ਰਾਹ ਦਸੇਰੀਆਂ ਲੋਕ ਸਿਆਣਪਾਂ

ਸੁਖਦੇਵ ਮਾਦਪੁਰੀ
ਫੋਨ: 91-94630-34472
ਲੋਕ ਵਿਸ਼ਵਾਸ ਹੈ ਕਿ ਰੱਬ ਦੀ ਦਰਗਾਹ ਵਿਚ ਜਾਤ-ਪਾਤ ਲਈ ਕੋਈ ਥਾਂ ਨਹੀਂ। ਉਥੇ ਤਾਂ ਮਨੁੱਖ ਦੇ ਸਿਰਫ ਸੰਸਾਰ ਯਾਤਰਾ ਸਮੇਂ ਕੀਤੇ ਚੰਗੇ-ਮੰਦੇ ਕਾਰਜਾਂ ਦੀ ਹੀ ਪਰਖ-ਪੜਚੋਲ ਹੁੰਦੀ ਹੈ,
ਅਮਲਾਂ ਦੇ ਹੋਣਗੇ ਨਬੇੜੇ

ਜਾਤ ਕਿਸੇ ਪੁੱਛਣੀ ਨਹੀਂ।
ਬਿਹਤਰ ਇਹੀ ਹੈ ਕਿ ਮਨੁੱਖ ਲੋਕ ਹਿੱਤਾਂ ਵਾਲੇ ਕੰਮ-ਧੰਦੇ ਕਰੇ।
ਕਾਹਨੂੰ ਮਾਰਦੈਂ ਚੰਦਰਿਆ ਡਾਕੇ
ਔਖੀ ਹੋ’ਜੂ ਕੈਦ ਕੱਟਣੀ।
ਸਮੇਂ ਦੇ ਗੇੜ ਨੇ ਸਾਨੂੰ ਮਤਲਬਪ੍ਰਸਤ ਬਣਾ ਦਿੱਤਾ ਹੈ,
ਕੋਈ ਨਾ ਕਿਸੇ ਦਾ ਬੇਲੀ
ਦੁਨੀਆਂ ਮਤਲਬ ਦੀ।

ਕੋਠਾ ਉਸਰਿਆ, ਤਰਖਾਣ ਵਿਸਰਿਆ।
ਲੋਕ ਸਿਆਣਪ ਦੀ ਸਮਝਾਉਣੀ ਹੈ ਕਿ ਜੇ ਤੁਸੀਂ ਸੁਖ-ਚੈਨ ਦੀ ਜ਼ਿੰਦਗੀ ਜਿਉਣੀ ਹੈ ਤਾਂ ਆਪਣੇ ਜੀਵਨ ਝਮੇਲੇ, ਮਸਲੇ ਆਪ ਨਜਿੱਠੋ ਅਤੇ ਦੂਜਿਆਂ ਦੇ ਮਸਲਿਆਂ ‘ਚ ਦਖਲ ਨਾ ਦਿਓ ਤੇ ਅਜੋਕੇ ਚੋਰਾਂ-ਠੱਗਾਂ ਪਾਸੋਂ ਆਪਣਾ ਮਾਲ-ਅਸਬਾਬ ਬਚਾ ਕੇ ਰੱਖੋ,
ਆਪਣੀ ਫਸੀ ਨਬੇੜ
ਤੈਨੂੰ ਹੋਰ ਨਾਲ ਕੀ।
ਆਪਣੀ ਗੱਠੜੀ ਸੰਭਾਲ
ਤੈਨੂੰ ਚੋਰ ਨਾਲ ਕੀ।
ਮੁੰਡੇ ਦੇ ਜਨਮ ਅਤੇ ਵਿਆਹ ਮੌਕੇ ਵਧਾਈਆਂ ਦੇਣ ਸਮੇਂ ਨੱਚਦੇ ਖੁਸਰਿਆਂ ਦੀ ਧਮਕ ਅਤੇ ਤਾਲ ‘ਤੇ ਵੱਜਦੀ ਤਾੜੀ ਦੀ ਟੁਣਕਾਰ ਗਮਾਂ-ਫਿਕਰਾਂ ਨੂੰ ਕਾਫੂਰ ਕਰ ਦਿੰਦੀ ਹੈ। ਉਨ੍ਹਾਂ ਦੇ ਜੀਵਨ-ਰਹੱਸ ਦੀ ਆਪਣੀ ਵਿਲੱਖਣਤਾ ਹੈ, ‘ਨਾ ਰੰਨ ਨਾ ਕੰਨ’ ਦੇ ਸਬੱਬ ਹੀ ‘ਕੋਈ ਮਰੇ ਕੋਈ ਜੀਵੇ, ਖੁਸਰਾ ਘੋਲ ਪਤਾਸੇ ਪੀਵੇ’ ਅਖਾਣ ਦੀ ਸਿਰਜਣਾ ਹੋਈ ਹੈ।
ਲੋਕ ਸਿਆਣਪਾਂ-ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ ਸਗੋਂ ਇਹ ਜੀਵਨ ਵਿਹਾਰ ਵਿਚੋਂ ਸੁਭਾਵਿਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿਚ ਰਿਸ਼ੀ ਮੁਨੀ ਆਬਾਦੀ ਤੋਂ ਦੂਰ ਜੰਗਲਾਂ ਵਿਚ ਕੁਟੀਆ ਅਥਵਾ ਆਸ਼ਰਮ ਬਣਾ ਕੇ ਰਹਿੰਦੇ ਸਨ। ਜਿੱਥੇ ਉਹ ਆਪ ਅਧਿਐਨ ਕਰਦੇ ਸਨ ਤੇ ਆਪਣੇ ਚੇਲਿਆਂ ਨੂੰ ਸਿਖਿਆ ਦਿੰਦੇ ਸਨ। ਉਦੋਂ ਨਲਕੇ ਅਤੇ ਟਿਊਬਵੈਲ ਨਹੀਂ ਸਨ ਹੁੰਦੇ, ਪਾਣੀ ਖੂਹਾਂ ਤੋਂ ਹੀ ਭਰਿਆ ਜਾਂਦਾ ਸੀ। ਆਸ਼ਰਮ ਵਿਚ ਰਹਿੰਦੇ ਰਿਸ਼ੀ ਨੇ ਇੱਕ ਦਿਨ ਆਪਣੇ ਇੱਕ ਚੇਲੇ ਨੂੰ ਪਾਣੀ ਲਿਆਉਣ ਲਈ ਕਿਹਾ। ਚੇਲਾ ਲੱਜ ਤੇ ਡੋਲ ਲੈ ਕੇ ਖੂਹ ‘ਤੇ ਗਿਆ ਤੇ ਖੂਹ ਦੀ ਮੌਣ ‘ਤੇ ਗੱਡੀ ਭੌਣੀ ਰਾਹੀਂ ਡੋਲ ਖੂਹ ਵਿਚ ਫਰਾਹ ਦਿੱਤਾ। ਲੱਜ ਛੋਟੀ ਹੋਣ ਕਰਕੇ ਡੋਲ ਖੂਹ ਦੇ ਪਾਣੀ ਤੱਕ ਨਾ ਪੁੱਜਾ। ਉਹਨੇ ਖਾਲੀ ਡੋਲ ਬਾਹਰ ਕੱਢ ਲਿਆ ਤੇ ਰਿਸ਼ੀ ਨੂੰ ਆ ਕੇ ਆਖਿਆ, “ਰਿਸ਼ੀ ਜੀ, ਖੂਹ ਤਾਂ ਖਾਲੀ ਹੈ!”
ਰਿਸ਼ੀ ਨੇ ਦੂਜੇ ਚੇਲੇ ਨੂੰ ਪਾਣੀ ਲਿਆਉਣ ਲਈ ਭੇਜ ਦਿੱਤਾ। ਉਹਨੇ ਖੂਹ ‘ਤੇ ਜਾ ਕੇ ਡੋਲ ਫਰਾਹਿਆ-ਡੋਲ ਪਾਣੀ ਤੱਕ ਨਾ ਪੁੱਜਾ। ਉਹ ਸਮਝ ਗਿਆ ਕਿ ਲੱਜ ਦੀ ਲੰਬਾਈ ਘੱਟ ਹੋਣ ਕਰਕੇ ਡੋਲ ਪਾਣੀ ਤੱਕ ਨਹੀਂ ਪੁੱਜਾ। ਉਸ ਨੇ ਅਕਲ ਤੋਂ ਕੰਮ ਲਿਆ ਤੇ ਲੱਜ ਨਾਲ ਪੱਗ ਬੰਨ੍ਹ ਕੇ ਡੋਲ ਮੁੜ ਖੂਹ ‘ਚ ਲਮਕਾ ਦਿੱਤਾ। ਪਾਣੀ ਨਾਲ ਭਰਿਆ ਡੋਲ ਬਾਹਰ ਕੱਢ ਲਿਆ ਤੇ ਪਾਣੀ ਰਿਸ਼ੀ ਜੀ ਅੱਗੇ ਲਿਆ ਧਰਿਆ। ਪਾਣੀ ਵੇਖ ਰਿਸ਼ੀ ਜੀ ਮੁਸਕਰਾਏ ਤੇ ਪਹਿਲੇ ਚੇਲੇ ਨੂੰ ਕਿਹਾ, “ਭਗਤਾ ਇਹਨੂੰ ਕਹਿੰਦੇ ਨੇ, ‘ਅਕਲਾਂ ਬਾਝੋਂ ਖੂਹ ਖਾਲੀ।’ ਤੈਂ ਅਕਲ ਨ੍ਹੀਂ ਵਰਤੀ ਖੂਹ ਖਾਲੀ ਹੋ ਗਿਆ, ਇਹਨੇ ਅਕਲ ਤੋਂ ਕੰਮ ਲੈ ਕੇ ਪਾਣੀ ਭਰ ਲਿਆਂਦਾ ਹੈ।”
ਇਸੇ ਜ਼ਮਾਨੇ ਦੀ ‘ਮਨ ਜੀਤੇ ਜਗ ਜੀਤ’ ਅਖਾਣ ਨਾਲ ਸਬੰਧਤ ਇਕ ਘਟਨਾ ਜੁੜੀ ਹੋਈ ਹੈ। ਜੰਗਲ ਵਿਚ ਰਹਿੰਦੇ ਇੱਕ ਰਿਸ਼ੀ ਨੇ ਆਪਣੇ ਇੱਕ ਚੇਲੇ ਨੂੰ ਇੱਕ ਟਰੰਕ ਦੇ ਕੇ ਕਿਹਾ, “ਜਾਹ ਭਗਤਾ, ਇਹ ਟਰੰਕ ਔਗੜ ਨਾਥ ਜੀ ਨੂੰ ਫੜਾ ਆ। ਉਨ੍ਹਾਂ ਦੀ ਕੁਟੀਆ ਦਾ ਤਾਂ ਤੈਨੂੰ ਪਤਾ ਹੀ ਹੈ। ਟਰੰਕ ਦੇ ਕੁੰਡੇ ਨੂੰ ਜਿੰਦਾ ਨਹੀਂ ਸੀ, ਜਿੰਦੇ ਦੀ ਥਾਂ ਮੋਟਾ ਧਾਗਾ ਬੰਨਿਆ ਹੋਇਆ ਸੀ। ਚੇਲਾ ਟਰੰਕ ਲੈ ਕੇ ਟੁਰ ਪਿਆ। ਰਾਹ ਵਿਚ ਉਹਦੇ ਮਨ ਵਿਚ ਆਇਆ, ਕਿਉਂ ਨਾ ਉਹ ਟਰੰਕ ਖੋਲ੍ਹ ਕੇ ਵੇਖ ਲਵੇ ਕਿ ਇਹਦੇ ਵਿਚ ਰਿਸ਼ੀ ਜੀ ਨੇ ਕੀ ਭੇਜਿਆ ਹੈ। ਉਹਨੇ ਜੱਕੋ ਤੱਕੀ ਵਿਚ ਟਰੰਕ ਖੋਲ੍ਹ ਲਿਆ।
ਟਰੰਕ ਦੇ ਖੁੱਲ੍ਹਣ ਸਾਰ ਹੀ ਟਰੰਕ ਵਿਚੋਂ ਇੱਕ ਚੂਹਾ ਟਪੂਸੀ ਮਾਰ ਕੇ ਝਾੜੀਆਂ ਵਿਚ ਜਾ ਲੁੱਕਿਆ। ਚੇਲੇ ਨੇ ਚੂਹਾ ਲੱਭਣ ਦੀ ਬਥੇਰੀ ਕੋਸ਼ਿਸ਼ ਕੀਤੀ, ਆਖਰ ਉਹ ਟਰੰਕ ਦੇ ਕੁੰਡੇ ਨੂੰ ਮੁੜ ਓਹੀ ਰੱਸੀ ਬੰਨ੍ਹ ਕੇ ਤੁਰ ਪਿਆ ਤੇ ਟਰੰਕ ਦੂਜੇ ਰਿਸ਼ੀ ਨੂੰ ਜਾ ਫੜਾਇਆ। ਰਿਸ਼ੀ ਨੇ ਟਰੰਕ ਖੋਲ੍ਹ ਕੇ ਦੇਖਿਆ, ਉਹ ਖਾਲੀ ਸੀ। ਉਹਨੇ ਚੇਲੇ ਨੂੰ ਕਿਹਾ, “ਕਾਕਾ ਤੇਰੇ ਰਿਸ਼ੀ ਨੇ ਤਾਂ ਮੇਰੇ ਲਈ ਚੂਹਾ ਭੇਜਿਆ ਸੀ, ਉਹ ਕਿੱਥੇ ਹੈ?”
“ਮਹਾਰਾਜ ਮੈਂ ਟਰੰਕ ਖੋਲ੍ਹ ਲਿਆ ਸੀ, ਤੇ ਚੂਹਾ ਵਿਚੋਂ ਦੌੜ ਗਿਆ।” ਸ਼ਰਮਸ਼ਾਰ ਚੇਲੇ ਨੇ ਉਤਰ ਦਿੱਤਾ।
“ਪੁੱਤਰਾ, ਤੂੰ ਇਹ ਚੰਗਾ ਨਹੀਂ ਕੀਤਾ। ਤੇਰੇ ਗੁਰੂ ਜੀ ਤੇਰਾ ਇਮਤਿਹਾਨ ਲੈ ਰਹੇ ਸਨ। ਤੂੰ ਆਪਣੇ ਚੰਚਲ ਮਨ ਨੂੰ ਕਾਬੂ ਨਾ ਕਰ ਸਕਿਆ। ਆਪਣਾ ਮਨ ਜਿੱਤ ਕੇ ਹੀ ਜੱਗ ਜਿੱਤਿਆ ਜਾ ਸਕਦਾ ਹੈ। ਜਾਹ ਜਾ ਕੇ ਉਨ੍ਹਾਂ ਪਾਸੋਂ ਆਪਣੀ ਭੁੱਲ ਦੀ ਖਿਮਾ ਮੰਗ।” ਰਿਸ਼ੀ ਨੇ ਚੇਲੇ ਨੂੰ ਸਮਝਾਇਆ।
ਮਾਤ ਭਾਸ਼ਾ ਦੇ ਮਹੱਤਵ ਨੂੰ ਉਘਾੜਦੀ ਵੀ ਇਕ ਕਹਾਵਤ ਹੈ। ਆਬ ਫਾਰਸੀ ਦਾ ਸ਼ਬਦ ਹੈ। ਫਾਰਸੀ ਵਿਚ ਜਲ-ਪਾਣੀ ਨੂੰ ਆਬ ਆਖਦੇ ਹਨ। ਫਾਰਸੀ ਇਰਾਨ ਦੀ ਭਾਸ਼ਾ ਹੈ। ਜਦੋਂ ਭਾਰਤ ਵਿਚ ਹਮਲਾਵਰ ਮੁਸਲਮਾਨਾਂ ਨੇ ਰਾਜ ਕਰਨਾ ਸ਼ੁਰੂ ਕੀਤਾ ਤਾਂ ਇਹ ਭਾਰਤ ਵਿਚ ਪ੍ਰਵੇਸ਼ ਕਰ ਗਈ। ਸਰਕਾਰੀ ਕੰਮ ਕਾਜ ਫਾਰਸੀ ਭਾਸ਼ਾ ਵਿਚ ਹੋਣ ਕਰਕੇ ਆਮ ਲੋਕਾਂ ਨੇ ਉਚ ਅਹੁਦੇ ਪ੍ਰਾਪਤ ਕਰਨ ਲਈ ਫਾਰਸੀ ਪੜ੍ਹਨੀ-ਲਿਖਣੀ ਸ਼ੁਰੂ ਕਰ ਦਿੱਤੀ। ਪੰਜਾਬੀ ਰਾਜੇ (ਮਹਾਰਾਜਾ) ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਹ ਪੰਜਾਬ ਦੀ ਰਾਜ ਭਾਸ਼ਾ ਸੀ। ਲੋਕ ਫਾਰਸੀ ਲਿਖਣ, ਪੜ੍ਹਨ ਅਤੇ ਬੋਲਣ ਵਿਚ ਫਖਰ ਸਮਝਦੇ ਸਨ। ਕਿਸੇ ਨੇ ਆਪਣੇ ਬੱਚੇ ਨੂੰ ਸਰਕਾਰੀ ਅਹੁਦਾ ਪ੍ਰਾਪਤ ਕਰਨ ਲਈ ਮਸੀਤ ਵਿਚ ਕਾਜੀ ਤੋਂ ਫਾਰਸੀ ਪੜ੍ਹਨ ਭੇਜ ਦਿੱਤਾ, ਜਿੱਥੇ ਉਹ ਦੂਜੇ ਮੁੰਡਿਆਂ ਨਾਲ ਪਾਣੀ ਨੂੰ ਆਬ ਆਖਣ ਲੱਗ ਪਿਆ। ਇੱਕ ਦਿਨ ਉਹ ਬਿਮਾਰ ਹੋ ਗਿਆ ਤੇ ਆਬ ਆਬ ਆਖ ਕੇ ਆਪਣੀ ਮਾਂ ਤੋਂ ਪਾਣੀ ਮੰਗਣ ਲੱਗਾ। ਅਨਪੜ੍ਹ ਹੋਣ ਕਾਰਨ ਉਹ ਪਾਣੀ ਮੰਗਦੇ ਬੱਚੇ ਦੀ ਗੱਲ ਸਮਝ ਨਾ ਸਕੀ। ਏਨੇ ਨੂੰ ਬੱਚੇ ਦੀ ਪਾਣੀ ਨਾ ਮਿਲਣ ਕਰਕੇ ਮੌਤ ਹੋ ਗਈ।
ਬਾਹਰੋਂ ਅਫਸੋਸ ਕਰਨ ਆਏ ਲੋਕਾਂ ਨੇ ਮੌਤ ਦਾ ਕਾਰਨ ਪੁੱਛਿਆ ਤਾਂ ਰੋਂਦੀ ਹੋਈ ਮਾਂ ਨੇ ਕਿਹਾ, “ਬੀਮਾਰੀ ਦਾ ਤਾਂ ਮੈਨੂੰ ਪਤਾ ਨਹੀਂ, ਹੂੰਗਰਾਂ ਮਾਰਦਾ ਆਬ ਆਬ ਮੰਗਦਾ ਸੀ।” ਪੜ੍ਹੇ-ਲਿਖੇ ਇਕ ਪੁਰਸ਼ ਨੇ ਦੱਸਿਆ ਕਿ ਫਾਰਸੀ ਭਾਸ਼ਾ ਵਿਚ ਪਾਣੀ ਨੂੰ ਆਬ ਕਹਿੰਦੇ ਹਨ। ਇਹ ਸੁਣ ਕੇ ਉਹ ਬਹੁਤ ਪਛਤਾਈ ਤੇ ਕੂਕਣ ਲੱਗੀ,
ਆਬ ਆਬ ਕਰ ਮੋਇਓਂ ਬੱਚਾ
ਫਾਰਸੀਆਂ ਘਰ ਗਾਲੇ।
ਪਤਾ ਹੁੰਦਾ ਜੇ ਪਾਣੀ ਮੰਗਦਾ
ਭਰ ਭਰ ਦੇਂਦੀ ਪਿਆਲੇ।
ਜਿਹੜੇ ਲੋਕ ਆਪਣੀ ਮਾਤ ਭਾਸ਼ਾ ਨੂੰ ਨਾ ਅਪਨਾ ਕੇ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਸੁਚੇਤ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
ਜਿੱਥੇ ਲੋਕ ਗੀਤਾਂ ਨਾਲ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਹੈ, ਉਥੇ ਲੋਕ ਅਖਾਣ ਤੇ ਮੁਹਾਵਰੇ ਲੋਕਾਂ ਦੇ ਸਦੀਆਂ ਤੋਂ ਕਮਾਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ-ਇਹ ਉਹ ਬੇਸ਼ਕੀਮਤੀ ਹੀਰੇ ਮੋਤੀਆਂ ਦੀਆਂ ਲੜੀਆਂ ਹਨ, ਜਿਨ੍ਹਾਂ ਵਿਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਨੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।
ਲੋਕ ਗੀਤਾਂ ਵਾਂਗ ਅਖਾਣ ਤੇ ਮੁਹਾਵਰੇ ਵੀ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਨਹੀਂ ਹੁੰਦੇ ਸਗੋਂ ਇਹ ਸਮੁੱਚੀ ਕੌਮ ਦੇ ਸਦੀਆਂ ਵਿਚ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿਚ ਸੋਧ ਕੇ ਜੀਵਨ ਪਰਵਾਹ ਵਿਚ ਰਲ ਜਾਂਦੇ ਹਨ।
ਮਸ਼ੀਨੀ ਸੱਭਿਅਤਾ ਦੇ ਪ੍ਰਭਾਵ ਕਾਰਨ ਪੰਜਾਬ ਦੇ ਲੋਕ ਜੀਵਨ ਵਿਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਏ ਹਨ। ਖੇਤੀ ਕਰਨ ਦੇ ਢੰਗ ਬਦਲ ਗਏ ਹਨ। ਹਰਟਾਂ ਦੀ ਥਾਂ ਟਿਊਬਵੈਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ ਘਰ ਰੇਡੀਓ ਅਤੇ ਟੈਲੀਵਿਜ਼ਨ ਸੁਣਾਈ ਦਿੰਦੇ ਹਨ। ਪਿੰਡਾਂ ਵਿਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਿਲਾਂ ਜੁੜਦੀਆਂ ਹਨ, ਨਾ ਦੁਪਹਿਰੀਂ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਂਵੇਂ ਲੋਕ ਮਿਲ ਬੈਠਦੇ ਹਨ; ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ, ਨਾ ਹੀ ਬਲਦਾਂ ਦੇ ਗਲੀਂ ਪਾਈਆਂ ਟੱਲੀਆਂ ਦੀ ਟੁਣਕਾਰ।
ਪੰਜਾਬ ਦੇ ਲੋਕ ਜੀਵਨ ਵਿਚੋਂ ਬਹੁਤ ਕੁਝ ਵਿਸਰ ਰਿਹਾ ਹੈ, ਰਾਤ ਨੂੰ ਬਾਤਾਂ ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖਤਮ ਹੋ ਗਈ ਹੈ। ਪਰ੍ਹਿਆ ਵਿਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਨਜ਼ਰ ਨਹੀਂ ਆਉਂਦੇ। ਪਿੰਡਾਂ ਵਿਚ ਸੱਥਾਂ ਅਤੇ ਖੁੰਡਾਂ ‘ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਰਹਿ ਗਈ ਹੈ। ਨਤੀਜਨ ਸਾਡੇ ਵਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ, ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ, ਸਾਡੀ ਬੋਲਚਾਲ ਦੀ ਬੋਲੀ ਵਿਚੋਂ ਅਲੋਪ ਹੋ ਰਹੇ ਹਨ।
ਪੰਜਾਬ ਦੇ ਲੋਕ ਜੀਵਨ ਵਿਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਾਰਨ ਕਿਸਾਨੀ ਜੀਵਨ ਨਾਲ ਸਬੰਧਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ।
ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸੂ ਧਨ, ਸਿੰਜਾਈ, ਗੋਡੀ, ਬਿਜਾਈ, ਗਹਾਈ, ਵਾਢੀ, ਫਸਲਾਂ, ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਤੇ ਖੇਤੀਬਾੜੀ ਨਾਲ ਸਬੰਧਤ ਵਿਸ਼ਿਆਂ ‘ਤੇ ਬੇਸ਼ੁਮਾਰ ਅਖਾਣ ਮਿਲਦੇ ਹਨ, ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ। ਪੰਜਾਬੀ ਵਿਚ ਅਨੇਕਾਂ ਲੋਕ ਅਖਾਣ ਪ੍ਰਚਲਿਤ ਹਨ, ਜੋ ਪੰਜਾਬ ਦੇ ਜੱਟਾਂ ਅਤੇ ਪੰਜਾਬ ਵਿਚ ਵਸਦੀਆਂ ਹੋਰ ਉਪ ਜਾਤੀਆਂ ਦੇ ਸੁਭਾਅ, ਕਿਰਦਾਰ ਦਾ ਵਰਣਨ ਕਰਦੇ ਹਨ, ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਨ੍ਹਾਂ ਬਾਰੇ ਸਹੀ ਤੌਰ ‘ਤੇ ਜਾਣ ਸਕਦੇ ਹਾਂ। ਅਖਾਣ ਤੇ ਮੁਹਾਵਰੇ ਪੰਜਾਬੀ ਭਾਸ਼ਾ ਦਾ ਸ਼ਿੰਗਾਰ ਹਨ।
ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿਚ ਉਪਲੱਬਧ ਹਨ। ਡਾ. ਦੇਵੀ ਦਾਸ ਦਾ ਹਿੰਦੀ ਸੰਗ੍ਰਿਹ ‘ਪੰਜਾਬੀ ਅਖਾਣਾਂ ਦੀ ਖਾਣ’, ਡਾ. ਸ਼ਾਹਬਾਜ਼ ਮਲਕ ਦੀ ਪੁਸਤਕ ‘ਸਾਡੇ ਅਖਾਣ’, ਵਣਜਾਰਾ ਬੇਦੀ ਵਲੋਂ ਸੰਪਾਦਿਤ ‘ਲੋਕ ਆਖਦੇ ਹਨ’, ਡਾ. ਤਾਰਨ ਸਿੰਘ ਅਤੇ ਦਰਸ਼ਨ ਸਿੰਘ ਅਵਾਰਾ ਦੀ ਸੰਪਾਦਿਤ ‘ਮੁਹਾਵਰਾ ਅਤੇ ਅਖਾਣ ਕੋਸ਼’ ਅਤੇ ਮੇਰੀ (ਸੁਖਦੇਵ ਮਾਦਪੁਰੀ) ‘ਲੋਕ ਸਿਆਣਪਾਂ’ ਪੰਜਾਬੀ ਦੇ ਚਰਚਿਤ ਅਖਾਣ ਕੋਸ਼ ਹਨ।
ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿਚ ਅਜਿਹੇ ਵਡਾਰੂ ਬੈਠੇ ਹਨ, ਜੋ ਅਖਾਣਾਂ ਦੀਆਂ ਖਾਣਾਂ ਹਨ। ਉਨ੍ਹਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ, ਨਹੀਂ ਤਾਂ ਸਾਡਾ ਇਹ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ।