ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ

ਪੰਜਾਬੀ ਗੀਤਕਾਰੀ ਪਿਛੋਂ ਅਮਰਦੀਪ ਸਿੰਘ ਗਿੱਲ ਫਿਲਮੀ ਖੇਤਰ ਦੀ ਇਕ ਜਾਣੀ ਪਛਾਣੀ ਸ਼ਖਸੀਅਤ ਹੈ। ਜਿੱਥੇ ਉਸ ਨੇ ਬਤੌਰ ਲੇਖਕ ਅਨੇਕਾਂ ਫਿਲਮਾਂ ਲਈ ਆਪਣਾ ਯੋਗਦਾਨ ਪਾਇਆ, ਉਥੇ ਉਸ ਨੇ ਇੱਕ ਸਫਲ ਨਿਰਦੇਸ਼ਕ ਵਜੋਂ ਵੀ ਗੂੜ੍ਹੀਆਂ ਪੈੜਾਂ ਪਾਈਆਂ, ਭਾਵੇਂ ਉਹ ਲਘੂ ਫਿਲਮਾਂ ਹੋਣ ਜਾਂ ਫੀਚਰ ਫਿਲਮਾਂ। ਅਮਰਦੀਪ ਸਿੰਘ ਗਿੱਲ ਨੇ ਮੌਜੂਦਾ ਸਿਨੇਮਾ ਦੀ ਭੀੜ ‘ਚ ਇੱਕ ਵੱਖਰੇ ਸਿਨੇਮਾ ਦੀ ਨੀਂਹ ਰੱਖੀ, ਜੋ ਕਾਲਪਨਿਕ ਪਾਤਰਾਂ ਦੀ ਥਾਂ ਜ਼ਿੰਦਗੀ ਨਾਲ ਜੂਝਦੇ ਅਸਲ ਮਨੁੱਖ ਦੀ ਕਹਾਣੀ ਬਿਆਨਦੇ ਹਨ।

ਸਾਹਿਤਕ ਮਾਹੌਲ ‘ਚ ਜੰਮੇ ਪਲੇ ਅਮਰਦੀਪ ਸਿੰਘ ਗਿੱਲ ਦਾ ਸਿਨੇਮਾ ਵੀ ਉਸ ਦੀਆਂ ਸਾਹਿਤਕ ਕਿਰਤਾਂ ‘ਚੋਂ ਉਪਜਿਆ ਹੈ। ਰਾਮ ਸਰੂਪ ਅਣਖੀ ਦੀ ਕਹਾਣੀ ਦਾ ਫਿਲਮੀਕਰਣ ਕਰਦਿਆਂ ਉਸ ਨੇ ‘ਸੁੱਤਾ ਨਾਗ’ ਅਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਤੇ ਆਧਾਰਤ ‘ਖੂਨ’ ਆਦਿ ਲਘੂ ਫਿਲਮਾਂ ਦਾ ਨਿਰਮਾਣ ਕਰਕੇ ਸਾਹਿਤਕ ਸਿਨੇਮਾ ਦੀ ਪਿਰਤ ਪਾਈ। ਵੱਡੇ ਸਿਨੇਮਾ ਦੀ ਗੱਲ ਕਰੀਏ ਤਾਂ ਵਿਆਹ ਅਤੇ ਭੰਡਨੁਮਾ ਸਿਨੇਮਾ ਤੋਂ ਵੱਖ ਹੋ ਕੇ ਤੁਰਦਿਆਂ ਪੰਜਾਬ ਦੇ ਹਾਲਾਤ ਨਾਲ ਜੂਝਦੇ ਨੌਜਵਾਨ ਵਰਗ ਅਤੇ ਸਿਆਸੀ ਸੋਚ ਦੀ ਖੇਡ ਆਧਾਰਤ ‘ਜੋਰਾ ਦਸ ਨੰਬਰੀਆਂ’ ਫਿਲਮ ਬਣਾ ਕੇ ਬਾਲੀਵੁੱਡ ਪੱਧਰ ਦੇ ਐਕਸ਼ਨ ਸਿਨੇਮਾ ਨੂੰ ਪੰਜਾਬੀ ਪਰਦੇ ‘ਤੇ ਪੇਸ਼ ਕੀਤਾ। ਟਿੱਬਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਬਠਿੰਡਾ ਨੂੰ ਉਸ ਨੇ ‘ਜੋਰਾ ਦਸ ਨੰਬਰੀਆ’ ਰਾਹੀਂ ਮੁੰਬਈ ਜਿਹਾ ਮਹਾਂਨਗਰ ਬਣਾ ਕੇ ਪੰਜਾਬੀ ਸਿਨੇਮਾ ਲਈ ਨਵਾਂ ਸੁਪਨਾ ਸਿਰਜਿਆ।
‘ਜ਼ੋਰਾ ਦਸ ਨੰਬਰੀਆਂ’ ਨੂੰ ਮਿਲੀ ਵੱਡੀ ਸਫਲਤਾ ਆਪਣੇ ਆਪ ਵਿਚ ਇੱਕ ਵੱਡੀ ਮਿਸਾਲ ਹੈ। ਇਸੇ ਫਿਲਮ ਦੀ ਲੜੀ ਨੂੰ ਅੱਗੇ ਜੋੜਦਿਆਂ ਅਮਰਦੀਪ ਗਿੱਲ ਆਪਣੀ ਲੇਖਣੀ ਅਤੇ ਨਿਰਦੇਸ਼ਨਾਂ ਹੇਠ ‘ਜ਼ੋਰਾ-ਦਾ ਸੈਕੰਡ ਚੈਪਟਰ’ ਲੈ ਕੇ ਆ ਰਿਹਾ ਹੈ। ਫਿਲਮ ਦਾ ਟੀਜ਼ਰ 5 ਜਨਵਰੀ ਨੂੰ ਯੂਟਿਉਬ ‘ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ।
ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫਿਲਮ ‘ਜ਼ੋਰਾ ਦਸ ਨੰਬਰੀਆ’ ਦਾ ਅਗਲਾ ਹਿੱਸਾ ਹੀ ਹੈ, ਜਿਸ ਦੀ ਕਹਾਣੀ ਪੰਜਾਬ ਪੁਲਿਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ।
-ਹਰਜਿੰਦਰ ਸਿੰਘ ਜਵੰਦਾ
ਫੋਨ: 91-94638-28000