ਨੰਦ ਸਿੰਘ ਬਰਾੜ
ਫੋਨ: 916-501-3974
ਡਾ. ਗੋਬਿੰਦਰ ਸਿੰਘ ਸਮਰਾਓ ਨੇ ਆਪਣੇ ਲੇਖ ‘ੴ ਤੋਂ ਜਪੁ ਤੀਕ’ ਵਿਚ ਮੂਲਮੰਤਰ ਸਬੰਧੀ ਵਿਗਿਆਨਕ ਨਜ਼ਰੀਏ ਨਾਲ ਵਿਸਥਾਰ ਪੂਰਵਕ ਸਮਝਾਇਆ ਹੈ। ਉਨ੍ਹਾਂ ਨੇ ਪਹਿਲਾਂ ‘ਜਪੁਜੀ ਦਾ ਰੱਬ’ ਸਿਰਲੇਖ ਹੇਠ ਇਕ ਲੰਬੀ ਲੇਖ ਲੜੀ ਵੀ ਲਿਖੀ ਸੀ। ਉਨ੍ਹਾਂ ਦੀਆਂ ਲਿਖਤਾਂ ਪੜ੍ਹਨ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਦਾ ਵਿਸ਼ੇ ਸਬੰਧੀ ਡੂੰਘਾ ਅਧਿਐਨ ਹੈ। ਉਨ੍ਹਾਂ ਦੇ ਅਧਿਐਨ ਅਤੇ ਵਿਦਵਤਾ ਦੇ ਮੁਕਾਬਲੇ ਮੇਰਾ ਗਿਆਨ ਬਹੁਤ ਥੋੜ੍ਹਾ ਹੈ, ਪਰ ਫੇਰ ਵੀ ਮੈਂ ਉਨ੍ਹਾਂ ਦੇ ਇੱਕ ਵਿਚਾਰ ਨਾਲ ਆਪਣੇ ਆਪ ਨੂੰ ਸਹਿਮਤ ਨਾ ਕਰ ਸਕਿਆ, ਜੋ ਉਨ੍ਹਾਂ ਆਪਣੀਆਂ ਲਿਖਤਾਂ ਵਿਚ ਪ੍ਰਗਟ ਕੀਤਾ ਹੈ।
‘ਜਪੁਜੀ ਦਾ ਰੱਬ’ ਦੇ ਪਹਿਲੇ ਲੇਖ ਵਿਚ ਇੱਕ ਥਾਂ ਉਹ ਲਿਖਦੇ ਹਨ, “ਉਸ ਵੇਲੇ ਦੇ ਭਾਰਤੀ ਸਮਾਜ ਵਿਚ ਹਾਲੇ ਉਸ ਦੇ ਨਿਵੇਕਲੇ ਅਤੇ ਨਿੱਗਰ ਵਿਚਾਰਾਂ ਨੂੰ ਪਰਖਣ ਤੇ ਅਪਨਾਉਣ ਦੀ ਸੋਝੀ ਪੈਦਾ ਨਹੀਂ ਸੀ ਹੋਈ। ਇਸ ਲਈ ਸਮੇਂ ਤੋਂ ਪਹਿਲਾਂ ਉਪਜੀ ਉਸ ਦੀ ਸਿੱਖੀ ਵਿਚਾਰਧਾਰਾ ਦਾ ਵਿਗਿਆਨਕ ਪਰਿਪੇਖ ਲੋਕਾਂ ਦੇ ਪੱਲੇ ਨਾ ਪਿਆ। ਉਨ੍ਹਾਂ ਨੇ ਇਸ ਨੂੰ ਦੂਜੇ ਧਰਮਾਂ ਜਿਹਾ ਹੀ ਇੱਕ ਹੋਰ ਧਰਮ ਸਮਝ ਕੇ ਗਲੇ ਲਾ ਲਿਆ ਤੇ ਦੂਜਿਆਂ ਵਾਂਗ ਹੀ ਇਸ ਨੂੰ ਪੂਜਾ-ਦਾਨ ਦਾ ਸਾਧਨ ਬਣਾ ਲਿਆ।”
ਇਸ ਨਵੇਂ ਲੇਖ ਵਿਚ ਵੀ ਉਹ ਗੁਰੂ ਜੀ ਨੂੰ ਕਿਸੇ ਵੀ ਮੰਤਰ ਜਾਪ ਦੇ ਵਿਰੋਧੀ ਦੱਸਣ ਅਤੇ ਸਾਬਤ ਕਰਨ ਵਾਸਤੇ ਕਹੇ ਜਾਂਦੇ ਮੂਲਮੰਤਰ ਸਬੰਧੀ ਲਿਖਦੇ ਹਨ, “ਉਨ੍ਹਾਂ ਦਾ ਉਦੇਸ਼ ਇਸ ਦਾ ਪੂਜਾ-ਪਾਠ ਜਾਂ ਮੰਤਰ-ਤੰਤਰੀ ਜਾਪ ਕਰਵਾ ਕੇ ਕੋਈ ਗੈਬੀ ਲਾਭ ਲੈਣਾ-ਦੇਣਾ ਨਹੀਂ ਸੀ, ਕਿਉਂਕਿ ਉਨ੍ਹਾਂ ਨੇ ਇਸ ਵਿਚ ਕੋਈ ਗੈਬੀ ਗੱਲ ਲਿਖੀ ਹੀ ਨਹੀਂ। ਇਹ ਤਾਂ ਜੁਗਾਂ ਜੁਗਾਂਤਰਾਂ ਤੋਂ ਚਲੀ ਆਈ ਬ੍ਰਹਿਮੰਡ ਅੜਾਉਣੀ ਨੂੰ ਵਿਧੀਵਤ ਭਾਵ ਵਿਗਿਆਨਕ ਢੰਗ ਨਾਲ ਹੱਲ ਕਰਨ ਦੀ ਉਨ੍ਹਾਂ ਦੀ ਪੁਰਜ਼ੋਰ ਤਾਕੀਦ ਸੀ। ਇਸ ਦੇ ਗਿਆਨ ਰਾਹੀਂ ਉਹ ਲੋਕਾਂ ਦੀ ਸਦੀਆਂ ਤੋਂ ਖੜੋਤੀ ਸੋਚ ਨੂੰ ਵਿਗਿਆਨ-ਪੱਖੀ ਹਲੂਣਾ ਦੇਣਾ ਚਾਹੁੰਦੇ ਸਨ। ਇਹ ਗੱਲ ਵੱਖਰੀ ਹੈ ਕਿ ਇਹ ਵਿਚਾਰ ਉਨ੍ਹਾਂ ਦੇ ਸਿੱਖ ਸ਼ਰਧਾਲੂਆਂ ਦੇ ਸਿਰਾਂ ਉਤੋਂ ਦੀ ਨਿਕਲ ਗਿਆ ਤੇ ਉਨ੍ਹਾਂ ਨੇ ਇਸ ਨੂੰ ਵੀ ਕਰਮ ਕਾਂਡੀ ਰੰਗਤ ਦੇ ਦਿੱਤੀ।”
ਮੈਂ ਉਨ੍ਹਾਂ ਦੇ ਉਪਰੋਕਤ ਵਿਚਾਰ ਨਾਲ ਸਹਿਮਤ ਨਹੀਂ ਹੋ ਸਕਿਆ ਕਿ ਗੁਰੂ ਸਾਹਿਬਾਨ ਦੇ ਵਿਗਿਆਨਕ ਵਿਚਾਰਾਂ ਨੂੰ ਸਹੀ ਸਮਝਣ ਵਿਚ ਉਸ ਸਮੇਂ ਦੇ ਪੈਰੋਕਾਰ ਅਸਮਰਥ ਰਹੇ। ਉਨ੍ਹਾਂ ਦੀ ਇਹ ਧਾਰਨਾ ਤਾਂ ਬਿਲਕੁਲ ਸਹੀ ਹੈ ਕਿ ਸਿੱਖ ਧਰਮ ਵਿਚ ਚੱਲ ਰਹੀਆਂ ਅਜੋਕੀਆਂ ਪਰੰਪਰਾਵਾਂ ਦਾ ਗੁਰੂ ਜੀ ਦੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਮੇਲ ਖਾਣਾ ਤਾਂ ਦੂਰ, ਬਹੁਤੀਆਂ ਤਾਂ ਬਿਲਕੁਲ ਉਲਟ ਭੁਗਤਦੀਆਂ ਹਨ; ਪਰ ਧਰਮ ਨੂੰ ਇਸ ਤਰ੍ਹਾਂ ਦਾ ਬਣਾਉਣ ਵਿਚ ਸ਼ਰਧਾਲੂਆਂ ਦਾ ਨਹੀਂ, ਸਗੋਂ ਇਸ ਪਿੱਛੇ ਡੂੰਘੀ ਸਾਜਿਸ਼ ਦਾ ਨਤੀਜਾ ਹੈ। ਇਸ ਸਾਜਿਸ਼ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਮਨੁੱਖਤਾ ਪ੍ਰਤੀ ਉਦੇਸ਼ ਅਤੇ ਉਸ ਸਮੇਂ ਦੇ ਉਨ੍ਹਾਂ ਦੇ ਪੈਰੋਕਾਰਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਵਿਚਰਦਿਆਂ ਦੇਖਿਆ ਕਿ ਪੁਜਾਰੀ ਲੋਕ ਕਿਸ ਤਰ੍ਹਾਂ ਲੋਕਾਂ ਨੂੰ ਅੰਧ ਵਿਸ਼ਵਾਸਾਂ, ਫੋਕੇ ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਵਿਚ ਫਸਾ ਕੇ ਉਨ੍ਹਾਂ ਦੇ ਤਨ, ਮਨ ਤੇ ਧਨ ਦੀ ਲੁੱਟ ਕਰਦੇ ਹਨ। ਇਸ ਲੁੱਟ ਘਸੁੱਟ ਵਿਚ ਹਾਕਮ ਲੋਕ ਵੀ ਪੁਜਾਰੀਆਂ ਦਾ ਸਿਰਫ ਪੱਖ ਹੀ ਨਹੀਂ ਪੂਰਦੇ, ਸਗੋਂ ਲੋੜ ਪੈਣ ‘ਤੇ ਰਾਜਸੀ ਤਾਕਤ ਦੀ ਵਰਤੋਂ ਵੀ ਕਰਦੇ ਹਨ। ਆਮ ਜਨਤਾ ਦਾ ਇਸ ਦੂਹਰੀ ਮਾਰ ਨਾਲ ਜਿਉਣਾ ਦੁੱਭਰ ਹੋਇਆ ਪਿਆ ਸੀ। ਗੁਰੂ ਜੀ ਦਾ ਕੋਮਲ ਮਨ ਆਮ ਲੋਕਾਂ ਨਾਲ ਹੁੰਦੀ ਐਨੀ ਬੇਇਨਸਾਫੀ ਅਤੇ ਉਨ੍ਹਾਂ ਦੀ ਤਰਸਯੋਗ ਹਾਲਤ ਵੇਖ ਕੇ ਤੜਫ ਉਠਿਆ। ਇਨ੍ਹਾਂ ਲੁਟੇਰਿਆਂ ਦੀ ਦੂਹਰੀ ਮਾਰ ਤੋਂ ਮੁਕਤੀ ਦਿਵਾਉਣ ਵਾਸਤੇ ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਸਾਰੇ ਸੁਖ ਅਰਾਮ ਤਿਆਗ ਕੇ ਸਮੁੱਚੀ ਲੋਕਾਈ ਨੂੰ ਜਾਗ੍ਰਿਤ ਕਰਨ ਦਾ ਔਖਾ ਬੀੜਾ ਚੁੱਕਿਆ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਨ੍ਹਾਂ ਦੂਰ ਦੂਰ ਤੱਕ ਪ੍ਰਚਾਰ ਕਰਕੇ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਦੇ ਫੈਲਾਏ ਜੰਜਾਲਾਂ ਬਾਰੇ ਲੋਕਾਂ ਨੂੰ ਪੁਜਾਰੀਆਂ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਅਜਿਹਾ ਕਰਨ ਵੇਲੇ ਉਨ੍ਹਾਂ ਉਸ ਵੇਲੇ ਦੀ ਲੋਕਾਂ ਦੀ ਆਮ ਬੋਲੀ ਵਿਚ ਅਤੇ ਉਨ੍ਹਾਂ ਦੇ ਆਸਾਨੀ ਨਾਲ ਸਮਝ ਆਉਣ ਵਾਲੀ ਬਾਣੀ ਦੀ ਰਚਨਾ ਕੀਤੀ। ਪੁਜਾਰੀਆਂ ਬਾਰੇ ਲਿਖਦਿਆਂ ਉਨ੍ਹਾਂ ਸਿਰਫ ਪੁਜਾਰੀਆਂ ਦੀ ਲੁੱਟ ਬਾਰੇ ਹੀ ਨਹੀਂ ਦਸਿਆ, ਸਗੋਂ ਇਹ ਵੀ ਸਪਸ਼ਟ ਕੀਤਾ ਕਿ ਇਹ ਪੁਜਾਰੀ ਅਸਲ ਵਿਚ ਮਨੁੱਖਤਾ ਦਾ ਉਜਾੜਾ ਕਰਨ ਵਾਲੇ ਹਨ, ਜਿਵੇਂ,
ਕਾਦੀ ਕੂੜੁ ਬੋਲਿ ਮਲੁ ਖਾਇ॥
ਬਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
ਉਨ੍ਹਾਂ ਸਿਰਫ ਪੁਜਾਰੀਆਂ ਦਾ ਪੋਲ ਹੀ ਨਹੀਂ ਖੋਲ੍ਹਿਆ, ਸਗੋਂ ਹਾਕਮਾਂ ਦੀ ਲੁੱਟ ਦੇ ਪਾਜ ਵੀ ਉਧੇੜੇ, ਜਿਨ੍ਹਾਂ ਨੂੰ ਪੁਜਾਰੀ ਨਿਹਕਲੰਕ ਦੱਸ ਕੇ ਉਨ੍ਹਾਂ ਦੇ ਸਾਰੇ ਪਾਪ ਢਕਦੇ ਸਨ। ਗੁਰੂ ਜੀ ਨੇ ਹਾਕਮਾਂ, ਉਨ੍ਹਾਂ ਦੇ ਨੌਕਰਸ਼ਾਹਾਂ ਅਤੇ ਛੋਟੇ ਮੋਟੇ ਕਾਰਿੰਦਿਆਂ ਵਲੋਂ ਕੀਤੀ ਜਾਂਦੀ ਲੁੱਟ ਘਸੁੱਟ ਅਤੇ ਜ਼ੁਲਮੀ ਵਰਤਾਰੇ ਦੀ ਅਸਲੀਅਤ ਬਾਰੇ ਦੱਸਣ ਲਈ ਬੇਝਿਜਕ ਹੋ ਕੇ ਲਿਖਿਆ,
ਰਾਜੇ ਸ਼ੀਂਹ ਮੁਕੱਦਮ ਕੁੱਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਇਹ ਕੁਝ ਕੁ ਮਿਸਾਲਾਂ ਦੇਣ ਤੋਂ ਮੇਰਾ ਭਾਵ ਹੈ ਕਿ ਗੁਰੂ ਜੀ ਨੇ ਬਾਣੀ ਦੀ ਰਚਨਾ ਇਸ ਤਰ੍ਹਾਂ ਕੀਤੀ ਕਿ ਉਹ ਆਮ ਲੋਕਾਂ ਦੀ ਸਮਝ ‘ਚ ਆ ਸਕੇ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਉਸ ਵੇਲੇ ਦੇ ਪੈਰੋਕਾਰਾਂ ਨੂੰ ਗੁਰੂ ਜੀ ਦੇ ਦ੍ਰਿਸ਼ਟੀਕੋਣ ਨੂੰ ਠੀਕ ਤਰ੍ਹਾਂ ਸਮਝਣ ਵਿਚ ਕੋਈ ਮੁਸ਼ਕਿਲ ਨਹੀਂ ਹੁੰਦੀ ਹੋਵੇਗੀ।
ਸਪਸ਼ਟ ਅਤੇ ਸਰਲ ਭਾਸ਼ਾ ਦੇ ਨਾਲ ਨਾਲ ਗੁਰੂ ਜੀ ਨੇ ਬਾਣੀ ਦੀ ਰਚਨਾ ਵੇਲੇ ਹਮੇਸ਼ਾ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਅਪਨਾਇਆ। ਅਸੀਂ ਦੇਖਦੇ ਹਾਂ ਕਿ ਭਾਵੇਂ ਗੁਰੂ ਜੀ ਨੇ ਲੋਕਾਂ ਨੂੰ ਸੂਤਕ ਦੇ ਵਹਿਮ ‘ਚੋਂ ਕੱਢਣਾ ਸੀ ਜਾਂ ਜਨੇਊ ਦੇ ਝੂਠੇ ਕਰਮ ਕਾਂਢ ਨੂੰ ਫਜ਼ੂਲ ਦੱਸਣਾ ਸੀ ਅਤੇ ਭਾਵੇਂ ਸੂਰਜ ਤੱਕ ਪਾਣੀ ਪਹੁੰਚਾਉਣ ਦਾ ਅੰਧ ਵਿਸ਼ਵਾਸ ਦੂਰ ਕਰਨਾ ਸੀ, ਉਨ੍ਹਾਂ ਹਮੇਸ਼ਾ ਤਰਕ ਤੇ ਦਲੀਲ ਨੂੰ ਮੁੱਖ ਰੱਖਿਆ। ਉਨ੍ਹਾਂ ਦੀ ਸਮੁੱਚੀ ਬਾਣੀ ਵਿਚ ਹਰ ਸਮਝਾਉਣੀ ਵਿਚੋਂ ਵਿਵੇਕ ਝਲਕਦਾ ਹੈ।
ਵਿਵੇਕ ਅਸਲ ਵਿਚ ਕਿਸੇ ਘਟਨਾ, ਵਰਤਾਰੇ, ਸਮੱਸਿਆ ਜਾਂ ਕ੍ਰਿਆ ਆਦਿ ਨੂੰ ਸਹੀ ਸਹੀ ਸਮਝਣ ਦਾ ਢੰਗ ਹੈ, ਜਿਸ ਅਨੁਸਾਰ ਪ੍ਰਤੱਖ ਪ੍ਰਮਾਣ ਦੀ ਹੋਂਦ ਵਿਚ ਤਰਕ ਅਤੇ ਦਲੀਲ ਨਾਲ ਅੰਦਾਜ਼ਾ ਲਾ ਕੇ ਅਸਲੀਅਤ ਦੇ ਨੇੜੇ ਤੋਂ ਨੇੜੇ ਪਹੁੰਚਿਆ ਜਾਂਦਾ ਹੈ। ਇਸੇ ਵਿਵੇਕ ਨੂੰ ਅਜੋਕੀ ਬੋਲੀ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਕਿਹਾ ਜਾਂਦਾ ਹੈ। ਅਸੀਂ ਇਹ ਵੀ ਸਪਸ਼ਟ ਵੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਬਾਣੀ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਪ੍ਰਮਾਣਤ ਕਰਦੀ ਹੈ।
ਵਿਵੇਕ ਜਾਂ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਸਮਝਾਈ ਕੋਈ ਵੀ ਗੱਲ ਸਿਰਫ ਸੌਖੀ ਤਰ੍ਹਾਂ ਸਮਝ ਹੀ ਨਹੀਂ ਆਉਂਦੀ, ਸਗੋਂ ਇਸ ਦਾ ਅਸਰ ਵੀ ਹਮੇਸ਼ਾ ਲਈ ਬਣਿਆ ਰਹਿੰਦਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਉਸ ਵੇਲੇ ਦੇ ਪੈਰੋਕਾਰ ਗੁਰੂ ਜੀ ਦੇ ਸਿਧਾਂਤਾਂ ਨੂੰ ਸਮਝਣ ਵਿਚ ਪੂਰੀ ਤਰ੍ਹਾਂ ਸਮਰੱਥ ਸਨ, ਜਿਸ ਕਰਕੇ ਉਨ੍ਹਾਂ ਗੁਰੂ ਜੀ ਦੇ ਸਿਧਾਂਤਾਂ ‘ਤੇ ਚਲਦਿਆਂ ਅਜਿਹੀ ਪ੍ਰਚੰਡ ਲਹਿਰ ਪੈਦਾ ਕੀਤੀ, ਜਿਸ ਨੇ ਸਦੀਆਂ ਤੋਂ ਕਾਇਮ ਜ਼ੁਲਮੀ ਸਲਤਨਤ ਨੂੰ ਤਹਿਸ ਨਹਿਸ ਕਰ ਦਿੱਤਾ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਨੁਸਾਰ ਲੋਕ ਪੱਖੀ ਰਾਜ ਵੀ ਕਾਇਮ ਕਰ ਲਿਆ। ਇਸੇ ਲਹਿਰ ਸਦਕਾ ਸਮਾਜ ਨੂੰ ਅੰਧ ਵਿਸ਼ਵਾਸਾਂ ਅਤੇ ਝੂਠੇ ਕਰਮ ਕਾਂਡਾਂ ਵਿਚ ਜਕੜ ਕੇ ਰੱਖਣ ਵਾਲੇ ਪੁਜਾਰੀਆਂ ਦਾ ਬਿਸਤਰਾ ਵੀ ਗੋਲ ਹੋ ਗਿਆ।
ਪਰ ਅਫਸੋਸ! ਜਿਵੇਂ ਇਤਿਹਾਸ ਵਿਚ ਹੁੰਦਾ ਆਇਆ ਹੈ ਕਿ ਹਰ ਲੋਕ ਪੱਖੀ ਲਹਿਰ ਵਿਚ ਖੁਦਗਰਜ ਅਤੇ ਗੱਦਾਰ ਵੀ ਪੈਦਾ ਹੁੰਦੇ ਰਹੇ ਹਨ, ਇਸੇ ਤਰ੍ਹਾਂ ਇਹ ਸੱਚੀ ਸੁੱਚੀ ਲਹਿਰ ਵੀ ਇਨ੍ਹਾਂ ਤੋਂ ਬਚੀ ਨਾ ਰਹਿ ਸਕੀ। ਜਿਵੇਂ ਹੀ ਮੌਕਾ ਮਿਲਿਆ, ਇਨ੍ਹਾਂ ਮੌਕਾ ਪ੍ਰਸਤਾਂ ਨੇ ਇਸ ਲਹਿਰ ਦੇ ਬਲਬੂਤੇ, ਪਰ ਇਸ ਦੇ ਸਿਧਾਂਤਾਂ ਨੂੰ ਤਿਆਗ ਕੇ, ਆਪਣੀ ਆਪਣੀ ਹਕੂਮਤ ਕਾਇਮ ਕਰ ਲਈ। ਹਕੂਮਤ ਹੱਥ ਆਉਂਦਿਆਂ ਇਹ ਪੁਰਾਣੇ ਹਾਕਮਾਂ ਵਾਂਗ ਐਸ਼ੋ-ਇਸ਼ਰਤ ਦੀ ਜ਼ਿੰਦਗੀ ਜਿਉਣ ਲੱਗ ਪਏ। ਆਪਣੀ ਨਿਜੀ ਹਕੂਮਤ ਤੇ ਐਸ਼ੋ-ਇਸ਼ਰਤ ਨੂੰ ਸੁਰਖਿਅਤ ਰੱਖਣ ਵਾਸਤੇ ਅਤੇ ਲੋਕ ਰੋਹ ਤੋਂ ਬਚਣ ਵਾਸਤੇ ਇਨ੍ਹਾਂ ਨੇ ਪੁਜਾਰੀ ਵਰਗ ਨੂੰ ਫੇਰ ਤੋਂ ਸੁਰਜੀਤ ਕਰਨਾ ਸ਼ੁਰੂ ਕਰ ਦਿੱਤਾ।
ਜਿਉਂ ਹੀ ਪੁਜਾਰੀਆਂ ਦੀ ਸਮੇਂ ਦੇ ਹਾਕਮਾਂ ਨਾਲ ਨਾਪਾਕ ਮਿਲੀਭੁਗਤ ਅਤੇ ਜ਼ੋਰ ਤੇ ਸ਼ਹਿ ਚੱਲੀ, ਉਨ੍ਹਾਂ ਗੁਰ ਸਿਧਾਂਤ ਅਤੇ ਮਨੁੱਖਤਾ ਨਾਲ ਸਭ ਤੋਂ ਵੱਡੀ ਗੱਦਾਰੀ ਇਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਦਾ ਬੰਦੋਬਸਤ ਕਰਨਾ ਅਰੰਭ ਦਿੱਤਾ। ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਅਤੇ ਸਮਝਣ ਤੋਂ ਲੋਕਾਂ ਨੂੰ ਵਰਜਣ ਲਈ ਇਸ ਨੂੰ ਪਵਿੱਤਰ ਅਤੇ ਪੂਜਣ ਯੋਗ ਬਣਾ ਕੇ ਸਿਰਫ ਆਪਣੀ ਸਾਂਭ ਸੰਭਾਲ ਤੱਕ ਸੀਮਤ ਕਰ ਦਿੱਤਾ। ਹੋ ਸਕਦਾ ਹੈ, ਇਸ ਨੂੰ ਪੂਜਣਯੋਗ ਬਣਾਉਣ ਵਾਸਤੇ ਹੀ ਉਨ੍ਹਾਂ ਗੁਰੂ ਅਰਜਨ ਦੇਵ ਜੀ ਦੀ ਪ੍ਰਵਾਹ ਨਾ ਕਰਦਿਆਂ ਗੁਰੂ ਜੀ ਵਲੋਂ ਥਾਪੇ ਪਵਿੱਤਰ ਨਾਂ ‘ਪੋਥੀ’ ਨੂੰ ਬਦਲ ਕੇ ‘ਗ੍ਰੰਥ’ ਰਖਿਆ ਹੋਵੇ, ਕਿਉਂਕਿ ਪੋਥੀ ਤੋਂ ਤਾਂ ਸਿੱਖਿਆ ਅਤੇ ਸੇਧ ਮਿਲ ਸਕਦੀ ਹੈ, ਪਰ ਪੂਜਾ ਤਾਂ ਗ੍ਰੰਥ ਦੇ ਨਾਂ ‘ਤੇ ਹੀ ਹੋ ਸਕਦੀ ਹੈ।
ਉਨ੍ਹਾਂ ਇਸ ਨੂੰ ਪੂਜਣ ਯੋਗ ਬਣਾ ਕੇ ਲੋਕਾਂ ਨੂੰ ਇਸ ਦੀ ਪਹੁੰਚ ਤੋਂ ਹੀ ਦੂਰ ਨਹੀਂ ਕੀਤਾ, ਸਗੋਂ ਇਸ ਦੀ ਸੱਚੀ-ਸੁੱਚੀ ਸਿੱਖਿਆ ਤੋਂ ਵੀ ਦੂਰ ਕਰਨ ਲਈ ਅਨੇਕਾਂ ਹੋਰ ਗ੍ਰੰਥ ਪ੍ਰਚਲਿਤ ਕਰ ਦਿੱਤੇ। ਇਨ੍ਹਾਂ ਗ੍ਰੰਥਾਂ ਵਿਚ ਗੁਰੂ ਸਾਹਿਬਾਨ ਨਾਲ ਅਨੇਕਾਂ ਮਨੋਕਲਪਿਤ, ਅੰਧ ਵਿਸ਼ਵਾਸੀ ਅਤੇ ਕਰਾਮਾਤਾਂ ਨਾਲ ਭਰਪੂਰ ਕਹਾਣੀਆਂ ਜੋੜ ਕੇ ਤੇ ਬਹੁਤੀ ਵਾਰ ਗੁਰੂ ਸਾਹਿਬਾਨ ਨੂੰ ਕਿਸੇ ਬਾਹਰ ਬੈਠੇ ਰੱਬ ਨਾਲ ਮੁਲਾਕਾਤ ਕਰਕੇ ਅਤੇ ਨਵੇਂ ਹੁਕਮ ਤੇ ਸੰਦੇਸ਼ ਲੈ ਕੇ ਆਉਂਦੇ ਵਿਖਾਇਆ ਜਾਂਦਾ ਹੈ, ਜਿਨ੍ਹਾਂ ਦਾ ਗੁਰ ਸਿਧਾਂਤ ਅਤੇ ਗੁਰੂ ਸਾਹਿਬਾਨ ਦੀ ਜ਼ਿੰਦਗੀ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੈ।
ਪਿਛਲੇ ਐਨੇ ਲੰਮੇ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ ਅਤੇ ਅਜਿਹੀਆਂ ਕਥਾਵਾਂ ਤੇ ਪ੍ਰਚਾਰ ਦਾ ਅਸਰ ਇਹ ਹੋਇਆ ਹੈ ਕਿ ਸਾਡੇ ਮਨ ਮਸਤਕ ਦੇ ਧੁਰ ਅੰਦਰ ਤੱਕ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਉਸੇ ਤਰ੍ਹਾਂ ਦੀ ਧਾਰਨਾ ਪੱਕ ਗਈ ਹੈ, ਜਿਹੋ ਜਿਹੀ ਪੁਜਾਰੀ ਚਾਹੁੰਦੇ ਸਨ। ਸੋ, ਗੁਰੂ ਸਾਹਿਬਾਨ ਵਲੋਂ ਸਮਝਾਏ ਗਏ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਨਾ ਸਮਝਣਾ ਉਸ ਸਮੇਂ ਦੇ ਲੋਕਾਂ ਦਾ ਅਗਿਆਨ ਨਹੀਂ, ਸਗੋਂ ਪਿਛਲੇ ਕੁਝ ਸੌ ਸਾਲਾਂ ਤੋਂ ਹਾਕਮਾਂ ਅਤੇ ਪੁਜਾਰੀਆਂ ਦੀ ਨਾਪਾਕ ਮਿਲੀਭੁਗਤ ਨਾਲ ਸੋਚੀ ਸਮਝੀ ਕੋਝੀ ਸਾਜਿਸ਼ ਦਾ ਨਤੀਜਾ ਹੈ।
ਪੁਜਾਰੀਆਂ ਵਲੋਂ ਬਣਾਈ ਇਸ ਧਾਰਨਾ ਦਾ ਹੀ ਨਤੀਜਾ ਹੈ ਕਿ ਪਿਛਲੇ ਕੁਝ ਸਮੇਂ ਤੱਕ ਇਸ ਧਾਰਨਾ ਤੋਂ ਥੋੜ੍ਹੀ ਜਿਹੀ ਵੀ ਪਾਸੇ ਦੀ ਜਾਂ ਇਸ ਦੇ ਵਿਰੋਧ ਵਿਚ ਗੱਲ ਸੁਣ ਕੇ ਚੌਂਕ ਜਾਂਦੇ ਸਾਂ, ਪਰ ਹੁਣ ਤਕਨੀਕ ਦੀ ਤਰੱਕੀ ਨਾਲ ਗੁਰਬਾਣੀ ਅਤੇ ਇਸ ਦੇ ਵੱਖ ਵੱਖ ਸਟੀਕਾਂ ਤੱਕ ਪਹੁੰਚ ਆਸਾਨ ਹੋਣ ਕਰਕੇ ਪਤਾ ਚਲਦਾ ਹੈ ਕਿ ਅਸਲ ਸੱਚਾਈ ਹੈ ਕੀ! ਮੇਰੀ ਬੇਨਤੀ ਹੈ ਕਿ ਸਾਨੂੰ ਇਸ ਤਕਨੀਕੀ ਤਰੱਕੀ ਦਾ ਲਾਹਾ ਲੈ ਕੇ ਅਤੇ ਮਿਹਨਤ ਕਰਕੇ ਗੁਰਬਾਣੀ ਦੇ ਅਸਲ ਗਿਆਨ ਨੂੰ ਸਮਝਣਾ ਤੇ ਅਪਨਾਉਣਾ ਚਾਹੀਦਾ ਹੈ।