ਵਿਗਿਆਨ, ਵਿਗਿਆਨਕ ਤੇ ਅਧਿਆਤਮਵਾਦ ਵਿਚਾਲੇ ਨਿਖੇੜਾ

ਰਿਸ਼ਤਾ ਗੁਰੂ ਨਾਨਕ ਦੇਵ ਦਾ ਵਿਗਿਆਨ ਸੰਗ
ਡਾ. ਸੁਖਪਾਲ ਸੰਘੇੜਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਿੱਠਭੂਮੀ ਤੇ ਪਰਿਚੈ: ਪਿਛਲੇ ਲੇਖ ਵਿਚ ਅਸੀਂ ਨਾਨਕਬਾਣੀ ਤੇ ਗੁਰੂ ਨਾਨਕ ਦੇਵ ਦੇ ਵਿਗਿਆਨ ਸੰਗ ਰਿਸ਼ਤੇ ਬਾਰੇ ਪੰਜਾਬੀ ਚਿੰਤਕਾਂ ਦੇ ਦਾਅਵਿਆਂ ‘ਤੇ ਵਿਚਾਰ ਕੀਤਾ ਸੀ। ਅਨੇਕਾਂ ਲੇਖਾਂ ਤੇ ਸੈਮੀਨਾਰਾਂ ‘ਚ ਪੇਸ਼ ਕੀਤੇ ਗਏ ਇਨ੍ਹਾਂ ਦਾਅਵਿਆਂ ਵਿਚ ਸ਼ਾਮਲ ਹਨ: ਨਾਨਕਬਾਣੀ ਸਮੇਤ ਗੁਰਬਾਣੀ ਵਿਚ ਵਿਗਿਆਨਕ ਸੋਚ ਸੰਮਿਲਿਤ ਹੈ; ਗੁਰੂ ਨਾਨਕ ਜੀ ਵਿਗਿਆਨਕ ਸੋਚ ਦੇ ਧਾਰਨੀ, ਵਿਗਿਆਨੀ ਅਤੇ ਵਿਗਿਆਨੀ ਦੇ ਵਿਗਿਆਨੀ ਸਨ। ਅਸੀਂ ਦਿਖਾਇਆ ਸੀ ਕਿ ਕਿੰਜ ਇਨ੍ਹਾਂ ਨਤੀਜਿਆਂ ‘ਤੇ ਪੁੱਜਣ ਲਈ ਕੁਝ ਸਿੱਧੀਆਂ-ਅਸਿੱਧੀਆਂ ਧਾਰਨਾਵਾਂ ਤੇ ਪਹੁੰਚਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਇਕ ਮੁੱਖ ਪਹੁੰਚ ਹੈ, ਵੱਖ ਵੱਖ ਗਿਆਨ ਖੇਤਰਾਂ ਵਿਚਾਲੇ ਅਤੇ ਵਿਗਿਆਨ ਤੇ ਵਿਗਿਆਨਕ ਸੋਚ ਵਿਚਲੇ ਫਰਕ ਨੂੰ ਨਜ਼ਰਅੰਦਾਜ਼ ਕਰਦੀ ਮਿਲਗੋਭਾ ਸੋਚ ਦਾ ਸਹਾਰਾ ਲੈਣ ਦੀ।

ਇਸ ਨਿਖੇੜੇ ਦੀ ਸਮੱਸਿਆ (ਰeਸੋਲੁਟਿਨ ਪਰੋਬਲeਮ) ਨਾਲ ਅਸੀਂ ਇਸ ਲੇਖ ਵਿਚ ਨਜਿੱਠਦੇ ਹਾਂ। ਵਿਗਿਆਨ, ਵਿਗਿਆਨਕ ਤੇ ਅਧਿਆਤਮਵਾਦ ਵਿਚਾਲੇ ਪਰਿਭਾਸ਼ਾਵਾਂ ਤੇ ਵਿਆਖਿਆਵਾਂ ਸਹਿਤ ਸਪਸ਼ਟ ਨਿਖੇੜਾ ਕੀਤਾ ਗਿਆ ਹੈ ਕਿ ਕਿੰਜ ਫਲਸਫੇ ਦੇ ਮੁਕਾਬਲੇ ਵਿਗਿਆਨ ਵਿਚ ਸ਼ੁੱਧਤਾ ਨਾਲ ਕੀਤੀਆਂ ਗਿਣਤੀਆਂ-ਮਿਣਤੀਆਂ ਅਤਿ ਜ਼ਰੂਰੀ ਹੁੰਦੀਆਂ ਨੇ। ਅਧਿਆਤਮਵਾਦ ਤੇ ਵਿਗਿਆਨ ਵਿਚਾਲੇ ‘ਪਰਖੇ ਜਾ ਸਕਣ ਵਾਲੇ ਹਾਈਪੋਥੀਸਿਜ਼’ ਦੇ ਨਾ ਪਾਰ ਕੀਤੇ ਜਾ ਸਕਣ ਵਾਲੇ ਪਾੜੇ ਦੀ ਮਹੱਤਤਾ ਨੂੰ ਪੇਸ਼ ਕੀਤਾ ਗਿਆ ਹੈ। ਇਸ ਤੱਥ ਦੇ ਸਪਸ਼ਟ ਤੇ ਗੁੱਝੇ ਪ੍ਰਭਾਵ ਵੀ ਵਿਚਾਰੇ ਗਏ ਹਨ ਕਿ ਅਧਿਆਤਮਵਾਦੀ ਫਲਸਫੇ ਤੇ ਧਰਮ ਦਾ ਸਰੋਕਾਰ ਸਰੋਤ ਨਾਲ ਹੁੰਦਾ ਹੈ, ਜਦੋਂ ਕਿ ਵਿਗਿਆਨ ਦਾ ਮੁੱਢ ਨਾਲ।
ਵਿਗਿਆਨ ਨਾਲ ਰੋਲ ਮਾਰ ਰਿਹਾ ਧਰਮ: ਪਿਛਲੇ ਲੇਖ ਵਿਚ ਅਸੀਂ ਅਧਿਆਤਮਵਾਦ ਤੇ ਵਿਗਿਆਨ ਨੂੰ ਰਲਗਡ ਕਰਦੀ ਪਹੁੰਚ ਦਾ ਜ਼ਿਕਰ ਕੀਤਾ ਸੀ। ਇਸ ਪਹੁੰਚ ਤਹਿਤ ਕੁਝ ਪੰਜਾਬੀ ਚਿੰਤਕ, ਜਿੱਥੇ ਗੁਰੂ ਨਾਨਾਕ ਦੇ ਵਿਗਿਆਨੀ ਹੋਣ ‘ਤੇ ਜ਼ੋਰ ਪਾਉਂਦੇ ਨੇ, ਉਥੇ ਵਿਗਿਆਨ ‘ਤੇ ਧਰਮ ਦੀ ਝੰਡੀ ਝੁਲਾਉਣ ਲਈ ਅਕਸਰ ਕਿਸੇ ਗੰਭੀਰ ਫਲਸਫੇ ਦੀ ਤਰਫੋਂ ਨਹੀਂ, ਸਗੋਂ ਧਰਮ ਦੇ ਪ੍ਰਭਾਵ ਅਧੀਨ ਹੀ ਅਜਿਹੇ ਦਾਅਵੇ ਕਰਦੇ ਨੇ,
“ਵਿਗਿਆਨੀ ਹੌਲੀ-ਹੌਲੀ ਪਰਮਾਤਮਾ ਦੀ ਰਚਨਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੂਰੀ ਸ੍ਰਿਸ਼ਟੀ ਇੰਨੀ ਵਿਸ਼ਾਲ ਤੇ ਗੁੰਝਲਦਾਰ ਹੈ ਕਿ ਮਨੁੱਖ ਦੀ ਦ੍ਰਿਸ਼ਟੀ ਤੇ ਸਮਝ ਤੋਂ ਅੱਜ ਵੀ ਪਰ੍ਹੇ ਹੈ। ਵਿਗਿਆਨੀ ਪਰਮਾਤਮਾ ਦੀ ਰਚਨਾ ਦਾ ਅਧਿਐਨ ਕਰਦੇ ਹਨ ਅਤੇ ਰਚਨਾ ਦੇ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਜਿੰਨਾ ਵੱਧ ਉਹ ਸਿੱਖਦੇ ਹਨ, ਉਨੇ ਹੀ ਹੈਰਾਨ ਹੁੰਦੇ ਜਾਂਦੇ ਹਨ।”
ਅਜਿਹੀ ਸੋਚ ਜਿੱਥੇ ਅਧਿਆਤਮਵਾਦ ਤੇ ਵਿਗਿਆਨ ਵਿਚਾਲੇ ਨਿਖੇੜਾ ਕਰਨ ਦੀ ਸਾਡੀ ਅਯੋਗਤਾ ਦਾ ਮੁਜਾਹਰਾ ਕਰਦੀ ਹੈ, ਉਥੇ ਵਿਗਿਆਨ ਪ੍ਰਤੀ ਬੇਸਮਝੀ ਜਾਂ ਗਲਤਫਹਿਮੀ ਦਾ ਪ੍ਰਗਟਾਵਾ ਵੀ ਹੈ। ਮਿਸਾਲ ਵਜੋਂ ਵਿਸ਼ਾਲਤਾ ਦੇ ਸੰਦਰਭ ਵਿਚ ਪਾਣੀ ਦੀ ਬਣਤਰ ਜਾਣਨ ਲਈ ਵਿਗਿਆਨੀ ਨੂੰ ਸਾਰਾ ਸਾਗਰ ਨਹੀਂ ਚਾਹੀਦਾ ਹੁੰਦਾ, ਨਮੂਨੇ ਵਜੋਂ ਪਾਣੀ ਦੀ ਇੱਕ ਬੂੰਦ ਹੀ ਕਾਫੀ ਹੁੰਦੀ ਹੈ। ਇਸ ਤੋਂ ਇਲਾਵਾ ਵਿਗਿਆਨ ਵਿਚ ‘ਕੱਲੀ ‘ਕੱਲੀ ਚੀਜ਼ ਦਾ ਅਧਿਅਨ ਕਰਨ ਦੀ ਲੋੜ ਨਹੀਂ ਹੁੰਦੀ। ਇੱਕੋ ਜਿਹੇ ਗੁਣਾਂ ਦੇ ਆਧਾਰ ‘ਤੇ ਚੀਜ਼ਾਂ ਦਾ ਵਰਗੀਕਰਣ ਕਰ ਲਿਆ ਜਾਂਦਾ ਹੈ; ਮਿਸਾਲ ਵਜੋਂ ਸਾਰੇ ਬੰਦੇ ਇੱਕ ਵਰਗ ਵਿਚ, ਸਾਰੇ ਪਸੂ ਦੂਜੇ ਵਰਗ ਵਿਚ, ਆਦਿ। ਇੱਕ ਵਰਗ ਦਾ ਅਧਿਅਨ ਕਰਨ ਲਈ ਵੀ ਸਿਰਫ ਕੁਝ ਜਣੇ, ਨਮੂਨੇ ਵਜੋਂ, ਚਾਹੀਦੇ ਹੁੰਦੇ ਹਨ, ਸਾਰਾ ਵਰਗ ਨਹੀਂ।
ਵਰਗੀਕਰਣ ਤੇ ਨਮੂਨੇ ਵਾਲੀ ਇਸ ਪਹੁੰਚ ਨਾਲ ਪ੍ਰਾਚੀਨ ਕਾਲ ਵਿਚ ਹੀ ਵਿਗਿਆਨੀਆਂ ਨੇ ਜੋ ਚੀਜ਼ਾਂ ਤੇ ਵਰਤਾਰੇ ਦੇਖੇ, ਉਨ੍ਹਾਂ ਦਾ ਅਧਿਅਨ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਅੱਜ ਤੱਕ ਦੇ ਸਫਰ ਦੌਰਾਨ ਵਿਗਿਆਨੀਆਂ ਦੇ ਤਕਨਾਲੋਜਿਸਟਾਂ ਨੇ ਨਜ਼ਰ-ਸੀਮਾ ਤੋਂ ਪਰੇ ਅਤਿ ਛੋਟੀਆਂ ਜਿਵੇਂ ਐਟਮ ਤੇ ਉਸ ਤੋਂ ਵੀ ਛੋਟੇ ਕਣ ਅਤੇ ਅਤਿ ਵੱਡੀਆਂ ਜਿਵੇਂ ਆਕਾਸ਼ਗੰਗਾਵਾਂ, ਵੇਖਣ ਲਈ ਖੁਰਦਬੀਨਾਂ, ਦੂਰਬੀਨਾਂ ਤੇ ਹੋਰ ਸੰਦ ਈਜਾਦ ਕੀਤੇ। ਵੱਡੀਆਂ ਚੀਜ਼ਾਂ ਦੇ ਪਾਸਿਓਂ, ਅੱਜ ਆਕਾਸ਼/ਪੁਲਾੜ ਵਿਚ ਉਡਦੀਆਂ ‘ਹੱਬਲ ਟੈਲੀਸਕੋਪ’ ਜਿਹੀਆਂ ਦੂਰਬੀਨਾਂ ਬ੍ਰਹਿਮੰਡ ਵਿਚ ਬਣਦੇ ਢਹਿੰਦੇ ਗ੍ਰਹਿਆਂ/ਤਾਰਿਆਂ (ਧਰਤੀਆਂ/ਸੂਰਜਾਂ) ਤੋਂ ਲੈ ਕੇ ਆਕਾਸ਼ਗੰਗਾਵਾਂ ਤੱਕ ਨੂੰ ਸਿਰਫ ਗਿਣ ਹੀ ਨਹੀਂ ਸਕਦੀਆਂ, ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਅੰਕੜੇ ਵੀ ਇਕੱਤਰ ਕਰਦੀਆਂ ਹਨ।
ਛੋਟੀਆਂ ਚੀਜ਼ਾਂ ਵਲੋਂ ਅੱਜ ਪਾਰਟੀਕਲ ਐਕਸਲੇਟਰਾਂ ਤੇ ਡਿਟੈਕਟਰਾਂ ‘ਤੇ ਸਥਿਤ ਪ੍ਰਯੋਗਾਂ ਰਾਹੀਂ, ਜਿਨ੍ਹਾਂ ਵਿਚ ਮੈਂ ਖੁਦ ਹਿੱਸਾ ਲੈਂਦਾ ਰਿਹਾ ਹਾਂ, ਅਸੀਂ ਵਿਗਿਆਨੀ ਜਾਣਦੇ ਹਾਂ ਕਿ ਹੁਣ ਤੱਕ ਗਿਣੀਆਂ ਜਾ ਚੁਕੀਆਂ ਘੱਟੋ-ਘੱਟ 20 ਖਰਬ ਆਕਾਸ਼ਗੰਗਾਵਾਂ ਵਾਲੀ ਇਹ ‘ਵਿਸ਼ਾਲ ਸ੍ਰਿਸ਼ਟੀ’ ਦੋ ਹੱਥਾਂ ਦੀਆਂ ਉਂਗਲਾਂ ‘ਤੇ ਗਿਣੇ ਜਾ ਸਕਣ ਵਾਲੇ ਚੰਦ ਮੂਲ ਕਣਾਂ (ਪਾਰਟੀਕਲ) ਤੋਂ ਬਣੀ ਹੋਈ ਹੈ।
ਉਪਰ ਦਿੱਤੇ ਹਵਾਲੇ ਵਿਚਲੇ ਦਾਅਵੇ ਪਿੱਛੇ ਕੰਮ ਕਰਦੀ ਸੋਚ ਇਸ ਵਿਸ਼ਵਾਸ ਨਾਲ ਸ਼ੁਰੂ ਹੁੰਦੀ ਹੈ ਕਿ ਪਰਮਾਤਮਾ ਨੇ ਇਸ ਬ੍ਰਹਿਮੰਡ ਦਾ ਨਿਰਮਾਣ ਕੀਤਾ ਹੈ ਤੇ ਉਹਤੋਂ ਬਿਨਾ ਇਹਨੂੰ ਕੋਈ ਨਹੀਂ ਸਮਝ ਸਕਦਾ; ‘ਉਹਦੀਆਂ ਉਹੀ ਜਾਣੇ।’ ਸੱਚ ਤਾਂ ਇਹ ਹੈ ਕਿ ਵਿਗਿਆਨ ਦੇ ਅਰੰਭ ਤੋਂ ਪਹਿਲਾਂ ਸਾਰੀਆਂ ਕੁਦਰਤੀ ਰਚਨਾਵਾਂ ਤੇ ਵਰਤਾਰਿਆਂ ਦਾ ਜਿੰਮੇਵਾਰ, ਅਗਿਆਨ ਦਾ ਸਹਾਰਾ ਲੈ ਕੇ ਰੱਬ ਜਾਂ ਦੇਵੀਆਂ-ਦੇਵਤਿਆਂ ਨੂੰ ਠਹਿਰਾ ਦਿੱਤਾ ਜਾਂਦਾ ਸੀ; ਜਿਵੇਂ ਹੜ੍ਹ ਆਉਂਦੇ ਤੇ ਬੀਮਾਰੀਆਂ ਲੱਗਦੀਆਂ ਸਨ ਤਾਂ ਰੱਬ ਜਾਂ ਦੇਵੀਆਂ-ਦੇਵਤਿਆਂ ਦੀ ਨਾਰਾਜ਼ਗੀ ਤੇ ਕਰੋਪੀ ਕਾਰਨ, ਆਦਿ।
ਜਿਵੇਂ ਜਿਵੇਂ ਵਿਗਿਆਨ ਕੁਦਰਤੀ ਰਚਨਾਵਾਂ ਤੇ ਵਰਤਾਰਿਆਂ ਬਾਰੇ ਖੋਜ ਕਰਦੀ ਤੇ ਸਮੱਸਿਆਵਾਂ ਦੇ ਹੱਲ, ਜਿਵੇਂ ਬੀਮਾਰੀਆਂ ਦੇ ਇਲਾਜ, ਲੱਭਦੀ ਅਗਿਆਨ ਦਾ ਹਨੇਰਾ ਦੂਰ ਕਰਦੀ ਗਈ, ਤਿਵੇਂ ਤਿਵੇਂ ਅਧਿਆਤਮਵਾਦ/ਧਰਮ, ਰੋਲ ਮਾਰਦੇ ਖਿਡਾਰੀ ਵਾਂਗ ਗੋਲ-ਕਿੱਲਾ ਖਿਸਕਾਉਂਦਾ, ਆਪਣਾ ਬੋਰੀਆ-ਬਿਸਤਰਾ ਸਮਝੇ ਜਾ ਚੁਕੇ ਵਰਤਾਰਿਆਂ ਤੇ ਹੱਲ ਕੀਤੀਆਂ ਜਾ ਚੁਕੀਆਂ ਸਮੱਸਿਆਵਾਂ ਵਿਚੋਂ ਗੋਲ ਕਰਕੇ, ਅਨਸਮਝੀਆਂ ਚੀਜ਼ਾਂ ਤੇ ਵਰਤਾਰਿਆਂ ਬਾਰੇ ਅਗਿਆਨ ਦੇ ਹਨੇਰੇ ਵਿਚ ਵੜ ਕੇ ਪਿੱਛੇ ਹਟਦਾ ਰਿਹਾ। ਉਥੋਂ, ਇੱਕ ਹੱਥ ਵਿਗਿਆਨ ਦੀਆਂ ਪ੍ਰਾਪਤੀਆਂ ਨੂੰ ਵੀ ਰੱਬ ਦੇ ਸੰਕਲਪ ਨਾਲ ਜੋੜਦਾ ਰਿਹਾ, ਤੇ ਦੂਜੇ ਹੱਥ ਅਜੇ ਨਾ ਸਮਝੀਆਂ ਚੀਜ਼ਾਂ ਤੇ ਵਰਤਾਰਿਆਂ ਨੂੰ ਲੈ ਕੇ ਵਿਗਿਆਨ ਲਲਕਾਰਦਾ ਯਾਨਿ ਮਿਹਣੇ ਮਾਰਦਾ ਰਿਹਾ; ਇੰਜ ਅਜ਼ਮਾਏ ਜਾ ਸਕਣ ਵਾਲੇ ਅਧਿਆਤਮਵਾਦੀ/ਧਾਰਮਿਕ ਦਾਅਵੇ ਕਰਨ ਦਾ ਅਭਿਆਸ ਜਾਰੀ ਰੱਖਦਾ ਰਿਹਾ। ਅਜਿਹੇ ਹੀ ਹੁੰਦੇ ਨੇ ਉਕਤ ਦਾਅਵੇ ਜਿਹੇ ਦਾਅਵੇ।
ਇਨ੍ਹਾਂ ਅਤੇ ਪਿਛਲੇ ਲੇਖ ਵਿਚ ਚਰਚਿਤ ਕਰੀਬ ਸਾਰੇ ਦਾਅਵਿਆਂ ਵਿਚੋਂ ਵਿਗਿਆਨ, ਵਿਗਿਆਨਕ ਤੇ ਅਧਿਆਤਮਵਾਦ ਵਿਚਾਲੇ ਨਿਖੇੜੇ ਦਾ ਸੰਕਟ ਡੁੱਲ੍ਹ ਡੁੱਲ੍ਹ ਪੈਂਦਾ ਹੈ। ਇਸ ਲਈ ਹੇਠਾਂ ਅਸੀਂ ਵਿਗਿਆਨ, ਫਲਸਫਾ, ਵਿਗਿਆਨਕ ਵਿਧੀ, ਵਿਗਿਆਨਕ ਸੋਚ, ਵਿਗਿਆਨਕ ਪਹੁੰਚ ਆਦਿ ਦੀਆਂ ਪਰਿਭਾਸ਼ਾਵਾਂ ਤੋਂ ਸ਼ੁਰੂ ਕਰਕੇ, ਇਨ੍ਹਾਂ ਸੰਕਲਪਾਂ ਵਿਚਾਲੇ ਸਪਸ਼ਟ ਨਿਖੇੜਾ ਕਰਦੇ ਹਾਂ।
ਫਲਸਫਾ, ਅਧਿਆਤਮਵਾਦੀ ਫਲਸਫਾ ਤੇ ਵਿਗਿਆਨ: ਵਿਗਿਆਨ ਨੇ ਧਰਤੀ ਉਤੇ ਮਨੁੱਖ ਤੇ ਮਨੁੱਖੀ ਸਮਾਜ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਵਿਗਿਆਨ ਉਸ ਗਿਆਨ ਤੇ ਖੋਜ ਖੇਤਰ ਦਾ ਨਾਂ ਹੈ, ਜਿਸ ਵਿਚ ਬ੍ਰਹਿਮੰਡ ਅਤੇ ਇਸ ਵਿਚਲੀਆਂ ਚੀਜ਼ਾਂ ਤੇ ਵਰਤਾਰਿਆਂ ਬਾਰੇ ਵਿਗਿਆਨਕ ਵਿਧੀ ਵਰਤ ਕੇ ਗਿਆਨ ਖੋਜਿਆ ਤੇ ਇਕੱਤਰ ਕੀਤਾ ਜਾਂਦਾ ਹੈ। ਅਸਲ ਵਿਚ ਵਿਗਿਆਨ ਦੇ ਵੱਖ ਵੱਖ ਖੇਤਰਾਂ, ਮਜ਼ਮੂਨਾਂ ਤੇ ਮਸਲਿਆਂ ਦੀਆਂ ਵੱਖ ਵੱਖ ਲੋੜਾਂ ਮੁਤਾਬਕ ਅਣਗਿਣਤ ਵਿਧੀਆਂ ਈਜਾਦ ਕੀਤੀਆਂ ਤੇ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਵੱਖ ਵੱਖ ਵਿਧੀਆਂ ਵਿਚ ਕੁਝ ਤੱਤ ਸਾਂਝੇ ਹੁੰਦੇ, ਤੇ ਇਨ੍ਹਾਂ ਤੋਂ ਬਣਦੀ ਹੈ-ਠੇਠ ਯਾਨਿ ਸਟੈਂਡਰਡ ਵਿਗਿਆਨਕ ਵਿਧੀ। ਜਦੋਂ ਅਸੀਂ ਵਿਗਿਆਨੀ ਆਵਾਮ ਨਾਲ ਆਮ ਰੂਪ ਵਿਚ ‘ਵਿਗਿਆਨਕ ਵਿਧੀ’ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਸ਼ਾਰਾ ਇਸ ਠੇਠ ਵਿਗਿਆਨਕ ਵਿਧੀ ਵੱਲ ਹੀ ਹੁੰਦਾ ਹੈ। ਇਸ ਵਿਧੀ ਨੂੰ ਵਰਤਦਿਆਂ ਭੌਤਿਕ ਪ੍ਰਮਾਣ ਦੇ ਆਧਾਰ ‘ਤੇ ਯੋਜਨਾਬੱਧ ਢੰਗ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ।
ਅਧਿਅਨ ਜਾਂ ਜਾਂਚ ਅਧੀਨ ਕਿਸੇ ਵਿਚਾਰ ਅਧੀਨ ਚੀਜ਼, ਵਰਤਾਰੇ ਜਾਂ ਸਮੱਸਿਆ ਦੀ ਨਜ਼ਰਸਾਨੀ ਜਾਂ ਨਿਰੀਖਣ ਦੌਰਾਨ ਇਕੱਤਰ ਕੀਤੇ ਤੱਥਾਂ ਤੇ ਗਿਣਤੀਆਂ-ਮਿਣਤੀਆਂ ਨੂੰ ਅੰਕੜੇ ਕਿਹਾ ਜਾਂਦਾ ਹੈ। ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਤਰਕਸ਼ੀਲ ਢੰਗਾਂ ਨਾਲ ਨਤੀਜਿਆਂ ‘ਤੇ ਪਹੁੰਚਿਆ ਜਾਂਦਾ ਹੈ; ਅਤੇ ਇਨ੍ਹਾਂ ਦੇ ਆਧਾਰ ‘ਤੇ ਸੱਚਾਈ ਦਾ ਅੰਦਾਜ਼ਾ ਲਾਇਆ ਜਾਂਦਾ, ਬਿਆਨ ਜਾਂ ਬਿਆਨਾਂ ਦੇ ਰੂਪ ਵਿਚ, ਜਿਹਨੂੰ ਪਰਿਸਿਧਾਂਤ ਜਾਂ ਪਰਿਨਿਯਮ ਯਾਨਿ ਹਾਈਪੋਥੀਸਿਜ਼ ਕਿਹਾ ਜਾਂਦਾ ਹੈ।
ਹਰ ਪਰਿਸਿਧਾਂਤ ਦਾ ਇੱਕ ਲਾਜ਼ਮੀ ਲੱਛਣ ਹੈ ਕਿ ਉਹ ਚੀਜ਼ਾਂ ਜਾਂ ਵਰਤਾਰਿਆਂ ਬਾਰੇ ਭਵਿਖਵਾਣੀਆਂ ਕਰੇ, ਜਿਨ੍ਹਾਂ ਦੇ ਠੀਕ ਜਾਂ ਖਾਸ ਕਰਕੇ ਗਲਤ ਹੋਣ ਨੂੰ ਪਰਖਿਆ ਜਾ ਸਕੇ; ਮਿਸਾਲ ਵਜੋਂ ਤਜਰਬੇ ਕਰਕੇ। ਫਿਰ ਇਨ੍ਹਾਂ ਭਵਿਖਵਾਣੀਆਂ ਨੂੰ ਪ੍ਰਯੋਗ ਜਾਂ ਸਬੂਤ ਦੀ ਕਸੌਟੀ ਚਾੜ੍ਹਿਆ ਜਾਂਦਾ ਹੈ। ਜਿਸ ਪਰਿਸਿਧਾਂਤ ਦੀਆਂ ਭਵਿਖਵਾਣੀਆਂ ਵਾਰ ਵਾਰ ਵਰ੍ਹਿਆਂ-ਬੱਧੀ ਵੱਖ ਵੱਖ ਹਾਲਤਾਂ ਅਧੀਨ ਪ੍ਰਯੋਗ ਦੀ ਕਸੌਟੀ ‘ਤੇ ਪੂਰੀਆਂ ਉਤਰਦੀਆਂ ਚਲੀਆਂ ਜਾਣ, ਉਹ ਪਰਿਸਿਧਾਂਤ ਫਿਰ ਸਿਧਾਂਤ ਬਣ ਜਾਂਦਾ ਹੈ। ਇਸ ਵਿਗਿਆਨਕ ਵਿਧੀ ਦੇ ਨਜ਼ਰੀਏ ਤੋਂ ਚੀਜ਼ਾਂ, ਚੀਜ਼ਾਂ ਦੇ ਆਪਸੀ ਸਬੰਧਾਂ, ਵਰਤਾਰਿਆਂ ਤੇ ਸਮੱਸਿਆਵਾਂ ਬਾਰੇ ਸੋਚਣ ਢੰਗ ਨੂੰ ਹੀ ਵਿਗਿਆਨਕ ਸੋਚਣੀ ਅਤੇ ਇਨ੍ਹਾਂ ਦੇ ਹੱਲ ਲੱਭਣ ਪ੍ਰਤੀ ਪਹੁੰਚ ਨੂੰ ਵਿਗਿਆਨਕ ਪਹੁੰਚ ਕਿਹਾ ਜਾਂਦਾ ਹੈ।
ਵਿਗਿਆਨਕ ਵਿਧੀ ਸਿਰਫ ਵਿਗਿਆਨ ਦੇ ਖੇਤਰ ਵਿਚ ਹੀ ਨਹੀਂ, ਕਿਸੇ ਵੀ ਖੇਤਰ ਵਿਚ ਵਰਤੀ ਜਾ ਸਕਦੀ ਹੈ। ਇਹਦੇ ਮੂਲ ਅੰਸ਼ ਨੇ: ਅੰਕੜੇ, ਪਰਖੇ ਜਾ ਸਕਣ ਵਾਲੇ ਪਰਿਸਿਧਾਂਤ ਤੇ ਭੌਤਿਕ ਪ੍ਰਯੋਗ/ਸਬੂਤ; ਜੋ ਵਿਗਿਆਨ ਤੋਂ ਇਲਾਵਾ ਹੋਰਨਾਂ ਖੇਤਰਾਂ ਵਿਚ ਮਿਲ ਸਕਦੇ ਨੇ। ਮਿਸਾਲ ਵਜੋਂ ਕਈ ਕੰਪਨੀਆਂ ਆਪਣੇ ਉਤਪਾਦ ਬਾਰੇ ਅੰਕੜੇ ਇਕੱਤਰ ਕਰਨ ਲਈ ਗਾਹਕਾਂ ਤੋਂ ਉਤਪਾਦ ਦਾ ਸਰਵੇਖਣ ਕਰਵਾਉਂਦੀਆਂ ਨੇ; ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਉਤਪਾਦ ਵਿਚ ਨਵੇਂ ਲੱਛਣ ਲਾਗੂ ਕਰਨ ਜਾਂ ਪੁਰਾਣਿਆਂ ਨੂੰ ਸੁਧਾਰਨ ਲਈ ਕੀਮਤ-ਲਾਭ ਦਾ ਵਿਸ਼ਲੇਸ਼ਣ ਕਰਦੀਆਂ ਨੇ, ਉਸ ਦੇ ਆਧਾਰ ‘ਤੇ ਉਤਪਾਦ ਨੂੰ ਵਧੀਆ ਬਣਾਉਣ ਲਈ ਹਾਈਪੋਥੀਸਿਜ਼ ਬਣਾਏ ਜਾਂਦੇ ਹਨ ਜੋ ਭਵਿਖਵਾਣੀਆਂ ਕਰਦੇ ਹਨ ਕਿ ਜੇ ਫਲਾਣਾ ਸੁਧਾਰ ਉਤਪਾਦ ‘ਤੇ ਲਾਗੂ ਕੀਤਾ ਜਾਏ ਤਾਂ ਖਰਚ ਕਿੰਨਾ ਹੋਏਗਾ, ਗਾਹਕਾਂ ਦੀ ਸੰਤੁਸ਼ਟੀ ਇੰਨੀ ਵਧੇਗੀ ਤੇ ਕੰਪਨੀ ਨੂੰ ਲਾਭ ਇੰਨਾ ਹੋਏਗਾ, ਵਗੈਰਾ। ਜੇ ਉਤਪਾਦ ਵਿਕਰੀ ਅੰਕੜੇ ਦਿਖਾਉਣ ਕਿ ਗਾਹਕਾਂ ਦੀ ਸੰਤੁਸ਼ਟੀ ਵਿਚ ਵਾਧਾ ਤੇ ਕੰਪਨੀ ਨੂੰ ਲਾਭ ਹਾਈਪੋਥੀਸਿਜ਼ ਦੀਆਂ ਭਵਿਖਵਾਣੀਆਂ ਅਨੁਸਾਰ ਹੋਇਆ ਹੈ, ਤਾਂ ਹਾਈਪੋਥੀਸਿਜ਼ ਪਾਸ, ਨਹੀਂ ਤਾਂ ਫੇਲ੍ਹ। ਇਸ ਤਰ੍ਹਾਂ ਉਤਪਾਦ ਦੇ ਉਤਪਾਦਨ ਤੇ ਸੁਧਾਰ ਦਾ ਚੱਕਰ ਚੱਲਦਾ ਰਹਿੰਦਾ ਹੈ।
ਵਿਗਿਆਨਕ ਵਿਧੀ ਵਰਤਣ ਦੀ ਇਹ ਮਿਸਾਲ ਬਿਜਨਸ ਖੇਤਰ ਵਿਚੋਂ ਹੈ। ਇਹ ਵਿਧੀ ਹੋਰਨਾਂ ਖੇਤਰਾਂ ਵਿਚ ਵੀ ਵਰਤੀ ਜਾ ਸਕਦੀ ਹੈ, ਵੱਖ ਵੱਖ ਮੰਤਵਾਂ ਲਈ। ਮਿਸਾਲ ਵਜੋਂ ਜਮਹੂਰੀ ਦੇਸ਼ਾਂ ਵਿਚ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੋਟਰ ਸਰਵੇਖਣਾਂ ਦੇ ਆਧਾਰ ‘ਤੇ ਪੋਲ ਨਤੀਜਿਆਂ ਨੂੰ ਆਪਣੀ ਨੀਤੀ ਤੇ ਦਾਅ ਪੇਚ ਵੋਟਰਾਂ ਨੂੰ ਲੈਅ-ਵੱਧ ਕਰਨ ਲਈ ਵਰਤ ਸਕਦੀਆਂ ਹਨ।
ਇਸ ਵਿਆਖਿਆ ਅਨੁਸਾਰ ਵਿਗਿਆਨ, ਵਿਗਿਆਨਕ ਵਿਧੀ, ਵਿਗਿਆਨਕ ਸੋਚ ਤੇ ਵਿਗਿਆਨਕ ਪਹੁੰਚ ਸਬੰਧਿਤ ਪਰ ਵੱਖ ਵੱਖ ਸੰਕਲਪ ਹਨ, ਜੋ ਦੂਜੇ ਖੇਤਰਾਂ ਵਿਚ ਵੀ ਵਰਤੇ ਜਾ ਸਕਦੇ ਹਨ। ਇਹ ਮੰਤਰ ਯਾਦ ਰੱਖੋ, “ਵਿਗਿਆਨ ਸਿਰਫ ਵਿਗਿਆਨ ਦੇ ਖੇਤਰ ਵਿਚ ਹੀ, ਪਰ ‘ਵਿਗਿਆਨਕ’ ਕਿਸੇ ਵੀ ਖੇਤਰ ਵਿਚ।” ਜ਼ਰੂਰੀ ਨਹੀਂ ਕਿ ਇੱਕ ਦੇ ਲਾਗੂ ਕਰਨ ਨਾਲ ਦੂਜੇ ਆਪੇ ਹੀ ਲਾਗੂ ਹੋ ਜਾਣ। ਮਿਸਾਲ ਵਜੋਂ ਜ਼ਰੂਰੀ ਨਹੀਂ ਕਿ ਕਿੱਤੇ ਵਜੋਂ ਵਿਗਿਆਨੀ ਬੰਦਾ ਆਪਣੀ ਜ਼ਿੰਦਗੀ ਵਿਚ ਵਿਗਿਆਨਕ ਸੋਚ ਜਾਂ ਪਹੁੰਚ ਅਪਨਾਉਂਦਾ ਹੋਵੇ।
ਜਿਵੇਂ ਮੈਂ ਆਪਣੇ ਲੇਖਾਂ ਵਿਚ ਪਹਿਲਾਂ ਹੀ ਕਿਹਾ ਹੈ ਕਿ ਬਿਨਾ ਸ਼ੱਕ ਗੁਰੂ ਨਾਨਕ ਦੇਵ ਪੰਜਾਬ ਦੇ ਇੱਕ ਮਹਾਨ ਫਿਲਾਸਫਰ ਸਨ। ‘ਫਲਸਫਾ’ ਸ਼ਬਦ ਦਾ ਮੁੱਢ ਇਕ ਗਰੀਕ ਲਫਜ਼ ਹੈ, ਜਿਸ ਦਾ ਅਰਥ ਹੈ-ਗਿਆਨ ਤੇ ਸਿਆਣਪ ਲਈ ਪਿਆਰ। ਪੱਛਮ ਵਿਚ ਫਲਸਫਾ ਗਰੀਕ ਫਿਲਾਸਫਰਾਂ ਤੋਂ ਸ਼ੁਰੂ ਹੋਇਆ ਤੇ ਗਰੀਕ ਫਲਸਫੇ ਨੇ ਪੱਛਮੀ ਸੱਭਿਅਤਾ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਾਚੀਨ ਫਲਸਫੇ, ਘੱਟੋਘੱਟ ਪੱਛਮ ਵਿਚ, ਸਾਰੇ ਬੌਧਿਕ ਯਤਨ ਤੇ ਗਿਆਨ ਵਿਸ਼ੇ ਸ਼ਾਮਲ ਸਨ: ਬ੍ਰਹਿਮੰਡ, ਧਰਮ, ਧਰਮ ਸ਼ਾਸਤਰ, ਨੈਤਿਕਤਾ, ਤਰਕ, ਭੌਤਿਕ ਵਿਗਿਆਨ, ਜੀਵ ਵਿਗਿਆਨ, ਆਦਿ। ਮਿਸਾਲ ਵਜੋਂ ਫਿਲਾਸਫਰ ਅਰਸਤੂ (384-322 ਈਸਾ ਪੁਰਵ) ਦੁਨੀਆਂ ਦਾ ਪਹਿਲਾਂ ਭੌਤਿਕ ਵਿਗਿਆਨੀ ਵੀ ਮੰਨਿਆ ਜਾਂਦਾ ਹੈ। ਸਾਰੇ ਬੁੱਧੀਜੀਵੀ, ਸਣੇ ਵਿਗਿਆਨੀ, ਫਿਲਾਸਫਰਾਂ ਦੀਆਂ ਵੱਖ ਵੱਖ ਕਿਸਮਾਂ ਸਨ। ਵਿਗਿਆਨ ਤੇ ਵਿਗਿਆਨੀ ਦੇ ਸੰਕਲਪ ਤਾਂ 19ਵੀਂ ਸਦੀ ਦੀ ਪੈਦਾਵਾਰ ਹਨ; ਪਹਿਲਾਂ ਸਦੀਆਂ ਤੀਕ ਵਿਗਿਆਨ ਨੂੰ ਕੁਦਰਤੀ ਫਲਸਫਾ ਕਿਹਾ ਜਾਂਦਾ ਸੀ ਤੇ ਵਿਗਿਆਨੀਆਂ ਨੂੰ ਕੁਦਰਤੀ ਫਿਲਾਸਫਰ। ਜਿਵੇਂ ਜਿਵੇਂ ਗਿਆਨ ਦਾ ਵਿਕਾਸ ਹੁੰਦਾ ਗਿਆ, ਗਿਆਨ ਵਿਸ਼ਿਆਂ ਤੇ ਹੱਲ ਕਰਨ ਵਾਲੀਆਂ ਸਮੱਸਿਆਵਾਂ ਦੀ ਗਿਣਤੀ ਵਧਦੀ ਗਈ, ਤੇ ਵੱਖ ਵੱਖ ਵਿਸ਼ਿਆਂ ‘ਤੇ ਗਿਆਨ ਪ੍ਰਾਪਤੀ ਦੇ ਵੱਖ ਵੱਖ ਢੰਗ ਵਿਕਸਿਤ ਹੁੰਦੇ ਗਏ, ਤਿਵੇਂ ਤਿਵੇਂ ਹੀ ਬੰਦਾ ਗਿਆਨ ਨੂੰ ਵੱਖ ਵੱਖ ਖੇਤਰਾਂ ਵਿਚ ਵੰਡਦਾ ਗਿਆ, ਜਿੱਥੇ ਹਰ ਖੇਤਰ ਵਿਚ ਨਿਕਟ-ਸਬੰਧੀ ਵਿਸ਼ੇ ਹੁੰਦੇ ਹਨ।
ਹੁਣ, ਖੇਤਰਾਂ ਤੇ ਵਿਸ਼ਿਆਂ ਦੀ ਮੁਹਾਰਤ ਵਾਲੇ ਜ਼ਮਾਨੇ ਵਿਚ ਫਲਸਫਾ ਚੀਜ਼ਾਂ ਦੇ ਆਮ ਸੁਭਾਅ ਦਾ ਅਧਿਅਨ ਹੈ, ਜਿੱਥੇ ਚੀਜ਼ਾਂ ਤੋਂ ਭਾਵ ਹੈ: ਹੋਂਦ, ਹਕੀਕਤ, ਮਨ, ਤਰਕ, ਗਿਆਨ, ਕੁਝ ਵੀ। ਇਹ ਚੀਜ਼ਾਂ ਕਿਸੇ ਵੀ ਅਧਿਅਨ ਖੇਤਰ ਵਿਚੋਂ ਹੋ ਸਕਦੀਆਂ ਹਨ। ਮਿਸਾਲ ਵਜੋਂ ਫਲਸਫੇ ਦੀ ਇੱਕ ਸ਼ਾਖਾ ਹੈ, ‘ਵਿਗਿਆਨ ਦਾ ਫਲਸਫਾ’, ਜੋ ਵਿਗਿਆਨ ਦੀਆਂ ਨੀਂਹਾਂ, ਵਿਗਿਆਨ ਦੇ ਢੰਗਾਂ/ਵਿਧੀਆਂ, ਇਹਦੇ ਅਸਿੱਧੇ ਅਰਥਾਂ ਤੇ ਪ੍ਰਭਾਵਾਂ ਅਤੇ ਇਹਦੇ ਮੰਤਵਾਂ ਨਾਲ ਨਜਿੱਠਦੀ ਹੈ। ਵਿਗਿਆਨ ਦੇ ਫਿਲਾਸਫਰ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਨੇ: ਕਿਨ੍ਹਾਂ ਚੀਜ਼ਾਂ ਦਾ ਅਧਿਅਨ ਤੇ ਗਿਆਨ ਵਿਗਿਆਨ ਦੇ ਖੇਤਰ ਵਿਚ ਆਉਂਦਾ ਹੈ? ਵਿਗਿਆਨ ਦੇ ਸਿਧਾਂਤ ਕਿੰਨੇ ਭਰੋਸੇਯੋਗ ਹਨ ਜਾਂ ਉਹ ਕਿਵੇਂ ਵਧੇਰੇ ਭਰੋਸੇਯੋਗ ਬਣਾਏ ਜਾ ਸਕਦੇ ਹਨ? ਵਿਗਿਆਨ ਦਾ ਸਰਬਸ਼੍ਰੇਸ਼ਠ ਮੰਤਵ ਕੀ ਹੈ?
ਨੋਟ ਕਰੋ ਕਿ ‘ਵਿਗਿਆਨ ਦਾ ਫਲਸਫਾ’ ਖੇਤਰ ਵਿਗਿਆਨ ਦੇ ਖੇਤਰ ਤੋਂ ਵੱਖਰਾ ਹੈ। ਵਿਗਿਆਨੀ ਬ੍ਰਹਿਮੰਡ ਅਤੇ ਇਸ ਵਿਚਲੀਆਂ ਭੌਤਿਕ ਚੀਜ਼ਾਂ ਤੇ ਵਰਤਾਰਿਆਂ ਦੇ ਕੁਦਰਤੀ ਅਤੇ ਇਨ੍ਹਾਂ ਦੇ ਮਿਣੇ ਨਾਪੇ ਜਾ ਸਕਣ ਵਾਲੇ ਸੁਭਾਅ ਤੇ ਗੁਣਾਂ ਬਾਰੇ ਸੁਆਲ ਕਰਦੇ ਤੇ ਉਨ੍ਹਾਂ ਦੇ ਜੁਆਬ ਖੋਜਦੇ ਹਨ, ਜਿਵੇਂ ਚੀਜ਼ਾਂ ਦੀ ਬਣਤਰ ਕੀ ਹੈ, ਕਿਹੜੇ ਮੂਲ ਤੋਂ ਬਣੀਆਂ ਨੇ ਤੇ ਕਿਨ੍ਹਾਂ ਵਰਤਾਰਿਆਂ ਵਿਚ ਹਿੱਸਾ ਲੈਂਦੀਆਂ ਨੇ? ਇਸ ਨਜ਼ਰੀਏ ਤੋਂ ਫਲਸਫੇ ਵਿਚ ਕਿਸੇ ਹੱਦ ਤੱਕ ‘ਤੀਰ-ਤੁੱਕੇ’ ਵੀ ਚਲ ਜਾਂਦੇ ਨੇ: ਕਈ, ਹਜ਼ਾਰਾਂ ਹੀ, ਲੱਖਾਂ ਹੀ, ਖਰਬਾਂ ਹੀ ਆਦਿ; ਪਰ ਵਿਗਿਆਨ ਵਿਚ ਗਿਣਨਾ ਪਵੇਗਾ, ਖਰਬਾਂ ਤੇ ਮਾਈਕਰੋਮੀਟਰਾਂ ਦੀ ਸ਼ੁੱਧਤਾ ਤੀਕ: ਠੀਕ-ਠੀਕ ਕਿੰਨੇ ਹਜ਼ਾਰ, ਕਿੰਨੇ ਖਰਬ ਤੇ ਕਿੰਨੇ ਮਾਈਕਰੋਮੀਟਰ।
ਫਲਸਫੇ ਵਿਚ ਇੱਕ ਵਿਸ਼ਾਲ ਉਪ-ਖੇਤਰ ਹੈ, ‘ਅਧਿਆਤਮਵਾਦ’, ਜਿਹਦੀਆਂ ਕਈ ਕਿਸਮਾਂ ਹਨ; ਇਨ੍ਹਾਂ ਕਰੀਬ ਸਾਰੀਆਂ ਵਿਚ ‘ਆਤਮਾ’ ਨੂੰ ਮੂਲ ਮੰਨਿਆ ਜਾਂਦਾ ਹੈ ਯਾਨਿ ਚੇਤਨਾ ਤੇ ਵਿਚਾਰ ਦੀ ਪਦਾਰਥ ‘ਤੇ ਸਰਦਾਰੀ। ਬਾਹਲੇ ਧਰਮਾਂ ਸਮੇਤ ਅਧਿਆਤਮਵਾਦ ਦੀਆਂ ਕਈ ਕਿਸਮਾਂ ਵਿਚ ਆਤਮਾ ‘ਤੇ ਰਾਜ ਕਰਦੀ ਇੱਕ ਪਰਮ ਆਤਮਾ ਹੈ, ਜੋ ਸਰਬਸ਼ਕਤੀਮਾਨ ਹੈ, ਜਿਸ ਨੇ ਬ੍ਰਹਿਮੰਡ ਅਤੇ ਇਸ ਵਿਚਲੀਆਂ ਕੁਦਰਤੀ ਚੀਜ਼ਾਂ ਬਣਾਈਆਂ, ਉਹ ਬ੍ਰਹਿਮੰਡ ਦਾ ਸਰੋਤ ਹੈ ਤੇ ਬ੍ਰਹਿਮੰਡ ਉਸ ਦੀ ਰਜ਼ਾ ਵਿਚ ਹੀ ਚੱਲਦਾ ਹੈ, ਆਦਿ। ਇਹ ਪਰਮ ਆਤਮਾ ‘ਅਕਾਲ ਪੁਰਖੁ’ ਵਰਗੀ ਹੀ ਲੱਗਦੀ ਹੈ, ਜੋ ਗੁਰਬਾਣੀ ਦਾ ਕੇਂਦਰੀ ਧੁਰਾ ਹੈ। ਇਸ ਤਰ੍ਹਾਂ ਨਾਨਕਬਾਣੀ ਸਮੇਤ ਗੁਰਬਾਣੀ ਸਮੁੱਚੇ ਤੌਰ ‘ਤੇ ਅਧਿਆਤਮਵਾਦੀ ਫਲਸਫੇ ‘ਚ ਆਉਂਦੀ ਹੈ; ਪਰ ਗੁਰਬਾਣੀ ਦੀ ਵਿਆਪਕਤਾ ਤੇ ਗਹਿਰਾਈ ਵਿਚ ਉਤਰਿਆਂ ‘ਵਿਗਿਆਨਕ’ ਅੰਸ਼ ਮਿਲ ਜਾਂਦੇ ਹਨ। ਨੋਟ ਕਰੋ, ਮੈਂ ਇੱਥੇ ਸ਼ਬਦ ‘ਵਿਗਿਆਨਕ’ ਵਰਤਿਆ ਹੈ, ‘ਵਿਗਿਆਨ’ ਜਾਂ ‘ਵਿਗਿਆਨ ਦੇ’ ਨਹੀਂ।
ਅਧਿਆਤਮਵਾਦ ਦੇ ਬਾਹਲੇ ਦਾਅਵੇ, ਸੰਕਲਪ ਤੇ ਖਿਆਲ, ਕਿਉਂਕਿ ਆਪਣੇ ਆਪ ਨੂੰ ਭੌਤਿਕ ਟੈਸਟ ਜਾਂ ਪ੍ਰਯੋਗ ਦੇ ਅਧੀਨ ਨਹੀਂ ਕਰਦੇ, ਉਨ੍ਹਾਂ ਦੇ ਠੀਕ ਜਾਂ ਗਲਤ ਹੋਣ ਦੀ ਅਜ਼ਮਾਇਸ਼ ਨਹੀਂ ਹੋ ਸਕਦੀ; ਜਦੋਂ ਕਿ ਨਾ ਅਜ਼ਮਾਇਆ ਜਾ ਸਕਣ ਵਾਲਾ ਦਾਅਵਾ ਜਾਂ ਖਿਆਲ ਨਾ ਵਿਗਿਆਨ ਦਾ ਹੁੰਦਾ ਹੈ ਤੇ ਨਾ ਹੀ ਵਿਗਿਆਨਕ।
ਉਕਤ ਗਿਆਨ ਖੇਤਰਾਂ ਵਿਚ ਨਿਖੇੜੇ ਦਾ ਇੱਕ ਹੋਰ ਖਾਸ ਕਾਰਕ ਹੈ, ਸਾਂਝੇ ਵਿਸ਼ਿਆਂ ਪ੍ਰਤੀ ਵਤੀਰਾ।
ਅਧਿਆਤਮਵਾਦੀ ਫਲਸਫਾ, ਕਲਾ ਅਤੇ ਵਿਗਿਆਨ: ਅਧਿਆਤਮਵਾਦੀ ਫਲਸਫਾ, ਕਲਾ ਤੇ ਵਿਗਿਆਨ ਵਿਚਾਲੇ ਕੁਝ ਵਿਸ਼ੇ ਸਾਂਝੇ ਹੋ ਸਕਦੇ ਹਨ, ਪਰ ਉਨ੍ਹਾਂ ਤੇ ਹੋਰ ਵਿਸ਼ਿਆਂ ਨਾਲ ਨਜਿੱਠਣ ਦੇ ਮੰਤਵ, ਢੰਗ, ਨਤੀਜੇ/ਪ੍ਰਭਾਵ ਵੱਖ ਵੱਖ ਹੁੰਦੇ ਹਨ। ਵਿਗਿਆਨ ਦੇ ਮੁੱਖ ਰੁਝੇਵੇਂ ਹਨ-ਕੁਦਰਤੀ ਚੀਜ਼ਾਂ, ਕੁਦਰਤੀ ਵਰਤਾਰਿਆਂ ਅਤੇ ਉਨ੍ਹਾਂ ਦੇ ਮੁੱਢ ਬਾਰੇ ਗਿਆਨ ਖੋਜਣਾ ਤੇ ਸਾਂਭਣਾ; ਕਲਾ ਸੰਬੋਧਿਤ ਹੈ, ਇਸ ਸਭ ਕੁਝ ਦਾ ਨਿਜੀ ਮਤਲਬ ਕੱਢਣ ਤੇ ਉਹਦਾ ਉਸਾਰੂ ਪ੍ਰਗਟਾਵਾ ਕਰਨ ਨੂੰ; ਜਦੋਂ ਕਿ ਅਧਿਆਤਮਵਾਦੀ ਫਲਸਫਾ ਇਸ ਸਭ ਦੇ ਸਰੋਤ, ਮੰਤਵ ਅਤੇ ਸਾਰਥਕਤਾ ਬਾਰੇ ਚਿੰਤਿਤ ਹੁੰਦਾ ਹੈ।
ਇਨ੍ਹਾਂ ਸੰਕਲਪਾਂ ਵਿਚਾਲੇ ਨਿਖੇੜਾ ਕਰਨ ਲਈ ‘ਸਰੋਤ’ ਤੇ ‘ਮੁੱਢ’ ਵਿਚ ਫਰਕ ਜਾਣਨਾ ਜ਼ਰੂਰੀ ਹੈ। ਕਿਸੇ ਚੀਜ਼ ਦਾ ‘ਸਰੋਤ’ ਉਹ ਬੰਦਾ, ਜਗ੍ਹਾ, ਵਸਤ ਵਗੈਰਾ ਹੁੰਦੀ ਹੈ, ਜਿੱਥੋਂ ਉਹ ਚੀਜ਼ ਆਉਂਦੀ ਜਾਂ ਪ੍ਰਾਪਤ ਕੀਤੀ ਜਾਂਦੀ ਹੈ। ਕਿਸੇ ਅਧਿਆਤਮਵਾਦੀ ਫਲਸਫੇ ਅਨੁਸਾਰ ਸੰਸਾਰ ਜਾਂ ਬ੍ਰਹਿਮੰਡ ਦਾ ਮੂਲ ਸਰੋਤ ‘ਰੱਬ’ ਹੈ: ਭਾਵ ਇਹ ਸੰਸਾਰ, ਬ੍ਰਹਿਮੰਡ, ਤੇ ਇਸ ਵਿਚਲੀਆਂ ਸਭ ਚੀਜ਼ਾਂ ਰੱਬ ਤੋਂ ਹਨ; ਉਸ ਨੇ ਇਨ੍ਹਾਂ ਦੀ ਰਚਨਾ ਕੀਤੀ ਹੈ, ਆਪਣੀ ਮਰਜ਼ੀ ਨਾਲ। ਅਧਿਆਤਮਵਾਦੀ ਫਲਸਫੇ ਤੇ ਧਰਮ ਦਾ ਸਰੋਕਾਰ ਬ੍ਰਹਿਮੰਡ ਤੇ ਇਸ ਵਿਚਲੀਆਂ ਚੀਜ਼ਾਂ ਦੇ ਸਰੋਤ ਨਾਲ ਹੈ, ਨਾ ਕਿ ਮੁੱਢ ਨਾਲ।
ਕਿਸੇ ਚੀਜ਼ ਦਾ ਮੁੱਢ ਉਸ ਚੀਜ਼ ਦੀ ਸ਼ੁਰੂਆਤ ਹੁੰਦਾ ਹੈ; ਉਹਦੀ ਹੋਂਦ ਦਾ ਅਰੰਭ ਜਾਂ ਪਹਿਲੀ ਅਵਸਥਾ, ਜਿਵੇਂ ਹਰ ਬੱਚੇ ਦਾ ਮੁੱਢ ਹੈ, ਗਰਭ ਜਾਂ ਕਹਿ ਲਓ ਮਰਦ ਦੇ ਵੀਰਜ ਤੇ ਔਰਤ ਦੇ ਅੰਡੇ ਦਾ ਸੁਮੇਲ, ਪਰ ਉਹਦਾ ਸਰੋਤ ਉਹਦੇ ਮਾਪੇ ਨੇ। ਹਰ ਜ਼ਿੰਦਗੀ ਵਾਂਗ ਮੁੱਢ ਹੈ, ਸੈਲ ਜਾਂ ਡੀ. ਐਨ. ਏ.। ਬ੍ਰਹਿਮੰਡ ਵਿਚ ਹਰ ਭੌਤਿਕ ਚੀਜ਼ ਦਾ ਮੁੱਢ ਹਨ ਮੌਲਿਕਯੂਲ; ਜਿਸ ਦਾ ਮੁੱਢ ਨੇ ਐਟਮ ਆਦਿ। ਬ੍ਰਹਿਮੰਡ ਦਾ ਮੂਲ ਮੁੱਢ ਨੇ, ਇੱਕ ਬਿੰਦੂ ਵਿਚ ਸਮਾਈਆਂ, ਉਂਗਲਾਂ ‘ਤੇ ਗਿਣੀਆਂ ਜਾਣ ਯੋਗ ਭੌਤਿਕ ਕਣਾਂ ਦੀਆਂ ਚੰਦ ਕਿਸਮਾਂ, ਜਿਨ੍ਹਾਂ ਤੋਂ ਬ੍ਰਹਿਮੰਡ ਸ਼ੁਰੂ ਹੋਇਆ। ਵਿਗਿਆਨ ਦਾ ਸਰੋਕਾਰ ਬ੍ਰਹਿਮੰਡ ਤੇ ਇਸ ਵਿਚਲੇ ਕੁਦਰਤੀ ਵਰਤਾਰਿਆਂ ਤੇ ਕੁਦਰਤੀ ਚੀਜ਼ਾਂ ਦੇ ਮੁੱਢ ਨਾਲ ਹੈ, ਸਰੋਤ ਨਾਲ ਨਹੀਂ।
ਕਿਉਂਕਿ ਅਧਿਆਤਮਵਾਦੀ ਫਲਸਫੇ ਤੇ ਧਰਮ ਦਾ ਸਰੋਕਾਰ ਸਰੋਤ ਨਾਲ ਹੈ, ਨਾ ਕਿ ਮੁੱਢ ਨਾਲ, ਉਹ ਬ੍ਰਹਿਮੰਡ ਦਾ ਸਰੋਤ ਰੱਬ ਨੂੰ ਮੰਨਣ, ਤੇ ਰੱਬ ਦੀ ਹੋਂਦ ਵਿਚ ਵਿਸ਼ਵਾਸ ਨਾਲ ਹੀ ਕੰਮ ਚਲਾ ਲੈਂਦੇ ਹਨ ਅਤੇ ਬ੍ਰਹਿਮੰਡ ਤੇ ਇਸ ਵਿਚਲੇ ਕੁਦਰਤੀ ਵਰਤਾਰਿਆਂ ਤੇ ਕੁਦਰਤੀ ਚੀਜ਼ਾਂ ਦੇ ਮੁੱਢ ਬਾਰੇ ਚਿੰਤਿਤ ਨਹੀਂ ਹੁੰਦੇ। ਕਿਉਂਕਿ ਵਿਗਿਆਨ ਦਾ ਸਰੋਕਾਰ ਮੁੱਢ ਨਾਲ ਹੈ, ਸਰੋਤ ਨਾਲ ਨਹੀਂ, ਉਹ ਰੱਬ ਦੇ ਹੋਣ ਜਾਂ ਨਾ ਹੋਣ ਦੇ ਮਸਲੇ ਨੂੰ ਸੰਬੋਧਨ ਨਹੀਂ ਕਰਦੀ। ਇਹ ਬਿਆਨ, ਇਹ ਕਹਿਣ ਦੇ ਬਰਾਬਰ ਹੈ ਕਿ ਰੱਬ ਦੀ ਹੋਂਦ ਦਾ ਦਾਅਵਾ ਵਿਗਿਆਨ ਦੇ ਵਿਚਾਰਨ ਯੋਗ ਨਹੀਂ ਯਾਨਿ ਗੈਰ-ਵਿਗਿਆਨਕ ਹੈ, ਕਿਉਂਕਿ ਇਹ ਵਿਸ਼ਵਾਸ ‘ਤੇ ਨਿਰਭਰ ਹੈ। ਦੋਵਾਂ ਵਿਚ ਫਰਕ ਪਛਾਣਨਾ ਬਹੁਤ ਸੌਖਾ ਹੈ: ਅਧਿਆਤਮਵਾਦੀ ਫਲਸਫਾ ਤੇ ਧਰਮ ਵਿਚ ਆਮ ਤੌਰ ‘ਤੇ ਅਜਿਹੀਆਂ ਸਰਗਰਮੀਆਂ ਦੇ ਅਭਿਆਸ ਹੁੰਦੇ ਹਨ, ਜਿਨ੍ਹਾਂ ਵਿਚ ਦੈਵੀ ਸ਼ਕਤੀ ਜਾਂ ਰੱਬ ਵਿਚ ਵਿਸ਼ਵਾਸ ਤੇ ਉਨ੍ਹਾਂ ਦੀ ਪ੍ਰਸ਼ੰਸਾ ਸ਼ਾਮਲ ਹੋਵੇ; ਇਹ ਵਿਗਿਆਨ ਦੇ ਲੱਛਣ ਜਾਂ ਅਭਿਆਸ ਨਹੀਂ ਹੁੰਦੇ। ਨਾਨਕਬਾਣੀ ਸਣੇ, ਗੁਰਬਾਣੀ ਵਿਚ ‘ਬ੍ਰਹਿਮੰਡ ਦੇ ਸਿਰਜਣਹਾਰ ਅਕਾਲ ਪੁਰਖੁ’ ਵਿਚ ਭਰੋਸਾ ਅਤੇ ਉਸ ਦੀ ਉਸਤਤ ਦੀ ਮੌਜੂਦਗੀ ਤੋਂ ਇਨਕਾਰ ਕਰਨਾ ਧੁੱਪ ਵਰਗੇ ਸੱਚ ਤੋਂ ਅੱਖਾਂ ਮੀਟਣ ਵਾਲੀ ਗੱਲ ਹੋਏਗੀ। ਗੁਰੂ ਗ੍ਰੰਥ ਸਾਹਿਬ, ਵੇਦ, ਬਾਈਬਲ, ਕੁਰਾਨ, ਆਦਿ ਵਿਚ ਪ੍ਰਗਟ ਮੂਲ ਖਿਆਲਾਂ ਤੇ ਸਿਧਾਂਤਾਂ ਦੇ ਪੱਖ ਵਿਚ ਕੋਈ ਭੌਤਿਕ ਤੌਰ ‘ਤੇ ਪਰਖੇ ਜਾ ਸਕਣ ਵਾਲੇ ਪਰਿਸੀਧਾਂਤ ਪੇਸ਼ ਨਹੀਂ ਕੀਤੇ ਗਏ। ਸਪਸ਼ਟ ਹੈ ਕਿ ਇਨ੍ਹਾਂ ਪੋਥੀਆਂ ਵਿਚਲੇ ਖਿਆਲ ਤੇ ਸਿਧਾਂਤ ਅਧਿਆਤਮਵਾਦੀ ਫਲਸਫੇ ਦੇ ਘੇਰੇ ਵਿਚ ਆਉਂਦੇ ਨੇ, ਤੇ ਇਨ੍ਹਾਂ ਪੋਥੀਆਂ ਦੇ ਲੇਖਕਾਂ ਨੂੰ ਅਧਿਆਤਮਵਾਦੀ ਫਿਲਾਸਫਰ ਕਹਿਣਾ ਦਰੁਸਤ ਹੋਵੇਗਾ, ਵਿਗਿਆਨੀ ਨਹੀਂ।
ਵਿਗਿਆਨ ਕਲਾ ਤੋਂ ਵੀ ਅਲੱਗ ਹੈ। ਵਧੀਆ ਕਾਵਿ ਹੋਣ ਸਦਕਾ, ਨਾਨਕਬਾਣੀ ਸਮੇਤ, ਗੁਰਬਾਣੀ ਦੀ ਕਲਾ ਨੂੰ ਵੀ ਦੇਣ ਹੈ। ਸਾਹਿਤ, ਅਭਿਨੈ ਤੇ ਚਿੱਤਰਕਾਰੀ ਦੀ ਕਲਾ ਭਾਵੇਂ ਕਿਸੇ ਵੀ ਵਿਸ਼ੇ ਬਾਰੇ ਹੋ ਸਕਦੀ ਹੈ, ਪਰ ਉਸ ਰਾਹੀਂ ਅਸੀਂ ਮੁੱਖ ਤੌਰ ‘ਤੇ ਇਹ ਖੋਜਦੇ ਹਾਂ ਕਿ ਮਨੁੱਖੀ ਤਜਰਬੇ ਤੇ ਅਨੁਭੂਤੀ ਦੇ ਖੇਤਰ ਵਿਚ ਕੀ ਕੁਝ ਸੰਭਵ ਹੈ। ਦੂਜੇ ਸ਼ਬਦਾਂ ਵਿਚ ਕਲਾ ਮਨੁੱਖੀ ਤਜਰਬੇ ਤੇ ਅਨੁਭੂਤੀ ਦੀਆਂ ਹੱਦਾਂ ਨੂੰ ਧੱਕਾ ਲਾਉਂਦੀ ਹੈ। ਅਸੀਂ ਵੱਖ ਵੱਖ ਹਾਲਤਾਂ ਵਿਚ ਪਾਈਆਂ ਮਾਨਵੀ ਭਾਵਨਾਵਾਂ ਜਾਣ/ਸਿੱਖ ਸਕਦੇ ਹਾਂ, ਜਿਵੇਂ ਪਿਆਰ, ਗੁੱਸਾ, ਨਫਰਤ, ਮਾਣ, ਨਮੋਸ਼ੀ, ਸ਼ਰਮ ਆਦਿ; ਜਿਨ੍ਹਾਂ ਹਾਲਾਤ ਤੇ ਅਨੁਭੂਤੀਆਂ ਵਿਚੋਂ ਅਸੀਂ ਆਪਣੀ ਨਿਜੀ ਜ਼ਿੰਦਗੀ ਵਿਚ ਨਾ ਵੀ ਲੰਘੇ ਹੋਈਏ, ਉਨ੍ਹਾਂ ਵਿਚੀਂ ਵੀ ਗੁਜ਼ਰ ਸਕਦੇ ਹਾਂ, ਕਲਾ ਰਚਨਾਵਾਂ ਤੋਂ ਉਪਜੀ ਕਲਪਨਾ ਸਦਕਾ। ਇੰਜ ਆਪਣੇ ਅਸਲੀ ਤੇ ਕਾਲਪਨਿਕ ਅਨੁਭਵ ਅਤੇ ਉਸ ਬਾਰੇ ਗਿਆਨ ਦੇ ਖੇਤਰ ਨੂੰ ਵਿਸ਼ਾਲ ਕਰ ਸਕਦੇ ਹਾਂ। ਜਿੱਥੇ ਕਲਾ ਮਨੁੱਖੀ ਤਜਰਬੇ ਤੇ ਅਨੁਭੂਤੀ ਦੇ ਖੇਤਰ ਵਿਚ ਸੰਭਾਵਨਾਵਾਂ ਖੋਜਦੀ ਹੈ, ਵਿਗਿਆਨ ਕੁਦਰਤ ਦੀਆਂ ਸੰਭਾਵਨਾਵਾਂ ਬਾਰੇ ਮਨੁੱਖੀ ਗਿਆਨ ਦੀਆਂ ਹੱਦਾਂ ਨੂੰ ਧੱਕਾ ਲਾਉਂਦੀ ਹੈ। ਕੁਦਰਤ ਵਿਚ, ਮਨੁੱਖ ਸਣੇ ਸਭ ਜੀਵਿਤ ਤੇ ਅਜੀਵਿਤ ਚੀਜ਼ਾਂ, ਵਰਤਾਰੇ, ਅਤੇ ਇਸ ਸਭ ਦਾ ਭਾਂਡਾ, ਬ੍ਰਹਿਮੰਡ, ਆਉਂਦੇ ਨੇ। ਜਿੱਥੇ ਕਲਾ ਰਾਹੀਂ ਨਜਿੱਠਿਆਂ ਮਨੁੱਖੀ ਅਨੁਭਵ ਨਿਜੀ ਹੁੰਦਾ ਹੈ, ਵਿਗਿਆਨ ਰਾਹੀਂ ਖੋਜੇ ਕੁਦਰਤ ਦੇ ਨਿਯਮ ਤੇ ਸਿਧਾਂਤ ਵਿਆਪਕ; ਉਹ ਉਨ੍ਹਾਂ ਦੇ ਘੇਰੇ ਵਿਚ ਆਉਂਦੀਆਂ ਸਭ ਚੀਜ਼ਾਂ ‘ਤੇ ਲਾਗੂ ਹੁੰਦੇ ਨੇ। ਵਿਗਿਆਨ ਦੇ ਨਜ਼ਰੀਏ ਤੋਂ ਅਸੀਂ ਵੇਖ ਸਕਦੇ ਹਾਂ ਕਿ ਕਿੰਜ ਕੁਦਰਤ ਵਿਚ ਸਾਰੀਆਂ ਚੀਜ਼ਾਂ ਇੱਕ ਦੂਜੀ ਨਾਲ ਜੁੜ੍ਹੀਆਂ ਹੋਈਆਂ ਹਨ, ਕੁਦਰਤੀ ਨਿਯਮਾਂ ਦੇ ਧਾਗਿਆਂ ਰਾਹੀਂ। ਵਿਗਿਆਨ ਨਾਲ ਅਸੀਂ ਕੁਦਰਤ ਦੀਆਂ ਮੌਜੂਦਾ ਸੰਭਾਵਨਾਵਾਂ ਜਾਣਨ ਤੱਕ ਹੀ ਸੀਮਿਤ ਨਹੀਂ ਹਾਂ, ਸਗੋਂ ਇਸ ਨਾਲ ਅਸੀਂ ਜਾਣੀਆਂ ਸੰਭਾਵਨਾਵਾਂ ਦੇ ਆਧਾਰ ‘ਤੇ ਅਣਜਾਣੀਆਂ ਸੰਭਾਵਨਾਵਾਂ ਬਾਰੇ ਭਵਿੱਖਵਾਣੀਆਂ ਵੀ ਕਰ ਸਕਦੇ ਹਾਂ।
ਅਧਿਆਤਮਵਾਦ, ਕਲਾ ਤੇ ਵਿਗਿਆਨ ਦੇ ਪ੍ਰਭਾਵ ਵੀ ਵੱਖ ਵੱਖ ਹੁੰਦੇ ਨੇ। ਵਿਗਿਆਨਕ ਖੋਜ ਦੇ ਖੇਤਰ ਵਿਚ ਪਰਿਸਿਧਾਂਤ ਨੂੰ ਸਿਧਾਂਤ ਬਣਦਿਆਂ ਲੰਬਾ ਅਰਸਾ ਲੱਗ ਜਾਂਦਾ ਹੈ, ਪਰ ਵਿਗਿਆਨਕ ਸਿਧਾਂਤਾਂ ਵਿਚ ਮਨੁੱਖੀ ਸਮਾਜ ‘ਤੇ ਜ਼ੋਰਦਾਰ ਪ੍ਰਭਾਵ ਪਾਉਣ ਤੇ ਯੁੱਗ ਪਰਿਵਰਤਨ ਲਿਆਉਣ ਦੀ ਸ਼ਕਤੀ ਹੁੰਦੀ ਹੈ। ਮਿਸਾਲ ਵਜੋਂ 14ਵੀਂ ਰੈਨੇਸਾਂਸ ਲਹਿਰ ਨੂੰ ਪੈਦਾ ਤੇ ਵਿਕਸਿਤ ਕਰਨ ਵਿਚ ਵਿਗਿਆਨ ਨੇ ਸਿੱਧੇ ਤੇ ਅਸਿੱਧੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ। ਵਿਗਿਆਨ ਦੇ ਖੋਜੇ ਸਿਧਾਂਤਾਂ ਦੇ ਸਹਾਰੇ ਰੈਨੇਸਾਂਸ ਲਹਿਰ ਨੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਿਆਂ ਹੌਲੀ ਹੌਲੀ ਯੂਰਪ ਨੂੰ ਮੱਧਕਾਲੀ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ। ਵਿਗਿਆਨ ਦੇ ਖੋਜੇ ‘ਮਾਦੇ ਦੀ ਅਵਿਨਾਸ਼ਤਾ’ ਤੇ ਹੋਰ ਸਿਧਾਂਤਾਂ ‘ਤੇ ਹੀ ਟਿਕੀਆਂ ਹੋਈਆਂ ਨੇ ਆਧੁਨਿਕ ਯੁੱਗ ਦੀਆਂ ਅਣਗਿਣਤ ਤੇ ਕਰੀਬ ਸਭ ਲੋੜਾਂ ਤੇ ਸਹੂਲਤਾਂ। ਇੰਜਨ ਤੋਂ ਟਿਊਬਵੈੱਲ, ਟਰੱਕ?ਕਾਰਾਂ, ਤੇ ਹਵਾਈ ਜਹਾਜ਼ਾਂ ਤੱਕ; ਬਿਜਲਈ ਚੁੱਲ੍ਹਿਆਂ, ਫਰਿੱਜਾਂ, ਤੇ ਏਅਰਕੰਡੀਸ਼ਨਰਾਂ ਤੋਂ ਘਰਾਂ, ਸੜਕਾਂ, ਤੇ ਸ਼ਹਿਰਾਂ ਨੂੰ ਜਗਮਗਾਉਂਦੀ ਰੰਗ-ਬਰੰਗੀ ਰੌਸ਼ਨੀ ਤੱਕ; ਰੇਡੀਓ, ਟੀ.ਵੀ., ਤੇ ਕੰਪਿਊਟਰਾਂ ਤੋਂ ਇੰਟਰਨੈੱਟ, ਸ਼ੋਸ਼ਲ ਮੀਡੀਆਂ, ਤੇ ਸਮਾਰਟ ਫੋਨਾਂ ਤੱਕ; ਅਤੇ ਵੈਕਸੀਨਾਂ ਤੋਂ ਭਿੰਨ ਭਿੰਨ ਬਿਮਾਰੀਆਂ ਦੇ ਇਲਾਜਾਂ ਤੱਕ।
ਵਿਗਿਆਨੀਆਂ ਵਲੋਂ ਖੋਜੇ ਕੁਦਰਤੀ ਸਿਧਾਂਤਾਂ ਤੇ ਨਿਯਮਾਂ ਸਦਕਾ ਵਿਗਿਆਨ ਤੇ ਤਕਨਾਲੋਜੀ ਨੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਸਭਿਅਤਾ ਨੂੰ ਗੁਫਾਵਾਂ ‘ਚ ਰਿਹਾਇਸ਼ਾਂ ਦੇ ਜ਼ਮਾਨੇ ਤੋਂ ਅੱਜ ਤੱਕ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਇੰਟਰਫੇਸ: ਜਿੱਥੇ ਮਿਲਗੋਭਾ ਸੋਚ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਵੱਖ ਵੱਖ ਗਿਆਨ ਖੇਤਰਾਂ ਵਿਚਾਲੇ ਨਿਖੇੜਾ ਕਰਨਾ ਲਾਜ਼ਮੀ ਹੈ, ਉਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੱਖ ਵੱਖ ਗਿਆਨ ਖੇਤਰ ਤੇ ਉਨ੍ਹਾਂ ਵਿਚ ਖਿੱਚੀਆਂ ਹੱਦਾਂ ਯਾਨਿ ਇੰਟਰਫੇਸ ਕੁਦਰਤ ਨੇ ਨਹੀਂ, ਬੰਦੇ ਨੇ ਬਣਾਣੇ ਨੇ, ਕੁਦਰਤ ਨੂੰ ਸਮਝਣ ਲਈ। ਇਹ ਇੰਟਰਫੇਸ ਬੰਦੇ ਦੀ ਕੁਦਰਤ ਬਾਰੇ ਜਾਣਨ ਦੀਆਂ ਤੇ ਜਾਣਨ ਢੰਗਾਂ ਦੀਆਂ ਸੀਮਾਵਾਂ ਤੇ ਕਮਜ਼ੋਰੀਆਂ ਦੀ ਵੀ ਤਜ਼ਰਮਾਨੀ ਕਰਦੇ ਨੇ। ਗਿਆਨ ਪ੍ਰਾਪਤੀ ਨੂੰ ਵੱਖ ਵੱਖ ਗਿਆਨ ਖੇਤਰਾਂ ਵਿਚ ਵੰਡਣ ਨਾਲ ਤਿੰਨ ਵੱਡੇ ਨੁਕਸਾਨਾਂ ਦੇ ਖਤਰੇ ਬਣੇ ਰਹਿੰਦੇ ਨੇ, ਜਿਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ: ਬੰਦੇ ਦਾ ਆਪਣੇ ਗਿਆਨ ਖੇਤਰ ਦੇ ਖੂਹ ਦਾ ਡੱਡੂ ਬਣ ਜਾਣਾ ਤੇ ਹੋਰਨਾਂ ਗਿਆਨ ਖੇਤਰਾਂ ਪ੍ਰਤੀ ਕਦਰ ਵਿਕਸਿਤ ਨਾ ਕਰ ਸਕਣਾ; ਕੁਦਰਤ ਦੇ ਕੁਝ ਰਾਜ਼ਾਂ ਦਾ ਗਿਆਨ ਖੇਤਰਾਂ ਵਿਚਲੇ ਇੰਟਰਫੇਸਾਂ ਵਿਚ ਛੁਪੇ ਰਹਿ ਜਾਣਾ; ਅਤੇ ਇੰਟਰਫੇਸ ਨਾਲ ਸਬੰਧਤ ਬਿਆਨਾਂ ਜਾਂ ਗਿਆਨ ਨੂੰ ਗਲਤ ਖੇਤਰ ਨਾਲ ਨੱਥੀ ਕਰ ਦੇਣਾ। ਇਹ ਤੀਜੀ ਗਲਤੀ ਇੱਥੇ ਚਰਚਿਤ ਗੁਰੂ ਨਾਨਕ ਬਾਰੇ ਲਿਖੇ ਲੇਖਾਂ ਤੇ ਦਿੱਤੇ ਭਾਸ਼ਣਾਂ ਵਿਚ ਵੀ ਹੋ ਰਹੀ ਹੈ। ਵਿਗਿਆਨਕ ਵਿਧੀ, ਵਿਗਿਆਨਕ ਸੋਚ ਤੇ ਵਿਗਿਆਨਕ ਪਹੁੰਚ ਦੂਸਰੇ ਗਿਆਨ ਖੇਤਰਾਂ ਦੇ ਵਿਗਿਆਨ ਨਾਲ ਲੱਗਦੇ ਇੰਟਰਫੇਸਾਂ ‘ਤੇ ਬੈਠੇ ਹਨ। ਬਿਨਾ ਸ਼ੱਕ ਗੁਰੂ ਨਾਨਕ ਦੀਆਂ ਅਨੇਕਾਂ ਕਾਵਿ ਤੁਕਾਂ ਤੇ ਉਨ੍ਹਾਂ ਦੇ ਜੀਵਨ ਦੀਆਂ ਬੜੀਆਂ ਘਟਨਾਵਾਂ ਉਨ੍ਹਾਂ ਦੀ ਵਿਗਿਆਨਕ ਸੋਚ ਦਾ ਪ੍ਰਗਟਾਵਾ ਹਨ, ਮੁੱਖ ਤੌਰ ‘ਤੇ ਅਧਿਆਤਮਵਾਦੀ ਫਲਸਫੇ ਦੇ ਘੇਰੇ ਅੰਦਰ, ਪਰ ਇਨ੍ਹਾਂ ਲੇਖਾਂ ਵਿਚ ਅਪਨਾਈ ਪਹੁੰਚ ਦਾ ਇੱਕ ਗੁੱਝਾ-ਅਰਥ ਹੈ ਕਿ ਵਿਗਿਆਨਕ ਸੋਚ ਵਿਗਿਆਨ ਹੁੰਦੀ ਹੈ, ਤੇ ਵਿਗਿਆਨਕ ਸੋਚ ਦਾ ਧਾਰਨੀ, ਵਿਗਿਆਨੀ। ਇਹ ਗਲਤ ਧਾਰਨਾ ਹੈ, ਕਿਉਂਕਿ ਵਿਗਿਆਨ ਤੇ ਵਿਗਿਆਨਕ ਸੋਚ ਸਬੰਧਿਤ, ਪਰ ਅਲੱਗ ਸੰਕਲਪ ਹਨ। ਅਜਿਹੇ ਹੋ ਸਕਦੇ ਨੇ ਇੰਟਰਫੇਸਾਂ ਦੇ ਸਰਾਪ!
ਸਿੱਟੇ: ਮੁੱਕਦੀ ਗੱਲ, ਫਲਸਫੇ ਤੇ ਵਿਗਿਆਨ ਦੇ ਗਿਆਨ ਖੇਤਰ ਹੀ ਨਹੀਂ ਸਗੋਂ ਵਿਗਿਆਨ, ਵਿਗਿਆਨਕ ਵਿਧੀ, ਵਿਗਿਆਨਕ ਸੋਚ ਤੇ ਵਿਗਿਆਨਕ ਪਹੁੰਚ ਦੇ ਸੰਕਲਪ ਵੀ ਵੱਖ ਵੱਖ ਹਨ। ‘ਵਿਗਿਆਨ’ ਸਿਰਫ ਵਿਗਿਆਨ ਦੇ ਖੇਤਰ ਵਿਚ ਹੀ ਹੁੰਦਾ ਹੈ, ਜਦੋਂ ਕਿ ‘ਵਿਗਿਆਨਕ’ ਕਿਸੇ ਵੀ ਖੇਤਰ ਵਿਚ ਹੋ ਸਕਦਾ ਹੈ, ਜਿਵੇਂ ਵਿਗਿਆਨਕ ਵਿਧੀ ਬਿਜਨਸ ਖੇਤਰ ਵਿਚ, ਤੇ ਵਿਗਿਆਨਕ ਪਹੁੰਚ ਸਮਾਜਕ ਮਸਲੇ ਹੱਲ ਕਰਨ ਲਈ। ਕਿੱਤੇ ਵਲੋਂ ਵਿਗਿਆਨੀ ਬੰਦਾ ਜ਼ਰੂਰੀ ਨਹੀਂ ਕਿ ਆਪਣੀ ਜ਼ਿੰਦਗੀ ਵਿਚ ਵਿਗਿਆਨਕ ਸੋਚ ਜਾਂ ਵਿਗਿਆਨਕ ਪਹੁੰਚ ਅਪਣਾਉਂਦਾ ਹੋਵੇ; ਤੇ ਵਿਗਿਆਨਕ ਖਿਆਲ ਰੱਖਣ ਜਾਂ ਪ੍ਰਗਟ ਕਰਨ ਵਾਲਾ ਜ਼ਰੂਰੀ ਨਹੀ ਕਿ ਵਿਗਿਆਨੀ ਹੀ ਹੋਵੇ।
ਅਧਿਆਤਮਵਾਦ ਤੇ ਵਿਗਿਆਨ ਦੀ ਇੱਕ ਦੂਜੇ ਨਾਲ ਪ੍ਰਾਚੀਨ ਕਾਲ ਤੋਂ ਹੀ ‘ਕੱਚੀ’ ਹੈ। ਅਧਿਆਤਮਵਾਦ ਦੇ ਬਾਹਲੇ ਦਾਅਵੇ, ਸੰਕਲਪ, ਤੇ ਖਿਆਲ ਕਿਉਂਕਿ ਆਪਣੇ ਆਪ ਨੂੰ ਭੌਤਿਕ ਪ੍ਰਯੋਗ ਦੇ ਅਧੀਨ ਨਹੀਂ ਕਰਦੇ, ਉਨ੍ਹਾਂ ਦੇ ਠੀਕ ਜਾਂ ਗਲਤ ਹੋਣ ਦੀ ਅਜ਼ਮਾਇਸ਼ ਨਹੀਂ ਹੋ ਸਕਦੀ; ਜਦ ਕਿ ਅਜ਼ਮਾਇਆ ਨਾ ਜਾਣ ਸਕਣ ਵਾਲਾ ਦਾਅਵਾ ਜਾਂ ਖਿਆਲ ਨਾ ਵਿਗਿਆਨ ਦਾ ਹੁੰਦਾ ਹੈ ਤੇ ਨਾ ਹੀ ਵਿਗਿਆਨਕ। ਕਿਉਂਕਿ ਅਧਿਆਤਮਵਾਦੀ ਫਲਸਫੇ ਤੇ ਧਰਮ ਦਾ ਸਰੋਕਾਰ ਸਰੋਤ ਨਾਲ ਹੈ, ਨਾ ਕਿ ਮੁੱਢ ਨਾਲ, ਉਹ ਬ੍ਰਹਿਮੰਡ ਦਾ ਸਰੋਤ ਰੱਬ ਨੂੰ ਮੰਨਣ ਤੇ ਰੱਬ ਦੀ ਹੋਂਦ ਵਿਚ ਵਿਸ਼ਵਾਸ ਨਾਲ ਹੀ ਕੰਮ ਚਲਾ ਲੈਂਦੇ ਨੇ ਅਤੇ ਬ੍ਰਹਿਮੰਡ ਤੇ ਇਸ ਵਿਚਲੇ ਕੁਦਰਤੀ ਵਰਤਾਰੇ ਤੇ ਕੁਦਰਤੀ ਚੀਜ਼ਾਂ ਦੇ ਮੁੱਢ ਬਾਰੇ ਚਿੰਤਿਤ ਨਹੀਂ ਹੁੰਦੇ। ਕਿਉਂਕਿ ਵਿਗਿਆਨ ਦਾ ਸਰੋਕਾਰ ਮੁੱਢ ਨਾਲ ਹੈ, ਸਰੋਤ ਨਾਲ ਨਹੀਂ, ਉਹ ਰੱਬ ਦੇ ਹੋਣ ਜਾਂ ਨਾ ਹੋਣ ਦੇ ਮੁੱਦੇ ਨੂੰ ਸੰਬੋਧਨ ਨਹੀਂ ਕਰਦੀ; ਇਹ ਮੁੱਦਾ ਵਿਗਿਆਨ ਲਈ ਅਪ੍ਰਸੰਗਿਕ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ, ਵੇਦ, ਬਾਈਬਲ, ਕੁਰਾਨ, ਆਦਿ ਵਿਚ ਪ੍ਰਗਟ ਮੂਲ ਖਿਆਲਾਂ ਤੇ ਸਿਧਾਂਤਾਂ ਦੇ ਪੱਖ ਵਿਚ ਭੌਤਿਕ ਤੌਰ ‘ਤੇ ਕੋਈ ਪਰਖੇ ਜਾ ਸਕਣ ਵਾਲੇ ਪਰਿਸੀਧਾਂਤ ਪੇਸ਼ ਨਹੀਂ ਕੀਤੇ ਗਏ। ਇਸ ਲਈ, ਇਨ੍ਹਾਂ ਪੋਥੀਆਂ ਵਿਚਲੇ ਖਿਆਲ ਤੇ ਸਿਧਾਂਤ ਅਧਿਆਤਮਵਾਦੀ ਫਲਸਫੇ ਘੇਰੇ ਵਿਚ ਆਉਂਦੇ ਨੇ, ਅਤੇ ਇਨ੍ਹਾਂ ਪੋਥੀਆਂ ਦੇ ਲੇਖਕਾਂ ਨੂੰ, ਕੁੱਲ ਮਿਲਾ ਕੇ, ਅਧਿਆਤਮਵਾਦੀ ਫਲਾਸਫਰ ਕਹਿਣਾ ਦਰੁਸਤ ਹੀ ਹੋਵੇਗਾ, ਵਿਗਿਆਨੀ ਕਹਿਣਾ ਨਹੀਂ।
ਗੁਰੂ ਨਾਨਕ ਦੇਵ ਦੇ ਵਿਗਿਆਨ ਸੰਗ ਰਿਸ਼ਤੇ ਬਾਰੇ ਕੁਝ ਪੰਜਾਬੀ ਚਿੰਤਕਾਂ ਦੇ ਕੁਝ ਦਾਅਵਿਆਂ ਦਾ ਇੱਕ ਮੁੱਖ ਆਧਾਰ ਵਿਗਿਆਨ, ਵਿਗਿਆਨਕ ਤੇ ਅਧਿਆਤਮਵਾਦ ਵਿਚਾਲੇ ਨਿਖੇੜੇ ਦਾ ਸੰਕਟ ਹੈ, ਜੋ ਕਈ ਰੂਪਾਂ ਵਿਚ ਪ੍ਰਗਟ ਹੁੰਦਾ ਹੈ, ਜਿਵੇਂ ਅਧਿਆਤਮਵਾਦ ਤੇ ਵਿਗਿਆਨ ਵਿਚਾਲੇ ‘ਪਰਖੇ ਜਾ ਸਕਣ ਵਾਲੇ ਹਾਈਪੋਥੀਸਿਜ਼’ ਦੇ ਪਾੜੇ ਨੂੰ ਉਲੰਘ ਜਾਣਾ, ਅਤੇ ਵਿਗਿਆਨਕ ਸੋਚ ਨੂੰ ਵਿਗਿਆਨ ਸਮਝ ਬੈਠਣਾ। ਸੌ ਹੱਥ ਰੱਸਾ ਤੇ ਸਿਰੇ ‘ਤੇ ਗੰਢ: ਨਾਨਕਬਾਣੀ ਸਮੇਤ ਗੁਰਬਾਣੀ ਵਿਚ ਵਿਗਿਆਨਕ ਸੋਚ ਸ਼ਾਮਲ ਹੈ, ਜ਼ਿਆਦਾਤਰ ਅਧਿਆਤਮਵਾਦ ਦੇ ਘੇਰੇ ਵਿਚ।