾਪਤ ਹੈ। ਸਿੱਖ ਪੰਥ ਦੀ ਨੁਹਾਰ ਨਿਸ਼ਚਿਤ ਕਰਨ ਵਿਚ ਗੁਰੂ ਸਾਹਿਬਾਨ ਦੇ ਮਹਿਲਾਂ, ਮਾਤਾਵਾਂ ਅਤੇ ਸਿੱਖ ਬੀਬੀਆਂ ਦਾ ਵਡਮੁੱਲਾ ਯੋਗਦਾਨ ਹੈ। ਜਿੱਥੇ ਮਾਤਾ ਭਾਗ ਕੌਰ ਕਿਰਪਾਨ ਫੜ੍ਹ ਜੰਗ-ਏ-ਮੈਦਾਨ ਵਿਚ ਜ਼ਾਲਮਾਂ ਨਾਲ ਲੜਦੇ ਹਨ, ਉਥੇ ਗੁਰੂ ਨਾਨਕ ਦੇਵ ਵੱਲੋਂ ਬਖਸ਼ਿਆ ਅੰਨ ਦੇਗ ਦਾ ਕੜਛਾ ਫੜ ਮਾਤਾ ਖੀਵੀ ਲੰਗਰ ਦੀ ਅਗਵਾਈ ਕਰਦੇ ਹਨ। ਉਪਰੋਕਤ ਘਾਲ ਕਾਰਨ ਹੀ ਮਾਤਾ ਖੀਵੀ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰ ਆਈ ਹੈ। ਭਾਈ ਸੱਤਾ ਅਤੇ ਬਲਵੰਡ ‘ਰਾਮਕਲੀ ਕੀ ਵਾਰ’ ਵਿਚ ਮਾਤਾ ਖੀਵੀ ਨੂੰ ‘ਨੇਕ ਜਨੁ’ ਅਤੇ ‘ਬਹੁਤੀ ਛਾਉ ਪਤ੍ਰਾਲੀ’ ਲਕਬਾਂ ਨਾਲ ਸਨਮਾਨ ਦਿੰਦੇ ਹਨ,
ਬਲਵੰਡ ਖੀਵੀ ਨੇਕ ਜਨੁ
ਜਿਸ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ
ਰਸੁ ਅੰਮ੍ਰਿਤ ਖੀਰਿ ਘਿਆਲੀ॥
ਇਤਿਹਾਸਕ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਦੀ ਅਨਿੰਨ ਸ਼ਰਧਾਲੂ ਅਤੇ ਮੱਤੇ ਦੀ ਸਰਾਂ ਦੇ ਚੌਧਰੀ ਤਖਤ ਮੱਲ ਦੀ ਸਪੁੱਤਰੀ ਮਾਤਾ ਵਿਰਾਈ (ਮਾਤਾ ਭਰਾਈ ਜੀ) ਨੇ ਮਾਤਾ ਖੀਵੀ ਅਤੇ ਭਾਈ ਲਹਿਣੇ ਦਾ ਰਿਸ਼ਤਾ ਪੱਕਾ ਕਰਵਾਇਆ। ਭਾਈ ਕਾਨ੍ਹ ਸਿੰਘ ਨਾਭਾ ‘ਗੁਰ ਸ਼ਬਦ ਰਤਨਾਕਰ ਮਹਾਨਕੋਸ਼’ ਵਿਚ ਲਿਖਦੇ ਹਨ ਕਿ ਭਾਈ ਲਹਿਣੇ ਦਾ ਸੰਮਤ 1576 ਵਿਚ ਦੇਵੀ ਚੰਦ ਖੱਤਰੀ ਦੀ ਸਪੁੱਤਰੀ ਖੀਵੀ ਨਾਲ ਪਿੰਡ ਸੰਘਰ ਵਿਖੇ ਵਿਆਹ ਹੋਇਆ, ਜਿਸ ਤੋਂ ਦੋ ਪੁੱਤਰ-ਦਾਸੂ ਤੇ ਦਾਤੂ ਜੀ ਅਤੇ ਦੋ ਪੁੱਤਰੀਆਂ-ਬੀਬੀ ਅਮਰੋ ਤੇ ਬੀਬੀ ਅਣੋਖੀ ਨੇ ਜਨਮ ਲਿਆ।
ਸਰੂਪ ਦਾਸ ਭੱਲਾ ‘ਮਹਿਮਾ ਪ੍ਰਕਾਸ਼’ ਵਿਚ ਜ਼ਿਕਰ ਕਰਦੇ ਹਨ ਕਿ ਮਾਤਾ ਗੁਰੂ ਅੰਗਦ ਦੇਵ ਨੂੰ ਪਰਮੇਸ਼ਰ ਸਰੂਪ ਜਾਣਦੇ ਸਨ ਅਤੇ ਉਨ੍ਹਾਂ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਸਨ। ਇਸੇ ਕਰਕੇ ਤਾਂ ਉਹ ਕਹਿੰਦੇ ਹਨ ਕਿ ਮਾਤਾ ਦੇ ਸ਼ੁਭ ਗੁਣਾਂ ਦਾ ਸਾਰੇ ਜਗ ਵਿਚ ਕੋਈ ਸਾਨੀ ਨਹੀਂ। ਲੇਖਕ ਇਹ ਵੀ ਦੱਸਦਾ ਹੈ ਕਿ ਗੁਰੂ ਜੀ ਮਾਤਾ ਖੀਵੀ ਦੀ ਭਗਤੀ ਅਤੇ ਸੇਵਾ ਤੋਂ ਬਹੁਤ ਪ੍ਰਭਾਵਿਤ ਸਨ,
ਮਾਤਾ ਖੀਵੀ ਪਤ ਬ੍ਰਤ ਪ੍ਰਧਾਨ।
ਤਾ ਸਮਾਨ ਨਹੀਂ ਜਗ ਕੋਊ ਆਨ।
ਜਾ ਕੀ ਭਗਤ ਸਤਿਗੁਰ ਮਨ ਮਾਨੀ।
ਪਤ ਕੋ ਪਾਰਬ੍ਰਹਮ ਮਨ ਜਾਨੀ।
ਜਦੋਂ ਭਾਈ ਲਹਿਣਾ ਗੁਰੂ ਨਾਨਕ ਦੇਵ ਦੀ ਚਰਨ-ਸ਼ਰਨ ਵਿਚ ਕਰਤਾਰਪੁਰ ਸਾਹਿਬ ਜਾ ਬਿਰਾਜੇ ਤਾਂ ਇਹ ਸਮਾਂ ਮਾਤਾ ਖੀਵੀ ਲਈ ਕਠਿਨ ਘਾਲਣਾ ਅਤੇ ਸਬਰ ਦਾ ਸੀ। ਲੋਕਾਂ ਨੇ ਬਹੁਤ ਤਾਅਨੇ-ਮਿਹਣੇ ਮਾਰੇ, ਪਰ ਮਾਤਾ ਜੀ ਅਡੋਲ ਰਹੇ। ਭਾਈ ਵੀਰ ਸਿੰਘ ‘ਸ੍ਰੀ ਅਸ਼ਟ ਗੁਰ ਚਮਤਕਾਰ’ ਵਿਚ ਲਿਖਦੇ ਹਨ,
“ਉਡ ਗਈ ਖਬਰ ਸੰਘਰ ਨੂੰ ਕਿ ਲਹਿਣਾ ਸੰਗ ਦਾ ਆਗੂ ਕਰਤਾਰਪੁਰ ਨਾਨਕ ਤਪੇ ਪਾਸ ਰਹਿ ਪਿਆ ਏ। ਸੰਗ ਨੂੰ ਜਵਾਬ ਦੇ ਦਿੱਤਾ ਸੂ ਤੇ ਆਪ ਸਾਧ ਹੋ ਕੇ ਬਹਿ ਗਿਆ ਏ। ਤਪੇ ਦੇ ਦੁਆਰੇ ਧੂਣੀ ਰਮਾ ਕੇ। ਘਰੋਂ ਗਿਆ ਹੁਣ ਘਰ ਘਾਟ ਤੋਂ ਗਿਆ ਗੁਜ਼ਰਿਆ ਹੋ ਗਿਆ ਏ।”
ਮਾਤਾ ਖੀਵੀ ਲਈ 1532 ਤੋਂ 1539 ਤੱਕ ਦਾ ਸਮਾਂ ਕਠਿਨ ਪ੍ਰੀਖਿਆ ਅਤੇ ਤਪ, ਤਿਆਗ ਭਰਿਆ ਸੀ, ਪਰ ਉਨ੍ਹਾਂ ‘ਤੇ ਜੱਗ ਦੇ ਤਾਅਨਿਆਂ ਦਾ ਕੋਈ ਅਸਰ ਨਹੀਂ ਸੀ। ਉਹ ਸਬਰ ਤੇ ਸਿਦਕ ਦੀ ਮੂਰਤ ਸਨ ਤੇ ਅਡੋਲ ਸਨ। ਉਨ੍ਹਾਂ ਦਾ ਸਬਰ, ਸਿਦਕ ਉਸ ਵੇਲੇ ਦੇਖਣ ਹੀ ਵਾਲਾ ਸੀ।
ਗੁਰਿਆਈ ਦੀ ਬਖਸ਼ਿਸ਼ ਸਮੇਂ ਮਾਤਾ ਖੀਵੀ ਨੇ ਗੁਰੂ ਅੰਗਦ ਦੇਵ ਨੂੰ ਪੁਛਿਆ, “ਦਾਤਿਆ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਦੀਆਂ ਦਾਤਾਂ ਨਾਲ ਨਿਵਾਜਿਆ, ਮੇਰੇ ਗਰੀਬਣੀ ‘ਤੇ ਵੀ ਅਰਸ਼ਾਂ ਦੇ ਦਾਤੇ ਨੇ ਤਰਸ ਕੀਤਾ ਹੈ?”
ਭਾਈ ਵੀਰ ਸਿੰਘ ਲਿਖਦੇ ਹਨ, “ਜਦੋਂ ਮੇਰੇ ਦਾਤਾ ਨੇ ਮੈਨੂੰ ਸ਼ਬਦ ਦਾਨ ਕਰਨ ਦਾ ਕਾਰਜ ਬਖਸ਼ਿਆ ਸੀ, ਤਦੋਂ ਤੇਰੇ ਹਿੱਸੇ ਅੰਨ ਦੇਗ ਦਾ ਕੜਛਾ ਆਇਆ ਸੀ, ਵਰਤਾ।” ਉਹ ਗੁਰੂ ਪਾਤਸ਼ਾਹ ਦੇ ਬਚਨ ਸੁਣ ਕੇ ਪੂਰਨ ਉਤਸ਼ਾਹ ਅਤੇ ਦ੍ਰਿੜਤਾ ਨਾਲ ਗੁਰੂ ਘਰ ਦੀ ਸੇਵਾ ਵਿਚ ਜੁੜੇ ਰਹੇ। ਮਾਤਾ ਖੀਵੀ ਅੰਮ੍ਰਿਤ ਵੇਲੇ ਉਠ ਕੇ ਸਿਮਰਨ ਵਿਚ ਜੁੜ ਜਾਂਦੇ। ਘਰ ਦੇ ਕੰਮ-ਕਾਜ ਤੋਂ ਵਿਹਲੇ ਹੋ ਕੇ ਲੰਗਰ ਦੀ ਸੇਵਾ ਵਿਚ ਲੱਗ ਜਾਂਦੇ। ਮਾਤਾ ਖੁਦ ਸੰਗਤ ਲਈ ਲੰਗਰ ਤਿਆਰ ਕਰਦੇ ਅਤੇ ਵਰਤਾਉਂਦੇ ਵੀ। ਗੁਰੂ ਅੰਗਦ ਦੇਵ ਸੰਗਤ ਨੂੰ ਆਤਮਕ ਤੌਰ ‘ਤੇ ਬਲਵਾਨ ਕਰਨ ਲਈ ਸ਼ਬਦ ਨਾਲ ਜੋੜਦੇ, ਉਥੇ ਸੰਗਤਾਂ ਨੂੰ ਖੀਰ ਖੁਆ ਕੇ ਰਿਸ਼ਟ-ਪੁਸ਼ਟ ਕਰਦੇ। ਭਾਈ ਸੱਤਾ ਤੇ ਬਲਵੰਡ ਇਸ ਦਾ ਜ਼ਿਕਰ ਕਰਦੇ ਹਨ,
ਲੰਗਰ ਦਉਲਤਿ ਵੰਡੀਐ
ਰਸੁ ਅੰਮ੍ਰਿਤ ਖੀਰਿ ਘਿਆਲੀ॥
ਮਾਤਾ ਖੀਵੀ ਪੁੱਤਰਾਂ ਨੂੰ ਲੰਗਰ ਦੀ ਭੇਟਾ ਵਰਤਣ ਦੀ ਥਾਂ ਹੱਥੀਂ ਕਿਰਤ ਕਰਨ ਲਈ ਪ੍ਰੇਰਦੇ। ਜਿੱਥੇ ਮਾਤਾ ਜੀ ਨੇ ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਅਪਨਾਇਆ, ਉਥੇ ਕਿਰਤ ਦੇ ਸਿਧਾਂਤ ਨੂੰ ਵੀ ਉਜਾਗਰ ਕੀਤਾ। ਇਸ ਤਰ੍ਹਾਂ ਗੁਰੂ ਅੰਗਦ ਦੇਵ ਦੀ ਗੁਰਿਆਈ ਦੇ ਦੌਰ ਵਿਚ ਮਾਤਾ ਖੀਵੀ ਦਾ ਸਭ ਤੋਂ ਵੱਡਾ ਯੋਗਦਾਨ ਲੰਗਰ ਦੀ ਸੰਸਥਾ ਦਾ ਵਿਕਾਸ ਅਤੇ ਵਿਸਥਾਰ ਹੈ।
ਗੁਰੂ ਅੰਗਦ ਦੇਵ ਦੇ ਜੋਤੀ ਜੋਤ ਸਮਾਉਣ ਪਿਛੋਂ ਮਾਤਾ ਜੀ ਦੇ ਪ੍ਰਲੋਕ ਗਮਨ ਵਿਚ 30 ਸਾਲ ਦਾ ਸਮਾਂ (1552-82) ਵੀ ਖਾਸ ਮਹੱਤਤਾ ਰੱਖਦਾ ਹੈ। ਦਾਤੂ ਅਤੇ ਦਾਸੂ ਵਲੋਂ ਗੁਰਿਆਈ ਦਾ ਵਿਰੋਧ ਕਰਨਾ ਤੇ ਮਾਤਾ ਵਲੋਂ ਆਪਣੇ ਸਪੁੱਤਰਾਂ ਨੂੰ ਵਾਰ-ਵਾਰ ਸਮਝਾਉਣਾ ਕਿ ਪੰਡ ਭਾਰੀ ਹੈ, ਤੁਸਾਂ ਤੋਂ ਚੁੱਕੀ ਨਹੀਂ ਜਾਣੀ। ਉਹ ਜਾਣਦੇ ਸਨ ਕਿ ਗੁਰੂ ਮਹਿਲ ਦੇ ਰੂਪ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ ਕਿਤੇ ਵੱਡੀ ਹੈ। ਬੰਸਾਵਲੀਨਾਮੇ ਵਿਚ ਕੇਸਰ ਸਿੰਘ ਛਿੱਬਰ ਇਸ ਦਾ ਜ਼ਿਕਰ ਕਰਦੇ ਹਨ,
ਮਹੀਨੇ ਖਟਿ ਦਾਸੂ ਕੀਤੀ ਗੁਰਿਆਈ।
ਰਲਿ ਮਿਲ ਸਿਖਾਂ ਪਗ ਦਾਸੂ ਨੂੰ ਬਨਵਾਈ।
ਚੜਦੇ ਮਹੀਨੇ ਮੁਹੁ ਦਾਸੂ ਦਾ ਫਿਰਿ ਗਇਆ।
ਅਨੇਕ ਜਤਨ ਕਰਿ ਸਿਧਾ ਨ ਭਇਆ।
ਮਾਤਾ ਖੀਵੀ ਪਾਸ ਆਏ ਬਿਨਤੀ ਕੀਤੀ।
ਮਾਤਾ ਕਹਿਆ ਬੇਟਾ ਤੁਸਾਂ ਭਾਰੀ ਪੰਡ ਹੈ ਚੁੱਕ ਲੀਤੀ।
ਭਾਰਿ ਲਾਹਿ ਸਟੋ ਸਿਰ ਸਿਧਾ ਹੋਇ ਜਾਸੀ।
ਜਦ ਮਾਤਾ ਪੁੱਤਰਾਂ ਦੀ ਕੀਤੀ ਭਾਰੀ ਭੁੱਲ ਲਈ ਗੁਰੂ ਅਮਰਦਾਸ ਪਾਸ ਜਾਂਦੇ ਹਨ ਤਾਂ ਗੁਰੂ ਜੀ ਆਖਦੇ ਹਨ ਕਿ ਤੁਸਾਂ ਨੇ ਕਿਉਂ ਖੇਚਲ ਕੀਤੀ ਆਉਣ ਦੀ। ਤਦ ਮਾਤਾ ਜੀ ਨੇ ਕਿਹਾ, ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਅਤੇ ਨਿਮਰਤਾ ਹੈ। ਇਨ੍ਹਾਂ ਭੁੱਲਣਹਾਰਿਆਂ ਨੂੰ ਬਖਸ਼ ਦਿਓ। ਇਹ ਤੱਥ ਮਾਤਾ ਜੀ ਦੀ ਸ਼ਖਸੀਅਤ ਨੂੰ ਉਭਾਰਦੇ ਹਨ ਕਿ ਉਹ ਅਤਿ ਨਿਮਰ ਸੁਭਾਅ ਦੇ ਮਾਲਕ ਅਤੇ ਸੀਤਲਤਾ ਦੇ ਮੁਜੱਸਮੇ ਹਨ। ਜਿੱਥੇ ਮਾਤਾ ਖੀਵੀ ਨੇ ਪੁੱਤਰਾਂ ਨੂੰ ਗੁਰਮਤਿ ਤੋਂ ਜਾਣੂੰ ਕਰਵਾਇਆ, ਉਥੇ ਆਪਣੀਆਂ ਧੀਆਂ ਨੂੰ ਬਾਣੀ ਕੰਠ ਕਰਵਾਈ ਅਤੇ ਚੰਗੇ ਸੰਸਕਾਰ ਦਿੱਤੇ। ਉਨ੍ਹਾਂ ਨੇ ਬੀਬੀ ਅਮਰੋ ਨੂੰ ਨਾਮ ਰੂਪੀ ਦਾਜ ਦਿੱਤਾ, ਜੋ ਬੇਸ਼ਕੀਮਤੀ ਅਤੇ ਅਨਮੋਲ ਹੈ।
ਇਤਿਹਾਸਕ ਵੇਰਵਿਆਂ ਤੋਂ ਸਪੱਸ਼ਟ ਹੈ ਕਿ ਮਾਤਾ ਖੀਵੀ ਨੂੰ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਪੰਜ ਗੁਰੂ ਸਾਹਿਬਾਨ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ। ਉਹ ਕੁਝ ਸਮਾਂ ਗੋਇੰਦਵਾਲ ਸਾਹਿਬ ਅਤੇ ਅੰਮ੍ਰਿਤਸਰ ਵੀ ਰਹੇ। ਆਪਣਾ ਸਮੁੱਚਾ ਜੀਵਨ ਸੇਵਾ-ਸਿਮਰਨ ਅਤੇ ਗੁਰੂ ਕੀਆਂ ਸੰਗਤਾਂ ਨੂੰ ਸਮਰਪਿਤ ਕਰਦਿਆਂ ਸੰਨ 1582 ਈ. ਵਿਚ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸਸਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਖੁਦ ਖਡੂਰ ਸਾਹਿਬ ਵਿਖੇ ਕੀਤਾ, ਜਿਸ ਦੀ ਹਾਮੀ ਕੇਸਰ ਸਿੰਘ ਛਿੱਬਰ ਬੰਸਾਵਲੀਨਾਮੇ ਵਿਚ ਭਰਦੇ ਹਨ,
ਸੰਮਤ ਸੋਲਾਂ ਸੈ ਉਨਤਾਲੀ ਜਬ ਭਏ।
ਮਾਤਾ ਖੀਵੀ ਸੁਰਪੁਰ ਨੂੰ ਗਏ।
ਗੁਰੂ ਅਰਜਨ ਬਾਸਰਕੀਓਂ ਆਏ ਖਡੂਰ ਮੁਕਾਣੀ।
ਦਾਸੂ ਨੂੰ ਪਗ ਸੀ ਬੰਧਵਾਣੀ।
ਇਸ ਤਰ੍ਹਾਂ ਮਾਤਾ ਖੀਵੀ ਸੱਚਮੁੱਚ ‘ਨੇਕ ਜਨ’ ਅਤੇ ‘ਬਹੁਤੀ ਛਾਉ ਪਤ੍ਰਾਲੀ’ ਸ਼ਖਸੀਅਤ ਦੇ ਮਾਲਕ ਸਨ। ਜਿਵੇਂ ਮਾਂ ਦੀ ਠੰਡੀ ਛਾਂ ਬੱਚੇ ਨੂੰ ਸੁੱਖ ਦਿੰਦੀ ਹੈ, ਉਸੇ ਤਰ੍ਹਾਂ ਮਾਤਾ ਖੀਵੀ ਦੀ ਸੰਘਣੀ ਛਾਂ ਸੰਗਤਾਂ ਨੂੰ ਅਨੰਦ ਅਤੇ ਖੇੜਾ ਦਿੰਦੀ। ਉਨ੍ਹਾਂ ਦੀ ਸ਼ਖਸੀਅਤ ਸਬਰ-ਸੰਤੋਖ, ਅਤਿ ਨਿਮਰ ਸੁਭਾਅ, ਸਹਿਣਸ਼ੀਲਤਾ, ਸਿਦਕ ਦੀ ਮੂਰਤ, ਪਤੀ ਦੀ ਰਜ਼ਾ ਵਿਚ ਰਹਿਣ, ਤਿਆਗ ਆਦਿ ਗੁਣਾਂ ਨਾਲ ਭਰਪੂਰ ਸੀ। ਇਨ੍ਹਾਂ ਗੁਣਾਂ ਕਾਰਨ ਉਨ੍ਹਾਂ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ‘ਚ ਦੋ ਵਾਰ ਆਈ ਹੈ,
ਬਲਵੰਡ ਖੀਵੀ ਨੇਕ ਜਨੁ
ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ
ਰਸੁ ਅੰਮ੍ਰਿਤ ਖੀਰਿ ਘਿਆਲੀ॥
ਗੁਰਸਿਖਾ ਕੇ ਮੁਖ ਉਜਲੇ
ਮਨਮੁਖ ਥੀਏ ਪਰਾਲੀ॥
ਪਏ ਕਬੂਲੁ ਖਸੰਮ ਨਾਲਿ
ਜਾਂ ਘਾਲ ਮਰਦੀ ਘਾਲੀ॥
ਮਾਤਾ ਖੀਵੀ ਸਹੁ ਸੋਇ
ਜਿਨਿ ਗੋਇ ਉਠਾਲੀ॥
ਮਾਤਾ ਖੀਵੀ ਵਲੋਂ ਚਲਾਈ ਗਈ ਖੀਰ ਘਿਆਲੀ ਵਾਲੀ ਪਰੰਪਰਾ ਅੱਜ ਵੀ ਲੰਗਰ ਹਾਲ ਮਾਤਾ ਖੀਵੀ, ਖਡੂਰ ਸਾਹਿਬ ਵਿਖੇ ਜਾਰੀ ਹੈ। ਪਿੰਡ ਸੰਘਰਕੋਟ ਵਿਖੇ ਗੁਰਦੁਆਰਾ ਮਾਤਾ ਖੀਵੀ ਸੁਸ਼ੋਭਿਤ ਹੈ, ਜੋ ਮਾਤਾ ਖੀਵੀ ਦੀ ਮਿੱਠੀ ਯਾਦ ਨੂੰ ਤਰੋ-ਤਾਜ਼ਾ ਕਰਵਾਉਂਦਾ ਹੈ। ਕਿਸੇ ਸਮੇਂ ਭਾਈ ਲਹਿਣਾ ਜੀ, ਮਾਤਾ ਖੀਵੀ ਨੂੰ ਵਿਆਹੁਣ ਖਡੂਰ ਸਾਹਿਬ ਤੋਂ ਸੰਘਰ ਆਏ ਸਨ, ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਖਡੂਰ ਸਾਹਿਬ ਤੋਂ ਸੰਘਰਕੋਟ ਵਿਖੇ ਪੁੱਜਦਾ ਹੈ। ਗੁਰੂ ਅੰਗਦ ਦੇਵ ਅਤੇ ਮਾਤਾ ਖੀਵੀ ਦਾ ਵਿਆਹ ਪੁਰਬ 16 ਮਾਘ ਨੂੰ ਹਰ ਸਾਲ ਪੂਰਨਮਾਸ਼ੀ ਲੰਗਰ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ।