ਪੰਜਾਬ ਵਿਚ ਸੁਰੱਖਿਆ ਏਜੰਸੀਆਂ ਲਈ ਸਿਰਦਰਦੀ ਬਣੇ ਡਰੋਨ

ਅੰਮ੍ਰਿਤਸਰ: ਸਰਹੱਦ ਉਤੇ ਸੁਰੱਖਿਆ ਏਜੰਸੀਆਂ ਲਈ ਸਿਰਦਰਦੀ ਦਾ ਸਬੱਬ ਬਣਿਆ ਰਿਮੋਟਲੀ ਪਾਇਲੈਟਿਡ ਏਅਰ ਕਰਾਫਟ ਸਿਸਟਮ (ਆਰ.ਪੀ.ਏ.ਐਸ਼), ਜਿਸ ਨੂੰ ਡਰੋਨ ਵਜੋਂ ਵੀ ਜਾਣਿਆ ਜਾਂਦਾ ਹੈ, ਆਸਾਨੀ ਨਾਲ ਵਿਕ ਰਿਹਾ ਹੈ। ਆਨਲਾਈਨ ਕੰਪਨੀਆਂ ਵੱਲੋਂ ਡਰੋਨ ਆਮ ਵਸਤਾਂ ਵਾਂਗ ਵੇਚਿਆ ਜਾ ਰਿਹਾ ਹੈ।

ਸਰਹੱਦ ਉਤੇ ਤਾਇਨਾਤ ਸੁਰੱਖਿਆ ਏਜੰਸੀਆਂ ਇਸ ਚੁਣੌਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ ਪਰ ਇਹ ਮਾਮਲਾ ਸਿਰਦਰਦੀ ਬਣ ਰਿਹਾ ਹੈ। ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਡਰੋਨ ਉਤੇ ਕਾਬੂ ਪਾਉਣਾ ਇਸ ਵੇਲੇ ਭਾਰਤੀ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣਿਆ ਹੋਇਆ ਹੈ। ਹਾਲ ਹੀ ਵਿਚ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿਚੋਂ ਦੋ ਡਰੋਨ ਬਰਾਮਦ ਕੀਤੇ ਹਨ ਅਤੇ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿਚ ਇਕ ਫੌਜੀ ਵੀ ਸ਼ਾਮਲ ਹੈ। ਇਹ ਫੌਜੀ ਵਿਸ਼ੇਸ਼ ਤੌਰ ਉਤੇ ਡਰੋਨ ਰਾਹੀਂ ਤਸਕਰੀ ਕਰਨ ਵਾਲਿਆਂ ਵਿਚ ਸ਼ਾਮਲ ਸੀ। ਇਸ ਤੋਂ ਪਹਿਲਾਂ ਵੀ ਪਿਛਲੇ ਵਰ੍ਹੇ ਅਕਤੂਬਰ ਮਹੀਨੇ ਡਰੋਨ ਦੀ ਮਦਦ ਨਾਲ ਹਥਿਆਰਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਕਈ ਸਿੱਖ ਨੌਜਵਾਨ ਗ੍ਰਿਫਤਾਰ ਕੀਤੇ ਸਨ।
ਸਰਹੱਦ ਉਤੇ ਡਰੋਨ ਰਾਹੀਂ ਤਸਕਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਇਸ ਪਾਸੇ ਵਿਸ਼ੇਸ਼ ਚੌਕਸੀ ਵਰਤ ਰਹੀਆਂ ਹਨ। ਜ਼ਿਲ੍ਹਾ ਦਿਹਾਤੀ ਪੁਲਿਸ ਨੇ ਇਸ ਸਬੰਧੀ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਦਿੱਲੀ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਇਕ ਪ੍ਰਾਈਵੇਟ ਕੰਪਨੀ ਲਈ ਕੰਮ ਕਰਦਾ ਹੈ, ਜੋ ਡਰੋਨ ਵੇਚਣ ਦਾ ਕੰਮ ਕਰਦੀ ਹੈ।
ਪੁਲਿਸ ਸੂਤਰਾਂ ਮੁਤਾਬਕ ਇਹ ਵਿਅਕਤੀ ਪੁੱਛ-ਪੜਤਾਲ ਦੌਰਾਨ ਤਸੱਲੀਬਖ਼ਸ਼ ਜਵਾਬ ਦੇਣ ਵਿਚ ਅਸਫਲ ਰਿਹਾ ਹੈ। ਮੁਲਜ਼ਮ, ਪੁਲਿਸ ਨੂੰ ਕੋਈ ਅਜਿਹਾ ਪ੍ਰਵਾਨਗੀ ਪੱਤਰ ਦਿਖਾਉਣ ਵਿਚ ਵੀ ਅਸਫਲ ਰਿਹਾ, ਜਿਸ ਰਾਹੀਂ ਉਸ ਨੂੰ ਡਰੋਨ ਵੇਚਣ ਦੀ ਪ੍ਰਵਾਨਗੀ ਮਿਲੀ ਹੋਵੇ।
___________________________________
ਮੌੜ ਧਮਾਕਾ: ਡੇਰਾ ਸਿਰਸਾ ਵੀ ਜਾਂਚ ਦੇ ਘੇਰੇ ਵਿਚ
ਸਿਰਸਾ: ਮੌੜ ਬੰਬ ਧਮਾਕਾ ਕਾਂਡ ਦੀ ਜਾਂਚ ਲਈ ਬਣੀ ਐਸ਼ਆਈ.ਟੀ. ਨੇ ਪਹਿਲੀ ਵਾਰ ਡੇਰਾ ਸਿਰਸਾ ਨੂੰ ਜਾਂਚ ਵਿਚ ਸ਼ਾਮਲ ਕੀਤਾ ਹੈ। ਇਸ ਸਬੰਧੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਸਮੇਤ ਤਿੰਨ ਡੇਰਾ ਪ੍ਰੇਮੀਆਂ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਨੋਟਿਸ ਦਿੱਤਾ ਗਿਆ ਹੈ।
ਐਸ਼ਆਈ.ਟੀ. ਦੀ ਟੀਮ ਸਿਰਸਾ ਸਦਰ ਥਾਣੇ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਮਗਰੋਂ ਡੇਰੇ ਗਈ ਤੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ। ਵਿਪਾਸਨਾ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਪਰ ਉਹ ਖੁਦ ਜਾਂਚ ਵਿਚ ਸ਼ਾਮਲ ਨਹੀਂ ਹੋਏ, ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪ੍ਰਤੀਨਿਧੀ ਨੇ ਪੁਲਿਸ ਕੋਲ ਹਾਜ਼ਰੀ ਲਵਾਈ। ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਪਹਿਲਾਂ ਵੀ ਜਾਂਚ ਦੀ ਸੂਈ ਡੇਰੇ ਵੱਲ ਘੁੰਮੀ ਸੀ ਪਰ ਜਾਂਚ ਅੱਗੇ ਨਹੀਂ ਤੋਰੀ ਗਈ। ਹੁਣ ਜਿਥੇ ਡੇਰੇ ਦੀ ਚੇਅਰਪਰਸਨ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਉਥੇ ਹੀ ਡੇਰੇ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਵਾਸੀ ਅਲੀਕਾਂ, ਅਮਰੀਕ ਸਿੰਘ ਵਾਸੀ ਸੰਗਰੂਰ ਹਾਲ ਵਾਸੀ ਡੇਰਾ ਸਿਰਸਾ ਅਤੇ ਅਵਤਾਰ ਸਿੰਘ (ਜੋ ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿਚ ਲੋੜੀਂਦੇ ਹਨ), ਦੀ ਸੰਪਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਸਿਰਸਾ ਨਗਰ ਪਰਿਸ਼ਦ ਦਾ ਰਿਕਾਰਡ ਫਰੋਲਿਆ ਜਾ ਰਿਹਾ ਹੈ। ਸਿਰਸਾ ਦੇ ਐਸ਼ਪੀ. ਡਾ. ਅਰੁਣ ਨਹਿਰਾ ਨੇ ਦੱਸਿਆ ਕਿ ਐਸ਼ਆਈ.ਟੀ. ਟੀਮ ਜਾਂਚ ਲਈ ਸਿਰਸਾ ਆਈ ਸੀ ਤੇ ਜਾਂਚ ਲਈ ਕਿਸੇ ਨੂੰ ਵੀ ਬੁਲਾਇਆ ਜਾ ਸਕਦਾ ਹੈ।