ਪਿੰਡਾਂ ਦੇ ਜੱਟਾਂ ਦੀ ਲੜਾਈ ਪਿੰਡਾਂ ਬਾਰੇ ਜਾਣਨ ਵਾਲਿਆਂ ਤੋਂ ਕੋਈ ਗੁੱਝੀ ਨਹੀਂ। ਵੱਟ ਪਿੱਛੇ ਆਪਣੇ ਰਿਸ਼ਤੇ-ਨਾਤੇ, ਭੈਣ-ਭਰਾ ਸਭ ਭੁੱਲ ਜਾਂਦੇ ਹਨ ਅਤੇ ਕਤਲ ਤੱਕ ਕਰ ਬਹਿੰਦੇ ਹਨ। ਫਿਰ ਭਾਵੇਂ ਸਾਰੀ ਜਮੀਨ ਪੁਲਿਸ, ਪਟਵਾਰੀਆਂ ਤੇ ਅਫਸਰਾਂ ਨੂੰ ਵੱਢੀ ਦਿੰਦਿਆਂ ਵਿਕ ਜਾਵੇ। ਐਵੇਂ ਨਹੀਂ ਕਹਿੰਦੇ, ‘ਜੱਟ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ ਹੈ।’ ਇਹੋ ਵਾਰਤਾ ਹੈ, ਇਸ ਕਹਾਣੀ ਦੇ ਮੁੱਖ ਪਾਤਰ ਝੰਡੇ ਦੀ, ਜਿਹੜਾ ਜਮੀਨ ਨੂੰ ਜਾਂਦੇ ਰਸਤੇ ਪਿਛੇ ਆਪਣੇ ਸ਼ਰੀਕਾਂ (ਚਾਚੇ) ਨਾਲ ਸਿੰਗ ਫਸਾ ਬਹਿੰਦਾ ਹੈ। ਗੱਲ ਥਾਣੇ, ਕਚਹਿਰੀਆਂ ਤੱਕ ਜਾ ਪਹੁੰਚਦੀ ਹੈ ਅਤੇ ਇਸੇ ਚੱਕਰ ਵਿਚ ਉਸ ਨੂੰ ਆਪਣੀ ਧੀਆਂ ਵਾਂਗ ਪਾਲੀ ਮੱਝ ‘ਫੁੱਲੋ’ ਵੇਚਣੀ ਪੈ ਜਾਂਦੀ ਹੈ। ਪਰ ਚੰਗੀ ਗੱਲ ਇਹ ਹੋਈ ਕਿ ਕਹਾਣੀ ਦੇ ਮੁੱਖ ਪਾਤਰ ਝੰਡੇ ਨੂੰ ਅਕਲ ਆ ਗਈ ਤੇ ਉਸ ਨੇ ਥਾਣੇਦਾਰ ਤੋਂ ਹੋਰ ਲੁੱਟ ਹੋਣੋਂ ਨਾਂਹ ਕਰ ਦਿੱਤੀ।
-ਸੰਪਾਦਕ
ਦਲਜੀਤ ਸਿੰਘ ਸਾਹੀ
“ਆ ਜੋ ਮੇਰੇ ਸਾਲਿਓ…ਜੱਟ ਨੇ ਗੱਡ’ਤਾ ਐੜਬੜਿੰਗਾ ਥੋਡੇ ਮੂਹਰੇ।” ਝੰਡਾ ਸਿੰਘ ਖੁਸ਼ੀ ‘ਚ ਗਾਲ੍ਹਾਂ ਕੱਢ ਰਿਹਾ ਸੀ। ਪਿਛਲੇ ਦੋ-ਤਿੰਨ ਸਾਲਾਂ ਤੋਂ ਕਚਹਿਰੀਆਂ ਦੇ ਚੱਕਰ ਮਾਰਨੇ, ਉਸ ਦੇ ਰਾਸ ਆ ਗਏ। ਤਹਿਸੀਲਦਾਰ ਨੇ ਉਸ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ। ਮੁਨਸ਼ੀ ਨੂੰ ਪੰਜਾਹ ਰੁਪਏ ਦੇ ਕੇ ਉਹਨੇ ਕਿਹਾ, “ਫੈਸਲੇ ਦੀ ਕਾਪੀ ਲੈ ਦੇ, ਫੇਰ ਦੇਖ ਕਿਵੇਂ ਫਿਰਦੈ ਰੇਲਾ।”
ਮੁਨਸ਼ੀ ਕਹਿਣ ਲੱਗਾ, “ਪੰਜਾਹ ਰੁਪਏ ਨਾਲ ਕਿੱਥੇ ਸਰਨੈ, ਤੂੰ ਪੰਜ ਸੌ ਕੱਢ, ਸੌ ਤਾਂ ਰੀਡਰ ਲੈ ਜੂ, ਪੰਜਾਹ ਹਾਕਾਂ ਮਾਰਨ ਆਲਾ, ਬਾਕੀ ਮੇਰੇ।”
ਝੰਡੇ ਨੇ ਪੰਜ ਸੌ ਫੜਾਉਂਦਿਆਂ ਮਨ ‘ਚ ਹੀ ਕਿਹਾ, “ਮੁਨਸ਼ੀ ਰੇਲਾ ਤਾਂ ਤੇਰੇ ‘ਤੇ ਵੀ ਫਿਰਨ ਆਲਾ।” ਇਹ ‘ਰੇਲਾ ਫੇਰਨਾ’ ਉਸ ਦਾ ਤਕੀਆ ਕਲਾਮ ਸੀ, ਜਦ ਵੀ ਕੋਈ ਕੰਮ ਪੂਰਾ ਹੁੰਦਾ ਤਾਂ ਝੰਡਾ ਸਿੰਘ ਇਸ ਸ਼ਬਦ ਦੀ ਵਰਤੋਂ ਕਰਦਾ।
ਝੰਡੇ ਨੇ ਚਾਰ ਕੁ ਵਜੇ ਫੈਸਲੇ ਦੀ ਕਾਪੀ ਲੈ ਕੇ ਖੀਸੇ ਵਿਚ ਪਾਈ ਤੇ ਸਾਈਕਲ ਚੱਕ ਕੇ ਸਿੱਧਾ ਪਿੰਡ ਨੂੰ ਕਰ’ਤਾ। ਡੰਗਰਾਂ ਵਾਲੇ ਅੰਦਰ ਜਦ ਉਸ ਨੇ ਸਾਈਕਲ ਖੜ੍ਹਾ ਕੀਤਾ ਤਾਂ ਫੁੱਲੋ ਮੱਝ ਨੇ ਆਦਤਨ ਅੜਿੰਗ ਕੇ ਉਸ ਦਾ ਸਵਾਗਤ ਕੀਤਾ। ਝੰਡਾ ਸਿੰਘ ਮੱਝ ਦੇ ਪਿੰਡੇ ‘ਤੇ ਹੱਥ ਫੇਰ ਥਾਪੀ ਦੇ ਕੇ ਦਲਾਨ ਵੱਲ ਚਲਾ ਗਿਆ।
ਫੁੱਲੋ ਮੱਝ ਨੂੰ ਜੇ ਥੋੜ੍ਹੀ ਦੇਰ ਝੰਡਾ ਸਿੰਘ ਨਾ ਦਿਖੇ ਤਾਂ ਉਹ ਉਚੀ-ਉਚੀ ਅੜਿੰਗਣ ਲੱਗਦੀ ਤੇ ਕੀਲਾ ਪੁਟਾਉਣ ਤੱਕ ਜਾਂਦੀ। ਫੁੱਲੋ ਦੀ ਮਾਂ ਸੂੰਦਿਆਂ ਹੀ ਮਰ ਗਈ ਸੀ ਤੇ ਝੰਡੇ ਨੇ ਨਾਲਾਂ ਨਾਲ ਦੁੱਧ ਪਿਆ ਕੇ ਫੁੱਲੋ ਨੂੰ ਪਾਲਿਆ ਸੀ। ਫੁੱਲੋ ਦੀ ਜੀਭ ਦੱਬ ਕੇ ਉਹ ਸਾਰੀ ਨਾਲ ਭਰ ਕੇ ਉਸ ਦੇ ਮੂੰਹ ‘ਚ ਪਾ ਦਿੰਦਾ, ਫਿਰ ਉਹ ਕਿੰਨੀ ਦੇਰ ਲਿੱਬੜੇ ਮੂੰਹ ਨੂੰ ਜੀਭ ਨਾਲ ਚੱਟ-ਚੱਟ ਦੁੱਧ ਦਾ ਸਵਾਦ ਲੈਂਦੀ ਰਹਿੰਦੀ। ਕੱਟੀ ਦੇ ਸਿਰ ਵਿਚ ਕਾਲੇ ਚਿੱਟੇ ਵਾਲਾਂ ਦਾ ਫੁੱਲ ਬਣਦਾ ਸੀ, ਇਸੇ ਕਰਕੇ ਇਸ ਮੱਝ ਦਾ ਨਾਂ ਛੋਟੀ ਹੁੰਦੀ ਤੋਂ ਹੀ ਝੰਡੇ ਨੇ ‘ਫੁੱਲੋ’ ਪਕਾ ਦਿੱਤਾ ਸੀ।
ਝੰਡਾ ਫੁੱਲੋ ਨੂੰ ਦੁੱਧ ਪਿਲਾ ਪਿੱਠ ਪਿੱਛੇ ਹੱਥ ਲਾ ਲਾ ਕੇ ਭਜਾਉਂਦਾ ਤਾਂ ਕਿ ਦੁੱਧ ਹਜ਼ਮ ਹੋ ਜਾਵੇ, ਫੁੱਲੋ ਕਦੇ ਦੁੜੰਗਾ ਜਿਹਾ ਮਾਰ ਭੱਜ ਪੈਂਦੀ, ਕਦੇ ਪਿੱਛਲਖੁਰੀ ਹਟਦੀ ਰਹਿੰਦੀ, ਕਦੇ ਆਪਣਾ ਛੋਟਾ ਜਿਹਾ ਮੂੰਹ ਝੰਡੇ ਦੇ ਢਿੱਡ ਕੋਲ ਕਰ ਲੈਂਦੀ ਅਤੇ ਬਾਹਰਲੇ ਚੁੱਲ੍ਹੇ ਤੱਕ ਉਹਦੇ ਪਿਛੇ ਪਿਛੇ ਭੱਜੀ ਆਉਂਦੀ। ਛੋਟੇ ਜਵਾਕਾਂ ਵਾਂਗ ਉਹਦੇ ਨਾਲ-ਨਾਲ ਤੁਰੀ ਫਿਰਦੀ, ਝੰਡਾ ਉਹਨੂੰ ਆਪਣੇ ਹੱਥ ‘ਤੇ ਰੱਖ ਕੇ ਗੁੜ ਦੀ ਰੋੜੀ ਚਟਾਉਂਦਾ ਰਹਿੰਦਾ ਤੇ ਫੁੱਲੋ ਗੁੜ ਚੱਟਣ ਲਈ ਉਹਦੇ ਹੱਥ ਚੱਟਦੀ ਰਹਿੰਦੀ।
ਝੰਡਾ ਸਿੰਘ ਦਾ ਚਾਚਾ ਵੀ ਫੈਸਲਾ ਸੁਣ ਕੇ ਆਪਣੇ ਓਹੜ ਪੋਹੜ ‘ਚ ਲੱਗ ਗਿਆ ਤੇ ਉਹ ਸਿੱਧਾ ਪਟਵਾਰੀ ਨੂੰ ਜਾ ਮਿਲਿਆ, “ਪਟਵਾਰੀ ਸਾਹਿਬ, ਸਾਡੇ ਆਲੇ ‘ਜਰਨੈਲ’ ਦਾ ਕਦੋਂ ਦਾ ਦੌਰਾ ਰਖਿਐ?”
ਪਟਵਾਰੀ ਨੂੰ ਪਤਾ ਸੀ ਕਿ ਆਰਡਰ ਹੋ ਚੁੱਕੇ ਨੇ, ਜੋ ਬਲਦੇਵ ਸਿੰਘ ਨੂੰ ਕੱਲ ਜਾਂ ਪਰਸੋਂ ਦਾ ਦੌਰਾ ਦੱਸੂ ਤਾਂ ਹੀ ਕੁਝ ਝੜੂ। ਪਟਵਾਰੀ ਵਰਕੇ ਫੋਲਦਾ ਬੋਲਿਆ, “ਬੁੱਧਵਾਰ ਦਾ।”
ਬਲਦੇਵ ਸਿੰਘ ਨੇ ਸੋਚਿਆ ਬੁੱਧਵਾਰ ਤਾਂ ਪਰਸੋਂ ਈ ਐ। “ਪਟਵਾਰੀ ਸਾਹਿਬ, ਆਹ ਚੱਕ ਪੰਜ ਸੌ, ਦੌਰਾ ਇਸ ਤੋਂ ਅਗਲੇ ਬੁੱਧਵਾਰ ਦਾ ਰੱਖ ਦੇ, ਉਦੋਂ ਤੱਕ ਅਸੀਂ ਅਪੀਲ ਕਰ’ਦਾਂਗੇ। ਫਸਲ ਬੀਜੀ ਜਾਊ, ਪੁੱਤ ਮੇਰੇ ਨੂੰ ਫਿਰ ਸਾਲ ਟਪਾਂਵਾਂਗੇ। ਫੇਰ ਅੱਗੇ ਅਦਾਲਤਾਂ ਬਥੇਰੀਆਂ ਨੇ।”
ਪਟਵਾਰੀ ਨੇ ਪੰਜ ਸੌ ਜੇਬ ‘ਚ ਪਾਇਆ ਤੇ ਆਪਣੇ ਕੰਮ ‘ਚ ਰੁੱਝ ਗਿਆ। ਝੰਡੇ ਦਾ ਮੱਥਾ ਠਣਕਿਆ, ਜਦੋਂ ਉਸ ਨੇ ਚਾਚਾ ਬਲਦੇਵ ਸਿੰਘ ਪਟਵਾਰਖਾਨੇ ਦੀਆਂ ਪੌੜੀਆਂ ਉਤਰਦਾ ਦੇਖਿਆ। ਉਹ ਹੁਣ ਬਹੁਤੀ ਦੇਰ ਨਹੀਂ ਸੀ ਲਾਉਣਾ ਚਾਹੁੰਦਾ, ਉਹਨੇ ਆਰਡਰਾਂ ਦੀ ਕਾਪੀ ਪਟਵਾਰੀ ਨੂੰ ਦਿੱਤੀ ਤੇ ਕਿਹਾ, “ਕਦੋਂ ਦਾ ਦੌਰਾ ਰੱਖੋਗੇ?”
ਪਟਵਾਰੀ ਬੋਲਿਆ, “ਆਏਂ ਦੌਰੇ ਤਾਂ ਪਹਿਲਾਂ ਦੇ ਬਣੇ ਹੋਏ ਨੇ ਝੰਡਾ ਸਿੰਆਂ, ਤੇਰੇ ਉਥੇ ਐਸ ਬੁੱਧਵਾਰ ਤੋਂ ਅਗਲੇ ਬੁੱਧਵਾਰ ਨੂੰ ਚੱਲਾਂਗੇ।”
ਝੰਡੇ ਨੂੰ ਪਟਵਾਰੀ ਦੇ ਮਨ ‘ਚ ਖੋਟ ਦਾ ਪਤਾ ਲੱਗ ਗਿਆ। ਉਹ ਵੀ ਪਿਛਲੇ ਦੋ-ਤਿੰਨ ਸਾਲਾਂ ਤੋਂ ਕਚਹਿਰੀਆਂ ਦੇ ਗੇੜ ‘ਚ ਪਿਆ ਹੋਇਆ ਸੀ, ਹੁਣ ਉਹਨੂੰ ਪਤਾ ਐ ਕਿ ਕਿਹੜੀ ਚੀਜ਼ ਦਾ ਕੀ ਤੋੜ ਐ। ਉਹ ਸਿੱਧਾ ਕਾਨੂੰਗੋ ਸਾਹਿਬ ਕੋਲ ਗਿਆ ਤੇ ਫਰਿਆਦ ਕੀਤੀ, “ਜਨਾਬ ਪਿਛਲੇ ਦੋ-ਤਿੰਨ ਸਾਲਾਂ ਤੋਂ ਕਚਹਿਰੀਆਂ ਦੇ ਗੇੜ ‘ਚ ਪਿਆ ਹੋਇਆਂ, ਮੇਰਾ ਕੰਮ ਕਰੋ।”
ਕਾਨੂੰਗੋ ਬੜੇ ਬੀਬੇ ਚਿਹਰੇ ਵਾਲਾ ਬੰਦਾ ਐ, ਚਿੱਟੀ ਦਾੜ੍ਹੀ ਐ ਤੇ ਹੌਲੀ ਹੌਲੀ ਬੋਲਦਾ। ਆਪਣਾ ਹਿੱਸਾ ਸਾਮੀ ਤੋਂ ਹੱਸ ਕੇ ਮੰਗਦਾ, “ਭਾਈ ਗੁਰਮੁਖਾ, ਤੇਰਾ ਕੰਮ ਤਾਂ ਕਰ ਦਿਆਂਗੇ, ਪਰ ਸਾਡਾ ਦਸਵੰਧ!”
“ਉਹ ਵੀ ਕਰਾਂਗੇ ਜਨਾਬ, ਤੁਸੀਂ ਇਸ ਖਲਜਗਣ ‘ਚੋਂ ਤਾਂ ਕੱਢੋ।”
“ਫੇਰ ਭਾਈ ਦੋ ਹਜ਼ਾਰ ਲੱਗਣਗੇ।”
ਅਖੀਰ ਉਨ੍ਹਾਂ ਦਾ ਅਠਾਰਾਂ ਸੌ ‘ਤੇ ਸੌਦਾ ਨਿਪਟ ਗਿਆ। ਕਾਨੂੰਗੋ ਨੇ ਫੇਰ ਆਪਣੀ ਬੀਬੀ ਦਾੜੀ ‘ਤੇ ਹੱਥ ਫੇਰ ਕੇ ਕਿਹਾ, “ਦੱਸ ਫੇਰ ਕਿੱਦਣ ਦਾ ਦੌਰਾ ਰੱਖੀਏ?”
“ਮੇਰੇ ਵੱਲੋਂ ਭਾਵੇਂ ਕੱਲ ਦਾ ਰੱਖ ਲੋ!” ਝੰਡਾ ਅੱਕਿਆ ਪਿਆ ਸੀ।
“ਐਂ ਫੇਰ, ਐਸੇ ਬੁੱਧਵਾਰ ਦਾ ਬਣਾ ਲੈ। ਟਰੈਕਟਰ ਦਾ ਕਰ ਲੈ ਇੰਤਜ਼ਾਮ ਤੇ ਮੌਕੇ ‘ਤੇ ਭਾਈ ਲੰਬੜਦਾਰ ਤੇ ਚੌਂਕੀਦਾਰ ਤੈਂ ਬੁਲਾਉਣੇ ਨੇ, ਸਾਨੂੰ ਇੱਥੋਂ ਈ ਲੈ ਚੱਲੀਂ, ਦਸ ਕੁ ਵਜੇ।”
ਪਟਵਾਰਖਾਨੇ ‘ਚੋਂ ਨਿਕਲਦੇ ਝੰਡਾ ਸਿੰਘ ਨੇ ਪਟਵਾਰੀ ਨੂੰ ਮੋਟੀ ਸਾਰੀ ਗਾਲ੍ਹ ਕੱਢੀ ਤੇ ਸਾਈਕਲ ਨੂੰ ਅੱਡੀ ਮਾਰਦੇ ਨੇ ਕਿਹਾ, “ਹੁਣ ਪਰਸੋਂ ਨੂੰ ਫਿਰੂ ਰੇਲਾ।”
ਝੰਡਾ ਸਿੰਘ ਨੂੰ ਹੁਣ ਪੈਸਿਆਂ ਦੀ ਚਿੰਤਾ ਵੱਢ-ਵੱਢ ਖਾ ਰਹੀ ਸੀ। ਉਹ ਸਾਰੀ ਰਾਤ ਖੁੱਲ੍ਹੇ ਅਸਮਾਨ ਵੱਲ ਦੇਖ ਕੇ ਸੋਚਦਾ ਰਿਹਾ, ਪੈਸਿਆਂ ਦਾ ਜੁਗਾੜ ਕਿਵੇਂ ਬਣੂੰ?
ਕਾਨੂੰਗੋ ਦੇ ‘ਠਾਰਾਂ ਸੌ, ਉਸ ਦਿਨ ਦਾ ਖਰਚਾ ਘੱਟੋ ਘੱਟ ਤਿੰਨ ਹਜ਼ਾਰ ਹੋ ਜਾਣੈ ਤੇ ਜੇ ਪੁਲਿਸ ਬੁਲਾਉਣੀ ਪਈ ਤਾਂ ਦੋ ਤਿੰਨ ਹਜ਼ਾਰ ਉਨ੍ਹਾਂ ਨੇ ਮੰਗ ਲੈਣਾ। ਆਵਤ ਤੇ ਆਏ ਬੰਦੇ ਪਾਰਟੀ ਵੀ ਭਾਲਣਗੇ, ਸੋ ਖਰਚਾ ਅੱਠ-ਦਸ ਹਜ਼ਾਰ ਦੇ ਗੇੜ ਆ ਜਾਣੈ।
ਆੜਤੀਆ ਪਹਿਲਾਂ ਹੀ ਜਵਾਬ ਦੇ ਗਿਆ। ਇਸੇ ਭੰਨ ਤੋੜ ਵਿਚ ਉਹਨੂੰ ਨੀਂਦ ਨਹੀਂ ਸੀ ਆ ਰਹੀ। ਫੁੱਲੋ ਮੱਝ ਰਿੰਗੀ ਜਿਵੇਂ ਝੰਡੇ ਨੂੰ ਕਹਿ ਰਹੀ ਹੋਵੇ, “ਸੌਂ ਜਾ ਸਵੇਰੇ ਦੇਖੀ ਜਾਊ, ਜੋ ਹੋਊ।”
ਇੰਨੇ ਨੂੰ ਤੜਕਾ ਹੋਣ ਦਾ ਐਲਾਨ ਗੁਰਦੁਆਰੇ ਦੇ ਭਾਈ ਜੀ ਨੇ ਕਰ ਦਿੱਤਾ। ਝੰਡਾ ਦੋਚਿਤੀ ਜਿਹੀ ਵਿਚ ਉਠ ਕੇ ਪਸੂਆਂ ਨੂੰ ਪੱਠੇ ਪਾਉਣ ਲੱਗ ਪਿਆ। ਫੁੱਲੋ ਮੱਝ ਉਸ ਦੇ ਹੱਥ ਚਟਦੀ ਇੱਕ ਵਾਰ ਫੇਰ ਅੜਿੰਗੀ। ਉਹਨੇ ਕੱਖਾਂ ਵਾਲਾ ਟੋਕਰਾ ਸੁੱਟ ਕੇ ਮੱਝ ਦੀ ਗਰਦਨ ਨੂੰ ਜੱਫੀ ਪਾ ਲਈ ਤੇ ਆਪਣਾ ਸਿਰ ਫੁੱਲੋ ਦੇ ਸਿਰ ‘ਤੇ ਰੱਖ ਦਿੱਤਾ। ਉਹਦਾ ਉਚੀ ਉਚੀ ਰੋਣ ਨੂੰ ਜੀਅ ਕੀਤਾ, ਪਰ ਇੰਜ ਤਾਂ ਉਹ ਕਦੇ ਛੋਟਾ ਹੁੰਦਾ ਵੀ ਨ੍ਹੀਂ ਸੀ ਰੋਇਆ। ਹੌਲੀ-ਹੌਲੀ ਉਸ ਨੇ ਗਰਦਨ ਨੂੰ ਪਾਈਆਂ ਬਾਹਾਂ ਢਿੱਲੀਆਂ ਕੀਤੀਆਂ ਤੇ ਪਰੇ ਹੋ ਕੇ ਬੋਲਿਆ, “ਫੁੱਲੋ ਹੁਣ ਤੇਰੇ ਈ ਰੱਖਣ ਦੇ ਆਂ।”
ਝੰਡਾ ਸਿੰਘ ਛੇਤੀ-ਛੇਤੀ ਦਿਲ ਛੱਡਣ ਵਾਲਾ ਬੰਦਾ ਨਹੀਂ ਸੀ, ਪਰ ਫੁੱਲੋ ਨਾਲ ਉਹਦਾ ਖਾਸਾ ਹੀ ਮੋਹ ਹੈ। ਫੁੱਲੋ ਨੂੰ ਉਸ ਨੇ ਬੱਚਿਆਂ ਵਾਂਗ ਪਾਲਿਆ ਸੀ ਤੇ ਜਿਹਨੂੰ ਬੱਚਿਆਂ ਵਾਂਗ ਪਾਲਿਆ ਹੋਵੇ, ਉਹਨੂੰ ਆਪਣੇ ਹੱਥੀਂ ਹੀ ਵੇਚਣਾ ਪਵੇ। ਕਿੰਨੀ ਵਾਰ ਵਪਾਰੀ ਮੱਝ ਦਾ ਵੀਹ ਤੋਂ ਪੱਚੀ ਹਜ਼ਾਰ ਤੱਕ ਦਾ ਮੁੱਲ ਪਾ ਚੁੱਕੇ ਸੀ, ਪਰ ਝੰਡਾ ਸਿੰਘ ਕਹਿੰਦਾ, “ਆਪਣੇ ਜੁਆਕਾਂ ਵਾਂਗ ਹੀ ਹੈ ਇਹ ਮੈਨੂੰ, ਮੈਂ ਏਹਦਾ ਵਪਾਰ ਨਹੀਂ ਕਰ ਸਕਦਾ।”
ਅਗਲਾ ਦਿਨ ਵੀ ਸਾਰਾ ਨਿਕਲ ਗਿਆ ਸੀ, ਪਰ ਪੈਸਿਆਂ ਦਾ ਬੰਦੋਬਸਤ ਕਿਤੋਂ ਨਾ ਬਣਿਆ। ਹਾਰ ਕੇ ਆਥਣੇ ਸਰਦਾਰਾਂ ਦੇ ਕਾਕੇ ਨਾਲ ਗੱਲ ਕੀਤੀ ਕਿ ਮੱਝ ਤੁਸੀਂ ਰੱਖ ਲਓ। ਕਾਕੇ ਨੇ ਬਾਣੀਏ ਵਾਲੀ ਜੁਗਤ ਲੜਾਈ ਤੇ ਝੰਡੇ ਨੂੰ ਫਸੇ ਦੇਖ ਮੱਝ ਦਾ ਦਸ ਹਜ਼ਾਰ ਰੁਪਈਆ ਕੱਢ ਕੇ ਫੜਾ ਦਿੱਤਾ। ਝੰਡਾ ਸਿੰਘ ਕੁਝ ਬੋਲਣਾ ਚਾਹੁੰਦਾ ਸੀ, ਪਰ ਉਹ ਅੰਦਰ ਹੀ ਅੰਦਰ ਬੁੜਬੜਾਇਆ, “ਬੱਸ ਦਸ ਹਜ਼ਾਰ?”
ਪਰ ਫੇਰ ਉਹਦੇ ਮਨ ‘ਚ ਆਇਆ, ਪੁੱਤਾਂ-ਧੀਆਂ ਵਾਂਗ ਪਾਲੇ ਜੀਅ ਦਾ ਹੁਣ ਤੂੰ ਸੌਦਾ ਕਰੇਂਗਾ ਝੰਡਾ ਸਿੰਆਂ! ਫੁੱਲੋ ਦਾ ਸੰਗਲ ਫੜਾਉਦਿਆਂ ਉਹਦਾ ਮਨ ਭਰ ਆਇਆ ਤੇ ਕਹਿਣ ਲੱਗਾ, “ਕਾਕਾ ਸਿੰਆਂ, ਫੁੱਲੋ ਨੂੰ ਆਥਣ ਵੇਲੇ ਗੁੜ ਦੀ ਰੋੜੀ ਖਾਣ ਦੀ ਆਦਤ ਐ…।” ਇਹ ਕਹਿੰਦਿਆਂ ਉਹਤੋਂ ਅੱਗੇ ਬੋਲਿਆ ਨਾ ਗਿਆ।
ਦੂਜੇ ਦਿਨ ਸਵੇਰੇ ਹੀ ਝੰਡਾ ਸਿੰਘ ਨੇ ਪਟਵਾਰਖਾਨੇ ਦੇ ਚੁਬਾਰੇ ਡੇਰਾ ਲਾ ਲਿਆ ਤੇ ਵਕੀਲ ਦੀ ਸਲਾਹ ਨਾਲ ਇੱਕ ਅਰਜੀ ਲਿਖਵਾ ਕੇ ਥਾਣੇ ਦੇ ਦਿੱਤੀ ਕਿ ‘ਕਾਰਵਾਈ ਦਖਲ’ ਵੇਲੇ ਝਗੜਾ ਹੋਣ ਦਾ ਖਤਰਾ ਹੈ। ਥਾਣੇਦਾਰ ਪਹਿਲਾਂ ਤਾਂ ਨਾਂਹ ਨੁੱਕਰ ਜਿਹੀ ਕਰੇ, ਫਿਰ ਪੱਚੀ ਸੌ ਰੁਪਏ ਵਿਚ ਮੰਨ ਗਿਆ। ਫੇਰ ਝੰਡਾ ਸਿੰਘ ਨੇ ਪਟਵਾਰੀ, ਕਾਨੂੰਗੋ ਅਤੇ ਪਿੰਡ ਦੇ ਦੋ ਮੋਹਤਬਰ ਬੰਦੇ ਨਾਲ ਲਏ ਤੇ ਇੱਕ ਜੀਪ ਕਿਰਾਏ ‘ਤੇ ਕਰਕੇ ਸਭ ਨੂੰ ਮੌਕੇ ‘ਤੇ ਪੁੱਜਦਾ ਕੀਤਾ। ਜਦੋਂ ਇਹ ਸਾਰਾ ਲਸ਼ਕਰ ਉਥੇ ਪਹੁੰਚਿਆ ਤਾਂ ਝੰਡੇ ਦਾ ਚਾਚਾ ਬਲਦੇਵ ਸਿੰਘ ਮੌਕੇ ਤੋਂ ਐਂ ਭੱਜਿਆ ਜਿਵੇਂ ਕਮਾਣ ‘ਚੋਂ ਤੀਰ ਨਿਕਲਦੈ; ਪਰ ਜਾਂਦਾ ਜਾਂਦਾ ਉਹ ਪਟਵਾਰੀ ਨੂੰ ਕਹਿ ਗਿਆ, “ਤੂੰ ਚੰਗੀ ਨਹੀਂ ਕੀਤੀ, ਪਟਵਾਰੀਆ।”
ਝੰਡਾ ਸਿੰਘ ਨੇ ਪਟਵਾਰੀ ਵੱਲ ਦੇਖ ਚੋਟ ਕੀਤੀ, “ਕਿਉਂ ਕਾਨੂੰਗੋ ਸਾਹਿਬ, ਫਿਰਦੈ ਫਿਰ ਅੱਜ ਰੇਲਾ!”
ਸਾਰੇ ਲਸ਼ਕਰ ਦੀ ਹਾਜ਼ਰੀ ਵਿਚ ਝੰਡੇ ਦੀ ਜ਼ਮੀਨ ਨੂੰ ਰਾਹ ਲੱਗਦਾ ਕਰ ਦਿੱਤਾ ਗਿਆ।
ਕਾਨੂੰਗੋ ਨੇ ਕਾਰਵਾਈ ਦਖਲ ਰਿਪੋਰਟ ਲਿਖੀ, ਦਸਤਖਤ, ਅੰਗੂਠੇ ਹੋਣ ਪਿਛੋਂ ਸ਼ਹਿਰ ਆ ਕੇ ਸਭ ਨੇ ਰਾਹ ਲੱਗਣ ਦੀ ਖੁਸ਼ੀ ਵਿਚ ਦਾਰੂ ਪੀਣੀ ਸ਼ੁਰੂ ਕਰ ਦਿੱਤੀ। ਝੰਡਾ ਸਿੰਘ ਦਾਰੂ ਦੀ ਲੋਰ ਵਿਚ ਸਾਰਿਆਂ ਨੂੰ ਪੈਗ ਵਰਤਾ ਰਿਹਾ ਸੀ ਅਤੇ ਵਿਚ ਵਿਚ ਆਪਣਾ ਤਕੀਆ ਕਲਾਮ ‘ਕਿਉਂ ਫਿਰਦੈ ਅੱਜ ਰੇਲਾ’ ਵੀ ਕਹੀ ਜਾਂਦਾ ਸੀ। ਬਾਕੀ ਸਾਰੇ ਉਸ ਦੀ ਇਸ ਗੱਲ ‘ਤੇ ਹਾਸੜ ਮਚਾ ਦਿੰਦੇ।
ਅਚਾਨਕ ਪਿੰਡ ਦੇ ਇੱਕ ਬੰਦੇ ਨੇ ਆ ਕੇ ਦੱਸਿਆ, “ਭਾਈ ਤੇਰਾ ਚਾਚਾ ਆਪੇ ਸੱਟਾਂ ਮਾਰ ਕੇ ਹਸਪਤਾਲ ਦਾਖਲ ਹੋ ਗਿਐ ਤੇ ਥਾਣੇ ਤੇਰੇ ਖਿਲਾਫ ਰਿਪੋਰਟ ਦਰਜ ਕਰਵਾਈ ਐ।”
ਹੁਣ ਸਾਰੇ ਜਿੱਥੇ ਪਹਿਲਾਂ ਹਾਸਾ ਠੱਠਾ ਕਰ ਰਹੇ ਸਨ, ਗੰਭੀਰ ਹੋ ਕੇ ਗੱਲਾਂ ਕਰਨ ਲੱਗੇ ਤੇ ਮੋੜ ਕੇ ਉਸੇ ਪਿੰਡ ਦੇ ਬੰਦੇ ਨੂੰ ਕਿਹਾ, “ਭੱਜ ਕੇ ਪਤਾ ਕਰਕੇ ਆ ਕੀਹਦਾ ਕੀਹਦਾ ਨਾਂ ਲਿਖਵਾਇਆ ਤੇ ਕੀ ਸੱਟ ਮਾਰੀ ਐ?”
ਝੰਡੇ ਦਾ ਚਾਚਾ ਹਸਪਤਾਲ ਪਿਆ ਸੀ ਤੇ ਝੰਡਾ ਪੁਲਿਸ ਤੋਂ ਲੁਕਦਾ ਫਿਰਦਾ ਸੀ। ਉਹ ਜਿਸ ਮੋਟਰ ‘ਤੇ ਲੁਕਿਆ ਬੈਠਾ ਸੀ, ਉਥੇ ‘ਕੱਲਾ ਸੋਚਾਂ ਦੇ ਵਹਿਣਾ ‘ਚ ਪੈ ਗਿਆ, “ਬੰਦਾ ਕਿੰਨਾ ਲਾਲਚੀ ਹੁੰਦੈ, ਮੈਂ ਵੀ ਤਾਂ ਉਸੇ ਬਾਬੇ ਦਾ ਖੂਨ ਆਂ, ਜੇ ਭਲਾਂ ਰਸਤਾ ਲੱਗ ਵੀ ਜਾਂਦਾ, ਚਾਚੇ ਹੋਰਾਂ ਦਾ ਕਿੰਨਾ ਕੁ ਨੁਕਸਾਨ ਹੋ ਜਾਣਾ ਸੀ। ਮੋਹ ਮੁਹੱਬਤ ਤਾਂ ਦੁਨੀਆਂ ‘ਤੇ ਰਿਹਾ ਈ ਨਹੀਂ, ਪਰ ਜਿਉਣ ਲਈ ਆਪਣੀ ਹੋਂਦ ਬਚਾਉਣ ਲਈ ਦੁਨੀਆਂ ਨਾਲ ਲੜਨਾ ਪੈਂਦੈ ਝੰਡਾ ਸਿਆਂ।”
ਫਿਰ ਮੋੜਵਾਂ ਉਹ ਆਪ ਹੀ ਜਵਾਬ ਦਿੰਦਾ, “ਗੁਰੂ ਗੋਬਿੰਦ ਸਿੰਘ ਕਾਹਦੇ ਵਾਸਤੇ ਲੜਦਾ ਸੀ, ਹੋਂਦ ਕਾਇਮ ਰੱਖਣ ਵਾਸਤੇ, ਪਰ ਤੂੰ ਗੁਰੂ ਨਾਲ ਰਲ ਗਿਆ। ਉਹ ਤਾਂ ਕੌਮ ਵਾਸਤੇ ਲੜਦਾ ਸੀ, ਆਪਣਿਆਂ ਨਾਲ ਲੜਨਾ ਹੋਰ ਵੀ ਔਖਾ ਹੁੰਦਾ ਹੈ ਝੰਡਾ ਸਿਆਂ। ਪਰ ਗੁਰੂ ਨੇ ਕਿਹਾ ਸੀ, ਦੂਜੇ ਵਾਸਤੇ ਤਿਆਗ ਕੁਰਬਾਨੀ ਦੇਣ ਵਾਲਾ ਬੰਦਾ ਬੜਾ ਹੁੰਦਾ ਐ, ਪਰ ਤੂੰ ਤਾਂ ਬੜਾ ਨ੍ਹੀਂ, ਤੂੰ ਤਾਂ ਇੱਕ ਸਧਾਰਨ ਜੱਟ ਐ।”
ਮੋਟਰ ਦੀ ਕੰਧ ਨਾਲ ਢੋਅ ਲਾਈਂ ਉਹ ਅੱਧਾ ਕੁ ਸੁੱਤਾ ਪਿਆ ਚੰਦ ਵੱਲ ਦੇਖਦਾ, ਕਦੇ ਕਦੇ ਉਹਨੂੰ ਚੰਦ ਵਿਚੋਂ ਆਪਣੀ ਮਰ ਚੁੱਕੀ ਬੇਬੇ ਨਜ਼ਰ ਆਉਂਦੀ, ਜੋ ਉਹਨੂੰ ਕਹਿੰਦੀ ਸੁਣਦੀ, “ਪੁੱਤਾ, ਦੁੱਖ ਵੀ ਬੰਦਿਆਂ ‘ਤੇ ਈ ਆਉਂਦੇ ਨੇ, ਐਨੇ ਕੁ ਦੁੱਖ ਤੋਂ ਈ ਘਬਰਾ ਗਿਆ! ਤਕੜਾ ਬਣ ਮੇਰਾ ਸ਼ੇਰ, ਮੈਂ ਤੇਰੇ ਨਾਲ ਆਂ।”
“ਬੇਬੇ ਜੇ ਤੂੰ ਮੇਰੇ ਨਾਲ ਐਂ ਫਿਰ ਮੈਂ ਪਰਵਾਹ ਨਹੀਂ ਕਰਦਾ। ਪਰਵਾਹ ਤਾਂ ਬੇਬੇ ਮੈਂ ਉਦੋਂ ਨ੍ਹੀਂ ਕੀਤੀ ਜਦ ਤੇਰੀ ਨੂੰਹ ਛੋਟੀਆਂ-ਛੋਟੀਆਂ ਪੋਤੀਆਂ ਨੂੰ ਛੱਡ ਕੇ ਮਰ ਗਈ ਸੀ। ਤੇਰੀ ਹੀ ਮਦਦ ਨਾਲ ਮੈਂ ਹੀ ਤਾਂ ਪਾਲੀਆਂ ਨੇ ਦੋਨੋਂ, ਤੂੰ ਕਹਿੰਦੀ ਸੀ ਪੁੱਤਾ ਤੇਰਾ ਹੋਰ ਵਿਆਹ ਕਰ ਦਿੰਨੀ ਆਂ, ਪਰ ਮੈਂ ਇਨ੍ਹਾਂ ਜੁਆਕੜੀਆਂ ਦੇ ਆਸਰੇ ਦਿਨ ਕੱਟ ਲਏ, ਬੇਬੇ ਮੈਂ ਹਿੰਮਤ ਨ੍ਹੀਂ ਹਾਰਦਾ, ਪਰ ਪਿਛਲੇ ਸਾਲ ਜਦ ਤੂੰ ਵੀ ਮੈਨੂੰ ਛੱਡ ਗਈ ਤਾਂ ਮੈਂ ਇਕੱਲਾ ਰਹਿ ਗਿਆ। ਜੁਆਕੜੀਆਂ ਨੂੰ ਆਪਣਾ ਦੁੱਖ ਕੀ ਦੱਸਾਂ, ਉਨ੍ਹਾਂ ਵਿਚਾਰੀਆਂ ਨੇ ਤਾਂ ਰੱਜ ਕੇ ਆਪਣਾ ਬਚਪਨ ਵੀ ਨਹੀਂ ਹੰਢਾਇਆ। ਹੁਣ ਮੇਰੇ ‘ਤੇ ਆਹ ਦੁੱਖ ਪੈ ਗਿਆ। ਪੁਲਿਸ ਤੋਂ ਡਰਦਾ ਮੈਂ ਲੋਕਾਂ ਦੀਆਂ ਮੋਟਰਾਂ ‘ਤੇ ਲੁੱਕਦਾ ਫਿਰਦਾਂ। ਉਹ ਵਿਚਾਰੀਆਂ ‘ਕੱਲੀਆਂ ਮੈਨੂੰ ਕਿੱਥੇ ਲੱਭਣ। ਚਾਚੇ ਹੋਰੀਂ ਤਾਂ ਇਹੀ ਕਹਿੰਦੇ ਨੇ, ਏਹਨੇ ਕੀ ਕਰਨੇ ਰਸਤਾ ਲਵਾ ਕੇ ਜ਼ਮੀਨ ਨੂੰ, ਬੇਗਾਨਿਆਂ ਨੇ ਹੀ ਲੈ ਜਾਣੀ ਐ ਸਾਰੀ ਜ਼ਮੀਨ।”
ਦੂਜੀ ਸਵੇਰ ਉਹੀ ਥਾਣੇਦਾਰ ਝੰਡੇ ਨੂੰ ਥਾਣੇ ਚੱਕ ਲਿਆਇਆ। ਥਾਣੇਦਾਰ ਨੂੰ ਝੰਡਾ ਸਿੰਘ ਨੇ ਬਹੁਤ ਕਿਹਾ, “ਥੋਨੂੰ ਪਤੈ ਈ ਐ ਕਿ ਉਥੇ ਕੋਈ ਲੜਾਈ ਨਹੀਂ ਹੋਈ…।”
ਪਰ ਥਾਣੇਦਾਰ ਉਤੋਂ ਝੰਡੇ ‘ਤੇ ਚੜ੍ਹ ਪਿਆ ਤੇ ਕਹਿਣ ਲੱਗਾ, “ਮਾਰ ਕੇ ਸੱਟ ਹੁਣ ਕਹਿਨੈਂ, ਕੋਈ ਲੜਾਈ ਨਹੀਂ ਹੋਈ। ਅਸੀਂ ਵੀ ਕੋਈ ਕਾਰਵਾਈ ਕਰਨੀ ਐ ਕਿ ਨਹੀਂ!”
ਸਾਰਾ ਦਿਨ ਉਨ੍ਹਾਂ ਦਾ ਥਾਣੇ ਬੈਠਿਆਂ ਲੰਘ ਗਿਆ। ਝੰਡਾ ਸਿੰਘ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ। ਦੂਜੀ ਪਾਰਟੀ ਨੇ ਵੀ ਥਾਣੇਦਾਰ ਨੂੰ ਪੈਸੇ ਚੜ੍ਹਾ ਦਿੱਤੇ ਸਨ। ਸ਼ਾਮ ਤੱਕ ਕੁਝ ਮੋਹਤਬਰ ਬੰਦਿਆਂ ਨੇ ਵਿਚ ਪੈ ਕੇ ਦੋਹਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ।
ਅਗਲੀ ਸਵੇਰ ਜਦ ਝੰਡਾ ਸਿੰਘ ਖੇਤ ਵੱਲ ਗਿਆ ਤਾਂ ਉਸ ਦਾ ਇਹ ਦੇਖ ਕੇ ਖੂਨ ਖੌਲ ਗਿਆ, ਲੱਗਿਆ ਰਸਤਾ ਵਾਹ ਕੇ ਚਾਚੇ ਹੋਰੀਂ ਉਥੇ ਝੋਨਾ ਲਾਉਣ ਦੀ ਤਿਆਰੀ ‘ਚ ਲੱਗੇ ਹੋਏ ਸਨ।
ਝੰਡੇ ਨੇ ਸਾਈਕਲ ਚੁੱਕਿਆ, ਸਿੱਧਾ ਥਾਣੇ ਵੱਲ ਨੂੰ ਹੋ ਗਿਆ। ਨਛੱਤਰ ਸਿੰਘ ਥਾਣੇਦਾਰ ਨੇ ਉਹਦਾ ਸਵਾਗਤ ਇਉਂ ਕੀਤਾ ਜਿਵੇਂ ਉਹਨੂੰ ਉਹਦੀ ਹੀ ਉਡੀਕ ਹੋਵੇ।
ਝੰਡਾ ਸਿੰਘ ਨੇ ਸਵਾਗਤੀ ਸ਼ਬਦ ਸੁਣ ਕੇ ਮਨ ‘ਚ ਕਿਹਾ, “ਸਰਕਾਰ ਨੇ ਇਹ ਮਹਿਕਮਾ ਦੱਲਿਆਂ ਦਾ ਭਰਤੀ ਕਰ ਰੱਖਿਐ, ਪਰ ਰੰਡੀ ਦੇ ਦੱਲਿਆਂ ਦਾ ਵੀ ਕੋਈ ਅਸੂਲ ਹੁੰਦੈ। ਇਨ੍ਹਾਂ ਸਾਲਿਆਂ ਦਾ…।”
“ਜਨਾਬ, ਉਨ੍ਹਾਂ ਨੇ ਮੇਰਾ ਰਸਤਾ ਵਾਹ ਦਿੱਤਾ।”
“ਤੂੰ ਦਰਖਾਸਤ ਦੇਹ। ਦੱਸਦੇ ਆਂ ਪਤਾ, ਕਿਵੇਂ ਕੋਰਟ ਦੇ ਹੁਕਮਾਂ ਦੀ ਅਦੂਲੀ ਕਰੀਦੀ ਐ, ਫੇਰ ਦੇਖ ਕਿਵੇਂ ਫਿਰਦੈ ਰੇਲਾ।” ਥਾਣੇਦਾਰ ਨੇ ਝੰਡਾ ਸਿੰਘ ਵਾਲਾ ਤਕੀਆ ਕਲਾਮ ਉਸ ‘ਤੇ ਹੀ ਵਰਤਿਆ।
ਝੰਡੇ ਨੂੰ ਵਾਧਾ ਵਧਾਉਣ ਦਾ ਪਤਾ ਸੀ ਕਿ ਕੀ ਹੋਵੇਗਾ, ਉਸ ਨੂੰ ਲੱਗਾ ਹੁਣ ਚਾਚੇ ਹੋਰਾਂ ਦੇ ਜੁਆਕਾਂ ਦੇ ਮੂੰਹੋਂ ਕਿਸੇ ਮੱਝ ਦਾ ਦੁੱਧ ਛੁੱਟੂ। ਉਹ ਮਨ ‘ਚ ਕਹਿ ਬੈਠਾ, “ਬਸ ਹੁਣ ਹੋਰ ਰੇਲਾ ਨ੍ਹੀਂ ਫਿਰੌਣਾ ਅਸੀਂ ਥਾਣੇਦਾਰ ਸਾਹਿਬ।”