ਭਾਜਪਾ ਨੇ ਅਕਾਲੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ

ਦਿੱਲੀ ਚੋਣਾਂ ਲਈ ਪੈਰ ਹੀ ਨਾ ਲੱਗਣ ਦਿੱਤੇ; ਅਕਾਲੀ ਚੋਣ ਮੈਦਾਨ ‘ਚੋਂ ਭੱਜੇ
ਚੰਡੀਗੜ੍ਹ: ਅੰਦਰੂਨੀ ਬਗਾਵਤ ਅਤੇ ਲੋਕ ਰੋਹ ਦਾ ਸਾਹਮਣਾ ਕਰ ਰਹੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸਿਆਸੀ ਭਾਈਵਾਲ ਭਾਜਪਾ ਨੇ ਵੀ ਖਦੇੜ ਦਿੱਤਾ ਹੈ। ਹਰਿਆਣਾ ਤੋਂ ਬਾਅਦ ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀਆਂ ਨਾਲੋਂ ਭਾਈਵਾਲੀ ਤੋੜ ਕੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਹੁਣ ਉਹ (ਅਕਾਲੀ ਦਲ) ਉਨ੍ਹਾਂ ਦੇ ਕਿਸੇ ਕੰਮ ਦਾ ਨਹੀਂ ਰਿਹਾ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਨੇ ਦਿੱਲੀ ਵਿਚ ਜਨਤਾ ਦਲ-ਯੂਨਾਈਟਿਡ ਲਈ ਦੋ ਅਤੇ ਲੋਕ ਜਨਸ਼ਕਤੀ ਪਾਰਟੀ ਲਈ ਇਕ ਸੀਟ ਰੱਖੀ ਸੀ ਜਦਕਿ ਅਕਾਲੀ ਦਲ ਲਈ ਕੋਈ ਸੀਟ ਨਹੀਂ ਰੱਖੀ ਸੀ।

ਭਾਜਪਾ ਦੇ ਇਸ ਸਿਆਸੀ ਪੈਂਤੜੇ ਕਾਰਨ ਅਕਾਲੀ ਦਲ ਬਿਲਕੁਲ ਹੀ ਡੋਲ ਗਿਆ ਹੈ ਅਤੇ ਇਸ ਨੇ ਦਿੱਲੀ ਚੋਣਾਂ ਤੋਂ ਦੂਰ ਰਹਿਣ ਦਾ ਐਲਾਨ ਕਰ ਦਿੱਤਾ; ਹਾਲਾਂਕਿ ਅਕਾਲੀ ਦਲ ਦੇ ਆਗੂਆਂ ਨੇ ਇਸ ਨਮੋਸ਼ੀ ਤੋਂ ਬਚਣ ਲਈ ਦਾਅਵਾ ਕੀਤਾ ਹੈ ਕਿ ਭਾਜਪਾ ਨਾਗਰਿਕਤਾ ਸੋਧ ਬਿੱਲ ਦੀ ਮਹਿਮਾ ਗਾਉਣ ਲਈ ਮਜਬੂਰ ਕਰ ਰਹੀ ਸੀ ਜਿਸ ਕਾਰਨ ਇਹ ਫੈਸਲਾ ਕਰਨਾ ਪਿਆ। ਅਕਾਲੀਆਂ ਦੇ ਇਸ ਦਾਅਵੇ ਪਿੱਛੋਂ ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਜੇਕਰ ਨਾਗਰਿਕਤਾ ਸੋਧ ਬਿੱਲ ਖਾਮੀਆਂ ਭਰਪੂਰ ਜਾਪਦਾ ਸੀ ਤਾਂ ਸੰਸਦ ਵਿਚ ਇਸ ਬਿੱਲ ਦੇ ਹੱਕ ਵਿਚ ਵੋਟ ਕਿਉਂ ਦਿੱਤੀ? ਜੇ ਹੁਣ ਵੀ ਅਕਾਲੀ ਦਲ ਨੂੰ ਆਪਣੀ ਇਸ ਗਲਤੀ ਉਤੇ ਪਛਤਾਵਾ ਹੋਇਆ ਹੈ ਤਾਂ ਉਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਵਿਚੋਂ ਅਸਤੀਫਾ ਕਿਉਂ ਨਹੀਂ ਦਿਵਾਉਂਦੇ?
ਯਾਦ ਰਹੇ ਕਿ ਦਿੱਲੀ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਪਿਛਲੇ ਕਾਫੀ ਦਿਨਾਂ ਤੋਂ ਰੇੜਕਾ ਚੱਲ ਰਿਹਾ ਸੀ। ਭਾਵੇਂ ਅਕਾਲੀ ਦਲ ਨੇ ਦਿੱਲੀ ਚੋਣਾਂ ਬਾਰੇ ਰਣਨੀਤੀ ਲਈ ਕਮੇਟੀ ਬਣਾ ਕੇ ਇਸ ਵਾਰ ਵੱਧ ਸੀਟਾਂ ਉਤੇ ਚੋਣ ਲੜਨ ਦੀ ਮੰਗ ਰੱਖੀ ਪਰ ਭਾਜਪਾ ਨੇ ਪਹਿਲੇ ਦਿਨ ਤੋਂ ਹੀ ਅਕਾਲੀਆਂ ਨੂੰ ਮੂੰਹ ਨਹੀਂ ਲਾਇਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੁਖਬੀਰ ਕੋਲ ਇਨ੍ਹਾਂ ਚੋਣਾਂ ਤੋਂ ਭੱਜਣ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਅਕਾਲੀਆਂ ਦੀ ਦਿੱਲੀ ਇਕਾਈ ਵਿਚ ਵੱਡੇ ਪੱਧਰ ਉਤੇ ਬਗਾਵਤ ਚੱਲ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਜੀæਕੇæ ਸਣੇ ਕਈ ਆਗੂ ਪਾਰਟੀ ਖਿਲਾਫ ਨਿੱਤਰੇ ਹੋਏ ਹਨ। ਇਸ ਤੋਂ ਇਲਾਵਾ ਟਕਸਾਲੀ ਅਕਾਲੀਆਂ ਵਲੋਂ ਇਸੇ ਹਫਤੇ ਦਿੱਲੀ ਵਿਚ ਕੀਤੇ ਇਕੱਠ ਨੇ ਸੁਖਬੀਰ ਬਾਦਲ ਦਾ ਤ੍ਰਾਹ ਕੱਢ ਦਿੱਤਾ। ਇਸ ਇਕੱਠ ਵਿਚ ਦਿੱਲੀ ਦੇ ਵੱਡੇ ਪੰਥਕ ਆਗੂ ਜੀæਕੇ ਅਤੇ ਸਰਨਾ ਭਰਾਵਾਂ ਸਮੇਤ ਵੱਡੀ ਗਿਣਤੀ ਆਗੂ ਇਕ ਮੰਚ ਉਤੇ ਦਿਸੇ। ਇਸ ਪਿੱਛੋਂ ਸੁਖਬੀਰ ਨੇ ਭਾਜਪਾ ਅੱਗੇ ਸੀਟਾਂ ਵਾਲੀ ਜ਼ਿਦ ਫੜ ਲਈ।
ਅਕਾਲੀ ਦਲ ਵਲੋਂ ਭਾਵੇਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਨਾਗਰਿਕਤਾ ਸੋਧ ਐਕਟ ਕਰਕੇ ਚੋਣ ਮੈਦਾਨ ਛੱਡਿਆ ਹੈ ਪਰ ਸਵਾਲ ਇਹ ਉਠ ਰਿਹਾ ਹੈ ਕਿ ਰਾਜੌਰੀ ਗਾਰਡਨ, ਹਰੀ ਨਗਰ ਤੇ ਤਿਲਕ ਨਗਰ, ਜਿਥੇ ਲਗਭਗ 50-50 ਹਜ਼ਾਰ ਸਿੱਖ ਵੋਟਰ ਹਨ, ਇਥੋਂ ਅਕਾਲੀ ਦਲ ਇਕੱਲਿਆਂ ਚੋਣ ਲੜਨ ਤੋਂ ਕਿਉਂ ਭੱਜ ਰਿਹਾ ਹੈ। ਇਸ ਤੋਂ ਇਲਾਵਾ ਤ੍ਰੀਨਗਰ ਤੇ ਕਾਲਕਾ ਜੀ ਵੀ ਸਿੱਖ ਵੋਟਰਾਂ ਵਾਲੇ ਹਲਕੇ ਹਨ। ਦਰਅਸਲ, ਅਕਾਲੀ ਦਲ ਨੂੰ ਹੁਣ ਆਪਣਾ ਸਿਆਸੀ ਭਵਿਖ ਨਜ਼ਰ ਆਉਣ ਲੱਗਾ ਹੈ। ਪੰਜਾਬ ਵਿਧਾਨ ਸਭਾ ਵਿਚ ਚੋਣਾਂ ਵਿਚ ਇਸ ਪੰਥਕ ਧਿਰ ਨੂੰ ਚੰਗੀ ਤਰ੍ਹਾਂ ਚਾਨਣ ਹੋ ਗਿਆ ਸੀ ਕਿ ਉਹ ਇਸ ਸਮੇਂ ਕਿਸ ਮੋੜ ਉਤੇ ਖੜ੍ਹੀ ਹੈ। ਪੰਜਾਬ ਵਿਚ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਭੋਰਾ ਸਬਕ ਨਹੀਂ ਲਿਆ ਤੇ ਆਪਣੀਆਂ ਨਕਾਮੀਆਂ ਉਤੇ ਝਾਤ ਪਾਉਣ ਦੀ ਥਾਂ ਪਾਰਟੀ ਦੀ ਬਿਹਤਰੀ ਲਈ ਆਵਾਜ਼ ਚੁੱਕਣ ਵਾਲੇ ਟਕਸਾਲੀ ਆਗੂਆਂ ਤੋਂ ਛੁੱਟੀ ਕਰ ਦਿੱਤੀ ਗਈ।
————————-
ਭਾਜਪਾ ਨੇ ਪੰਜਾਬ ਵਿਚ ਵੀ ਅਕਾਲੀਆਂ ਨੂੰ ਅੱਖਾਂ ਦਿਖਾਈਆਂ
ਭਾਜਪਾ ਆਗੂਆਂ ਨੂੰ ਪੰਜਾਬ ਵਿਚ ਵੀ ਅਕਾਲੀਆਂ ਨਾਲ ਗੱਠਜੋੜ ਘਾਟੇ ਵਾਲਾ ਸੌਦਾ ਜਾਪਣ ਲੱਗਾ ਹੈ। ਭਾਜਪਾ ਦੇ ਨਵੇਂ ਬਣੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਬਹਾਨੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ, ਉਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਭਾਜਪਾ ਆਗੂਆਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਤੋਂ ਸੀਟਾਂ ਦਾ ਵੱਡਾ ਹਿੱਸਾ ਮੰਗਣ ਦੀ ਵਕਾਲਤ ਕੀਤੀ ਹੈ। ਸਾਬਕਾ ਸੂਬਾਈ ਪ੍ਰਧਾਨ ਮਦਨ ਮੋਹਣ ਮਿੱਤਲ ਨੇ ਤਾਂ ਇਸ ਤੋਂ ਵੀ ਹੋਰ ਅੱਗੇ ਜਾਂਦਿਆਂ ਕਿਹਾ ਕਿ ਭਾਜਪਾ ਨੂੰ 59 ਸੀਟਾਂ ਉਤੇ ਚੋਣ ਲੜਨੀ ਚਾਹੀਦੀ ਹੈ। ਰਾਜਸੀ ਮਾਹਿਰ ਇਸ ਬਿਆਨ ਦੇ ਇਹ ਅਰਥ ਕੱਢ ਰਹੇ ਹਨ ਕਿ ਭਾਜਪਾ ਇਕੱਲਿਆਂ ਹੀ ਚੋਣ ਲੜਨ ਦਾ ਸੰਕੇਤ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਭਾਜਪਾ ਦੀ ਇਸ ਰਣਨੀਤੀ ਤੋਂ ਅੰਦਰਖਾਤੇ ਔਖੀ ਹੈ।