ਸੋਚੈ ਸੋਚਿ ਨ ਹੋਵਈ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰਬਾਣੀ ਦੀ ਵਿਆਖਿਆ ਕਰਦਿਆਂ ਸਿੱਖ ਵਿਦਵਾਨ ਬਾਣੀ ਦੇ ਸ਼ਬਦਾਂ ਵਲ ਬਹੁਤਾ ਧਿਆਨ ਨਹੀਂ ਦਿੰਦੇ। ਉਹ ਇਕ ਛਿਣ ਰੁਕ ਕੇ ਇਹ ਨਹੀਂ ਸੋਚਦੇ ਕਿ ਗੁਰੂ ਸਾਹਿਬ ਨੇ ਲਿਖਿਆ ਕੀ ਹੈ, ਕਿਉਂ ਲਿਖਿਆ ਹੈ ਤੇ ਜੋ ਲਿਖਿਆ ਹੈ, ਉਸ ਦਾ ਸਹੀ ਅਰਥ ਕੀ ਹੈ? ਉਹ ਤੁਕ ਦੇ ਅਰਥਾਂ ਨੂੰ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਮੇਲ ਕੇ ਨਹੀਂ ਵਿਚਾਰਦੇ। ਉਨ੍ਹਾਂ ਦੇ ਸਿਧਾਂਤ ਨੂੰ ਸਮਝ ਕੇ ਉਲਥਾ ਕਰਨ ਦੀ ਥਾਂ ਉਹ ਆਪਣੇ ਅੰਦਾਜ਼ੇ ਅਨੁਸਾਰ ਹੀ ਅਰਥ ਕਰਦੇ ਹਨ। ਜੇ ਕੋਈ ਉਨ੍ਹਾਂ ਨੂੰ ਪ੍ਰਸ਼ਨ ਕਰੇ ਤਾਂ ਉਹ ਸਾਰੀ ਬਾਣੀ ਨੂੰ ਸਾਹਮਣੇ ਖਿਲਾਰ ਲੈਂਦੇ ਹਨ ਤੇ ਇਸ ਵਿਚੋਂ ਮਨ ਭਾਉਂਦੀਆਂ ਤੁਕਾਂ ਕੱਢ ਕੱਢ ਉਤਰ ਦੇਈ ਜਾਂਦੇ ਹਨ। ਦੂਜੇ ਨੂੰ ਗਲਤ ਸਾਬਤ ਕਰਨ ਲਈ ਇਕ ਤੁਕ ਛੱਡ ਦੂਜੀ ਦਾ ਸਹਾਰਾ ਲੈ ਕੇ ਦਲੀਲਬਾਜੀ ਕਰਦੇ ਹਨ। ਇਹ ਪ੍ਰਥਾ ਸਹੀ ਨਹੀਂ ਹੈ।

ਬਾਣੀ ਦੀਆਂ ਤੁਕਾਂ ਥਾਲ ਵਿਚ ਪਏ ਫੁੱਲਾਂ ਦੇ ਢੇਰ ਵਾਂਗ ਨਹੀਂ ਹਨ, ਜਿਨ੍ਹਾਂ ‘ਚੋਂ ਕੋਈ ਇਕ ਚੁੱਕ ਕੇ ਦਿਖਾ ਦਿਓ। ਇਹ ਤਾਂ ਲੜੀ ਵਿਚ ਪ੍ਰੋਏ ਹਾਰਾਂ ਵਾਂਗ ਹਨ, ਜਿਥੇ ਹਰ ਫੁੱਲ ਦਾ ਵੱਖ ਵੱਖ ਸਥਾਨ ਅਤੇ ਹਰ ਇਕ ਦਾ ਵੱਖ ਮਹੱਤਵ ਹੈ। ਬਾਣੀ ਵਿਚ ਤਰਤੀਬ ਅਨੁਸਾਰ ਜੜੀਆਂ ਤੁਕਾਂ ਨੂੰ ਫਿਰ ਇਕ ਤਰਤੀਬ ਪੰਚਮ ਪਾਤਿਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਦਿੱਤੀ ਹੋਈ ਹੈ। ਇਨ੍ਹਾਂ ਤਰਤੀਬਾਂ ਦੇ ਬੰਧਨ ਵਿਚ ਹੀ ਹਰ ਤੁਕ ਦੀ ਵਿਆਖਿਆ ਕਰਨੀ ਬਣਦੀ ਹੈ। ਜੇ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਇਹ ਵਿਧੀਆਤਮਕ ਕੁਤਾਹੀ ਹੈ।
ਮਿਸਾਲ ਵਜੋਂ ਸੁਖਮਨੀ ਸਾਹਿਬ ਦੀ ਦੂਜੀ ਅਸਟਪਦੀ ਵਿਚ ਲਿਖਿਆ ਹੈ, ‘ਨਾਮੁ ਜਪਤ ਪਾਵੈ ਬਿਸ੍ਰਾਮ॥’ ਇਸ ਦਾ ਭਾਵ ਹੈ ਕਿ ਨਾਮ ਜਪਣ ਨਾਲ ਪ੍ਰਾਣੀ ਨੂੰ ਵਿਸਰਾਮ ਮਿਲਦਾ ਹੈ, ਅਰਥਾਤ ਉਹ ਆਵਾਗਮਨ ਦੇ ਚੱਕਰ ‘ਚੋਂ ਮੁਕਤ ਹੋ ਕੇ ਪ੍ਰਭੂ ਨਾਲ ਮਿਲ ਜਾਂਦਾ ਹੈ। ਜਪੁਜੀ ਦੀ ਪਉੜੀ 32 ਵਿਚ ਲਿਖਿਆ ਹੈ,
ਇਕ ਦੂ ਜੀਭੌ ਲਖ ਹੋਹਿ
ਲਖ ਹੋਵਹਿ ਲਖ ਵੀਸ॥
ਲਖੁ ਲਖੁ ਗੇੜਾ ਆਖੀਅਹਿ
ਏਕੁ ਨਾਮੁ ਜਗਦੀਸ॥
ਏਤੁ ਰਾਹਿ ਪਤਿ ਪਵੜੀਆ
ਚੜੀਐ ਹੋਇ ਇਕੀਸ॥
ਸੁਣਿ ਗਲਾ ਆਕਾਸ ਕੀ
ਕੀਟਾ ਆਈ ਰੀਸ॥
ਨਾਨਕ ਨਦਰੀ ਪਾਈਐ
ਕੂੜੀ ਕੂੜੈ ਠੀਸ॥
ਭਾਵ ਕੋਈ ਵਿਅਕਤੀ ਲੱਖਾਂ, ਕਰੋੜਾਂ ਵਾਰ ਜਗਦੀਸ਼ (ਹਿੰਦੂ ਧਰਮ ਦਾ ਪ੍ਰਭੂ, ਜੋ ਗਣਿਤੀ ਪਰੰਪਰਾ ਅਨੁਸਾਰ ਕਿਸੇ ਵੀ ਹੋਰ ਧਾਰਮਿਕ ਸਮੁਦਾਏ ਦਾ ਜਪਿਆ ਜਾਣ ਵਾਲਾ ਨਾਂ ਹੋ ਸਕਦਾ ਹੈ) ਨਾਮ ਜਪ ਕੇ ਸਮਝੇ ਕਿ ਉਹ ਉਸ ਨਾਲ ਮਿਲ ਜਾਵੇਗਾ, ਮੁਕਤ ਹੋ ਜਾਵੇਗਾ ਤਾਂ ਇਹ ਉਨ੍ਹਾਂ ਕੀਟ ਪਤੰਗਿਆਂ ਦੀ ਉਮੰਗ ਵਾਂਗ ਹੋਵੇਗਾ, ਜੋ ਆਕਾਸ਼ ਦੀਆਂ ਗੱਲਾਂ ਸੁਣ ਕੇ ਉਪਰ ਨੂੰ ਉਡਣ ਲੱਗ ਪੈਣ ਕਿ ਚਲ ਕੇ ਆਕਾਸ਼ ਨਾਲ ਮਿਲਦੇ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਝੂਠ ਦਾ ਸਿੱਟਾ ਝੂਠ ਹੁੰਦਾ ਹੀ ਨਜ਼ਰ ਆਇਆ ਹੈ। ਹੁਣ ਇੱਥੇ ਸੁਖਮਨੀ ਸਾਹਿਬ ਨੂੰ ਸੱਚ ਮੰਨੀਏ ਜਾਂ ਜਪੁਜੀ ਸਾਹਿਬ ਨੂੰ? ਇਸ ਦਾ ਉਤਰ ਹੈ ਕਿ ਜਪੁਜੀ ਸਾਹਿਬ ਪਹਿਲੇ ਗੁਰੂ ਦਾ ਲਿਖਿਆ ਹੋਇਆ ਹੈ, ਜੋ ਪੰਜਵੇਂ ਗੁਰੂ ਦਾ ਵੀ ਗੁਰੂ ਹੈ ਅਤੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸੁਖਮਨੀ ਸਾਹਿਬ ਤੋਂ ਪਹਿਲਾਂ ਲਿਖੀ ਹੋਈ ਹੈ। ਇਸ ਲਈ ਸੁਖਮਨੀ ਸਾਹਿਬ ਵਾਲੀ ਤੁਕ ਦੀ ਵਿਆਖਿਆ ਜਪੁਜੀ ਦੀ ਪਉੜੀ ਅਨੁਕੂਲ ਹੋਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੈ, ਜੇ ‘ਨਾਮੁ ਜਪਤ’ ਦਾ ਅਰਥ ਪਰਮ-ਸਤਿ ਦੇ ਗੁਣਾਂ ਤੇ ਨਾਮ ਦੀ ਵਿਗਿਆਨਕ ਖੋਜ ਅਤੇ ‘ਵਿਸਰਾਮ’ ਦਾ ਅਰਥ ਅਗਿਆਨ ਤੋਂ ਮੁਕਤੀ ਲਿਆ ਜਾਵੇ।
ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿਚ ਛੇ ਤੁਕਾਂ ਹਨ। ਇਨ੍ਹਾਂ ਵਿਚੋਂ ਪਹਿਲੀਆਂ ਤਿੰਨਾਂ ਦੇ ਅੰਤ-ਸ਼ਬਦਾਂ ਦੀ ਧੁਨੀ ਦੂਜੀਆਂ ਤਿੰਨਾਂ ਤੋਂ ਵੱਖ ਹੈ। ਆਮ ਤੌਰ ‘ਤੇ ਤਿੰਨ ਤੁਕਾਂ ਦੇ ਅੰਤਿਕਾ-ਮੇਲ ਵਾਲੀ ਰਚਨਾ ਘੱਟ ਹੀ ਲਿਖੀ ਜਾਂਦੀ ਹੈ, ਕਿਉਂਕਿ ਇਹ ਲੈ-ਤਾਲ ਦੇ ਤਵਾਜ਼ਨ ਵਿਚ ਠੀਕ ਨਹੀਂ ਬੈਠਦੀ। ਇਸ ਲਈ ਇਨ੍ਹਾਂ ਦੋ ਹਿੱਸਿਆਂ ਨੂੰ ਪੜ੍ਹ ਕੇ ਇਹ ਝਉਲਾ ਪੈਂਦਾ ਹੈ ਕਿ ਜਿਵੇਂ ਇਹ ਵੱਖ ਵੱਖ ਬਾਣੀਆਂ ਦੇ ਅੰਸ਼ ਹੋਣ ਤੇ ਇਨ੍ਹਾਂ ਨੂੰ ਭਾਈ ਲਹਿਣਾ ਨੇ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਇਕ ਥਾਂ ਇੱਕਠਾ ਕੀਤਾ ਹੋਵੇ, ਪਰ ਇਨ੍ਹਾਂ ਤੁਕਾਂ ਦਾ ਉਦੇਸ਼ ਤੇ ਭਾਵਾਤਮਕ ਸੰਗਠਨ ਦੱਸਦੇ ਹਨ ਕਿ ਇਹ ਇਕੋ ਮੌਲਿਕ ਪੂਰ ਦੀ ਰਚਨਾ ਹੈ। ਇਸ ਲਈ ਇਨ੍ਹਾਂ ਨੂੰ ਵੱਖ ਵੱਖ ਸਮਝ ਕੇ ਵਿਆਖਿਆ ਕਰਨੀ ਗਲਤ ਹੈ।
ਜਪੁਜੀ ਸਾਹਿਬ ਵਿਚ ਇਸ ਪੌੜੀ ਦੀ ਬਣਤਰ ਹੇਠ ਲਿਖੇ ਅਨੁਸਾਰ ਹੈ,
ਸੋਚੈ ਸੋਚਿ ਨ ਹੋਵਈ
ਜੇ ਸੋਚੀ ਲਖ ਵਾਰ॥
ਚੁਪੈ ਚੁਪ ਨ ਹੋਵਈ
ਜੇ ਲਾਇ ਰਹਾ ਲਿਵ ਤਾਰ॥
ਭੁਖਿਆ ਭੁਖ ਨ ਉਤਰੀ
ਜੇ ਬੰਨਾ ਪੁਰੀਆ ਭਾਰ॥
ਸਹਸ ਸਿਆਣਪਾ ਲਖ ਹੋਹਿ
ਤ ਇਕ ਨ ਚਲੈ ਨਾਲਿ॥
ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ
ਨਾਨਕ ਲਿਖਿਆ ਨਾਲਿ॥੧॥
ਜਿਨ੍ਹਾਂ ਵਿਦਵਾਨਾਂ ਨੇ ਵੀ ਇਸ ਪਉੜੀ ਦੀ ਵਿਆਖਿਆ ਕੀਤੀ ਹੈ, ਉਨ੍ਹਾਂ ਸਭ ਨੇ ਸਮੁੱਚੇ ਜਪੁਜੀ ਸਾਹਿਬ ਵਾਂਗ ਇਸ ਦੇ ਅਰਥਾਂ ਦਾ ਵੀ ਅਨਰਥ ਕੀਤਾ ਹੋਇਆ ਹੈ। ਆਪ ਮੁਹਾਰੀ ਵਿਆਖਿਆ ਕਰਦਿਆਂ ਕਈ ‘ਸੋਚਿ’ ਨੂੰ ਸੋਚਣਾ ਦੱਸਦੇ ਹਨ, ਕਈ ਸੌਚਾਲੇ ਦੀ ਸਫਾਈ ਜਿਹੀ ਨਿਰਮਲਤਾ ਤੇ ਕਈ ਸੁੱਚਮ ਜਿਹੀ ਸਵੱਛਤਾ। ਜੋ ਸੋਚਿ ਨੂੰ ਸੋਚਣਾ ਸਮਝਦੇ ਹਨ ਤੇ ਕਹਿੰਦੇ ਹਨ ਕਿ ਪਰਮਾਤਮਾ ਨੂੰ ਸੋਚਣ ਨਾਲ ਨਹੀਂ ਪਾਇਆ ਜਾ ਸਕਦਾ, ਜਦੋਂ ਕਿ ਪਰਮਾਤਮਾ ਦਾ ਇੱਥੇ ਕੋਈ ਜ਼ਿਕਰ ਹੀ ਨਹੀਂ ਹੈ। ਕੁਦਰਤ ਦੇ ਰਚਨਾਤਮਕ ਤੱਤ ਬਾਰੇ ਗੁਰੂ ਜੀ ਨੇ ਮੂਲਮੰਤਰ ਵਿਚ ਪਹਿਲਾਂ ਹੀ ਸਪਸ਼ਟ ਲਿਖਿਆ ਹੋਇਆ ਹੈ ਕਿ ਉਹ ਅਜੂਨੀ ਤੇ ਅਕਾਲ ਹੈ, ਇਸ ਲਈ ਉਸ ਨੂੰ ਪਾਉਣਾ ਤਾਂ ਕੀ, ਸੋਚਣਾ ਵੀ ਕਠਿਨ ਹੈ। ਇਹੀ ਕਾਰਨ ਹੈ ਕਿ ਉਸ ਦਾ ਅਸਲ ਨਾਂ ਵੀ ਹਾਲੇ ਪਤਾ ਨਹੀਂ ਹੈ ਤੇ ਗੁਰੂ ਸਾਹਿਬ ਨੇ ਇਸ ਨੂੰ ੴ ਦੇ ਗਣਿਤੀ ਸੂਤਰ ਰਾਹੀਂ ਖੋਜਣ ਦਾ ਫੁਰਮਾਨ ਕੀਤਾ ਹੋਇਆ ਹੈ।
ਜੋ ਵਿਦਵਾਨ ‘ਸੋਚੈ’ ਨੂੰ ਵਿਗਾੜ ਕੇ ਸ਼ੌਚ ਪੜ੍ਹਦੇ ਹਨ ਤੇ ਇਸ ਦਾ ਅਰਥ ਮਲ-ਮੂਤਰ ਦੀ ਸਫਾਈ ਦੱਸਦੇ ਹਨ, ਉਹ ਕਹਿੰਦੇ ਹਨ ਕਿ ਸੌਚਾਲਿਆ ਜਾਣ ਪਿਛੋਂ ਜਿੰਨੀ ਮਰਜ਼ੀ ਸਫਾਈ ਕਰ ਲਵੋ, ਪਰ ਉਹ ਹੋ ਨਹੀਂ ਸਕਦੀ। ਜੇ ਪੁੱਛੋ ਕਿ ਸੌਚਾਲਿਆ ਦਾ ਇਹ ਕਿੰਨਾ ਕੁ ਅਹਿਮ ਮੁੱਦਾ ਸੀ, ਜੋ ਗੁਰੂ ਨਾਨਕ ਨੇ ਆਪਣੀ ਵਿਸ਼ਵ-ਉਦੇਸ਼ੀ ਸਿਧਾਂਤਕ ਬਾਣੀ ਦੇ ਅਰੰਭ ਵਿਚ ਹੀ ਚੁੱਕਣਾ ਠੀਕ ਸਮਝਿਆ? ਤਾਂ ਇਹ ਵਿਦਵਾਨ ਕਹਿੰਦੇ ਹਨ ਕਿ ਗੱਲ ਤਾਂ ਉਨ੍ਹਾਂ ਰੱਬ ਦੀ ਹੀ ਕੀਤੀ ਹੈ, ਕਿਉਂਕਿ ਸਫਾਈ ਦਾ ਦੂਜਾ ਨਾਂ ਰੱਬ ਹੈ। ਜੋ ਸਵੱਛਤਾ ਦੀ ਗੱਲ ਕਰਦੇ ਹਨ, ਉਹ ਦਲੀਲ ਵਜੋਂ ਇਸ ਨੂੰ ਸੁੱਚਮ ਨਾਲ ਜਾ ਜੋੜਦੇ ਹਨ ਕਿ ਸੁੱਚ ਦੀ ਮਹੱਤਤਾ ਕਾਰਨ ਹੀ ਪੁਰਾਤਨ ਵੇਲਿਆਂ ਵਿਚ ਸੁੱਚਮ ਦਾ ਵਿਚਾਰ ਪ੍ਰਚਲਿਤ ਸੀ, ਜਿਸ ਅਨੁਸਾਰ ਗੁਰੂ ਸਾਹਿਬ ਨੇ ਵੀ ਅੰਮ੍ਰਿਤ ਵੇਲੇ ਉਠ ਕੇ ਨਹਾ-ਧੋ ਕੇ ਪਾਠ ਕਰਨ ਦੀ ਤਾਕੀਦ ਕੀਤੀ ਹੈ; ਪਰ ਅਜਿਹੀ ਹਾਸੋਹੀਣੀ ਦਲੀਲ ਦਿੰਦਿਆਂ ਉਹ ਗੁਰੂ ਨਾਨਕ ਦੀਆਂ ਸੁੱਚਮ ਤੇ ਸੂਤਕ ਦੇ ਪਖੰਡਾਂ ਵਿਰੁਧ ਦਲੀਲਾਂ ਨੂੰ ਭੁੱਲ ਜਾਂਦੇ ਹਨ। ਅਗਲੀਆਂ ਦੋ ਤੁਕਾਂ ਵਿਚ ਆਏ ‘ਪੁਰੀਆ ਭਾਰ’ ਨੂੰ ਮਹਾਂਨਗਰਾਂ ਦੀ ਮਾਇਆ ਤੇ ‘ਸਹਸ ਸਿਆਣਪਾ’ ਨੂੰ ਹਜਾਰਾਂ ਕਿਸਮ ਦੀਆਂ ਸਮਝਦਾਰੀਆਂ ਦੱਸਣਾ ਤਾਂ ਇਨ੍ਹਾਂ ਵਿਦਵਾਨਾਂ ਲਈ ਸੌਖੀ ਜਿਹੀ ਗੱਲ ਹੈ।
ਡਾ. ਕਿਰਪਾਲ ਸਿੰਘ ਦੀ 1990 ਵਿਚ ਛਪੀ ਖੋਜ ਪੁਸਤਕ ਜਪੁਜੀ ਸਾਹਿਬ ਦੇ ਹਵਾਲਿਆਂ ਦੀ ਵੇਰਵੇ ਸਹਿਤ ਸੂਚੀ (ਘੁਰੁ ਂਅਨਅਕ’ਸ ਝਅਪੁਜ:ਿ A ਧeਸਚਰਪਿਟਵਿe ਭਬਿਲਿਗਰਅਪਹੇ) ਵਿਚ ਜਪੁਜੀ ਦੀ ਵਿਆਖਿਆ ਸਬੰਧੀ ਨੌਂ ਸੌ ਤੋਂ ਵੱਧ ਕਿਤਾਬਾਂ ਤੇ ਲੇਖਾਂ ਦੇ ਨਾਂ ਦਰਜ਼ ਹਨ। ਪਿਛਲੇ ਤੀਹ ਸਾਲਾਂ ਵਿਚ ਜਿਸ ਰਫਤਾਰ ਨਾਲ ਗੁਰੂ ਸਾਹਿਬ ਦੀ ਇਸ ਬਾਣੀ ‘ਤੇ ਕੰਮ ਹੋਇਆ ਹੈ, ਉਸ ਨੂੰ ਧਿਆਨ ਵਿਚ ਰੱਖਦਿਆਂ ਅੱਜ ਕੱਲ ਇਹ ਗਿਣਤੀ ਦੋ ਹਜ਼ਾਰ ਤੋਂ ਵੀ ਉਤੇ ਟੱਪ ਗਈ ਹੋਵੇਗੀ। ਇਨ੍ਹਾਂ ਵਿਚੋਂ ਜਿੰਨੀਆਂ ਪੁਸਤਕਾਂ ਵੀ ਉਪਲਭਦ ਹੋਣ, ਪੜ੍ਹ ਲਵੋ, ਇਕੋ ਭਾਵ ਦੀ ਵਿਆਖਿਆ ਮਿਲੇਗੀ। ਸਭ ਵਿਦਵਾਨ ਕਹਿੰਦੇ ਹਨ ਕਿ ਪਹਿਲੀ ਤੁਕ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’ ਵਿਚ ਦੋ ਪ੍ਰਸ਼ਨ ਹਨ, ਜੋ ਗੁਰੂ ਸਾਹਿਬ ਤੋਂ ਅਗਿਆਤ ਜਗਿਆਸੂਆਂ ਨੇ ਪੁੱਛੇ ਸਨ। ਕਈਆਂ ਅਨੁਸਾਰ ਇਹ ਅਗਿਆਤ ਜਗਿਆਸੂ ਨਾਥ ਜੋਗੀ ਜਾਂ ਸਿੱਧ ਪੁਰਖ ਸਨ।
ਕਈ ਹੋਰਾਂ ਅਨੁਸਾਰ ਇਹ ਵਿਅਕਤੀ ਉਹ ਸਨ, ਜਿਨ੍ਹਾਂ ਨਾਲ ਗੁਰੂ ਸਾਹਿਬ ਨੇ ਆਪਣੀਆਂ ਉਦਾਸੀਆਂ ਵੇਲੇ ਗੋਸ਼ਟੀਆਂ ਕੀਤੀਆਂ ਸਨ। ਬਹੁਤੇ ਵਿਆਖਿਆਕਾਰ ਸਮਝਦੇ ਹਨ ਕਿ ਇਹ ਪ੍ਰਸ਼ਨ-ਕਰਤਾ ਉਨ੍ਹਾਂ ਦੇ ਆਪਣੇ ਹੀ ਸਿੱਖ ਸ਼ਰਧਾਲੂ ਸਨ, ਪਰ ਸਭ ਵਿਦਵਾਨ ਇਕ ਸੁਰ ਹੋ ਕੇ ਲਿਖਦੇ ਹਨ ਕਿ ਪ੍ਰਸ਼ਨ ਕਰਨ ਵਾਲਿਆਂ ਨੇ ਗੁਰੂ ਸਾਹਿਬ ਨੂੰ ਪਹਿਲਾ ਸਵਾਲ ਇਹ ਪੁੱਛਿਆ ਕਿ ਉਹ ਸੱਚੇ ਕਿਵੇਂ ਬਣਨ ਭਾਵ ਸੱਚਾਈ ਦੇ ਮਾਰਗ ‘ਤੇ ਕਿਵੇਂ ਚੱਲਣ? ਉਨ੍ਹਾਂ ਦਾ ਦੂਜਾ ਪ੍ਰਸ਼ਨ ਸੀ ਕਿ ਕੂੜ ਭਾਵ ਝੂਠ ਦੀ ਦੀਵਾਰ ਨੂੰ ਕਿਵੇਂ ਤੋੜਿਆ ਜਾਵੇ? ਸਾਰੇ ਵਿਆਖਿਆਕਾਰ ਵਿਦਵਾਨ ਇਸ ਗੱਲ ‘ਤੇ ਇਕਮੱਤ ਹਨ ਕਿ ਆਖਰੀ ਤੁਕ ਵਿਚ ਗੁਰੂ ਸਾਹਿਬ ਨੇ ਇਨ੍ਹਾਂ ਦੋਹਾਂ ਸਵਾਲਾਂ ਦਾ ਸਾਂਝਾ ਉਤਰ ਦਿੱਤਾ ਹੈ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਦਾ ਉਤਰ ਹੈ ਕਿ ਇਹ ਦੋਵੇਂ ਗੱਲਾਂ ਪਰਮਾਤਮਾ ਦੇ ਹੁਕਮ ਦੀ ਰਜ਼ਾ ਵਿਚ ਚੱਲਣ ਜਾਂ ਰਹਿਣ ਨਾਲ ਹੀ ਪ੍ਰਾਪਤ ਹੋ ਸਕਦੀਆਂ ਹਨ। ਇਸ ਵਿਆਖਿਆ ਸਦਕਾ ਅੱਜ ਹਰੇਕ ਸਿੱਖ ਇਹੀ ਸਮਝਦਾ ਹੈ ਕਿ ਜੇ ਸੱਚ ਦੀ ਪ੍ਰਾਪਤੀ ਕਰਨੀ ਹੈ ਤੇ ਝੂਠ ਦਾ ਨਾਸ਼ ਕਰਨਾ ਹੈ ਤਾਂ ਰੱਬ ਦੇ ਹੁਕਮ ਦੀ ਰਜ਼ਾ ਵਿਚ ਰਹੋ।
ਪਰ ਇਹ ਵਿਆਖਿਆ ਠੀਕ ਨਹੀਂ ਹੈ। ਵਿਦਵਾਨ ਸਵਾਲ-ਜਵਾਬ ਦੇ ਚੱਕਰ ਵਿਚ ਟਪਲਾ ਖਾ ਕੇ ਅੱਗੇ ਪਿੱਛੇ ਨਹੀਂ ਦੇਖਦੇ। ਅਗਲੀ ਪਉੜੀ ਦੇ ਅਰੰਭ ਵਿਚ ਹੀ ਗੁਰੂ ਸਾਹਿਬ ਕਹਿੰਦੇ ਹਨ ਕਿ ਹੁਕਮ ਦਾ ਪਤਾ ਨਹੀਂ ਹੈ ਤੇ ਇਸ ਨੂੰ ਬੂਝਣ ਭਾਵ ਖੋਜਣ ਦੀ ਲੋੜ ਹੈ। ਜੇ ਹੁਕਮ ਦਾ ਹੀ ਪਤਾ ਨਹੀਂ ਤਾਂ ਉਸ ਦੀ ਰਜ਼ਾ ਵਿਚ ਕਿਵੇਂ ਚਲਿਆ ਜਾ ਸਕਦਾ ਹੈ? ਬੱਸ ਇਹੀ ਅੰਤਰ ਵਿਰੋਧ ਹੀ ਇਸ ਵਿਆਖਿਆ ਨੂੰ ਸੱਚਾਈ ਤੋਂ ਦੂਰ ਲੈ ਜਾਂਦਾ ਹੈ।
ਫਿਰ ਸਹੀ ਵਿਆਖਿਆ ਕੀ ਹੈ? ਸਹੀ ਵਿਆਖਿਆ ਇਸ ਪਉੜੀ ਵਿਚ ਹੀ ਛੁਪੀ ਹੋਈ ਹੈ, ਜਿਸ ਨੂੰ ਸਮਝਣ ਲਈ ਇਸ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਇਸ ਮੰਤਵ ਲਈ ਇਸ ਨੂੰ ਗੁਰੂ ਸਾਹਿਬ ਦੀਆਂ ਅਪਨਾਈਆਂ ਦੂਹਰੀਆਂ ਕਾਵਿਕ ਵਿਧੀਆਂ ਨੂੰ ਸੁਲਝਾ ਕੇ ਬੁੱਝਣਾ ਪਵੇਗਾ। ਇਸ ਪਉੜੀ ਦੀ ਆਖਰੀ ਤੁਕ ਵਿਚ ‘ਰਜਾਈ’ ਤੇ ‘ਨਾਲਿ’ ਇਕੋ ਭਾਵ ਵਾਲੇ ਦੋ ਸ਼ਬਦ ਹਨ, ਜੋ ‘ਹੁਕਮਿ’ ਨਾਲ ਨਹੀਂ ਆ ਸਕਦੇ। ਰਜ਼ਾਈ ਦੇ ‘ਹੁਕਮਿ’ ਦੀ ‘ਰਜ਼ਾ ਵਿਚ ਚਲਣ’ ਲਈ ਵਰਤੇ ਜਾਣ ਤੋਂ ਬਾਅਦ ਸ਼ਬਦ ‘ਨਾਲਿ’ ਬਾਰੇ ਨਿਰਣਾ ਕਰਨਾ ਹੈ ਕਿ ਇਸ ਦਾ ਕੀ ਅਰਥ ਹੈ? ਜੇ ‘ਨਾਨਕ ਲਿਖਿਆ ਨਾਲਿ’ ਨੂੰ ਇਕੱਲਿਆਂ ਵਿਚਾਰਿਆ ਜਾਵੇ ਤਾਂ ਇਸ ਦੇ ਅਰਥ ਹੁਕਮ ਨਾਲ ਚੱਲਣਾ ਨਹੀਂ ਬਣਨਗੇ, ਕਿਉਂਕਿ ਇਸ ਲਈ ਸ਼ਬਦ ਰਜਾਈ ਵਰਤਿਆ ਜਾ ਚੁਕਾ ਹੈ। ਇਸ ਦੇ ਸਹੀ ਅਰਥ ਬਣਨਗੇ, ‘ਨਾਨਕ ਨਾਲ ਲਿਖਦਾ ਹੈ’ ਭਾਵ ‘ਨਾਨਕ ਉਪਰੋਕਤ ਨਾਲ ਲਿਖਦਾ (ਜੋੜਦਾ) ਹੈ।’ ਇਹ ਸ਼ਬਦ-ਸਮੂਹ ਇਕ ਸੰਯੋਜਕ ਵਾਂਗ ਹੈ, ਜੋ ‘ਅਤੇ’ ਦਾ ਕਾਵਿਕ ਰੂਪ ਹੈ। ਫਿਰ ਗੁਰੂ ਸਾਹਿਬ ਨੇ ਹੁਕਮਿ ਰਜਾਈ ਚਲਣ ਨੂੰ ਕਾਹਦੇ ਵਿਚ ਜੋੜਨ ਲਈ ਲਿਖਿਆ ਹੈ?
ਸਾਫ ਜਾਹਰ ਹੈ ਕਿ ਉਤਲੀ ਤੁਕ ਵਿਚ। ਉਸ ਵਿਚ ਜਿੱਥੇ ਦੋ ਪ੍ਰਸ਼ਨਾਂ ਦਾ ਜ਼ਿਕਰ ਹੈ, ਉਥੇ ਹੀ ਇਹ ਤੀਜਾ ਪ੍ਰਸ਼ਨ ਜੋੜਨਾ ਹੈ। ਭਾਵ ਇਸ ਪਉੜੀ ਵਿਚ ਦੋ ਦੀ ਥਾਂ ਤਿੰਨ ਪ੍ਰਸ਼ਨ ਹਨ ਤੇ ਉਤਰ ਕੋਈ ਵੀ ਨਹੀਂ ਹੈ। ਗੁਰੂ ਸਾਹਿਬ ਨੇ ਇਹ ਕਾਵਿ-ਪੈਂਤੜਾ ਜਪੁਜੀ ਸਾਹਿਬ ਵਿਚ ਇਕ ਹੋਰ ਥਾਂ ਵੀ ਵਰਤਿਆ ਹੈ ਤੇ ਦੋਹਾਂ ਥਾਂਵਾਂ ‘ਤੇ ਹੇਠਲੀ ਤੁਕ ਅੱਗੇ ਸ਼ਬਦ ‘ਅਤੇ’ ਲਾ ਕੇ ਉਤਲੀ ਵਿਚ ਜੋੜਨ ਨਾਲ ਸਹੀ ਵਿਆਖਿਆ ਬਣਦੀ ਹੈ।
ਸਵਾਲ ਹੈ ਕਿ ਇਨ੍ਹਾਂ ਤਿੰਨਾਂ ਪ੍ਰਸ਼ਨਾਂ ਨੂੰ ਪਉੜੀ ਦੇ ਅੰਤ ਵਿਚ ਲਿਖਣ ਦੀ ਗੁਰੂ ਸਾਹਿਬ ਦੀ ਕੀ ਮਨਸ਼ਾ ਸੀ? ਉਤਰ ਹੈ, ਇਹ ਤਿੰਨ ਪ੍ਰਸ਼ਨ ਪਹਿਲੀਆਂ ਚਾਰ ਤੁਕਾਂ ਦੇ ਨਿਰੀਖਣ ਨਾਲ ਜੁੜੇ ਹੋਏ ਹਨ। ਇਹ ਪ੍ਰਸ਼ਨ ਉਤਲੀਆਂ ਚਾਰ ਤੁਕਾਂ ਦੇ ਉਦੇਸ਼ ਹਨ, ਜੋ ਪਹਿਲਾਂ ਲਿਖਣ ਦੀ ਥਾਂ ਬਾਅਦ ਵਿਚ ਲਿਖੇ ਹਨ। ਇਹ ਵਿਧੀਆਤਮਕ ਪੈਂਤੜਾ ਵੀ ਉਨ੍ਹਾਂ ਨੇ ਸਮੁੱਚੇ ਜਪੁਜੀ ਵਿਚ ਦੋ ਵਾਰ ਅਪਨਾਇਆ ਹੈ ਅਤੇ ਦੋਵੇਂ ਵਾਰ ਉਦੇਸ਼ ਨੂੰ ਨਿਰੀਖਣ ਤੋਂ ਪਹਿਲਾਂ ਰੱਖ ਕੇ ਵਿਆਖਿਆ ਸਪਸ਼ਟ ਸਮਝ ਆ ਜਾਂਦੀ ਹੈ। ਇਸ ਲਈ ਇਸ ਪੌੜੀ ਦੀ ਸਹੀ ਵਿਆਖਿਆ ਕਰਨ ਲਈ ਉਤਲੀਆਂ ਚਾਰ ਤੁਕਾਂ ਨੂੰ ਅੰਤਲੀਆਂ ਦੋ ਤੁਕਾਂ ਦੇ ਸੰਦਰਭ ਵਿਚ ਵਿਚਾਰਨਾ ਬਣਦਾ ਹੈ।
ਇਸ ਤਰ੍ਹਾਂ ਵਿਚਾਰਿਆਂ ਇਸ ਸਮੁੱਚੀ ਪਉੜੀ ਦੀ ਵਿਆਖਿਆ ਇਵੇਂ ਬਣਦੀ ਹੈ: “ਇਸ ਬ੍ਰਹਿਮੰਡ ਦੇ ਮੂਲ ਤੱਤ ਭਾਵ ਪਰਮ-ਤੱਤ ਨੂੰ ਕਿਵੇਂ ਜਾਣੀਏ ਅਰਥਾਤ ਇਸ ਦੀ ਸੱਚਾਈ ਦਾ ਗਿਆਨ ਕਿਵੇਂ ਪ੍ਰਾਪਤ ਕਰੀਏ? ਇਸ ਦੀ ਜਾਣਕਾਰੀ ਦੇ ਰਸਤੇ ਵਿਚ ਦੀਵਾਰ ਵਾਂਗ ਖੜ੍ਹੀਆਂ ਝੂਠੀਆਂ ਧਾਰਨਾਵਾਂ ਤੇ ਮਾਯਾਵੀ ਓਹਲਿਆਂ ਨੂੰ ਕਿਵੇਂ ਤੋੜਿਆ ਜਾਵੇ ਤਾਂ ਜੋ ਕੁਦਰਤ ਦੇ ਹੁਕਮਾਂ ਭਾਵ ਨਿਯਮਾਂ ਨੂੰ ਧੁਰੋਂ ਜਾਣਿਆ ਜਾ ਸਕੇ? ਇਸ ਦੇ ਨਾਲ ਇਹ ਵੀ ਕਿ ਇਨ੍ਹਾਂ ਨਿਯਮਾਂ ਅਨੁਸਾਰ ਚੱਲ ਕੇ ਜੀਵਨ ਕਿਵੇਂ ਹੰਢਾਇਆ ਜਾਵੇ? ਇਨ੍ਹਾਂ ਪ੍ਰਸ਼ਨਾਂ ਬਾਰੇ ਭਾਵੇਂ ਕਿੰਨਾ ਵੀ ਸੋਚਿਆ ਜਾਵੇ, ਇਹ ਸੋਚਣ ਨਾਲ ਹੱਲ ਨਹੀਂ ਹੁੰਦੇ। ਮੌਨ ਸਮਾਧੀ ਵਿਚ ਬੈਠ ਕੇ ਧਿਆਨ ਲਾਇਆਂ ਵੀ ਇਨ੍ਹਾਂ ਦਾ ਕੋਈ ਹੱਲ ਨਹੀਂ ਨਿਕਲਦਾ। ਭਾਵੇਂ ਸੰਨਿਆਸੀਆਂ ਵਾਂਗ ਪੇਟ ‘ਤੇ ਤਲੀਆਂ ਰੋਟੀਆਂ ਦਾ ਭਾਰ ਬੰਨ ਕੇ ਅਤਿਅੰਤ ਭੁੱਖ ਦੀ ਅਵਸਥਾ ਵਿਚ ਸਮਾਧੀ ਲਾ ਕੇ ਵੀ ਕੋਸ਼ਿਸ਼ ਕੀਤੀ ਜਾਵੇ ਤਾਂ ਵੀ ਇਨ੍ਹਾਂ ਸਵਾਲਾਂ ਦਾ ਉਤਰ ਨਹੀਂ ਮਿਲਦਾ। ਜੇ ਰਿਧੀਆਂ ਸਿੱਧੀਆਂ ਦੇ ਮਾਲਕ ਕਹਾਉਣ ਵਾਲੇ ਸਿਆਣੇ ਹਜ਼ਾਰਾਂ ਦੀ ਥਾਂ ਲੱਖਾਂ ਸਿਆਣਪਾਂ ਭਾਵ ਕਰਾਮਾਤਾਂ ਵੀ ਵਰਤਣ ਤਾਂ ਵੀ ਇਨ੍ਹਾਂ ਸਵਾਲਾਂ ਦਾ ਕੋਈ ਹੱਲ ਨਹੀਂ ਹੁੰਦਾ।”
ਗੁਰੂ ਸਾਹਿਬ ਨੇ ਇਸ ਪਉੜੀ ਵਿਚ ਸੱਚ ਦੇ ਗਿਆਨ ਦੀ ਪ੍ਰਾਪਤੀ ਬਾਰੇ ਪ੍ਰਸ਼ਨ ਕੀਤੇ ਹਨ। ਉਨ੍ਹਾਂ ਅਨੁਸਾਰ ਸੰਸਾਰ ਦੇ ਕਾਰਕ, ਉਤਪਤੀ ਤੇ ਵਰਤਾਰਿਆਂ ਦੀ ਅਸਲੀਅਤ ਜਾਣਨਾ ਜਰੂਰੀ ਹੈ, ਪਰ ਇਸ ਉਤੇ ਨਕਲੀ ਜਾਣਕਾਰੀ ਤੇ ਅਗਿਆਨ ਦੀਆਂ ਪਰਤਾਂ ਚੜ੍ਹੀਆਂ ਹੋਈਆਂ ਹਨ। ਕੁਝ ਪਰਤਾਂ ਮਾਯਾ ਦੀਆਂ ਹਨ, ਜਿਨ੍ਹਾਂ ਨੇ ਆਪਣਾ ਅਸਥਿਰ ਰੂਪ ਖਿਲਾਰ ਕੇ ਸੱਚ ਦੇ ਸਹੀ ਰੂਪ ਨੂੰ ਕੱਜਿਆ ਹੋਇਆ ਹੈ। ਇਸ ਲਈ ਖੋਜ ਦਾ ਹੰਭਲਾ ਮਾਰਨ ਉਤੇ ਭ੍ਰਾਂਤੀਆਂ ਦਾ ਗਿਆਨ ਹੀ ਪ੍ਰਾਪਤ ਹੁੰਦਾ ਹੈ, ਇਨ੍ਹਾਂ ਪਿਛਲੀ ਅਸਲੀਅਤ ਦਾ ਨਹੀਂ। ਭਾਵੇਂ ਬ੍ਰਹਿਮੰਡ ਦਾ ਬਾਹਰੀ ਰੂਪ ਅਸਥਾਈ ਹੈ, ਪਰ ਇਸ ਦੇ ਪਰਿਵਰਤਨ ਦੀਆਂ ਸਮਾਨਤਾਵਾਂ ਸਿੱਧ ਕਰਦੀਆਂ ਹਨ ਕਿ ਇਸ ਅਸਥਿਰਤਾ ਪਿੱਛੇ ਇਕ ਸਥਿਰ ਹੋਂਦ ਕੰਮ ਕਰ ਰਹੀ ਹੈ। ਅਸਥਿਰਤਾ ਓਹਲੇ ਇਸ ਸਥਿਰ ਹੋਂਦ ਨੂੰ ਅਤੇ ਇਸ ਦੇ ਪਰਿਵਰਤਨ ਨਿਯਮਾਂ ਨੂੰ ਜਾਣਨਾ ਜਰੂਰੀ ਹੈ ਤਾਂ ਜੋ ਇਨ੍ਹਾਂ ਨੂੰ ਜੀਵਨ ਵਿਚ ਅਪਨਾਇਆ ਜਾ ਸਕੇ; ਪਰ ਮਾਯਾ ਦੇ ਭਰਮਾਂ ਕਾਰਨ ਇਸ ਹੋਂਦ ਤੀਕ ਪਹੁੰਚ ਕਰਨਾ ਕਠਿਨ ਹੈ।
ਜਗਿਆਸੂ ਇਸ ਨੂੰ ਸੋਚ-ਕਲਪਨਾ, ਵੱਖ ਵੱਖ ਤਰ੍ਹਾਂ ਦੀਆਂ ਸਮਾਧੀਆਂ ਤੇ ਫੋਕੀਆਂ ਸਿਆਣਪਾਂ ਰਾਹੀ ਜਾਣਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਢੰਗ ਤਰੀਕੇ ਉਨ੍ਹਾਂ ਦੀ ਉਦੇਸ਼ ਪ੍ਰਾਪਤੀ ਲਈ ਢੁਕਵੇਂ ਸਾਬਤ ਨਹੀਂ ਹੁੰਦੇ। ਸੱਚ ਉਤੇ ਝੂਠ ਦੀ ਦੂਜੀ ਪਰਤ ਉਸ ਅਗਿਆਨ ਦੀ ਚੜ੍ਹੀ ਹੋਈ ਹੈ, ਜਿਸ ਨੂੰ ਸੱਚ ਦੇ ਦਾਅਵੇਦਾਰ ਕਹਾਉਣ ਵਾਲਿਆਂ ਨੇ ਪੈਦਾ ਕੀਤਾ ਹੋਇਆ ਹੈ। ਉਨ੍ਹਾਂ ਨੇ ਆਪਣੀਆਂ ਹੀ ਧਾਰਨਾਵਾਂ ਤੇ ਵਿਧੀਆਂ ਬਣਾਈਆਂ ਹੋਈਆਂ ਹਨ, ਜੋ ਤਰਕ-ਹਿਸਾਬ ਤੋਂ ਬਾਹਰ ਹੋਣ ਕਰਕੇ ਅਜਮਾਇਸ਼ ‘ਤੇ ਪੂਰੀਆਂ ਨਹੀਂ ਉਤਰਦੀਆਂ। ਭਾਵੇਂ ਇਹ ਧਾਰਨਾਵਾਂ ਸਹੀ ਨਹੀਂ ਹਨ, ਪਰ ਅਸਲੀਅਤ ਦੇ ਜਗਿਆਸੂਆਂ ਨੂੰ ਭਟਕਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਦੀ ਸੋਚ ਇਨ੍ਹਾਂ ਦੇ ਜਾਲ ਵਿਚ ਫਸ ਕੇ ਰਹਿ ਜਾਂਦੀ ਹੈ। ਉਹ ਸੁਤੰਤਰ ਤੇ ਨਿਰਪੱਖ ਪਰਖ ਅਨੁਸਾਰ ਨਵੀਂ ਖੋਜ ਕਰਨ ਦੀ ਥਾਂ ਪੁਰਾਣੀਆਂ ਮਾਨਤਾਵਾਂ ਦਾ ਜੋੜ-ਘਟਾਓ ਕਰ ਕੇ ਹੀ ਅਸਲੀਅਤ ਦੀ ਭਾਲ ਦਾ ਢੋਂਗ ਕਰਦੇ ਰਹਿੰਦੇ ਹਨ।
ਇਸ ਤਰ੍ਹਾਂ ਇਸ ਪੌੜੀ ਵਿਚ ਨਾ ਰੱਬ ਦਾ ਕੋਈ ਜ਼ਿਕਰ ਹੈ ਤੇ ਨਾ ਪਰਮਾਤਮਾ ਦਾ ਕੋਈ ਵੇਰਵਾ। ਨਾ ਹੀ ਇਹ ਅਜਿਹੇ ਸੰਕਲਪਾਂ ਦੇ ਕਿਸੇ ਸਿੱਧੇ ਜਾ ਅਸਿੱਧੇ ਸੰਦਰਭ ਵਿਚ ਲਿਖੀ ਗਈ ਹੈ। ਗੁਰੂ ਸਾਹਿਬ ਨੇ ਇਸ ਵਿਚ ਕੁਦਰਤ ਦੇ ਹੁਕਮ ਭਾਵ ਅਟੱਲ ਨਿਯਮਾਂ ਦੀ ਗੱਲ ਕੀਤੀ ਹੈ ਕਿ ਕੁਦਰਤ ਦੇ ਸਥਾਈ ਨਿਯਮਾਂ ਦਾ ਗਿਆਨ ਮਨੁੱਖੀ ਜੀਵਨ ਲਈ ਅਹਿਮ ਹੈ, ਪਰ ਇਸ ਦੀ ਪ੍ਰਾਪਤੀ ਲਈ ਮਨੁੱਖ ਦਕੀਆਨੂਸੀ ਭਾਵ ਗੈਰ-ਵਿਗਿਆਨਕ ਵਿਧੀਆਂ ਅਪਨਾ ਰਿਹਾ ਹੈ, ਜੋ ਸੱਚਾਈ ਦੀ ਖੋਜ ਲਈ ਕਿਸੇ ਵੀ ਤਰ੍ਹਾਂ ਢੁਕਵੀਆਂ ਨਹੀਂ। ਉਨ੍ਹਾਂ ਦਾ ਸੰਕੇਤ ਹੈ ਕਿ ਇਸ ਮੰਤਵ ਲਈ ੴ ਦੀ ਪ੍ਰਮਾਣਿਤ ਵਿਧੀ ਅਪਨਾਉਣ ਦੀ ਲੋੜ ਹੈ।
ਇਸ ਵਿਆਖਿਆ ਦੀ ਭਰੋਸੇਯੋਗਤਾ ਪਰਖਣ ਲਈ ਇਸ ਨੂੰ ਇਸ ਤੋਂ ਅਗਲੇਰੀ ਤੇ ਪਿਛਲੇਰੀ ਬਾਣੀ ਦੇ ਸੰਦਰਭ ਵਿਚ ਰੱਖ ਕੇ ਵਿਚਾਰਨਾ ਜਰੂਰੀ ਹੈ। ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਨੇ ੴ ਦਾ ਸੂਤਰ ਦੇ ਕੇ ਸ੍ਰਿਸ਼ਟੀ ਦੇ ਪਰਮ-ਤੱਤ ਦੇ ਗੁਣਾਂ ਭਾਵ ਵਿਸ਼ੇਸ਼ਤਾਈਆਂ ਨੂੰ ਵਿਗਿਆਨਕ ਢੰਗ ਨਾਲ ਖੋਜਣ ਲਈ ਕਿਹਾ ਹੈ ਤਾਂ ਜੋ ਇਸ ਦਾ ਅਸਲ ਨਾਮ ਤੇ ਸਥਾਈ ਨਿਯਮ ਪਤਾ ਲੱਗ ਸਕਣ। ਇਸੇ ਗੁਰ ਦੀ ਵਰਤੋਂ ਨਾਲ ਲੱਭੇ ਕਈ ਗੁਣਾਂ ਦਾ ਜ਼ਿਕਰ ਕਰ ਕੇ ਉਨ੍ਹਾਂ ਨੇ ਦੱਸਿਆ ਹੈ ਕਿ ਪਰਮ-ਸਤਿ ਸੁਤੰਤਰ, ਨਿਰਪੱਖ, ਕਾਲ-ਮੁਕਤ, ਨਿਰਜੀਵ ਸੁਭਾਓ ਦੀ ਸੰਕਲਪਿਤ ਹੋਂਦ ਹੈ, ਜੋ ਅਸਥਿਰ ਕਿਸਮ ਦੀ ਪ੍ਰਤੀਤੀ ਹੋਂਦ ਵਿਚ ਸਮਾਈ ਹੋਈ ਹੈ। ਪਰਮ-ਸਤਿ ਸਦਾ ਸਦੀਵੀ ਕੁਦਰਤ ਦਾ ਹੈ ਤੇ ਇਹ ਆਪਣੇ ਆਪ ਹੀ ਪ੍ਰਗਟ ਹੈ, ਭਾਵ ਨਾ ਇਹ ਕਦੇ ਬਣਿਆ, ਨਾ ਕਿਸੇ ਨੇ ਬਣਾਇਆ; ਨਾ ਇਹ ਕੋਈ ਪੈਦਾ ਹੋਇਆ ਜੀਵ ਹੈ, ਨਾ ਕਿਸੇ ਦੀ ਬਣਾਈ ਚੀਜ਼ ਹੈ। ਇਹ ਜੋ ਕੁਝ ਹੈ, ਆਪੇ ਆਪ ਹੈ। ਬ੍ਰਹਿਮੰਡ ਦਾ ਮੂਲ ਤੱਤ ਹੋਣ ਦੇ ਬਾਵਜੂਦ ਇਹ ਮਨੁੱਖ ਦੀ ਦ੍ਰਿਸ਼ਟੀ ਤੋਂ ਓਹਲੇ ਹੈ ਤੇ ਇਸ ਦੇ ਸਥਾਈ ਨਿਯਮਾਂ ਰਾਹੀਂ ਹੀ ਇਸ ਦੀ ਝਲਕ ਪ੍ਰਤੀਤ ਹੁੰਦੀ ਹੈ।
ਕੁਦਰਤ ਦੇ ਸਭ ਵਰਤਾਰੇ ਨਿਯਮਬੱਧ ਹਨ, ਪਰ ਇਨ੍ਹਾਂ ਨਿਯਮਾਂ ਨੂੰ ਕਿਸੇ ਨੇ ਗਿਆਨਬੱਧ ਨਹੀਂ ਕੀਤਾ ਹੈ। ਕਥਿਤ ਵਿਦਵਾਨਾਂ ਨੇ ਇਨ੍ਹਾਂ ਨੂੰ ਆਪ ਮੁਹਾਰੇ ਢੰਗ ਨਾਲ ਦੱਸ ਕੇ ਘਚੋਲਾ ਪਾਇਆ ਹੋਇਆ ਹੈ, ਇਸ ਲਈ ਨਾ ਇਹ ਨਿਯਮ ਸਮਝਾਏ ਜਾ ਸਕਦੇ ਹਨ ਤੇ ਨਾ ਜੀਵਨ ਵਿਚ ਅਪਨਾਏ ਜਾ ਸਕਦੇ ਹਨ। ਪਹਿਲੇ ਖੋਜੀਆਂ ਨੇ ਇਨ੍ਹਾਂ ਨੂੰ ਅਢੁਕਵੇਂ ਢੰਗਾਂ ਨਾਲ ਖੋਜਿਆ ਹੈ, ਇਸ ਲਈ ਉਹ ਆਪਣੇ ਉਦੇਸ਼ ਵਿਚ ਸਫਲ ਨਹੀਂ ਹੋਏ। ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਣ ਲਈ ਵਿਗਿਆਨਕ ਪ੍ਰਣਾਲੀ ਅਪਨਾਉਣ ਦੀ ਲੋੜ ਹੈ, ਜਿਸ ਨਾਲ ਕੋਈ ਵੀ ਇਨ੍ਹਾਂ ਉਤੇ ਆਪਣੇ ਜਾਤੀ ਵਿਚਾਰਾਂ ਜਾਂ ਆਪਣੀ ਤੁੱਛ ਸਮਝ ਦਾ ਪ੍ਰਭਾਵ ਨਾ ਪਾ ਸਕੇ। ਵਿਗਿਆਨਕ ਪ੍ਰਣਾਲੀ ਦਾ ਮੁੱਖ ਗੁਰ ੴ ਹੈ, ਜੋ ਗਣਿਤ ਵਿਗਿਆਨ ਦੀਆਂ ਧਾਰਨਾਵਾਂ ਤੇ ਵਿਧੀਆਂ ਉਤੇ ਆਧਾਰਿਤ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਸਮੇਂ ਦੀਆਂ ਪ੍ਰਚਲਿਤ ਖੋਜ ਵਿਧੀਆਂ ਨੂੰ ਨਕਾਰਦਿਆਂ ਵਿਗਿਆਨਕ ਵਿਧੀ ਰਾਹੀਂ ਪਰਮ-ਸਤਿ ਦੀਆਂ ਵਿਸ਼ੇਸ਼ਤਾਈਆਂ ਤੇ ਨਿਯਮ ਜਾਣਨ ਦੇ ਮਹੱਤਵ ‘ਤੇ ਜੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਇਹ ਹੀ ਇਕ ਅਜਿਹਾ ਖੋਜ ਢੰਗ ਹੈ, ਜੋ ਕੁਦਰਤ ਦੇ ਗੁੱਝੇ ਭੇਦਾਂ ਦਾ ਗਿਆਨ ਸੰਭਵ ਕਰ ਸਕਦਾ ਹੈ। ਇਹ ਗਿਆਨ ਮਨੁੱਖ ਦੇ ਨਿਜੀ ਤੇ ਸਮਾਜਕ ਵਿਕਾਸ ਨੂੰ ਪੱਕੇ ਕੁਦਰਤੀ ਨਿਯਮਾਂ ਅਨੁਸਾਰ ਸੇਧਣ ਲਈ ਬੜਾ ਉਪਯੋਗੀ ਸਾਬਤ ਹੋ ਸਕਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਧੁਰ ਅੰਦਰੋਂ ਵਿਗਿਆਨਕ ਸੁਭਾਅ ਦੇ ਮਾਲਕ ਸਨ ਤੇ ਉਹ ਮਨੁੱਖੀ ਵਿਕਾਸ ਲਈ ਸਮਾਜਕ ਇੰਜੀਨੀਅਰਿੰਗ ਦੇ ਪੱਕੇ ਹਾਮੀ ਸਨ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਜੋ ਵਿਦਵਾਨ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਖਤਰਾ ਦੱਸਦੇ ਹਨ, ਉਨ੍ਹਾਂ ਨੂੰ ਸਿੱਖੀ ਦੀ ਵਿਗਿਆਨਕਤਾ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਜੋ ਵਿਦਵਾਨ ਸਦੀਆਂ ਤੋਂ ਜੋਰ ਲਾ ਕੇ ਦੱਸਦੇ ਆ ਰਹੇ ਹਨ ਕਿ ਉਹ ਹਿੰਦੂ ਨਹੀਂ ਹਨ, ਉਹ ਵੀ ਬੇਕਾਰ ਖਪ ਤੁੱਟ ਰਹੇ ਹਨ, ਕਿਉਂਕਿ ਹਿੰਦੂਵਾਦ ਤਾਂ ਸਿਧਾਂਤਕ ਤੌਰ ‘ਤੇ ਵਿਗਿਆਨ ਦੇ ਨੇੜੇ ਵੀ ਨਹੀਂ ਜਾਂਦਾ। ਉਂਜ ਜੇ ਕਿਸੇ ਨੇ ਕਿਸੇ ਵਾਦ ਨੂੰ ਨਿੰਦਣਾ ਹੀ ਹੈ ਤਾਂ ਉਸ ਦੇ ਹੋਰ ਬਥੇਰੇ ਕਾਰਨ ਹੋ ਸਕਦੇ ਹਨ।