ਅਸੀਂ ਸ਼ਾਹੀਨ ਹਾਂ…

ਰਣਜੀਤ ਲਹਿਰਾ
ਜਿਉਂਦੀਆਂ ਰਹਿਣ ਸ਼ਾਹੀਨ ਬਾਗ ਦੀਆਂ ਸ਼ੀਹਣੀਆਂ, ਜਿਨ੍ਹਾਂ ‘ਭੇਡ ਦੀ ਖੱਲ ਪਾਈ ਫਿਰਦੇ ਬਘਿਆੜ’ ਨੂੰ ਪਛਾਣਦਿਆਂ ਉਸ ਨੂੰ ਸਿੱਧੇ ਮੱਥੇ ਟੱਕਰਨ ਦਾ ਦਿਲ ਗੁਰਦਾ ਦਿਖਾਇਆ। ਸ਼ਾਹੀਨ ਬਾਗ ਦੀਆਂ ਔਰਤਾਂ ਉਹ ਔਰਤਾਂ ਹਨ, ਜੋ ਰਾਜਧਾਨੀ ਦੀ ਅਸਲੋਂ ਅਣਗੌਲੀ ਬਸਤੀ ਦੀਆਂ ਘੁਟਣ ਭਰੀਆਂ ਕੋਠੜੀਆਂ ‘ਚੋਂ ਇਉਂ ਸ਼ਾਇਦ ਹੀ ਕਦੇ ਬਾਹਰ ਨਿਕਲੀਆਂ ਹੋਣ, ਸ਼ਾਇਦ ਹੀ ਕਦੇ ਕਿਸੇ ਰੈਲੀ-ਮੁਜਾਹਰੇ ਜਾਂ ਜਨਤਕ ਇਕੱਠ ਵਿਚ ਗਈਆਂ ਹੋਣ ਅਤੇ ਧੱਕੇ-ਧੋੜੇ ਸਹਿੰਦਿਆਂ ਤੇ ਗਰੀਬੀ ਹੰਢਾਉਂਦਿਆਂ ਵੀ ਸ਼ਾਇਦ ਹੀ ਕਦੇ ਆਪਣੇ ਦੁੱਖ-ਦਰਦ ਨੂੰ ਬੋਲਾਂ ‘ਚ ਬਦਲ ਸਕੀਆਂ ਹੋਣ, ਪਰ ਹੁਣ ਉਹ ਸੜਕ ‘ਤੇ ਹਨ।

ਸੜਕ ‘ਤੇ ਹੀ ਨਹੀਂ, ਸਗੋਂ ਮਹੀਨੇ ਭਰ ਤੋਂ ਸੜਕ ‘ਤੇ ਪੱਕਾ ਮੋਰਚਾ ਲਾ ਕੇ ਬੈਠੀਆਂ ਹਨ। ਬਿਨਾ ਕਿਸੇ ਦੀ ਰਹਿਨੁਮਾਈ ਤੋਂ, ਬਿਨਾ ਕਿਸੇ ਦੀ ਅਗਵਾਈ ਤੋਂ ਖੁਦ ਆਪਣੀ ਹਿੰਮਤ ਤੇ ਦਲੇਰੀ ਨਾਲ ਲਾਇਆ ਮੋਰਚਾ ਮੋਦੀ-ਸ਼ਾਹ ਜੋੜੀ ਲਈ ਇਸ ਕਦਰ ਗਲੇ ਦੀ ਹੱਡੀ ਬਣ ਗਿਆ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਉਲਟ-ਪੁਲਟ ਗਈਆਂ ਹਨ। ਸ਼ਾਹੀਨ ਬਾਗ ਦੀਆਂ ਔਰਤਾਂ ਵਾਕਿਆ ਹੀ ਸ਼ਾਹੀਨ ਸਾਬਤ ਹੋਈਆਂ ਹਨ।
ਸ਼ਾਹੀਨ ਫਾਰਸੀ ਦਾ ਸ਼ਬਦ ਹੈ, ਜਿਸ ਦੇ ਅਰਥ ਹਨ-ਸਫੈਦ ਬਾਜ਼, ਦ੍ਰਿੜ ਇਰਾਦਾ! ਸ਼ਾਹੀਨ ਬਾਗ ਦੀਆਂ ਔਰਤਾਂ ਦੋਵੇਂ ਅਰਥਾਂ ਵਿਚ ਸ਼ਾਹੀਨ ਹਨ। ਉਨ੍ਹਾਂ ਨੇ ਬਾਜ਼ ਵਾਂਗ ਉਚੀ ਉਡਾਰੀ ਵੀ ਭਰੀ ਹੈ ਤੇ ਦਮ-ਖਮ ਵੀ ਦਿਖਾਇਆ ਹੈ। ਮੋਰਚੇ ਵਿਚ ਡਟੀ ਹੋਈ 75 ਸਾਲਾ ਬੇਬੇ ਨੂਰ ਨੇ ਠੀਕ ਹੀ ਕਿਹਾ ਹੈ, “ਹੁਣ ਉਨ੍ਹਾਂ ਦੇ ਉਡਣ ਦਾ ਸਮਾਂ ਹੈ, ਉਹ ਸ਼ਾਹੀਨ ਹਨ।”
ਸ਼ਾਹੀਨ ਬਾਗ ਦੀਆਂ ਔਰਤਾਂ ਨੇ ਬਿਲਕੁਲ ਠੀਕ ਸਮੇਂ ‘ਤੇ ਉਡਾਣ ਭਰੀ ਹੈ। ਐਨ ਇਹੋ ਠੀਕ ਸਮਾਂ ਸੀ; ਇਕ ਪਿਛੋਂ ਦੂਜੀ ਜਿੱਤ ਦੇ ਨਸ਼ੇ ‘ਚ ਮਦਹੋਸ਼ ਮੋਦੀ-ਸ਼ਾਹ ਜੋੜੀ ਦੇ ਅਖੌਤੀ ਹਿੰਦੂ ਰਾਸ਼ਟਰ ਵਲ ਸਰਪਟ ਦੌੜਦੇ ਅੱਥਰੇ ਘੋੜੇ ਦਾ ਰਾਹ ਡੱਕਣ ਦਾ। ਸ਼ਾਹੀਨ ਬਾਗ ਦੀਆਂ ਔਰਤਾਂ ਨੇ ਦੁਸ਼ਮਣ ਦੇ ਅੱਥਰੇ ਘੋੜੇ ਦੀ ਲਗਾਮ ਨੂੰ ਮੂਹਰਿਓਂ ਹੋ ਕੇ ਹੱਥ ਪਾਇਆ ਹੈ।
ਸ਼ਾਇਦ ਉਹ ਅਜੇ ਵੀ ਨਾ ਉਠਦੀਆਂ, ਜੇ 15 ਦਸੰਬਰ ਨੂੰ ਉਨ੍ਹਾਂ ਕੁੱਖੋਂ ਜਾਏ ਧੀਆਂ-ਪੁੱਤਾਂ ਨੂੰ ਜਾਮੀਆ ਮਿਲੀਆ ਇਸਲਾਮੀਆ ਵਿਚ ਪੁਲਿਸ ਵਲੋਂ ਦਿਨ-ਦਿਹਾੜੇ ਬੇਰਹਿਮੀ ਨਾਲ ਕੁੱਟਿਆ ਜਾਂਦਾ ਤੇ ਸ਼ਿਕਾਰ-ਪਿੱਛਾ ਕੀਤਾ ਜਾਂਦਾ ਨਾ ਦੇਖਿਆ ਹੁੰਦਾ। ਉਨ੍ਹਾਂ ਕੀ ਗਲਤ ਕੀਤਾ ਸੀ? ਉਨ੍ਹਾਂ ਸੰਵਿਧਾਨ ਦੀ ਸਹੁੰ ਖਾ ਕੇ ਹੋਂਦ ‘ਚ ਆਈ ਮੋਦੀ-ਸ਼ਾਹ ਜੋੜੀ ਦੀ ਸਰਕਾਰ ਵਲੋਂ ਸੰਵਿਧਾਨ ਦੇ ਜੜ੍ਹੀਂ ਤੇਲ ਦੇਣ ਵਾਲੇ ਕਾਲੇ ਕਾਨੂੰਨ ਖਿਲਾਫ ਆਵਾਜ਼ ਹੀ ਉਠਾਈ ਸੀ। ਉਨ੍ਹਾਂ ਆਪਣੇ ਧੀਆਂ-ਪੁੱਤਾਂ ਦੀਆਂ ਹੱਡੀਆਂ ਟੁੱਟਦੀਆਂ, ਅੱਖਾਂ ਫੁੱਟਦੀਆਂ, ਹੱਥ ਉਪਰ ਕਰਕੇ ਪਰੇਡ ਕਰਦਿਆਂ, ਲਾਇਬ੍ਰੇਰੀ ਤੇ ਯੂਨੀਵਰਸਿਟੀ ਦੀ ਭੰਨ-ਤੋੜ ਹੁੰਦਿਆਂ ਅੱਖੀਂ ਤੱਕਿਆ। ਉਨ੍ਹਾਂ ਸਮਝ ਲਿਆ ਕਿ ਹੁਣ ਗੱਲ ਗਊ ਮਾਸ, ਹਜੂਮੀ ਕਤਲ ਤੇ ਜਹਾਦੀ ਕਹਿ ਕੇ ਹਮਲੇ ਕਰਨ ਤੱਕ ਸੀਮਤ ਨਹੀਂ ਰਹੀ, ਮੁਲਕ ਦਾ ਹਾਕਮ ਉਨ੍ਹਾਂ ਦੇ ਸਾਰੇ ਭਾਈਚਾਰੇ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਕੌਮੀ ਨਾਗਰਿਕਤਾ ਰਜਿਸਟਰ (ਐਨ. ਸੀ. ਆਰ.) ਅਤੇ ਕੌਮੀ ਵਸੋਂ ਰਜਿਸਟਰ (ਐਨ. ਪੀ. ਆਰ.) ਜਿਹੇ ਕਾਨੂੰਨਾਂ ਤੇ ਅਮਲਾਂ ਰਾਹੀਂ ਦੂਜੇ ਦਰਜੇ ਦੇ ਸ਼ਹਿਰੀ ਹੀ ਨਹੀਂ, ਨਾਜਾਇਜ਼ ਘੁਸਪੈਠੀਏ ਸਾਬਤ ਕਰਕੇ ਬੰਦੀਖਾਨਿਆਂ ‘ਚ ਸੁੱਟਣ ਦੇ ਮਨਸੂਬੇ ਪਾਲ ਰਿਹਾ ਹੈ।
ਜਦੋਂ ਉਨ੍ਹਾਂ ਸਮਝ ਲਿਆ, ਤਾਂ ਸ਼ਾਹੀਨ ਬਾਗ ਦੀਆਂ ਔਰਤਾਂ ਨੇ ਅੰਗੜਾਈ ਲਈ ਅਤੇ ਸਭ ਬੰਧਨ ਤੋੜ ਕੇ ਉਠ ਖਲੋਤੀਆਂ। ਉਨ੍ਹਾਂ ਦੁਸ਼ਮਣ ਨਾਲ ਮੋਰਚਾ ਲਾ ਕੇ ਆਢਾ ਲਾਉਣ ਦਾ ਫੈਸਲਾ ਕੀਤਾ। ਮੋਰਚਾ ਕਿਤੇ ਵੀ ਲੱਗ ਸਕਦਾ ਹੈ, ਉਨ੍ਹਾਂ ਸੜਕ ਨੂੰ ਹੀ ਮੋਰਚਾ ਬਣਾ ਲਿਆ। ਮੋਰਚੇ ਵਿਚ 80-90 ਸਾਲ ਦੀਆਂ ਬੇਬੇ ਵੀ ਹਨ, ਮੁਟਿਆਰਾਂ ਵੀ, ਵਿਆਹੁੰਦੜਾਂ ਵੀ, ਕੁਆਰੀਆਂ ਵੀ ਅਤੇ ਕੁੱਛੜ ਬੱਚੇ ਲੈ ਕੇ ਬੈਠੀਆਂ ਬੀਬੀਆਂ-ਭੈਣਾਂ ਵੀ ਹਨ; ਅਨਪੜ੍ਹ ਵੀ ਅਤੇ ਪੜ੍ਹੀਆਂ-ਲਿਖੀਆਂ ਵੀ; ਨਵੇਂ ਯੁੱਗ ਦੀਆਂ ਕੁੜੀਆਂ ਵੀ ਤੇ ਪੁਰਾਣੇ ਯੁੱਗ ਦੀਆਂ ਬੁਰਕੇ ਵਾਲੀਆਂ ਵੀ। ਉਨ੍ਹਾਂ ਦਿਖਾ ਦਿੱਤਾ ਹੈ ਕਿ ਜੇ ਉਹ ਚੁੱਪਚਾਪ ਬੜਾ ਕੁਝ ਜਰ ਸਕਦੀਆਂ ਨੇ ਤਾਂ ਸਬਰ ਦਾ ਬੰਨ੍ਹ ਟੁੱਟਣ ‘ਤੇ ਬਹੁਤ ਕੁਝ ਕਰ ਵੀ ਸਕਦੀਆਂ ਹਨ।
ਸ਼ਾਹੀਨ ਬਾਗ ਦੀਆਂ ਔਰਤਾਂ ਮੋਰਚੇ ਲਈ ਨਿਕਲੀਆਂ ਤਾਂ ਇਕੱਲੀਆਂ ਹੀ ਸਨ, ਪਰ ਹੁਣ ਉਹ ਇਕੱਲੀਆਂ ਨਹੀਂ। ਉਨ੍ਹਾਂ ਦੇ ਮਰਦ ਵੀ ਉਨ੍ਹਾਂ ਦੇ ਨਾਲ ਆਣ ਖੜ੍ਹੇ ਹਨ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਕੇ ਅਤੇ ਆਪਣੀਆਂ ਔਰਤਾਂ ਨੂੰ ਸ਼ਾਹੀਨ ਵਾਂਗ ਉਡਾਰੀ ਭਰਨ ਦੀਆਂ ਖੁੱਲ੍ਹਾਂ ਦੇ ਕੇ ਉਨ੍ਹਾਂ ਜ਼ਮਾਨੇ ਨੂੰ ਦੱਸ ਦਿੱਤਾ ਹੈ ਕਿ ਉਹ ਵੀ ਹੁਣ ਪੁਰਾਣੇ ਜ਼ਮਾਨੇ ਦੇ ਦਕੀਆਨੂਸ ਮਰਦ ਨਹੀਂ ਰਹੇ।
ਸ਼ਾਹੀਨ ਬਾਗ ਦੀਆਂ ਔਰਤਾਂ ਲਈ ਰਾਹ ਆਸਾਨ ਨਹੀਂ ਸੀ, ਪਰ ਉਨ੍ਹਾਂ ਨੇ ਹਰ ਔਕੜ ਨੂੰ ਦਾਲ ‘ਚੋਂ ਕੋਕੜੂਆਂ ਵਾਂਗ ਚੁਗਿਆ ਤੇ ਪਰਾਂ ਵਗ੍ਹਾ ਮਾਰਿਆ। ਰਾਹ ਹੁਣ ਵੀ ਸੌਖਾ ਨਹੀਂ, ਹੋਣਾ ਵੀ ਨਹੀਂ ਕਿਉਂਕਿ ਉਨ੍ਹਾਂ ਦਾ ਮੱਥਾ ਔਕਟੋਪਸ ਜਿਹੇ ਦੁਸ਼ਮਣ ਨਾਲ ਲੱਗਾ ਹੈ। ਦੁਸ਼ਮਣ, ਜੋ ਉਨ੍ਹਾਂ ਨੂੰ ਵਿਕਾਊ ਔਰਤਾਂ ਦੱਸ ਕੇ ਭੜਕਾਹਟ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਦਿੱਲੀ ਪੁਲਿਸ ਹੱਥ ਕੌਮੀ ਸੁਰੱਖਿਆ ਐਕਟ ਦੀਆਂ ਤਾਕਤਾਂ ਦੇ ਕੇ ਮੋਰਚੇ ‘ਤੇ ਝਪਟਣ ਦੀ ਤਾਕ ਵਿਚ ਵੀ ਹੈ। ਫਿਰ ਵੀ ਉਨ੍ਹਾਂ ਖੁਦ ਮੋਰਚੇ ਦੀਆਂ ਆਗੂ ਅਤੇ ਖੁਦ ਹੀ ਵਾਲੰਟੀਅਰ ਬਣ ਕੇ, ਖੁਦ ਹੀ ਬੁਲਾਰੇ ਤੇ ਖੁਦ ਹੀ ਗਾਇਕ/ਕਲਾਕਾਰ ਬਣ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਸਾਬਤ ਕਰ ਦਿਖਾਇਆ ਕਿ ਉਹ ਵਾਕਿਆ ਹੀ ਸ਼ਹੀਦ ਭਗਤ ਸਿੰਘ, ਅਸ਼ਫਾਕ ਉਲਾ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਸਾਂਝੇ ਖੂਨ ਨਾਲ ਸਿੰਜੀ ਧਰਤੀ ਦੀਆਂ ਜਾਈਆਂ ਹਨ, ਸਾਂਝੀ ਵਿਰਾਸਤ ਦੀਆਂ ਪਹਿਰੇਦਾਰ ਹਨ। ਇਸੇ ਲਈ ਸ਼ਾਹੀਨ ਬਾਗ ਦਾ ਮੋਰਚਾ ਹੁਣ ਉਨ੍ਹਾਂ ਇਕੱਲੀਆਂ ਦਾ ਨਹੀਂ ਰਿਹਾ; ਹਰ ਤਬਕੇ, ਹਰ ਧਰਮ, ਹਰ ਜਾਤੀ ਦੇ ਲੋਕ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਆ ਖੜ੍ਹੇ ਹਨ।
ਸ਼ਾਹੀਨ ਬਾਗ ਦੇ ਮੋਰਚੇ ਨੇ ਦੇਸ਼, ਦੁਨੀਆਂ ਨੂੰ ਸੰਘਰਸ਼ ਦਾ ਨਵਾਂ ਰਾਹ ਦਿਖਾਇਆ ਹੈ। ਸ਼ਾਹੀਨ ਬਾਗ ਫਿਰਕੂ-ਫਾਸ਼ੀਵਾਦ ਵਿਰੋਧੀ ਸੰਘਰਸ਼ਾਂ ਲਈ ਪ੍ਰੇਰਨਾ ਸੋਮਾ ਬਣ ਗਿਆ ਹੈ। ਸ਼ਾਹੀਨ ਬਾਗ ਹੁਣ ਸਿਰਫ ਦਿੱਲੀ ਤੱਕ ਮਹਿਦੂਦ ਨਹੀਂ ਰਿਹਾ, ਦੇਸ਼ ਭਰ ‘ਚ ਫੈਲ ਗਿਆ ਹੈ। ਦਰਜਨਾਂ ਸ਼ਹਿਰਾਂ ‘ਚ ਸ਼ਾਹੀਨ ਬਾਗ ਦੀ ਤਰਜ਼ ਦੇ ਮੋਰਚੇ ਖੁੱਲ੍ਹ ਗਏ ਹਨ। ਇਸ ਮਸਲੇ ‘ਤੇ ਕੱਲ੍ਹ ਕੀ ਹੋਵੇਗਾ? ਪਤਾ ਨਹੀਂ, ਪਰ ਅੱਜ ਸ਼ਾਹੀਨ ਬਾਗ ਜ਼ਿੰਦਾਬਾਦ ਵੀ ਹੈ ਅਤੇ ਆਬਾਦ ਵੀ ਹੈ।