ਸੁਖਦੇਵ ਸਿੰਘ
ਫੋਨ: 91-94171-91916
‘ਨਾਮ’ ਦੇ ਪ੍ਰਚਲਿਤ ਅਰਥਾਂ ਤੋਂ ਇਸ ਦਾ ਮਤਲਬ ‘ਪਰਮਾਤਮਾ ਦਾ ਨਾਮ’ ਲਿਆ ਜਾਂਦਾ ਹੈ। ਮੂਲਮੰਤਰ ਦੇ ਸ਼ੁਰੂ ਵਿਚ ਹੀ ਕਿਹਾ ਗਿਆ ਹੈ ਕਿ ਰੱਬ ਇੱਕ ਹੈ। ਜਦ ਰੱਬ ਇੱਕ ਹੈ ਤਾਂ ਫਿਰ ਨਾਮ ਰੱਖਣ ਦੀ ਲੋੜ ਕਿਉਂ ਪਈ? ਸੂਰਜ ਇਕ ਹੈ, ਕੋਈ ਨਾਮ ਦੀ ਲੋੜ ਨਹੀਂ ਪਈ। ਚੰਦਰਮਾ ਇਕ ਹੈ, ਧਰਤੀ ਇੱਕ ਹੈ-ਕੋਈ ਨਾਮ ਦੀ ਲੋੜ ਨਹੀਂ ਪਈ।
ਕੀ ਕਦੇ ਵੇਖਿਆ-ਸੁਣਿਆ ਹੈ ਕਿ ਪੋਤੇ ਜਾਂ ਪੜਪੋਤੇ ਨੇ ਆਪਣੇ ਦਾਦੇ ਜਾਂ ਪੜਦਾਦੇ ਦਾ ਨਾਮ ਰੱਖਿਆ ਹੋਵੇ! ਨਹੀਂ, ਇਹ ਕਦੇ ਨਹੀਂ ਹੋਇਆ। ਫਿਰ ਰੱਬ ਦਾ ਨਾਮ ਰੱਖਣਾ ਕਿਵੇਂ ਸੰਭਵ ਹੋ ਗਿਆ? ਜਦੋਂ ਕਿ ਰੱਬ ਇੱਕ ਹੈ ਤੇ ਨਾਮ ਦੀ ਲੋੜ ਨਹੀਂ ਹੈ। ਗੁਰਬਾਣੀ ਵਿਚ ਇਹ ਵੀ ਆਖਿਆ ਗਿਆ ਹੈ, “ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਿਮੰਡ॥” ਭਾਵ ਨਾਮ ਕੋਈ ਨਾਮ ਨਹੀਂ ਹੈ, ਸਗੋਂ ਇਹ ਤਾਂ ਇਕ ਅਸੀਮ ਸ਼ਕਤੀ ਹੈ, ਇਹ ਤਾਂ ਇੱਕ ਨਿਯਮ ਹੈ, ਇਕ ਸਿਸਟਮ ਹੈ, ਜੋ ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਮੌਜੂਦ ਸੀ। ਭਾਵ ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਵੇਲੇ ਵੀ ਨਾਮ ਦਾ ਹੀ ਯੋਗਦਾਨ ਹੈ।
ਵੈਸੇ ਵੀ ਅਸੀਂ ਤਾਂ ਰੱਬ ਦੇ ਨਾਮ ਆਪਣੇ ਅਨੁਸਾਰ ਵੱਖਰੇ ਵੱਖਰੇ ਤੇ ਵੱਖੋ ਵੱਖ ਸਮੇਂ ‘ਤੇ ਰੱਖ ਲਏ ਹਨ। ਇਹ ਸਭ ਗੁਰਬਾਣੀ ਦੀ ਕਸਵੱਟੀ ‘ਤੇ ਪੂਰੇ ਨਹੀਂ ਉਤਰਦੇ, ਜਿਵੇਂ ਰਾਮ, ਕ੍ਰਿਸ਼ਨ, ਬਾਬਾ ਨਾਨਕ ਜਾਂ ਵਾਹਿਗੁਰੂ ਆਦਿ ਵੱਖੋ ਵੱਖਰੇ ਸਮੇਂ ਆਏ, ਪਰ ਸ੍ਰਿਸ਼ਟੀ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ। ਮੂਲਮੰਤਰ ਅਨੁਸਾਰ ਰੱਬ ਇੱਕ ਅਦ੍ਰਿਸ਼ਟ ਸ਼ਕਤੀ ਹੈ ਤਾਂ ਫਿਰ ਉਸ ਦੇ ਨਾਮ ਦੀ ਲੋੜ ਕਿਵੇਂ ਪਈ?
ਜਦੋਂ ਮੈਂ ਕਿਸੇ ਕੋਲੋਂ ਮਿਲਖਾ ਸਿੰਘ ਸੁਣਦਾ ਹਾਂ ਤਾਂ ਮੇਰੇ ਸਾਹਮਣੇ ਇਕ ਦੌੜਾਕ ਮਿਲਖਾ ਸਿੰਘ ਆ ਜਾਂਦਾ ਹੈ। ਜਦ ਮੈਂ ਦਾਰਾ ਸਿੰਘ ਸੁਣਦਾ ਹਾਂ ਤਾਂ ਮੇਰੇ ਸਾਹਮਣੇ ਪਹਿਲਵਾਨ ਦਾਰਾ ਸਿੰਘ ਆ ਜਾਂਦਾ ਹੈ, ਜਦੋਂ ਕਿ ਇਸ ਨਾਂ ਦੇ ਹਜਾਰਾਂ ਬੰਦੇ ਹੋਰ ਵੀ ਹਨ। ਇਸੇ ਤਰ੍ਹਾਂ ਹੇਮਾ ਮਾਲਿਨੀ ਦਾ ਨਾਂ ਸੁਣਦਿਆਂ ਹੀ ਇਕ ਫਿਲਮ ਸਟਾਰ ਮੇਰੇ ਸਾਹਮਣੇ ਆ ਜਾਂਦੀ ਹੈ, ਜਦੋਂ ਕਿ ਇਸ ਨਾਂ ਦੀਆਂ ਹਜਾਰਾਂ ਔਰਤਾਂ ਹੋਰ ਵੀ ਹੋ ਸਕਦੀਆਂ ਹਨ। ਇਸ ਤੋਂ ਭਾਵ ਇਹ ਨਿਕਲਦਾ ਹੈ ਕਿ ਕਈ ਵਾਰ ਵਿਅਕਤੀ ਦੇ ਗੁਣ ਹੀ ਉਸ ਦੀ ਪਛਾਣ ਬਣ ਜਾਂਦੇ ਹਨ। ਇਸੇ ਤਰ੍ਹਾਂ ਰੱਬ ਦੇ ਗੁਣ ਹੀ ਰੱਬ ਦੇ ਨਾਮ ਬਣ ਗਏ।
ਮੂਲਮੰਤਰ: ਮੂਲਮੰਤਰ ਅਨੁਸਾਰ ਰੱਬ ਇਕ ਹੈ। ਰੱਬ ਦੀ ਹੋਂਦ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਹੋਵੇਗੀ (ਸਤਿਨਾਮ ਤੋਂ ਇਹ ਭਾਵ ਨਹੀਂ ਕਿ ਉਸ ਦਾ ਨਾਮ ਸਤਿ ਹੈ, ਸਤਿ ਸੀ ਅਤੇ ਸਤਿ ਹੀ ਰਹੇਗਾ)। ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਉਹ ਕਿਸੇ ਦੇ ਦਬਾਅ ਹੇਠ ਨਹੀਂ ਆਉਂਦਾ ਤੇ ਨਾ ਹੀ ਉਸ ਨੂੰ ਕਿਸੇ ਪ੍ਰਤੀ ਦੁਰ ਭਾਵਨਾ ਹੈ। ਉਹ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦਾ। ਉਹ ਸਮੇਂ ਦੀ ਬੰਦਿਸ਼ ਵਿਚ ਨਹੀਂ ਹੈ। ਨਾ ਹੀ ਉਹ ਜਨਮ-ਮਰਨ ਦੇ ਗੇੜ ਵਿਚ ਆਉਂਦਾ ਹੈ। ਉਸ ਦੀ ਹੋਂਦ ਆਪਣੇ ਆਪ ਤੋਂ ਹੈ। ਉਸ ਨੂੰ ਸਮਝਣ ਲਈ ਉਸ ਬਾਰੇ ਗਿਆਨ ਹੋਣਾ ਜਰੂਰੀ ਹੈ।
ਹੁਣ ਅਸੀਂ ਜਦੋਂ ਵੀ ਗੁਰਬਾਣੀ ਨੂੰ ਸਮਝਣਾ ਹੈ ਤੇ ਅਰਥਾਂ ਵਿਚ ਰੱਬ ਦਾ ਜ਼ਿਕਰ ਆਉਂਦਾ ਹੋਵੇ ਤਾਂ ਉਸ ਵਕਤ ਰੱਬ ਦੀ ਸ਼ਖਸੀਅਤ ਵਿਚ ਉਪਰੋਕਤ ਗੁਣਾਂ ਦਾ ਹੋਣਾ ਅਤਿ ਜ਼ਰੂਰੀ ਹੈ, ਤਾਂ ਹੀ ਅਸੀਂ ਸਹੀ ਅਰਥ ਲੈ ਸਕਾਂਗੇ। ਜਿਵੇਂ ਕਿ ‘ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਹਿ’ ਪ੍ਰਚਲਿਤ ਅਰਥ ਅਨੁਸਾਰ ਰੱਬ ਨੇ ਦਾਤ ਆਪਣੇ ਹੱਥ ਰੱਖੀ ਹੋਈ ਹੈ ਤੇ ਉਹ ਜਿਸ ਨੂੰ ਚਾਹੁੰਦਾ ਹੈ, ਉਸ ਨੂੰ ਦੇ ਦਿੰਦਾ ਹੈ, ਪਰ ਮੂਲਮੰਤਰ ਕਹਿ ਰਿਹਾ ਹੈ ਕਿ ਰੱਬ ਵਿਤਕਰਾ ਨਹੀਂ ਕਰਦਾ, ਤਾਂ ਫਿਰ ਸਾਡਾ ਅਰਥ ਠੀਕ ਨਹੀਂ ਨਿਕਲਿਆ। ਇੱਕ ਗੱਲ ਦਾ ਹੋਰ ਵੀ ਖਿਆਲ ਰੱਖਣਾ ਹੋਵੇਗਾ ਕਿ ਸਾਡੇ ਕੱਢੇ ਗਏ ਅਰਥ ਸਰਵ ਵਿਆਪੀ ਹੋਣੇ ਚਾਹੀਦੇ ਹਨ। ਮੇਰੀ ਤੁੱਛ ਬੁੱਧੀ ਅਨੁਸਾਰ ਰੱਬ ਕੋਲੋਂ ਦਾਤਾਂ ਲੈਣ ਲਈ ਸਾਨੂੰ ਆਪਣੇ ਆਪ ਨੂੰ ਪਹਿਲਾਂ ਉਨ੍ਹਾਂ ਦੀ ਪ੍ਰਾਪਤੀ ਦੇ ਯੋਗ ਬਣਾਉਣਾ ਹੋਵੇਗਾ ਤਾਂ ਫਿਰ ਉਹ ਦਾਤਾਂ, ਜੋ ਇਕ ਅਦ੍ਰਿਸ਼ਟ ਸ਼ਕਤੀ ਕੋਲ ਹੋ ਸਕਦੀਆਂ ਹਨ, ਸਾਨੂੰ ਮਿਲ ਜਾਣਗੀਆਂ।
ਰੱਬ: ਨਾਮ ਤੇ ਮੂਲਮੰਤਰ ਦੀ ਸੁਰਖੀ ਹੇਠ ਜੋ ਅਸੀਂ ਵਿਚਾਰ ਕਰਕੇ ਆਏ ਹਾਂ, ਉਸ ਅਨੁਸਾਰ ਉਪਰੋਕਤ ਗੁਣਾਂ ਵਾਲਾ ਰੱਬ ਅਸੀਂ ਵਿਚਾਰਨਾ ਹੈ। ਉਹ ਹੋਣਾ ਵੀ ਇੱਕ ਚਾਹੀਦਾ ਹੈ। ਉਸ ਦੀ ਹੋਂਦ ਹਮੇਸ਼ਾ ਤੋਂ ਹੋਣੀ ਚਾਹੀਦੀ ਹੈ, ਉਹ ਜਨਮ-ਮਰਨ ਵਿਚ ਨਾ ਆਵੇ। ਸਮੇਂ ਦਾ ਕੋਈ ਪ੍ਰਭਾਵ ਨਾ ਕਬੂਲਦਾ ਹੋਵੇ। ਕਿਸੇ ਨਾਲ ਵੀ ਵਿਤਕਰਾ ਨਾ ਕਰਦਾ ਹੋਵੇ। ਉਸ ਦੀ ਹੋਂਦ ਆਪਣੇ ਆਪ ਤੋਂ ਹੋਵੇ। ਉਸ ਬਾਰੇ ਇਕੱਠੇ ਕੀਤੇ ਗਿਆਨ ਨਾਲ ਹੀ ਉਸ ਨੂੰ ਸਮਝਿਆ ਜਾ ਸਕਦਾ ਹੈ। ਇਸ ਅਦ੍ਰਿਸ਼ਟ ਸ਼ਕਤੀ ਨੂੰ ਲੱਭਣ ਲਈ ਥੋੜ੍ਹੀ ਹੋਰ ਘਾਲਣਾ ਘਾਲਣੀ ਪਵੇਗੀ।
ਇਸ ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਇੱਕ ਨਿਯਮ (ਸਿਸਟਮ) ਹੋਂਦ ਵਿਚ ਆਇਆ, ਜਿਸ ਅਨੁਸਾਰ ਪਾਣੀ ਨਿਵਾਣ ਵੱਲ ਚੱਲ ਪਿਆ ਤੇ ਜੀਰੋ ਡਿਗਰੀ ਠੰਢਾ ਹੋਣ ‘ਤੇ ਬਰਫ ਬਣ ਗਿਆ। ਗਰਮ ਹੋ ਕੇ ਬਰਫ ਪਾਣੀ ਬਣ ਗਈ ਅਤੇ ਜ਼ਿਆਦਾ ਗਰਮ ਹੋਣ ਨਾਲ ਭਾਫ ਬਣ ਜਾਵੇਗੀ।
ਸਾਰੀ ਦੁਨੀਆਂ ‘ਤੇ ਇੱਕ ਹੀ ਡਿਗਰੀ ਨਿਸ਼ਚਿਤ ਹੈ। ਪਹਿਲਾਂ ਵੀ ਇਹੋ ਸੀ, ਹੁਣ ਵੀ ਇਹੋ ਹੈ ਤੇ ਇਹੋ ਹੀ ਅੱਗੋਂ ਰਹੇਗੀ। ਨਿਯਮ ਅਨੁਸਾਰ ਅੱਗ ਗਰਮੀ ਅਤੇ ਬਰਫ ਠੰਢਕ ਦੇਵੇਗੀ। ਦੁਨੀਆਂ ਦੇ ਹਰ ਖੇਤਰ ਵਿਚ ਇਸੇ ਤਰ੍ਹਾਂ ਹੀ ਹੋਵੇਗਾ। ਘੱਟ ਪ੍ਰੈਸ਼ਰ ਵੱਲ ਵੱਧ ਪ੍ਰੈਸ਼ਰ ਵਲੋਂ ਹਵਾਵਾਂ ਚਲਦੀਆਂ ਰਹਿਣਗੀਆਂ। ਗਰਮੀ ਕਾਰਨ ਸਮੁੰਦਰ ਦਾ ਪਾਣੀ ਵਾਸ਼ਪੀਕਰਨ ਰਾਹੀਂ ਉਪਰ ਉਡੇਗਾ ਤੇ ਪਹਾੜਾਂ ਦੀ ਠੰਢ ਨਾਲ ਬਰਫ ਬਣੇਗਾ। ਜਦ ਪਹਾੜ ਗਰਮ ਹੋਣਗੇ ਤਾਂ ਬਰਫ ਦਾ ਪਾਣੀ ਬਣ ਕੇ ਨਿਵਾਣ ਵੱਲ ਚੱਲ ਪਵੇਗਾ ਅਤੇ ਦਰਿਆਵਾਂ ਦੀ ਸ਼ਕਲ ਧਾਰਦਾ ਮੈਦਾਨ ਦੀ ਲੋੜ ਪੂਰੀ ਕਰਦਾ ਸਮੁੰਦਰ ਵਿਚ ਜਾ ਮਿਲੇਗਾ। ਸਾਰੇ ਸੰਸਾਰ ‘ਤੇ ਇਹੋ ਹੀ ਨਿਯਮ ਜਾਂ ਸਿਸਟਮ ਰਹੇਗਾ। ਸ੍ਰਿਸ਼ਟੀ ਉਪਰ ਜੀਵਨ ਲਈ ਇਹ ਬਹੁਤ ਜਰੂਰੀ ਹੈ। ਜੇ ਇਹ ਸਿਸਟਮ ਸੰਭਵ ਨਾ ਹੁੰਦਾ ਤਾਂ ਜੀਵਨ ਦਾ ਸੰਭਵ ਹੋਣਾ ਵੀ ਔਖਾ ਸੀ।
ਹੁਣ ਇਸ ਨਿਯਮ ਦੇ ਦੂਜੇ ਹਿੱਸੇ ਵਿਚ ਲੋਕਾਂ ‘ਤੇ ਇਸ ਦਾ ਕਿਵੇਂ ਪ੍ਰਭਾਵ ਪੈਂਦਾ ਹੈ, ਉਹ ਵਿਚਾਰਾਂਗੇ। ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਦੇਖਾਂਗੇ ਤਾਂ ਹਰ ਤੰਦਰੁਸਤ ਵਿਅਕਤੀ ਦਾ ਤਾਪਮਾਨ 98.6 ਹੀ ਹੋਵੇਗਾ। ਚਾਹੇ ਉਹ ਠੰਡੇ ਮੁਲਕ ਵਿਚ ਹੈ, ਚਾਹੇ ਗਰਮ ਵਿਚ। ਉਸ ਦਾ ਬੀ. ਪੀ. 70-110 ਜਾਂ 80-120, ਪਲਸ ਰੇਟ 72, ਸ਼ੂਗਰ 80-120 ਆਦਿ ਹੋਣਗੇ। ਸਾਰੀ ਦੁਨੀਆਂ ‘ਤੇ ਇੱਕ ਹੀ ਪੈਮਾਨਾ ਰਹੇਗਾ। ਉਤਪਤੀ ਨਰ ਅਤੇ ਮਦੀਨ ਦੇ ਮਿਲਣ ਨਾਲ ਹੋਵੇਗੀ। ਮਨੁੱਖਾਂ ਵਿਚ ਜਨਮ ਨੌਂ ਮਹੀਨੇ ਬਾਅਦ ਹੋਵੇਗਾ। ਜਨਮ ਬੇਸ਼ਕ ਕਿਸੇ ਵੀ ਜਗ੍ਹਾ ਜਾਂ ਦੇਸ਼ ਵਿਚ ਹੋ ਰਿਹਾ ਹੋਵੇ, ਜਨਮ ਦਾ ਕੰਮ ਹਰ ਜਗ੍ਹਾ ਮਦੀਨ ਹੀ ਕਰੇਗੀ। ਦੂਜੀਆਂ ਜੂਨਾਂ ਵਿਚ ਵੀ ਗਰਭ ਦਾ ਸਮਾਂ ਨਿਸ਼ਚਿਤ ਹੈ, ਜੋ ਸਾਰੇ ਸੰਸਾਰ ‘ਤੇ ਇਕ ਹੀ ਹੈ। ਉਤਪਤੀ ਦੇ ਚਾਰ ਰਸਤੇ ਹਨ-ਅੰਡਜ, ਜੇਰਜ, ਸੇਤਜ ਅਤੇ ਉਤਭਜ। ਹਰ ਜਗ੍ਹਾ ਉਤਪਤੀ ਇਨ੍ਹਾਂ ਚਾਰ ਰਸਤਿਆਂ ਰਾਹੀਂ ਹੀ ਸੰਭਵ ਹੈ। ਜੋ ਜਨਮ ਲਵੇਗਾ, ਉਸ ਦੀ ਮੌਤ ਯਕੀਨਨ ਹੋਵੇਗੀ, ਕਿਸੇ ਨੂੰ ਕੋਈ ਛੋਟ ਨਹੀਂ ਹੋਵੇਗੀ। ਜੋ ਕੁਝ ਹੋਇਆ ਹੈ, ਹੋ ਰਿਹਾ ਹੈ ਜਾਂ ਜੋ ਕੁਝ ਵੀ ਹੋਵੇਗਾ, ਉਹ ਸਭ ਇਸ ਨਿਯਮ ਦੇ ਤਹਿਤ ਹੈ। ਇਸ ਤਹਿਤ ਹੀ ਧਰਤੀ ਚੰਦਰਮਾ, ਸੂਰਜ, ਚੰਨ, ਤਾਰੇ ਬਣੇ ਹਨ। ਇਸੇ ਨਿਯਮ ਖਿਚ (ਗਰੈਵਿਟੀ) ਤਹਿਤ ਹੀ ਧਰਤੀ ਗਤੀਸ਼ੀਲ ਹੈ, ਜੋ ਸ੍ਰਿਸ਼ਟੀ ‘ਤੇ ਜੀਵਨ ਲਿਆਉਣ ਦੀ ਜਿੰਮੇਵਾਰ ਹੈ। ਬਨਸਪਤੀ ਦੀ ਉਤਪਤੀ ਵੀ ਇਸ ਨਿਯਮ ਨਾਲ ਹੀ ਸੰਭਵ ਹੈ। ਬੀਜ ਨੂੰ ਉਪਜਣ ਲਈ ਲੋੜੀਂਦੀ ਮਿੱਟੀ, ਗਰਮੀ ਤੇ ਪਾਣੀ ਜਰੂਰੀ ਹੈ, ਜੋ ਇਸ ਨਿਯਮ ਦਾ ਹੀ ਹਿੱਸਾ ਹੈ। “ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਿਮੰਡ॥” ਇਸੇ ਨਿਯਮ ਨੂੰ ਹੀ ਕਿਹਾ ਗਿਆ ਹੈ।
ਹੁਣ ਅਸੀਂ ਵਿਚਾਰ ਕਰਾਂਗੇ ਕਿ ਗੁਰਬਾਣੀ ਤੇ ਮੂਲਮੰਤਰ ਅਨੁਸਾਰ ਕਿਹੜਾ ਗੁਣ ਹੈ, ਜੋ ਉਪਰੋਕਤ ਵਿਚਾਰੇ ਗਏ ਨਾਮ ਜਾਂ ਨਿਯਮ ਵਿਚ ਨਹੀਂ ਹੈ। ਕੀ ਇਹ ਸਾਰੇ ਸੰਸਾਰ ਵਿਚ ਇੱਕ ਨਹੀਂ? ਕੀ ਇਸ ਦੀ ਹੋਂਦ ਸ਼ੁਰੂ ਤੋਂ ਨਹੀਂ? ਕੀ ਇਹ ਸਭ ਦਾ ਕਰਤਾ ਨਹੀਂ? ਕੀ ਇਹ ਕਿਸੇ ਤੋਂ ਡਰ ਕੇ ਬਦਲ ਜਾਂਦਾ ਹੈ? ਕੀ ਇਹ ਵਿਤਕਰਾ ਕਰਦਾ ਹੈ? ਕੀ ਇਹ ਸਮੇਂ ਦੀ ਬੰਦਿਸ਼ ਤੋਂ ਬਾਹਰ ਨਹੀਂ ਹੈ? ਕੀ ਇਹ ਜਨਮ ਮਰਨ ਤੋਂ ਮੁਕਤ ਨਹੀਂ ਹੈ? ਕੀ ਇਹ ਕਿਸੇ ਹੋਰ ਦਾ ਘੜਿਆ ਹੋਇਆ ਹੈ? ਕੀ ਕੋਈ ਇਸ ਨੂੰ ਆਪਣੇ ਗਿਆਨ ਨਾਲ ਸਮਝਣ ਤੋਂ ਬਿਨਾ ਪ੍ਰਾਪਤ ਕਰ ਸਕਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਿਯਮ ਜਾਂ ਨਾਮ ਦੇ ਹੱਕ ਵਿਚ ਆਉਣਗੇ। ਇਸ ਨੂੰ ਹੀ ਕਿਤੇ ਨਾਮ ਕਿਹਾ ਹੈ, ਕਿਤੇ ਨਿਯਮ ਕਿਹਾ ਗਿਆ ਹੈ। ਇਹ ਹੀ ਉਹ ਅਦ੍ਰਿਸ਼ਟ ਤੇ ਅਸੀਮ ਸ਼ਕਤੀ ਹੈ, ਜਿਸ ਨੂੰ ਗੁਰਬਾਣੀ ਵਿਚ ਅਕਾਲ ਪੁਰਖੁ ਪਰਮਾਤਮਾ ਜਾਂ ਰੱਬ ਆਦਿ ਕਿਹਾ ਗਿਆ ਹੈ। ਇਸ ਨੂੰ ਵਿਚਾਰਨ ਦੀ ਲੋੜ ਹੈ।