ਯੁਗ-ਪੁਰਸ਼ ਸਤਿਗੁਰੂ ਰਾਮ ਸਿੰਘ ਦੇ ਕ੍ਰਾਂਤੀਕਾਰੀ ਸੰਕਲਪ

(3 ਫਰਵਰੀ 1816-29 ਨਵੰਬਰ 1885)
ਹਰਪਾਲ ਸਿੰਘ ਸੇਵਕ
ਉਨੀਵੀਂ ਸਦੀ ਵਿਚ ਜਦੋਂ ਭਾਰਤ ਬਰਤਾਨਵੀ ਹਕੂਮਤ ਦਾ ਗੁਲਾਮ ਸੀ ਤਾਂ ਲੋਕ ਸਮਾਜਕ ਕੁਰੀਤੀਆਂ ਅਤੇ ਵਹਿਮਾਂ ਭਰਮਾਂ ਵਿਚ ਜਕੜੇ ਹੋਏ ਸਨ। ਧਾਰਮਿਕ ਅਤੇ ਨੈਤਿਕ ਪਤਨ ਹੋ ਚੁਕਾ ਸੀ। ਭਾਰਤ ਦਾ ਆਖਰੀ ਆਜ਼ਾਦ ਸੂਬਾ ਪੰਜਾਬ ਵੀ ਬਰਤਾਨਵੀ ਸਾਮਰਾਜ ਦਾ ਗੁਲਾਮ ਹੋ ਗਿਆ। ਅੰਗਰੇਜ਼ੀ ਹਕੂਮਤ ਵਿਰੁੱਧ ਰਾਜਿਆਂ-ਰਜਵਾੜਿਆਂ ਵਲੋਂ ਉਠੀ ਬਗਾਵਤ ‘1857 ਦਾ ਗਦਰ’ ਕਈ ਕਾਰਨਾਂ ਕਰਕੇ ਅਸਫਲ ਹੋ ਗਿਆ। ਵਿਦੇਸ਼ੀ ਹਾਕਮਾਂ ਨੇ ਗਦਰੀਆਂ ‘ਤੇ ਅਕਹਿ ਤੇ ਅਸਹਿ ਜ਼ੁਲਮ ਕੀਤੇ। ਅਣਖੀ ਨੇਤਾ ਮਾਰ ਦਿਤੇ ਜਾਂ ਦੂਰ-ਦੂਰਾਡੇ ਜੇਲ੍ਹਾਂ ਵਿਚ ਕੈਦ ਕਰ ਦਿੱਤੇ।

ਅੰਗਰੇਜ਼ ਸਰਕਾਰ ਦੇ ਹਮਦਰਦ ਰਾਜਿਆਂ, ਜਗੀਰਦਾਰਾਂ ਅਤੇ ਸਰਦਾਰਾਂ ਨੇ ਗੁਲਾਮੀ ਨੂੰ ਸ਼ਿੰਗਾਰ ਵਜੋਂ ਅਪਨਾ ਲਿਆ। ਧਾਰਮਿਕ ਆਗੂ ਵੀ ਅੰਗਰੇਜ਼ੀ ਹਕੂਮਤ ਦੇ ਸੋਹਿਲੇ ਗਾਉਣ ਵਿਚ ਹੀ ਆਪਣੀ ਭਲਾਈ ਸਮਝਦੇ। ਜਨ-ਸਾਧਾਰਨ ਲਈ ਗੁਲਾਮੀ ਇਕ ਮਜ਼ਬੂਰੀ ਬਣ ਗਈ ਸੀ। ਸਮਾਜ ਪੂਰੀ ਤਰ੍ਹਾਂ ਸਾਹ-ਸਤ ਹੀਣ ਹੋ ਚੁਕਾ ਸੀ। ਅਜਿਹੇ ਘੋਰ ਨਿਰਾਸ਼ਾ ਦੇ ਦੌਰ ਵਿਚ ਸਤਿਗੁਰੂ ਰਾਮ ਸਿੰਘ ਆਜ਼ਾਦੀ ਦਾ ਸੂਰਜ ਬਣ ਕੇ ਪ੍ਰਗਟੇ।
ਸਤਿਗੁਰੂ ਰਾਮ ਸਿੰਘ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਫੋਕੇ ਕਰਮ ਕਾਂਡ ਤੋਂ ਵਰਜਿਆ। ਧਾਰਮਿਕ ਜਾਗਰੂਕਤਾ ਅਤੇ ਸਿਆਸੀ ਚੇਤਨਾ ਪੈਦਾ ਕੀਤੀ। ਜਿਨ੍ਹਾਂ ਪਹਿਲੂਆਂ ਦੀ ਕਮਜੋਰੀ ਕਰਕੇ ਦੇਸ਼ ਗੁਲਾਮ ਹੋਇਆ ਸੀ, ਉਨ੍ਹਾਂ ਤੋਂ ਸਮਾਜ ਨੂੰ ਸਸ਼ਕਤ ਕਰਨ ਲਈ ਉਨ੍ਹਾਂ ਕਈ ਯਤਨ ਕੀਤੇ।
ਧਾਰਮਿਕ ਪੁਨਰ-ਉਥਾਨ
-ਆਤਮਿਕ ਸ਼ਕਤੀ ਪੈਦਾ ਕਰਨ ਲਈ ਨਾਮ ਅਤੇ ਬਾਣੀ ਦਾ ਪ੍ਰਚਾਰ ਕੀਤਾ।
-ਸਿੱਖ ਧਰਮ ਦੇ ਮੁਢਲੇ ਅਸੂਲ, ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ’ ਦਾ ਉਪਦੇਸ਼ ਦਿੱਤਾ।
-ਜੂਠ ਅਤੇ ਝੂਠ ਦਾ ਤਿਆਗ ਕਰਨ ਤੇ ਸੱਚ-ਸੁੱਚ ਦੇ ਧਾਰਨੀ ਬਣਨ ਲਈ ਪ੍ਰੇਰਿਆ।
-ਆਪਣੇ ਗੌਰਵਮਈ ਵਿਰਸੇ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਕੇ ਈਸਾਈ ਪਾਦਰੀਆਂ ਵਲੋਂ ਕੀਤੀ ਜਾ ਰਹੀ ਧਰਮ ਬਦਲੀ ਨੂੰ ਠੱਲ੍ਹ ਪਾਈ।
-ਮਾਸ, ਸ਼ਰਾਬ ਅਤੇ ਤੰਬਾਕੂ ਆਦਿ ਤਾਮਸੀ ਭੋਜਨ ਅਤੇ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਵਰਜਿਆ। ਸ਼ੁੱਧ ਸ਼ਾਕਾਹਾਰੀ ਅਤੇ ਸੁੱਚ-ਸੋਧ ਦਾ ਭੋਜਨ ਖਾਣ ਲਈ ਪ੍ਰੇਰਿਆ।
-ਸ੍ਰੀ ਭੈਣੀ ਸਾਹਿਬ ਵਿਖੇ ਲਿਖਾਰੀ ਸਿੱਖਾਂ ਤੋਂ ਗੁਰਬਾਣੀ ‘ਤੇ ਆਧਾਰਿਤ ਨਿਤਨੇਮ ਦੀਆਂ ਪੋਥੀਆਂ ਲਿਖਵਾ ਕੇ, ਲੋਕਾਂ ਨੂੰ ਗੁਰਬਾਣੀ ਪੜ੍ਹਨ ਲਈ ਪ੍ਰੇਰਿਆ। ਸਭ ਤੋਂ ਪਹਿਲਾਂ ਆਫਤਾਬ ਪ੍ਰੈਸ, ਲਾਹੌਰ ਤੋਂ ਸ੍ਰੀ ਆਦਿ ਗ੍ਰੰਥ ਸਾਹਿਬ ਦੀਆਂ ਬੀੜਾਂ ਛਪਵਾਈਆਂ।
-ਟਕਸਾਲੀ ਰੀਤਾਂ ਅਨੁਸਾਰ ਤੰਤੀ ਸਾਜਾਂ ਨਾਲ ਕੀਰਤਨ ਅਤੇ ਢੋਲਕ ਛੈਣਿਆਂ ਨਾਲ ਗੁਰਬਾਣੀ ਦੀਆਂ ਇਲਾਹੀ ਧੁਨਾਂ ਨੇ ਲੋਕਾਂ ਨੂੰ ਏਨੇ ਨਿਰਭੈ ਕਰ ਦਿੱਤਾ ਕਿ ਲੋਕ ਉਚੀ ਉਚੀ ਕੂਕਣ ਲੱਗੇ,
ਇਹ ਮਲੇਛ ਨੰਦਨੋਂ ਆਏ,
ਏਨਾਂ ਬੁੱਚੜਖਾਨੇ ਲਾਏ,
ਸਾਨੂੰ ਦੁੱਖ ਗਊਆਂ ਦਾ ਖਾਏ,
ਸਿੰਘੋ ਸੀਸ ਦੇਵਣੇ ਆਏ,
ਨਾਏ ਕਰਤਾਰ ਦੇ।
ਕੁਝ ਵਰ੍ਹਿਆਂ ਵਿਚ ਹੀ ਲੱਖਾਂ ਲੋਕ ਮਾਸ਼-ਸ਼ਰਾਬ ਅਤੇ ਵਿਸ਼ੇ-ਵਿਕਾਰਾਂ ਦਾ ਤਿਆਗ ਕਰਕੇ ਰਿਸ਼ੀਆਂ-ਮੁਨੀਆਂ ਵਰਗੇ ਦੇਵ ਪੁਰਸ਼ ਬਣ ਗਏ। ਜਿਵੇਂ ਕਲਿਜੁਗ ਵਿਚ ਸਤਿਜੁਗ ਆ ਗਿਆ ਹੋਵੇ। ਗਿਆਨੀ ਗਿਆਨ ਸਿੰਘ ਗਵਾਹੀ ਭਰਦੇ ਹਨ,
ਫੀਮ, ਭੰਗ, ਪੋਸਤ, ਸ਼ਰਾਬ ਮਾਸ ਚੋਰੀ ਜਾਰੀ,
ਠੱਗੀ ਤਜ, ਥੀਏ ਸੰਤ, ਸਤਿਜੁਗ ਆ ਗਇਓ।
ਸਮਾਜ-ਸੁਧਾਰ
ਸਤਿਗੁਰੂ ਰਾਮ ਸਿੰਘ ਨੇ ਇਕ ਅਰੋਗ ਅਤੇ ਨਿੱਗਰ ਸਮਾਜ ਸਿਰਜਣ ਲਈ ਭਾਈਚਾਰਕ ਸਾਂਝ ਕਾਇਮ ਕਰਨ ਲਈ ਹਰ ਤਰ੍ਹਾਂ ਦੇ ਸ਼ੋਸ਼ਣ ਦਾ ਵਿਰੋਧ ਕੀਤਾ-ਭਾਵੇਂ ਉਹ ਰਾਜਿਆਂ ਵਲੋਂ ਪਰਜਾ ਦਾ, ਸ਼ਾਹੂਕਾਰਾਂ ਵਲੋਂ ਗਰੀਬਾਂ ਦਾ ਜਾਂ ਮਰਦਾਂ ਵਲੋਂ ਔਰਤਾਂ ਦਾ ਸ਼ੋਸ਼ਣ ਸੀ। ਇਥੋਂ ਤੱਕ ਕਿ ਵਿਆਜ ਲੈਣ ਅਤੇ ਉਧਾਰੇ ਦਾਣੇ ਦੇ ਕੇ ਸਵਾਏ ਜਾਂ ਡਿਉੜੇ ਲੈਣ ਨੂੰ ਵੱਡਾ ਗੁਨਾਹ ਆਖਿਆ। ਉਨ੍ਹਾਂ ਵਿਆਜ ਲੈਣ ਵਾਲੇ ਸਿੱਖ ਨੂੰ ਅੱਧਾ ਸਿੱਖ ਮੰਨਿਆ। ਖਾਸ ਕਰ ਹੇਠ ਲਿਖੇ ਸੁਧਾਰ ਕੀਤੇ:
-ਲੋਕਾਂ ਨੂੰ ਉਸ ਵੇਲੇ ਪ੍ਰਚਲਿਤ ਵਹਿਮਾਂ-ਭਰਮਾਂ ਅਤੇ ਕਰਮ-ਕਾਂਡ ਪ੍ਰਤੀ ਜਾਗਰੂਕ ਕੀਤਾ।
-ਸਮਾਜ ਦੇ ਅਨਿਖੜ ਅੰਗ ਔਰਤਾਂ ਨੂੰ ਬੰਧਨ-ਮੁਕਤ ਕਰਨ ਲਈ ਲੜਕੀਆਂ ਮਾਰਨੋਂ ਸਖਤੀ ਨਾਲ ਰੋਕਿਆ। ਕੁੜੀ ਦਾ ਮਾਰਨਾ ਗਊ ਹੱਤਿਆ ਤੋਂ ਵੀ ਵੱਡਾ ਪਾਪ ਦੱਸਿਆ।
-ਬਾਲ ਵਿਆਹ ‘ਤੇ ਰੋਕ ਲਾਉਣ ਲਈ ਰਹਿਤਨਾਮੇ ਵਿਚ ਹੁਕਮ ਜਾਰੀ ਕੀਤਾ, ‘ਪੰਦਰਾਂ ਸੋਲਾਂ ਬਰਸ ਤੇ ਘੱਟ ਕੋਈ ਕੁੜੀ ਨਾ ਵਿਆਹੇ।
-ਸਤੀ ਪ੍ਰਥਾ ਨੂੰ ਸਖਤੀ ਨਾਲ ਬੰਦ ਕੀਤਾ। ਵਿਧਵਾ ਵਿਆਹ ਸ਼ੁਰੂ ਕੀਤੇ।
-ਬੀਬੀਆਂ ਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਪੰਜ ਕੱਕਾਰਾਂ ਦੇ ਧਾਰਨੀ ਬਣਾਇਆ। ਦਾਜ ਅਤੇ ਅਡੰਬਰ ਰਹਿਤ ਗੁਰਮਤਿ ਅਨੰਦ ਮਰਿਆਦਾ ਸ਼ੁਰੂ ਕੀਤੀ।
-ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਲਈ ਹੁਕਮਨਾਮਾਂ ਜਾਰੀ ਕੀਤਾ: ਲੜਕੇ, ਲੜਕੀਆਂ ਨੂੰ ਗੁਰਮੁਖੀ ਅੱਖਰ ਪੜ੍ਹਾਉਣੇ, ਹੋਸ਼ ਆਉਂਦੀ ਦੇ ਨਾਲ।
-ਆਪ ਨੇ ਬੀਬੀਆਂ ਨੂੰ ਸਮਾਜਕ ਬੰਧਨਾਂ ਤੋਂ ਮੁਕਤ ਕਰਕੇ ਜਥੇਦਾਰੀ ਅਤੇ ਸੂਬਾ ਪਦਵੀ ਬਖਸ਼ ਕੇ ਧਾਰਮਿਕ ਅਤੇ ਸਿਆਸੀ ਸੰਗਰਾਮ ਦੇ ਭਾਈਵਾਲ ਬਣਾਇਆ।
ਸਿਆਸੀ ਚੇਤਨਾ
ਜਿਸ ਬਰਤਾਨਵੀ ਹਕੂਮਤ ਦੇ ਰਾਜ ਵਿਚ ਸੂਰਜ ਨਹੀਂ ਸੀ ਛਿਪਦਾ, ਉਸ ਸਾਮਰਾਜ ਤੋਂ ਭਾਰਤ ਨੂੰ ਮੁਕਤ ਕਰਵਾਉਣ ਲਈ ਸਤਿਗੁਰੂ ਰਾਮ ਸਿੰਘ ਨੇ ਸਿਆਸੀ ਚੇਤਨਾ ਪੈਦਾ ਕੀਤੀ, ਵਿਦੇਸ਼ੀ ਹਕੂਮਤ ਦੀਆਂ ਲੋਕ-ਵਿਰੋਧੀ ਨੀਤੀਆਂ ਪ੍ਰਤੀ ਸਮਾਜ ਨੂੰ ਜਾਗਰੂਕ ਕੀਤਾ ਤੇ ਬਹੁਮੁਖੀ ਆਜ਼ਾਦੀ ਸੰਗਰਾਮ ਅਰੰਭਿਆ। ਸਤਿਗੁਰੂ ਰਾਮ ਸਿੰਘ ਵਿਸ਼ਵ ਭਰ ਦੇ ਇਤਿਹਾਸ ਵਿਚ ਪਹਿਲੇ ਨੀਤੀ-ਵੇਤਾ ਹਨ, ਜਿਨ੍ਹਾਂ ਨੇ:
1. ਵਿਦੇਸ਼ੀ ਹਕੂਮਤ ਨਾਲ ਨਾ-ਮਿਲਵਰਤਣ, ਅੰਗਰੇਜ਼ੀ ਵਪਾਰ ਅਤੇ ਨੌਕਰੀਆਂ ਦੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ।
2. ਗੁਰੂ ਦੀਖਿਆ ਦੇ ਨਾਲ ਇਹ ਵੀ ਆਪ ਦੇ ਮੂਲ-ਮੰਤਰ ਵਾਂਗ ਹੀ ਸੀ ਕਿ ਬਿੱਲਿਆਂ ਦੀ ਨੌਕਰੀ ਨਹੀਂ ਕਰਨੀ, ਇਨ੍ਹਾਂ ਦੀ ਬਣੀ ਕੋਈ ਚੀਜ਼ ਨਹੀਂ ਵਰਤਣੀ।
3. ਅੰਗਰੇਜ਼ੀ ਰੇਲ ਅਤੇ ਡਾਕ-ਤਾਰ ਦਾ ਵੀ ਬਾਈਕਾਟ ਕੀਤਾ।
4. ਅੰਗਰੇਜ਼ੀ ਸਕੂਲਾਂ ਅਤੇ ਕਚਹਿਰੀਆਂ ਦਾ ਬਾਈਕਾਟ ਕੀਤਾ।
5. ਅੰਗਰੇਜ਼ੀ ਮਿੱਲਾਂ ਦੇ ਬਣੇ ਕੱਪੜੇ ਅਤੇ ਚੀਨੀ ਆਦਿ ਵੀ ਵਰਤਣੋਂ ਰੋਕਿਆ।
ਉਹ ਜਾਣਦੇ ਸਨ ਕਿ ਅੰਗਰੇਜ਼ ਵਪਾਰੀ ਹਨ-ਇਨ੍ਹਾਂ ਨੂੰ ਕਮਜ਼ੋਰ ਕਰਨ ਲਈ ਇਨ੍ਹਾਂ ਦੇ ਵਪਾਰ ਨੂੰ ਸੱਟ ਮਾਰੀ ਜਾਵੇ ਤਾਂ ਇਹ ਆਪੇ ਇਥੋਂ ਚਲੇ ਜਾਣਗੇ। ਅੰਗਰੇਜ਼ੀ ਮਿੱਲਾਂ ਦੇ ਬਣੇ ਮਾਲ ਨਾਲ ਸਾਡੇ ਦੇਸੀ ਵਪਾਰ ਠੱਪ ਹੋ ਰਹੇ ਸਨ। ਇਸ ਲਈ ਉਨ੍ਹਾਂ ਵਿਦੇਸ਼ੀ ਸਮਾਨ ਦੇ ਬਾਈਕਾਟ ਦੇ ਨਾਲ ਸਵਦੇਸ਼ੀ ਦਾ ਪ੍ਰਚਾਰ ਕੀਤਾ, ਜਿਵੇਂ,
-ਅੰਗਰੇਜ਼ਾਂ ਦੀ ਬਣਾਈ ਰੇਲ ਦੀ ਥਾਂ ਆਵਾਜਾਈ ਦੇ ਆਪਣੇ ਸਾਧਨ ਵਰਤਣ ਲਈ ਕਿਹਾ।
-ਡਾਕ-ਤਾਰ ਦਾ ਬਾਈਕਾਟ ਕਰਕੇ ਹਲਕਾਰਿਆਂ ਰਾਹੀਂ ਆਪਣੇ ਸੰਦੇਸ਼ ਭੇਜਣ ਦਾ ਅਨੋਖਾ ਅਤੇ ਕਾਮਯਾਬ ਪ੍ਰਬੰਧ ਕੀਤਾ, ਜਿਸ ਨੂੰ ਸਰਕਾਰੀ ਦਸਤਾਵੇਜ਼ਾਂ ਵਿਚ ‘ਕੂਕਾ ਪੋਸਟਲ ਸਰਵਿਸ’ ਦਾ ਨਾਂ ਦਿੱਤਾ ਗਿਆ। ਅੰਗਰੇਜ਼ਾਂ ਨੇ ਵੀ ਮੰਨਿਆ ਕਿ ਕੂਕਿਆਂ ਦੀ ਡਾਕ ਸਾਡੀ ਡਾਕ ਤੋਂ ਛੇਤੀ ਪੁੱਜਦੀ ਹੈ ਅਤੇ ਪੂਰੀ ਤਰ੍ਹਾਂ ਸਰਕਾਰੀ ਪਕੜ ਤੋਂ ਬਾਹਰ ਹੈ। ਇਸ ਦੇ ਸੰਚਾਲਕ ਸੂਬਾ ਸਾਹਿਬ ਸਿੰਘ ਸਨ।
-ਆਪਣੀਆਂ ਧਰਮਸ਼ਾਲਾਵਾਂ ਅਤੇ ਗੁਰਦੁਆਰਿਆਂ ਵਿਚ ਬੱਚਿਆਂ ਨੂੰ ਪੜ੍ਹਾਉਣ ਦਾ ਪ੍ਰਬੰਧ ਕੀਤਾ। ਕੁਝ ਥਾਂਈਂ ਗੁਰਮਤਿ ਵਿਦਿਆਲੇ ਵੀ ਸਥਾਪਤ ਕੀਤੇ, ਜਿਥੇ ਅੱਖਰੀ ਗਿਆਨ ਦੇ ਨਾਲ ਦੇਸ਼ ਭਗਤੀ ਦੀ ਸਿਖਿਆ ਦਿੱਤੀ ਜਾਂਦੀ ਸੀ, ਜਦੋਂ ਕਿ ਅੰਗਰੇਜ਼ਾਂ ਦੇ ਬਣਾਏ ਸਕੂਲਾਂ ਵਿਚ ਅੰਗਰੇਜ਼ੀ ਸਰਕਾਰ ਦੇ ਸੋਹਿਲੇ ਗਾਏ ਜਾਂਦੇ ਅਤੇ ਬੱਚਿਆਂ ਨੂੰ ਮਾਨਸਿਕ ਤੌਰ ‘ਤੇ ਗੁਲਾਮ ਬਣਾਇਆ ਜਾਂਦਾ ਸੀ।
-ਆਪਣੇ ਤੌਰ ‘ਤੇ ਉਲੀਕੇ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇਣ ਅਤੇ ਲੋਕਾਂ ਨੂੰ ਵਿਦੇਸ਼ੀ ਹਕੂਮਤ ਦੀਆਂ ਕੁਟਲਨੀਤੀਆਂ ਤੋਂ ਜਾਣੂ ਕਰਵਾਉਣ ਲਈ 22 ਸੂਬੇ ਥਾਪੇ, ਉਨ੍ਹਾਂ ਦੇ ਅੱਗੇ ਨਾਇਬ ਸੂਬੇ, ਜਥੇਦਾਰ ਅਤੇ ਮਹੰਤ ਕਾਇਮ ਕੀਤੇ-ਇਨ੍ਹਾਂ ਸਭ ‘ਤੇ ਸਤਿਗੁਰੂ ਰਾਮ ਸਿੰਘ ਆਪ ਸਨ, ਜਿਸ ਕਰਕੇ ਲੋਕ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਆਖਦੇ ਸਨ। ਅੰਗਰੇਜ਼ੀ ਹਕੂਮਤ ਦੇ ਮੁਕਾਬਲੇ ਇਕ ਤਰ੍ਹਾਂ ਦੀ ਆਪਣੀ ਹੀ ਸਮਾਨੰਤਰ ਸਰਕਾਰ ਕਾਇਮ ਕਰ ਲਈ।
-ਨਾਮਧਾਰੀ ਸਿੱਖ ਅੰਗਰੇਜ਼ੀ ਅਦਾਲਤਾਂ ਵਿਚ ਨਹੀਂ ਸਨ ਜਾਂਦੇ, ਇਸ ਲਈ ਨਾਮਧਾਰੀ ਸਿੱਖਾਂ ਦੇ ਝਗੜੇ-ਝਾਂਜਿਆਂ ਦੇ ਫੈਸਲੇ ਸੂਬੇ ਜਾਂ ਜਥੇਦਾਰ ਕਰਦੇ ਸਨ।
-ਗਵਾਂਢੀ ਦੇਸ਼ਾਂ ਨਾਲ ਸਬੰਧ ਕਾਇਮ ਕਰਨ ਲਈ ਆਪਣੇ ਦੂਤ ਭੇਜੇ, ਜਿਨ੍ਹਾਂ ਰਾਹੀਂ ਤੋਹਫਿਆਂ ਦਾ ਲੈਣ-ਦੇਣ ਹੁੰਦਾ ਸੀ। ਇਕ ਤਰ੍ਹਾਂ ਇਹ ਪ੍ਰਬੰਧ ਗਵਾਂਢੀ ਰਾਜਾਂ ਦੀ ਮਦਦ ਨਾਲ ਭਾਰਤ ਨੂੰ ਆਜ਼ਾਦ ਕਰਵਾਉਣ ਦੀਆਂ ਯੋਜਨਾਵਾਂ ਸਨ।
-ਸੁਤੰਤਰ ਰਾਜ ਦੀ ਲੋੜ ਲਈ ਆਪਣੀ ਫੌਜ ਦਾ ਹੋਣਾ ਵੀ ਜਰੂਰੀ ਹੈ। ਫਲਸਰੂਪ, ਆਜ਼ਾਦ ਸਟੇਟ ਕਸ਼ਮੀਰ ਵਿਚ ‘ਕੂਕਾ ਰੈਜੀਮੈਂਟ’ ਕਾਇਮ ਕੀਤੀ।
-ਸਿੱਖ ਗੁਰੂ ਸਾਹਿਬਾਨ ਅਤੇ ਸੂਰਬੀਰ ਸਿੱਖਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਮੁੜ ਕੇ ਦੁਹਰਾਇਆ। ਸੰਗਤਾਂ ਨੂੰ ਦੇਸ਼, ਧਰਮ ਅਤੇ ਅਣਖ ਵਾਸਤੇ ਕੁਰਬਾਨੀ ਦਾ ਸਬਕ ਸਿਖਾਇਆ।
-ਜਾਬਰ ਅੰਗਰੇਜ਼ ਹਕੂਮਤ ਪ੍ਰਤੀ ਨਾਬਰੀ ਦੀ ਮਿਸਾਲ ਕਾਇਮ ਕੀਤੀ, ਤਿੰਨ ਵਾਰ ਸੱਤਿਆਗ੍ਰਹਿ ਕੀਤਾ, ਹਾਕਮਾਂ ਦੀਆਂ ਪਾਬੰਦੀਆਂ ਤੋੜ ਕੇ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਗਏ।
-1871 ਅਤੇ 1872 ਈ. ਵਿਚ ਨਾਮਧਾਰੀ ਸਿੱਖਾਂ ਨੇ ਬਾਗਾਂਵਾਲਾ, ਸ੍ਰੀ ਅੰਮ੍ਰਿਤਸਰ, ਰਾਇਕੋਟ ਅਤੇ ਮਲੇਰਕੋਟਲਾ ਵਿਖੇ ਅੰਗਰੇਜ਼ ਹਕੂਮਤ ਦੇ ਕਾਇਮ ਕੀਤੇ ਬੁੱਚੜਖਾਨਿਆਂ ‘ਤੇ ਹਮਲੇ ਕੀਤੇ। ਇਸ ਨੂੰ ਹਕੂਮਤ ਨੇ ਆਪਣੇ ਵਿਰੁਧ ਖੁੱਲ੍ਹੀ ਬਗਾਵਤ ਸਮਝਿਆ। ਨਾਮਧਾਰੀ ਸਿੱਖਾਂ ਨੂੰ ਫਾਂਸੀ ‘ਤੇ ਲਟਕਾ ਕੇ ਅਤੇ ਤੋਪਾਂ ਨਾਲ ਉਡਾ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਸਮੇਂ ਸ਼ਹਾਦਤ ਦੀ ਕਸਵੱਟੀ ‘ਤੇ ਨਾਮਧਾਰੀ ਸਿੱਖਾਂ ਨੇ ਬਹਾਦਰੀ ਦੇ ਉਹੀ ਕੀਰਤੀਮਾਨ ਮੁੜ ਕੇ ਦੁਹਰਾਏ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਕਾਇਮ ਕੀਤੇ ਸਨ। ਗਿਆਨੀ ਗਿਆਨ ਸਿੰਘ ਗਵਾਹੀ ਭਰਦੇ ਹਨ,
ਉਨ ਸਿੰਘਨ ਕਾ ਹਾਲ ਤੋ
ਲਿਖਯੋ ਕਿਤਾਬਨ ਮਾਹਿ,
ਹਮ ਨਿਜ ਨੈਣਨ ਜੋ ਪਿਖਿਯੋ
ਸੋ ਅਬ ਸਾਚ ਸੁਨਾਹਿ।
ਉਨ ਹਿਤ ਹੁਕਮ ਅੰਗ੍ਰਜ਼ੀ ਆਇਯੋ
ਇਨ ਕੋ ਤੋਪਨ ਸੰਗ ਉਡਾਯੋ।
ਜਬ ਇਹ ਹੁਕਮ ਸੁਨ ਪਾਯੋ
ਖੁਸ਼ੀ ਭਏ ਅਤਿ ਹੀਯ ਹੁਲਸਾਯੋ।
ਦੀਵੇ ਪਰ ਜਿਉਂ ਆਇ ਪਤੰਗੇ,
ਤਿਉਂ ਤੋਪਨ ਦਿਸ ਜਾਇ ਨਿਸੰਗੇ।
ਉਡੇ ਖੁਸ਼ੀ ਹੈ ਹੈ ਕਰ ਸਾਰੇ,
ਜਰਾ ਨਾ ਕੀਨੇ ਪ੍ਰਾਣ ਪਯਾਰੇ।
ਇਹ ਸਿੰਘਨ ਕੀ ਰੀਤੀ ਵਰ ਹੈਂ,
ਸਸਤ੍ਰਨ ਕੀ ਮ੍ਰਿਤ ਤੇ ਨਹਿ ਡਰਿ ਹੈਂ॥
ਗਿਆਨੀ ਗਿਆਨ ਸਿੰਘ ਨਾਮਧਾਰੀ ਸਿੱਖਾਂ ਦੇ ਸਾਬਤ ਸੂਰਤ ਸਿੱਖੀ ਸਰੂਪ ਅਤੇ ਗੁਰਮਤਿ ਜੀਵਨ ਸ਼ੈਲੀ ਬਾਰੇ ਵੀ ਲਿਖਦੇ ਹਨ।
ਸ਼ੁਕਲ ਬਸਨ ਮਾਲਾ, ਸੂਧੀ ਦਸਤਾਰ ਦਾੜੀ,
ਕਰ ਹੈਂ ਹਮਨ, ਪਾਠ ਗੰ੍ਰਥ ਗੁਰੂ ਜੂ ਕੇ ਹੈ।
ਦਸਮੇਂ ਗੁਰੂ ਜੇ ਸਿੰਘ ਸਾਦਕ ਸਹੀ ਹੈਂ ਸਭ,
ਲਾਲਸਾ ਲਲਾਮ ਰਾਜ ਲੈਬੇ ਕੀ ਅਚੂਕੇ ਹੈਂ॥
ਮਲੇਰਕੋਟਲੇ ਦੇ ਸ਼ਹੀਦੀ ਸਾਕੇ ਵਾਲੇ ਦਿਨ 17-18 ਜਨਵਰੀ 1872 ਦੀ ਰਾਤ ਨੂੰ ਹੀ ਸਤਿਗੁਰੂ ਰਾਮ ਸਿੰਘ ਨੂੰ ਸੇਵਕ ਨਾਨੂੰ ਸਿੰਘ ਤੇ ਪ੍ਰਮੁੱਖ ਸੂਬਿਆਂ ਸਮੇਤ ਭੈਣੀ ਸਾਹਿਬ ਤੋਂ ਲੁਧਿਆਣੇ ਅਤੇ ਲੁਧਿਆਣੇ ਤੋਂ ਵਿਸ਼ੇਸ਼ ਰੇਲ ਰਾਹੀਂ ਇਲਾਹਾਬਾਦ ਕਿਲੇ ਵਿਚ ਪੁਚਾ ਦਿੱਤਾ ਗਿਆ। ਇਸ ਪਿਛੋਂ ਨਾਮਧਾਰੀ ਪੰਥ ‘ਤੇ ਸਖਤੀਆਂ ਦਾ ਦੌਰ ਸ਼ੁਰੂ ਹੋਇਆ। 19 ਜਨਵਰੀ 1872 ਈ. ਨੂੰ ਸ੍ਰੀ ਭੈਣੀ ਸਾਹਿਬ ਗੁਰਦੁਆਰੇ ਦੀ ਡਿਓੜੀ ਅੱਗੇ ਸਥਾਈ ਪੁਲਿਸ ਚੌਂਕੀ ਬਿਠਾ ਦਿੱਤੀ ਗਈ, ਜੋ 1923 ਈ. ਤੱਕ, 51 ਵਰ੍ਹੇ ਕਾਇਮ ਰਹੀ। ਇਹ ਚੌਂਕੀ ਗੁਰਦੁਆਰੇ ਰਹਿੰਦੇ ਅਤੇ ਦਰਸ਼ਨ ਕਰਨ ਆਏ ਸਿੱਖਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ। ਪਿੰਡੋ-ਪਿੰਡੀ ਨਾਮਧਾਰੀ ਸਿੱਖਾਂ ਨੂੰ ਜੂਹ ਬੰਦ ਕਰ ਦਿੱਤਾ ਗਿਆ ਤੇ ਉਹ ਸਰਕਾਰੀ ਆਗਿਆ ਤੋਂ ਬਿਨਾ ਕਿਤੇ ਆ-ਜਾ ਨਹੀਂ ਸਨ ਸਕਦੇ, ਜਿਵੇਂ,
-ਪਹਿਲੋਂ ਭੈਣੀ ਸਾਹਿਬ ਵਿਖੇ ਕੇਵਲ ਪੰਜ ਸਿੱਖਾਂ ਨੂੰ ਆਉਣ ਦੀ ਆਗਿਆ ਦਿੱਤੀ; ਫੇਰ 10 ਸਿੰਘ ਰੋਜ਼ਾਨਾ ਦਰਸ਼ਨ ਕਰਨ ਆ ਸਕਦੇ ਸਨ, ਪਰ ਉਹ ਮੁੜ ਛੇ ਮਹੀਨੇ ਨਹੀਂ ਸਨ ਆ ਸਕਦੇ।
-ਸਤਿਗੁਰੂ ਰਾਮ ਸਿੰਘ ਨੂੰ 9 ਮਾਰਚ 1872 ਨੂੰ ਸੇਵਕ ਨਾਨੂੰ ਸਿੰਘ ਸਮੇਤ ਇਲਾਹਾਬਾਦ ਤੋਂ ਰੇਲ ਰਾਹੀਂ ਕਲਕੱਤੇ ਅਤੇ ਅੱਗੇ ਸਮੁੰਦਰੀ ਜਹਾਜ ਰਾਹੀਂ 16 ਮਾਰਚ ਤੱਕ ਰੰਗੂਨ (ਬਰਮਾ) ਜਲਾਵਤਨ ਕਰ ਦਿੱਤਾ ਗਿਆ। ਉਨ੍ਹਾਂ ਦੇ ਸਾਥੀ ਸੂਬਿਆਂ ਨੂੰ ਵੀ ਇਲਾਹਾਬਾਦ ਕਿਲੇ ‘ਚੋਂ ਦੂਰ-ਦੁਰਾਡੇ ਵੱਖੋ-ਵੱਖ ਦਿਸ਼ਾਵਾਂ ਵਿਚ ਭੇਜ ਕੇ ਕੈਦ ਕਰ ਦਿਤਾ, ਕੂਕੇ ਸ਼ੇਰਾਂ ‘ਤੇ ਸਖਤੀਆਂ ਦੀ ਕਹਾਣੀ ਪੇਸ਼ ਕਰਦੇ ਕਿਲਿਆਂ ਦੇ ਨਾਂ ਹਨ-ਅਦਨ (ਯਮਨ), ਚੁਨਾਰ (ਉਤਰ ਪ੍ਰਦੇਸ਼), ਅਸੀਰਗੜ੍ਹ (ਮਹਾਂਰਾਸ਼ਟਰ), ਹਜ਼ਾਰੀ ਬਾਗ, ਮੌਲਮੀਨ (ਬਰਮਾ)।
-ਸਤਿਗੁਰੂ ਰਾਮ ਸਿੰਘ ਨੂੰ ਰੰਗੂਨ ਤੋਂ ਅੱਠ ਵਰ੍ਹਿਆਂ ਬਾਅਦ ਮਰਗੋਈ ਭੇਜ ਦਿਤਾ ਗਿਆ।
-ਪ੍ਰਮੁੱਖ ਸੂਬਿਆਂ ਤੋਂ ਬਿਨਾ ਹੋਰ ਵੀ ਨਾਮਧਾਰੀ ਸਿੰਘਾਂ ਨੇ ਸਜ਼ਾਵਾਂ ਭੁਗਤੀਆਂ, ਕੈਦਾਂ ਕੱਟੀਆਂ। ਸੈਲੂਲਰ ਜੇਲ੍ਹ (ਅੰਡੇਮਾਨ) ਵਿਚ 10 ਨਾਮਧਾਰੀ ਸਿੰਘ ਗਏ ਤੇ ਉਥੇ ਹੀ ਸ਼ਹੀਦ ਹੋਏ। ਇਸ ਤੋਂ ਬਿਨਾ ਲਾਹੌਰ, ਮੁਲਤਾਨ, ਬਹਾਦਰਗੜ੍ਹ ਆਦਿ ਸ਼ਹਿਰਾਂ ਦੀਆਂ ਜੇਲ੍ਹਾਂ ਅਤੇ ਕਿਲੇ ਨਾਮਧਾਰੀ ਸਿੰਘਾਂ ‘ਤੇ ਹੋਏ ਤਸ਼ੱਦਦ ਦੀ ਗਵਾਹੀ ਭਰਦੇ ਹਨ।
ਸਤਿਗੁਰੂ ਰਾਮ ਸਿੰਘ ਇੱਕ ਸਰਬਪੱਖੀ ਨਾਇਕ ਸਨ, ਇੱਕ ਵਿਲੱਖਣ ਰਹਿਨੁਮਾ, ਸਮਰੱਥ ਅਧਿਆਤਮਕ ਗੁਰੂ ਅਤੇ ਮਹਾਨ ਸਮਾਜ ਸੁਧਾਰਕ ਤੇ ਸਫਲ ਨੀਤੀ ਵੇਤਾ ਸਨ। ਉਨ੍ਹਾਂ ਇੱਕ ਸਾਧਾਰਨ ਪਰਿਵਾਰ ‘ਚੋਂ ਉਠ ਕੇ ਕਾਮਯਾਬ ਲੋਕ ਲਹਿਰ ਖੜੀ ਕੀਤੀ। ਬਰਤਾਨਵੀ ਹਾਕਮ ਇਸ ਗੱਲੋਂ ਬੜੇ ਪ੍ਰੇਸ਼ਾਨ ਸਨ ਕਿ ਜੰਗੇ-ਮੈਦਾਨ ਵਿਚ ਜੋ ਲੜਾਈ ਉਹ ਤੋਪਾਂ-ਤਲਵਾਰਾਂ ਤੇ ਛਲ-ਕਪਟ ਨਾਲ ਜਿੱਤ ਚੁਕੇ ਸਨ, ਉਹ ਇੱਕ ਪਿੰਡ ਦੇ ਕੱਚੇ ਕੋਠਿਆਂ ‘ਚੋਂ ਸ਼ੁਰੂ ਹੋ ਕੇ, ਲੋਕ ਲਹਿਰ ਦੇ ਰੂਪ ਵਿਚ ਭਾਂਬੜ ਦਾ ਰੂਪ ਕਿਵੇਂ ਅਖਤਿਆਰ ਕਰ ਗਈ! ਕੂਕਿਆਂ ਕੋਲ ਨਾ ਕਿਲੇ ਹਨ, ਨਾ ਤੋਪਾਂ ਤੇ ਬੰਦੂਕਾਂ ਅਤੇ ਨਾ ਹੀ ਕੋਈ ਫੌਜ ਹੈ। ਇਹ ਤਾਂ ਮਰਜੀਵੜਿਆਂ ਦਾ ਸਮੂਹ ਸੀ ਤੇ ਜਨਤਕ-ਅੰਦੋਲਨ ਸੀ, ਜੋ ਜ਼ਾਬਰ ਹਕੂਮਤ ਪ੍ਰਤੀ ਨਾਬਰ ਸੀ, ਉਨ੍ਹਾਂ ਦੀ ਈਨ ਨਹੀਂ ਸੀ ਮੰਨਦਾ ਅਤੇ ਲਗਾਤਾਰ ਫੈਲਦਾ ਜਾ ਰਿਹਾ ਸੀ। ਬਰਤਾਨਵੀ ਹਾਕਮ ਇਸ ਗੱਲੋਂ ਵੀ ਪ੍ਰੇਸ਼ਾਨ ਸਨ ਕਿ ਲੋਕ ਸਤਿਗੁਰੂ ਰਾਮ ਸਿੰਘ ਨੂੰ ‘ਸੱਚਾ ਪਾਤਸ਼ਾਹ’ ਆਖਦੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਅੰਗਰੇਜ਼ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਨੂੰ ਜਲਾਵਤਨ ਕਰ ਦਿੱਤਾ। ਉਨ੍ਹਾਂ ਨੂੰ ਰੰਗੂਨ (ਬਰਮਾ) ਉਸੇ ਬੰਗਲੇ ਵਿਚ ਰੱਖਿਆ ਗਿਆ, ਜਿਥੇ ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਨੂੰ ਰੱਖਿਆ ਗਿਆ ਸੀ। ਇਤਿਹਾਸ ਗਵਾਹ ਹੈ ਕਿ ਤਲਵਾਰ ਦੇ ਜੋਰ ਨਾਲ ਧਰਤੀ ‘ਤੇ ਰਾਜ ਕਰਨ ਵਾਲੇ ਬਾਦਸ਼ਾਹ ਦੇ ਜ਼ਬਰ ਦਾ ਟਾਕਰਾ ਹੱਕ, ਸੱਚ, ਨੇਕੀ ਅਤੇ ਪਰਉਪਕਾਰੀ ਗੁਣਾਂ ਸਦਕਾ ਦਿਲਾਂ ‘ਤੇ ਰਾਜ ਕਰਨ ਵਾਲੇ ਸੱਚੇ ਪਾਤਸ਼ਾਹ ਸਬਰ ਅਤੇ ਦ੍ਰਿੜਤਾ ਨਾਲ ਕਰਦੇ ਰਹੇ ਹਨ। ‘ਬਾਬੇ ਕੇ ਬਾਬਰ ਕੇ ਦੋਊ’ ਆਦਿ ਕਾਲ ਤੋਂ ਚਲਦੇ ਆਏ ਹਨ, ਪਰ ਜਿੱਤ ਹਮੇਸ਼ਾ ਸੱਚੀ ਪਾਤਸ਼ਾਹੀ ਦੀ ਹੀ ਹੁੰਦੀ ਰਹੀ ਹੈ। ਮਿਸਾਲ ਵਜੋਂ,
1. ਬਾਦਸ਼ਾਹ ਬਹਾਦਰ ਸ਼ਾਹ ਜ਼ਫਰ, 1857 ਦੇ ਗਦਰ ਦਾ ਨਾਇਕ, ਬਾਬਰ ਦੀ 14ਵੀਂ ਪੀੜ੍ਹੀ ਜਿਨ੍ਹਾਂ ਨੇ ਕਰੀਬ ਤਿੰਨ ਸਦੀਆਂ ਭਾਰਤ ‘ਤੇ ਰਾਜ ਕੀਤਾ।
2. ਸਤਿਗੁਰੂ ਰਾਮ ਸਿੰਘ, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਸਾਧਾਰਨ ਕਿਰਤੀ ਪਰਿਵਾਰ ‘ਚੋਂ ਸਨ।
3. ਬਹਾਦਰ ਸ਼ਾਹ ਜ਼ਫਰ ਰਜਵਾੜਿਆਂ ਅਤੇ ਤਨਖਾਹਦਾਰ ਸੈਨਾ ਦੇ ਪ੍ਰਮੁੱਖ ਸਨ।
4. ਸਤਿਗੁਰੂ ਰਾਮ ਸਿੰਘ ਜਨ ਸਾਧਾਰਨ ਦੇ ਬਿਨ ਤਨਖਾਹੋਂ ਸੀਸ ਤਲੀ ‘ਤੇ ਰੱਖ ਕੇ ਕੁਰਬਾਨ ਹੋਣ ਵਾਲੇ ਸਿੱਖਾਂ ਦੇ ਰੂਹਾਨੀ ਰਹਿਬਰ ਸਨ।
5. ਬਹਾਦਰ ਸ਼ਾਹ ਦੀ ਜਲਾਵਤਨੀ ਦੌਰਾਨ ਨਾ ਤਾਂ ਉਸ ਦੇ ਅੰਦੋਲਨਕਾਰੀ ਸਾਥੀਆਂ ਨੇ ਉਸ ਤੱਕ ਪਹੁੰਚ ਕੀਤੀ ਅਤੇ ਨਾ ਹੀ ਬਹਾਦਰ ਸ਼ਾਹ ਦਾ ਦੇਸ਼ ਵਾਸੀਆਂ ਨਾਲ ਕੋਈ ਸੰਪਰਕ ਕਾਇਮ ਹੋ ਸਕਿਆ। ਉਸ ਨੇ ਨਿਰਾਸ਼ਾ ਵਿਚ ਜ਼ਿੰਦਗੀ ਦੇ ਦਿਨ ਹੀ ਪੂਰੇ ਕੀਤੇ। ਅੰਗਰੇਜ਼ ਸਰਕਾਰ ਨੂੰ ਵੀ ਬਾਦਸ਼ਾਹ ਤੋਂ ਕੋਈ ਖਤਰਾ ਨਹੀਂ ਸੀ ਜਾਪਦਾ।
6. ਦੂਜੇ ਪਾਸੇ ਸਤਿਗੁਰੂ ਰਾਮ ਸਿੰਘ ਨੂੰ ਜਲਾਵਤਨੀ ਦੌਰਾਨ ਸਖਤ ਪਹਿਰੇ ਵਿਚ ਰੱਖਿਆ ਗਿਆ। ਸਖਤ ਹਦਾਇਤਾਂ ਸਨ ਕਿ ਕੋਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇ, ਕੋਈ ਲਿਖਿਆ ਕਾਗਜ-ਪੱਤਰ ਅੰਦਰ ਸੁੱਟੇ ਤਾਂ ਉਸ ਨੂੰ ਗੋਲੀ ਮਾਰੋ ਜਾਂ ਕੈਦ ਕਰੋ। ਦਿਨੇ ਰਾਤ ਬੰਦੂਕ ਧਾਰੀ ਸਿਪਾਹੀ ਚੌਕਸ ਰਹਿੰਦੇ ਸਨ।
ਬਾਵਜੂਦ ਏਨੀਆਂ ਸਖਤੀਆਂ ਦੇ ਜਲਾਵਤਨੀ ਦੌਰਾਨ ਬਾਬਾ ਜੀ ਦਾ ਲਗਾਤਾਰ ਪੰਜਾਬ ਨਾਲ ਸੰਪਰਕ ਕਾਇਮ ਰਿਹਾ। ਨਾਮਧਾਰੀ ਸਿੱਖ ਅਨੇਕਾਂ ਕਸ਼ਟ ਝੱਲ ਕੇ, ਭੇਸ ਬਦਲ ਕੇ ਰੰਗੂਨ ਜਾਂਦੇ, ਸੰਗਤਾਂ ਦੀਆਂ ਅਰਦਾਸਾਂ ਆਪ ਤੱਕ ਪਹੁੰਚਾਉਂਦੇ ਅਤੇ ਆਪ ਤੋਂ ਹੁਕਮਨਾਮੇ ਲੈ ਕੇ ਸੰਗਤਾਂ ਤੱਕ ਪੁੱਜਦੇ। ਕਰੀਬ ਇੱਕ ਸੌ ਸਿੰਘ ਉਨ੍ਹਾਂ ਤੱਕ ਪਹੁੰਚਣ ਵਿਚ ਸਫਲ ਹੋ ਸਕੇ, ਉਨ੍ਹਾਂ ‘ਚੋਂ ਕਈ ਫੜੇ ਵੀ ਗਏ, ਸਜ਼ਾ ਵੀ ਭੁਗਤੀ, ਪਰ ਅੰਗਰੇਜ਼ ਸਰਕਾਰ ਬਾਬਾ ਜੀ ਦਾ ਸੰਗਤਾਂ ਨਾਲ ਸੰਪਰਕ ਤੋੜਨ ਵਿਚ ਅਸਫਲ ਰਹੀ।
ਸਰਕਾਰ ਨੇ ਪ੍ਰੇਸ਼ਾਨ ਹੋ ਕੇ ਬਾਬਾ ਜੀ ਨੂੰ 1880 ਈ. ਵਿਚ ਚੁੱਪ-ਚੁਪੀਤੇ ਮਰਗੋਈ ਭੇਜ ਦਿੱਤਾ, ਜਿੱਥੇ ਪੰਦਰਾਂ ਦਿਨਾਂ ਬਾਅਦ ਇੱਕ ਸਟੀਮਰ ਜਾਂਦਾ ਸੀ। ਨਾਮਧਾਰੀ ਸਿੱਖਾਂ ਨੇ ਇਸ ਥਾਂ ਦਾ ਵੀ ਪਤਾ ਲਾ ਲਿਆ ਅਤੇ 1881 ਵਿਚ ਦੋ ਸਿੰਘ ਭੇਸ ਬਦਲ ਕੇ ਮਰਗੋਈ ਵੀ ਪੁੱਜ ਗਏ। ਇੱਕ ਸਿੰਘ ਸ਼ ਮੀਹਾਂ ਸਿੰਘ ਸਰਿਹਾਲੀ, ਬਾਬਾ ਗੁਰਚਰਨ ਸਿੰਘ ਰਾਹੀਂ ਰੂਸ ਦੇ ਜ਼ਾਰ ਦਾ ਜਵਾਬੀ ਸੰਦੇਸ਼ ਸਤਿਗੁਰੂ ਰਾਮ ਸਿੰਘ ਤੱਕ ਪਹੁੰਚਾਉਣ ਵਿਚ ਕਾਮਯਾਬ ਹੋ ਗਿਆ। ਬਾਬਾ ਜੀ ਜਲਾਵਤਨੀ ਦੌਰਾਨ ਵੀ ਆਪਣੇ ਅਰੰਭੇ ਅੰਦੋਲਨ ਦਾ ਮਾਰਗ ਦਰਸ਼ਨ ਕਰਦੇ ਰਹੇ ਅਤੇ ਰੰਗੂਨ ਤੋਂ ਸ੍ਰੀ ਭੈਣੀ ਸਾਹਿਬ ਤੇ ਰੂਸ ਤੱਕ ਸੰਪਰਕ ਸਥਾਪਤ ਕਰ ਲਿਆ। ਨਾਮਧਾਰੀ ਕੇਂਦਰ ਸ੍ਰੀ ਭੈਣੀ ਸਾਹਿਬ, ਇਕਵੰਜਾ ਵਰ੍ਹੇ ਪੁਲਿਸ ਚੌਂਕੀ ਬੈਠੀ ਰਹੀ। ਸਾਰੇ ਨਾਮਧਾਰੀ ਪੰਥ ਨੂੰ ਜ਼ਰਾਇਮ-ਪੇਸ਼ਾ ਕਰਾਰ ਦੇ ਦਿੱਤਾ ਗਿਆ, ਪਰ ਫੇਰ ਵੀ ਬਾਬਾ ਜੀ ਦੇ ਅਰੰਭੇ ਅੰਦੋਲਨ ਨੂੰ ਅੰਗਰੇਜ਼ ਹਕੂਮਤ ਰੋਕ ਨਾ ਸਕੀ। ਸਤਿਗੁਰੂ ਰਾਮ ਸਿੰਘ ਦਾ ਅਰੰਭਿਆ ਅੰਦੋਲਨ ਅਪਰੈਲ 1857 ਤੋਂ ਸ਼ੁਰੂ ਹੋ ਕੇ ਅਗਸਤ 1947 ਈ. ਭਾਰਤ ਦੇ ਆਜ਼ਾਦ ਹੋਣ ਤੱਕ ਨਿਰੰਤਰ ਜਾਰੀ ਰਿਹਾ।