ਅਕਾਲੀ ਗ੍ਰਹਿ ਯੁੱਧ: ਟਕਸਾਲੀ ਆਗੂਆਂ ਦੀ ਸੁਖਬੀਰ ਬਾਦਲ ਨੂੰ ਵੰਗਾਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿਚ ਛਿੜਿਆ ਗ੍ਰਹਿ ਯੁੱਧ ਠੰਢਾ ਹੋਣ ਦਾ ਨਾਂ ਨਹੀਂ ਲੈ ਰਿਹਾ। ਪਾਰਟੀ ਵਿਚ ਆਏ ਸਿਆਸੀ ਭੂਚਾਲ ਨੇ ਜਿਥੇ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵੱਕਾਰ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ, ਉਥੇ ਹੀ ਉਨ੍ਹਾਂ ਦੇ ਵਾਰਸ ਸੁਖਬੀਰ ਬਾਦਲ ਨੂੰ ਵੀ ਲਪੇਟ ਵਿਚ ਲੈ ਲਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਸਮੇਤ ਟਕਸਾਲੀ ਅਕਾਲੀਆਂ ਨੂੰ ਇਕੱਠੇ ਕਰਕੇ ਬਾਦਲ ਪਰਿਵਾਰ ਦਾ ਸਿੱਖ ਸਿਆਸਤ ਤੋਂ ਗਲਬਾ ਖਤਮ ਕਰਨ ਖਾਤਰ ‘ਸਫਰ-ਏ-ਅਕਾਲੀ’ ਲਹਿਰ ਦਾ ਅਗਾਜ਼ ਕੀਤਾ ਗਿਆ। ਕੱਲ੍ਹ ਤੱਕ ਸਿਆਸੀ ਵਿਰੋਧੀਆਂ ਵਜੋਂ ਵਿਚਰਦੇ ਰਹੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ ਇਕੋ ਮੰਚ ਉਪਰ ਆ ਨਜ਼ਰ ਆਏ ਤੇ ਸਾਂਝੇ ‘ਸ਼ਰੀਕ’ ਬਣੇ ਬਾਦਲਾਂ ਨੂੰ ਨਿਸ਼ਾਨੇ ਉਤੇ ਲਿਆ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵਿਚੋਂ ਬਗਾਵਤ ਦਾ ਮੁੱਢ ਮਾਝੇ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਬੰਨ੍ਹਿਆ ਸੀ ਤੇ ਹੁਣ ਢੀਂਡਸਾ ਵੱਲੋਂ ਵੀ ਬਾਦਲਾਂ ਦੇ ਵਿਰੋਧ ਵਿਚ ਆਉਣਾ ਛੋਟੇ ਬਾਦਲ ਲਈ ਖਤਰੇ ਦੀ ਘੰਟੀ ਹੈ। ਗੁਰਦੁਆਰਾ ਸੁਧਾਰ ਲਹਿਰ ਵਿਚੋਂ ਨਿਕਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਉਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲੱਗੇ ਹਨ, ਜੋ ਹੁਣ ਪਿੱਛਾ ਨਹੀਂ ਛੱਡ ਰਹੇ। ਸਾਲ 2017 ਵਿਚ ਅਕਾਲੀ ਦਲ ਦੇ ਸਿਆਸੀ ਤੌਰ ਉਤੇ ਪੈਰ ਉੱਖੜਨ ਦਾ ਦੌਰ ਸ਼ੁਰੂ ਹੋਇਆ ਸੀ, ਜੋ ਹੁਣ ਵੀ ਜਾਰੀ ਹੈ। ਪੰਜਾਬ ਵਿਚ ਚਾਰ ਵਿਧਾਨ ਸਭਾ ਸੀਟਾਂ ਉਤੇ ਜ਼ਿਮਨੀ ਚੋਣਾਂ ਹੋਈਆਂ, ਜਿਨ੍ਹਾਂ ਵਿਚ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਜਲਾਲਾਬਾਦ ਸੀਟ ਵੀ ਪਾਰਟੀ ਕੋਲੋਂ ਖੁੱਸ ਗਈ। ਪਾਰਟੀ ਨੇ ਦਾਖਾ ਹਲਕੇ ਦੀ ਸੀਟ ਜਿੱਤ ਤਾਂ ਲਈ ਪਰ ਜਨਤਕ ਉਭਾਰ ਨਾ ਹੋਇਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਵੱਡੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਹ ਸੰਕਟ ਸਿਆਸੀ, ਧਾਰਮਿਕ ਤੇ ਸਮਾਜਿਕ ਹਰ ਫਰੰਟ ਉਤੇ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਕਈ ਉਤਰਾਅ-ਚੜ੍ਹਾਅ ਆਏ ਪਰ ਅਜਿਹੀ ਹਾਲਤ ਪਹਿਲੀ ਵਾਰ ਬਣੀ ਹੈ।
‘ਸਫਰ-ਏ-ਅਕਾਲੀ’ ਲਹਿਰ ਦੇ ਅਗਾਜ਼ ਮੌਕੇ ਸ੍ਰੀ ਢੀਂਡਸਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਤਾਨਾਸ਼ਾਹੀ ਭਾਰੂ ਹੈ ਤੇ ਸ਼੍ਰੋਮਣੀ ਕਮੇਟੀ ਦੀਆਂ ਸਾਲਾਨਾ ਬੈਠਕਾਂ ਵਿਚ ਕਦੇ ਕੋਈ ਚਰਚਾ ਨਹੀਂ ਹੋਈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਪਰਿਵਾਰਵਾਦ ਤੋਂ ਮੁਕਤ ਕਰਨ ਲਈ ਇਸ ਧਾਰਮਿਕ ਕਾਰਜ ‘ਚ ਡਟ ਕੇ ਖੜ੍ਹੇ ਹਨ। ਸ੍ਰੀ ਰਾਮੂਵਾਲੀਆ ਨੇ ਜ਼ੋਰ ਨਾਲ ਕਿਹਾ ਕਿ ਸਿੱਖ ਸੰਸਥਾਵਾਂ ‘ਚ ਦਲਿਤ ਸਿੱਖਾਂ ਤੇ ਪਰਵਾਸੀ ਸਿੱਖਾਂ ਨੂੰ ਅਹਿਮ ਥਾਂ ਦਿੱਤੀ ਜਾਵੇ। ਇਸ ਮੌਕੇ ਪਾਸ ਕੀਤੇ ਮਤਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਜਾਣਕਾਰੀ ਨਵੀਂ ਪੀੜ੍ਹੀ ਨੂੰ ਉਪਲਬਧ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੇ ਜਾਣ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਰਾਜਨੀਤਕ ਪ੍ਰਭਾਵ ਤੋਂ ਆਜ਼ਾਦ ਕਰਵਾਉਣ, 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ ਸਾਹਿਬ ਤੇ ਮੰਗੂ ਮੱਠ ਨੂੰ ਸਰਕਾਰੀ ਕਬਜ਼ੇ ਤੋਂ ਆਜ਼ਾਦ ਕਰਵਾਉਣ, ਸਿੱਖ ਇਤਿਹਾਸ ਦੀ ਪੜਤਾਲ ਲਈ ਅਕਾਲ ਤਖਤ ਦੀ ਨਿਗਰਾਨੀ ‘ਚ ਸਿੱਖ ਰਿਸਰਚ ਬੋਰਡ ਬਣਾਉਣ, ਰਾਜਸੀ ਆਗੂਆਂ ਦੇ ਧਾਰਮਿਕ ਸੰਸਥਾਨਾਂ ਦੇ ਚੋਣ ਲੜਨ ਉਤੇ ਰੋਕ, ਸ਼੍ਰੋਮਣੀ ਤੇ ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਦੇ ਨਾਲ ਨਾਲ ਦਿੱਲੀ ਸਰਕਾਰ ਵੱਲੋਂ ਦਿੱਲੀ ਕਮੇਟੀ ਦੀ ਵੋਟਰ ਸੂਚੀ ਫੋਟੋ ਵਾਲੀ ਬਣਾਉਣ ਦੀ ਮੰਗ ਨੂੰ ਸ਼ਾਮਲ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕਿਸੇ ਵੇਲੇ ਵੱਖ-ਵੱਖ ਵਿਚਾਰਧਾਰਾਵਾਂ ਨੂੰ ਲੈ ਕੇ ਇਕ-ਦੂਜੇ ਦੇ ਸਿਆਸੀ ਵਿਰੋਧੀ ਰਹਿ ਚੁੱਕੇ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਭਰਾਵਾਂ ਨੇ ਵੀ ਮੰਚ ਸਾਂਝਾ ਕੀਤਾ। ਸਾਰੇ ਸਿੱਖ ਲੀਡਰਾਂ ਨੇ ਪਾਰਟੀ ਦੀ ਅਜੋਕੀ ਹਾਲਤ ਲਈ ਜਿਥੇ ਮੁੱਖ ਤੌਰ ਉਤੇ ਸੁਖਬੀਰ ਬਾਦਲ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਦੇ ਰਵੱਈਏ ‘ਤੇ ਘੇਸਲ ਵੱਟਣ ਲਈ ਕਸੂਰਵਾਰ ਦੱਸਿਆ।
ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਮੰਚ ਤੋਂ ਉਨ੍ਹਾਂ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਵੀ ਕੀਤੀ, ਜਿਸ ‘ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਆਖਰ ਪਾਰਟੀ ਛੱਡਣ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਖਾਮੀਆਂ ਕਿਉਂ ਨਜ਼ਰ ਆਈਆਂ? ਢੀਂਡਸਾ ਤੇ ਬ੍ਰਹਮਪੁਰਾ ਨੇ ਇਸ ਚੁੱਪੀ ਦਾ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਉਸ ਵੇਲੇ ਬੰਦ ਕਮਰੇ ‘ਚ ਕਈ ਵਾਰ ਇਹ ਮਾਮਲਾ ਉਠਾਇਆ ਸੀ।
__________________________________
ਢੀਂਡਸਾ ਮੈਨੂੰ ਪ੍ਰਧਾਨ ਬਣਾਉਣ ‘ਤੇ ਰਾਜ਼ੀ ਨਹੀਂ ਸਨ: ਲੌਂਗੋਵਾਲ
ਲੌਂਗੋਵਾਲ: ਪਿੰਡ ਲੌਂਗੋਵਾਲ ਦੇ ਵੱਡੀ ਗਿਣਤੀ ਅਕਾਲੀ ਵਰਕਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਭਰੋਸਾ ਪ੍ਰਗਟ ਕਰਦਿਆਂ ਸਮਰਥਨ ਕੀਤਾ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਪਰਿਵਾਰ ਦਾ ਸਿਧਾਂਤ ਕਾਂਗਰਸ ਪਾਰਟੀ ਵਿਚੋਂ ਆਏ ਵਰਕਰਾਂ ਨੂੰ ਰੁਤਬੇ ਦੇਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਨੂੰ ਬਹੁਤ ਮਾਣ ਮਿਲਿਆ ਹੈ। ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਰਾਜ਼ੀ ਨਹੀਂ ਸਨ ਤੇ ਢੀਂਡਸਾ ਨੇ ਉਨ੍ਹਾਂ ਵਿਰੁੱਧ ਬਹੁਤ ਕਾਰਵਾਈਆਂ ਕੀਤੀਆਂ ਹਨ।
____________________________________
ਬਾਦਲਾਂ ਤੋਂ ਅਹੁਦੇ ਲੈ ਕੇ ਜ਼ਮੀਰ ਨਹੀਂ ਵੇਚੀ: ਢੀਂਡਸਾ
ਲਹਿਰਾਗਾਗਾ: ਅਕਾਲੀ ਦਲ ਦੇ ਸੀਨੀਅਰ ਆਗੂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਹਮੇਸ਼ਾ ਅਕਾਲੀ ਦਲ ਨੂੰ ਸਿਧਾਂਤਕ ਤੌਰ ‘ਤੇ ਮਜ਼ਬੂਤ ਕੀਤਾ ਪਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਲਗਾਤਾਰ ਨਿਘਾਰ ‘ਚ ਜਾ ਕੇ ਮਿਸ਼ਨ ਤੋਂ ਥਿੜਕ ਗਈ ਹੈ। ਸ੍ਰੀ ਢੀਂਡਸਾ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਸੰਭਾਲ ਕੇ ਪਾਰਟੀ ਵਰਕਰਾਂ ਨੂੰ ਮਾਯੂਸੀ ‘ਚੋਂ ਕੱਢਣ ਦੀ ਬੇਨਤੀ ਕੀਤੀ ਸੀ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਪਾਰਟੀ ਇਕ ਵਿਅਕਤੀ ਦੀ ਜਾਗੀਰ ਬਣ ਕੇ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਢੀਂਡਸਾ ਪਰਿਵਾਰ ਨੇ ਬਾਦਲਾਂ ਤੋਂ ਅਹੁਦੇ ਲੈ ਕੇ ਆਪਣੀ ਜ਼ਮੀਰ ਨਹੀਂ ਵੇਚੀ ਅਤੇ ਹੁਣ ਕੋਈ ਸਮਝੌਤਾ ਨਹੀਂ ਕਰਨਗੇ ਸਗੋਂ ਬੈਂਸ ਭਰਾਵਾਂ, ਖਹਿਰਾ, ਟਕਸਾਲੀ ਆਗੂਆਂ ਅਤੇ ਹਮਖਿਆਲੀਆਂ ਨੂੰ ਇਕਜੁੱਟ ਕਰ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ।