ਬਲਦੇਵ ਸਿੰਘ ਧਾਲੀਵਾਲ
ਇੰਦਰ ਸਿੰਘ ਖਾਮੋਸ਼ ਦਾ ਸ਼ੁਮਾਰ ਇਸ ਸਮੇਂ ਪੰਜਾਬੀ ਦੇ ਪਹਿਲੀ ਕਤਾਰ ਦੇ ਨਾਵਲਕਾਰਾਂ ਵਿਚ ਕੀਤਾ ਜਾਂਦਾ ਹੈ। ਭਾਵੇਂ ਅਨੁਵਾਦ, ਕਾਵਿ ਅਤੇ ਕਹਾਣੀ ਰਚਨਾ ਦੇ ਖੇਤਰ ਵਿਚ ਵੀ ਉਸ ਦੀਆਂ ਗੌਲਣਯੋਗ ਪ੍ਰਾਪਤੀਆਂ ਹਨ, ਪਰ ਉਹਦੇ ਨਾਵਲਕਾਰ ਵਾਲੇ ਅਕਸ ਦੇ ਸਨਮੁਖ ਉਹ ਨਿਸਚੇ ਹੀ ਮੱਧਮ ਪੈ ਜਾਂਦੀਆਂ ਹਨ। ਨਾਵਲਕਾਰ ਵਜੋਂ ਇੰਦਰ ਸਿੰਘ ਖਾਮੋਸ਼ ਦੀ ਪ੍ਰਮਾਣਿਕਤਾ ਅਤੇ ਲੋਕਪ੍ਰਿਅਤਾ ਨੂੰ ਦਰਸਾਉਣ ਵਾਲੇ ਕੁਝ ਅਹਿਮ ਤੱਥਾਂ ਦਾ ਜ਼ਿਕਰ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਦੀ ਰਚਨਾ ਨੂੰ ਆਮ ਪਾਠਕ ਦਾ ਵੀ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਦੂਜੇ ਪਾਸੇ ਡਾ. ਜੋਗਿੰਦਰ ਸਿੰਘ ਰਾਹੀ ਜਿਹੇ ਉਚ ਦੁਮਾਲੜੇ ਗਲਪ ਸ਼ਾਸਤਰੀ ਨੇ ਉਸ ਨੂੰ ਗੁਰਦਿਆਲ ਸਿੰਘ ਤੋਂ ਬਾਅਦ ਯਥਾਰਥਵਾਦੀ ਪੰਜਾਬੀ ਨਾਵਲ ਦੇ ਨਵੇਂ ਪਸਾਰ ਉਜਾਗਰ ਕਰਨ ਵਾਲੇ ਨਾਵਲਕਾਰ ਵਜੋਂ ਮਾਨਤਾ ਦਿੱਤੀ ਹੈ।
ਖਾਮੋਸ਼ ਦੇ ਪਹਿਲੇ ਚਾਰ ਨਾਵਲਾਂ ਅਤੇ ਵਿਅਕਤਿਤਵ ਬਾਰੇ ਲਿਖੇ ਗਏ ਕੋਈ ਢਾਈ ਦਰਜਨ ਲੇਖਾਂ ਨੂੰ ਡਾ. ਸੁਖਦੇਵ ਸਿੰਘ ਖਾਹਰਾ ਨੇ 1994 ਵਿਚ ‘ਇੰਦਰ ਸਿੰਘ ਖਾਮੋਸ਼ ਦੀ ਨਾਵਲੀ ਸੰਵੇਦਨਾ’ ਨਾਂ ਦੀ ਸੰਪਾਦਿਤ ਪੁਸਤਕ ਵਿਚ ਦਰਜ ਕੀਤਾ ਸੀ। ਉਸ ਦੇ ਸ਼ਾਹਕਾਰ ਨਾਵਲ ‘ਕਾਫਰ ਮਸੀਹਾ’ ਸਬੰਧੀ 2003 ਵਿਚ ਮੈਂ ਵੀ ਕਰੀਬ ਡੇਢ ਦਰਜਨ ਲੇਖਾਂ ਵਾਲੀ ਇਕ ਪੁਸਤਕ ‘ਇੰਦਰ ਸਿੰਘ ਖਾਮੋਸ਼ ਦਾ ਨਾਵਲ ਕਾਫਰ ਮਸੀਹਾ: ਬਿਰਤਾਂਤ ਚੇਤਨਾ ਅਤੇ ਇਤਿਹਾਸਕ ਸੰਦਰਭ’ ਦਾ ਸੰਪਾਦਨ ਕੀਤਾ। ਇੰਦਰ ਸਿੰਘ ਖਾਮੋਸ਼ ਦੇ ਨਾਵਲਾਂ ਦਾ ਪੰਜਾਬੀ ਦੀ ਉਚੇਰੀ ਸਿਖਿਆ ਦੇ ਸਿਲੇਬਸਾਂ ਦਾ ਹਿੱਸਾ ਬਣਨਾ ਅਤੇ ਖੋਜ-ਵਿਦਿਆਰਥੀਆਂ ਦੀ ਉਸ ਦੇ ਨਾਵਲਾਂ ਵਿਚ ਦਿਨੋ ਦਿਨ ਵਧਦੀ ਰੁਚੀ ਵੀ ਉਸ ਦੇ ਅਕਾਦਮਿਕ ਹਲਕਿਆਂ ਵਿਚ ਪ੍ਰਵਾਨ ਚੜ੍ਹਨ ਦੀ ਦੱਸ ਪਾਉਂਦੀ ਹੈ।
ਇੰਦਰ ਸਿੰਘ ਖਾਮੋਸ਼ ਦਾ ਜਨਮ 23 ਨਵੰਬਰ 1931 ਨੂੰ ਪਿੰਡ ਹੇੜੀਕੇ, ਜਿਲਾ ਸੰਗਰੂਰ ਵਿਚ ਸ਼ ਚੰਨਣ ਸਿੰਘ ਧਾਲੀਵਾਲ ਦੇ ਘਰ ਹੋਇਆ। ਨਿਮਨ ਕਿਸਾਨੀ ਪਰਿਵਾਰ ਵਿਚ ਪੈਦਾ ਹੋਣ ਕਰਕੇ ਨਿਸਚੇ ਹੀ ਆਰਥਕ ਮੰਦਹਾਲੀ ਅਤੇ ਜਗੀਰੂ ਬੰਦਿਸ਼ਾਂ ਉਸ ਦਾ ਨਸੀਬ ਬਣਨੀਆਂ ਸਨ, ਪਰ ਇਤਫਾਕ ਵੱਸ ਉਸ ਨੂੰ ਆਪਣੇ ਮੱਧਵਰਗੀ ਅਤੇ ਪੜ੍ਹੇ-ਲਿਖੇ ਨਾਨਕੇ ਪਰਿਵਾਰ ਵਿਚ ਰਹਿਣ ਦਾ ਮੌਕਾ ਮਿਲ ਗਿਆ। ਸਿੱਟੇ ਵਜੋਂ ਉਸ ਨੂੰ ਪੜ੍ਹ-ਲਿਖ ਕੇ ਆਪਣਾ ਭਵਿੱਖ ਸੰਵਾਰਨ ਦਾ ਮੌਕਾ ਵੀ ਪ੍ਰਾਪਤ ਹੋ ਗਿਆ ਅਤੇ ਸ਼ਹਿਰੀ ਜ਼ਿੰਦਗੀ ਦਾ ਸੁਆਦ ਚੱਖਣ ਦਾ ਵੀ ਸਬੱਬ ਬਣ ਗਿਆ। ਉਸ ਨੇ ਬੀ. ਏ., ਬੀ. ਟੀ. ਕਰਕੇ ਸਕੂਲ ਵਿਚ ਅਧਿਆਪਨ ਦਾ ਕਿੱਤਾ ਚੁਣ ਲਿਆ ਅਤੇ ਫਿਰ ਪ੍ਰਾਈਵੇਟ ਇਮਤਿਹਾਨ ਦੇ ਕੇ ਪੰਜਾਬੀ ਤੇ ਅੰਗਰੇਜ਼ੀ ਵਿਸ਼ਿਆਂ ਵਿਚ ਐਮ. ਏ. ਤੱਕ ਦੀ ਉਚੇਰੀ ਸਿੱਖਿਆ ਵੀ ਹਾਸਲ ਕੀਤੀ। ਮੁੱਖ ਅਧਿਆਪਕ ਵਜੋਂ ਰਿਟਾਇਰ ਹੋ ਕੇ ਉਸ ਨੇ ਕੁਲਵਕਤੀ ਲੇਖਕ ਵਜੋਂ ਸੰਜਮੀ ਜ਼ਿੰਦਗੀ ਬਸਰ ਕਰਨ ਨੂੰ ਪਹਿਲ ਦਿੱਤੀ।
ਇੰਦਰ ਸਿੰਘ ਖਾਮੋਸ਼ ਦੀ ਸ਼ਖਸੀਅਤ ਨੂੰ ਡੌਲਣ ਵਾਲਾ ਸਭ ਤੋਂ ਮੁਢਲਾ ਅਤੇ ਅਹਿਮ ਪ੍ਰੇਰਕ ਪੇਂਡੂ ਤੇ ਸ਼ਹਿਰੀ ਤਰਜ਼-ਏ-ਜ਼ਿੰਦਗੀ ਦਾ ਤਣਾਅ ਬਣਦਾ ਹੈ। ਪੇਂਡੂ ਪਿਛੋਕੜ ਉਸ ਨੂੰ ਆਰਥਕ ਤੰਗੀਆਂ-ਤੁਰਸ਼ੀਆਂ ਤੇ ਜਗੀਰੂ ਬੰਦਿਸ਼ਾਂ ਨਾਲ ਭੈਅਭੀਤ ਕਰਦਾ ਹੈ ਅਤੇ ਸ਼ਹਿਰੀਕਰਨ ਉਸ ਨੂੰ ਵਿਅਕਤੀ ਸੁਤੰਤਰਤਾ ਦਾ ਸੁਪਨਾ ਵਿਖਾਉਂਦਾ ਹੈ। ਸੁਤੰਤਰਤਾ ਦਾ ਇਹ ਸੁਪਨਾ ਇੰਦਰ ਸਿੰਘ ਖਾਮੋਸ਼ ਦਾ ਮੂਲ ਪ੍ਰੇਰਕ ਹੋ ਨਿਬੜਦਾ ਹੈ। ਉਸ ਦਾ ਕਥਨ ਹੈ, “ਆਪਣੇ ਪਿੰਡ ਨਾਲ ਮੈਨੂੰ ਕੋਈ ਮੋਹ ਨਹੀਂ। ਉਥੇ ਜਾਂਦਾ ਹਾਂ ਤਾਂ ਯਾਦਾਂ ਦੀ ਕੁੜਿੱਤਣ ਨਾਲ ਮਨ ਕੌੜਾ ਹੋ ਜਾਂਦਾ ਹੈ।”
ਇੰਦਰ ਸਿੰਘ ਖਾਮੋਸ਼ ਦੀ ਸ਼ਖਸੀਅਤ ਨੂੰ ਅੰਕਿਤ ਕਰਨ ਵਾਲਾ ਜੇ ਕੋਈ ਕੇਂਦਰੀ ਸ਼ਬਦ ਤਲਾਸ਼ਣਾ ਹੋਵੇ ਤਾਂ ਉਹ ਬਿਨਾ ਸ਼ੱਕ ਉਸ ਦਾ ਤਖੱਲਸ ‘ਖਾਮੋਸ਼’ ਹੈ। ਇਹ ਸ਼ਬਦ ਉਸ ਦੇ ਅੰਦਰਵਰਤੀ (ਇੰਟਰੋਵਰਟ) ਸੁਭਾਅ ਦਾ ਸੂਚਕ ਵੀ ਹੈ ਅਤੇ ਉਸ ਦੀ ਸ਼ਕਤੀ ਦਾ ਔਜ਼ਾਰ ਵੀ। ਜਿਵੇਂ ਆਖਦੇ ਹਨ, ਇਕ ਚੁੱਪ ਸੌ ਨੂੰ ਹਰਾਵੇ, ਉਸ ਨੇ ਆਪਣੀ ਖਾਮੋਸ਼ੀ ਦੇ ਫਲਸਫੇ ਨਾਲ ਪੰਜਾਬੀ ਸਾਹਿਤਕ ਹਿਮਾਲਿਆ ਦੀਆਂ ਉਚੀਆਂ ਚੋਟੀਆਂ ਨੂੰ ਸਰ ਕਰਕੇ ਵਿਖਾਇਆ ਹੈ।
ਇੰਦਰ ਸਿੰਘ ਖਾਮੋਸ਼ ਨੂੰ ਆਪਣਾ ਅਸਲੀ ਟਰੈਕ ਉਸ ਸਮੇਂ ਪ੍ਰਾਪਤ ਹੁੰਦਾ ਹੈ, ਜਦੋਂ ਪੰਤਾਲੀ ਸਾਲ ਦੀ ਉਮਰ ਵਿਚ ਉਹ ਆਪਣਾ ਪਲੇਠਾ ਨਾਵਲ ‘ਰਿਸ਼ਤਿਆਂ ਦੇ ਰੰਗ’ (1978) ਦੀ ਰਚਨਾ ਕਰਨ ਵਿਚ ਸਫਲਤਾ ਹਾਸਿਲ ਕਰਦਾ ਹੈ। ਉਹ ਮੁੱਖ ਪਾਤਰ ਪਵਿੱਤਰ ਦੇ ਜੀਵਨ-ਬਿਰਤਾਂਤ ਰਾਹੀਂ ਉਸ ਘੁਟਨ ਅਤੇ ਸੰਘਰਸ਼ ਦਾ ਗਲਪੀ ਚਿਤਰ ਪੇਸ਼ ਕਰਦਾ ਹੈ, ਜੋ ਵਿਭਿੰਨ ਦਰਜਾਬੰਦੀਆਂ ਵਾਲੇ ਜਗੀਰੂ ਸਮਾਜ ਵਿਚ ਪੇਂਡੂ ਪੰਜਾਬੀ ਬੰਦੇ ਦੀ ਹੋਣੀ ਬਣਦਾ ਹੈ।
ਆਪਣੇ ਨਾਵਲ ‘ਚਾਨਣ ਦਾ ਜੰਗਲ’ (1980) ਵਿਚ ਲੇਖਕ ਸਾਡੇ ਵਿਦਿਅਕ ਢਾਂਚੇ ਵਿਚਲੀ ਗਿਰਾਵਟ ਦੀ ਤਸਵੀਰ ਨੂੰ ਉਪਰੋਕਤ ਧਾਰਨਾ ਅਨੁਸਾਰ ਵਿਅੰਗ ਦੇ ਭਾਵ ਨਾਲ ਚਿਤਰਦਾ ਹੈ। ਨਾਵਲ ‘ਇਕ ਤਾਜ ਮਹਿਲ ਹੋਰ’ (1987) ਰਾਹੀਂ ਲੇਖਕ ਆਪਣੇ ਮੂਲ ਅਵਚੇਤਨੀ ਮਸਲੇ ਨੂੰ ਵੱਧ ਜਟਿਲ ਪ੍ਰਸੰਗਾਂ ਨਾਲ ਉਜਾਗਰ ਕਰਨ ਹਿਤ ਔਰਤ-ਮਰਦ ਦੇ ਪਿਆਰ-ਸਬੰਧਾਂ ਨੂੰ ਪੇਂਡੂ-ਸ਼ਹਿਰੀ, ਜਾਤ-ਕੁਜਾਤ, ਅਮੀਰੀ-ਗਰੀਬੀ ਆਦਿ ਵਿਭਿੰਨ ਵਿਰੋਧਾਂ ਵਿਚੋਂ ਲੰਘਾ ਕੇ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਨਾਵਲ ‘ਬੁੱਕਲ ਦਾ ਰਿਸ਼ਤਾ’ (1991) ਵਿਚ ਜਾਇਦਾਦੀ ਰਿਸ਼ਤੇ ਅੰਤ ਔਰਤ-ਮਰਦ ਦੇ ਮਾਨਵੀ ਮੋਹ-ਤੇਹ ਦੇ ਰਿਸ਼ਤਿਆਂ ‘ਤੇ ਭਾਰੂ ਹੋ ਜਾਂਦੇ ਹਨ ਅਤੇ ਵਿਅਕਤੀ ਸੁਤੰਤਰਤਾ ਕੋਈ ਚੋਰੀ-ਛਿਪੇ ਭੋਗਣ ਵਾਲੀ ਚਾਹਤ-ਮਾਤਰ ਰਹਿ ਜਾਂਦੀ ਹੈ।
ਨਾਵਲ ‘ਕਰਜ਼ਈ ਸੁਪਨੇ’ (1998) ਇਕ ਵਾਰ ਫਿਰ ਇੰਦਰ ਸਿੰਘ ਖਾਮੋਸ਼ ਦੀ ਅਵਚੇਤਨੀ ਗੁੰਝਲ ਨੂੰ ਸਿੱਧੇ ਤੌਰ ‘ਤੇ ਸੰਬੋਧਿਤ ਹੁੰਦਿਆਂ ਵਿਆਹ ਲਈ ਸੁਤੰਤਰ ਚੋਣ ਦੇ ਮਸਲੇ ਨੂੰ ਕੇਂਦਰ ਵਿਚ ਲਿਆਉਂਦਾ ਹੈ। ਇਹ ਵੈਸੇ ਵੀ ਸਵੈਜੀਵਨੀਆਤਮਕ ਨਾਵਲ ਹੋਣ ਕਰਕੇ ਲੇਖਕ ਦੇ ਅਵਚੇਤਨ ਦਾ ਵੱਧ ਸਪੱਸ਼ਟ ਪ੍ਰਗਟਾਵਾ ਕਰਦਾ ਹੈ। ਨਾਵਲ ‘ਕਾਫਰ ਮਸੀਹਾ’ (2002) ਦੀ ਵਿਸ਼ਾ-ਚੋਣ ਅਤੇ ਮਹਾਂ-ਕਾਵਿਕ ਰੂਪਾਕਾਰਕ ਸਰੂਪ ਨੂੰ ਪਹਿਲੀ ਨਜ਼ਰੇ ਵੇਖਦਿਆਂ ਜਾਪਦਾ ਹੈ, ਜਿਵੇਂ ਇੰਦਰ ਸਿੰਘ ਖਾਮੋਸ਼ ਨੇ ਟਰੈਕ ਬਦਲ ਲਿਆ ਹੋਵੇ, ਪਰ ਅਸਲ ਵਿਚ ਅਜਿਹਾ ਨਹੀਂ ਹੁੰਦਾ। ਰੂਸੀ ਲੇਖਕ ਟਾਲਸਟਾਏ ਬਾਰੇ ਲਿਖੇ ਇਸ ਜੀਵਨੀਆਤਮਕ ਨਾਵਲ ਦੇ ਕੇਂਦਰ ਵਿਚ ਵੀ ਇਕਸੁਰ ਵਿਆਹੁਤਾ ਜੀਵਨ ਦੀ ਜੁਸਤਜੂ ਹੀ ਰਹਿੰਦੀ ਹੈ। ਲੇਖਕ ਇਸ ਰਚਨਾ ਰਾਹੀਂ ਇਹ ਗਲਪੀ ਵਿਵੇਕ ਸਿਰਜਦਾ ਜਾਪਦਾ ਹੈ ਕਿ ਸੁਤੰਤਰ ਚੋਣ ਦਾ ਹੱਕ ਵੀ ਹਰ ਹਾਲਤ ਵਿਚ ਵਿਅਕਤੀ ਸੁਤੰਤਰਤਾ ਦੀ ਗਾਰੰਟੀ ਨਹੀਂ ਬਣ ਸਕਦਾ। ਲਿਓ ਟਾਲਸਟਾਏ ਅਤੇ ਸੋਨੀਆ ਸਵੈ-ਇੱਛਾ ਨਾਲ ਪਤੀ-ਪਤਨੀ ਦੇ ਰਿਸ਼ਤੇ ਵਿਚ ਬੱਝਦੇ ਹਨ, ਪਰ ਉਨ੍ਹਾਂ ਦੀਆਂ ਇੱਛਾਵਾਂ ਅਤੇ ਵਿਹਾਰ ਦੀ ਭਿੰਨਤਾ ਉਨ੍ਹਾਂ ਨੂੰ ਕਦੇ ਵੀ ‘ਏਕ ਜੋਤਿ ਦੋਏ ਮੂਰਤਿ’ ਵਾਲੀ ਇਕਸੁਰਤਾ ਪ੍ਰਾਪਤ ਨਹੀਂ ਹੋਣ ਦਿੰਦੀ। ਸ਼ਾਇਦ ਔਰਤ-ਮਰਦ ਦੀ ਅਜਿਹੀ ਇਕਸੁਰਤਾ ਇਕ ਅਪਹੁੰਚ ਆਦਰਸ਼ਮੂਲਕ ਸਥਿਤੀ ਹੀ ਹੁੰਦੀ ਹੈ। ਟਾਲਸਟਾਏ ਦਾ ਜੀਵਨ ਸਿਰਜਣਾਤਮਕਤਾ ਅਤੇ ਪ੍ਰਤੀਬੱਧਤਾ ਦੀ ਸਿਖਰ ਹੈ ਤਾਂ ਸੋਨੀਆ ਵਿਹਾਰਵਾਦ ਦੀ ਸਾਕਾਰ ਮੂਰਤ ਹੈ। ਇਹ ਦੋਵੇਂ ਜੀਵਨ-ਦ੍ਰਿਸ਼ਟੀਆਂ ਇਸ ਕਦਰ ਟਕਰਾਉਂਦੀਆਂ ਹਨ ਕਿ ਉਨ੍ਹਾਂ ਦਾ ਪਰਿਵਾਰਕ ਜੀਵਨ ਤਾਂ ਤਬਾਹ ਹੁੰਦਾ ਹੀ ਹੈ, ਇਸ ਤੋਂ ਅਗਾਂਹ ਉਹ ਅਸਤਿੱਤਵੀ ਸੰਕਟ ਤੱਕ ਪਹੁੰਚ ਜਾਂਦੇ ਹਨ। ਅੰਤ ਆਪਣੇ ਹੋਂਦ ਮੂਲਕ ਪ੍ਰਸ਼ਨਾਂ ਦੇ ਉਤਰ ਲੱਭਦਾ ਟਾਲਸਟਾਏ ਘਰੋਂ ਦਰ-ਬੇ-ਦਰ ਹੋ ਕੇ ਇਕ ਅਗਿਆਤ ਰੇਲਵੇ ਸਟੇਸ਼ਨ ‘ਤੇ ਅਜਾਈਂ ਮੌਤ ਮਰਦਾ ਹੈ ਅਤੇ ਸੋਨੀਆ ਇਕ ਕਾਤਲ ਜਿਹਾ ਅਪਰਾਧ-ਬੋਧ ਲੈ ਕੇ ਮੌਤ ਤੋਂ ਬਦਤਰ ਜ਼ਿੰਦਗੀ ਜਿਉਂਦੀ ਹੈ।
ਸੁਤੰਤਰ ਚੋਣ ਅਤੇ ਵਿਅਕਤੀਗਤ ਸੁਤੰਤਰਤਾ ਦੇ ਕੁਝ ਹੋਰ ਪਸਾਰ ਇੰਦਰ ਸਿੰਘ ਖਾਮੋਸ਼ ਆਪਣੇ ਅਗਲੇ ਨਾਵਲਾਂ-ਸਮੁੰਦਰੀ ਕਬੂਤਰੀ (2008), ਕੁਠਾਲੀ ਪਿਆ ਸੋਨਾ (2009), ਆਦਰਸ਼ਾਂ ਦਾ ਵਣਜਾਰਾ (2010) ਅਤੇ ਹੁਸਨਪ੍ਰਸਤ (2010) ਰਾਹੀਂ ਉਜਾਗਰ ਕਰਦਾ ਹੈ।
ਇਸ ਤਰ੍ਹਾਂ ਅਸੀਂ ਇੰਦਰ ਸਿੰਘ ਖਾਮੋਸ਼ ਦੇ ਨਾਵਲਾਂ ਵਿਚ ਵੇਖਦੇ ਹਾਂ ਕਿ ਆਪਣੇ ਅਵਚੇਤਨੀ ਸੰਸਾਰ ਨੂੰ ਲੇਖਕ ਨੇ ਬੜੇ ਕਲਾਤਮਕ ਓਹਲੇ ਨਾਲ ਆਪਣੇ ਪਾਤਰਾਂ ਦੇ ਵਿਹਾਰ ਨਾਲ ਇਕਸੁਰ ਕਰ ਲਿਆ ਹੋਇਆ ਹੈ। ਉਸ ਨੇ ਉਨ੍ਹਾਂ ਪਾਤਰਾਂ ‘ਤੇ ਕੋਈ ਵਿਚਾਰਧਾਰਾ-ਵਿਸ਼ੇਸ਼ ਥੋਪਣ ਦੀ ਥਾਂ ਉਨ੍ਹਾਂ ਦੇ ਜੀਵਨ-ਵਿਹਾਰ ਦੀ ਪੜ੍ਹਤ ਰਾਹੀਂ ਜ਼ਿੰਦਗੀ ਦੇ ਸੱਚ ਦੀ ਤਲਾਸ਼ ਕੀਤੀ ਹੈ। ਆਪਣੇ ਪਿੰਡੇ ਵਿਚੋਂ ਬ੍ਰਹਿਮੰਡ ਨੂੰ ਖੋਜਣ ਦੀ ਜੁਗਤ ਇੰਦਰ ਸਿੰਘ ਖਾਮੋਸ਼ ਨੂੰ ਵਰ ਆਈ। ਪੰਜਾਬੀ ਦੇ ਇਸ ਨਿਵੇਕਲੀ ਤਰਜ਼ ਦੇ ਗਲਪਕਾਰ ਨੂੰ ਉਸ ਦੇ ਉਦੇਸ਼ਾਂ ਨੇ ਨਿਰੰਤਰ ਸਾਧਨਾਂ ਦੇ ਰਾਹ ਤੋਰੀ ਰੱਖਿਆ।