ਵੇਦਨਾ

ਬਲਦੇਵ ਢੀਂਡਸਾ
ਪਿੰਡ ਦੇ ਬਾਹਰਵਾਰ ਬਣੀ ਨਵੀਂ ਬਸਤੀ ਦੀ ਅਖੀਰਲੀ ਗਲੀ ਵਿਚ ਅਖੀਰਲਾ ਘਰ ਸੀ ਉਸ ਦਾ। ਗਾਰੇ ਨਾਲ ਚਿਣੀ ਚਾਰਦੀਵਾਰੀ ਵਿਚ ਅੱਧੋਰਾਣਾ ਜਿਹਾ ਦਰਵਾਜ਼ਾ ਲੱਗਾ ਹੋਇਆ ਸੀ। ਮੈਂ ਬਾਰੂ ਦਾ ਘਰ ਪੁੱਛਦਾ ਪੁੱਛਦਾ ਉਸ ਅੱਗੇ ਪਹੁੰਚ ਗਿਆ।
ਦਰਅਸਲ ਵਾਢੀਆਂ ਦੇ ਦਿਨ ਹੋਣ ਕਾਰਨ ਮੈਨੂੰ ਬਸਤੀ ਵਿਚ ਜੁਆਨ ਜਾਂ ਅੱਧਖੜ ਉਮਰ ਦੇ ਨਰ ਨਾਰੀ ਬਿਲਕੁਲ ਨਹੀਂ ਸਨ ਮਿਲੇ। ਮਿਲੇ ਸਨ ਜਾਂ ਤਾਂ ਡੰਗੋਰੀ ਨਾਲ ਤੁਰਨ ਵਾਲੇ ਬੁੱਢੇ ਬੁੱਢੀਆਂ ਜਾਂ ਫਿਰ ਢਿਲਕਦੀਆਂ ਕੱਛੀਆਂ ਨੂੰ ਹੱਥਾਂ ਨਾਲ ਵਾਰ ਵਾਰ ਉਪਰ ਖਿੱਚਦੇ ਨੰਗ-ਧੜੰਗੇ, ਨੱਚਦੇ-ਟੱਪਦੇ, ਛੋਟੇ ਛੋਟੇ ਬਾਲ। ਖੈਰ ਇਕ ਅਜਿਹਾ ਹੀ ਬਾਲ ਮੈਨੂੰ ਬਾਰੂ ਦੇ ਘਰ ਤੱਕ ਲੈ ਗਿਆ ਸੀ। ਉਸ ਨੂੰ ਮੈਂ ਸਕੂਟਰ ਅੱਗੇ ਖਲਿਆਰ ਲਿਆ ਸੀ। ਬੜਾ ਚਾਅ ਸੀ ਉਸ ਨੂੰ ਸਕੂਟਰ ‘ਤੇ ਚੜ੍ਹਨ ਦਾ।
ਦਰਵਾਜ਼ੇ ਨੂੰ ਪੋਲਾ ਜਿਹਾ ਧੱਕਿਆ ਤਾਂ ਉਹ ਖੁੱਲ੍ਹ ਗਿਆ। ਅਸਲ ਵਿਚ ਤਖ਼ਤਿਆਂ ਦੀ ਵਿਰਲ ਥਾਣੀਂ ਮੈਂ ਪਹਿਲਾਂ ਹੀ ਝਾਕ ਲਿਆ ਸੀ ਤੇ ਕੰਧ ਦੇ ਪਰਛਾਵੇਂ ਮੰਜੀ ‘ਤੇ ਬੈਠਾ ਇਕ ਬਜ਼ੁਰਗ ਮੇਰੀ ਨਜ਼ਰੀਂ ਪੈ ਗਿਆ ਸੀ। ਵੜਦਿਆਂ ਹੀ ਵਿਹੜੇ ਸੱਜੇ ਹੱਥ ਨਲਕਾ ਸੀ। ਜਿਸ ਦੁਆਲੇ ਬਿਨਾਂ ਸੀਮਿੰਟ ਤੋਂ ਇੱਟਾਂ ਦਾ ਖੁਰਾ ਬਣਿਆ ਹੋਇਆ ਸੀ। ਇਸੇ ਪਾਸੇ ਨਲਕੇ ਤੋਂ ਚਾਰ ਕੁ ਗਜ ਪਰ੍ਹੇ ਕੰਧ ਨਾਲ ਗੱਡੇ ਕਿੱਲੇ ‘ਤੇ ਇਕ ਔਂਸਰ ਝੋਟੀ ਬੰਨ੍ਹੀ ਹੋਈ ਸੀ। ਦਰਵਾਜ਼ੇ ਦੇ ਖੱਬੇ ਹੱਥ ਇਕ ਛਤੜਾ ਸੀ। ਬਿਲਕੁਲ ਕੱਚਾ। ਸਫੈਦੇ ਦੇ ਤੋੜੇ, ਕੜੀਆਂ ਤੇ ਕਾਨੇ ਪਾ ਕੇ ਇਸ ਦੇ ਤਿੰਨ ਖਣ ਬਣਾਏ ਹੋਏ ਸਨ। ਮੈਂ ਸਮਝ ਗਿਆ ਕਿ ਇਹ ਧੁੱਪ ਤੇ ਪਾਲੇ ਤੋਂ ਬਚਾਉਣ ਲਈ ਇਸ ਝੋਟੀ ਲਈ ਹੀ ਹੈ। ਇਸ ਛਤੜੇ ਨਾਲ ਅੱਗੇ ਦੋ ਕੁ ਖਣ ਦੀ ਰਸੋਈ ਬਣੀ ਹੋਈ ਸੀ। ਇਹ ਵੀ ਕੱਚੀ ਤੇ ਛਤੜੇ ਵਾਂਗੂੰ ਬਿਨਾ ਦਰ ਦਰਵਾਜ਼ੇ ਦੇ ਹੀ ਸੀ। ਸਾਹਮਣੀਂ ਕੰਧ ਨਾਲ ਬਣੇ ਚੁੱਲ੍ਹਾ ਭੱਠੀ ਤੇ ਇਸ ਵਿਚ ਪਿਆ ਬਾਲਣ ਤੇ ਕੁਝ ਖਿੱਲਰੇ ਭਾਂਡੇ ਹੀ ਇਸ ਨੂੰ ਰਸੋਈ ਦਾ ਦਰਜਾ ਦੇ ਰਹੇ ਸਨ। ਇਸੇ ਦੀ ਪਰਛਾਵੇਂ ਬੈਠਾ ਸੀ ਬਾਰੂ, ਜਿਸ ਨੂੰ ਮਿਲਣ ਮੈਂ ਗਿਆ ਸੀ। ਬਾਰੂ ਦੇ ਖੱਬੇ ਪਾਸੇ ਟੀਪ ਕੀਤੀ ਕੰਧ ਵਿਚ ਲੱਗੇ ਦੋ ਦਰਵਾਜ਼ੇ, ਦੋ ਕਮਰੇ ਹੋਣ ਦੀ ਸ਼ਾਹਦੀ ਭਰਦੇ ਸਨ।
ਕੱਚੇ ਵਿਹੜੇ ਵਿੱਚੀਂ ਤੁਰਦਾ ਤੁਰਦਾ ਮੈਂ ਬਜ਼ੁਰਗ ਕੋਲ ਪਹੁੰਚ ਗਿਆ।
ਪੇਰੀਂ ਪੈਨਾਂ ਬਾਪੂ ਆਖ ਉਸ ਅੱਗੇ ਸਿਰ ਝੁਕਾ ਦਿੱਤਾ।
ਜੀਉਂਦਾ ਰਹੁ ਪੁੱਤ ਪਰ ਮੈਂ ਤੈਨੂੰ ਸਿਆਣਿਆਂ ਨੀਂ। ਉਹ ਧੀਮੀ ਪਰ ਸਾਫ਼ ਆਵਾਜ਼ ਵਿਚ ਬੋਲਿਆ। ਨਾਲੇ ਉਸ ਮੰਜੀ ਦੇ ਸਿਰਹਾਣੇ ਹੱਥ ਮਾਰ ਕੇ ਤੇ ਉਥੋਂ ਮੈਲੇ ਜਿਹੇ ਕੱਪੜੇ ਪਰ੍ਹੇ ਕਰਕੇ ਮੈਨੂੰ ਬੈਠਣ ਲਈ ਆਖ ਦਿੱਤਾ।
ਤੂੰ ਜੁਆਨਾ ਕਿੱਥੋਂ ਆਇਆਂ? ਮੈਂ ਤੇਰੀ ਕੀ ਖਿਦਮਤ ਕਰਾਂ? ਉਸ ਮੈਨੂੰ ਬੈਠਦੇ ਬੈਠਦੇ ਨੂੰ ਹੀ ਪੁੱਛ ਗਿਆ।
ਬਾਪੂ ਜੀ ਮੈਂ ਅਖਬਾਰ ਵਾਲਾ ਹਾਂ। ਸੱਚ ਏਦਾਂ ਕਹੋ ਕਿ ਮੈਂ ਇਕ ਪੰਜਾਬੀ ਅਖਬਾਰ ਲਈ ਕੰਮ ਕਰਦਾਂ। ਮੈਂ ਇਕ ਫੀਚਰ ਲਿਖ ਰਿਹਾਂ ਜਿਸ ਵਿਚ ਮੈਂ ਉਨ੍ਹਾਂ ਬਜ਼ੁਰਗ ਮਰਦ, ਔਰਤਾਂ ਦੇ ਇੰਟਰਵਿਊ ਛਾਪਣੇ ਹਨ ਜਿਨ੍ਹਾਂ ਦੀ ਉਮਰ ਸੌ ਸਾਲ ਤੋਂ ਉਪਰ ਹੋ ਗਈ ਹੋਵੇ। ਮੈਨੂੰ ਪਤਾ ਲੱਗਾ ਤੁਸੀਂ ਤਾਂ ਇਸ ਵੇਲੇ ਤੀਸਰੀ ਸਦੀ ਵਿਚ ਸਾਹ ਲੈ ਰਹੇ ਹੋ।
ਅੱਛਿਆ! ਆਖ ਬੁੱਢਾ ਸਹਿਜ ਭਾਅ ਹੀ ਮੰਜੇ ਤੋਂ ਉਠ ਖੜੋਤਾ ਤੇ ਸਾਹਮਣੇ ਵਾਲੇ ਬੰਦ ਦਰਵਾਜ਼ਿਆਂ ਵਿਚੋਂ ਇਕ ਖੋਲ੍ਹ ਦਿੱਤਾ ਤੇ ਮੈਨੂੰ ਅੰਦਰ ਆਉਣ ਲਈ ਕਿਹਾ। ਇਹ ਦੋ ਕੁ ਖਣਾਂ ਦਾ ਇਕ ਕਮਰਾ ਸੀ। ਇਸ ਦੀਆਂ ਕੰਧਾਂ ‘ਤੇ ਕਾਂਡੀ ਪਲਸਤਰ ਕੀਤਾ ਹੋਇਆ ਸੀ। ਤੇ ਉਪਰ ਹਰਾ ਰੰਗ। ਪਤਲੀ ਗਾਡਰੀ ‘ਤੇ ਵਿੰਗੇ ਟੇਢੇ ਬਾਲਿਆਂ ਨਾਲ ਇਸ ਦੀ ਛੱਤ ਬਣੀ ਹੋਈ ਸੀ। ਇਕ ਮੰਜਾ, ਦੋ ਕੁਰਸੀਆਂ ਤੇ ਇਕ ਨਿੱਕਾ ਜਿਹਾ ਮੇਜ਼ ਇਸ ਵਿਚ ਫਰਨੀਚਰ ਸੀ। ਇਕ ਸ਼ੈਲਫ ‘ਤੇ ਕੁਝ ਫੋਟੇ ਤੋ ਇਕ ਟੇਪਰਿਕਾਰਡਰ ਪਿਆ ਸੀ। ਕੰਧਾਂ ਤੇ ਬਾਲਕ ਨਾਥ, ਭਗਤ ਰਵਿਦਾਸ, ਬਾਬੇ ਨਾਨਕ ਤੇ ਕੁਝ ਫਿਲਮੀ ਐਕਟਰਾਂ ਦੇ ਕਲੰਡਰ ਲੱਗੇ ਹੋਏ ਸਨ। ਮੇਰੇ ਬੈਠਣ ਲਈ ਇਕ ਕੁਰਸੀ ਝਾੜਦਿਆਂ ਉਹ ਬੋਲਿਆ, ਲੈ ਜੁਆਨਾ ਰਤਾ ਰਮਾਨ ਕਰ। ਮੈਂ ਉਸ ਬੇਜ਼ੁਬਾਨ ਨੂੰ ਛਾਂਵੇਂ ਕਰ ਆਵਾਂ।
ਮੈਂ ਹੈਰਾਨ ਸਾਂ ਕਿ ਇਹ ਏਨੀ ਉਮਰ ਵਿਚ ਵੀ ਏਨਾ ਸੌਖਾ ਚੱਲ ਫਿਰ ਤੇ ਦੇਖ ਸੁਣ ਸਕਦਾ ਹੈ। ਜਿਨ੍ਹਾਂ ਬੁੱਢੇ ਬੁੱਢੀਆਂ ਨੂੰ ਮੈਂ ਪਹਿਲਾਂ ਮਿਲ ਚੁੱਕਾ ਹਾਂ ਉਨ੍ਹਾਂ ਵਿਚੋਂ ਬਹੁਤੇ ਤਾਂ ਸਾਫ਼ ਬੋਲ ਵੀ ਨਹੀਂ ਸੀ ਸਕਦੇ ਤੇ ਚੱਲਣਾ ਫਿਰਨਾ ਤਾਂ ਇਕ ਪਾਸੇ ਰਿਹਾ, ਉਨ੍ਹਾਂ ਬਾਰੇ ਲਿਖਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਲੈਣੀ ਪੈਂਦੀ ਸੀ।
ਮੈਂ ਕਮਰੇ ਤੋਂ ਬਾਹਰ ਆ ਕੇ ਉਸ ਨੂੰ ਕੰਮ ਕਰਦੇ ਨੂੰ ਦੇਖਣ ਲੱਗਾ। ਉਸ ਆਪਣੇ ਗਲ ਦੀ ਕਮੀਜ਼ ਉਤਾਰ ਕੇ ਬਾਹਰ ਪਏ ਮੰਜੇ ‘ਤੇ ਰੱਖ ਦਿੱਤੀ ਤੇ ਇਕ ਕੰਧ ਨਾਲੋਂ ਕੜ੍ਹਾਈਆ ਚੁੱਕ ਨਲਕੇ ਅੱਗੇ ਧਰ ਲਿਆ। ਦੋਹਾਂ ਹੱਥਾਂ ਨਾਲ ਨਲਕਾ ਗੇੜਨ ਲੱਗ ਪਿਆ। ਕੜ੍ਹਾਈਆ ਇਕ ਪਾਸੇ ਨੂੰ ਟੇਢਾ ਹੋ ਗਿਆ। ਰੋੜੇ ਦਾ ਆਸਰਾ ਲਾ ਕੇ ਉਸ ਨੂੰ ਸਿੱਧਾ ਕੀਤਾ ਤੇ ਭਰ ਲਿਆ। ਝੋਟੀ ਕੋਲ ਗਿਆ, ਹੱਥ ਫੇਰਿਆ, ਥਾਪੀ ਦਿੱਤੀ ਤੇ ਖੋਲ੍ਹ ਕੇ ਨਲਕੇ ਕੋਲ ਲੈ ਆਇਆ। ਉਹ ਨਲਕਾ ਗੇੜਦਾ ਰਿਹਾ, ਝੋਟੀ ਪਾਣੀ ਪੀਂਦੀ ਰਹੀ ਤੇ ਮੈਂ ਸੋਚਦਾ ਰਿਹਾ।
ਕਿੰਨਾ ਸਖ਼ਤ ਜਾਨ ਏ ਬੁੱਢਾ! ਕਿੰਨਾ ਜ਼ੋਰ ਹੋਵੇਗਾ ਇਸ ਵਿਚ ਜੁਆਨੀ ਵੇਲੇ ਪਰ ਹੁਣ ਤਾਂ ਹੱਡੀਆਂ ਤੇ ਮਾਸ ਇਕ ਦੂਜੇ ਨਾਲ ਰੁੱਸ ਗਏ ਲੱਗਦੇ ਨੇ। ਸੁੱਕਾ ਕਰੰਗ ਜਿਹਾ ਪਰ ਉਸ ਦੇ ਹਠ ਮੂਹਰੇ ਤੇ ਰੱਬ ਦੇ ਰੰਗ ਮੂਹਰੇ ਮੇਰਾ ਸਿਰ ਝੁਕ ਝੁਕ ਜਾ ਰਿਹਾ ਸੀ।
ਉਸ ਇਕ ਡੱਬਾ ਲੈ ਝੋਟੀ ਉਪਰ ਪੰਜ ਸੱਤ ਡੱਬੇ ਪਾਣੀ ਪਾਇਆ। ਫਿਰ ਉਹ ਹੱਥ ਫੇਰਦਾ ਫੇਰਦਾ ਝੋਟੀ ਦੇ ਲੇਵੇ ਵਾਲੀ ਜਗ੍ਹਾ ਨੂੰ ਟਟੋਲਣ ਲੱਗਾ। ਮੇਰੇ ਖਿਆਲ ਵਿਚ ਉਹ ਉਸ ਦੇ ਗੱਭਣ ਹੋਣ ਜਾਂ ਨਾ ਹੋਣ ਬਾਰੇ ਟੋਹ ਲਾ ਰਿਹਾ ਸੀ। ਝੋਟੀ ਨੂੰ ਛਾਂਵੇਂ ਬੰਨ੍ਹ ਤੇ ਉਸ ਮੂਹਰੇ ਥੋੜ੍ਹਾ ਜਿਹਾ ਅੱਧ ਸੁੱਕਾ ਘਾਹ ਸੁੱਟ ਉਹ ਮੁੜ ਨਲਕੇ ‘ਤੇ ਆ ਗਿਆ। ਮੋਟੇ ਮੋਟੇ ਹੱਥ ਪੈਰ ਧੋ ਉਸ ਦੁਬਾਰਾ ਆਪਣਾ ਕੁੜਤਾ ਪਾ ਲਿਆ। ਦੂਜੇ ਕਮਰੇ ਦਾ ਅਰਲ ਖੋਲ੍ਹਿਆ ਤੇ ਇਕ ਵੱਡਾ ਸਾਰਾ ਗਿਲਾਸ ਲੈ ਵਾਪਸ ਨਲਕੇ ‘ਤੇ ਆ ਗਿਆ। ਧੋ ਸੁਆਰ ਕੇ ਉਸ ਪਾਣੀ ਦਾ ਭਰ ਲਿਆ।
ਮੈਂ ਵਾਪਸ ਅੰਦਰ ਆ ਬੈਠਾ।
ਲੈ ਪੁੱਤ ਪਾਣੀ ਪੀ। ਪਹਿਲਾਂ ਮੈਂ ਤਾਂ ਨਹੀਂ ਸੀ ਲਿਆਇਆ ਪਈ ਝੋਟੀ ਨੂੰ ਪਾਣੀ ਪਲੌਣ ਲੱਗਿਆਂ ਜਰਾ ਠੰਡਾ ਨਿਕਲ ਆਊ। ਜ਼ਰਾ ਦੇਰ ਜ਼ਰੂਰ ਹੋਗੀ।
ਬਾਰੂ ਦੀ ਜ਼ੁਬਾਨ ਵਿਚ ਇਕ ਖਾਸ ਰਸ ਸੀ। ਉਸ ਨੂੰ ਗੱਲ ਕਰਨ ਦਾ ਸਲੀਕਾ ਸੀ। ਇਹ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ। ਉਸ ਬਾਹਰੋਂ ਇਕ ਕਿੱਲੀ ਤੋਂ ਮੈਲੀ ਜਿਹੀ ਚਿੱਟੀ ਪੱਗ ਲਾਹ ਕੇ ਸਿਰ ਵਲ੍ਹੇਟ ਲਈ। ਮੇਰੇ ਕੋਲ ਆ ਮੰਜੇ ‘ਤੇ ਬੈਠ ਗਿਆ।
ਲੈ ਪੁੱਤ ਪੁੱਛ ਜੋ ਪੁੱਛਣਾ ਜਕੀਂ ਨਾ।
ਬਾਪੂ ਜੀ, ਤੁਹਾਡੀ ਉਮਰ ਕਿੰਨੀ ਕੁ ਹੈ?
ਹਿਸਾਬ ਤੂੰ ਲਾ ਲੈ ਮੈਂ ਰੌਲਿਆਂ ਵੇਲੇ ਪੰਜਾਹ ਕੁ ਦਾ ਸੀ।
ਤੁਹਾਡਾ ਆਰ ਪਰਿਵਾਰ ਕੀ ਹੈ?
ਇਸ ਵੇਲੇ ‘ਕਲੌਤੇ ਪੜਪੋਤੇ ਤਾਰੇ, ਉਸ ਦੇ ਘਰਵਾਲੀ ਛਿੰਨੋ ਤੇ ਉਨ੍ਹਾਂ ਦੇ ਦੋ ਬੱਚਿਆਂ ਨਾਲ ਇਸ ਕੁੱਲੀ ਵਿਚ ਰਹਿ ਰਿਹਾ ਹਾਂ। ਬਾਕੀ ਕੁੜੀਆਂ-ਕੱਤਰੀਆਂ ਦੇ ਪਰਿਵਾਰ ਆਪਣੇ ਘਰੀਂ ਵਸਦੇ ਨੇ।
ਕੁੱਲੀ! ਬਾਪੂ ਜੀ ਤੁਸੀਂ ਸ਼ਾਇਦ ਦੇਖੇ ਹੀ ਹੋਣਗੇ ਕਿ ਸ਼ਹਿਰਾਂ-ਕਸਬਿਆਂ ਲਾਗੇ ਲੋਕ ਸੜਕਾਂ ਦੇ ਆਸ-ਪਾਸ ਝੁੱਗੀਆਂ ਬਣਾ ਕੇ ਰਹਿੰਦੇ ਨੇ। ਉਨ੍ਹਾਂ ਨੂੰ ਕੁੱਲੀਆਂ ਕਹਿੰਦੇ ਹਨ। ਤੁਸੀਂ ਤਾਂ ਚੰਗੇ ਭਲੇ ਘਰ ਵਿਚ ਰਹਿੰਦੇ ਹੋ ਜੋ ਅੱਧਿਓਂ ਵੱਧ ਇੱਟਾਂ ਦਾ ਬਣਿਆ ਹੋਇਆ ਹੈ। ਵੱਡਿਆਂ ਸ਼ਹਿਰਾਂ ਵਿਚ ਤਾਂ ਲੋਕਾਂ ਕੋਲ ਝੁੱਗੀਆਂ ਵੀ ਨਹੀਂ ਹੁੰਦੀਆਂ। ਫੁੱਟਪਾਥਾਂ ‘ਤੇ ਹੀ ਪੈ ਜਾਂਦੇ ਹਨ।
ਪੁੱਤਰਾ! ਇਹੀ ਗੱਲ ਤਾਂ ਸਮਝ ਨ੍ਹੀਂ ਔਂਦੀ। ਦਸ ਕੁ ਸਾਲ ਪੈਲ੍ਹਾਂ ਤਾਰਾ ਵੱਡੇ ਸ਼ਹਿਰ ਲੈ ਗਿਆ ਸੀ, ਕਿਸੇ ਰਿਸ਼ਤੇਦਾਰੀ ‘ਚ ਵਿਆਹ ‘ਤੇ। ਉਥੇ ਐਡੀਆਂ ਵੱਡੀਆਂ ਕੋਠੀਆਂ ਦੇਖੀਆਂ ਬਈ ਸੁਰਤ ਗੁੰਮ ਹੋ ਜਾਵੇ। ‘ਸਮਾਨ ਨੂੰ ਛੂੰਹਦੀਆਂ ਉਪਰ ਦੇਖਣ ਲਈ ਪੱਗਾਂ ਨੂੰ ਹੱਥ ਨਾਲ ਫੜਨਾ ਪੈਂਦਾ। ਮਨ ਵਿਚ ਖਿਆਲ ਉਠੇ ਬਈ ਰੌਲਿਆਂ ਤੋਂ ਬਾਅਦ ਦੇ ਸਾਲਾਂ ਵਿਚ ਇਹ ਲੋਕ ਕੀ ਕੰਮ ਕਰਦੇ ਰਹੇ? ਕਿੰਨੀ ਕੁ ਸਖ਼ਤ ਮਿਹਨਤ ਕੀਤੀ ਹੋਊ ਏਨ੍ਹਾਂ? ਮੈਂ ਤਾਂ 7-8 ਸਾਲ ਦੇ ਨੇ ਡੰਗਰ ਚਾਰਨੇ ਸ਼ੁਰੂ ਕਰ ਦਿੱਤੇ ਸਨ। ਹੋਰ ਦੋ ਤਿੰਨ ਸਾਲਾਂ ਤਾਈਂ ਰੰਬਾ ਕਹੀ ਚੁੱਕ ਲਏ ਸਨ। ਮੈਂ ਬਾਪੂ ਨਾਲ ਕੰਮ ਕਰਦਾ ਰਿਹਾ। ਮੇਰਾ ਮੁੰਡਾ ਉਠ ਕੇ ਮੇਰੇ ਨਾਲ ਜੁੱਟ ਗਿਆ। ਹੁਣ ਤਾਰੇ ਹੁਰਾਂ ਵੱਲ ਹੀ ਦੇਖ, ਨਿੱਕੇ ਨਿੱਕੇ ਜੁਆਕ ਲੈ ਕੇ ਸਵਖਤੇ ਦੇ ਕਣਕ ਵੱਢਣ ਗਏ ਨੇ। ਸ਼ਾਮੀ ਜਦੋਂ ਨਿੱਕੇ ਬੱਚੇ ਦੋ ਦੋ ਸੇਰ ਕਣਕ ਦੀਆਂ ਬੱਲੀਆਂ ਸਿਰੀਂ ਚੁੱਕੀ ਔਂਦੇ ਨੇ ਤਾਂ ਕਾਲਜਾ ਮੂੰਹ ਨੂੰ ਔਂਦਾ। ਖੇਡਣ ਮਲ੍ਹਣ ਦੀ ਉਮਰ ਆ। ਅਸੀਂ ਵੀ ਏਸ ਉਮਰੇ ਡੰਗਰਾਂ ਮਗਰ ਸੋਟੀ ਫੜ ਲਈ ਸੀ। ਉਤੋਂ ਵੈਲ ਵੀ ਕੋਈ ਨ੍ਹੀਂ ਕੀਤਾ। ਅੱਜ ਤੋੜੀਂ। ਟੱਬਰ ਵੀ ਰੱਬੋਂ ਛੋਟਾ ਰਿਹਾ। ਪਰ ਮੈਂ ਦੋ ਸਾਲਾਂ ਵਿਚ ਇਸ ਅੱਧ ਕੱਚੀ ਪੱਕੀ ਕੋਠੜੀ ਤਾਈਂ ਪਹੁੰਚਿਆ ਹਾਂ ਤੇ ਇਹ ਲੋਕ ਕਾਰਾਂ ਕੋਠੀਆਂ ਤੇ ਲੌ ਲਸ਼ਕਰ ਕਿੱਦਾ ਬਣਾ’ਗੇ? ਪੁੱਤ ਇਹ ਗੱਲ ਮਨ ਵਿਚ ਹੁਣ ਵੀ ਉਠਦੀ ਰਹਿੰਦੀ ਆ ਪਰ ਲੜ ਸਿਰਾ ਨੀ ‘ਥਿਆਉਂਦਾ। ਕੀ ਤੂੰ ਕੁਝ ਦੱਸੇਂਗਾ?
ਬਾਪੂ ਕੋਠੀਆਂ ਤਾਂ ਤੇਰੇ ਪਿੰਡ ਵੀ ਬਣੀਆਂ ਹੋਈਆਂ ਨੇ। ਆਹ ਤੁਹਾਡੀ ਕਲੋਨੀ ਦੇ ਦੂਜੇ ਸਿਰੇ ਵੀ ਇਕ ਕੋਠੀ ਬਣ ਰਹੀ ਹੈ। ਕੀ ਇਨ੍ਹਾਂ ਬਾਰੇ ਵੀ ਕਦੀ ਸੋਚਿਆ ਕਿ ਕਿੱਦਾਂ ਬਣੀਆਂ?
ਪਹਿਲੀ ਗੱਲ ਤਾਂ ਜੁਆਨਾਂ ਇਹ ਕੋਠੀਆਂ ਸ਼ਹਿਰ ਵਾਲੀਆਂ ਕੋਠੀਆਂ ਦੇ ਪੈਰਾਂ ਅਰਗੀਆਂ ਵੀ ਨ੍ਹੀਂ। ਦੂਜੀ ਮੈਂ ਇਕ ਦਿਨ ਪਿਆ ਸੋਬਤੀ ਹੀ ਹਿਸਾਬ ਲੌਂਦਾ ਸੀ ਬਈ ਇਹ ਚਾਰ ਖਣ ਜੇ ਕਿਸੇ ਨੇ ਚੱਜ ਦੇ ਬਣਾ ਲਏ ਤਾਂ ਏਥੇ ਦੀ ਮੇਨ੍ਹਤ ਮਜੂਰੀ ਨਾਲ ਨੀ ਬਣੇ। ਇਨ੍ਹਾਂ ਸਾਰੇ ਘਰਾਂ ਦੇ ਇਕ ਇਕ, ਦੋ ਦੋ ਮੈਂਬਰ ਵਲੈਤੀਂ ਗਏ ਹੋਏ ਆ। ਆਹ ਜੇਹੜੀ ਸਾਡੀ ਕਲੋਨੀ ਵਿਚ ਬਣਦੀ ਏ, ਇਨ੍ਹਾਂ ਦੇ ਦੋ ਮੁੰਡੇ ਵੀ ਪਿਛਲੇ ਕਈ ਸਾਲਾਂ ਤੋਂ ਡਬਈ ਡਬੂਈ ਗਏ ਹੋਏ ਆ। ਇਹ ਬਾਹਰਲੇ ਮੁਲਖ਼ਾਂ ਵਿਚ ਕੀਤੀ ਮਜੂਰੀ ਤੇ ਵੱਡੇ ਸੰਨ ਦੀਆਂ ਕਰਾਮਾਤਾਂ ਪੁੱਤਰਾ। ਪਰ ਸ਼ੈਹਰੀ ਕੋਠੀਆਂ ਦੀ ਸ਼ਾਨੋ-ਸ਼ੌਕਤ ਤਾਂ ਨਿਆਰੀ ਹੀ ਹੈ। ਲਗਦੈ ਉਨ੍ਹਾਂ ਕੋਠੀਆਂ ਵਿਚ ਪਿਆ ਸਬਾਬ ਏਨ੍ਹਾਂ ਦੀ ਕੀਮਤ ਤੋਂ ਵੱਧ ਹੋਊ।
ਬਾਰੂ ਦੀਆਂ ਗੱਲਾਂ ਤਰਕਸੰਗਤ ਸਨ ਪਰ ਮੈਂ ਜਾਣਦਾ ਹੋਇਆ ਵੀ ਇਨ੍ਹਾਂ ਗੱਲਾਂ ਦੇ ਵਿਸਥਾਰ ਵਿਚ ਨਹੀਂ ਸੀ ਜਾਣਾ ਚਾਹੁੰਦਾ।
ਅੱਛਾ ਬਾਪੂ, ਦੱਸ ਜੁਆਨੀ ਵੇਲੇ ਜ਼ੋਰ ਕਿੰਨਾ ਕੁ ਹੁੰਦਾ ਸੀ? ਮੈਂ ਗੱਲ ਬਦਲੀ।
ਲੈ ਗੱਭਰੂਆ ਜ਼ੋਰ ਦਾ ਕੀ ਅੰਤ ਸੀ। ਜਦ ਲੰਬੜਾਂ ਦਾ ਬੇਰੀਆਂ ਵਾਲਾ ਖੂਹ ਲੱਗਾ ਤਾਂ ਮੈਂ ਉਦੋਂ ਵੀਹ-ਬਾਈ ਦਾ ਹੋਊਂ। ਪਾੜ ਦੀ ਪਟਾਈ ਵੇਲੇ ਧੁਰ ਥੱਲਿਓਂ ਮਿੱਟੀ ਦਾ ਜੇਡਾ ਟੋਕਰਾ ਲੈ ਕੇ ਮੈਂ ਉਪਰ ਚੜ੍ਹ ਆਉਂਦਾ ਸੀ, ਉਹ ਕਿਸੇ ਜੱਟ ਦੇ ਮੁੰਡੇ ਤੋਂ ਵੀ ਨੀ ਸੀ ਨਿਕਲਦਾ। ਬਥੇਰਿਆਂ ਜਿੱਦ ਜਿੱਦ ਸ਼ਰਤਾਂ ਲਾਈਆਂ ਪਰ ਬਾਰੂ ਅੱਗੇ ਕਿਸੇ ਦੀ ਪੇਸ਼ ਨ੍ਹੀਂ ਗਈ। ਉਦੋਂ ਮੈਂ ਸਾਰੇ ਪਿੰਡ ਵਿਚ ਜ਼ੋਰ ਵਾਲਾ ਗਿਣਿਆ ਜਾਂਦਾ ਸੀ।
ਬਾਪੂ ਤੁਹਾਡੀ ਖੁਰਾਕ ਕੀ ਹੁੰਦੀ ਸੀ?
ਸੁਆਹ, ਜੱਟਾਂ ਦੇ ਘਰ ਦੀ ਲੱਸੀ, ਸਿਆਲਾਂ ਨੂੰ ਗੰਨੇ ਤੇ ਸਾਗ। ਹੋਰ ਕੀ ਬਦਾਮ ਚੱਬਣ ਨੂੰ ਮਿਲਦੇ ਸਨ। ਬਸ ਅੰਦਰ ਮਸ਼ੀਨਰੀ ਹੀ ਏਹੋ ਜਿਹੀ ਫਿੱਟ ਕਰ’ਤੀ ਸੀ ਰੱਬ ਨੇ ਬਈ ਕਣਕੋਂ ਘੇ ਕੱਢਦੀ ਰਹੀ।
ਅੱਛਾ ਬਾਪੂ ਕੋਈ ਐਸੀ ਘਟਨਾ ਸੁਣਾ ਜੋ ਅੱਜ ਤੱਕ ਵੀ ਦੁੱਖ ਦਿੰਦੀ ਹੋਵੇ।
ਉਸ ਦੇ ਅੱਖੀਂ ਦੁੱਖ ਤੇ ਮੂੰਹ ‘ਤੇ ਚੁੱਪ ਉਤਰ ਆਈ।
ਹਾਂ ਹਾਂ ਬਾਪੂ। ਮੇਰਾ ਮਤਲਬ ਜੀਵਨ ਦੀ ਕੋਈ ਕੌੜੀ ਯਾਦ।
ਉਸ ਦੀ ਝਾਕਣੀ ਹੀ ਬਦਲ ਗਈ। ਚਿਹਰਾ ਉਦਾਸਿਆ ਤੇ ਪ੍ਰੇਸ਼ਾਨਿਆ ਗਿਆ। ਮੈਂ ਪਛਤਾਉਣ ਲੱਗਾ ਇਹ ਸਵਾਲ ਕਰਕੇ। ਪਰ ਮੈਥੋਂ ਕੋਸ਼ਿਸ਼ ਫਿਰ ਕਰ ਹੋ ਗਈ।
ਦੱਸ ਬਾਪੂ ਦੱਸ। ਝਕ ਨਾ। ਆਪਾਂ ਇਕ ਦੂਜੇ ਦੇ ਦੁੱਖ-ਦਰਦ ਦੇ ਸਾਂਝੀ। ਇਕ ਜਾਤ ਬਿਰਾਦਰੀ।
ਉਹ ਮਾੜਾ ਜਿਹਾ ਮੁਸਕਰਾਇਆ। ਸ਼ਾਇਦ ਮੇਰੀ ਮਗਰਲੀ ਗੱਲ ‘ਤੇ। ਤਿਰਛਾ ਜਿਹਾ ਝਾਕਿਆ ਤੇ ਬੋਲ ਪਿਆ। ਇਕ ਡੂੰਘੇ ਸਾਹ ਤੋਂ ਬਾਅਦ।
ਉਂਜ ਤਾਂ ਪੁੱਤਰਾ ਸਾਰੀ ਉਮਰ ਹੀ ਕੌੜੀ ਯਾਦ ਬਣੀ ਪਈ ਐ। ਅਨੇਕਾਂ ਘਰ ਦੇ ਜੀ, ਰਿਸ਼ਤੇਦਾਰ, ਮਿੱਤਰ ਪਿਆਰੇ, ਹੱਥੀਂ ਜੰਮੇ ਪਲੇ, ਅੱਖਾਂ ਸਾਹਵੇਂ ਚੱਲ ਵੱਸਦੇ ਰਹੇ। ਬੜਾ ਭਾਰ ਢੋਇਆ ਏਨ੍ਹਾਂ ਮੋਢਿਆਂ ਨੇ ਅਰਥੀਆਂ ਦਾ ਪਰæææ।
ਉਹ ਫਿਰ ਚੁੱਪ ਦੇ ਵਿਹੜੇ ਜਾ ਵੜਿਆ।
ਹਾਂ ਹਾਂ ਬਾਪੂ, ਦੱਸ। ਬੇਖੌਫ਼ ਦੱਸ। ਮੈਂ ਉਸ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਸੀ।
ਹਾਂ ਪੁੱਤ। ਲੰਬੜਾਂ ਦੇ ਟੱਬਰ ਨਾਲ ਮੁੱਢ ਤੋਂ ਸੀਰ ਸੀ ਸਾਡਾ। ਸੱਚ ਪੁੱਛੇ ਤਾਂ ਉਨ੍ਹਾਂ ਦੇ ਡੰਗਰਾਂ ਮਗਰ ਹੀ ਮੇਰਾ ਬਚਪਨ ਬੀਤਿਆ। ਸਾਨੂੰ ਵੀ ਉਨ੍ਹਾਂ ਦਾ ਬਹੁਤ ਆਸਰਾ ਸੀ। ਜੀ ਤੋੜ ਕੇ ਕੰਮ ਕੀਤਾ ਉਨ੍ਹਾਂ ਦੇ ਖੇਤੀਂ। ਜਦੋਂ ਬੇਰੀਆਂ ਵਾਲਾ ਖੂਹ ਲੱਗਾ ਤਾਂ ਸਾਰਿਆਂ ਨਾਲੋਂ ਵੱਧ ਜੂੜ ਮੈਂ ਮਾਰਿਆ। ਦਿਨ ਰਾਤ ਇਕ ਕਰ’ਤਾ। ਉਦੋਂ ਜਾਨ ਸੀ ਇਸ ਦੇਹ ਵਿਚ। ਥਕੇਵਾਂ ਤਾਂ ਲਾਗੇ ਵੀ ਨਹੀਂ ਸੀ ਢੁੱਕਦਾ। ਲੰਬੜਾਂ ਦਾ ਕਰਮਾ ਮੇਰੇ ਨਾਲੋਂ ਸਾਲ ਕੁ ਛੋਟਾ ਸੀ। ਪਰ ਸਾਡੀ ਆੜੀ ਸੀ। ਮੋਹ ਸੀ। ਸਕੇ ਭਰਾਵਾਂ ਤੋਂ ਵੱਧ।
ਇਥੇ ਆ ਕੇ ਉਹ ਫਿਰ ਚੁੱਪ ਕਰ ਗਿਆ। ਉਸ ਦਾ ਗਲਾ ਥੋੜ੍ਹਾ ਥੋੜ੍ਹਾ ਭਰਿਆ ਲੱਗਾ। ਮੈਂ ਸਮਝਿਆ ਜ਼ਰੂਰ ਕੋਈ ਗਹਿਰ ਗੰਭੀਰ ਗੱਲ ਹੋਵੇਗੀ। ਕਿਸੇ ਧੀ-ਭੈਣ ਨਾਲ ਸੀਨਾ ਜ਼ੋਰੀ ਦੀ ਗੱਲ ਹੋਵੇਗੀ। ਸੰਭਵ ਹੈ ਉਹ ਕਰਮੇ ਵੱਲੋਂ ਹੀ ਹੋਵੇ। ਮੇਰੇ ਅੰਦਰਲਾ ਕਿਆਫੇ ਲਾ ਰਿਹਾ ਸੀ।
ਫੇਰ ਕੀ ਹੋਇਆ ਬਾਪੂ? ਮੇਰਾ ਜੀ ਕਾਹਲਾ ਪਿਆ ਹੋਇਆ ਸੀ।
ਫੇ ਕੀ ਪੁੱਤਰਾ। ਜਦੋਂ ਬੇਰੀਆਂ ਵਾਲਾ ਖੂਹ ਫਿਸ ਗਿਆ ਤਾਂ ਸਾਡਾ ਉਸ ‘ਤੇ ਚੜ੍ਹਨਾ ਬੰਦ ਹੋ ਗਿਆ। ਬਾਪੂ ਦੀ ਆਵਾਜ਼ ਘਗਿਆ ਗਈ। ਉਸ ਦੀਆਂ ਡੂੰਘੀਆਂ ਅੱਖਾਂ ਵਿਚੋਂ ਅੱਥਰੂ ਵਗ ਤੁਰੇ। ਉਸ ਪੱਗ ਦਾ ਲੜ ਅੱਖਾਂ ‘ਤੇ ਧਰ ਲਿਆ।
ਉਹ ਕਿਉਂ? ਮੈਂ ਤਿਲਮਿਲਾ ਉਠਿਆ।
ਬਸ ਖੂਹ ਵੱਗ ਪਿਆ ਸੀ। ਉਨ੍ਹਾਂ ਦੀ ਕਿਸੇ ਸਿਆਣੀ ਬੁੜ੍ਹੀ ਨੇ ਕਿਸੇ ਸੁੱਚੇ ਖੂਹ ਦੇ ਪਾਣੀ ਦਾ ਛਿੱਟਾ ਦੇ ਉਸ ਨੂੰ ਸੁੱਚਾ ਕਰ ਲਿਆ ਸੀ। ਇਹ ਗੱਲ ਮੈਨੂੰ ਦੱਸੀ ਵੀ ਮੇਰੇ ਆੜੀ ਕਰਮੇ ਨੇ ਹੀ ਸੀ। ਏਸ ਗੱਲ ਨੇ ਰੂਹ ਨੂੰ ਐਸਾ ਫੱਟਾ ਲਾਇਆ ਬਈ ਪੁੱਛ ਨਾ। ਇਸ ਗੱਲ ਦੀ ਯਾਦ ਅੱਜ ਵੀ ਰੋਣ ਕੱਢ ਦਿੰਦੀ ਆ।
ਇਹ ਤਾਂ ਸ਼ਰੇਆਮ ਧੱਕਾ ਸੀ। ਮੈਂ ਕੁੱਝ ਗੁੱਸੇ ਵਿਚ ਆ ਗਿਆ।
ਧੱਕਾ ਧੁੱਕਾ ਕਾਹਦਾ। ਮੈਂ ਕਰਮੇ ਦੀ ਥਾਂ ਹੁੰਦਾ, ਮੇਰੇ ਕੋਲੋਂ ਵੀ ਇਹੋ ਹੋਣਾ ਸੀ।
ਬਾਪੂ ਜੀ ਜਾਤ ਪਾਤ ਤੇ ਛੂਆ ਛੂਤ ਬਾਰੇ ਅੱਜ ਕੀ ਵਿਚਾਰ ਨੇ ਤੁਹਾਡੇ? ਮੈਂ ਗੱਲ ਬਦਲਣ ਲਈ ਆਖਿਆ। ਪਰ ਮੈਨੂੰ ਅੰਦਰੋਂ ਔਖ ਅਨੁਭਵ ਹੋਈ ਜਾ ਰਹੀ ਸੀ।
ਓ ਮੱਖਣਾ! ਵਿਚਾਰ ਵਚੂਰ ਕਾਹਦੇ। ਛੂਆ ਛਾਤ ਜਾਂ ਸੁੱਚ ਭਿੱਟ ਵਿਹਾਰ ‘ਚ ਤਾਂ ਨ੍ਹੀਂ ਰਹੀ ਥੋੜ੍ਹੀ। ਸਾਡੇ ਪਿੰਡੀਂ ਤਾਂ ਹੈ ਹੀ ਨ੍ਹੀਂ ਪਰ ਜਾਤ ਪਾਤ ਦਾ ਬਖੇੜਾ ਤਾਂ ਵੱਧਦਾ ਜਾ ਰਿਹਾ ਏ। ਉਮੀਦ ਨਹੀਂ ਬਈ ਮੁੱਕ ਜੂ, ਵੱਧ ਭਾਵੇਂ ਜੂ। ਏਹ ਲੋੜ ਵੀ ਬਣਦੀ ਜਾ ਰਹੀ ਆ।
ਕਿਵੇਂ ਬਾਪੂ? ਕਹਿਣ ਦੀ ਮੇਰੀ ਹਿੰਮਤ ਨਾ ਪਈ। ਮੈਨੂੰ ਲੱਗਾ ਜਿਵੇਂ ਮੇਰੀ ਆਖੀ ਹੋਈ ਗੱਲ਼ææਆਪਣੀ ਜਾਤ ਬਰਾਦਰੀ ਤਾਂ ਇਕ ਹੈ, ‘ਤੇ ਉਸ ਟਕੋਰ ਕਰ ਦਿੱਤੀ ਹੋਵੇ।
ਬਾਪੂ ਜ਼ਿੰਦਗੀ ਦੀ ਕੋਈ ਅਜਿਹੀ ਘਟਨਾ ਜੋ ਅੱਜ ਤਾਈਂ ਖੁਸ਼ੀ ਦਿੰਦੀ ਹੋਵੇ।
ਓ ਸੋਹਣਿਆ! ਐਡੀ ਵੱਡੀ ਜ਼ਿੰਦਗਾਨੀ ਵਿਚ ਐਹੋ ਜਿਹੀਆਂ ਗੱਲਾਂ ਵੀ ਬਥੇਰੀਆਂ ਨੇ ਜਿਨ੍ਹਾਂ ਖੁਸ਼ੀ ਦਿੱਤੀ ਪਰ ਕਈ ਤਾਂ ਮਗਰੋਂ ਸੌਰ੍ਹੀਆਂ ਛਲਾਵਾ ਹੀ ਨਿਕਲੀਆਂ। ਸਾਡੇ ਲੋਕ ਪਹਿਲਾਂ ਪਹਿਲ ਜਿਨ੍ਹਾਂ ਜੱਟ ਕਿਸਾਨਾਂ ਨਾ ਕੰਮ ਕਰਦੇ ਹੁੰਦੇ ਸੀ, ਉਨ੍ਹਾਂ ਤੋਂ ਛਮਾਈ ਮਗਰੋਂ ਕੁਝ ਦਾਣੇ ਮਿਲਦੇ ਹੁੰਦੇ ਸੀ। ਜਾਂ ਫੇ ਵੇਲੇ ਕੁਵੇਲੇ ਪੱਠਾ ਦੱਥਾ। ਫੇ ਹੌਲੀ ਹੌਲੀ ਖੇਤੀ ਕੰਮ ਕਰਨ ਦੀ ਦਿਹਾੜੀ ਨਕਦ ਮਿਲਣ ਲੱਗੀ। ਸਾਡੇ ਵੇੜ੍ਹਿਆਂ ਵਿਚ ਖੁਸ਼ੀ ਦੀ ਲੈਰ੍ਹ ਦੌੜ ਗਈ ਕਿ ਲਓ ਹੁਣ ਤਾਂ ਗਰੀਬੀ ਗਈ ਕਿ ਗਈ। ਹਰ ਰੋਜ਼ ਕੰਮ ਕਰਨ ਦੇ ਪੈਸੇ ਨਕਦ। ਮੈਂ ਬੋਤ੍ਹ ਖੁਸ਼ ਸੀ। ਪਰ ਅੱਜ ਤਾਈਂ ਦਿਹਾੜੀ ਵੀ ਵੱਧਦੀ ਗਈ ਤੇ ਗਰੀਬੀ ਉਸ ਤੋਂ ਤੇਜ਼ੀ ਨਾਲ। ਇਸ ਤਰ੍ਹਾਂ ਇਹ ਖੁਸ਼ੀ ਵੀ ਛਲਾਵਾ ਹੀ ਨਿਕਲੀ।
ਨਹੀਂ ਬਾਪੂ। ਕੋਈ ਇਹੋ ਜਿਹੀ ਗੱਲ ਜੋ ਅੱਜ ਤਾਈਂ ਵੀ ਮਨ ਨੂੰ ਖੁਸ਼ ਕਰ ਦਿੰਦੀ ਹੋਵੇ। ਮੈਂ ਛਲਾਵੇ ਦੀ ਗੱਲ ਨਹੀਂ ਕਰਦਾ।
ਪੁੱਤਰਾ ਏਹ ਗੱਲ ਅੱਜ ਤਾਈਂ ਸਾਂਝੀ ਤਾਂ ਨ੍ਹੀਂ ਕੀਤੀ ਕਿਸੇ ਨਾ। ਪਰ ਤੂੰ ਵੀ ‘ਖਬਾਰ ਵਿਚ ਸਿੱਧੀ ਨਾ ਠੋਕ ਦੀਂ।
ਉਹ ਗਹੁ ਨਾਲ ਮੇਰੇ ਵੱਲ ਦੇਖਿਆ। ਅੰਦਰ ਧੱਸੀਆਂ ਅੱਖਾਂ ਵਿਚ ਚਮਕ ਜਿਹੀ ਆ ਗਈ। ਪਰ ਬੁੱਲ੍ਹ ਖੁੱਲ੍ਹਦੇ-ਖੁੱਲ੍ਹਦੇ ਰਹਿ ਗਏ।
ਹਾਂ ਹਾਂ ਬਾਪੂ, ਬੇਖੌਫ਼ ਦੱਸ। ਨਾ ਛਾਪਣ ਵਾਲੀ ਹੋਈ ਤਾਂ ਮੈਂ ਨਾ ਛਾਪੂੰ। ਮੈਂ ਬੇਸਬਰਾ ਹੋਈ ਜਾ ਰਿਹਾ ਸਾਂ।
ਇਹ ਗੱਲ ਪੁੱਤਰਾ ਉਸੇ ਵਰ੍ਹੇ ਦੀ ਹੈ ਜਿਸ ਵਰ੍ਹੇ ਲੰਬੜਾਂ ਦਾ ਬੇਰੀਆਂ ਵਾਲਾ ਖੂਹ ਲੱਗਾ ਸੀ। ਲੰਬੜਾਂ ਦੇ ਘਰ ਤੇ ਹਵੇਲੀ ਦੀ ਕੰਧ ਸਾਂਝੀ ਸੀ। ਮੈਂ ਪੱਠਾ-ਦੱਥਾ ਕਰਨ ਤਾਂ ਹਵੇਲੀ ਜਾਇਆ ਹੀ ਕਰਦਾ ਸੀ। ਸਰੀਰ ਉਦੋਂ ਮੇਰਾ ਪੂਰੀ ਤਰ੍ਹਾਂ ਫਿੱਟ ਸੀ। ਬੱਸ ਇਕ ਖੰਭ ਲੱਗਣੋਂ ਹੀ ਰਹਿੰਦੇ ਸਨ। ਪੱਟਾਂ ‘ਤੇ ਛੱਲੀਆਂ ਏਹੋ ਜਿਹੀਆਂ ਪੈਂਦੀਆਂ ਸਨ ਕਿ ਜਿੱਦਾਂ ਕਿਸੇ ਰਾਜ ਮਿਸਤਰੀ ਚੂਨੇ ਨਾਲ ਬਣਾਤੀਆ ਹੋਣ।
ਕਰਮੇ ਦਾ ਬਾਬਾ ਰਤਨਾ ਚੌਵੀ ਘੰਟੇ ਹਵੇਲੀ ਹੀ ਰਹਿੰਦਾ ਹੁੰਦਾ ਸੀ। ਉਹ ਬੜੇ ਬੜੇ ਤੇ ਬਾਹਰ ਨੂੰ ਨਿਕਲੇ ਗੋਡਿਆਂ ਵਾਲਾ ਬੁੱਢਾ ਕੋਈ ਨਾ ਕੋਈ ਹੁਕਮ ਚਾੜ੍ਹੀ ਰੱਖਦਾ।
ਇਕ ਦਿਨ ਰਤਨਾ ਹਵੇਲੀ ਨ੍ਹੀਂ ਸੀ। ਮੈਂ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ। ਤੇੜ ਸਿਰਫ਼ ਇਕ ਲੰਗੋਟ ਸੀ ਮੇਰੇ। ਹਵੇਲੀ ਵਿਚ ਏਧਰ ਉਧਰ ਜਾਂਦੇ ਦੀ ਮੇਰੀ ਨਿਗਾਹ ਮੁੜ ਮੁੜ ਪੱਟਾਂ ‘ਤੇ ਪਈ ਜਾਵੇ। ਕਦੀ ਡੌਲੇ ਅਕੜਾ ਅਕੜਾ ਦੇਖ ਹੋਈ ਜਾਣ। ਕਦੇ ਕਦੇ ਮੇਰਾ ਹੱਥ ਆਪ ਮੁਹਾਰਾ ਪੱਟ ‘ਤੇ ਉਪਰ ਥੱਲੇ ਹੋ ਰਹੀ ਮਛਲੀ ‘ਤੇ ਫਿਰ ਜਾਇਆ ਕਰੇ।
ਇਹ ਕਹਿੰਦਿਆਂ ਹੀ ਉਹ ਠਠੰਬਰ ਗਿਆ ਜਿਵੇਂ ਸ਼ਾਟ ਲੱਗਾ ਹੋਵੇ। ਮੈਂ ਧਿਆਨ ਨਾਲ ਦੇਖਿਆ ਤਾਂ ਉਸ ਦੇ ਸੱਜੇ ਹੱਥ ਵਿਚ ਉਸ ਦੇ ਸੱਜੇ ਪੱਟ ਦੀ ਮਾਸ ਛੱਡ ਚੁੱਕੀ ਨਲੀ ਸੀ। ਮੈਂ ਸਮਝ ਗਿਆ ਕਿ ਉਹ ਸੱਚਮੁੱਚ ਹੀ ਅਤੀਤ ਦੇ ਵਿਹੜੇ ਜਾ ਵੜਿਆ ਸੀ ਤੇ ਸੁੱਕੇ ਪੱਟ ਦੀ ਹੱਡੀ ਨੇ ਉਸ ਨੂੰ ਅਸਲੀਅਤ ਦੀ ਸੇਜ ‘ਤੇ ਲੈ ਆਂਦਾ ਸੀ। ਉਹ ਬਿੱਟ ਬਿੱਟ ਆਪਣੇ ਪੱਟ ਵੱਲ ਦੇਖ ਰਿਹਾ ਸੀ। ਮੈਂ ਉਹਨੂੰ ਅੱਗੇ ਗੱਲ ਤੋਰਨ ਲਈ ਪ੍ਰੇਰਿਆ।
ਉਸ ਇਕ ਲੰਮੇ ਹਓਕੇ ਮਗਰੋਂ ਗੱਲ ਸ਼ੁਰੂ ਕੀਤੀ। ਚਾਣਚੱਕ ਮੇਰੀ ਨਜ਼ਰ ਲੰਬੜਾਂ ਦੇ ਦਲਾਨ ਦੀ ਬਾਰੀ ਵਿਚ ਪੈਗੀ। ਉਥੇ ਕਰਮੇ ਦੀ ਛੋਟੀ ਭੈਣ ਗਿਆਨੋ ਖੜ੍ਹੀ ਸੀ। ਮੱਲਿਆ, ਜਦ ਮੇਰੀਆਂ ਅੱਖਾਂ ਉਸ ਨਾ ਮਿਲੀਆਂ ਤਾਂ ਕੀ ਦੱਸਾਂ! ਸਾਡੀਆਂ ਅੱਖਾਂ ਝੁਕ ਗਈਆਂ। ਰੂਹ ਸੁਆਦ ਸੁਆਦ ਹੋ ਗਈ। ਆਏ ਹਾਏ। ਇਸ ਛਿਣ ਭੰਗਰੀ ਤੱਕਣੀ ਵਿਚ ਉਹ ਸੁਆਦ ਸੀ ਪਈ ਦੱਸ ਨੀ ਹੋ ਸਕਦਾ। ਅੱਜ ਵੀ ਉਸ ਘੜੀ ਦੀ ਯਾਦ ਆ ਕੇ ਰੂਹ ਖਿੜ ਜਾਂਦੀ ਏ।
ਬਾਪੂ ਅੱਗੇ ਕੀ ਹੋਇਆ? ਮੇਰੀ ਦਿਲਚਸਪੀ ਵਧ ਗਈ ਸੀ।
ਬੱਸ ਸੁਆਦ ਦੇਣ ਵਾਲੀ ਤਾਂ ਇਹੀ ਘੜੀ ਸੀ।
ਨਹੀਂ ਬਾਪੂ ਅੱਗੇ ਦੱਸ ਫਿਰ ਕੀ ਹੋਇਆ?
ਫੇ ਕੀ ਹੋਣਾ ਸੀ। ਕੁੜੀ ਦਾ ਵੀ ਮੇਰੇ ਵਾਲਾ ਹਾਲ ਹੋਣਾ। ਪਰ ਉਹ ਬਾਰੀ ਬੰਦ ਕਰਕੇ ਖਿਸਕ ਗਈ ਸੀ। ਮੈਂ ਸਾਰੀ ਰਾਤ ਸੌਂ ਨਹੀਂ ਸਕਿਆ। ਜਿੱਧਰ ਦੇਖਾਂ ਬੱਸ ਗਿਆਨੋ ਹੀ ਦਿੱਸੇ। ਦਿਲ ਕਰੇ ਉਸ ਨੂੰ ਬਾਹਾਂ ਵਿਚ ਘੁੱਟ ਅਸਮਾਨੀਂ ਉਡ ਜਾਂ। ਦਿਨ ਚੜ੍ਹਨ ਵਿਚ ਨਾ ਆਵੇ। ਚਿੱਤ ਕਹੇ ਕਿ ਮੈਂ ਹਵੇਲੀ ਹੀ ਪੈ ਜਾਇਆਂ ਕਰਾਂ। ਮਨ ਸਹੁਰਾ ਸਕੀਮਾਂ ਵਿਚ ਹੀ ਸੁਆਦ ਸੁਆਦ ਹੋਈ ਜਾਵੇ।
ਸਵੇਰੇ ਸਵਖ਼ਤੇ ਹੀ ਮੈਂ ਹਵੇਲੀ ਜਾ ਵੱਜਾ। ਪਰ ਉਥੇ ਯਮ ਰਤਨਾ ਲਾਂਗੜ ਲਮਕਾਈ ਫਿਰੇ। ਮੇਰੀ ਨਜ਼ਰ ਮੁੜ ਮੁੜ ਦਲਾਨ ਦੀ ਬਾਰੀ ਨਾ ਟਕਰਾਵੇ। ਰੂਹ ਤਰਸ ਤਰਸ ਜਾਵੇ, ਕੁੜੀ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਲਈ। ਪਰ ਬਾਰੀ ਨਾ ਖੁੱਲ੍ਹੀ। ਸਗੋਂ ਰਤਨੇ ਦੇ ਹੁਕਮ ਮਿਲਣੇ ਸ਼ੁਰੂ ਹੋ ਗਏ।
ਓਏ ਘੋੜੀ ਦੀ ਲਿੱਦ ‘ਠਾ, ਚੱਪੇ ਦਾ ਰੱਸਾ ਜ਼ਰਾ ਖੁੱਲ੍ਹਾ ਕਰ। ਮੱਝਾਂ ਅੱਜ ਲੱਸੀ ਨਾ ਨਲਾਈਂ।
ਅੱਜ ਉਸ ਦੇ ਹੁਕਮ ਮੈਨੂੰ ਚੁੱਭ ਰਹੇ ਸਨ। ਪਹਿਲਾਂ ਮੈਂ ਕਦੇ ਗੌਲੇ ਹੀ ਨਹੀਂ ਸਨ। ਖੈਰ, ਦੂਜੀ ਰਾਤ ਵੀ ਨੀਂਦ ਨਾ ਆਈ ਚੱਜ ਨਾਲ। ਪਰ ਦਿਨੇ ਧਰਤੀ ਪੱਬ ਨਾ ਲੱਗਦੇ ਜਦੋਂ ਗਿਆਨੋ ਦੇ ਚਿਹਰੇ ਦੀ ਉਹ ਹਲਕੀ ਜਿਹੀ ਮੁਸਕਾਨ ਚੇਤੇ ਆ ਜਾਂਦੀ। ਧਰਮ ਨਾ ਰੂਹ ਬਾਗੋ ਬਾਗ ਹੋ ਜਾਂਦੀ।
ਪਰ ਬਾਰੀ ਤੀਜੇ ਦਿਨ ਵੀ ਨਾ ਖੁੱਲ੍ਹੀ। ਖੁੱਲ੍ਹਣੀ ਵੀ ਕਿੱਥੋਂ ਸੀ। ਨਾ ਰਤਨਾ ਉਜੜੇ ਨਾ ਖੁੱਲ੍ਹੇ। ਮੈਂ ਉਨ੍ਹਾਂ ਦੇ ਘਰ ਜਾਣ ਦੇ ਬਹਾਨੇ ਸੋਚੀ ਜਾਵਾਂ ਪਰ ਕਿੱਥੇ! ਬਿਨਾਂ ਕੰਮੋਂ ਉਥੇ ਚਿੜੀ ਵੀ ਨੀ ਸੀ ਫੜਕ ਸਕਦੀ। ਹਾਂ ਦੂਰੋਂ ਦੂਜੇ ਕੋਠੇ ਤੋਂ ਦੀ ਕੁੜੀ ਨੇ ਹੱਥ ਹਿਲਾ ਕੇ ਦਿਲ ਵਿਚ ਖਲਬਲੀ ਮਚਾ’ਤੀ।
ਤੀਜੀ ਰਾਤੇ ਵੀ ਮੈਂ ਬੇਸਬਰੀਆਂ ਨਾ ਪਰਚਿਆ ਰਿਹਾ। ਕਿਤੇ ਤੜਕ ਸਾਰ ਊਂਘ ਆਈ।
ਕਰਮੇ ਨੇ ਮੈਨੂੰ ਹਵੇਲੀ ਵਿਚ ਢਾਹ ਲਿਆ। ਉਹ ਮੇਰੀਆਂ ਲੱਤਾਂ ‘ਤੇ ਟੋਕੀ ਵਾਹੁਣ ਲੱਗਾ। ਨਾਲੇ ਉਹ ਮਾਰੀ ਜਾਵੇ ਨਾਲੇ ਰੋਈ ਜਾਵੇ ਤੇ ਨਾਲੇ ਕਹੀ ਜਾਵੇ, ਚੰਗੀ ਯਾਰੀ ਪਾਲੀ ਕੁੱਤਿਆ, ਜਿਸ ਥਾਲੀ ਵਿਚ ਖਾਧਾ ਉਸ ਵਿਚ ਛੇਕæææ।
ਕਰਮੇ ਦਾ ਪੇ ਸਾਧਾ ਸੂ ਕਰਪਾਨ ਘੁਮਾਉਂਦਾ ਆਪਣੇ ਸ਼ਰੀਕੇ ਨੂੰ ਵੰਗਾਰੇ, ਲਿਆਓ ਕੁੱਤੇ ਦੀ ਤੀਮੀ ਨੂੰ ਇਥੇ। ਵਿਚੇ ਇਹਦੀ ਮਾਂ ਨੂੰ। ਹਵੇਲੀ ਲਿਆ ਕੇ ਕਰੋ ਨੰਗੀਆਂ। ਇਸ ਕੁੱਤੇ ਦੇ ਬੀਅ ਨੂੰ ਸਬਕ ਸਿਖਾਈਏ।
ਉਹ ਮੇਰੀ ਮਾਂ ਨੂੰ ਫੜ ਲਿਆਏ। ਜਣੇਪੇ ਨੇੜੇ ਪਹੁੰਚੀ ਜਨਾਨੀ ਨੂੰ ਵੀ। ਮੇਰੇ ਸਾਹਮਣੇ ਨੰਗੀਆਂ ਕਰ ਉਨ੍ਹਾਂ ਨੂੰ ਢਾਹ ਲਿਆ।
ਮੇਰੀ ਚੀਕ ਨਿਕਲ ਗਈ। ਮੈਂ ਵਾਖਰੂ ਵਾਖਰੂ ਕਹਿੰਦਾ ਉਠ ਪਿਆ। ਦਿਲ ਧੜਕ ਧੜਕ ਕਰ ਰਿਹਾ ਸੀ। ਸਰੀਰ ਪਸੀਨੋਂ ਪਸੀਨੀ ਹੋਇਆ ਪਿਆ ਸੀ। ਮੈਂ ਆਪਣੀਆਂ ਲੱਤਾਂ ਨੂੰ ਹੱਥ ਲਾ ਲਾ ਦੇਖਾਂ। ਇਹ ਸਾਬਤ ਸਨ। ਉਦਾਂ ਲੱਗੇ ਜਿੱਦਾਂ ਟੋਕੀ ਦੀਆਂ ਸੱਟਾਂ ਦੁੱਖ ਰਹੀਆਂ ਹੋਣ।
ਇਹ ਭਿਆਨਕ ਦ੍ਰਿਸ਼ ਚਿਤਵ ਚਿਤਵ ਸਰੀਰ ਵਿਚ ਧੁੜਧੜੀ ਜਿਹੀ ਛਿੜੀ ਜਾਵੇ ਪਰ ਜਿਵੇਂ ਜਿਵੇਂ ਮਨ ਟਿਕਾਣੇ ਆਈ ਜਾਵੇ ਤਾਂ ਇਹ ਫਿਰ ਗਿਆਨੋ ‘ਆਲੇ ਘੁੰਮਣ ਲੱਗੇ। ਉਹੀ ਸੁਆਦੀ ਘੜੀ ਮੁੜ ਮੁੜ ਚੇਤੀਂ ਵਸੇ। ਉਧਰ ਕਰਮਾ ਰੋਂਦਾ ਦਿੱਸੇ। ਮਿੰਨਤਾਂ ਕਰਦੀਆਂ ਮਾਂ ਤੇ ਜਨਾਨੀ ਦਿੱਸਣ। ਗੱਲ ਕਾਹਦੀ ਜੁਆਨਾ ਡਰ ਕਾਰਨ ਰੱਖ ਜਾਂ ਫਿਰ ਕਰਮੇ ਦੀ ਯਾਰੀ ਕਰਕੇ ਰੱਖ। ਮੈਂ ਸੰਭਲ ਗਿਆ। ਮੈਂ ਮਨ ਮਾਰਨਾ ਸ਼ੁਰੂ ਕਰ’ਤਾ।
ਫਿਰ ਬਾਪੂ? ਮੈਂ ਅੱਗੇ ਜਾਨਣ ਲਈ ਉਤਸੁਕ ਸੀ।
ਫੇ ਕੀ ਪੁੱਤਰਾæææਮਹੀਨੇ ਮਗਰੋਂ ਗਹਾਈ ਆ ਗਈ। ਕਣਕ ਦਾ ਗੱਡਾ ਲੱਦ ਕੇ ਕਰਮੇ ਦੇ ਘਰੇ ਲਾਹੁਣ ਆ ਗਏ। ਮੈਂ ਪੰਜ ਪੰਜ, ਸੱਤ ਸੱਤ ਮਣ ਭਾਰੀਆਂ ਪੰਡਾਂ ਕਰਮੇ ਦੇ ਦਲਾਨ ਵਿਚ ਢੇਰੀ ਕਰੀ ਜਾਵਾਂ। ਕਰਮਾ ਗੱਡੇ ‘ਤੇ ਖੜ੍ਹਾ ਚੁਕਾਈ ਜਾਵੇ। ਚੌਥੀ ਕੁ ਪੰਡ ਢੇਰੀ ਕਰਕੇ ਜਦੋਂ ਮੁੜਨ ਲੱਗਾ ਤਾਂ ਇਕ ਤਖਤੇ ਉਹਲਿਓਂ ਨਿਕਲ ਗਿਆਨੋ ਨੇ ਮੈਨੂੰ ਜੱਫੀ ਪਾ ਲਈ। ਗਿਆਨੋ ਕਰਮਾ ਆ ਜੂ। ਗਿਆਨੋ ਕਰਮਾ ਆ ਜੂ ਮੇਰੇ ਮੂੰਹੋਂ ਡਰ ਜਿਹੇ ਵਿਚ ਆਪ ਮੁਹਾਰੇ ਨਿਕਲੀ ਜਾਵੇ। ਮਸੀਂ ਕੁੜੀ ਨੂੰ ਗਲੋਂ ਲਾਹਿਆ।
ਗੱਡੇ ਤਾਈਂ ਪਹੁੰਚਣ ਤੱਕ ਵੀ ਮੇਰਾ ਦਿਲ ਧੜਕੀ ਜਾਵੇ। ਕਰਮੇ ਕੋਲ ਔਂਦਿਆਂ ਮੇਰਾ ਖੱਬਾ ਹੱਥ ਧੌਣ ਦੇ ਖੱਬੇ ਪਾਸੇ ਪਹੁੰਚ ਗਿਆ। ਕਰਮਿਆ ਮੇਰੀ ਧੌਣ ਦੀ ਨਾੜੀ ਖਿੱਚੀ ਗਈ ਓਏ। ਦਰਦ ਬਾਲ੍ਹਾ ਹੀ ਹੁੰਦਾ ਐ। ਬਾਕੀ ਪੰਡਾਂ ਤੂੰ ਢੋਅ, ਵੀਰ ਬਣ ਕੇ। ਉਹ ਛਾਲ ਮਾਰ ਕੇ ਗੱਡੇ ਤੋਂ ਥੱਲੇ ਆ ਗਿਆ ਤੇ ਮੈਂ ਉਤੇ। ਪੁੱਤਰਾ ਗੱਲ ਤਾਂ ਏਹ ਸੀ ਕਿ ਮੈਂ ਵੀ ਅੰਦਰੋਂ ਗਿਆਨੋ ਲਈ ਖਿੱਚਿਆ ਗਿਆ ਸੀ। ਉਸ ਦੀ ਪਾਈ ਜੱਫੀ ਸਰੂਰ ਜਿਹਾ ਦੇਈ ਜਾਵੇ। ਮੈਨੂੰ ਆਪੇ ਤੋਂ ਉਹਦੇ ਬਦਨ ਦੀ ਮਹਿਕ ਜੇਹੀ ਆਈ ਜਾਵੇ। ਏਦਾਂ ਲੱਗੇ ਜਿੱਦਾਂ ਮੈਂ ਗੱਡੇ ‘ਤੇ ਖੜ੍ਹਾ ਸਾਰੇ ਪਿੰਡ ਤੋਂ ਉਚਾ ਹੋ ਗਿਆ ਹੋਵਾਂ। ਬਦਨ ਸਾਲਾ ਹਵਾ ਵਿਚ ਤੈਰਦਾ ਲੱਗੇ। ਦਿਲ ਕਰੇ ਕਰਮੇ ਦੀ ਦਾਦੀ ਧੰਤੀ ਨੂੰ ਪੁੱਛਾਂ ਬਈ ਖੂਹ ਉਪਰ ਤਾਂ ਚੜ੍ਹਨੋਂ ਰੋਕ’ਤਾ ਸੀ ਸਾਨੂੰ। ਹੁਣ ਐਸ ਲਾਡਲੀ ਨੂੰ ਵੀ ਮਾਰ ਛਿੱਟੇ ਕਿਸੇ ਗੰਗਾ ਜਲ ਦੇ। ਮੇਰਾ ਸੱਜਾ ਹੱਥ ਬੁੱਲ੍ਹਾਂ ਨੂੰ ਜਾ ਲੱਗਾ ਤੇ ਮੇਰੇ ਮੂੰਹੋਂ ਮੱਗਾ ਵੱਜਦਾ ਵੱਜਦਾ ਰੁਕ ਗਿਆ ਸੀ। ਪਰ ਪੁੱਤਰਾ ਨਈਂ, ਬਾਰੂ ਨੇ ਸਿਆਣਪ ਤੋਂ ਕੰਮ ਲਿਆ। ਉਦੋਂ ਤਾਈਂ ਕਰਮੇ ਦੇ ਘਰ ਆਉਣ ਜਾਣ ਘੱਟ ਕਰ’ਤਾ ਜਦ ਤੱਕ ਗਿਆਨੋ ਸਹੁਰੇ ਨ੍ਹੀਂ ਸੀ ਤੁਰ’ਗੀ। ਬਾਰੂ ਨੇ ਇਧਰ ਉਧਰ ਸਿਰ ਹਿਲਾਉਂਦੇ ਹੋਏ ਨੇ ਗੱਲ ਪੂਰੀ ਕੀਤੀ।
ਬਾਰੂ ਮਨ ਦੀ ਗੱਲ ਕਹਿ ਕੇ ਕਾਫ਼ੀ ਹਲਕਾ ਹਲਕਾ ਮਹਿਸੂਸ ਕਰ ਰਿਹਾ ਪ੍ਰਤੀਤ ਹੋ ਰਿਹਾ ਸੀ। ਪਰ ਮੈਂ ਉਸ ਅੰਦਰਲੀ ਪੀੜ ਨੂੰ ਅਨੁਭਵ ਕਰ ਰਿਹਾ ਸੀ ਤੇ ਮੇਰੇ ਮਨ ਉਤੇ ਸਦੀ ਤੋਂ ਵੀ ਵੱਡੀ ਉਮਰ ਦੇ ਬਜ਼ੁਰਗ ਦੇ ਬੀਤੇ ਵਿਚਲੇ ਲੁਕੇ ਤਲਖ ਸੱਚ ਨੂੰ ਵੇਖ ਕੇ ਇਕ ਭਾਰ ਜਿਹਾ ਜ਼ਰੂਰ ਪੈ ਰਿਹਾ ਸੀ। ਮੈਨੂੰ ਬਾਰੂ ਛੋਟੀ ਉਮਰ ਦਾ ਡੰਗਰ ਚਾਰਦਾ ਦਿੱਸਣ ਲੱਗਾ। ਕਦੇ ਗੱਭਰੂ ਖੂਹ ਦੇ ਪਾੜ ਵਿਚੋਂ ਟੋਕਰਾ ਚੁੱਕੀ ਉਪਰ ਚੜ੍ਹਦਾ ਤੇ ਥਾਪੀ ਮਾਰ ਸਾਥੀਆਂ ਨੂੰ ਲਲਕਾਰਦਾ ਨਜ਼ਰ ਆਵੇ। ਕਦੇ ਵਗਦੇ ਖੂਹ ਨੂੰ ਦੂਰੋਂ ਹਸਰਤੀ ਨਜ਼ਰਾਂ ਨਾਲ ਤੱਕਦਾ ਦਿੱਸੇ। ਕਦੇ ਉਸ ਨੂੰ ਲਿਪਟੀ ਗਿਆਨੋ ਦਿਸੇ ਤੇ ਕਦੇ ਉਹ ਗੱਡੇ ‘ਤੇ ਖੜ੍ਹਾ ਪਿੰਡ ਵੱਲ ਨੂੰ ਮੂੰਹ ਕਰਕੇ ਬੱਕਰਾ ਬੁਲਾਉਂਦਾ ਦਿੱਸੇ। ਕਦੇ ਕਰਮਾ ਟੋਕੀ ਵਾਹੁੰਦਾ ਦਿੱਸੇ ਤੇ ਕਦੇæææ।
ਪੁੱਤਰਾ ਕੀ ਸੋਚਦਾ ਪਿਆਂ? ਉਹ ਮੈਨੂੰ ਸੋਚਾਂ ਵਿਚ ਡੁੱਬੇ ਨੂੰ ਹਲੂਣ ਗਿਆ, ਤੂੰ ਤਾਂ ‘ਖਬਾਰ ਵਾਲਾ ਨਾ। ਏਥੇ ਪਰ੍ਹੇ ਵਿਚ ਬੈਠਾ ਮਾਸਟਰ ਤੋਚੀ ਇਕ ਦਿਨ ‘ਖਬਾਰ ਪੜ੍ਹ ਕੇ ਸੁਣਾਉਂਦਾ ਸੀ। ਭਲਾ ਜੇਹਾ ਨਾਂ ਲੈਂਦਾ ਸੀ ਉਸ ਮੁਲਖ ਦਾ। ਚਲ ਛੱਡ ਨਾ ਨੂੰ, ਨਾਂ ‘ਚ ਕੀ ਪਿਆ। ਹਾਂ ਉਥੇ ਅਖੇ ਬੁੱਢਿਆਂ ਲਈ ਵੱਖਰੇ ਘਰ ਹੁੰਦੇ ਨੇ। ਬੜਾ ਪ੍ਰਬੰਧ ਹੁੰਦਾ ਉਥੇ ਉਨ੍ਹਾਂ ਦੀ ਸੰਭਾਲ ਦਾ। ਅਖੇ ਕਈ ਬੁੱਢੇ-ਬੁੱਢੀਆਂ ਤਾਂ ਸੌ ਸੌ ਸਾਲ ਦੀ ਉਮਰ ਵਿਚ ਵਿਆਹ ਕਰਵਾ ਲੈਂਦੇ ਆ ਉਥੇ। ਕੀ ਏਹ ਸੱਚ ਏ? ਉਹ ਇਕੋ ਸਾਹੇ ਕਹਿ ਗਿਆ।
ਬਾਪੂ ਅਜਿਹੇ ਪ੍ਰਬੰਧ ਤਾਂ ਕਈ ਮੁਲਕਾਂ ਵਿਚ ਹੈਨ। ਵਿਰਲਾ ਵਿਰਲਾ ਤਾਂ ਆਪਣੇ ਮੁਲਕ ਵਿਚ ਵੀ ਸੁਣਿਆ। ਪਰ ਤੁਸੀਂ ਕਿਉਂ ਸੋਚਦੇ ਹੋ ਇਸ ਤਰ੍ਹਾਂ? ਤੁਹਾਡੇ ਕੋਲ ਤਾਂ ਘਰ ਹੈ?
ਪੁੱਤਰਾ! ਭਲਾ ਮੈਂ ਕਦ ‘ਨਕਾਰੀ ਹਾਂ ਕਿ ਮੇਰੇ ਕੋਲ ਘਰ ਨੀ। ਪਰ ਕਈ ਵਾਰੀ ਰੂਹ ਸਾਲੀ ਤੰਗ ਜੇਹੀ ਹੋ ਜਾਂਦੀ ਏ। ਖਾਸ ਕਰਕੇ ਸਿਆਲਾਂ ਨੂੰ। ਏਸ ਅੰਦਰ ਜਿਥੇ ਬੈਠੇ ਆਂæææਬੱਚੇ ਪੜ੍ਹਦੇ ਹੁੰਦੇ ਆ। ਨਾਲ ਦੀ ਸਬਾਤ ਵਾਲੇ ਕਮਰੇ ਵਿਚ ਤਾਰਾ ਤੇ ਬਹੂ। ਮੈਂ ਤੇ ਝੋਟੀ ਉਸ ਛਤੜੇ ਵਿਚ। ਫੇ ਪਹਾੜ ਜੇਡੀ ਗੁਜ਼ਾਰੀ ਜ਼ਿੰਦਗੀ ਦੀਆਂ ਯਾਦਾਂ ਸਿਆਲਾਂ ਦੀਆਂ ਰਾਤਾਂ ਨੂੰ ਹੋਰ ਲੰਮੇਰਾ ਕਰ ਦਿੰਦੀਆਂ ਨੇ, ਤੇææææ।
ਉਹ ਬੋਲਦਾ ਬੋਲਦਾ ਰੁਕ ਗਿਆ। ਮੇਰੇ ਵਿਚ ਹੋਰ ਸਵਾਲ ਕਰਨ ਦੀ ਜਿਵੇਂ ਹਿੰਮਤ ਨਾ ਰਹੀ ਹੋਵੇ।

Be the first to comment

Leave a Reply

Your email address will not be published.