ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਵਿਵਾਦਗ੍ਰਸਤ ਬਿਜਲੀ ਖਰੀਦ ਸਮਝੌਤਿਆਂ ਸਬੰਧੀ ਅਕਾਲੀਆਂ ਵੱਲੋਂ ਕੀਤੇ ਫਰੇਬ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਵ੍ਹਾਈਟ ਪੇਪਰ ਲਿਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵ੍ਹਾਈਟ ਪੇਪਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਵਰ ਪਲਾਂਟ ਸਥਾਪਤ ਕਰਨ ਸਬੰਧੀ ਕੀਤੇ ਸਮਝੌਤਿਆਂ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਖੁਲਾਸਾ ਕਰੇਗਾ। ਉਨ੍ਹਾਂ ਕਿਹਾ ਕਿ ਬੇਈਮਾਨ ਕਿਰਦਾਰ ਵਾਲੇ ਅਕਾਲੀਆਂ ਨੇ ਪਹਿਲਾਂ ਤਾਂ ਬਿਜਲੀ ਸਮਝੌਤਿਆਂ ਸਮੇਤ ਵੱਖ-ਵੱਖ ਮਾਰੂ ਕਦਮਾਂ ਰਾਹੀਂ ਸੂਬੇ ਦੇ ਅਰਥਚਾਰੇ ਦਾ ਭੱਠਾ ਬਿਠਾ ਦਿੱਤਾ ਅਤੇ ਹੁਣ ਇਹੋ ਅਕਾਲੀ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਉਨ੍ਹਾਂ ਦੀ ਸਰਕਾਰ ਵਿਰੁੱਧ ਇਸ ਮੁੱਦੇ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਝੌਤਿਆਂ ਬਾਰੇ ਸੂਬਾ ਸਰਕਾਰ ਸੁਪਰੀਮ ਕੋਰਟ ਵਿਚ ਕੇਸ ਲੜ ਰਹੀ ਹੈ।
ਕੈਪਟਨ ਨੇ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਵਿਚ ਸਨ ਤਾਂ ਉਹ ਖੁਦ ਇੰਡੀਆ ਬੁਲਜ਼ ਪਲਾਂਟ ਖਿਲਾਫ ਧਰਨੇ ‘ਤੇ ਬੈਠੇ ਸਨ। ਇਹ ਵਿਵਾਦਗ੍ਰਸਤ ਪ੍ਰੋਜੈਕਟ ਗਿੱਦੜਬਾਹਾ ਵਿਚ ਲਗਾਇਆ ਜਾਣਾ ਸੀ ਜਿਹੜਾ ਰੱਦ ਕਰਨਾ ਪੈ ਗਿਆ ਅਤੇ ਇਸ ਲਈ ਕਿਸਾਨਾਂ ਪਾਸੋਂ ਜ਼ਮੀਨ ਜਬਰੀ ਖਾਲੀ ਕਰਵਾਈ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ।
________________________________
ਬਿਜਲੀ ਸਮਝੌਤੇ ਰੱਦ ਕਰਨ ਲਈ ਸਿਕੰਦਰ ਬਣਨ ਕੈਪਟਨ: ਜਾਖੜ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀਆਂ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਮਹਾਨ ਸਿਕੰਦਰ ਬਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਰਾਹਤ ਚਾਹੁੰਦੇ ਹਨ ਅਤੇ ਜਿਨ੍ਹਾਂ ਨੇ ਗਲਤ ਸਮਝੌਤੇ ਕੀਤੇ ਸਨ, ਉਨ੍ਹਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਿਕੰਦਰ ਨੇ ਗੁੰਝਲਦਾਰ ਗੰਢ ਨੂੰ ਤਲਵਾਰ ਨਾਲ ਵੱਢ ਦਿੱਤਾ ਸੀ, ਉਸੇ ਤਰ੍ਹਾਂ ਕੈਪਟਨ ਨੂੰ ਬਿਜਲੀ ਸਮਝੌਤੇ ਤੋੜਨੇ ਚਾਹੀਦੇ ਹਨ। ਲੋਕਾਂ ‘ਤੇ ਵਾਰ ਵਾਰ ਬਿਜਲੀ ਮਹਿੰਗੀ ਕਰਨ ਦਾ ਬੋਝ ਪੈ ਰਿਹਾ ਹੈ ਜਿਸ ਕਾਰਨ ਲੋਕਾਂ ‘ਚ ਰੋਸ ਹੈ।