ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ, “ਬੱਚਿਆਂ ਨੂੰ ਗੁਰੂ ਧਾਰ ਕੇ ਹੀ ਜੀਵਨ ਵਿਚ ਕੁਝ ਅਜਿਹਾ ਬਦਲਾਓ ਲਿਆ ਸਕਦੇ ਹਾਂ, ਜੋ ਜੀਵਨ ਨੂੰ ਸਹਿਜ, ਸੰਤੁਸ਼ਟੀ, ਸੰਤੋਖ, ਸਬਰ ਅਤੇ ਕੁਝ ਨਵਾਂ ਸਿੱਖਣ ਦੇ ਚਾਅ ਤੇ ਹੁਲਾਸ ਨਾਲ ਭਰ ਸਕਦਾ।”
ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਜੀਵਨ ਦੀਆਂ ਪਰਤਾਂ ਦੀ ਗੱਲ ਕੀਤੀ ਹੈ। ਮਾਂ ਦੀ ਗੱਲ ਕਰਦਿਆਂ ਉਹ ਕਹਿੰਦੇ ਹਨ, “ਹਰੇਕ ਦੀ ਦੇਖਭਾਲ ਤੇ ਖਿਆਲ ਰੱਖਣਾ ਅਤੇ ਆਪਣੇ ਆਪ ਨੂੰ ਸਭ ਤੋਂ ਅਖੀਰ ‘ਤੇ ਰੱਖਣਾ ਉਸ ਦਾ ਕਰਮ। ਇਹ ਕਰਮ ਉਸ ਦਾ ਜੀਵਨ ਧਰਮ। ਇਸ ਵਿਚੋਂ ਹੀ ਮਾਂ ਰੱਬ ਦਾ ਰੁਤਬਾ ਪ੍ਰਾਪਤ ਕਰਦੀ।” ਬੱਚੇ ਬਾਰੇ ਉਹ ਕਹਿੰਦੇ ਹਨ, “ਘਰ ਵਿਚ ਖੇਡਦਾ ਬੱਚਾ, ਬੱਚਾ ਸਭ ਤੋਂ ਪਹਿਲਾਂ। ਫਿਰ ਉਹ ਲੜਕਾ/ਲੜਕੀ ਹੁੰਦਾ। ਕਿਸੇ ਦਾ ਪੁੱਤਰ/ਧੀ, ਪੋਤਰਾ/ਪੋਤਰੀ ਜਾਂ ਦੋਹਤਰਾ/ਦੋਹਤਰੀ ਹੁੰਦਾ। ਕਿਸੇ ਦਾ ਭਤੀਜਾ/ਭਤੀਜੀ ਜਾਂ ਭਾਣਜਾ/ਭਾਣਜੀ ਹੁੰਦਾ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਮਨੁੱਖ, ਸਮਾਜਕ ਜੀਵ। ਸਮਾਜ ਵਿਚ ਰਹਿੰਦਿਆਂ, ਵੱਖ-ਵੱਖ ਰੂਪਾਂ ਵਿਚ ਜਿਉਂਦਾ। ਇਨ੍ਹਾਂ ਨੂੰ ਬਾਖੂਬੀ ਨਿਭਾਉਂਦਾ ਅਤੇ ਆਪਣੀ ਹੋਂਦ ਦਾ ਪੈਗਾਮ ਸਮਾਜਕ ਜ਼ਿੰਦਗੀ ਦੇ ਨਾਮ ਲਾਉਂਦਾ।
ਦਰਅਸਲ ਮਨੁੱਖ ਨੂੰ ਬਹੁਤ ਸਾਰੀਆਂ ਪਰਤਾਂ ‘ਚ ਜਿਉਣਾ ਪੈਂਦਾ, ਜੋ ਮਨੁੱਖੀ ਜ਼ਿੰਦਗੀ ਦਾ ਸੱਚ ਅਤੇ ਹਾਸਲ। ਹਰੇਕ ਪਰਤ ਨੂੰ ਪੂਰਨ ਨਿਸ਼ਠਾ ਤੇ ਸਮਰਪਣ ਨਾਲ ਜਿਉਂਦਿਆਂ ਇਸ ਦੀ ਸਾਰਥਕਤਾ ਨੂੰ ਨਵਾਂ ਅੰਜ਼ਾਮ ਦੇਣਾ ਮਨੁੱਖੀ ਫਿਤਰਤ ਬਣ ਜਾਵੇ ਤਾਂ ਜੀਵਨ ਨੂੰ ਨਵੀਂ ਬੁਲੰਦੀ ਮਿਲਦੀ।
ਬੰਦੇ ਲਈ ਪਰਤਾਂ ਵਿਚ ਜਿਉਣਾ ਇਸ ਲਈ ਲਾਜ਼ਮੀ, ਕਿਉਂਕਿ ਕਦੇ ਵੀ ਉਹ ਇਕਸਾਰ ਜ਼ਿੰਦਗੀ ਨਹੀਂ ਜੀਅ ਸਕਦਾ। ਇਕਸਾਰ ਜੀਵਨ ਵਾਲਿਆਂ ਦੀ ਜਿੰ.ਦਗੀ ਨੀਰਸ, ਜਦੋਂ ਕਿ ਸਰਬ-ਗੁਣੀ ਬੰਦਾ ਸਫਲਤਾ ਦੀ ਸਿਖਰ। ਜੀਵਨ ਵਿਚ ਮਨੁੱਖ ਦੇ ਬਹੁਤ ਸਾਰੇ ਰੋਲ। ਇਨ੍ਹਾਂ ਵਿਚਲੀ ਪਰਪੱਕਤਾ ਤੇ ਪੂਰਨਤਾ ਹੀ ਸੰਪੂਰਨਤਾ ਦਾ ਸਬਕ।
ਮਨੁੱਖ, ਸਮਾਜ ਦਾ ਇਕ ਅਹਿਮ ਹਿੱਸਾ। ਸਮਾਜਕ ਸਰੋਕਾਰਾਂ ਨੂੰ ਸਮਝਣਾ ਅਤੇ ਇਸ ਦੀ ਬਿਹਤਰੀ ਲਈ ਉਸਾਰੂ ਭੂਮਿਕਾ ਨਾਲ ਯੋਗਦਾਨ ਪਾਉਣਾ ਮਨੁੱਖੀ ਸੋਚ ਦਾ ਸੁੱਚਮ ਤੇ ਸਮੁੱਚ। ਸਮਾਜ ਨੂੰ ਕਿਵੇਂ ਬਿਹਤਰ ਬਣਾਉਣਾ, ਇਸ ਦੀਆਂ ਅਲਾਮਤਾਂ ਨੂੰ ਕਿਵੇਂ ਦੂਰ ਕਰਨਾ ਅਤੇ ਆਪਣੀ ਸਮਝ ਤੇ ਸਮਰੱਥਾ ਨਾਲ ਕਿਵੇਂ ਸਮਾਜ ਨੂੰ ਨਵੇਂ ਦਿਸਹੱਦੇ ਪ੍ਰਦਾਨ ਕਰਨੇ-ਸਮਾਜਕ ਪ੍ਰਾਣੀ ਦਾ ਮੁਢਲਾ ਫਰਜ। ਇਨ੍ਹਾਂ ਵਲੋਂ ਕੋਤਾਹੀ, ਮਨੁੱਖੀ ਬਰਬਾਦੀ ਦਾ ਕਾਰਨ ਅਤੇ ਸਮਾਜਕ ਹੋਂਦ ਦਾ ਜ਼ਰਜ਼ਰਾਪਣ। ਸਮਾਜ ਸੁੰਦਰ ਹੈ ਅਤੇ ਇਸ ਨੂੰ ਹੋਰ ਸੁੰਦਰ ਤੇ ਸਦੀਵ ਬਣਾਉਣਾ ਮਨੁੱਖ ਦਾ ਮੰਤਵ ਹੋ ਜਾਵੇ ਤਾਂ ਮਨੁੱਖੀ ਮਕਸਦ ਨੂੰ ਨਵੀਂ ਮੰਜ਼ਿਲ ਨਸੀਬ ਹੁੰਦੀ।
ਮਨੁੱਖ ਦੇ ਵੱਖ-ਵੱਖ ਰੰਗ ਜੀਵਨ ਨੂੰ ਖੂਬਸੂਰਤੀ ਬਖਸ਼ਦੇ। ਇਸ ਨੂੰ ਦਿਲਕਸ਼ ਅਤੇ ਸਜੀਵ ਬਣਾਉਣ ਵਿਚ ਵੱਡਾ ਯੋਗਦਾਨ ਪਾਉਂਦੇ। ਜੀਵਨ ਦੀ ਸਤਰੰਗੀ ਲਈ ਜਰੂਰੀ ਹੈ, ਜੀਵਨ ਵਿਚ ਵਰ੍ਹਦੀਆਂ ਬਾਰਸ਼-ਬੂੰਦਾਂ ਅਤੇ ਮਨ-ਅੰਬਰ ਵਿਚੋਂ ਝਰਦੀਆਂ ਕਿਰਨਾਂ। ਇਨ੍ਹਾਂ ਦੇ ਸੰਜੋਗ ਵਿਚੋਂ ਹੀ ਸਤਰੰਗੀ ਦੀ ਸਿਰਜਣਾ ਹੁੰਦੀ।
ਸਮਾਜ ਵਿਚ ਪਰਿਵਾਰ ਸਭ ਤੋਂ ਮਜ਼ਬੂਤ ਇਕਾਈ। ਇਸ ਵਿਚੋਂ ਹੀ ਸਮਾਜਕ ਰੰਗ, ਰੂਪ ਅਤੇ ਵਿਲੱਖਣਤਾ ਨੂੰ ਵੰਨਗੀ ਤੇ ਵੱਖਰਤਾ ਦਿਤੀ ਜਾ ਸਕਦੀ। ਪਰਿਵਾਰ ਵਿਚ ਰਹਿੰਦਿਆਂ ਬੰਦਾ ਬਹੁਤ ਸਾਰੇ ਰੂਪਾਂ ਵਿਚ ਆਪਣੀ ਜਿੰਮੇਵਾਰੀ ਤਾ-ਉਮਰ ਨਿਭਾਉਂਦਾ। ਘਰ ਦਾ ਵਡੇਰਾ, ਬਾਪ ਬਣ ਕੇ ਪਰਿਵਾਰ ਦੀ ਦੇਖਭਾਲ ਅਤੇ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਾ। ਪਰਿਵਾਰਕ ਜਿੰਮੇਵਾਰੀਆਂ ਦੇ ਨਾਲ ਸਮਾਜਕ ਜਿੰਮੇਵਾਰੀਆਂ, ਪਿਤਾ ਦੇ ਫਰਜ਼ਾਂ ਦੇ ਨਾਲ ਦਾਦੇ ਜਾਂ ਨਾਨੇ ਦਾ ਰੂਪ ਵੀ ਨਿਭਾਉਂਦਾ। ਉਹ ਪਤੀ ਵੀ ਹੁੰਦਾ ਅਤੇ ਇਸ ਦੇ ਇਨਸਾਫ ਲਈ ਪੂਰੀ ਤਨਦੇਹੀ ਨਾਲ ਸਮਰਪਿਤ ਹੁੰਦਾ। ਬਜੁਰਗ ਹੋਣ ਕਰਕੇ ਉਹ ਬੱਚਿਆਂ ਲਈ ਮਾਰਗ-ਦਰਸ਼ਕ ਤੇ ਸਲਾਹਕਾਰ ਵੀ। ਭਾਵੇਂ ਸਮੇਂ ਦੇ ਬਦਲਣ ਨਾਲ ਉਸ ਦੀਆਂ ਸਲਾਹਾਂ ਦੀ ਉਹ ਸਾਰਥਕਤਾ ਨਾ ਰਹੇ, ਜਿਸ ਨੂੰ ਮਨ ਵਿਚ ਰੱਖ ਕੇ ਉਹ ਆਪਣੀ ਰਾਏ ਬਣਾਉਂਦਾ ਅਤੇ ਬੱਚਿਆਂ ਨੂੰ ਇਸ ਰਾਹੇ ਤੁਰਨ ਦੀ ਜਾਚ ਸਿਖਾਉਂਦਾ। ਘਰ ਵਿਚ ਉਹ ਅਜਿਹਾ ਰੋਲ ਮਾਡਲ, ਜਿਸ ਤੋਂ ਸੁਚੇਤ ਤੇ ਅਚੇਤ ਰੂਪ ਵਿਚ ਨਵੀਂ ਪੀੜ੍ਹੀ ਬਹੁਤ ਕੁਝ ਸਿੱਖਦੀ। ਕਦੇ ਉਹ ਬੱਚਿਆਂ ਨੂੰ ਪੜ੍ਹਾਉਂਦਾ, ਖਿਡਾਉਂਦਾ, ਲਾਡ ਲਡਾਉਂਦਾ ਅਤੇ ਕਦੇ ਉਨ੍ਹਾਂ ਦੀਆਂ ਸ਼ਰਾਰਤਾਂ ਲਈ ਖੁਦ ਬੱਚਾ ਬਣਦਾ। ਬਜੁਰਗ ਕਹਾਣੀਆਂ ਵੀ ਸੁਣਾਉਂਦੇ ਅਤੇ ਆਪਣੀ ਜ਼ਿੰਦਗੀ ਦੀਆਂ ਪਰਤਾਂ ਫਰੋਲਦਿਆਂ ਜੀਵਨ-ਦੁਸ਼ਵਾਰੀਆਂ ਵਿਚੋਂ ਉਭਰਨ ਦਾ ਗੁਰ ਵੀ ਸਹਿਜੇ ਜਿਹੇ ਅਗਲੀ ਨਸਲ ਦੀ ਸੋਚ-ਜੂਹ ਵਿਚ ਧਰ ਦਿੰਦੇ। ਬੱਚਿਆਂ ਨੂੰ ਬੀਤੇ ਦੀਆਂ ਪਰੀ ਕਹਾਣੀਆਂ ਜਿਹੀਆਂ ਕਥਾਵਾਂ ‘ਤੇ ਹੈਰਾਨੀ ਵੀ ਹੁੰਦੀ, ਪਰ ਉਹ ਰਸ਼ਕ ਵੀ ਕਰਦੇ ਕਿ ਸਾਡੇ ਬਾਬਿਆਂ ਵਲੋਂ ਤੰਗੀਆਂ-ਤਲਖੀਆਂ ਵਿਚੋਂ ਉਭਰਨਾ ਅਤੇ ਆਪਣਾ ਸਥਾਨ ਨਿਸ਼ਚਿਤ ਕਰਨਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਵਡੇਰੇ ਬਹੁਤ ਸੁਚੇਤ ਹੁੰਦੇ, ਕਿਉਂਕਿ ਉਨ੍ਹਾਂ ਦੀਆਂ ਚੰਗੀਆਂ, ਮਾੜੀਆਂ ਆਦਤਾਂ, ਵਿਹਾਰ, ਬੋਲ ਜਾਂ ਵਰਤਾਰੇ ਦਾ ਕੋਰੀ ਸਲੇਟ ਜਿਹੇ ਬੱਚਿਆਂ ਦੇ ਮਨ ‘ਤੇ ਅਮਿੱਟ ਪ੍ਰਭਾਵ ਪੈਂਦਾ। ਕਈ ਵਾਰ ਤਾਂ ਬੱਚੇ ਅਜਿਹੇ ਰਿਸ਼ਤਿਆਂ ਤੋਂ ਉਚਾਟ ਵੀ ਹੋ ਜਾਂਦੇ।
ਮਰਦ ਘਰ ਵਿਚ ਬਾਪ, ਦਾਦਾ ਜਾਂ ਨਾਨਾ ਹੋ ਸਕਦਾ ਅਤੇ ਹਰ ਰੂਪ ਵਿਚ ਉਸ ਦੀਆਂ ਭਾਵਨਾਵਾਂ ਅਤੇ ਇਨ੍ਹਾਂ ਦੀ ਭਰਪਾਈ ਵੱਖੋ-ਵੱਖਰੀ, ਪਰ ਉਹੀ ਬੰਦਾ ਆਪਣੇ ਦਫਤਰ/ਖੇਤ/ਅਦਾਰੇ ਵਿਚ ਬੌਸ ਵੀ ਹੁੰਦਾ, ਵਿਦਿਆਰਥੀਆਂ ਲਈ ਟੀਚਰ ਵੀ, ਕੋਈ ਕਾਮਾ ਜਾਂ ਉਦਯੋਗਪਤੀ ਵੀ। ਇਹੀ ਵਿਅਕਤੀ ਕਿਸੇ ਹੋਰ ਰੂਪ ਵਿਚ ਕਲਾਕਾਰ, ਲੇਖਕ, ਕਵੀ, ਡਰਾਈਵਰ ਜਾਂ ਸਲਾਹਕਾਰ ਵੀ। ਕਿਸੇ ਸਮਾਗਮ ਦੀ ਕਦੇ ਪ੍ਰਧਾਨਗੀ ਵੀ ਕਰਦਾ ਅਤੇ ਕਦੇ ਬਹਿਸ ਵਿਚ ਹਿੱਸਾ ਵੀ ਲੈਂਦਾ। ਕਦੇ ਆਪਣੇ ਲੰਗੋਟੀਏ ਯਾਰਾਂ ਨਾਲ ਮਹਿਫਿਲਾਂ ਵੀ ਸਜਾਉਂਦਾ ਅਤੇ ਬਚਪਨੀ ਯਾਦਾਂ ਨੂੰ ਚੇਤਿਆਂ ਵਿਚ ਨਵਿਆਉਂਦਾ।
ਬੰਦੇ ਨੇ ਕਿਹੜੇ ਰੋਲ ਨੂੰ, ਕਿਸ ਸਮੇਂ ਕਰਨਾ ਅਤੇ ਕਿਵੇਂ ਇਸ ਨੂੰ ਆਪਣੀ ਕਾਰਜ ਸ਼ੈਲੀ ਬਣਾਉਣਾ, ਇਹ ਮਨੁੱਖ ਦੀ ਸਮਰੱਥਾ, ਇੱਛਾ-ਸ਼ਕਤੀ ਅਤੇ ਮੌਕੇ ਅਨੁਸਾਰ ਆਪਣੇ ਆਪ ਨੂੰ ਬਦਲਣ ਤੇ ਹਰ ਹਾਲਾਤ ਅਨੁਸਾਰ ਖੁਦ ਨੂੰ ਢਾਲਣ ‘ਤੇ ਨਿਰਭਰ।
ਇਕ ਨੌਜਵਾਨ, ਵਿਦਿਆਰਥੀ ਵੀ ਤੇ ਦਫਤਰ ਵਿਚ ਕੰਮ ਕਰਦਾ ਮੁਲਾਜ਼ਮ ਵੀ। ਕਿਸੇ ਦਾ ਪੁੱਤਰ ਵੀ ਅਤੇ ਕਿਸੇ ਦੇ ਸਿਰ ਦਾ ਸਾਂਈਂ ਵੀ। ਕਿਸੇ ਦਾ ਜਵਾਈ, ਸਾਂਢੂ ਜਾਂ ਦਿਓਰ/ਜੇਠ ਵੀ। ਕਿਸੇ ਦਾ ਚਾਚਾ/ਤਾਇਆ, ਭਰਾ, ਮਸੇਰ ਜਾਂ ਮਮੇਰ ਵੀ। ਇਕ ਹੀ ਬੰਦੇ ਦੇ ਬਹੁਤ ਸਾਰੇ ਰਿਸ਼ਤੇ ਅਤੇ ਰੋਲ। ਇਨ੍ਹਾਂ ਨੂੰ ਅੰਤਰੀਵ ਵਿਚ ਵਸਾ ਅਤੇ ਹਰੇਕ ਰਿਸ਼ਤੇ ਨੂੰ ਥਾਂ ਸਿਰ ਰੱਖ, ਬਣਦਾ ਮਾਣ ਸਤਿਕਾਰ ਦੇ ਕੇ ਅਤੇ ਅਦਬ ਬਰਕਰਾਰ ਰੱਖ ਕੇ ਜੇ ਬੰਦਾ ਵਿਚਰੇਗਾ ਤਾਂ ਸਮਾਜ ਵਿਚ ਉਸ ਦੀ ਸ਼ੋਭਾ ਹੋਵੇਗੀ। ਯਾਦ ਰੱਖੋ! ਇਕ ਰੋਲ ਰਾਹੀਂ ਦੂਜਾ ਰੋਲ ਨਹੀਂ ਨਿਭਾਇਆ ਜਾ ਸਕਦਾ। ਤੁਹਾਨੂੰ ਆਪਣੇ ਅੰਦਰ ਤਿਆਰ ਕਰਨਾ ਪਵੇਗਾ, ਹਰ ਵਕਤ ਇਕ ਨਵਾਂ ਨਕੋਰ ਰੋਲ ਨਿਭਾਉਣ ਲਈ। ਜੋ ਇਸ ਜੁਗਤ ਨੂੰ ਜਾਣ ਲੈਂਦੇ, ਉਹ ਬਹੁਤ ਕਾਮਯਾਬ। ਹਰ ਰਿਸ਼ਤਾ ਜਾਂ ਸਬੰਧ ਤੁਹਾਡੇ ਤੋਂ ਕੁਝ ਤਵੱਕੋ ਰੱਖਦਾ ਅਤੇ ਇਸ ਨੂੰ ਪੂਰਾ ਕਰਨਾ ਤੁਹਾਡਾ ਧਰਮ। ਰੋਲ ਤਾਂ ਬੰਦੇ ਨੂੰ ਆਪਣਾ ਜੀਵਨ ਸੁਖਾਵਾਂ ਤੇ ਭਰਪੂਰ ਕਰਨ ਲਈ ਨਿਭਾਉਣਾ ਹੀ ਪੈਣਾ, ਪਰ ਜੱਗ ਦੀ ਸ਼ੋਭਾ, ਮੁਫਤ ਦਾ ਹਾਸਲ ਅਤੇ ਇਹੀ ਜਿੰ.ਦਗੀ ਦਾ ਹਾਸਲ।
ਘਰ ਦਾ ਬਹੁਤ ਹੀ ਅਹਿਮ ਅੰਗ ਅਤੇ ਇਸ ਦੇ ਭਾਗਾਂ ਦੀ ਤਾਮੀਰਦਾਰੀ ਕਰਨ ਵਾਲੀ ਔਰਤ ਮਾਂ ਬਣ ਕੇ ਘਰ ਲਈ ਸੁਖਨ ਤੇ ਸੁਖਦ ਅਹਿਸਾਸਾਂ ਭਕੁੰਨੀ ਫਿਜ਼ਾ ਸਿਰਜਦੀ। ਹਰੇਕ ਦੀ ਦੇਖਭਾਲ ਤੇ ਖਿਆਲ ਰੱਖਣਾ ਅਤੇ ਆਪਣੇ ਆਪ ਨੂੰ ਸਭ ਤੋਂ ਅਖੀਰ ‘ਤੇ ਰੱਖਣਾ ਉਸ ਦਾ ਕਰਮ। ਇਹ ਕਰਮ ਉਸ ਦਾ ਜੀਵਨ ਧਰਮ। ਇਸ ਵਿਚੋਂ ਹੀ ਮਾਂ ਰੱਬ ਦਾ ਰੁਤਬਾ ਪ੍ਰਾਪਤ ਕਰਦੀ। ਰੱਬ ਜੋ ਅੰਬਰਾਂ ਵਿਚ ਨਹੀਂ ਸਗੋਂ ਘਰ ਵਿਚ ਰਹਿੰਦਾ। ਘਰ ਨੂੰ ਮੰਦਿਰ ਬਣਾਉਂਦਾ ਅਤੇ ਰਹਿਮਤਾਂ ਤੇ ਨਿਆਮਤਾਂ ਸੰਗ ਨਿਵਾਜਦਾ। ਮਾਂ ਸਭ ਤੋਂ ਅਮੀਰ ਕਿਉਂਕਿ ਉਸ ਕੋਲ ਮੋਹ-ਮਮਤਾ ਦੀ ਅਮੀਰੀ ਜੁ ਹੁੰਦੀ। ਸੁ.ਭ-ਭਾਵਨਾ ਅਤੇ ਸਹਿਲਾਉਣ ਦੀ ਬਿਰਤੀ ਕਾਰਨ ਉਹ ਘਰ ਦੀਆਂ ਨੀਂਹਾਂ ਦੀ ਪਕਿਆਈ ਅਤੇ ਪਾਕੀਜ਼ਗੀ ਦੀ ਧਰਾਤਲ। ਘਰ ਦਾ ਭਾਗ ਬਣੀ ਔਰਤ ਸਿਰਫ ਮਾਂ ਹੀ ਨਹੀਂ ਹੁੰਦੀ, ਉਹ ਕਿਸੇ ਦੀ ਜੀਵਨ ਸਾਥਣ ਵੀ ਹੁੰਦੀ। ਕਿਸੇ ਦੀ ਧੀ, ਨੂੰਹ, ਭਾਬੀ, ਨਨਾਣ, ਦਰਾਣੀ, ਜੇਠਾਣੀ, ਦਾਦੀ, ਨਾਨੀ, ਚਾਚੀ, ਤਾਈ, ਮਾਸੀ ਜਾਂ ਮਾਮੀ ਵੀ। ਕਿਸੇ ਦੀ ਸਹੇਲੀ ਜਾਂ ਕਿਸੇ ਦੀ ਰਾਜ਼ਦਾਰ ਵੀ। ਧੀਆਂ ਲਈ ਘਰ ਦੀ ਸੁਚੱਜਤਾ ਲਈ ਹਰ ਹੁਨਰ ਦਾ ਸੰਦੇਸ਼ ਵੀ।
ਸਿਆਣੇ ਕਹਿੰਦੇ ਨੇ, ਨੂੰਹ ਨੂੰ ਲਿਆਉਣ ਤੋਂ ਪਹਿਲਾਂ ਉਸ ਦੀ ਮਾਂ ਨੂੰ ਦੇਖੋ, ਧੀ ਬਾਰੇ ਤੁਹਾਨੂੰ ਖੁਦ-ਬ-ਖੁਦ ਪਤਾ ਲੱਗ ਜਾਵੇਗਾ, ਕਿਉਂਕਿ ਧੀ ਮਾਂ ਦੀਆਂ ਆਦਤਾਂ, ਉਸ ਦੇ ਸਚਿਆਰੇਪਣ ਅਤੇ ਸੁਚੱਜ ਦਾ ਸਮਰੂਪ ਹੀ ਹੁੰਦੀ। ਸਿਆਣੀ ਮਾਂ ਦੀ ਸਿਆਣੀ ਧੀ ਸਿਆਣਪਾਂ ਦਾ ਸੁਹਜ ਸਿਰਜ ਸਹੁਰੇ ਘਰ ਨੂੰ ਉਚੇਰੀਆਂ ਬੁਲੰਦੀਆਂ ‘ਤੇ ਪਹੁੰਚਾ ਸਕਦੀ। ਮਾਂ ਰਾਹੀਂ ਸਿਖਿਆ ਸਲੀਕਾ, ਸਮਝਦਾਰੀ ਅਤੇ ਸਮ-ਸੋਚ ਹੀ ਮਨੁੱਖ ਨੂੰ ਸੰਤੁਲਤ ਬਣਾਉਂਦੀ, ਨਵਾਂ ਨਕੋਰ ਹਾਸਲ ਤੇ ਹੋਂਦ ਬਣਦੀ। ਕੰਮ-ਕਾਜ਼ੀ ਔਰਤ, ਦਫਤਰ ਵਿਚ ਬੌਸ ਵੀ ਹੁੰਦੀ, ਸਹਿਕਰਮੀ ਵੀ ਅਤੇ ਦਿਸ਼ਾ-ਨਿਰਦੇਸ਼ ਦੇਣ ਵਾਲੀ ਰੋਅਬਦਾਰ ਅਫਸਰ ਵੀ। ਔਰਤ ਕਲਾਕਾਰ, ਅਦਾਕਾਰ, ਕਵਿਤਰੀ ਜਾਂ ਪੇਂਟਰ ਵੀ ਹੁੰਦੀ। ਸਮਾਜਕ ਅਦਾਰਿਆਂ ਦੀ ਰੂਹੇ-ਰਵਾਂ ਵੀ ਹੁੰਦੀ। ਵਿਦਿਆ-ਦਾਨੀ, ਖੂਨ-ਦਾਨੀ, ਹਰਫ-ਦਾਨੀ ਜਾਂ ਕਲਮ-ਦਾਨੀ ਵੀ ਹੋ ਸਕਦੀ। ਲੋੜ ਇਸ ਗੱਲ ਦੀ ਹੈ ਕਿ ਇਕ ਰੋਲ ਨੂੰ ਦੂਸਰੇ ਰੋਲ ‘ਤੇ ਹਾਵੀ ਨਾ ਹੋਣ ਦਿਓ। ਇਕ ਸਮੇਂ ਇਕ ਹੀ ਰੋਲ ਨਿਭਾਓ। ਦੂਜੇ ਨੂੰ ਓਹਲੇ ਵਿਚ ਰੱਖੋ। ਲੋੜ ਪੈਣ ‘ਤੇ ਹੀ ਆਪਣੇ ਹੋਰ ਰੋਲ ਨੂੰ ਅਪਨਾਉਣ ਤੇ ਨਿਭਾਉਣ ਲਈ ਸ਼ੁਰੂਆਤ ਕਰੋ। ਇਕ ਹੀ ਰੋਲ ਨੂੰ ਇਕ ਹੀ ਵੇਲੇ ਨਿਭਾਉਗੇ ਤਾਂ ਪ੍ਰਬੀਨਤਾ ਤੁਹਾਡੀ ਪਛਾਣ ਹੋਵੇਗੀ। ਵਰਨਾ ਇਕ ਵੇਲੇ ਕਈ ਪਾਸੇ ਹੱਥ ਮਾਰਨ ਵਾਲੇ ਆਪਣੀ ਅਲੱਗ ਪਛਾਣ ਬਣਾਉਣ ਅਤੇ ਕੁਝ ਅਲਹਿਦਾ ਤੇ ਅਣਕਿਹਾ ਉਕਰਾਉਣ ਵਿਚ ਸਫਲ ਨਹੀਂ ਹੋ ਸਕਦੇ।
ਘਰ ਵਿਚ ਖੇਡਦਾ ਬੱਚਾ, ਬੱਚਾ ਸਭ ਤੋਂ ਪਹਿਲਾਂ। ਫਿਰ ਉਹ ਲੜਕਾ/ਲੜਕੀ ਹੁੰਦਾ। ਕਿਸੇ ਦਾ ਪੁੱਤਰ/ਧੀ, ਪੋਤਰਾ/ਪੋਤਰੀ ਜਾਂ ਦੋਹਤਰਾ/ਦੋਹਤਰੀ ਹੁੰਦਾ। ਕਿਸੇ ਦਾ ਭਤੀਜਾ/ਭਤੀਜੀ ਜਾਂ ਭਾਣਜਾ/ਭਾਣਜੀ ਹੁੰਦਾ। ਕਿਸੇ ਦਾ ਭਰਾ/ਭੈਣ ਵੀ ਹੁੰਦਾ। ਹਰੇਕ ਲਈ ਹੀ ਬਹੁਤ ਲਾਡਲਾ। ਹਰੇਕ ਹੀ ਲਾਡ ਲਡਾਉਣ ਲਈ ਕਾਹਲਾ ਅਤੇ ਚਾਹਵਾਨ, ਪਰ ਹਰੇਕ ਦੇ ਚਾਅ ਵਿਚ ਅੰਤਰ। ਇਹ ਅੰਤਰ, ਉਮਰ, ਰਿਸ਼ਤਾ, ਸਬੰਧ, ਹੇਜ ਜਾਂ ਸੋਚ ‘ਤੇ ਨਿਰਭਰ। ਮਾਂ ਲਈ ਬੱਚੇ ਦੀਆਂ ਤਰਜ਼ੀਹਾਂ ਹੋਰ, ਬਾਪ ਦੀਆਂ ਤਮੰਨਾਵਾਂ ਵੱਖਰੀਆਂ, ਦਾਦੇ/ਦਾਦੀ ਦੀਆਂ ਵੱਖਰੀਆਂ ਤਾਘਾਂ ਅਤੇ ਨਾਨੇ/ਨਾਨੀ ਦੇ ਮਨ ਵਿਚ ਹੋਰ ਤਦਬੀਰਾਂ। ਭਾਵੇਂ ਇਨ੍ਹਾਂ ਦਾ ਕੇਂਦਰ ਬਿੰਦੂ ਬੱਚਾ ਅਤੇ ਇਸ ਦੀ ਭਲਾਈ ਹੀ ਹੁੰਦਾ, ਪਰ ਇਨ੍ਹਾਂ ਦੀ ਵਿਭਿੰਨਤਾ ਹੀ ਬੱਚੇ ਲਈ ਬਹੁ-ਰੰਗੀ ਸੁਪਨ-ਸੰਸਾਰ ਸਿਰਜਦੀ। ਇਸ ਵਿਚੋਂ ਵੀ ਉਹ ਰਿਸ਼ਤਿਆਂ ਤੇ ਸਬੰਧਾਂ ਦੇ ਵੱਖੋ-ਵੱਖਰੇ ਰੰਗਾਂ ਵਿਚ ਵਿਚਰਦਾ, ਖੁਦ ਨੂੰ ਨਿਵੇਕਲੇ ਰੰਗਾਂ ਸੰਗ ਚਿਤਰਦਾ। ਇਸ ਵਿਚੋਂ ਹੀ ਫੁੱਲ ਬਣ ਕੇ ਨਵੇਂ ਨਕਸ਼ਾਂ ਦੀ ਨਿਸ਼ਾਨਦੇਹੀ ਕਰਦਾ। ਉਹ ਕੁਝ ਲਈ ਆਹਰ ਅਤੇ ਕਈ ਉਸ ਲਈ ਸੁਖਦ ਆਹਰ ਬਣਦੇ। ਲਾਡ, ਪਿਆਰ, ਦੁਲਾਰ ਅਤੇ ਪੁਚਕਾਰ ਵਿਚੋਂ ਹੀ ਬੱਚੇ ਦਾ ਸ਼ਖਸੀ ਵਿਕਾਸ ਹੁੰਦਾ। ਇਸ ਵਿਚ ਬੱਚੇ ਦੇ ਸਭ ਤੋਂ ਨੇੜਲੇ, ਆਲੇ-ਦੁਆਲੇ ਅਤੇ ਸੇਵਾ-ਸੰਭਾਲ ਦਾ ਅਹਿਮ ਯੋਗਦਾਨ। ਸਾਂਝੇ ਪਰਿਵਾਰਾਂ ਵਿਚ ਪ੍ਰਵਾਨ ਚੜ੍ਹੇ ਬੱਚੇ ਦੇ ਸ਼ਖਸੀ ਨਿਖਾਰ ਦੀ, ਨੌਕਰਾਂ ਹੱਥੀਂ ਪਲੇ ਬੱਚੇ ਨਾਲ ਕਿਵੇਂ ਤੁਲਨਾ ਕਰੋਗੇ? ਨੌਕਰ ਬੱਚੇ ਨੂੰ ਸੰਭਾਲਦੇ ਜਦ ਕਿ ਆਪਣੇ, ਬੱਚੇ ਨੂੰ ਪਾਲਦੇ। ਬਹੁਤ ਅੰਤਰ ਹੁੰਦਾ ਹੈ, ਪਾਲਣ ਤੇ ਸੰਭਾਲਣ ਵਿਚ!
ਦਫਤਰ ਵਿਚ ਬੈਠਾ ਅਫਸਰ ਮਾਤਹਿਤਾਂ ਲਈ ਹਊਆ। ਰੋਹਬਦਾਰ ਤੇ ਧੜੱਲੇਦਾਰ ਸ਼ਖਸੀਅਤ। ਹੁਕਮ ਚਾੜ੍ਹਨ ਤੇ ਇਨ੍ਹਾਂ ਦੀ ਤਾਮੀਰ ਕਰਵਾਉਣ ਵਾਲਾ। ਇਨ੍ਹਾਂ ਦੀ ਪੂਰਤੀ ਤੇ ਜੀ-ਹਜੂਰੀ ਵਿਚੋਂ ਹੀ ਫਰਜ਼ਾਂ ਨੂੰ ਸੀਮਤ ਕਰਨ ਵਾਲਾ। ਜੇ ਉਸ ਨੂੰ ਯਾਦ ਰਹੇ ਕਿ ਉਹ ਇਕ ਬਾਪ ਵੀ ਹੈ, ਕਿਸੇ ਦਾ ਵੀਰ, ਪਤੀ ਜਾਂ ਨਜ਼ਦੀਕੀ ਵੀ ਹੈ ਤਾਂ ਉਸ ਦਾ ਆਪਣੇ ਸਹਿਕਰਮੀਆਂ ਤੇ ਮਾਤਹਿੱਤਾਂ ਪ੍ਰਤੀ ਰੋਲ ਪੂਰਨ ਤੌਰ ‘ਤੇ ਹਮਦਰਦੀ ਪੂਰਵਕ, ਪਿਆਰ-ਭਿੱਜਾ ਅਤੇ ਮਿੱਠ ਬੋਲੜਾ ਹੋਵੇਗਾ। ਉਸ ਦੀ ਸ਼ਖਸੀਅਤ ਵਿਚ ਇਕ ਖਿੱਚ ਹੋਵੇਗੀ। ਉਸ ਦੀ ਦਿਲਦਾਰੀ ਉਸ ਦਾ ਵਿਕਾਸ ਬਣੇਗੀ। ਉਹ ਆਪਣੇ ਸਾਥੀਆਂ ਲਈ ਬੌਸ ਨਹੀਂ ਸਗੋਂ ਪਰਿਵਾਰਕ ਮੈਂਬਰ ਹੋਵੇਗਾ। ਜਦ ਬੀਵੀ ਦਾ ਫੋਨ ਆਵੇ ਤਾਂ ਇਸ ਦਾ ਲਹਿਜਾ ਹੀ ਬਦਲ ਜਾਂਦਾ।
ਬੱਚਾ ਕੋਈ ਜਿੱਦ ਪੁਗਾਉਣ ਲਈ ਕਹੇ ਤਾਂ ਹੋਰ ਰੂਪ। ਬਹੁਤ ਸਾਰੇ ਰੂਪਾਂ ਵਿਚੋਂ ਗੁਜਰਨਾ ਪੈਂਦਾ। ਸਾਰੇ ਰੂਪਾਂ ਨਾਲ ਇਨਸਾਫ ਸਿਰਫ ਉਹੀ ਕਰ ਸਕਦਾ, ਜਿਸ ਦੇ ਮਨ ਵਿਚ ਮਾਨਵੀ ਭਾਵ ਹੋਵੇ, ਇਨਸਾਨੀਅਤ ਦੀ ਇਬਾਦਤ ਹੁੰਦੀ ਹੋਵੇ, ਸ਼ੁਭ-ਚਿੰਤਨ ਦਾ ਚਿਰਾਗ ਜਗਦਾ ਹੋਵੇ, ਰੂਹ ਵਿਚ ਆਤਮਕ ਦੀਵੇ ਦਾ ਚਾਨਣ ਹੋਵੇ। ਹਨੇਰੇ ਵਿਚ ਰਹਿਣ ਵਾਲੇ ਸਿਰਫ ਹਨੇਰ ਢੋਂਦੇ ਜਦੋਂ ਕਿ ਸਰਘੀ ਨੂੰ ਮਸਤਕ ਵਿਚ ਉਗਾਉਣ ਵਾਲੇ ਲੋਕਾਂ ਦੇ ਮੁਹਾਂਦਰੇ ਵਿਚੋਂ ਕਿਰਨਾਂ ਦੀ ਬੂੰਦਾ-ਬਾਂਦੀ ਹੁੰਦੀ। ਇਸ ਵਿਚ ਭਿੱਜ ਕੇ ਉਨ੍ਹਾਂ ਦੀ ਰੂਹ ਰੂਹਾਨੀਅਤ ਦੀ ਰੰਗਰੇਜ਼ਤਾ ‘ਚ ਲਬਰੇਜ਼ ਅਤੇ ਰਵਾਨਗੀ ਭਰੀ ਰਾਗ-ਰਮਤਾ ਦਾ ਨਸੀਬ ਹੁੰਦੀ।
ਸਾਰੀ ਉਮਰ ਮਨੁੱਖ ਪਰਤਾਂ ਵਿਚ ਜਿਉਂਦਾ। ਇਨ੍ਹਾਂ ਦੇ ਵੱਖ ਵੱਖ ਰੰਗ, ਵੱਖੋ-ਵੱਖਰੀਆਂ ਲੋੜਾਂ ਅਤੇ ਇਨ੍ਹਾਂ ਦੀ ਪੂਰਨਤਾ। ਜੇ ਇਕ ਰੋਲ ਨੂੰ ਪੂਰਨ ਦਿਆਨਤਦਾਰੀ, ਇਮਾਨਦਾਰੀ ਅਤੇ ਸਰਬੱਤ ਦੇ ਭਲੇ ਨੂੰ ਮਨ ਵਿਚ ਰੱਖ ਕੇ ਨਿਭਾਇਆ ਜਾਵੇ ਤਾਂ ਰੋਲ ਦੀ ਪਾਕੀਜ਼ਗੀ ਮਨੁੱਖੀ ਪਵਿੱਤਰਤਾ ਦੀ ਪਾਹੁਲ ਬਣਦੀ। ਕਿਸੇ ਵੀ ਰੋਲ ਦੀ ਸਦਵਰਤੋਂ ਜਾਂ ਕੁਵਰਤੋਂ ਉਦੋਂ ਹੀ ਹੁੰਦੀ, ਜਦ ਨਿੱਜ ਹਾਵੀ ਹੁੰਦਾ। ਨਿੱਜੀ ਲੋੜ ਤੇ ਤਮੰਨਾ ਨੂੰ ਤਰਜੀਹ ਦੇਣ ਲੱਗਦੇ।
ਇਕ ਡੇਰੇਦਾਰ, ਪ੍ਰਚਾਰਕ, ਸਮਾਜ ਸੁਧਾਰਕ ਜਾਂ ਲੋਕ-ਲੀਡਰ, ਸਮੂਹਕਤਾ ਦਾ ਰੂਪ ਤਾਂ ਹੀ ਧਾਰਦਾ ਜਦ ਉਸ ਦੇ ਮਨ ਵਿਚ ਲੋਕ ਭਲਾਈ ਦੀ ਭਾਵਨਾ ਭਾਰੂ ਹੁੰਦੀ। ਉਸ ਲਈ ਨਿੱਜ ਦੇ ਕੋਈ ਅਰਥ ਨਹੀਂ ਹੁੰਦੇ ਤਾਂ ਹੀ ਉਸ ਦੀ ਮਾਨਤਾ ਸਾਰਥਕ, ਸੱਚੀ ਤੇ ਸਦੀਵੀ ਹੁੰਦੀ; ਪਰ ਜਦ ਕੋਈ ਨਿੱਜ ਵੱਲ ਉਲਾਰ ਹੁੰਦਾ ਅਤੇ ਲਾਲਸਾ ‘ਤੇ ਕਾਬੂ ਨਾ ਪਾ ਸਕਦਾ ਤਾਂ ਉਹ ਥਿੜਕਦਾ। ਥਿੜਕਣ ਵਿਚੋਂ ਹੀ ਉਸ ਦੀ ਗਿਰਾਵਟ ਸ਼ੁਰੂ ਹੁੰਦੀ, ਜੋ ਸਿਰਫ ਰਸਾਤਲ ਵੱਲ ਲਿਜਾਂਦੀ। ਜੀਵਨ ਦੇ ਹਰ ਖੇਤਰ ਵਿਚ ਮੋਹਰੀਆਂ ਵਲੋਂ ਨਿਭਾਏ ਜਾ ਰਹੇ ਘਟੀਆ ਰੋਲ ਸਦਕਾ ਹੀ ਸੰਸਥਾਵਾਂ ਗਰਕ ਰਹੀਆਂ। ਇਸ ਗਰਕਣੀ ਦੀ ਲਪੇਟ ਵਿਚ ਹੈ, ਸਮੁੱਚਾ ਸੰਸਾਰ। ਜਦ ਸਮਾਜ ਹੀ ਨਾ ਰਿਹਾ ਤਾਂ ਅਜਿਹੇ ਮੋਹਰੀ ਕਿੰਜ ਬਚਣਗੇ, ਇਹ ਸੋਚਣ ਦੀ ਵਿਹਲ ਕਿਸੇ ਵੀ ਕੋਲ ਨਹੀਂ। ਜਦ ਕੋਈ ਮੌਤ ਵਿਚੋਂ ਮੁਨਾਫਾ ਭਾਲਣ ਲੱਗ ਪਵੇ ਤਾਂ ਖੁਦ ਦੀ ਮੌਤ ਵਿਚੋਂ ਕਿਹੜਾ ਮੁਨਾਫਾ, ਕਿਸ ਦਾ ਹਾਸਲ ਹੋਵੇਗਾ? ਇਸ ਬਾਰੇ ਮਨੁੱਖ ਜੇ ਜਿਉਂਦੇ ਜੀਅ ਸੋਚ ਲਵੇ ਤਾਂ ਮਰਨ ਲੱਗਿਆਂ ਇਹ ਫਿਕਰ ਨਹੀਂ ਹੋਵੇਗਾ ਕਿ ਮੇਰੀ ਮੌਤ ਦਾ ਮੁਨਾਫਾ ਕਿਸ ਨੂੰ ਹੋਵੇਗਾ?
ਪੁੱਤਰ-ਮੋਹ ਨੂੰ ਤਿਆਗ ਕੇ, ਭਾਈ ਲਹਿਣੇ ਨੂੰ ਗੁਰਗੱਦੀ ਬਖਸ਼ਣ ਵਾਲੇ ਬਾਬੇ ਨਾਨਕ ਦੇ ਪੈਰੋਕਾਰ ਕਿਉਂ ਇੰਨੇ ਗਰਕ ਗਏ ਕਿ ਉਨ੍ਹਾਂ ਨੇ ਨਿਜੀ ਲਾਭਾਂ ਖਾਤਰ ਸਭ ਸੰਸਥਾਵਾਂ ਦਾ ਘਾਣ ਕਾਰ ਦਿਤਾ। ਦਰਅਸਲ ਜਦ ਕਿਸੇ ਵੀ ਸੰਸਥਾ ਦਾ ਮੋਹਰੀ ਉਸ ਰੁਤਬੇ ਦਾ ਮਾਣ ਨਹੀਂ ਹੋਵੇਗਾ ਤਾਂ ਉਸ ਸੰਸਥਾ ਦੀ ਮਾਣ-ਮਰਿਆਦਾ ਅਤੇ ਪ੍ਰਤਿਸ਼ਠਾ ਨੂੰ ਢਾਹ ਲੱਗਣੀ ਹੁੰਦੀ। ਬੌਣੀਆਂ ਸ਼ਖਸੀਅਤਾਂ ਮਹਾਨ ਰਵਾਇਤਾਂ ਦੀ ਰੱਖਿਆ ਕਿੰਜ ਕਰਨਗੀਆਂ? ਅੰਬਰੀ ਛੋਹ ਜਿਹੇ ਅਦਾਰਿਆਂ ਦੇ ਅਦਬ ਲਈ ਜਦ ਅਦਬੀ ਸ਼ਖਸ ਅੱਗੇ ਆਉਣਗੇ ਤਾਂ ਇਨ੍ਹਾਂ ਦੀ ਆਭਾ ਵਿਚ ਹੋਰ ਨਿਖਾਰ ਆਵੇਗਾ, ਜਿਸ ਦੀ ਅਜੋਕੇ ਸਮੇਂ ਵਿਚ ਸਭ ਤੋਂ ਵੱਧ ਲੋੜ।
ਸਮਾਜ ਵਿਚ ਹਰ ਰੋਲ ਨਿਭਾਓ, ਕਿਉਂਕਿ ਸਮਾਜ ਤੁਹਾਥੋਂ ਹਰ ਰੋਲ ਨੂੰ ਸੰਪੂਰਨਤਾ ਸੰਗ ਨਿਭਾਉਣ ਦੀ ਆਸ ਰੱਖਦਾ ਅਤੇ ਇਸ ਨੂੰ ਪੂਰਾ ਮਨੁੱਖ ਨੇ ਹੀ ਕਰਨਾ, ਪਰ ਇਸ ਲਈ ਮਨੁੱਖ ਦੀ ਸਮਰੱਥਾ, ਸਿਰੜ, ਸਾਧਨਾ ਤੇ ਸਹਿਯੋਗ ਹੀ ਹਰ ਰੋਲ ਨਾਲ ਨਿਆਂ ਕਰ ਸਕਦਾ। ਅਜਿਹੇ ਅਹਿਸਾਸ ਨਾਲ ਸ਼ਰਸਾਰ ਕਰ ਸਕਦਾ, ਜਿਸ ਨੇ ਮਨੁੱਖੀ ਸੋਚ ਨੂੰ ਹੋਰ ਬੁਲੰਦੀ ਹਾਸਲ ਕਰਨ, ਚੰਗੇਰਾ ਤੇ ਨਰੋਇਆ ਸੋਚਣ ਅਤੇ ਮਨ ਦੇ ਦਿਸਹੱਦਿਆਂ ਨੂੰ ਵਿਸਥਾਰਨ ਵੰਨੀਂ ਅਹੁਲਣਾ ਹੁੰਦਾ।
ਕਈ ਵਾਰ ਮਨੁੱਖ ਬਹੁਤ ਵਧੀਆ ਕਲਾਕਾਰ, ਵਿਗਿਆਨੀ, ਡਾਕਟਰ, ਖੋਜੀ ਜਾਂ ਉਦਯੋਗਪਤੀ ਹੁੰਦਾ, ਪਰ ਇਸ ਦੇ ਨਾਲ ਵਧੀਆ ਪਤੀ, ਬਾਪ, ਪੁੱਤਰ, ਭਰਾ-ਭੈਣ ਜਾਂ ਸਮਾਜ ਦਾ ਨਰੋਇਆ ਅੰਗ ਹੋਣਾ ਹੋਰ ਵੀ ਜਰੂਰੀ। ਬਹੁ-ਪੱਖੀ ਵਿਕਾਸ ਲਈ ਸਾਹਿਤ ਨਾਲ ਜੁੜੋ। ਲੋਕਾਂ ਵਿਚ ਵਿਚਰੋ, ਮਨੁੱਖ ਨੂੰ ਸਮਝੋ, ਭਾਵਨਾਵਾਂ ਦੀ ਕਦਰ ਕਰੋ, ਬੱਚਿਆਂ ਨਾਲ ਬੱਚਾ ਬਣੋ ਜਾਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਨਾਲ ਮਨ ਦੇ ਸ਼ਰਾਰਤੀ ਬੱਚੇ ਨੂੰ ਬਾਹਰ ਦੀ ਹਵਾ ਲਵਾਓ। ਤੁਹਾਡੇ ਕਈ ਰੰਗ ਜੱਗ ਜਾਹਰ ਹੋਣਗੇ, ਜਿਨ੍ਹਾਂ ਦਾ ਤੁਹਾਨੂੰ ਵੀ ਪਤਾ ਨਹੀਂ। ਇਨ੍ਹਾਂ ਰੰਗਾਂ ਨੇ ਤੁਹਾਨੂੰ ਨਵੀਂ ਪਛਾਣ ਤੇ ਨਵੀਂ ਤਕਦੀਰ ਦੇਣੀ ਹੁੰਦੀ। ਅੰਦਰ ਝਾਕ ਕੇ ਦੇਖਿਓ, ਤੁਹਾਡਾ ਕਿਹੜਾ ਪੱਖ ਅਣਛੋਹਿਆ ਅਤੇ ਛੁਪਿਆ ਹੈ? ਇਸ ਨੂੰ ਖੋਜੋ ਤੇ ਸਾਹਮਣੇ ਲਿਆਓ, ਤੁਹਾਨੂੰ ਖੁਦ ‘ਤੇ ਬਹੁਤ ਨਾਜ਼ ਹੋਵੇਗਾ।
ਪਰਤਾਂ ਵਿਚ ਜਿਉਂਦਾ ਮਨੁੱਖ ਪ੍ਰੇਮੀ, ਪਿਆਰਾ, ਹਰਦਿਲ ਅਜ਼ੀਜ਼, ਸਾਥੀ, ਸੁਹਿਰਦ, ਕਪਟੀ, ਕਮੀਨਾ, ਕੰਜੂਸ, ਦੋਖੀ, ਦੁਸ਼ਮਣ, ਹਾਣੀ, ਹਮਰੁਬਾ, ਹਮਦਰਦ, ਮਿੱਤਰ ਆਦਿ ਬਹੁਤ ਕੁਝ ਹੁੰਦਾ। ਇਨ੍ਹਾਂ ਵਿਚੋਂ ਸੁਰਖ ਰੰਗ ਸਤਰੰਗੀ ਬਣਦੇ, ਜੋ ਮਨੁੱਖ ਨੂੰ ਸੁੰਦਰਤਾ, ਸਾਰਥਕਤਾ ਅਤੇ ਸਦੀਵਤਾ ਬਖਸ਼ਦੇ।
ਪਰਤਾਂ, ਪਛਾਣ ਤੇ ਪਰਖ, ਪਖੰਡ ਤੇ ਪਾਕੀਜ਼ ਵੀ; ਪ੍ਰਾਪਤੀ ਤੇ ਪਹਿਲ ਵੀ ਅਤੇ ਪਾਪੀ ਤੇ ਪਾਜ਼ੀ ਵੀ। ਬਹੁਤ ਸਾਰੀਆਂ ਪਰਤਾਂ ਨੇ, ਪਰਤਾਂ ਦੀਆਂ।
ਪਰਤਾਂ ਵਿਚ ਪਰਖੇ ਜਾਂਦੇ,
ਬੰਦੇ ਦੇ ਕਈ ਰੂਪ।
ਪਰਤਾਂ ਕੋਹਜ, ਕਰੂਪ ਵੀ,
ਪਰਤਾਂ ਸੁੰਦਰ ਅਨੂਪ।
ਪਰਤਾਂ ਪਾਹੁਲ ਪਾਕੀਜ਼ਗੀ,
ਪਰਤਾਂ ਸੰਦਲੀ ਭਾਅ।
ਪਰਤਾਂ ‘ਚ ਅਧਮੋਈਆਂ ਆਸਾਂ,
ਕਦੇ ਧੜਕਦੇ ਚਾਅ।
ਪਰਤਾਂ ਵਿਚ ਜਿਉਂਦਾ ਮਨੁੱਖ,
ਪਰਤੀਂ ਹੀ ਮਰ ਜਾਂਦਾ।
ਪਰਤਾਂ ਵਿਚ ਰੰਗੀਂ ਵੱਸਦਾ,
ਪਰਤੀਂ ਉਜਾੜਾਂ ਪਾਉਂਦਾ।
ਪਰਤਾਂ ਮੱਥੇ ਦੀਆਂ ਲਿਖੀਆਂ,
ਪਰਤਾਂ ਜਿੰਦ ਦੀ ਵਾਗ।
ਪਰਤਾਂ ਵਿਚ ਫਿਜ਼ਾਈਂ ਗੂੰਜੇ,
ਜਿਉਂਦਾ ਜੀਵਨ-ਰਾਗ।
ਪਰਤਾਂ ਵਿਚ ਪਰਤ-ਪ੍ਰਛਾਵੇਂ,
ਸਿਰ ‘ਤੇ ਕਰਦੇ ਛਾਂਵਾਂ।
ਪਰਤਾਂ ਵਿਚ ਹਾਸ-ਦਿਲਾਸੇ,
ਪਰਤੀਂ ਸਿਸਕਣ ਸਾਹਾਂ।
ਪਰਤਾਂ ਹੁੰਦੀਆਂ ਆਸ-ਰਾਗਣੀ,
ਪਰਤਾਂ ਅਦਬ-ਅਰਦਾਸ।
ਪਰਤੀਂ ਕੋਈ ਆਮ ਹੀ ਰਹਿੰਦਾ,
ਤੇ ਪਰਤੀਂ ਬਣਦਾ ਖਾਸ।
ਮਨੁੱਖ ਦਾ ਵਿਸਥਾਰ ਉਸ ਦੀ ਬਹੁਰੰਗੀ ਬਹੁ-ਪ੍ਰਤਿਭਾ ਅਤੇ ਬਹੁ-ਸਮਰੱਥਾਵਾਨ ਸ਼ਖਸੀਅਤ ਬਣ ਕੇ ਹੀ ਹੋ ਸਕਦਾ। ਅਜੋਕੇ ਮਨੁੱਖ ਤੋਂ ਅਜਿਹੀ ਆਸ ਰੱਖਣੀ ਕੁਥਾਂ ਨਹੀਂ ਹੋਵੇਗੀ।