ਫ਼ਰੀਦਕੋਟ: ਜ਼ਿਲ੍ਹਾ ਪੁਲਿਸ ਦਸ ਮਹੀਨਿਆਂ ਪਿੱਛੋਂ ਵੀ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਬਲਬੀਰ ਸਿੰਘ ਦੀ ਇਕ ਸੌ ਸਾਲ ਤੋਂ ਵੱਧ ਪੁਰਾਣੀ ਇਤਿਹਾਸਕ ਤੇ ਕੀਮਤੀ ਤਸਵੀਰ ਚੋਰੀ ਹੋਣ ਦੇ ਮਾਮਲੇ ਨੂੰ ਨਹੀਂ ਸੁਲਝਾ ਸਕੀ। ਮਸਲੇ ਦਾ ਹੱਲ ਕੱਢਣ ਵਿਚ ਨਾਕਾਮ ਰਹੀ ਪੁਲਿਸ ਨੇ ਹੁਣ ਇਸ ਕੇਸ ਨੂੰ ਬੰਦ ਕਰਨ ਲਈ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸਿਟੀ ਪੁਲਿਸ ਨੇ ਫ਼ਰੀਦਕੋਟ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਸ਼ਿਕਾਇਤ ਦੇ ਅਧਾਰ ‘ਤੇ 17 ਸਤੰਬਰ, 2012 ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਤਸਵੀਰ ਚੋਰੀ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ।
ਇਸ ਮਾਮਲੇ ਦੀ ਪੜਤਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਈ ਸੀ। ਲੰਮੀ ਜਾਂਚ ਪੜਤਾਲ ਤੋਂ ਬਾਅਦ ਹਾਈ ਕੋਰਟ ਨੇ ਇਸ ਮਾਮਲੇ ਵਿਚ ਪਰਚਾ ਦਰਜ ਕਰਨ ਦੀ ਸ਼ਿਫਾਰਸ਼ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਵਿਚ ਇਤਿਹਾਸਕ ਲਾਲ ਕੋਠੀ ਜਿਸ ਨੂੰ ਅੱਜ-ਕੱਲ੍ਹ ਜੱਜਾਂ ਦੀ ਰਿਹਾਇਸ਼ ਲਈ ਵਰਤਿਆ ਜਾ ਰਿਹਾ ਹੈ, ਵਿਚ ਕਥਿਤ ਤੌਰ ‘ਤੇ ਮਹਾਰਾਜਾ ਬਲਬੀਰ ਸਿੰਘ ਦੀ 1890 ਵਿਚ ਬਣੀ ਇਤਿਹਾਸਕ ਤਸਵੀਰ ਪਈ ਸੀ ਜੋ ਉਥੋਂ 28 ਅਕਤੂਬਰ, 2010 ਨੂੰ ਅਚਾਨਕ ਗੁੰਮ ਹੋ ਗਈ। ਫ਼ਰੀਦਕੋਟ ਦੇ ਜ਼ਿਲ੍ਹਾ ਜੱਜ ਵੱਲੋਂ ਤਸਵੀਰ ਗੁੰਮ ਮਾਮਲੇ ਵਿਚ ਫ਼ਰੀਦਕੋਟ ਦੇ ਇਕ ਸਾਬਕਾ ਜੱਜ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਸੀ।
ਇਹ ਇਤਿਹਾਸਕ ਤਸਵੀਰ ਇਸੇ ਜੱਜ ਦੇ ਕਾਰਜਕਾਲ ਦੌਰਾਨ ਗੁੰਮ ਹੋਈ ਦੱਸੀ ਜਾਂਦੀ ਹੈ। ਜਾਂਚ ਦੇ ਘੇਰੇ ਵਿਚ ਆਏ ਸੀਨੀਅਰ ਜੱਜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਲਿਖਤੀ ਬੇਨਤੀ ਭੇਜ ਕੇ ਕਿਹਾ ਹੈ ਕਿ ਮਹਾਰਾਜਾ ਬਲਬੀਰ ਸਿੰਘ ਦੀ ਤਸਵੀਰ ਚੋਰੀ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਸ ਦਾ ਪੱਖ ਸੁਣਿਆ ਜਾਵੇ। ਹੁਣ ਇਹ ਜੱਜ ਸੇਵਾ ਮੁਕਤ ਹੋ ਚੁੱਕੇ ਹਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਜੱਜ ਦੇ ਸੇਵਾ ਮੁਕਤੀ ਲਾਭ, ਮਾਮਲਾ ਹੱਲ ਹੋਣ ਤੱਕ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ।
ਪ੍ਰਸਿੱਧ ਇਤਿਹਾਸਕਾਰ ਪ੍ਰੋæ ਸੁਭਾਸ਼ ਪਰਿਹਾਰ ਨੂੰ ਵੀ ਇਸ ਜਾਂਚ ਵਿਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੇ ਜਾਂਚ ਵਿਚ ਸਪੱਸ਼ਟ ਕੀਤਾ ਹੈ ਕਿ ਗੁੰਮ ਹੋਈ ਤਸਵੀਰ ਦੀ ਕੋਈ ਕੀਮਤ ਤੈਅ ਨਹੀਂ ਕੀਤੀ ਜਾ ਸਕਦੀ। ਸੂਤਰਾਂ ਮੁਤਾਬਕ ਤਸਵੀਰ ਦੀ ਕੀਮਤ ਤਕਰੀਬਨ 40 ਲੱਖ ਦੱਸੀ ਜਾਂਦੀ ਹੈ ਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਤਸਵੀਰ ਲੰਡਨ ਵਿਖੇ ਇਤਿਹਾਸਕ ਚੀਜ਼ਾਂ ਦੀ ਨਿਲਾਮੀ ਦੌਰਾਨ ਵੇਚ ਦਿੱਤੀ ਗਈ ਹੈ। ਇਸ ਬਾਰੇ ਜ਼ਿਲ੍ਹਾ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪਿਛਲੇ ਲੰਮੇ ਸਮੇਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਪਰ ਇਸ ਬਾਰੇ ਅਜੇ ਤੱਕ ਕੋਈ ਸੁਰਾਗ ਹਾਸਲ ਨਹੀਂ ਹੋਇਆ। ਇਸ ਮਾਮਲੇ ਵਿਚ ਅਗਲੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਵੇਗੀ।
Leave a Reply