ਕਲਵੰਤ ਸਿੰਘ ਸਹੋਤਾ
ਫੋਨ: 604-589-5919
ਦੇਖਣ ਨੂੰ ਆਪਾਂ ਬਾਹਰੋਂ ਸਭ ਠੀਕ ਠਾਕ ਲਗਦੇ ਹਾਂ, ਪਰ ਅੰਦਰੋਂ ਕੋਈ ਨਾ ਕੋਈ ਰੋਗ ਜਰੂਰ ਹੁੰਦੈ। ਗੁਰਬਾਣੀ ‘ਚ ਆਉਂਦਾ ਹੈ, “ਜੋ ਜੋ ਦੀਸੈ ਸੋ ਸੋ ਰੋਗੀ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ॥” ਰੋਗ ਚਾਹੇ ਸਰੀਰਕ ਹੋਵੇ, ਮਾਨਸਿਕ, ਜਜ਼ਬਾਤੀ ਜਾਂ ਕੋਈ ਹੋਰ। ਬਹੁਤੀ ਵਾਰ ਰੋਗ ਲੁਕਾਉਂਦਿਆਂ ਉਸ ਨੂੰ ਦੱਸਣ ਤੋਂ ਵੀ ਝਿਜਕਦੇ ਹਾਂ, ਪਰ ਚਿਰੀਂ ਝੱਬੇ ਜਾਹਰ ਹੋ ਜਾਂਦਾ ਹੈ ਕਿ ਫਲਾਣੇ ਨੂੰ ਫਲਾਣਾ ਰੋਗ ਹੈ। ਰੋਗ ਈਰਖਾ ਦਾ ਹੋਵੇ ਜਾਂ ਦਵੈਖ ਦਾ-ਤੁਸੀਂ ਦੱਸਦੇ ਥੋੜੋ ਹੋ ਕਿ ਮੈਂ ਫਲਾਣੇ ਨਾਲ ਈਰਖਾ ਕਰਦਾਂ!
ਤੁਹਾਡੇ ਬੋਲ ਚਾਲ, ਗੱਲਬਾਤ ਕਰਨ ਦੇ ਤੌਰ ਤਰੀਕੇ ਤੋਂ ਹੀ ਝਲਕ ਪੈਂਦਾ ਹੈ ਕਿ ਇਹ ਤਾਂ ਈਰਖਾ ਦਾ ਰੋਗੀ ਹੈ। ਦੂਜਿਆਂ ਦੀ ਚੜ੍ਹਤ ਦੇਖ ਕੇ ਸੜਨਾ, ਉਨ੍ਹਾਂ ਦੀ ਸਿਫਤ ਸਲਾਹ ਸੁਣ ਕੇ ਨੱਕ ਬੁੱਲ ਵੱਟਣਾ-ਇਹ ਈਰਖਾ ਦਾ ਰੋਗ ਹੀ ਤਾਂ ਹੈ। ਅੱਗੋਂ ਇਹੀ ਸੋਚ ਮਾਨਸਿਕ ਰੋਗਾਂ ਵਲ ਨੂੰ ਤੁਰਦੀ ਹੈ। ਸਰੀਰਕ ਰੋਗ ਚੰਬੜਦੇ ਹਨ, ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ
ਦੁਖੁ ਸਬਾਇਐ ਜਗਿ॥
ਊਚੇ ਚੜਿ ਕੈ ਦੇਖਿਆ
ਤਾਂ ਘਰਿ ਘਰਿ ਏਹਾ ਅਗਿ॥ (ਪੰਨਾ 1382)
ਬਾਬਾ ਫਰੀਦ ਦੇ ਇਸ ਸਲੋਕ ਦੇ ਪ੍ਰਥਾਏ ਵੀ ਚਾਹੇ ਉਹ ਅੱਗ ਘਰੇਲੂ ਕਲੇਸ਼ਾਂ ਦੀ ਹੈ, ਮਾਨਸਿਕ ਜਾਂ ਸਰੀਰਕ ਰੋਗਾਂ ਦੀ-ਅਸੀਂ ਇਨ੍ਹਾਂ ਦੀ ਧੂਣੀ ‘ਚ ਸੜਦੇ ਹੀ ਜਾਂਦੇ ਹਾਂ। ਇਸ ਸਭ ਕੁਝ ਦੇ ਬਾਵਜੂਦ ਅਸੀਂ ਜਿਉਂਦੇ ਹਾਂ। ਇਨ੍ਹਾਂ ਹਾਲਤਾਂ ‘ਚ ਜੀਵਨ ਬਤੀਤ ਕਰਨ ਦੀ ਜਾਂਚ ਵੀ ਨਾਲੋ ਨਾਲ ਆਈ ਜਾਂਦੀ ਹੈ ਤੇ ਇੰਜ ਇਹ ਜ਼ਿੰਦਗੀ ਦਾ ਸਫਰ ਅੱਗੇ ਤੁਰਿਆ ਜਾਂਦਾ ਹੈ। ਭਾਵੇਂ ਬੇਅੰਤ ਦੁਖੀ ਤੇ ਔਖੇ ਕਿਉਂ ਨਾ ਹੋਵੋ, ਇਨ੍ਹਾਂ ਰੋਗਾਂ ਕਰਕੇ, ਪਰ ਜਦੋਂ ਤੁਹਾਨੂੰ ਪਤਾ ਲੱਗੇ ਕਿ ਫਲਾਣਾ ਤੁਹਾਡੇ ਨਾਲੋਂ ਵੀ ਔਖਾ ਹੈ ਤਾਂ ਦੁੱਖ ਆਪਣੇ ਆਪ ਹੀ ਘਟ ਗਿਆ ਲਗਦਾ ਹੈ, ਤੇ ਇੰਜ ਤੁਸੀਂ ਰੋਗੀ ਹੁੰਦਿਆਂ ਵੀ ਥੋੜ੍ਹੇ ਚਿਰ ਲਈ ਅਰੋਗ ਹੋ ਗਏ ਲਗਦੇ ਹੋ।
ਹਰ ਬੰਦੇ ਦਾ ਆਪਣੀ ਜ਼ਿੰਦਗੀ ਦਾ ਸਫਰ ਹੈ, ਤੇ ਹਰ ਇੱਕ ਨੇ ਆਪਣਾ ਸਫਰ ਪੂਰਾ ਕਰਕੇ, ਸਮਾਂ ਆਉਣ ‘ਤੇ ਇਸ ਸੰਸਾਰ ਤੋਂ ਕੂਚ ਕਰ ਤੁਰਦੇ ਬਣਨਾ ਹੈ। ਕਿਸ ਰੋਗ ਨਾਲ ਜਾਣਾ ਹੈ, ਕਿਸ ਰੋਗ ‘ਚ ਗ੍ਰਸਤ ਹੋ ਕੇ ਜਾਣਾ ਹੈ, ਇਸ ਦਾ ਵੀ ਕੋਈ ਥਹੁ ਪਤਾ ਨਹੀਂ, ਜਿੰਨਾ ਚਿਰ ਉਸ ਰੋਗ ਰੂਪੀ ਵੇਲਣੇ ‘ਚ ਪੀੜ ਹੋਣ ਨਾ ਲੱਗੀਏ। ਦਿਲ ਦੇ ਰੋਗ ਨੇ ਤੁਹਾਨੂੰ ਆ ਖਾਣਾ ਹੈ, ਕੈਂਸਰ ਨੇ ਤੁਹਾਨੂੰ ਢਾਹ ਲੈਣਾ ਹੈ; ਸਟਰੋਕ ਨੇ ਤੁਹਾਨੂੰ ਅਧਰੰਗ ਕਰ ਕੱਦੂ ਵਾਂਗ, ਵਾੜੇ ਰੂਪੀ ਮੰਜੇ ‘ਤੇ ਸੁੱਟ ਕੇ ਮਾਰਨਾ ਹੈ ਜਾਂ ਹੋਰ ਕੁਝ, ਇਸ ਦਾ ਵੀ ਕੋਈ ਪਤਾ ਨਹੀਂ। ਨਾਲੋ ਨਾਲ ਇਸ ਗੱਲ ਦਾ ਵੀ ਧਿਆਨ ਰਹਿਣਾ ਚਾਹੀਦਾ ਹੈ ਕਿ ਜੇ ਆਪਾਂ ਤੰਦਰੁਸਤ ਹੁੰਦਿਆਂ ਇੰਜ ਰੋਗਾਂ ਤੋਂ ਡਰਦੇ, ਸੋਚੀਂ ਪੈ, ਢੇਰੀ ਢਾਹ ਕੇ ਬੈਠ ਜਾਈਏ, ਇਹ ਵੀ ਤਾਂ ਇਕ ਰੋਗ ਹੈ! ਇਨ੍ਹਾਂ ਬਾਰੇ ਚੇਤੰਨ ਰਹਿਣਾ ਜਾਂ ਸੋਚ ਵਿਚਾਰ ਕਰਦੇ ਰਹਿਣਾ, ਸੰਤੁਲਿਤ ਭੋਜਨ ਕਰਨ ਦੇ ਆਦੀ ਹੋਣਾ; ਕਸਰਤ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅੰਗ ਬਣਾਉਣਾ; ਸਿਹਤਮੰਦ ਨਿੱਗਰ ਸੋਚ ਦੇ ਧਾਰਨੀ ਹੋਣਾ; ਔਖੇ ਸਮੇਂ ‘ਚ ਵੀ ਮਨ ਨੂੰ ਉਸਾਰੂ ਪਾਸੇ ਧੂ, ਚੜ੍ਹਦੀ ਕਲਾ ‘ਚ ਰਹਿਣਾ; ਆਦਿ ਰਾਹ ਅਪਨਾ ਕੇ ਅਸੀਂ ਰੋਗਾਂ ਦੀ ਪੀੜ ਨੂੰ ਘਟਾ ਸਕਦੇ ਹਾਂ। ਇੰਜ ਵਿਚਾਰਾਂ ਦਾ ਵਟਾਂਦਰਾ ਕਰ-ਕਰਾ ਕੇ ਮਨ ਦੀ ਗੱਡੀ ਨੂੰ ਮੁੜ ਲੀਹ ‘ਤੇ ਲਿਆ ਸਕਦੇ ਹਾਂ।
ਤੁਸੀਂ ਤੁਰੇ ਜਾਂਦੇ ਹੋ, ਕੋਲ ਦੀ ਕੋਈ ਸਾਈਕਲ ਸਵਾਰ ਲੰਘਿਆ ਤਾਂ ਤੁਹਾਨੁੰ ਲੱਗਾ ਕਿ ਇਹ ਬੰਦਾ ਕਿੰਨਾ ਕਿਸਮਤ ਵਾਲਾ ਹੈ ਕਿ ਇਸ ਕੋਲ ਸਾਈਕਲ ਹੈ। ਸਾਈਕਲ ਵਾਲੇ ਦੇ ਕੋਲ ਦੀ ਮੋਟਰ ਸਾਈਕਲ ਵਾਲਾ ਲੰਘਿਆ ਤਾਂ ਸਾਈਕਲ ਸਵਾਰ ਸੋਚੇਗਾ ਕਿ ਇਸ ਮੋਟਰ ਸਾਈਕਲ ਵਾਲੇ ਕੋਲ ਮੇਰੇ ਤੋਂ ਵਧੀਆ ਸਵਾਰੀ ਹੈ, ਪਰ ਜਰਾ ਗਹੁ ਨਾਲ ਸੋਚੀਏ ਕਿ ਜੇ ਸਾਈਕਲ ਸਵਾਰ ਮਾਨਸਿਕ ਰੋਗੀ ਹੋਵੇ ਅਤੇ ਮੋਟਰ ਸਾਈਕਲ ਸਵਾਰ ਸਰੀਰਕ ਰੋਗੀ ਹੋਵੇ ਤੇ ਤੁਸੀਂ ਤੰਦਰੁਸਤ ਹੋਵੋ-ਹੁਣ ਜ਼ਰਾ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਇਹ ਵਿਚਾਰ ਮਨ ‘ਚ ਲਿਆ ਕੇ ਕਿ ਇੱਕ ਕੋਲ ਸਾਈਕਲ ਹੈ ਤੇ ਦੂਜੇ ਕੋਲ ਮੋਟਰ ਸਾਈਕਲ, ਆਪਣੇ ਆਪ ਨੂੰ ਰੋਗੀ ਬਣਾ ਲਿਆ। ਇਸ ਸੋਚ ਨੇ ਮਨ ਅੰਦਰ ਦੁਬਿਧਾ ਖੜੀ ਕਰ ਦਿੱਤੀ; ਤੁਸੀਂ ਚੰਗੇ ਭਲੇ ਤੰਦਰੁਸਤ, ਰਿਸ਼ਟ-ਪੁਸ਼ਟ ਤੁਰੇ ਜਾਂਦੇ ਦੁਬਿਧਾ ਦੇ ਰੋਗ ਦਾ ਸ਼ਿਕਾਰ ਹੋ ਗਏ। ਇਸ ਸੋਚ ਨੇ ਮਾਨਸਿਕ ਬਿਰਤੀ ਵਿਗਾੜ ਦਿੱਤੀ। ਮਨ ਖਿਆਲਾਂ ਦੀ ਲੜਾਈ ਲੜਦਾ ਹੈ, ਕਦੇ ਜਿੱਤਦਾ ਹੈ ਤੇ ਕਦੇ ਹਾਰਦਾ ਹੈ। ਯਾਦ ਰੱਖੀਏ ਕਿ ਸਵੱਛ ਤੇ ਨਿੱਗਰ ਸੋਚ ਹਮੇਸ਼ਾ ਮਨ ਨੂੰ ਖੇੜਾ ਦੇਵੇਗੀ, ਉਸ ਦੇ ਆਦੀ ਹੋਣ ਦਾ ਯਤਨ ਕਰੀਏ।
ਹਸਪਤਾਲ ਅਤੇ ਡਾਕਟਰਾਂ ਦੇ ਦਫਤਰ ਰੋਗੀਆਂ ਨਾਲ ਭਰੇ ਰਹਿੰਦੇ ਹਨ। ਕੁਝ ਮਰੀਜ ਡਾਕਟਰ ਤੋਂ ਦਵਾਈ ਲੈ ਕੇ ਤੰਦਰੁਸਤ ਹੋ ਜਾਂਦੇ ਹਨ; ਕੁਝ ਨੂੰ ਹਸਪਤਾਲਾਂ ‘ਚ ਭਰਤੀ ਹੋਣਾ ਪੈਂਦਾ ਹੈ ਤੇ ਠੀਕ ਹੋ ਕੇ ਘਰਾਂ ਨੂੰ ਪਰਤ ਆਉਂਦੇ ਹਨ। ਕੁਝ ਠੀਕ ਹੋ ਹੀ ਨਹੀਂ ਸਕਦੇ, ਜਿਨ੍ਹਾਂ ਨੂੰ ਕੇਅਰ ਹੋਮ ਜਾਂ ਬਿਰਧ ਘਰਾਂ ‘ਚ ਦਾਖਲ ਹੋਣਾ ਪੈਂਦਾ ਹੈ; ਤੇ ਕੁਝ, ਜਿਨ੍ਹਾਂ ਨੂੰ ਡਾਕਟਰ ਸਮਝਦੇ ਹਨ ਕਿ ਇਹ ਨਾ ਤਾਂ ਘਰ ਵਾਪਸ ਜਾ ਸਕਦੇ ਹਨ ਅਤੇ ਨਾ ਹੀ ਕੇਅਰ ਹੋਮ ‘ਚ ਰਹਿ ਸਕਦੇ ਹਨ ਤੇ ਇਨ੍ਹਾਂ ਦਾ ਅੰਤ ਅਵੱਸ਼ ਨੇੜੇ ਦਿਸਦਾ ਹੈ, ਨੂੰ ਪੈਲਿਟਿਵ ਕੇਅਰ ‘ਚ ਭੇਜ ਦਿੰਦੇ ਹਨ-ਭਾਵ ਉਹ ਅੱਜ ਵੀ ਮਰੇ ਤੇ ਕੱਲ ਵੀ।
ਹੁਣ ਜ਼ਰਾ ਤਰਤੀਬ ਨਾਲ ਮੁਕਾਬਲਾ ਕਰੀਏ ਕਿ ਪੈਲਿਟਿਵ ਕੇਅਰ ਵਾਲੇ ਤੋਂ ਤਾਂ ਕੇਅਰ ਹੋਮ ਵਾਲਾ ਮਰੀਜ ਚੰਗਾ, ਕੇਅਰ ਹੋਮ ਵਾਲੇ ਤੋਂ ਜੋ ਮਰੀਜ ਹਸਪਤਾਲ ‘ਚ ਦਾਖਲ ਸੀ, ਚਾਹੇ ਉਹ ਮਾਨਸਿਕ ਰੋਗ ਕਰਕੇ ਸੀ ਤੇ ਚਾਹੇ ਸਰੀਰਕ ਰੋਗ ਕਰਕੇ, ਸਮਾਂ ਪਾ ਕੇ ਜੇ ਉਹ ਠੀਕ ਹੋ ਕੇ ਘਰ ਆਪਣੇ ਪਰਿਵਾਰ ਕੋਲ ਚਲਾ ਗਿਆ, ਉਹ ਤਾਂ ਉੱਪਰ ਦੱਸੇ ਵਰਗਾਂ ਵਾਲਿਆਂ ਤੋਂ ਚੰਗਾ ਹੋਇਆ। ਹੁਣ ਅੱਗੇ ਸੋਚੋ, ਜੋ ਬਿਮਾਰ ਤਾਂ ਸੀ, ਪਰ ਡਾਕਟਰ ਕੋਲੋਂ ਦਵਾਈ ਲੈ, ਨੇਮ ਨਾਲ ਖਾ, ਘਰ ਹੀ ਰਾਜੀ ਹੋ ਗਿਆ, ਉਹ ਤਾਂ ਸਭ ਨਾਲੋਂ ਹੀ ਚੰਗਾ ਹੋਇਆ। ਹਣ ਅੱਗੇ ਹੋਰ ਸੋਚੋ, ਜੋ ਬਿਮਾਰ ਹੀ ਨਹੀਂ, ਨਾ ਉਹ ਹਸਪਤਾਲ ਗਿਆ, ਨਾ ਡਾਕਟਰ ਦੇ ਗਿਆ, ਉਹ ਤਾਂ ਸਭ ਤੋਂ ਚੰਗਾ ਹੋਇਆ!
ਜ਼ਰਾ ਗੌਰ ਕਰੀਏ ਕਿ ਜੇ ਬੰਦਾ ਤੰਦਰੁਸਤ ਹੁੰਦਿਆਂ ਜ਼ਿੰਦਗੀ ਦੀਆਂ ਕੁਝ ਗਿਣੀਆਂ ਮਿਥੀਆਂ ਲੋੜਾਂ ਪੂਰੀਆਂ ਨਾ ਹੋਣ ਕਰਕੇ ਦੁਖੀ ਤੇ ਆਰਜੀ ਰੋਗੀ ਬਣਦਾ ਜਾਏ ਜਾਂ ਬਣਿਆ ਰਹੇ, ਫਿਰ ਤਾਂ ਗਲਤ ਹੈ ਨਾ! ਇਹ ਤਾਂ ਨੌਂ ਬਰ ਨੌਂ ਹੁੰਦਿਆਂ, ਸਿਰਫ ਸੋਚ ਕਰਕੇ ਹੀ ਰੋਗੀ ਬਣਨ ਵਾਲੀ ਗੱਲ ਹੋਈ ਨਾ। ਇੱਥੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਮੁਕਾਬਲਾ ਤੇ ਤਵਾਜ਼ਨ ਕਰੋ ਕਿ ਪੈਲਿਟਿਵ ਕੇਅਰ, ਹੋਮ ਕੇਅਰ, ਹਸਪਤਾਲ ‘ਚ ਭਰਤੀ ਮਰੀਜ ਤੇ ਡਾਕਟਰ ਤੋਂ ਦਵਾਈ ਖਾਂਦੇ ਮਰੀਜਾਂ ਤੋਂ ਤਾਂ ਉਹ ਕਰੋੜਾਂ ਦਰਜੇ ਚੰਗਾ ਹੋਇਆ। ਉਸ ਨੂੰ ਤਾਂ ਸਿਰਫ ਉਸ ਦੀ ਸੋਚ ਨੇ ਹੀ ਬਿਮਾਰ ਕਰ ਦਿੱਤਾ; ਗੱਲ ਸੋਚ ਦੀ ਹੀ ਹੈ। ਸੋਚ ਹੀ ਤੁਹਾਨੂੰ ਰੋਗੀ ਬਣਿਆ ਲੱਗਣ ਲਾ ਦਏਗੀ ਤੇ ਸੋਚ ਹੀ ਰੋਗੀ ਬਣਿਆਂ ਨੂੰ ਤੰਦਰੁਸਤ ਬਣਿਆ ਮਹਿਸੂਸ ਕਰਨ ਲਾ ਦਏਗੀ।
ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦੀ ਵਾਧ ਘਾਟ ਹੋਣਾ ਵੀ ਮਨ ਨੂੰ ਰੋਗੀ ਬਣਾ ਦਿੰਦਾ ਹੈ, ਤੇ ਚੰਗਾ ਭਲਾ ਸਾਂਵਾਂ ਜੀਵਨ ਜਿਉਂਦਿਆਂ ਹੋਰਾਂ ਦੇ ਉਲਝੇ ਜੀਵਨ ਨੂੰ ਆਪਣੇ ਤੋਂ ਵਧੀਆ ਹੋਣ ਦਾ ਭੁਲੇਖਾ ਖਾ, ਚੰਗੇ ਭਲੇ ਤੁਸੀਂ ਵਧੀਆ ਸਾਂਵਾਂ ਜੀਵਨ ਬਤੀਤ ਕਰਦੇ, ਸੋਚ ਦੇ ਰੋਗੀ ਹੋ ਗਏ। ਗੱਲ ਇੱਥੇ ਹੀ ਨਹੀਂ ਮੁੱਕਦੀ, ਰੋਗਾਂ ਦੀ ਇੱਕ ਲੜੀ ਬਣਨ ਲੱਗਦੀ ਹੈ, ਜੋ ਅੱਗੇ ਤੋਂ ਅੱਗੇ ਤੁਰੀ ਜਾਂਦੀ ਹੈ ਤੇ ਇੰਜ ਤੁਸੀਂ ਸੱਚੀਂ ਹੀ ਰੋਗੀ ਬਣ ਜਾਂਦੇ ਹੋ। ਮਾਨਸਿਕ ਰੋਗ ਸਰੀਰਕ ਰੋਗਾਂ ਨੂੰ ਜਨਮ ਦਿੰਦਾ ਹੈ ਤੇ ਸਰੀਰਕ ਰੋਗ ਮਾਨਸਿਕ ਰੋਗਾਂ ਨੂੰ-ਇੰਜ ਦੁਵੱਲੇ ਰੋਗਾਂ ਦਾ ਮਿਲਗੋਭਾ ਬਣ ਜਾਂਦਾ ਹੈ। ਅੱਧਾ ਗਲਾਸ ਪਾਣੀ ਵਾਲੀ ਗੱਲ ਹੈ। ਅੱਧਾ ਗਲਾਸ ਪਾਣੀ ਹੈ, ਆਪਾਂ ਇਸ ਨੂੰ ਅੱਧਾ ਭਰਿਆ ਕਹਾਂਗੇ ਤਾਂ ਗੱਲ ਉਸਾਰੂ ਹੈ, ਜੇ ਅੱਧਾ ਖਾਲੀ ਕਹਾਂਗੇ ਤਾਂ ਗੱਲ ਨਿਰਾਸ਼ਾਵਾਦੀ ਹੈ। ਗਲਾਸ ਪਾਣੀ ਦਾ ਅੱਧਾ ਹੀ ਹੈ, ਗੱਲ ਕਰਨ ਦੀ ਤੇ ਸੋਚ ਦੀ ਹੈ। ਸਿਰਫ ਵਿਚਾਰ ਦੀ ਵਿਧੀ ਨੇ ਹੀ ਅੱਧਾ ਗਲਾਸ ਭਰਿਆ ਕਹਿਣਾ ਹੈ ਤੇ ਇਸੇ ਨੇ ਹੀ ਅੱਧਾ ਖਾਲੀ ਕਹਿਣਾ ਹੈ। ਗੱਲ ਸਿਰਫ ਵਿਚਾਰ ਦੀ ਹੈ।
ਇੱਕ ਦਿਨ ਮੈਂ ਵੱਡੇ ਬੌਕਸ ਸਟੋਰ ਦੀ ਫਾਰਮੇਸੀ ‘ਚ ਦਵਾਈ ਲੈਣ ਲਈ ਕਤਾਰ ‘ਚ ਖੜ੍ਹਾ ਸਾਂ, ਉਥੇ ਹੀ ਮੇਰਾ ਇੱਕ ਪੁਰਾਣਾ ਵਾਕਫ ਆ ਮਿਲਿਆ; ਪਰਿਵਾਰਾਂ ਦੀ ਸੁੱਖ-ਸਾਂਦ ਪੁੱਛਣ ਲੱਗੇ ਤਾਂ ਪਤਾ ਲੱਗਾ ਕਿ ਉਸ ਦੀ ਜੀਵਨ ਸਾਥਣ ਦੀ ਸਰਜਰੀ ਹੋਈ ਹੈ ਤੇ ਕੁਝ ਅੜਚਣਾਂ ਆ ਰਹੀਆਂ ਹਨ, ਸਿਹਤ ਠੀਕ ਨਹੀਂ ਰਹਿੰਦੀ। ਨਾਲ ਹੀ ਉਸ ਜ਼ਿਕਰ ਕੀਤਾ ਕਿ ਉਸ ਦੇ ਪਿਤਾ ਜੀ ਨੂੰ ਕਈ ਸਾਲ ਹੋਏ ਸਟਰੋਕ ਹੋ ਗਿਆ ਸੀ, ਪਰ ਹੁਣ ਸਿਹਤ ਵਿਗੜ ਗਈ ਹੈ। ਉਸ ਦੀ ਮਾਤਾ ਸਾਲਾਂ ਬੱਧੀ ਉਸ ਦੀ ਦੇਖ ਭਾਲ ਕਰਦੀ ਰਹੀ ਤੇ ਹੁਣ ਉਸ ਨੂੰ ਵੀ ਸਟਰੋਕ ਹੋ ਗਿਆ ਹੈ। ਹੁਣ ਤਿੰਨਾਂ ਦੀ ਦੇਖ ਭਾਲ ਉਹ ਕਰਦਾ ਹੈ।
ਸੁਣ ਕੇ ਮਨ ਬੜਾ ਦੁਖੀ ਹੋਇਆ ਤੇ ਉਦਾਸ ਵੀ, ਕਿ ਕਿਸ ਤਰ੍ਹਾਂ ਬੰਦੇ ਦੀ ਜਿੰ.ਦਗੀ ‘ਚ ਮੋੜਾ ਆਉਂਦਾ ਹੈ; ਨਾਲ ਹੀ ਮੈਂ ਉਸ ਦੇ ਹੋਰ ਕਰੀਬੀ ਰਿਸ਼ਤੇਦਾਰ ਦਾ ਹਾਲ ਪੁੱਛ ਬੈਠਾ ਤਾਂ ਉਹ ਬੋਲਿਆ ਕਿ ਉਸ ਦਾ ਸਰੀਰ ਬਹੁਤ ਭਾਰੀ ਹੋ ਗਿਆ ਹੈ ਤੇ ਉਸ ਨੂੰ ਸੀਜ਼ਰ ਹੁੰਦੇ ਹਨ। ਲਗਦੇ ਹੱਥ ਦੱਸ ਦਿੱਤਾ ਕਿ ਉਸ ਦੀ ਪਤਨੀ ਦੀ ਵੀ ਨਿਗ੍ਹਾ ਕਮਜ਼ੋਰ ਹੋ ਗਈ ਹੈ, ਤੇ ਨਾਲ ਹੀ ਪਰਿਵਾਰ ਦੇ ਕਈ ਹੋਰ ਬਖੇੜੇ ਬਿਆਨ ਕਰ ਦਿੱਤੇ। ਉਸ ਨੇ ਹੋਰ ਦੱਸਿਆ ਕਿ ਉਸ ਦੇ ਸਹੁਰੇ ਨੂੰ ਵੀ ਸਟਰੋਕ ਹੋ ਗਿਆ ਸੀ, ਸੱਸ ਉਸ ਦੀ ਸੇਵਾ ਕਰਦੀ ਸੀ, ਉਹ ਵੀ ਅਕਾਲ ਚਲਾਣਾ ਕਰ ਗਈ।
ਦਵਾਈ ਲੈਣ ਵਾਲਿਆਂ ਦੀ ਕਤਾਰ ਲੰਬੀ ਸੀ, ਮੇਰੇ ਵਾਂਗ ਉਸ ਨੂੰ ਵੀ ਕਾਹਲੀ ਸੀ ਕਿ ਛੇਤੀ ਦਵਾਈ ਲੈ ਕੇ ਘਰ ਪਹੁੰਚੇ। ਕਾਹਲ ਦਾ ਕਾਰਨ ਉਸ ਦੱਸਿਆ ਕਿ ਉਸ ਦੀ ਪਤਨੀ ਦੇ ਚਾਚੇ ਦੇ ਪੁੱਤ ਦੀ ਮੌਤ ਹੋ ਗਈ, ਦੋ ਘੰਟੇ ਨੂੰ ਉਸ ਦਾ ਸਸਕਾਰ ਹੈ ਤੇ ਉਸ ਨੇ ਉਥੇ ਪਹੁੰਚਣਾ ਹੈ। ਮੇਰੇ ਅੰਦਰ ਅੰਤਾਂ ਦੀ ਹਮਦਰਦੀ ਕਰਵਟਾਂ ਲੈ ਰਹੀ ਸੀ, ਪਰ ਕਰ ਮੈਥੋਂ ਕੁਝ ਨਹੀਂ ਸੀ ਹੋਣਾ; ਮੇਰਾ ਮਨ ਇਨ੍ਹਾਂ ਸੋਚਾਂ ‘ਚ ਗੇੜੇ ਦੇ ਰਿਹਾ ਸੀ ਤਾਂ ਅੱਗੋਂ ਉਹ ਕਹਿੰਦਾ ਕਿ ਮੈਂ ਤਾਂ ਬਿਮਾਰਾਂ ਦੀ ਦੇਖ ਭਾਲ ਕਰਦਾ ਹੀ ਬਿਮਾਰ ਹੋਇਆ ਪਿਆਂ। ਇਹ ਗੱਲਾਂ ਸੁਣ ਮੇਰੇ ਮਨ ਨੂੰ ਵੱਡਾ ਝਟਕਾ ਵੱਜਾ ਕਿ ਬਿਮਾਰ ਤਾਂ ਮੈਂ ਵੀ ਹਾਂ, ਮੇਰੀ ਵੀ ਓਪਨ ਹਰਟ ਸਰਜਰੀ ਹੋਈ ਹੈ ਤੇ ਦਵਾਈਆਂ ਖਾਣੀਆਂ ਪੈ ਰਹੀਆਂ ਹਨ-ਉਸ ਦੇ ਮੁਕਾਬਲੇ ਮੇਰੇ ਕਸ਼ਟ ਤਾਂ ਨਾਂਮਾਤਰ ਹੀ ਹਨ। ਮੈਨੂੰ ਆਪਣਾ ਆਪ ਨੌਂ ਬਰ ਨੌਂ, ਤੰਦਰੁਸਤ ਲੱਗਣ ਲੱਗ ਪਿਆ। ਉਹ ਚੰਗਾ ਭਲਾ ਤੰਦਰੁਸਤ ਹੁੰਦਾ ਵੀ ਮੈਨੂੰ ਰੋਗੀ ਲੱਗੇ। ਮੇਰਾ ਜੀਅ ਕਾਹਲਾ ਪਏ ਕਿ ਛੇਤੀ ਇੱਥੋਂ ਦਵਾਈ ਲੈ ਕੇ ਬਾਹਰ ਨਿਕਲਾਂ, ਵਰਨਾ ਜੇ ਕੋਈ ਹੋਰ ਵਾਕਫਕਾਰ ਮਿਲ ਪਿਆ ਤਾਂ ਪਰਿਵਾਰਕ ਰਾਜੀ ਖੁਸ਼ੀ ਸਾਂਝੀ ਕਰਦਿਆਂ ਕੋਈ ਹੋਰ ਅਜਿਹਾ ਬਿਰਤਾਂਤ ਨਾ ਸੁਣਾ ਦਏ। ਬਾਹਰ ਨੂੰ ਦਬਾ ਦਬ ਨਿਕਲਦਿਆਂ ਜੋ ਵੀ ਕੋਈ ਅੱਗੇ-ਪਿੱਛੇ ਦਿਸੇ, ਰੋਗੀ ਹੀ ਲੱਗੇ ਤੇ ਨਾਲੇ ਯਾਦ ਆਵੇ, ‘ਜੋ ਜੋ ਦੀਸੈ ਸੋ ਸੋ ਰੋਗੀ॥’