ਜੰਮੂ ਕਸ਼ਮੀਰ ਦੇ ਪੁਲਿਸ ਅਫਸਰ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਅਫਸਰ ਬਾਰੇ ਸਭ ਤੋਂ ਪਹਿਲਾ ਖੁਲਾਸਾ ਅਫਜ਼ਲ ਗੁਰੂ ਨੇ ਕੀਤਾ ਸੀ ਅਤੇ ਕਿਹਾ ਸੀ ਕਿ ਸੰਸਦ ਉਤੇ ਹਮਲੇ ਵਾਲੇ ਕੇਸ ਵਿਚ ਇਸੇ ਅਫਸਰ ਨੇ ਉਸ ਨੂੰ ਫਸਾਇਆ। ਪ੍ਰਸਿਧ ਲੇਖਕ ਅਰੁੰਧਤੀ ਰਾਏ ਦਾ ਇਹ ਲੇਖ ਅਫਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਫਾਂਸੀ ਦਿੱਤੇ ਜਾਣ ਦੇ ਪ੍ਰਤੀਕਰਮ ਵਿਚ ਛਪਿਆ ਸੀ। ਇਸ ਲੇਖ ਵਿਚ ਅਰੁੰਧਤੀ ਰਾਏ ਨੇ ਕਈ ਅਹਿਮ ਪੱਖ ਉਘਾੜੇ ਹਨ, ਜਿਨ੍ਹਾਂ ਤੋਂ ਸਿਆਸਤ ਦੀ ਪੈੜਚਾਲ ਸਾਫ ਸੁਣਾਈ ਦਿੰਦੀ ਹੈ।
-ਸੰਪਾਦਕ
ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ
ਦਿੱਲੀ ਵਿਚ ਬਸੰਤ ਨੇ ਦਸਤਕ ਦਿੱਤੀ। ਸੂਰਜ ਅਜੇ ਚੜ੍ਹਿਆ ਹੀ ਸੀ ਅਤੇ ਕਾਨੂੰਨ ਨੇ ਆਪਣਾ ਕੰਮ ਕੀਤਾ। ਨਾਸ਼ਤੇ ਤੋਂ ਐਨ ਪਹਿਲਾਂ, 2001 ਵਿਚ ਪਾਰਲੀਮੈਂਟ ‘ਤੇ ਹਮਲੇ ਦੇ ਮੁੱਖ ਮੁਲਜ਼ਮ ਅਫਜ਼ਲ ਗੁਰੂ ਨੂੰ ਚੁੱਪ-ਚੁਪੀਤੇ ਫਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਲਾਸ਼ ਨੂੰ ਤਿਹਾੜ ਜੇਲ੍ਹ ਦੇ ਅੰਦਰ ਹੀ ਦਫਨਾ ਦਿੱਤਾ। ਕੀ ਉਸ ਨੂੰ ਮਕਬੂਲ ਬੱਟ ਦੇ ਨਾਲ ਦਫਨਾਇਆ ਗਿਆ? (ਕਸ਼ਮੀਰੀ ਨੌਜਵਾਨ ਮਕਬੂਲ ਬੱਟ ਨੂੰ 1984 ਵਿਚ ਫਾਹੇ ਲਾ ਦਿੱਤਾ ਗਿਆ ਸੀ)। ਅਫਜ਼ਲ ਦੀ ਪਤਨੀ ਅਤੇ ਪੁੱਤਰ ਨੂੰ ਇਸ ਦੀ ਇਤਲਾਹ ਵੀ ਨਹੀਂ ਦਿੱਤੀ ਗਈ। ‘ਅਧਿਕਾਰੀਆਂ ਨੇ ਸਪੀਡ ਪੋਸਟ ਅਤੇ ਰਜਿਸਟਰਡ ਪੋਸਟ ਜ਼ਰੀਏ ਪਰਿਵਾਰ ਨੂੰ ਜਾਣਕਾਰੀ ਭੇਜ ਦਿੱਤੀ ਹੈ’, ਗ੍ਰਹਿ ਸਕੱਤਰ ਨੇ ਪ੍ਰੈਸ ਨੂੰ ਦੱਸਿਆ, ‘ਜੰਮੂ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਪਤਾ ਕਰੇ ਕਿ ਇਤਲਾਹ ਉਨ੍ਹਾਂ ਨੂੰ ਮਿਲ ਗਈ ਹੈ ਜਾਂ ਨਹੀਂ।’ ਇਹ ਕੋਈ ਵੱਡੀ ਗੱਲ ਨਹੀਂ ਹੈ, ਉਹ ਤਾਂ ਬਸ ਇਕ ਕਸ਼ਮੀਰੀ ਦਹਿਸ਼ਤਗਰਦ ਦੇ ਪਰਿਵਾਰ ਵਾਲੇ ਹਨ।
ਏਕਤਾ ਦੇ ਇਕ ਦੁਰਲੱਭ ਪਲ ਵਿਚ ਰਾਸ਼ਟਰ ਜਾਂ ਘੱਟੋ-ਘੱਟ ਇਸ ਦੀਆਂ ਮੁੱਖ ਸਿਆਸੀ ਪਾਰਟੀਆਂ (‘ਦੇਰੀ’ ਅਤੇ ‘ਵਕਤ’ ਦੇ ਛੋਟੇ-ਮੋਟੇ ਮੱਤਭੇਦਾਂ ਨੂੰ ਛੱਡ ਦੇਈਏ ਤਾਂ) ਕਾਨੂੰਨ-ਵਿਵਸਥਾ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕ ਹੋ ਗਈਆਂ। ਰਾਸ਼ਟਰ ਦੀ ਚੇਤਨਾ, ਜਿਸ ਦਾ ਇਨ੍ਹੀਂ ਦਿਨੀਂ ਟੀ. ਵੀ. ਸਟੂਡੀਓ ਤੋਂ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ, ਨੇ ਆਪਣੀ ਸਮੂਹਿਕ ਸਮਝ ਸਾਡੇ ‘ਤੇ ਥੋਪ ਦਿੱਤੀ, ਹਮੇਸ਼ਾ ਵਾਂਗ ਧਰਮਾਤਮਾ ਵਰਗੇ ਜਨੂਨ ਅਤੇ ਤੱਥਾਂ ਦੀ ਨਾਜ਼ੁਕ ਪਕੜ ਦਾ ਉਹੀ ਮਿਲਗੋਭਾ। ਇਥੋਂ ਤਕ ਕਿ ਉਹ ਇਨਸਾਨ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਸੀ, ਫਿਰ ਵੀ ਝੁੰਡਾਂ ਵਿਚ ਸ਼ਿਕਾਰ ਖੇਡਣ ਵਾਲੇ ਬੁਜ਼ਦਿਲਾਂ ਵਾਂਗ ਉਨ੍ਹਾਂ ਨੂੰ ਇਕ ਦੂਜੇ ਨੂੰ ਹੌਸਲਾ ਦੇਣ ਦੀ ਲੋੜ ਪੈ ਰਹੀ ਸੀ। ਸ਼ਾਇਦ ਆਪਣੇ ਮਨ ਦੀਆਂ ਡੂੰਘਾਈਆਂ ਤੋਂ ਉਹ ਜਾਣਦੇ ਸਨ ਕਿ ਉਹ ਸਾਰੇ ਭਿਆਨਕ ਤੌਰ ‘ਤੇ ਗਲਤ ਕੰਮ ‘ਚ ਜੁਟੇ ਹੋਏ ਹਨ।
ਤੱਥ ਕੀ ਹੈ?
13 ਦਸੰਬਰ 2001 ਨੂੰ ਪੰਜ ਹਥਿਆਰਬੰਦ ਬੰਦੇ ਆਈ. ਈ. ਡੀ. ਲੈ ਕੇ ਚਿੱਟੀ ਅੰਬੈਸਡਰ ਕਾਰ ਰਾਹੀਂ ਪਾਰਲੀਮੈਂਟ ਭਵਨ ਦੇ ਦਰਵਾਜੇ ਰਾਹੀਂ ਅੰਦਰ ਗਏ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਕਾਰ ਵਿਚੋਂ ਨਿਕਲ ਆਏ ਅਤੇ ਗੋਲੀਆਂ ਚਲਾਉਣ ਲੱਗੇ। ਉਨ੍ਹਾਂ ਨੇ ਸੁਰੱਖਿਆ ਅਮਲੇ ਦੇ ਅੱਠ ਜਵਾਨਾਂ ਅਤੇ ਇਕ ਮਾਲੀ ਨੂੰ ਮਾਰ ਦਿੱਤਾ। ਇਸ ਪਿਛੋਂ ਹੋਈ ਗੋਲੀਬਾਰੀ ਵਿਚ ਪੰਜ ਹਮਲਾਵਰ ਵੀ ਮਾਰੇ ਗਏ। ਪੁਲਿਸ ਹਿਰਾਸਤ ਵਿਚ ਦਿੱਤੇ ਇਕਬਾਲੀਆ ਬਿਆਨਾਂ ਦੇ ਅਨੇਕਾਂ ਰੂਪਾਂ ਵਿਚੋਂ ਇਕ ਵਿਚ ਅਫਜ਼ਲ ਗੁਰੂ ਨੇ ਉਨ੍ਹਾਂ ਦੀ ਸ਼ਨਾਖਤ ਮੁਹੰਮਦ, ਰਾਣਾ, ਰਾਜਾ, ਹਮਜਾ ਅਤੇ ਹੈਦਰ ਵਜੋਂ ਕੀਤੀ। ਅੱਜ ਤਕ ਵੀ, ਅਸੀਂ ਕੁਲ-ਮਿਲਾ ਕੇ ਉਨ੍ਹਾਂ ਬਾਰੇ ਇੰਨਾ ਕੁ ਹੀ ਜਾਣਦੇ ਹਾਂ।
ਉਦੋਂ ਦੇ ਗ੍ਰਹਿ ਮੰਤਰੀ ਐਲ਼ ਕੇ. ਅਡਵਾਨੀ ਨੇ ਕਿਹਾ ਕਿ ਉਹ ‘ਪਾਕਿਸਤਾਨੀਆਂ ਵਰਗੇ ਲੱਗਦੇ ਸਨ’ (ਉਨ੍ਹਾਂ ਨੂੰ ਪਤਾ ਹੋਣਾ ਹੀ ਚਾਹੀਦਾ ਹੈ ਕਿ ਠੀਕ-ਠੀਕ ਪਾਕਿਸਤਾਨੀਆਂ ਵਰਗਾ ਨਜ਼ਰ ਆਉਣਾ ਕੀ ਹੁੰਦਾ ਹੈ, ਉਹ ਖੁਦ ਸਿੰਧੀ ਜੁ ਹੈ)। ਸਿਰਫ ਅਫਜ਼ਲ ਦੇ ਇਕਬਾਲੀਆ ਬਿਆਨਾਂ ਦੇ ਆਧਾਰ ‘ਤੇ (ਜਿਸ ਨੂੰ ਸੁਪਰੀਮ ਕੋਰਟ ਨੇ ਬਾਅਦ ਵਿਚ ‘ਖਾਮੀਆਂ’ ਅਤੇ ‘ਕਾਰਵਾਈ ਸਬੰਧੀ ਸੁਰੱਖਿਆ ਉਪਾਵਾਂ ਦੀਆਂ ਉਲੰਘਣਾਵਾਂ’ ਦੇ ਆਧਾਰ ‘ਤੇ ਖਾਰਜ ਕਰ ਦਿੱਤਾ ਸੀ) ਹਕੂਮਤ ਨੇ ਪਾਕਿਸਤਾਨ ਤੋਂ ਆਪਣਾ ਸਫੀਰ ਵਾਪਸ ਬੁਲਾ ਲਿਆ ਅਤੇ ਪੰਜ ਲੱਖ ਫੌਜ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਕਰ ਦਿੱਤਾ। ਪਰਮਾਣੂ ਯੁੱਧ ਦੀਆਂ ਗੱਲਾਂ ਹੋਣ ਲੱਗੀਆਂ ਸਨ। ਵਿਦੇਸ਼ੀ ਸਫਾਰਤਖਾਨਿਆਂ ਨੇ ਸਫਰ ਸਬੰਧੀ ਮਸ਼ਵਰੇ ਜਾਰੀ ਕਰ ਦਿੱਤੇ ਸਨ ਅਤੇ ਦਿੱਲੀ ਤੋਂ ਆਪਣੇ ਅਮਲੇ ਵਾਪਸ ਬੁਲਾ ਲਏ ਸਨ। ਇਹ ਬੇਯਕੀਨੀ ਕਈ ਮਹੀਨੇ ਬਣੀ ਰਹੀ ਅਤੇ ਹਿੰਦੁਸਤਾਨ ਦੇ ਹਜ਼ਾਰਾਂ ਕਰੋੜ ਰੁਪਏ ਖਰਚ ਹੋ ਗਏ।
14 ਦਸੰਬਰ 2001 ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦਾਅਵਾ ਕੀਤਾ ਕਿ ਉਸ ਨੇ ਇਸ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। 15 ਦਸੰਬਰ ਨੂੰ ਉਸ ਨੇ ਦਿੱਲੀ ਵਿਚ ਇਸ ਪਿੱਛੇ ਕੰਮ ਕਰਦੇ ਦਿਮਾਗ ਪ੍ਰੋਫੈਸਰ ਐਸ਼ ਏ. ਆਰ. ਗਿਲਾਨੀ ਅਤੇ ਸ੍ਰੀਨਗਰ ਦੀ ਫਲਾਂ ਦੀ ਮੰਡੀ ਤੋਂ ਸ਼ੌਕਤ ਗੁਰੂ ਅਤੇ ਅਫਜ਼ਲ ਗੁਰੂ ਨੂੰ ਗ੍ਰਿਫਤਾਰ ਕਰ ਲਿਆ। ਪਿਛੋਂ ਉਨ੍ਹਾਂ ਨੇ ਸ਼ੌਕਤ ਦੀ ਪਤਨੀ ਅਫਸ਼ਾਂ ਗੁਰੂ ਨੂੰ ਵੀ ਗ੍ਰਿਫਤਾਰ ਕਰ ਲਿਆ। ਮੀਡੀਆ ਨੇ ਜੋਸ਼ੋ-ਖਰੋਸ਼ ਨਾਲ ਸਪੈਸ਼ਲ ਸੈੱਲ ਦੀ ਕਹਾਣੀ ਨੂੰ ਪ੍ਰਚਾਰਿਆ। ਕੁਝ ਸੁਰਖੀਆਂ ਇਉਂ ਸਨ: ‘ਡੀ. ਯੂ. ਲੈਕਚਰਾਰ ਵਾਜ਼ ਟੈਰਰ ਪਲਾਨ ਹੱਬ’, ‘ਵਰਸਿਟੀ ਡੌਨ ਗਾਈਡਿਡ ਫਿਦਾਇਨ’, ‘ਡੌਨ ਲੈਕਚਰਡ ਆਨ ਟੈਰਰ ਇਨ ਫਰੀ ਟਾਈਮ।’
ਜ਼ੀ ਟੀ. ਵੀ. ਨੇ ਦਸੰਬਰ 13 ਨਾਂ ਦਾ ‘ਦਸਤਾਵੇਜ਼ੀ ਡਰਾਮਾ’ ਪ੍ਰਸਾਰਤ ਕੀਤਾ, ਜੋ ‘ਪੁਲਿਸ ਦੀ ਫਰਦ-ਜੁਰਮ ‘ਤੇ ਆਧਾਰਤ ਸੱਚਾਈ’ ਹੋਣ ਦਾ ਦਾਅਵਾ ਕਰਦਾ ਸੀ। ਉਸ ਨੂੰ ਮੁੜ ਪੇਸ਼ ਕੀਤਾ ਗਿਆ (ਜੇ ਪੁਲਿਸ ਦੀ ਕਹਾਣੀ ਸਹੀ ਹੈ ਤਾਂ ਫਿਰ ਅਦਾਲਤਾਂ ਕਿਸ ਲਈ ਹਨ?)। ਉਦੋਂ ਪ੍ਰਧਾਨ ਮੰਤਰੀ ਵਾਜਪਾਈ ਅਤੇ ਐਲ਼ ਕੇ. ਅਡਵਾਨੀ ਨੇ ਸ਼ੱਰੇਆਮ ਫਿਲਮ ਦੀ ਤਾਰੀਫ ਕੀਤੀ। ਸੁਪਰੀਮ ਕੋਰਟ ਨੇ ਇਹ ਫਿਲਮ ਦਿਖਾਏ ਜਾਣ ‘ਤੇ ਰੋਕ ਲਾਉਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੀਡੀਆ ਜੱਜਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਫਿਲਮ ਫਾਸਟ-ਟਰੈਕ ਅਦਾਲਤ ਵਲੋਂ ਅਫਜ਼ਲ, ਸ਼ੌਕਤ ਅਤੇ ਗਿਲਾਨੀ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੀ ਦਿਖਾਈ ਗਈ। ਹਾਈ ਕੋਰਟ ਨੇ ‘ਮਾਸਟਰਮਾਈਂਡ’ ਪ੍ਰੋ. ਐਸ਼ ਏ. ਆਰ. ਗਿਲਾਨੀ ਅਤੇ ਅਫਸਾਂ ਗੁਰੂ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਰਿਹਾਈ ਨੂੰ ਬਰਕਰਾਰ ਰੱਖਿਆ; ਪਰ 5 ਅਗਸਤ 2005 ਦੇ ਆਪਣੇ ਫੈਸਲੇ ਵਿਚ ਇਸ ਨੇ ਮੁਹੰਮਦ ਅਫਜ਼ਲ ਨੂੰ ਤੀਹਰੀ ਉਮਰ ਕੈਦ ਅਤੇ ਦੋਹਰੀ ਫਾਂਸੀ ਦੀ ਸਜ਼ਾ ਸੁਣਾਈ।
ਕੁਝ ਉਘੇ ਪੱਤਰਕਾਰਾਂ, ਜਿਨ੍ਹਾਂ ਨੂੰ ਬਿਹਤਰ ਪਤਾ ਹੋਵੇਗਾ, ਮੁਤਾਬਿਕ (ਫੈਲਾਏ ਜਾਣ ਵਾਲੇ ਝੂਠਾਂ ਦੇ ਉਲਟ) ਅਫਜ਼ਲ ਗੁਰੂ 13 ਦਸੰਬਰ 2001 ਨੂੰ ਪਾਰਲੀਮੈਂਟ ਭਵਨ ‘ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਵਿਚ ਨਹੀਂ ਸੀ। ਨਾ ਹੀ ਉਨ੍ਹਾਂ ਲੋਕਾਂ ਵਿਚੋਂ ਸੀ, ਜਿਨ੍ਹਾਂ ਨੇ ‘ਸੁਰੱਖਿਆ ਮੁਲਾਜ਼ਮਾਂ ‘ਤੇ ਗੋਲੀਆਂ ਚਲਾਈਆਂ ਅਤੇ ਮਾਰੇ ਗਏ ਛੇ ਸੁਰੱਖਿਆ ਮੁਲਾਜ਼ਮਾਂ ਵਿਚੋਂ ਤਿੰਨ ਦਾ ਕਤਲ ਕੀਤਾ’ (ਇਹ ਗੱਲ ਭਾਜਪਾ ਦੇ ਰਾਜ ਸਭਾ ਮੈਂਬਰ ਚੰਦਨ ਮਿੱਤਰਾ ਨੇ 7 ਅਕਤੂਬਰ 2006 ਨੂੰ ‘ਦਿ ਪਾਇਨੀਅਰ’ ਅਖਬਾਰ ਵਿਚ ਲਿਖੀ ਸੀ)। ਇਥੋਂ ਤਕ ਕਿ ਪੁਲਿਸ ਦੀ ਫਰਦ-ਜੁਰਮ ਵੀ ਉਸ ਨੂੰ ਇਸ ਦਾ ਮੁਲਜ਼ਮ ਨਹੀਂ ਕਹਿੰਦੀ। ਸੁਪਰੀਮ ਕੋਰਟ ਦਾ ਫੈਸਲਾ ਕਹਿੰਦਾ ਹੈ ਕਿ ਸਬੂਤ ਹਾਲਾਤ ਦੇ ਹਨ: ‘ਜ਼ਿਆਦਾਤਰ ਸਾਜ਼ਿਸ਼ਾਂ ਵਾਂਗ, ਜੁਰਮ ਦੀ ਸਾਜ਼ਿਸ਼ ਦੇ ਜਾਹਰਾ ਸਬੂਤ ਨਹੀਂ ਹਨ ਅਤੇ ਨਾ ਹੀ ਹੋ ਸਕਦੇ ਹਨ।’ ਪਰ ਉਸ ਨੇ ਅੱਗੇ ਕਿਹਾ, ‘ਹਮਲਾ, ਜਿਸ ਦਾ ਸਿੱਟਾ ਭਾਰੀ ਨੁਕਸਾਨ ਵਿਚ ਨਿਕਲਿਆ ਅਤੇ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ, ਤੇ ਸਮਾਜ ਦੀ ਸਮੂਹਿਕ ਆਤਮਾ ਸਿਰਫ ਤਦ ਹੀ ਸ਼ਾਂਤ ਹੋ ਸਕਦੀ ਹੈ, ਜੇ ਮੁਜਰਿਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।’
ਪਾਰਲੀਮੈਂਟ ਹਮਲੇ ਦੇ ਮਾਮਲੇ ਵਿਚ ਸਾਡੀ ਸਮੂਹਿਕ ਆਤਮਾ ਦਾ ਨਿਰਮਾਣ ਕਿਸ ਨੇ ਕੀਤਾ? ਕੀ ਇਹ ਉਹ ਤੱਥ ਹੁੰਦੇ ਹਨ, ਜੋ ਅਸੀਂ ਅਖਬਾਰਾਂ ਤੋਂ ਹਾਸਲ ਕਰਦੇ ਹਾਂ? ਫਿਲਮਾਂ, ਜੋ ਟੀ. ਵੀ. ‘ਤੇ ਦੇਖਦੇ ਹਾਂ?
ਕੁਝ ਲੋਕ ਹਨ, ਜੋ ਇਹ ਦਲੀਲ ਦੇਣਗੇ, ਠੀਕ ਇਹੀ ਤੱਥ ਕਿ ਅਦਾਲਤ ਨੇ ਐਸ਼ ਏ. ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਅਤੇ ਅਫਜ਼ਲ ਨੂੰ ਮੁਜਰਮ ਠਹਿਰਾਇਆ, ਇਹ ਸਾਬਤ ਕਰਦਾ ਹੈ ਕਿ ਸੁਣਵਾਈ ਆਜ਼ਾਦ ਅਤੇ ਨਿਰਪੱਖ ਸੀ। ਕੀ ਇਹ ਸਾਰਾ ਕੁਝ ਇਉਂ ਹੀ ਸੀ?
ਫਾਸਟ-ਟਰੈਕ ਅਦਾਲਤ ਵਿਚ ਸੁਣਵਾਈ ਮਈ 2002 ਵਿਚ ਸ਼ੁਰੂ ਹੋਈ। ਦੁਨੀਆਂ 9/11 ਦੇ ਜਨੂਨ ਦੀ ਲਪੇਟ ਵਿਚ ਸੀ। ਅਮਰੀਕਨ ਹਕੂਮਤ ਨੇ ਅਫਗਾਨਿਸਤਾਨ ਵਿਚ ਆਪਣੀ ‘ਜਿੱਤ’ ‘ਤੇ ਹੜਬੜਾ ਕੇ ਟਿਕਟਿਕੀ ਲਾਈ ਹੋਈ ਸੀ। ਗੁਜਰਾਤ ਦੀ ਨਸਲਕੁਸ਼ੀ ਚੱਲ ਰਹੀ ਸੀ। ਤੇ ਪਾਰਲੀਮੈਂਟ ‘ਤੇ ਹਮਲੇ ਦੇ ਮਾਮਲੇ ਵਿਚ ਕਾਨੂੰਨ ਆਪਣੇ ਰਾਹ ‘ਤੇ ਤੁਰ ਰਿਹਾ ਸੀ। ਇਕ ਜੁਰਮ ਦੇ ਮਾਮਲੇ ਦੇ ਸਭ ਤੋਂ ਅਹਿਮ ਪੜਾਅ ‘ਚ, ਜਦੋਂ ਸਬੂਤ ਪੇਸ਼ ਕੀਤੇ ਜਾਂਦੇ ਹਨ, ਜਦੋਂ ਗਵਾਹਾਂ ਨੂੰ ਸਵਾਲ-ਜਵਾਬ ਕੀਤੇ ਜਾਂਦੇ ਹਨ, ਜਦੋਂ ਦਲੀਲਾਂ ਦੀ ਬੁਨਿਆਦ ਰੱਖੀ ਜਾਂਦੀ ਹੈ (ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਤੁਸੀਂ ਸਿਰਫ ਕਾਨੂੰਨ ਦੇ ਨੁਕਤਿਆਂ ‘ਤੇ ਬਹਿਸ ਕਰ ਸਕਦੇ ਹੋ, ਤੁਸੀਂ ਨਵੇਂ ਸਬੂਤ ਪੇਸ਼ ਨਹੀਂ ਕਰ ਸਕਦੇ), ਉਦੋਂ ਅਫਜ਼ਲ ਗੁਰੂ ਭਾਰੀ ਸੁਰੱਖਿਆ ਵਾਲੀ ਕਾਲ-ਕੋਠੜੀ ਵਿਚ ਬੰਦ ਸੀ। ਉਸ ਕੋਲ ਕੋਈ ਵਕੀਲ ਨਹੀਂ ਸੀ। ਅਦਾਲਤ ਵਲੋਂ ਦਿੱਤਾ ਜੂਨੀਅਰ ਵਕੀਲ ਇਕ ਵਾਰ ਵੀ ਆਪਣੇ ਮੁਵੱਕਿਲ ਨੂੰ ਨਹੀਂ ਮਿਲਿਆ, ਉਸ ਨੇ ਅਫਜ਼ਲ ਦੇ ਬਚਾਓ ਲਈ ਇਕ ਵੀ ਗਵਾਹ ਨਾ ਬੁਲਾਇਆ ਅਤੇ ਨਾ ਹੀ ਇਸਤਗਾਸਾ ਧਿਰ ਵਲੋਂ ਪੇਸ਼ ਕੀਤੇ ਗਵਾਹਾਂ ਨਾਲ ਜਿਰ੍ਹਾ ਕੀਤੀ। ਇਸ ਹਾਲਤ ਵਿਚ ਜੱਜ ਨੇ ਕੁਝ ਪੱਲੇ ਪੈਣ ਵਿਚ ਅਸਮਰੱਥਾ ਜਾਹਰ ਕੀਤੀ।
ਫਿਰ ਵੀ, ਸ਼ੁਰੂ ਤੋਂ ਹੀ ਮਾਮਲਾ ਬਿਖਰ ਗਿਆ। ਅਨੇਕ ਮਿਸਾਲਾਂ ਵਿਚੋਂ ਕੁਝ ਇਹ ਹਨ:
ਪੁਲਿਸ ਅਫਜ਼ਲ ਤਕ ਕਿਵੇਂ ਪਹੁੰਚੀ? ਉਨ੍ਹਾਂ ਦਾ ਕਹਿਣਾ ਹੈ ਕਿ ਐਸ਼ ਏ. ਆਰ. ਗਿਲਾਨੀ ਨੇ ਉਸ ਬਾਰੇ ਦੱਸਿਆ; ਪਰ ਅਦਾਲਤ ਦਾ ਰਿਕਾਰਡ ਦਿਖਾਉਂਦਾ ਹੈ ਕਿ ਅਫਜ਼ਲ ਦੀ ਗ੍ਰਿਫਤਾਰੀ ਦਾ ਸੰਦੇਸ਼ ਗਿਲਾਨੀ ਨੂੰ ਚੁੱਕੇ ਜਾਣ ਤੋਂ ਪਹਿਲਾਂ ਹੀ ਆ ਗਿਆ ਸੀ। ਹਾਈ ਕੋਰਟ ਨੇ ਇਸ ਨੂੰ ‘ਭੌਤਿਕ ਵਿਰੋਧਾਭਾਸ’ ਕਿਹਾ, ਪਰ ਇਸ ਨੂੰ ਉਂਜ ਹੀ ਬਰਕਰਾਰ ਰਹਿਣ ਦਿੱਤਾ ਗਿਆ।
ਅਫਜ਼ਲ ਦੇ ਖਿਲਾਫ ਸਭ ਤੋਂ ਵੱਧ ਇਲਜ਼ਾਮ ਲਾਉਣ ਵਾਲੇ ਦੋ ਸਬੂਤ-ਸੈੱਲ ਫੋਨ ਤੇ ਲੈਪਟਾਪ ਸਨ, ਜੋ ਉਸ ਦੀ ਗ੍ਰਿਫਤਾਰੀ ਸਮੇਂ ਜ਼ਬਤ ਕੀਤੇ ਗਏ। ਗ੍ਰਿਫਤਾਰੀ ਮੈਮੋ ‘ਤੇ ਦਿੱਲੀ ਦੇ ਬਿਸਮਿੱਲਾ ਦੇ ਦਸਤਖਤ ਹਨ, ਜੋ ਗਿਲਾਨੀ ਦਾ ਭਰਾ ਹੈ। ਬਰਾਮਦਗੀ ਸੂਚੀ ‘ਤੇ ਜੰਮੂ ਕਸ਼ਮੀਰ ਪੁਲਿਸ ਦੇ ਦੋ ਮੁਲਾਜ਼ਮਾਂ ਦੇ ਦਸਤਖਤ ਹਨ, ਜਿਨ੍ਹਾਂ ਵਿਚੋਂ ਇਕ, ਅਫਜ਼ਲ ਨੂੰ ਉਨ੍ਹਾਂ ਦਿਨਾਂ ਵਿਚ ਤਸੀਹੇ ਦੇਣ ਵਾਲਾ ਸੀ, ਜਦੋਂ ਉਹ ਆਤਮ-ਸਮਰਪਣ ਕੀਤਾ ‘ਇੰਤਹਾਪਸੰਦ’ ਹੁੰਦਾ ਸੀ। ਕੰਪਿਊਟਰ ਅਤੇ ਸੈੱਲ ਫੋਨ ਨੂੰ ਸੀਲ ਨਹੀਂ ਕੀਤਾ ਗਿਆ, ਜਿਵੇਂ ਸਬੂਤ ਦੇ ਮਾਮਲੇ ਵਿਚ ਕੀਤਾ ਜਾਂਦਾ ਹੈ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਲੈਪਟਾਪ ਦੀ ਹਾਰਡ ਡਿਸਕ ਨੂੰ ਗ੍ਰਿਫਤਾਰੀ ਪਿਛੋਂ ਇਸਤੇਮਾਲ ਕੀਤਾ ਗਿਆ ਸੀ। ਇਸ ਵਿਚ ਗ੍ਰਹਿ ਮੰਤਰਾਲੇ ਦੇ ਫਰਜ਼ੀ ਪਾਸ ਅਤੇ ਫਰਜ਼ੀ ਸ਼ਨਾਖਤੀ ਕਾਰਡ ਸਨ, ਜੋ ਦਹਿਸ਼ਤਗਰਦਾਂ ਨੇ ਪਾਰਲੀਮੈਂਟ ਵਿਚ ਦਾਖਲ ਹੋਣ ਲਈ ਵਰਤੇ ਸਨ; ਤੇ ਪਾਰਲੀਮੈਂਟ ਭਵਨ ਦਾ ਇਕ ਜੀ. ਟੀ. ਵੀ. ਵੀਡੀਓ ਕਲਿੱਪ ਸੀ। ਇਸ ਤਰ੍ਹਾਂ ਪੁਲਿਸ ਮੁਤਾਬਿਕ, ਅਫਜ਼ਲ ਨੇ ਸਾਰੀ ਜਾਣਕਾਰੀ ਖਤਮ ਕਰ ਦਿੱਤੀ ਸੀ, ਬਸ ਸਭ ਤੋਂ ਵੱਧ ਮੁਜਰਿਮ ਠਹਿਰਾਉਣ ਵਾਲੀਆਂ ਚੀਜ਼ਾਂ ਇਸ ਵਿਚ ਰਹਿਣ ਦਿੱਤੀਆਂ ਸਨ, ਤੇ ਉਹ ਇਹ ਲੈਪਟਾਪ ਗਾਜ਼ੀ ਬਾਬਾ ਨੂੰ ਦੇਣ ਜਾ ਰਿਹਾ ਸੀ, ਜਿਸ ਨੂੰ ਫਰਦ-ਜੁਰਮ ਵਿਚ ਕਾਰਵਾਈ ਦਾ ਮੁਖੀ ਕਿਹਾ ਗਿਆ ਹੈ।
ਇਸਤਗਾਸਾ ਪੱਖ ਦੇ ਇਕ ਗਵਾਹ ਕਮਲ ਕਿਸ਼ੋਰ ਨੇ ਅਫਜ਼ਲ ਗੁਰੂ ਦੀ ਸ਼ਨਾਖਤ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ 4 ਦਸੰਬਰ 2001 ਨੂੰ ਉਸ ਨੇ ਉਹ ਅਹਿਮ ਸਿੱਮ-ਕਾਰਡ ਅਫਜ਼ਲ ਨੂੰ ਵੇਚਿਆ ਸੀ, ਜਿਸ ਜ਼ਰੀਏ ਮਾਮਲੇ ਦੇ ਸਾਰੇ ਮੁਲਜ਼ਮ ਉਸ ਦੇ ਸੰਪਰਕ ਵਿਚ ਸਨ; ਪਰ ਇਸਤਗਾਸਾ ਪੱਖ ਦੇ ਆਪਣੇ ਕਾਲ-ਰਿਕਾਰਡ ਦਿਖਾਉਂਦੇ ਹਨ ਕਿ ਸਿੱਮ 6 ਨਵੰਬਰ 2001 ਤੋਂ ਚੱਲ ਰਿਹਾ ਸੀ।
ਅਜਿਹੀਆਂ ਹੀ ਹੋਰ ਕਈ ਗੱਲਾਂ ਹਨ ਅਤੇ ਹੋਰ ਵੀ ਗੱਲਾਂ, ਝੂਠ ਦੇ ਅੰਬਾਰ ਅਤੇ ਮਨਘੜਤ ਸਬੂਤ। ਅਦਾਲਤ ਨੇ ਉਨ੍ਹਾਂ ‘ਤੇ ਗੌਰ ਕੀਤਾ, ਪਰ ਪੁਲਿਸ ਨੂੰ ਆਪਣੀ ਮਿਹਨਤ ਲਈ ਮਾਮੂਲੀ ਜਿਹੀ ਝਾੜ ਤੋਂ ਬਿਨਾ ਵੱਧ ਕੁਝ ਨਹੀਂ ਮਿਲਿਆ।
ਫਿਰ ਤਾਂ ਉਹੀ ਘਸੀ-ਪਿਟੀ ਕਹਾਣੀ ਹੈ। ਜ਼ਿਆਦਾਤਰ ਆਤਮ-ਸਮਰਪਣ ਕਰ ਚੁਕੇ ਅਤਿਵਾਦੀਆਂ ਵਾਂਗ ਅਫਜ਼ਲ ਕਸ਼ਮੀਰ ਵਿਚ ਸੁਖਾਲਾ ਸ਼ਿਕਾਰ ਸੀ-ਤਸੀਹੇ, ਬਲੈਕਮੇਲ, ਜਬਰੀ ਵਸੂਲੀ ਦਾ ਸ਼ਿਕਾਰ। ਜਿਸ ਨੂੰ ਸੰਸਦ ‘ਤੇ ਹਮਲੇ ਦੀ ਬੁਝਾਰਤ ਨੂੰ ਹੱਲ ਕਰਨ ‘ਚ ਸੱਚਮੁੱਚ ਦਿਲਚਸਪੀ ਹੋਵੇ, ਉਸ ਨੂੰ ਸਬੂਤਾਂ ਦੇ ਇਕ ਸੰਘਣੇ ਰਸਤਿਓਂ ਗੁਜ਼ਰਨਾ ਹੋਵੇਗਾ ਜੋ ਕਸ਼ਮੀਰ ਵਿਚ ਇਕ ਧੁੰਦਲੇ ਜਾਲ ਦੀ ਤਰਫ ਲੈ ਜਾਂਦੇ ਹਨ, ਜੋ ਅਤਿਵਾਦੀਆਂ ਨੂੰ ਆਤਮ-ਸਮਰਪਣ ਕਰ ਚੁਕੇ ਅਤਿਵਾਦੀਆਂ ਨਾਲ, ਗੱਦਾਰਾਂ ਨੂੰ ਸਪੈਸ਼ਲ ਪੁਲਿਸ ਅਫਸਰਾਂ ਨਾਲ, ਸਪੈਸ਼ਲ ਓਪਰੇਸ਼ਨ ਗਰੁੱਪ ਨੂੰ ਸਪੈਸ਼ਲ ਟਾਸਕ ਫੋਰਸ ਨਾਲ ਜੋੜਦਾ ਹੈ ਅਤੇ ਇਹ ਰਿਸ਼ਤਾ ਉਪਰ ਅਤੇ ਅੱਗੇ ਵੱਲ ਵਧਦਾ ਜਾਂਦਾ ਹੈ; ਉਪਰ ਅਤੇ ਅੱਗੇ ਵੱਲ।
ਪਰ ਹੁਣ ਇਸ ਗੱਲ ਨਾਲ ਕਿ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾ ਚੁਕੀ ਹੈ, ਮੈਂ ਉਮੀਦ ਕਰਦੀ ਹਾਂ ਕਿ ਸਾਡੀ ਸਮੂਹਿਕ ਆਤਮਾ ਸੰਤੁਸ਼ਟ ਹੋ ਗਈ ਹੋਵੇਗੀ; ਜਾਂ ਸਾਡਾ ਖੂਨ ਦਾ ਖੱਪਰ ਅਜੇ ਅੱਧਾ ਹੀ ਭਰਿਆ ਹੈ।