ਦਿੱਲੀ ਵਿਧਾਨ ਸਭਾ ਚੋਣਾਂ: ਕੇਜਰੀਵਾਲ ਨੇ ਲਾਈ ਵਾਅਦਿਆਂ ਦੀ ਝੜੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ 2020 ਦੇ ਮੱਦੇਨਜ਼ਰ ਇਸ ਵਾਰ 10 ਨੁਕਾਤੀ ਗਾਰੰਟੀ ਕਾਰਡ ਜਾਰੀ ਕਰ ਕੇ ਮੁਫਤ ਸਹੂਲਤਾਂ ਰਾਹੀਂ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਚੋਣ ਮਨੋਰਥ ਪੱਤਰ’ ਵੀ ਜਾਰੀ ਕੀਤਾ ਜਾਵੇਗਾ ਜਿਸ ‘ਚ ਪੂਰੇ ਵੇਰਵੇ ਹੋਣਗੇ।

ਇਹ ਕਾਰਡ ਮੁਫਤ ਬਿਜਲੀ, ਟੂਟੀ ਰਾਹੀਂ 24 ਘੰਟੇ ਪੀਣ ਵਾਲੇ ਪਾਣੀ ਤੇ ਹਰ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਗਾਰੰਟੀ ਦਿੰਦਾ ਹੈ। ਇਸ ਦੇ ਨਾਲ ਹੀ ਸ੍ਰੀ ਕੇਜਰੀਵਾਲ ਨੇ ਇਕ ਸਾਫ-ਸੁਥਰੇ ਵਾਤਾਵਰਨ, ਜਿਸ ਵਿਚ ਸਾਫ ਯਮੁਨਾ ਤੇ ਝੁੱਗੀ ਝੌਂਪੜੀ ਵਾਲਿਆਂ ਨੂੰ ਰਿਹਾਇਸ਼ ਦੇਣ ਦਾ ਵਾਅਦਾ ਕੀਤਾ ਹੈ। ਵਿਦਿਆਰਥੀਆਂ ਨੂੰ ਮੁਫਤ ਬੱਸ ਯਾਤਰਾ ਮਿਲੇਗੀ, ਇਸ ਵੇਲੇ ਬੱਸ ਵਿਚ ਸਿਰਫ ਔਰਤਾਂ ਹੀ ਮੁਫਤ ‘ਚ ਯਾਤਰਾ ਕਰ ਸਕਦੀਆਂ ਹਨ। ਬੱਸਾਂ ਵਾਂਗ ਹਰ ਖੇਤਰ ‘ਚ ਮਾਰਸ਼ਲ ਹੋਣਗੇ, ਇਨ੍ਹਾਂ ਨੂੰ ‘ਮੁਹੱਲਾ ਮਾਰਸ਼ਲ’ ਕਿਹਾ ਜਾਵੇਗਾ, ਪ੍ਰਦੂਸ਼ਣ ਨੂੰ ਘਟਾਉਣ ਲਈ ਦਿੱਲੀ ਵਿਚ 2 ਕਰੋੜ ਤੋਂ ਵੱਧ ਰੁੱਖ ਲਗਾਏ ਜਾਣਗੇ। ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਹ ਸਾਡਾ ਚੋਣ ਮਨੋਰਥ ਪੱਤਰ ਨਹੀਂ ਹੈ। ਇਹ ਇਸ ਤੋਂ ਦੋ ਕਦਮ ਅੱਗੇ ਹੈ। ਇਹ ਉਹ ਮੁੱਦੇ ਹਨ ਜੋ ਦਿੱਲੀ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਯਮੁਨਾ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਗਲੇ 5 ਸਾਲਾਂ ‘ਚ ਇਸ ਦੀ ਸਫਾਈ ਕਰ ਦਿੱਤੀ ਜਾਵੇਗੀ।
ਬਿਜਲੀ ਬਾਰੇ ਬੋਲਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਅਗਲੇ 5 ਸਾਲਾਂ ਤੱਕ 200 ਯੂਨਿਟ ਮੁਫਤ ਬਿਜਲੀ ਮਿਲਦੀ ਰਹੇਗੀ। ਤਾਰਾਂ ਤੋਂ ਛੁਟਕਾਰਾ ਪਾਉਣ ਤੇ 24 ਘੰਟੇ ਬਿਜਲੀ ਦੇਣ ਦਾ ਵੀ ਵਾਅਦਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ 20 ਹਜ਼ਾਰ ਲੀਟਰ ਮੁਫਤ ਪਾਣੀ ਮਿਲਦਾ ਰਹੇਗਾ। 5 ਸਾਲਾਂ ਵਿਚ ਹਰ ਘਰ ਨੂੰ ਟੈਂਕੀ ਤੋਂ ਸ਼ੁੱਧ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।
ਸਿੱਖਿਆ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਵੇਗੀ। ਕੱਚੀ ਕਲੋਨੀ ਦੇ ਵਸਨੀਕਾਂ ਨੂੰ ਸੱਤ ਚੀਜ਼ਾਂ ਦੇਣ ਦਾ ਵਾਅਦਾ ਕੀਤਾ ਗਿਆ, ਜਿਸ ਤਹਿਤ ਕੱਚੀ ਕਲੋਨੀ ‘ਚ ਸੜਕ, ਨਾਲੇ, ਗਲੀ, ਪਾਣੀ, ਸੀਵਰੇਜ, ਮੁਹੱਲਾ ਕਲੀਨਿਕ ਤੇ ਸੀ.ਸੀ.ਟੀ.ਵੀ. ਕੈਮਰੇ ਦੀ ਗਾਰੰਟੀ ਦਿੱਤੀ ਗਈ। ਨਵੇਂ ਮੁਹੱਲਾ ਕਲੀਨਿਕ ਤੇ ਹਸਪਤਾਲ ਖੋਲ੍ਹਣ ਦਾ ਵਾਅਦਾ ਵੀ ਕੀਤਾ ਗਿਆ।
____________________________________
ਭਾਜਪਾ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਲਈ 8 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ‘ਚ 57 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ‘ਆਪ’ ਤੋਂ ਬਾਗੀ ਹੋਏ ਕਪਿਲ ਮਿਸ਼ਰਾ ਨੂੰ ਵੀ ਟਿਕਟ ਦਿੱਤੀ ਗਈ ਹੈ ਤੇ ਦੋ ਸਿੱੱਖ ਉਮੀਦਵਾਰ ਆਰਪੀ ਸਿੰਘ (ਰਾਜਿੰਦਰ ਨਗਰ ਹਲਕਾ) ਤੇ ਇਮਰਤ ਸਿੰਘ (ਜੰਗਪੁਰਾ) ਵੀ ਮੈਦਾਨ ਵਿਚ ਉਤਾਰੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਹਲਕਿਆਂ ਦੀ ਵੰਡ ਦੇ ਚੱਲ ਰਹੇ ਰੇੜਕੇ ਕਾਰਨ ਉਨ੍ਹਾਂ ਸੰਭਾਵੀ ਹਲਕਿਆਂ ਨੂੰ ਅਜੇ ਖਾਲੀ ਛੱਡਿਆ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਹਾਜ਼ਰੀ ‘ਚ ਉਮੀਦਵਾਰਾਂ ਦਾ ਐਲਾਨ ਕੀਤਾ। ਮੌਜੂਦਾ ਵਿਧਾਇਕਾਂ ਵਜਿੰਦਰ ਗੁਪਤਾ (ਰੋਹਿਣੀ ਹਲਕਾ), ਓਪੀ ਸ਼ਰਮਾ (ਵਿਸ਼ਵਾਸ ਨਗਰ) ਤੇ ਜਗਦੀਸ਼ ਪ੍ਰਧਾਨ (ਮੁਸਤਫਾਬਾਦ) ਸਮੇਤ ਸਾਬਕਾ ਮੇਅਰ ਰਵਿੰਦਰ ਗੁਪਤਾ (ਮਟੀਆ ਮਹਿਲ) ਤੇ ਯੋਗਿੰਦਰ ਚੰਡੋਲੀਆ (ਕਰੋਲ ਬਾਗ) ਨੂੰ ਟਿਕਟ ਦੇਣ ਦੇ ਨਾਲ-ਨਾਲ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਨੁਸੂਚਿਤ ਜਾਤੀ ਦੇ 11 ਤੇ ਚਾਰ ਔਰਤਾਂ ਨੂੰ ਵੀ ਇਸ ਸੂਚੀ ਵਿਚ ਥਾਂ ਦਿੱਤੀ ਗਈ ਹੈ।