ਗੁਲਜ਼ਾਰ ਸਿੰਘ ਸੰਧੂ
ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਚੌਦਾਂ ਸਾਲ ਬਣਵਾਸ ਕੱਟਿਆ। ਮੈਂ ਉਸ ਤੋਂ ਪਹਿਲਾਂ 1998 ਦੇ ਅਪ੍ਰੈਲ ਮਹੀਨੇ ਹਫਤਾ ਭਰ ਉਸ ਦੀ ਮਹਿਮਾਨਨਵਾਜ਼ੀ ਮਾਣੀ ਹੈ। ਇਹ ਢੋਅ ਉਸ ਦੇ ਵੰਡ ਤੋਂ ਪਹਿਲਾਂ ਵਾਲੇ ਪਿੰਡ ਜਾਤੀ ਉਮਰਾ ਦੇ ਉਸ ਵੇਲੇ ਦੇ ਸਰਪੰਚ ਅਰਜਣ ਸਿੰਘ ਸਦਕਾ ਢੁਕਿਆ। ਉਹ ਨਵਾਜ਼ ਦੇ ਵਾਲਦ ਸਾਹਿਬ ਦਾ ਬਚਪਨ ਦਾ ਸਾਥੀ ਸੀ। ਕਰਨਲ ਪ੍ਰਤਾਪ ਸਿੰਘ ਗਿੱਲ ਨੇ ਇੱਕ ਅਸਥਾਈ ਜਿਹਾ ਭਾਰਤ-ਪਾਕਿ ਪਰਿਵਾਰ ਮਿਲਾਪ ਟਰੱਸਟ ਕਾਇਮ ਕਰਕੇ ਉਸ ਨੂੰ ਅਪਣੇ ਨਾਲ ਗੰਢ ਲਿਆ। ਪਾਕਿਸਤਾਨ ਜਾਣ ਵੇਲੇ ਅਸੀਂ 18 ਬੰਦੇ ਸਾਂ। ਟ੍ਰਿਬਿਊਨ ਵਾਲਾ ਪ੍ਰਭਜੋਤ ਸਿੰਘ ਸਾਡਾ ਅਣ-ਐਲਾਨਿਆ ਪੀ ਆਰ ਓ ਸੀ, ਮੇਰੀ ਪਤਨੀ ਸੁਰਜੀਤ ਕੌਰ ਸਾਡੀ ਫੋਟੋਗ੍ਰਾਫਰ ਤੇ ਮੈਂ ਸੰਯੋਜਕ। ਸਾਨੂੰ ਲਾਹੌਰ ਤੇ ਇਸਲਾਮਾਬਾਦ ਵਿਚ ਸਟੇਟ ਗੈਸਟ ਹਾਊਸਾਂ ਵਿਚ ਠਹਿਰਾਇਆ ਗਿਆ ਤੇ ਪੇਸ਼ਾਵਰ ਵਿਚ ਪੇਸ਼ਾਵਰ ਕੰਟੀਨੈਂਟਲ ਹੋਟਲ ਵਿਚ। ਸਾਨੂੰ ਏਅਰ ਕੰਡੀਸ਼ਨਡ ਬੱਸ ਮਿਲੀ ਹੋਈ ਸੀ ਜਿਸ ਵਿਚ ਆਲਮ ਲੁਹਾਰ ਦਾ ਗਾਉਣ ਸਦਾ ਲਗਾ ਰਹਿੰਦਾ ਸੀ। ਜੇ ਕਿਸੇ ਨੇ ਅਪਣੇ ਨਿੱਜੀ ਕੰਮ ਕਿਧਰੇ ਜਾਣਾ ਹੁੰਦਾ ਤਾਂ ਉਹਦੇ ਲਈ ਏ ਸੀ ਕਾਰਾਂ ਸਨ। ਅਸੀਂ ਉਨ੍ਹਾਂ ਦੇ ਦੌਲਤ ਖਾਨੇ ਜਾ ਕੇ ਪ੍ਰੀਤੀ ਭੋਜਨ ਵੀ ਕੀਤਾ ਤੇ ਰਾਇ ਵਿੰਡ ਜਾ ਕੇ ਉਨ੍ਹਾਂ ਦਾ 700 ਏਕੜ ਦਾ ਫਾਰਮ ਵੇਖਿਆ। ਜਾਤੀ ਉਮਰਾ ਦੇ ਸਰਪੰਚ ਅਰਜਣ ਸਿੰਘ ਨੂੰ ਸਾਰੇ ਬਾਪੂ ਕਹਿਣ ਲਗ ਪਏ ਤੇ ਸੁਰਜੀਤ ਨੂੰ ਕੈਮਰੇ ਵਾਲੀ ਬੀਬੀ।
ਦੌਲਤ ਖਾਨੇ ਵਿਚ ਪ੍ਰੀਤੀ ਭੋਜਨ ਕਰਨ ਤੋਂ ਪਹਿਲਾਂ ਕੋਠੀ ਦੇ ਲਾਅਨ ਵਿਚ ਮਨ ਪਸੰਦ ਜੂਸ ਪੀਂਦਿਆਂ ਸਾਡੀ ਮੁਲਾਕਾਤ ਨਵਾਜ਼ ਦੇ ਪਿਤਾ ਨਾਲ ਹੋਈ। ਉਹ ਅਰਜਣ ਸਿੰਘ ਤੋਂ ਅਪਣੇ ਪਿੱਛੇ ਰਹਿ ਗਏ ਪਿੰਡ ਦੇ ਇੱਕ ਇੱਕ ਜੀਅ ਦਾ ਹਾਲ ਪੁਛ ਰਹੇ ਸਨ। ਭੋਜਨ ਕਰਨ ਲਈ ਦਲਾਨ ਵਿਚ ਵਿਛੀਆਂ ਦੁਧ ਚਿੱਟੀਆਂ ਚਾਦਰਾਂ ਉਤੇ ਚੌਕੜੀ ਮਾਰ ਕੇ ਬੈਠੇ ਤਾਂ ਮੀਟ, ਕਬਾਬ, ਸਬਜ਼ੀ, ਦਾਲਾਂ ਤੇ ਰੁਮਾਲੀ ਰੋਟੀਆਂ ਆਊਣ ਲੱਗੀਆਂ। ਖਾਣਾ ਖਤਮ ਹੁੰਦੇ ਸਾਰ ਨਵਾਜ਼ ਸ਼ਰੀਫ ਦੀ ਗੋਦ ਵਿਚ ਇਕ ਗੋਲ ਮਟੋਲ ਬਾਲੜੀ ਆ ਬੈਠੀ ਤਾਂ ਅਰਜਣ ਸਿੰਘ ਨੇ ਡੱਬ ਵਿਚੋਂ ਨੋਟਾਂ ਦੀ ਦੱਥੀ ਕਢ ਲਈ। ਨਵਾਜ਼ ਨੇ ਇੱਕ ਨੋਟ ਚੁੱਕ ਕੇ ਅਪਣੀ ਇਸ ਦੋਹਤਰੀ ਨੂੰ ਫੜਾ ਦਿੱਤਾ। ਬਾਹਰ ਨਿਕਲਣ ਸਮੇਂ ਜਦੋਂ ਘਰ ਦੀਆਂ ਸੁਆਣੀਆਂ ਬਾਪੂ ਨੂੰ ਮਿਲਣ ਆਈਆਂ ਤਾਂ ਉਸ ਨੇ ਉਨ੍ਹਾਂ ਦੇ ਸਿਰ ਉਤੇ ਵੀ ਉਸੇ ਤਰ੍ਹਾਂ ਪਿਆਰ ਦਿੱਤਾ ਜਿਵੇਂ ਪਹਿਲੀ ਮਿਲਣੀ ਸਮੇਂ ਨਵਾਜ ਨੂੰ ਦਿੱਤਾ ਸੀ। ਕੇਵਲ ਏਨਾ ਫਰਕ ਸੀ ਕਿ ਉਦੋਂ ਸੁਰਜੀਤ ਨੇ ਬਾਪੂ ਤੇ ਨਵਾਜ਼ ਦੀ ਤਸਵੀਰ ਲਈ ਸੀ ਜਿਹੜੀ ਹੁਣ ਨਹੀਂ ਸੀ ਲੈ ਸਕਦੀ। ਉਨ੍ਹਾਂ ਦੇ ਰੀਤੀ ਰਿਵਾਜ ਆਗਿਆ ਨਹੀਂ ਸਨ ਦਿੰਦੇ।
ਸ਼ਰੀਫ ਪਰਿਵਾਰ ਨੇ ਰਾਇ ਵਿੰਡ ਵਾਲੇ ਫਾਰਮ ਨੂੰ ਮੈਡੀਕਲ ਸਿਟੀ ਵਜੋਂ ਸਥਾਪਤ ਕੀਤਾ ਹੋਇਆ ਸੀ। ਦਵਾ ਦਾਰੂ ਕਰਨ ਦੇ ਨਾਲ ਨਾਲ ਏਥੇ ਟੈਕਨੀਕਲ ਟਰੇਨਿੰਗ ਦੇਣ ਦਾ ਵੀ ਪ੍ਰਬੰਧ ਸੀ ਤੇ ਵਧੀਆ ਪਬਲਿਕ ਸਕੂਲ ਵੀ। ਸਾਰੇ ਕੰਪਲੈਸ ਨੂੰ ਨਿਊ ਜਾਤੀ ਉਮਰਾ ਦਾ ਨਾਂ ਦਿੱਤਾ ਗਿਆ ਸੀ ਜਿਥੇ ਇੱਕ ਵਧੀਆ ਮਸਜਿਦ ਵੀ ਦੇਖੀ ਜਾ ਸਕਦੀ ਸੀ। ਇਹ ਸਭ ਕੁਝ ਤਰਨ ਤਾਰਨ ਵਾਲੇ 600 ਦੀ ਆਬਾਦੀ ਵਾਲੇ ਨਿੱਕੇ ਜਾਤੀ ਉਮਰਾ ਨਾਲੋਂ, ਜਿਸ ਦਾ ਡਾਕ ਘਰ ਵੀ ਖਾਸ ਹੋਣ ਦੀ ਥਾਂ ਤਖਤੂ ਚੱਕ ਪੈਂਦਾ ਸੀ, ਬਹੁਤ ਭਿੰਨ ਸੀ। ਅਰਜਣ ਸਿੰਘ ਏਥੋਂ ਦੇ ‘ਕੱਲੇ ਕੱਲੇ’ ਕਮਰੇ ਤੇ ਕੋਨੇ ਨੂੰ ਵੇਖ ਕੇ ਖੁਸ਼ ਹੋ ਰਿਹਾ ਸੀ। ਸਕੂਲ ਤੇ ਹਸਪਤਾਲ ਦੀ ਫੇਰੀ ਤੋਂ ਪਿੱਛੋਂ ਸਾਰੀ ਦੀ ਸਾਰੀ ਟੀਮ ਨੂੰ ਫਾਰਮ ਦੀ ਸੈਰ ਕਰਵਾਈ ਜਾਣੀ ਸੀ। ਬਾਪੂ ਪਹਿਲਾਂ ਵਾਂਗ ਹੀ ਬੱਸ ਦੀਆਂ ਰਾਡਾਂ ਨੂੰ ਹੱਥ ਪਾ ਕੇ ਤੇ ਆਪਣੇ ਖੂੰਡੇ ਦਾ ਸਹਾਰਾ ਲੈ ਕੇ ਬੱਸ ਵਿਚ ਚੜ੍ਹਟ ਲੱਗਿਆ ਤਾਂ ਪਿੱਛੋਂ ਦੀ ਆਵਾਜ਼ ਨੇ ਉਸ ਨੂੰ ਥੱਲੇ ਲਾਹ ਲਿਆ। ਪਾਰਕ ਦੀ ਸੈਰ ਬੱਸ ਵਿਚ ਨਹੀਂ ਸਗੋਂ ਬੱਘੀਆਂ ਵਿਚ ਕਰਨੀ ਸੀ। ਅਸੀਂ ਵੇਖਿਆ ਕਿ ਸੱਤ ਬੱਘੀਆਂ ਕੰਪਲੈਕਸ ਵਿਚ ਬਣੀ ਮਸਜਦ ਵੱਲ ਨੂੰ ਤੁਰੀਆਂ ਆ ਰਹੀਆਂ ਹਨ। ਚਾਰ ਚਾਰ ਕਰਕੇ ਸਾਰੇ ਪੰਜਾਬੀ ਪਰਾਹੁਣੇ ਬੱਘੀਆਂ ਵਿਚ ਬੈਠ ਗਏ। ਕੰਪਲੈਕਸ ਵਿਚ ਕਿਹੜੀ ਚੀਜ਼ ਕਿੱਥੇ ਹੈ ਤੇ ਕਿਹੜੀ ਫ਼ਸਲ ਕਦੋਂ ਕੱਟੀ ਜਾਣੀ ਹੈ, ਇਹ ਵੇਰਵਾ ਦੇਣ ਲਈ ਬੱਘੀ ਵਾਲੇ ਸਿਖਾਏ ਹੋਏ ਸਨ। ਮੌਸਮ ਵੀ ਬਹੁਤ ਚੰਗਾ ਸੀ। ਸਭ ਨੂੰ ਬੜਾ ਮਜ਼ਾ ਆਇਆ। ਇਸ ਤੋਂ ਪਹਿਲਾਂ ਸਾਡੇ ਟੋਲੇ ਵਿਚ ਪੰਜਾਬ ਦਾ ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ, ਪੰਜਾਬੀ ਸਭਿਆਚਾਰ ਦਾ ਮੁਜੱਸਮਾ ਜਗਦੇਵ ਸਿੰਘ ਜੱਸੋਵਾਲ, ਤੇ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਵੀ ਆ ਰਲੇ ਸਨ।
ਹੁਣ ਤਕ ਕਰਨਲ ਪ੍ਰਤਾਪ ਸਿੰਘ ਤੇ ਅਰਜਣ ਸਿੰਘ ਹੀ ਨਹੀਂ ਸਗੋਂ ਨਵਾਜ਼ ਸ਼ਰੀਫ ਦੇ ਪਿਤਾ ਵੀ ਸਵਰਗਵਾਸ ਹੋ ਚੁੱਕੇ ਹਨ ਪਰ ਪਿੱਛੇ ਰਹਿ ਗਏ ਹਰ ਪ੍ਰਾਣੀ ਦੀ ਦਿਲੀ ਇੱਛਾ ਇਹੀਓ ਹੋਵੇਗੀ ਕਿ ਅਪਣੇ ਨਵੇਂ ਅਵਤਾਰ ਵਿਚ ਨਵਾਜ਼ ਸ਼ਰੀਫ ਉਹ ਕੁਝ ਨਾ ਹੋਣ ਦੇਵੇ ਜੋ ਉਸ ਦੇ ਬਣਵਾਸ ਕਾਲ ਵਿਚ ਹੁੰਦਾ ਰਿਹਾ ਹੈ। ਮੁੰਬਈ ਤੇ ਕਾਰਗਿਲ ਵਰਗੀਆਂ ਕਰਤੂਤਾਂ ਨੂੰ ਨੱਥ ਪਾਉਣ ਦਾ ਐਲਾਨ ਤਾਂ ਉਸ ਨੇ ਖੁਦ ਹੀ ਕੀਤਾ ਹੈ, ਕਿਸੇ ਓਸਾਮਾ ਬਿਨ ਲਾਦਨ ਨੂੰ ਵੀ ਪਾਕਿਸਤਾਨ ਦੀ ਮਿੱਟੀ ਵਿਚ ਤੰਬੂ ਗਡਣ ਤੋਂ ਰੋਕਣਾ ਪਵੇਗਾ ਤਾਂ ਕਿ ਅਮਰੀਕਾ ਵਰਗੇ ਡਰੋਨ ਹਮਲਿਆਂ ਲਈ ਰਾਹ ਨਾ ਖੁੱਲ੍ਹੇ। ਪਾਕਿਸਤਾਨ ਵਿਚਲੀ ਵਰਤਮਾਨ, ਗਰੀਬੀ, ਬੇਰੋਜ਼ਗਾਰੀ, ਮਹਿੰਗਾਈ, ਰਾਜਨੀਤਕ ਅਸਥਿਰਤਾ ਤੇ ਆਰਥਕ ਮੰਦਹਾਲੀ ਚੰਗੇ ਨਤੀਜਿਆਂ ਦੇ ਰਾਹ ਵਿਚ ਰੋੜਾ ਤਾਂ ਬਣੇਗੀ ਪਰ ਆਮ ਜਨਤਾ ਦੇ ਰੁਝਾਨ ਤੋਂ ਜਾਪਦਾ ਹੈ, ਲੋਕਾਂ ਦਾ ਹੁੰਗਾਰਾ ਮਿਲਦਾ ਰਹੇਗਾ। ਇਸ ਰੁਝਾਨ ਦਾ ਲਾਭ ਲੈਣ ਦੀ ਲੋੜ ਹੈ। ਪਾਕਿ ਸੈਨਾ ਨੂੰ ਪੁਚਕਾਰਨ ਤੇ ਨਿਆਂ ਪ੍ਰਣਾਲੀ ਨੂੰ ਮੱਤਾਂ ਦੇਣ ਦੀ ਵੀ।
ਉਸ ਦੇ ਜੱਦੀ ਪਿੰਡ ਜਾਤੀ ਉਮਰਾ ਦੀਆਂ ਵਧਾਈਆਂ ਤੇ ਢੋਲ ਢਮੱਕੇ ਨੂੰ ਤਦ ਹੀ ਬੂਰ ਪਵੇਗਾ ਜੇ ਉਸ ਦੇ ਵਿਛੜੇ ਪਿੰਡ ਤੇ ਵਿਛੜੇ ਦੇਸ ਦੇ ਵਸਨੀਕ ਉਸ ਦੇ 15 ਸਾਲ ਪਹਿਲਾਂ ਵਾਲੇ ਦੌਲਤ ਖਾਨੇ ਤੇ ਫਾਰਮ ਦੀ ਮਹਿਮਾਨ ਨਵਾਜੀ ਉਦੋਂ ਤੋਂ ਚੰਗੀ ਨਹੀਂ ਤਾਂ ਘੱਟੋ ਘੱਟ ਉਦੋਂ ਵਰਗੀ ਤਾਂ ਮਾਣ ਸਕਣ। ਇਹ ਦੱਸਣ ਦੀ ਲੋੜ ਨਹੀਂ ਮੈਂ ਤੇ ਮੇਰੀ ਬੀਵੀ ਤਾਂ ਭੱਜੇ ਆਵਾਂਗੇ। ਹੈ ਕੋਈ ਜਾਤੀ ਉਮਰਾ ਤੋਂ ਸੁਣਨ ਵਾਲਾ?
ਅੰਤਿਕਾ:(ਆਜਾਦੀ ਪਿੱਛੋਂ ਕਰਵਾਏ ਗਏ ਪਹਿਲੇ ਮੁਸ਼ਾਇਰੇ ਵਿਚ ਪੰਡਤ ਨਹਿਰੂ ਦੇ ਨਿੱਜੀ ਬੁਲਾਵੇ ‘ਤੇ ਆਏ ਚਿਰਾਗ਼ ਦੀਨ ਉਰਫ ਉਸਤਾਦ ਦਾਮਨ ਦੀ ਕਵਿਤਾ)
ਇਨ੍ਹਾਂ ਅਜ਼ਾਦੀਆਂ ਹੱਥੋਂ ਬਰਬਾਦ ਹੋਣਾ
ਹੋਏ ਤੁਸੀਂ ਵੀ ਓ ਹੋਏ ਅਸੀਂ ਵੀ ਆਂ।
ਜੀਊਂਦੀ ਜਾਗਦੀ ਮੌਤ ਦੇ ਮੂੰਹ ਅੰਦਰ
ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ
ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ
ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ
ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।
Leave a Reply