ਗੁਰਬਚਨ ਸਿੰਘ
ਫੋਨ: 91-98156-98451
ਜੇ. ਐਨ. ਯੂ. ਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਅਰੰਭ ਹੋਈ ਲੋਕ ਲਹਿਰ ਨੇ ਕੁਝ ਨਾਹਰੇ ਬੁਲੰਦ ਕੀਤੇ ਹਨ, ਜੋ ਸ਼ਾਹੀਨ ਬਾਗ ਦੇ ਲੰਬੇ ਧਰਨੇ ਨਾਲ ਜੁੜ ਕੇ ਦੇਸ਼ ਭਰ ਵਿਚ ਪ੍ਰਚਲਿਤ ਹੋ ਰਹੇ ਹਨ। ਖਬੀਆਂ ਧਿਰਾਂ ਨਾਲ ਜੁੜੇ ਲੋਕ ਇਨ੍ਹਾਂ ਨਾਹਰਿਆਂ ‘ਤੇ ਹੋਰ ਵੀ ਖਾਸ ਜੋਰ ਦੇ ਰਹੇ ਹਨ। ਇਹ ਨਾਹਰੇ ਹਨ: ਅਸੀਂ ਕੀ ਚਾਹੁੰਦੇ ਹਾਂ, ਆਜ਼ਾਦੀ! ਗੁਰਬਤ ਤੋਂ ਆਜ਼ਾਦੀ! ਭੁਖਮਰੀ ਤੋਂ ਆਜ਼ਾਦੀ! ਬੇਰੁਜਗਾਰੀ ਤੋਂ ਆਜ਼ਾਦੀ! ਪਿਤਰੀ ਸੱਤਾ ਤੋਂ ਆਜ਼ਾਦੀ! ਜਾਤ-ਪਾਤ ਤੋਂ ਆਜ਼ਾਦੀ! ਕਾਲੇ ਕਾਨੂੰਨਾਂ ਤੋਂ ਆਜ਼ਾਦੀ! ਫਾਸ਼ੀਵਾਦ ਤੋਂ ਆਜ਼ਾਦੀ! ਸੀ. ਏ. ਏ., ਐਨ. ਪੀ. ਆਰ., ਐਨ. ਆਰ. ਸੀ. ਤੋਂ ਆਜ਼ਾਦੀ!
ਇਹ ਸਾਰੇ ਨਾਹਰੇ ਲੱਛਣਾਂ ਦਾ ਵਿਰੋਧ ਕਰ ਰਹੇ ਹਨ। ਇਹ ਇਨ੍ਹਾਂ ਲੱਛਣਾਂ ਦੇ ਇਕੋ-ਇਕ ਮੂਲ ਕਾਰਨ ਵੱਲ ਇਸ਼ਾਰਾ ਨਹੀਂ ਕਰਦੇ, ਜਿਸ ਨੂੰ ਖਤਮ ਕਰਕੇ ਇਨ੍ਹਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇ ਇਨ੍ਹਾਂ ਸਾਰੇ ਨਾਹਰਿਆਂ ਦੀ ਤਹਿ ਤਕ ਜਾਇਆ ਜਾਵੇ ਤਾਂ ਇਹ ਇਕੋ ਨੁਕਤੇ ਉਤੇ ਕੇਂਦ੍ਰਿਤ ਹੋ ਜਾਂਦੇ ਹਨ ਅਤੇ ਇਹ ਨੁਕਤਾ ਹੈ, ਪੂੰਜੀਵਾਦ ਭਾਵ ਪੂੰਜੀ ਆਧਾਰਿਤ ਆਰਥਕ, ਸਮਾਜੀ ਅਤੇ ਰਾਜਸੀ ਰਿਸ਼ਤੇ ਅਤੇ ਇਨ੍ਹਾਂ ਰਿਸ਼ਤਿਆਂ ਦੁਆਲੇ ਉਸਰਿਆ ਮੌਜੂਦਾ ਸਰਕਾਰੀ ਤੰਤਰ। ਗੁਰਬਤ, ਭੁੱਖਮਰੀ, ਬੇਰੁਜ਼ਗਾਰੀ ਦਾ ਇਕੋ-ਇਕ ਕਾਰਨ ਪੂੰਜੀਵਾਦੀ ਆਰਥਕ ਰਿਸ਼ਤੇ ਹਨ। ਪਿਤਰੀ ਸੱਤਾ ਤੇ ਜਾਤ-ਪਾਤ ਦਾ ਮੂਲ ਕਾਰਨ ਮਨੂਵਾਦੀ-ਬ੍ਰਾਹਮਣੀ ਸੋਚ ਹੈ, ਜਿਸ ਦੀ ਪੁਸ਼ਤਪਨਾਹੀ ਇਹ ਪੂੰਜੀਵਾਦੀ ਸਰਕਾਰੀ ਤੰਤਰ ਕਰਦਾ ਹੈ।
ਅਜੋਕੇ ਦੌਰ ‘ਚ ਪੂੰਜੀ ਦੇ ਪਸਾਰੇ ਵਿਚ ਆਈ ਖੜੋਤ ਕਾਰਨ ਸੰਸਾਰ ਪੱਧਰ ‘ਤੇ ਪੂੰਜੀਵਾਦ ਮੰਦਵਾੜੇ ਦਾ ਸ਼ਿਕਾਰ ਹੈ, ਜਿਸ ਕਾਰਨ ਮੰਡੀਆਂ ਲਈ ਸਾਮਰਾਜੀਆਂ ਦੀ ਖੋਹ-ਖਿੰਝ ਹੋਰ ਤੇਜ ਹੋ ਗਈ ਹੈ ਅਤੇ ਇਸ ਕਾਰਨ ਅਨੇਕ ਦੇਸ਼ਾਂ ਵਿਚ ਰਾਜਸੀ ਸੰਕਟ ਪੈਦਾ ਹੋ ਰਹੇ ਹਨ। ਮੋਦੀ ਸਰਕਾਰ ਵੱਲੋਂ ਇਸ ਮੰਦਵਾੜੇ ਦਾ ਸਾਰਾ ਬੋਝ ਲੋਕਾਂ ਸਿਰ ਪਾਏ ਜਾਣ ਦੇ ਯਤਨ ਵਜੋਂ ਲੋਕਾਈ ਦੇ ਮਨਾਂ ਵਿਚ ਪੈਦਾ ਹੋ ਰਹੇ ਰੋਹ ਨੂੰ ਕੁਚਲਣ ਲਈ ਫਾਸ਼ੀਵਾਦੀ ਕਾਲੇ ਕਾਨੂੰਨ ਅਤੇ ਲੋਕ-ਰੋਹ ਨੂੰ ਕੁਰਾਹੇ ਪਾਉਣ ਤੇ ਲੋਕਾਂ ਵਿਚਾਲੇ ਪਾੜਾ ਵਧਾਉਣ ਲਈ ਸੀ. ਏ. ਏ., ਐਨ. ਪੀ. ਆਰ. ਤੇ ਐਨ. ਸੀ. ਆਰ. ਜਿਹੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਦਿਨੋ-ਦਿਨ ਵੱਧ ਰਿਹਾ ਆਰਥਕ ਅਤੇ ਰਾਜਸੀ ਜਬਰ ਤੇ ਇਸ ਜਬਰ ਵਿਰੁਧ ਵੱਧ ਰਿਹਾ ਲੋਕਾਂ ਦਾ ਬਾਗੀ ਰੌਂਅ ਅਜੋਕੇ ਰਾਜਸੀ ਸੰਕਟ ਦਾ ਕਾਰਨ ਹੈ। ਜਾਮੀਆ ਮਿਲੀਆ, ਜੇ. ਐਨ. ਯੂ., ਸ਼ਾਹੀਨ ਬਾਗ ਅਤੇ ਅਜਿਹੇ ਅਨੇਕ ਹੋਰ ਰੋਸ ਵਿਖਾਵੇ ਇਸੇ ਲੋਕ ਰੌਂਅ ਨੂੰ ਪ੍ਰਗਟ ਕਰ ਰਹੇ ਹਨ।
ਪੂੰਜੀਵਾਦ ਦੇ ਵਜੂਦ ਸਮੋਏ ਲੱਛਣ ‘ਮੁਨਾਫੇ ਦੀ ਹਾਬੜ, ਸਿਰਵੱਢ ਮੁਕਾਬਲਾ ਤੇ ਅਨਾਰਕੀ’ ਇਸ ਸੰਸਾਰ ਵਿਆਪੀ ਆਰਥਕ ਮੰਦਵਾੜੇ ਨੂੰ ਗਤੀ ਦੇ ਰਹੇ ਹਨ। ਸੰਨ 1911-14 ਤੇ ਸੰਨ 1928-37 ਦੇ ਆਰਥਕ ਮੰਦਵਾੜਿਆਂ ਨੇ ਹੀ ਦੋ ਸੰਸਾਰ ਸਾਮਰਾਜੀ ਜੰਗਾਂ ਨੂੰ ਜਨਮ ਦਿਤਾ ਸੀ ਅਤੇ ਸੰਨ 2008 ਤੋਂ ਅਰੰਭ ਹੋਇਆ ਸੰਸਾਰ ਵਿਆਪੀ ਆਰਥਕ ਮੰਦਵਾੜਾ ਇਕ ਵਾਰ ਫਿਰ ਸਮੁੱਚੀ ਮਨੁੱਖ ਜਾਤੀ ਨੂੰ ਤੀਜੀ ਸੰਸਾਰ ਸਾਮਰਾਜੀ ਜੰਗ ਦੇ ਦਹਾਨੇ ‘ਤੇ ਲੈ ਆਇਆ ਹੈ। ਇਸ ਜੰਗ ਦੇ ਚਿੰਨ੍ਹ ਹੁਣ ਸਪਸ਼ਟ ਨਜ਼ਰ ਆਉਣ ਲੱਗ ਪਏ ਹਨ। ਟੀ. ਵੀ. ਚੈਨਲਾਂ ਉਤੇ ਤੀਜੀ ਸੰਸਾਰ ਜੰਗ ਦੀ ਚਰਚਾ ਹੁਣ ਆਮ ਹੋਣ ਲੱਗ ਪਈ ਹੈ।
25 ਜਨਵਰੀ ਦੀ ਹਿੰਦੀ ਅਖਬਾਰ ‘ਭਾਸਕਰ’ ਦੇ ਪਹਿਲੇ ਸਫੇ ‘ਤੇ ਖਬਰ ਛਪੀ ਹੈ, ‘‘ਪ੍ਰਮਾਣੂ ਜੰਗ ਦਾ ਸੰਕੇਤ ਦੇਣ ਵਾਲੀ ਘੜੀ 73 ਸਾਲ ਦੇ ਸਭ ਤੋਂ ਵੱਧ ਤਣਾਅ ਦੇ ਮੁਕਾਮ ‘ਤੇ ਪਹੁੰਚੀ ਹੋਈ ਹੈ। ਇਹ ਘੜੀ 1947 ਤੋਂ ਕੰਮ ਕਰ ਰਹੀ ਹੈ, ਜੋ ਦਸਦੀ ਹੈ ਕਿ ਪ੍ਰਮਾਣੂ ਹਮਲੇ ਦੀ ਸੰਭਾਵਨਾ ਕਿੰਨੀ ਵਧੀ ਹੈ। ਮੁੱਢ ਵਿਚ ਇਸ ਘੜੀ ਦੀ ਸੂਈ ਰਾਤ ਦੇ 12 ਵੱਜਣ ਤੋਂ 420 ਸਕਿੰਟ ਪਹਿਲਾਂ ਸੈਟ ਕੀਤੀ ਗਈ ਸੀ। ਅਮਰੀਕਾ ਅਤੇ ਸੋਵੀਅਤ ਯੂਨੀਅਨ ਵਿਚਾਲੇ ਲੜੀ ਗਈ ਸ਼ੀਤ ਜੰਗ ਦੌਰਾਨ ਵੀ ਇਹ ਸੂਈ ਰਾਤ ਦੇ 12 ਵਜੇ ਤੋਂ 120 ਸਕਿੰਟ ਪਿਛੇ ਸੀ, ਜੋ ਹੁਣ ਸਿਰਫ 100 ਸਕਿੰਟ ਪਿਛੇ ਰਹਿ ਗਈ ਹੈ। ਪ੍ਰਮਾਣੂ ਸਾਇੰਸਦਾਨਾਂ ਦੀ ਜੋ ਟੀਮ ਇਸ ਘੜੀ ਦੀਆਂ ਸੂਈਆਂ ਨੂੰ ਅੱਗੇ ਪਿਛੇ ਕਰਦੀ ਹੈ, ਉਸ ਵਿਚ 13 ਨੋਬਲ ਇਨਾਮ ਜੇਤੂ ਸਾਇੰਸਦਾਨ ਸ਼ਾਮਿਲ ਹਨ।”
ਖਬਰ ਅਨੁਸਾਰ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋ. ਸ਼ੇਰੋਨ ਸਕਵਾਸੋਨੀ ਨੇ ਕਿਹਾ ਹੈ ਕਿ ਇਸ ਵੇਲੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਖਤਰਾ ਸਿਖਰ ‘ਤੇ ਹੈ। ਇਰਾਨ ਕਿਸੇ ਸਮਝੌਤੇ ਲਈ ਰਾਜੀ ਨਹੀਂ ਹੋ ਰਿਹਾ। ਉਤਰੀ ਕੋਰੀਆ ਲਗਾਤਾਰ ਆਪਣੀ ਪ੍ਰਮਾਣੂ ਸਮਰਥਾ ਵਧਾ ਰਿਹਾ ਹੈ। ਅਮਰੀਕਾ, ਚੀਨ, ਰੂਸ ਲਗਾਤਾਰ ਪ੍ਰਮਾਣੂ ਹਥਿਆਰ ਬਣਾ ਰਹੇ ਹਨ। ਦੱਖਣੀ ਏਸ਼ੀਆ ਬਾਰੂਦ ਦੇ ਢੇਰ ‘ਤੇ ਬੈਠਾ ਹੈ, ਜਿਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗਿਰੀ ਦੀ ਗੁੰਜਾਇਸ਼ ਬਹੁਤ ਘੱਟ ਹੈ। ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਪੈਰੋਕਾਰ ‘ਗਲੋਬਲ ਜੀਰੋ’ ਦੇ ਕਾਰਜਕਾਰੀ ਡਾਇਰੈਕਟਰ ਡੇਰੇਕ ਜਾਨਸਨ ਦੇ ਕਥਨ ਅਨੁਸਾਰ ਧਰਤੀ ਤੇ ਸਮੁੰਦਰ ਦਾ ਵਧਦਾ ਤਾਪਮਾਨ ਅਤੇ ਘੜੀ ਵਿਚ ਸਿਰਫ 100 ਸਕਿੰਟ ਦਾ ਫਰਕ ਦਸਦਾ ਹੈ ਕਿ ਅਸੀਂ ਖਤਰੇ ਦੇ ਮੁਹਾਨੇ ਉਤੇ ਬੈਠੇ ਹਾਂ।”
‘ਕਮਿਊਨਿਸਟ ਮੈਨੀਫੈਸਟੋ’ ਵਿਚ ਦਰਜ ਹੈ, ‘‘ਪੂੰਜੀਵਾਦੀ ਰਿਸ਼ਤਿਆਂ ਅਧੀਨ ਅਜੋਕੇ ਬੁਰਜਵਾ ਸਮਾਜ ਨੇ ਪੈਦਾਵਾਰ ਅਤੇ ਵਟਾਂਦਰੇ ਦੇ ਧੜਵੈਲ ਸਾਧਨ ਪੈਦਾ ਕਰ ਲਏ ਹਨ। ਪੂੰਜੀਵਾਦੀ ਰਿਸ਼ਤਿਆਂ ਕਾਰਨ ਇਹ ਉਸ ਜਾਦੂਗਰ ਵਾਂਗ ਹੈ, ਜੋ ਆਪਣੀਆਂ ਹੀ ਜਗਾਈਆਂ ਜਾਦੂਈ ਸ਼ਕਤੀਆਂ ਨੂੰ ਆਪਣੇ ਕਾਬੂ ‘ਚ ਰੱਖਣ ਦੇ ਅਸਮਰਥ ਹੈ। ਕੁਝ ਕੁ ਨਿਸ਼ਚਿਤ ਸਮੇਂ ਪਿਛੋਂ ਮੁੜ-ਮੁੜ ਪ੍ਰਗਟ ਹੁੰਦੇ ਵਪਾਰਕ ਸੰਕਟ ਹਰ ਵਾਰ ਸਮੁੱਚੇ ਬੁਰਜੂਆ ਸਮਾਜ ਦੀ ਹੋਂਦ ਨੂੰ ਪਹਿਲਾਂ ਤੋਂ ਵੀ ਵੱਡਾ ਖਤਰਾ ਖੜਾ ਕਰ ਦਿੰਦੇ ਹਨ। ਇਨ੍ਹਾਂ ਸੰਕਟਾਂ ਵਿਚ ਨਾ ਸਿਰਫ ਮੌਜੂਦਾ ਪੈਦਾਵਾਰ ਸਗੋਂ ਪਹਿਲਾਂ ਸਿਰਜੇ ਪੈਦਾਵਾਰੀ ਸਾਧਨ ਵੀ ਤਬਾਹ ਕਰ ਦਿਤੇ ਜਾਂਦੇ ਹਨ। ਅਚਨਚੇਤ ਸਾਰਾ ਸਮਾਜ ਕੁਝ ਚਿਰ ਲਈ ਆਪਣੇ ਆਪ ਨੂੰ ਵਹਿਸ਼ੀ ਹਾਲਤ ਵਿਚ ਪਹੁੰਚਿਆ ਮਹਿਸੂਸ ਕਰਦਾ ਹੈ। ਜਿਵੇਂ ਕਿਸੇ ਸਰਬਵਿਆਪੀ ਤਬਾਹੀ ਨੇ ਮਨੁੱਖੀ ਹੋਂਦ ਲਈ ਲੋੜੀਂਦੇ ਸਨਅਤ ਅਤੇ ਵਪਾਰ ਨੂੰ ਬੰਨ ਮਾਰ ਦਿਤਾ ਹੋਵੇ। ਪੂੰਜੀਵਾਦੀ ਸਮਾਜ ਦੀਆਂ ਵਲਗਣਾਂ ਏਨੀਆਂ ਤੰਗ ਹੋ ਜਾਂਦੀਆਂ ਹਨ ਕਿ ਉਹ ਆਪਣੀ ਹੀ ਪੈਦਾ ਕੀਤੀ ਦੌਲਤ ਨੂੰ ਆਪਣੇ ਵਿਚ ਨਹੀਂ ਸਮੋਅ ਸਕਦੀਆਂ ਅਤੇ ਪੂੰਜੀਵਾਦ ਇਸ ਸੰਕਟ ਦਾ ਹੱਲ ਕਿਵੇਂ ਕਰਦਾ ਹੈ? ਇਕ ਪਾਸੇ ਪੈਦਾਵਾਰੀ ਸ਼ਕਤੀਆਂ ਦੀ ਭਾਰੀ ਤਬਾਹੀ ਕਰਕੇ ਅਤੇ ਦੂਜੇ ਪਾਸੇ ਨਵੀਆਂ ਮੰਡੀਆਂ ਕਾਬੂ ਕਰਕੇ ਤੇ ਪੁਰਾਣੀਆਂ ਮੰਡੀਆਂ ਦੀ ਹੋਰ ਵੱਧ ਲੁਟ ਕਰਕੇ।’’
ਬਿਲਕੁਲ ਇਹੀ ਹਾਲਤ ਹੁਣ ਅਸੀਂ ਸਾਰੇ ਦੇਸ਼ਾਂ ਦੀ ਵੇਖ ਰਹੇ ਹਾਂ। ਇਹੀ ਸਿਰਵੱਢ ਮੁਕਾਬਲਾ ਹੁਣ ਅਮਰੀਕਾ, ਚੀਨ, ਯੂਰਪ, ਬਰਤਾਨੀਆ ਅਤੇ ਭਾਰਤ ਸਮੇਤ ਸਾਰੇ ਦੇਸ਼ਾਂ ਵਿਚਾਲੇ ਚੱਲ ਰਿਹਾ ਹੈ। ਲੈਨਿਨ ਨੇ ਆਪਣੀ ਕਿਰਤ ‘ਸਾਮਰਾਜ ਪੂੰਜੀਵਾਦ ਦੀ ਅਜੋਕੀ ਅਵਸਥਾ’ ਵਿਚ ਲਿਖਿਆ ਹੈ ਕਿ ਸਾਮਰਾਜੀ ਦੌਰ ਵਿਚ ਆ ਕੇ ਪੂੰਜੀਵਾਦ ਦੇ ਇਹ ਲੱਛਣ ਅਤੇ ਆਪਸੀ ਮੁਕਾਬਲਾ ਹੋਰ ਵੀ ਵਹਿਸ਼ੀ ਰੂਪ ਧਾਰ ਗਿਆ ਹੈ। ਇਕ-ਦੂਜੇ ਤੋਂ ਮੰਡੀਆਂ ਖੋਹਣ ਦੀ ਦੌੜ ਚਾਰੇ ਪਾਸੇ ਚੱਲ ਰਹੀ ਹੈ। ਇਹੀ ਦੌੜ ਇਨ੍ਹਾਂ ਸਾਮਰਾਜੀਆਂ ਨੂੰ ਕਰੋੜਾਂ ਲੋਕਾਂ ਦੀ ਕੀਮਤ ‘ਤੇ ਅਰਬਾਂ-ਖਰਬਾਂ ਰੁਪਏ ਪ੍ਰਮਾਣੂ ਜੰਗ ਦੀ ਤਿਆਰੀ ਵਾਸਤੇ ਖਰਚਣ ਲਈ ਮਜਬੂਰ ਕਰ ਰਹੀ ਹੈ। ਇਸੇ ਲੋੜ ਵਿਚੋਂ ਮੋਦੀ ਸਰਕਾਰ ਕਰੋੜਾਂ ਗਰੀਬ ਲੋਕਾਂ ਦੇ ਹੱਥਾਂ ‘ਚੋਂ ਰੋਟੀ ਖੋਹ ਕੇ ਅਰਬਾਂ ਰੁਪਏ ਦੇ ਹਥਿਆਰ ਖਰੀਦ ਰਹੀ ਹੈ।
ਸਾਮਰਾਜੀ ਦੌਰ ਦੀ ਮਾਲੀ ਪੂੰਜੀ ਦੀ ਬੁਨਿਆਦ ਪੂੰਜੀ ਹੈ। ਮਾਰਕਸ ਦੇ ਕਥਨ ਅਨੁਸਾਰ ‘‘ਪੂੰਜੀ ਮਨੁੱਖੀ ਕਿਰਤ ਅਤੇ ਉਸ ਦੀ ਪੈਦਾਵਾਰ ਨੂੰ ਕਾਬੂ ਕਰਨ ਦੀ ਸ਼ਕਤੀ ਹੈ। ਪੂੰਜੀਪਤੀ ਦੀ ਇਹ ਸ਼ਕਤੀ ਉਸ ਦੇ ਮਨੁੱਖੀ ਗੁਣਾਂ ਕਰਕੇ ਨਹੀਂ ਸਗੋਂ ਪੂੰਜੀ ਦੀ ਮਾਲਕੀ ਹੋਣ ਕਰਕੇ ਹੈ। ਪੂੰਜੀ ਦੀ ਖਰੀਦ ਸ਼ਕਤੀ ਹੀ ਉਸ ਦੀ ਤਾਕਤ ਹੈ, ਜਿਸ ਨੂੰ ਕਾਨੂੰਨੀ ਪ੍ਰਵਾਨਗੀ ਹਾਸਲ ਹੈ। ਪੂੰਜੀ ਇਕੱਠੀ ਹੋਈ (ਮੁਰਦਾ) ਕਿਰਤ ਹੈ। ਪੂੰਜੀ ਦਾ ਮੂਲ ਆਧਾਰ ਨਿਜੀ ਜਾਇਦਾਦ ਦੇ ਰੂਪ ਵਿਚ ਕਿਰਤੀਆਂ ਦੀ ਸਮੁੱਚੀ ਪੈਦਾਵਾਰ ‘ਤੇ ਪੂੰਜੀਪਤੀਆਂ ਕੋਲ ਮਾਲਕੀ ਦਾ ਹੱਕ ਹੈ। ਪੂੰਜੀਪਤੀ ਪੂੰਜੀ ਦੇ ਇਸ ਹਥਿਆਰ ਨਾਲ ਆਪਣੀ ਹੁਕਮੀਆ ਸ਼ਕਤੀ ਦੀ ਵਰਤੋਂ ਪਹਿਲਾਂ ਕਿਰਤੀਆਂ ‘ਤੇ ਕਰਦਾ ਹੈ, ਪਰ ਪਿਛੋਂ ਪੂੰਜੀ ਦੀ ਇਹੀ ਹੁਕਮੀਆ ਸ਼ਕਤੀ ਖੁਦ ਪੂੰਜੀ ਮਾਲਕ ਦੀ ਮਾਨਸਿਕਤਾ ਨੂੰ ਵੀ ਆਪਣੀ ਜਕੜ ਵਿਚ ਲੈ ਲੈਂਦੀ ਹੈ। ਪੂੰਜੀਪਤੀ ਖੁਦ ਵੀ ਮੁਰਦਾ ਪੂੰਜੀ ਦਾ ਮਾਨਸਿਕ ਗੁਲਾਮ ਬਣ ਜਾਂਦਾ ਹੈ। ਪੂੰਜੀ ਦੀ ਮੰਗ ਅਨੁਸਾਰ ਮੁਨਾਫਾ ਅਤੇ ਹੋਰ ਮੁਨਾਫਾ ਕਮਾਉਣਾ ਉਸ ਦੀ ਸੋਚ ਨੂੰ ਜਕੜ ਲੈਂਦਾ ਹੈ। ਇੰਜ ਮੁਰਦਾ ਪੂੰਜੀ ਪੂੰਜੀਪਤੀਆਂ ਰਾਹੀਂ ਸਮੁੱਚੇ ਸਮਾਜ ਨੂੰ ਚਲਾਉਂਦੀ ਹੈ।’’
‘‘ਪੈਦਾਵਾਰ ਅਤੇ ਕਿਰਤ ਵਿਚਾਲੇ ਸਿੱਧੇ ਰਿਸ਼ਤੇ ਨੂੰ ਅਣਗੌਲਿਆ ਕਰਕੇ ਪੂੰਜੀਵਾਦੀ ਰਾਜਸੀ ਅਰਥਚਾਰਾ ਕਿਰਤ ਦੇ ਵਜੂਦ ਸਮੋਏ ਲੱਛਣ ਪਰਾਏਪਣ ਨੂੰ ਛੁਪਾਉਂਦਾ ਹੈ। ਪੂੰਜੀਵਾਦੀ ਰਾਜਸੀ-ਅਰਥਚਾਰੇ ਦੇ ਇਸ ਵਜੂਦ ਸਮੋਏ ਪਰਾਏਪਣ ਕਾਰਨ ਸੋਚਿਆ ਕੁਝ ਹੋਰ ਜਾਂਦਾ ਹੈ, ਪਰ ਸਿੱਟੇ ਕੁਝ ਹੋਰ ਨਿਕਲਦੇ ਹਨ। ਕਿਰਤੀ ਵਰਗ ਅਮੀਰਾਂ ਲਈ ਹੈਰਾਨੀਜਨਕ ਵਸਤਾਂ ਪੈਦਾ ਕਰਦਾ ਹੈ, ਪਰ ਆਪਣੇ ਲਈ ਇਹ ਘੋਰ ਕੰਗਾਲੀ ਪੈਦਾ ਕਰਦਾ ਹੈ। ਕਿਰਤੀ ਵਰਗ ਮਹਿਲ ਬਣਾਉਂਦਾ ਹੈ, ਪਰ ਖੁਦ ਝੌਂਪੜੀਆਂ ਵਿਚ ਰਹਿੰਦਾ ਹੈ। ਸਮੁੱਚੀ ਖੂਬਸੂਰਤੀ ਕਿਰਤੀ ਵਰਗ ਪੈਦਾ ਕਰਦਾ ਹੈ, ਪਰ ਆਪ ਬਦਸ਼ਕਲ ਹੁੰਦਾ ਜਾਂਦਾ ਹੈ। ਕਿਰਤੀ ਵਰਗ ਕਿਰਤੀ ਦੀ ਥਾਂ ਮਸ਼ੀਨਾਂ ਨਾਲ ਭਰਦਾ ਹੈ, ਪਰ ਇਹੀ ਮਸ਼ੀਨਾਂ ਕਿਰਤੀਆਂ ਦੇ ਇਕ ਹਿੱਸੇ ਨੂੰ ਮੁੜ ਜਲਾਲਤ ਭਰੇ ਢੰਗਾਂ ਨਾਲ ਕੰਮ ਕਰਨ ਲਈ ਮਜਬੂਰ ਕਰਦੀਆਂ ਹਨ ਅਤੇ ਕਿਰਤੀਆਂ ਦੇ ਦੂਜੇ ਹਿੱਸੇ ਨੂੰ ਮਸ਼ੀਨਾਂ ਬਣਾ ਦਿੰਦੀਆਂ ਹਨ। ਇਹ ਬੇਰਸ ਮਸ਼ੀਨੀ ਜ਼ਿੰਦਗੀ ਕਿਰਤੀ ਤੋਂ ਸਾਰੇ ਮਨੁੱਖੀ ਗੁਣ ਖੋਹ ਲੈਂਦੀ ਹੈ। ਪੂੰਜੀਵਾਦੀ ਅਰਥਚਾਰਾ ਬੌਧਿਕ ਵਿਕਾਸ ਲਈ ਹਾਲਤਾਂ ਪੈਦਾ ਕਰਦਾ ਹੈ, ਪਰ ਕਿਰਤੀਆਂ ਲਈ ਮੂਰਖਤਾ ਤੇ ਉਜੱਡਪੁਣਾ ਪੈਦਾ ਕਰਦਾ ਹੈ। ਪੂੰਜੀਵਾਦ ਦੀਆਂ ਸਭ ਧਾਰਨਾਵਾਂ ਨਿਜੀ ਜਾਇਦਾਦ ਦੀ ਹੋਂਦ ਨੂੰ ਅਟਲ ਮੰਨ ਕੇ ਚਲਦੀਆਂ ਹਨ। ਨਿਜੀ ਜਾਇਦਾਦ ਆਧਾਰਿਤ ਰਿਸ਼ਤਿਆਂ ਨੂੰ ਮਨੁੱਖੀ ਅਤੇ ਤਰਕਸੰਗਤ ਮੰਨ ਕੇ ਪੂੰਜੀਵਾਦ ਆਪਣੇ ਬੁਨਿਆਦੀ ਆਧਾਰ ਨਿਜੀ ਜਾਇਦਾਦ ਨਾਲ ਸਦੀਵੀ ਟਕਰਾ ਵਿਚ ਕ੍ਰਿਆਸ਼ੀਲ ਰਹਿੰਦਾ ਹੈ।’’
ਏਂਗਲਜ ਨੇ ਲਿਖਿਆ ਹੈ, ‘‘ਪੂੰਜੀਵਾਦੀ ਰਾਜਸੀ ਅਰਥਚਾਰਾ ਵਪਾਰ ਦੇ ਫੈਲਣ ਦੇ ਸੁਭਾਵਿਕ ਸਿੱਟੇ ਵਜੋਂ ਹੋਂਦ ਵਿਚ ਆਇਆ ਹੈ ਅਤੇ ਇਸ ਦੇ ਮੁਢਲੇ ਰੂਪ ਵਜੋਂ ਤਰਕਹੀਣ ਛਾਬੜੀ ਵਾਲਿਆਂ ਦੀ ਥਾਂ ਅਮੀਰੀ ਦੀ ਇਕ ਸਮੁੱਚੀ ਸਾਇੰਸ ਭਾਵ ਕਾਨੂੰਨੀ ਫਰਾਡ ਦੇ ਵਿਕਸਿਤ ਹੋਏ ਇਕ ਤਾਣੇ-ਬਾਣੇ ਨੇ ਲੈ ਲਈ ਹੈ। ਰਾਜਸੀ ਆਰਥਕਤਾ ਅਤੇ ਅਮੀਰ ਬਣਨ ਦੀ ਸਾਇੰਸ ਦਾ ਜਨਮ ਵਪਾਰੀਆਂ ਦੀ ਆਪਸੀ ਈਰਖਾ ਤੇ ਲਾਲਚੀ ਮਾਨਸਿਕਤਾ ਵਿਚੋਂ ਹੋਇਆ ਹੈ, ਜਿਸ ਦੇ ਵਜੂਦ ‘ਚ ਘੋਰ ਕਮੀਨਗੀ ਅਤੇ ਸੁਆਰਥ ਲੁਕਿਆ ਹੋਇਆ ਹੈ। ਲੋਕ ਅਜੇ ਵੀ ਇਸ ਮੂਰਖਾਨਾ ਸੋਚ ਦਾ ਸ਼ਿਕਾਰ ਹਨ ਕਿ ਸੋਨਾ ਅਤੇ ਚਾਂਦੀ ਦੌਲਤ ਹਨ ਤੇ ਇਸ ਲਈ ਸਭ ਤੋਂ ਫੌਰੀ ਕੰਮ ਇਹ ਸਮਝਿਆ ਗਿਆ ਹੈ ਕਿ ਹਰ ਥਾਂ ਇਸ ‘ਕੀਮਤੀ’ ਧਾਤ ਦੀ ਬਰਾਮਦ ਨੂੰ ਕੰਟਰੋਲ ਕੀਤਾ ਜਾਵੇ। ਕੌਮਾਂ ਇਕ-ਦੂਜੇ ਨਾਲ ਕਮੀਨਿਆਂ ਵਾਂਗ ਵਿਹਾਰ ਕਰਦੀਆਂ ਹਨ। ਆਪਣੀਆਂ ਦੋਹਾਂ ਕੱਛਾਂ ਵਿਚ ਨੋਟਾਂ ਦੇ ਬੈਗ ਘੁਟੀ ਗੁਆਂਢੀ ਨੂੰ ਈਰਖਾ ਅਤੇ ਬੇਭਰੋਸਗੀ ਨਾਲ ਵੇਖਦੀਆਂ ਹਨ। ਇਕ-ਦੂਜੇ ਨੂੰ ਭਰਮਾਉਣ ਦਾ ਹਰ ਸੰਭਵ ਢੰਗ ਵਰਤਿਆ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਨਗਦ ਵਪਾਰ ਨੂੰ ਸੰਭਵ ਬਣਾਇਆ ਜਾ ਸਕੇ। ਭ੍ਰਿਸ਼ਟਾਚਾਰ ਪੂੰਜੀਵਾਦ ਦੇ ਵਜੂਦ ਸਮੋਈ ਅਲਾਮਤ ਹੈ। ਕਿਉਂਕਿ ਸਮੁੱਚੇ ਸਮਾਜੀ ਅਤੇ ਰਾਜਸੀ ਤਾਣੇਬਾਣੇ ਨੂੰ ਕਾਇਮ ਰੱਖਣ ਲਈ ਜੋ ਰੋਲ ਪਹਿਲਾਂ ਸਰੀਰਕ ਬਲ ਅਤੇ ਫੌਜੀ ਤਾਕਤ ਨਿਭਾਉਂਦੀ ਸੀ, ਉਹੀ ਰੋਲ ਹੁਣ ਰਾਜ ਕਰਨ ਦੇ ਭ੍ਰਿਸ਼ਟ ਢੰਗ ਅਤੇ ਸਮਾਜੀ ਤੇ ਰਾਜਸੀ ਰੁਤਬਾ ਨਿਭਾਉਂਦਾ ਹੈ।’’
‘‘ਪੂੰਜੀਵਾਦੀ ਪ੍ਰਬੰਧ ਅਧੀਨ ਆਜ਼ਾਦ ਮੁਕਾਬਲਾ ਇਕ ਅਜਿਹੇ ਸਮਾਜ ਨੂੰ ਜਨਮ ਦਿੰਦਾ ਹੈ, ਜਿਥੇ ਹਰ ਕੋਈ ਆਪਣੇ ਨਿਜੀ ਸਵਾਰਥ ਲਈ ਕੰਮ ਕਰਦਾ ਹੈ, ਆਪਣੀ ਅਮੀਰੀ ਵਾਸਤੇ ਦੌੜ-ਭੱਜ ਕਰਦਾ ਹੈ ਅਤੇ ਇਹ ਗੌਰ ਬਿਲਕੁਲ ਨਹੀਂ ਕਰਦਾ ਕਿ ਦੂਜੇ ਕੀ ਕਰ ਰਹੇ ਹਨ! ਇਸ ਹਾਲਾਤ ਵਿਚ ਕਿਸੇ ਤਰਕਸੰਗਤ ਸਮਾਜੀ ਜਥੇਬੰਦੀ ਭਾਵ ਨੌਕਰੀਆਂ ਦੀ ਤਰਕਸੰਗਤ ਵੰਡ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਸ ਦੇ ਉਲਟ ਹਰ ਕੋਈ ਦੂਜੇ ਤੋਂ ਚੋਖਾ ਪ੍ਰਾਪਤ ਕਰਨਾ ਚਾਹੁੰਦਾ ਹੈ। ਹਰ ਕੋਈ ਆਪਣੇ ਨਿਜੀ ਹਿਤਾਂ ਲਈ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ। ਨਾ ਹੀ ਕਿਸੇ ਕੋਲ ਏਨਾ ਸਮਾਂ ਹੈ ਅਤੇ ਨਾ ਹੀ ਇਹ ਦ੍ਰਿਸ਼ਟੀਕੋਣ ਕਿ ਉਹ ਇਹ ਸੋਚ ਸਕੇ ਕਿ ਅਸਲ ਵਿਚ ਉਸ ਦੇ ਆਪਣੇ ਹਿਤ, ਦੂਜੇ ਲੋਕਾਂ ਦੇ ਹਿਤਾਂ ਨਾਲ ਸਾਂਝੇ ਹਨ। ਹਰ ਪੂੰਜੀਪਤੀ ਦੂਜੇ ਪੂੰਜੀਪਤੀਆਂ ਨਾਲ ਲੜ ਰਿਹਾ ਹੈ। ਹਰ ਕਿਰਤੀ ਦੂਜੇ ਕਿਰਤੀਆਂ ਨਾਲ ਲੜ ਰਿਹਾ ਹੈ। ਪੂੰਜੀਪਤੀ ਕਿਰਤੀਆਂ ਵਿਰੁਧ ਲੜ ਰਹੇ ਹਨ। ਜਦੋਂ ਕਿ ਕਿਰਤੀਆਂ ਦੇ ਸਮੂਹਾਂ ਦੀ ਪੂੰਜੀਪਤੀਆਂ ਦੇ ਸਮੂਹਾਂ ਵਿਰੁਧ ਲੜਾਈ, ਉਨ੍ਹਾਂ ਦੀ ਆਪਣੀ ਹੋਂਦ ਲਈ ਲੋੜੀਂਦੀ ਹੈ। ਇਕ ਦੂਜੇ ਵਿਰੁਧ ਇਸ ਲੜਾਈ ਵਿਚ ਝੂਠ, ਬੇਈਮਾਨੀ, ਲੁਟ-ਖੋਹ, ਬੇਭਰੋਸਗੀ, ਈਰਖਾ ਦਾ ਬੋਲਬਾਲਾ ਅਤੇ ਮਾਨਸਿਕ ਪੀੜਾ ਪੂੰਜੀਵਾਦੀ ਸਮਾਜ ਦਾ ਤੱਤ ਹੈ।’’
‘‘ਬੇਲਗਾਮ ਪੂੰਜੀਵਾਦੀ ਅਰਥਚਾਰੇ (ਮੁਰਦਾ ਪੂੰਜੀ ‘ਤੇ ਆਧਾਰਿਤ ਅੰਨ੍ਹੀ ਮੰਡੀ) ਨੇ ਆਪਣਾ ਸਭ ਤੋਂ ਚੰਗਾ ਕੰਮ ਇਹ ਕੀਤਾ ਹੈ ਕਿ ਇਸ ਨੇ ਦੁਸ਼ਮਣੀ ਨੂੰ ਸਰਬਸੰਸਾਰੀ ਬਣਾ ਦਿਤਾ ਹੈ ਅਤੇ ਮਨੁੱਖ ਜਾਤੀ ਨੂੰ ਬਘਿਆੜਾਂ ਦੇ ਇਕ ਝੁੰਡ ਵਿਚ ਬਦਲ ਦਿੱਤਾ ਹੈ, ਜੋ ਇਕ-ਦੂਜੇ ਨੂੰ ਡਕਾਰ ਜਾਣਾ ਚਾਹੁੰਦੇ ਹਨ, ਕਿਉਂਕਿ ਹਰ ਇਕ ਦੇ ਹਿਤ ਬਾਕੀ ਸਾਰਿਆਂ ਵਾਲੇ ਹੀ ਹਨ। ਆਜ਼ਾਦ ਮੁਕਾਬਲੇ ਦਾ ਇਹੀ ਸਾਰ ਤੱਤ ਹੈ। ਪੂੰਜੀਵਾਦੀ ਅਰਥ ਸ਼ਾਸਤਰੀ ਆਜ਼ਾਦ ਮੁਕਾਬਲੇ ਨੂੰ ਮਨੁੱਖ ਜਾਤੀ ਦੀ ਉਚਤਮ ਇਤਿਹਾਸਕ ਪ੍ਰਾਪਤੀ ਕਹਿ ਕੇ ਵਡਿਆਉਂਦੇ ਹਨ ਅਤੇ ਇਸ ਲਈ ਉਹ ਡਾਰਵਿਨ ਦੀ ਮਿਸਾਲ ਦਿੰਦੇ ਹਨ ਕਿ ਉਸ ਨੇ ਇਹ ਸਾਬਤ ਕੀਤਾ ਹੈ ਕਿ ਆਜ਼ਾਦ ਮੁਕਾਬਲਾ ਹੋਂਦ ਲਈ ਸੰਘਰਸ਼ ਹੈ, ਪਰ ਇਹ ਮੂਰਖ ਅਰਥ ਸ਼ਾਸਤਰੀ ਇਹ ਨਹੀਂ ਜਾਣਦੇ ਕਿ ਇਹ ਸਾਬਤ ਕਰਕੇ ਡਾਰਵਿਨ ਨੇ ਮਨੁੱਖ ਜਾਤੀ ਅਤੇ ਆਪਣੇ ਦੇਸ਼ ਵਾਸੀਆਂ ਉਤੇ ਕਿੰਨਾ ਕਰੂਰ ਵਿਅੰਗ ਕੀਤਾ ਹੈ?’’…’’ਕਿਉਂਕਿ ਇਹ ਪਸੂ ਜਗਤ (ਜੰਗਲ ਰਾਜ) ਦਾ ਆਮ ਨੇਮ ਹੈ, ਜਦੋਂ ਕਿ ਸਮਾਜੀ ਪੈਦਾਵਾਰ ਦੀ ਸਿਰਫ ਸੁਚੇਤ ਜਥੇਬੰਦੀ ਹੀ, ਜਿਸ ਵਿਚ ਪੈਦਾਵਾਰ ਤੇ ਵੰਡ ਨੂੰ ਯੋਜਨਾਬਧ ਢੰਗ ਨਾਲ ਜਥੇਬੰਦ ਕੀਤਾ ਗਿਆ ਹੋਵੇ, ਮਨੁੱਖ ਜਾਤੀ ਨੂੰ ਬਾਕੀ ਦੇ ਪਸੂ ਜਗਤ ਨਾਲੋਂ ਉਚਾ ਚੁੱਕ ਸਕਦੀ ਹੈ। ਉਸ ਦਿਨ ਪਿਛੋਂ ਹੀ ਇਤਿਹਾਸ ਦਾ ਇਕ ਨਵਾਂ ਯੁਗ ਅਰੰਭ ਹੋਵੇਗਾ, ਜਿਸ ਦਿਨ ਮਨੁੱਖ ਜਾਤੀ ਖੁਦ ਆਪਣੇ ਸਾਰੇ ਅਮਲਾਂ ਵਿਚ ਇਸ ਯੋਜਨਾਬੰਦੀ ਨੂੰ ਲਾਗੂ ਕਰੇਗੀ।’’
ਏਂਗਲਜ ਨੇ ਇਹ ਵੀ ਲਿਖਿਆ ਹੈ, ‘‘ਪੂੰਜੀਵਾਦ ਦਾ ਅੰਤਿਮ ਨਿਸ਼ਾਨਾ ਹਜ਼ਾਰਾਂ ਸਾਲਾਂ ਵਿਚ ਵਿਕਸਿਤ ਹੋਏ ਸਾਂਝੇ ਪਰਿਵਾਰਾਂ ਦਾ ਖਾਤਮਾ ਕਰਨਾ ਹੈ। ਇਸ ਨੂੰ ਪੂਰਾ ਕਰਨ ਲਈ ਇਹ ਆਪਣੀ ਖੂਬਸੂਰਤ ਖੋਜ ਕਾਰਖਾਨੇਦਾਰੀ ਨੂੰ ਵਰਤਦਾ ਹੈ। ਕਾਰਖਾਨੇਦਾਰੀ ਸਾਂਝੇ ਹਿਤਾਂ ਦੀ ਆਖਰੀ ਰਹਿੰਦ ਖੂੰਹਦ, ਪਰਿਵਾਰ ਦੀ ਮਾਲਕੀ ਵਾਲੀਆਂ ਵਸਤਾਂ ਦੀ ਸਾਂਝ ਨੂੰ ਵੀ ਦਰੜ ਦਿੰਦੀ ਹੈ। ਬੱਚਿਆਂ ਵਿਚ ਇਹ ਰੁਝਾਨ ਆਮ ਵਿਕਸਿਤ ਹੋ ਜਾਂਦਾ ਹੈ ਕਿ ਜਦੋਂ ਹੀ ਉਹ ਕੰਮ ਕਰਨ ਦੇ ਯੋਗ ਹੁੰਦੇ ਹਨ ਭਾਵ ਜਦੋਂ ਹੀ ਉਹ 15-16 ਸਾਲ ਦੀ ਉਮਰ ਨੂੰ ਪਹੁੰਚਦੇ ਹਨ, ਉਹ ਆਪਣੀ ਕਮਾਈ ਨੂੰ ਖੁਦ ਖਰਚਣ ਵਾਸਤੇ ਆਪਣੇ ਮਾਪਿਆਂ ਦੇ ਘਰ ਨੂੰ ਰਹਿਣ-ਬਸੇਰਾ ਸਮਝਣ ਲੱਗ ਪੈਂਦੇ ਹਨ ਅਤੇ ਭੋਜਨ ਤੇ ਰਹਿਣ ਦੇ ਖਰਚੇ ਵਜੋਂ ਇਕ ਨਿਸ਼ਚਿਤ ਰਕਮ ਆਪਣੇ ਮਾਪਿਆਂ ਨੂੰ ਦੇ ਕੇ ਬਾਕੀ ਬਚੀ ਸਾਰੀ ਰਕਮ ਆਪ ਖਰਚਣ ਦੀ ਆਜ਼ਾਦੀ ਮਾਣਨਾ ਚਾਹੁੰਦੇ ਹਨ। ਪੂੰਜੀਵਾਦੀ ਬੇਲਗਾਮ ਮੰਡੀ ਅਤੇ ਸਭਿਆਚਾਰ ਦਾ ਸਿੱਟਾ ਇਹੀ ਨਿਕਲ ਸਕਦਾ ਹੈ। ਇਕ ਵਾਰ ਜੇ ਨੇਮ ਬਣ ਗਿਆ ਤਾਂ ਅਰਥਸ਼ਾਸਤਰੀ ਚਾਹੇ ਜਾਂ ਨਾ, ਪਰ ਇਹ ਆਪਣੇ ਹੀ ਵੇਗ ਨਾਲ ਚਲਦਾ ਹੈ।’’
ਮਾਰਕਸ ਅਨੁਸਾਰ ‘‘ਪੂੰਜੀਵਾਦੀ ਦੌਰ ਵਿਚ ਪੈਸਾ ਮਨੁੱਖ ਦਾ ‘ਰੱਬ’ ਬਣ ਗਿਆ ਹੈ। ਪੈਸੇ ਨੇ ਮਨੁੱਖੀ ਮਨ ਵਿਚ ਰੱਬੀ ਹਸਤੀ ਦੇ ਬਣੇ ਸਾਰੇ ਸੰਕਲਪਾਂ ਨੂੰ ਬੌਣੇ ਕਰ ਦਿਤਾ ਹੈ ਅਤੇ ‘ਰੱਬ’ ਨੂੰ ਇਕ ਵਿਕਾਊ ਜਿਣਸ ਵਿਚ ਬਦਲ ਦਿੱਤਾ ਹੈ। ਸਾਰੇ ਮਨੁੱਖੀ ਰਿਸ਼ਤਿਆਂ ਦਾ ਆਧਾਰ ਬਣ ਕੇ ਪੈਸੇ ਨੇ ਸਗਲ ਸੰਸਾਰ ਦੇ ਮਨੁੱਖੀ ਮਨਾਂ ਨੂੰ ਕਾਬੂ ਕਰ ਲਿਆ ਹੈ। ਮਨੁੱਖ ਦੇ ਨਾਲ ਸਰਬਸ਼ਕਤੀਮਾਨ ਕੁਦਰਤ-ਦੋਹਾਂ ਤੋਂ ਉਸ ਦਾ ਅਸਲੀ ਤੱਤ ਖੋਹ ਲਿਆ ਹੈ। ਪੈਸਾ ਮਨੁੱਖ ਦੀ ਹੋਂਦ ਅਤੇ ਉਸ ਦੀ ਕਿਰਤ ਦਾ ਪਰਾਇਆ ਤੱਤ ਹੈ, ਪਰ ਇਹੋ ਤੱਤ ਉਸ ਉਤੇ ਭਾਰੂ ਹੋ ਗਿਆ ਹੈ। ਦਰਅਸਲ ਹੁਣ ਲੈਣ-ਦੇਣ ਦਾ ਧੰਦਾ ਹੀ ਮਨੁੱਖ ਦਾ ਅਸਲੀ ਰੱਬ ਬਣ ਗਿਆ ਹੈ। ਨਿਜੀ ਜਾਇਦਾਦ ਅਤੇ ਪੈਸੇ ਦੇ ਗਲਬੇ ਅਧੀਨ ਸਰਬਸ਼ਕਤੀਮਾਨ ਕੁਦਰਤ ਬਾਰੇ ਬਣਿਆ ਮਨੁੱਖੀ ਦ੍ਰਿਸ਼ਟੀਕੋਣ, ਅਸਲ ਵਿਚ ਕੁਦਰਤ ਪ੍ਰਤੀ ਨਫਰਤ ਤੇ ਅਮਲ ਵਿਚ ਇਸ ਪ੍ਰਤੀ ਜਹਾਲਤ ਪੈਦਾ ਕਰਦਾ ਹੈ। ਮਨੁੱਖੀ ਅਤੇ ਪਰਿਵਾਰਕ ਰਿਸ਼ਤਿਆਂ ਵਿਚੋਂ ਮਨੁੱਖੀ ਜਜ਼ਬਿਆਂ ਨੂੰ ਖਤਮ ਕਰਕੇ ਪੂੰਜੀਵਾਦ ਨੇ ਇਨ੍ਹਾਂ ਨੂੰ ਸਿਰਫ ਅਤੇ ਸਿਰਫ ਪੈਸੇ ਦੇ ਲੈਣ-ਦੇਣ ਦੇ ਰਿਸ਼ਤਿਆਂ ਤਕ ਸੀਮਤ ਕਰ ਦਿਤਾ ਹੈ।’’
ਬਿਨਾ ਸ਼ੱਕ ਸਾਮਰਾਜੀ ਆਰਥਕ ਤੇ ਸਮਾਜੀ-ਸਭਿਆਚਾਰਕ ਰਿਸ਼ਤਿਆਂ ਨੇ ਹਜ਼ਾਰਾਂ ਸਾਲਾਂ ਵਿਚ ਵਿਕਸਿਤ ਹੋਏ ਮਨੁੱਖੀ ਜਜ਼ਬੇ ਅਤੇ ਰਿਸ਼ਤੇ ਦਹਾਕਿਆਂ ਵਿਚ ਕੌਡੀਓਂ ਖੋਟੇ ਕਰ ਦਿੱਤੇ ਹਨ। ਅਜੋਕਾ ਸਾਮਰਾਜੀ ਸੰਸਾਰ ਪ੍ਰਬੰਧ ਮਹਿਜ ਵਹਿਸ਼ੀ ਲੁੱਟ ਦਾ ਇਕ ਸੰਦ ਹੈ, ਜੋ ਹੱਥੀਂ ਕਿਰਤ ਤੋਂ ਟੁੱਟੇ ਵਿਹਲੜ ਸਭਿਆਚਾਰ ਦਾ ਜਨਕ ਹੈ, ਜਿਸ ਨੇ ਪਰਾਈ ਕਿਰਤ ‘ਤੇ ਪਲਣ ਵਾਲੇ ਪਰਜੀਵੀ, ਨਸ਼ੇੜੀ, ਜੂਏਬਾਜ ਪੈਦਾ ਕੀਤੇ ਹਨ। ਇਹ ਵੇਸਵਾਗਿਰੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਮਨੁੱਖੀ ਪਰਿਵਾਰਕ ਅਤੇ ਸਮਾਜੀ ਰਿਸ਼ਤਿਆਂ ਨੂੰ ਤੋੜਦਾ ਹੈ। ਇਸੇ ਕਾਰਨ ਮਨੁੱਖ ਜਾਤੀ ਵਿਚ ਦਿਨੋ ਦਿਨ ਵਧ ਰਹੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੀ ਹੈ। ਇਸ ਨੇ ਔਰਤ ਵੇਸਵਾਗਿਰੀ ਦੇ ਨਾਲ ਮਰਦ ਵੇਸਵਾਗਿਰੀ ਅਤੇ ਸਮਲਿੰਗੀ ਰਿਸ਼ਤਿਆਂ ਨੂੰ ਵੀ ਉਤਸ਼ਾਹਿਤ ਕੀਤਾ ਹੈ।
ਇਹ ਸਭ ਪੂੰਜੀਵਾਦੀ ਆਰਥਕ ਰਿਸ਼ਤਿਆਂ ਦੇ ਆਉਣ ਨਾਲ ਹੋ ਰਹੀਆਂ ਸੁਭਾਵਿਕ ਤਬਦੀਲੀਆਂ ਦਾ ਸਿੱਟਾ ਨਹੀਂ, ਸਗੋਂ ਸਾਮਰਾਜੀ-ਪੂੰਜੀਵਾਦੀ ਵਿਕਾਸ ਦੀਆਂ ਅਲਾਮਤਾਂ ਹਨ। ਦੁਨੀਆਂ ਭਰ ਵਿਚ ਵੱਡੀ ਪੱਧਰ ‘ਤੇ ਹੋ ਰਿਹਾ ਪਰਵਾਸ ਅਤੇ ਆਵਾਸ ਸਹਿਜ ਮਨੁੱਖੀ ਜ਼ਿੰਦਗੀ ਦੀ ਰਵਾਨੀ ਦਾ ਸਿੱਟਾ ਨਹੀਂ, ਸਗੋਂ ਅੰਨ੍ਹੀ ਸਾਮਰਾਜੀ ਅਨਾਰਕੀ ਦੀ ਦੇਣ ਹੈ। ਸੰਸਾਰ ਭਰ ਵਿਚ ਜਰਖੇਜ ਜ਼ਮੀਨ ਦਾ ਜ਼ਹਿਰੀ ਹੋਣਾ, ਪਾਣੀ ਦਾ ਪੀਣਯੋਗ ਨਾ ਰਹਿਣਾ, ਚੌਗਿਰਦੇ ਦਾ ਪਲੀਤ ਹੋਣਾ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਤੇ ਮਾਨਸਿਕ ਤਣਾਅ ਜਿਹੇ ਸਾਰੇ ਰੋਗ ਇਸੇ ਸਾਮਰਾਜੀ ਵਿਕਾਸ ਦੀ ਦੇਣ ਹਨ।
ਮਾਰਕਸ-ਏਂਗਲਜ ਦੇ ਸੁਝਾਏ ਰਾਹ ਅਨੁਸਾਰ ਅਜੋਕੇ ਸਾਮਰਾਜੀ ਦੌਰ ਦੀ ਬੇਲਗਾਮ ਮੰਡੀ ਦੀਆਂ ਸਾਰੀਆਂ ਅਲਾਮਤਾਂ ਦਾ ਇਕੋ-ਇਕ ਹੱਲ ਯੋਜਨਾਬੱਧ ਵਿਕਾਸ ਹੈ। ਇਸ ਦਿਸ਼ਾਹੀਣ ਮੰਡੀ ਦੀ ਥਾਂ ਮਨੁੱਖ ਜਾਤੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕੀਤੀ ਗਈ ਸੁਚੇਤ ਯੋਜਨਾਬੰਦੀ ਹੀ ਅੱਜ ਮਨੁੱਖੀ ਵਿਕਾਸ ਨੂੰ ਸਹੀ ਦਿਸ਼ਾ ਦੇ ਸਕਦੀ ਹੈ, ਪਰ ਜੇ ਸਾਮਰਾਜੀਆਂ ਦੀ ਮੁਨਾਫੇ ਦੀ ਹਾਬੜ ਭਾਵ ਮੁਰਦਾ ਪੂੰਜੀ ਦਾ ਪਸਾਰਾ ਕੰਕਰੀਟ ਦੇ ਜੰਗਲ ਖੜ੍ਹੇ ਕਰ ਕੇ, ਸਮਾਰਟ ਫੋਨ ਵੇਚ ਕੇ, ਵੱਡੀਆਂ ਵੱਡੀਆਂ ਕਾਰਾਂ ਵੇਚ ਕੇ, ਜੂਆ ਖਿਡਾ ਕੇ ਜਾਂ ਵੇਸਵਾਗਿਰੀ ਲਈ ਚਾਹਤ ਪੈਦਾ ਕਰਕੇ, ਕਾਮ ਭੜਕਾਊ ਫਿਲਮਾਂ ਬਣਾ ਕੇ, ਲੋਕਾਂ ਨੂੰ ਜੰਕ ਫੂਡ ਖੁਆ ਕੇ ਪੂਰਾ ਹੁੰਦਾ ਹੋਵੇ ਤਾਂ ਉਨ੍ਹਾਂ ਨੂੰ ਕੀ ਲੋੜ ਹੈ ਕਿ ਉਹ ਅਰਬਾਂ ਗਰੀਬ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵਸਤਾਂ ਬਣਾਉਣ। ਬੇਸ਼ਕ ਇਹ ਕੁਝ ਕਰਦਿਆਂ ਕੁਦਰਤੀ ਵਾਤਾਵਰਣ ਵਿਗੜ ਜਾਏ, ਲੋਕਾਈ ਦੀ ਬੁਨਿਆਦੀ ਲੋੜ ਧਰਤੀ-ਹਵਾ-ਪਾਣੀ ਜ਼ਹਿਰੀ ਹੋ ਜਾਏ, ਭਾਵੇਂ ਕਰੋੜਾਂ ਲੋਕ ਅਜਿਹੀ ਬੇਰਸ ਜ਼ਿੰਦਗੀ ਤੋਂ ਬਦਜਨ ਹੋ ਕੇ ਘੋਰ ਨਿਰਾਸ਼ਾ ਤੇ ਉਦਾਸੀ ਦਾ ਸ਼ਿਕਾਰ ਹੋ ਜਾਣ, ਭਾਵੇਂ ਕਰੋੜਾਂ ਲੋਕ ਕੈਂਸਰ, ਸ਼ੂਗਰ ਜਾਂ ਅਨੇਕ ਅਜਿਹੀਆਂ ਹੋਰ ਬਿਮਾਰੀਆਂ ਨਾਲ ਮਰ ਜਾਣ, ਪਰ ਜਿੰਨਾ ਚਿਰ ਉਨ੍ਹਾਂ ਦਾ ਮੁਨਾਫਾ ਵੱਧਦਾ ਰਹੇਗਾ, ਪੂੰਜੀਵਾਦੀ ਆਪਣੀ ਇਹ ਵਹਿਸ਼ਤ ਬੰਦ ਨਹੀਂ ਕਰਨਗੇ।
ਹੁਣ ਕਿਉਂਕਿ ਜਦੋਂ ਆਪਣੇ ਵਜੂਦ ਸਮੋਏ ਲੱਛਣਾਂ ਕਾਰਨ ਪੂੰਜੀਵਾਦੀ ਮੁਨਾਫੇ ਦਾ ਇਹ ਪਸਾਰਾ ਰੁਕ ਗਿਆ ਹੈ ਤਾਂ ਸਾਮਰਾਜੀ ਆਪਣੀਆਂ ਮੰਡੀਆਂ ਦੀ ਖੋਹ-ਖਿੰਝ ਲਈ ਮਨੁੱਖ ਜਾਤੀ ਨੂੰ ਤੀਜੀ ਸੰਸਾਰ ਜੰਗ ਵੱਲ ਧੱਕ ਰਹੇ ਹਨ। ਮਨੁੱਖ ਜਾਤੀ ਨੇ ਹੁਣ ਜੇ ਆਪਣੀ ਹੋਂਦ ਕਾਇਮ ਰੱਖਣੀ ਹੈ ਤਾਂ ਉਸ ਲਈ ਆਪਣਾ ਇਹ ਨਿਸ਼ਾਨਾ ਮਿਥਣਾ ਅਤੇ ਇਹ ਨਾਹਰੇ ਲਾਉਣੇ ਜਰੂਰੀ ਹਨ: ਆਜ਼ਾਦੀ, ਆਜ਼ਾਦੀ, ਆਜ਼ਾਦੀ! ਬ੍ਰਾਹਮਣਵਾਦੀ ਸੋਚ ਤੋਂ ਪੂਰਨ ਆਜ਼ਾਦੀ! ਜਾਤ-ਪਾਤੀ ਨਫਰਤ ਤੋਂ ਆਜ਼ਾਦੀ! ਧਾਰਮਿਕ ਨਫਰਤ ਤੋਂ ਆਜ਼ਾਦੀ! ਸਮਾਜੀ ਨਫਰਤ ਤੋਂ ਆਜ਼ਾਦੀ! ਸਾਮਰਾਜੀ ਪੂੰਜੀਵਾਦ ਤੋਂ ਆਜ਼ਾਦੀ! ਪੂੰਜੀ ਤੋਂ ਆਜ਼ਾਦੀ!