ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ਨੂੰ ਘੇਰੀ ਰੱਖਿਆ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਸਦਨ ਦੇ ਅੰਦਰ ਤੇ ਬਾਹਰ ਹੰਗਾਮਾ ਕੀਤੇ ਤੇ ਦੋਵਾਂ ਪਾਰਟੀਆਂ ਨੇ ਰਾਜਪਾਲ ਦੇ ਭਾਸ਼ਣ ਦੌਰਾਨ ਵਾਰੋ-ਵਾਰੀ ਵਾਕਆਊਟ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਵਜ਼ਾਰਤੀ ਸਾਥੀ ‘ਆਪ’ ਅਤੇ ਅਕਾਲੀ ਵਿਧਾਇਕਾਂ ਦੀ ਨਾਅਰੇਬਾਜ਼ੀ ਨੂੰ ਚੁੱਪ-ਚਾਪ ਦੇਖਦੇ ਰਹੇ।
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਰਾਜਪਾਲ ਨੇ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਹੀ ਸੀ ਕਿ ਅਕਾਲੀ ਵਿਧਾਇਕਾਂ ਨੇ ਹੱਥਾਂ ਵਿਚ ਕਾਂਗਰਸ ਦਾ ਚੋਣ ਮੈਨੀਫੈਸਟੋ ਅਤੇ ਕੁਝ ਹੋਰ ਦਸਤਾਵੇਜ਼ ਫੜ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਪਰ ਰਾਜਪਾਲ ਨੇ ਭਾਸ਼ਣ ਜਾਰੀ ਰੱਖਿਆ। ਉਨ੍ਹਾਂ ਮੰਨਿਆ ਕਿ ਸੂਬੇ ਵਿਚ ਨਸ਼ੀਲੇ ਪਦਾਰਥ, ਭ੍ਰਿਸ਼ਟਾਚਾਰ, ਕਿਸਾਨੀ ਸੰਕਟ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਸਮੇਤ ਕਈ ਗੰਭੀਰ ਮਾਮਲੇ ਹਨ, ਜਿਨ੍ਹਾਂ ਨਾਲ ਨਿਪਟਣ ਲਈ ਸਰਕਾਰ ਪੂਰੀ ਵਾਹ ਲਾ ਰਹੀ ਹੈ।
ਰਾਜਪਾਲ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਸਰਕਾਰ ਤਿੰਨ-ਪੱਖੀ ਨੀਤੀ ਉਤੇ ਕੰਮ ਕਰ ਰਹੀ ਹੈ ਤੇ ਸੂਬੇ ਵਿਚ 35 ਸਰਕਾਰੀ ਤੇ 106 ਪ੍ਰਾਈਵੇਟ ਨਸ਼ਾ ਕੇਂਦਰ ਚੱਲ ਰਹੇ ਹਨ। ਹੁਣ ਤਕ ਸੂਬੇ ਦੇ 3,66,143 ਮਰੀਜ਼ਾਂ ਨੇ ਇਲਾਜ ਲਈ ਰਜਿਸਟਰ ਕਰਵਾਇਆ ਹੈ ਤੇ ਇਸ ਕੰਮ ਉਤੇ ਸਰਕਾਰ ਨੇ 104 ਕਰੋੜ ਰੁਪਏ ਤੋਂ ਵੱਧ ਖਰਚੇ ਹਨ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਵੀ ਅਹਿਮ ਸਮੱਸਿਆ ਹੈ ਤੇ ਵਿਜੀਲੈਂਸ ਬਿਊਰੋ ਨੇ 13 ਗਜ਼ਟਿਡ, 129 ਨਾਨ-ਗਜ਼ਟਿਡ ਤੇ 18 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਹੈ।
ਇਸ ਤੋਂ ਇਲਾਵਾ 27 ਫੌਜਦਾਰੀ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਆਰਥਿਕਤਾ ਵਾਲੇ ਇਸ ਸੂਬੇ ਵਿਚ ਕਿਸਾਨੀ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਰਾਜ ਸਰਕਾਰ ਨੇ ਕਰਜ਼ਾ ਰਾਹਤ ਯੋਜਨਾ ਸ਼ੁਰੂ ਕੀਤੀ ਸੀ, ਜਿਸ ਤਹਿਤ 5.83 ਲੱਖ ਕਿਸਾਨਾਂ ਦਾ 4736 ਕਰੋੜ ਦਾ ਕਰਜ਼ਾ ਮੁਆਫ ਕੀਤਾ ਸੀ। ਇਹ ਸਕੀਮ ਅੱਗੇ ਨੂੰ ਵੀ ਜਾਰੀ ਰਹੇਗੀ। ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਜਲ ਸਰੋਤ ਐਕਟ ਲਾਗੂ ਕਰਨ ਦੀ ਤਜਵੀਜ਼ ਹੈ, ਜਿਸ ਤਹਿਤ ਪੰਜਾਬ ਜਲ ਰੈਗੂਲੇਸ਼ਨ ਅਤੇ ਵਿਕਾਸ ਅਥਾਰਿਟੀ ਇਸ ਸਮੱਸਿਆ ਦੇ ਹੱਲ ਲਈ ਕੰਮ ਕਰੇਗੀ। ਇਸ ਦੌਰਾਨ ਅਕਾਲੀ ਦਲ ਦੇ ਵਿਧਾਇਕ ਦੋ ਵਾਰ ਨਾਅਰੇਬਾਜ਼ੀ ਕਰਕੇ ਅਤੇ ਛਣਕਣੇ ਦਿਖਾ ਕੇ ਬੈਠ ਗਏ। ਅਚਾਨਕ ਹੀ ‘ਆਪ’ ਵਿਧਾਇਕ ਖੜ੍ਹੇ ਹੋ ਗਏ ਤੇ ਨਾਅਰੇ ਲਾਉਂਦੇ ਹੋਏ ਸਪੀਕਰ ਦੇ ਆਸਣ ਸਾਹਮਣੇ ਪਹੁੰਚ ਗਏ।
ਵਿਧਾਇਕ ਦਲ ਦੇ ਨੇਤਾ ਹਰਪਾਲ ਚੀਮਾ ਤੇ ਉਪ-ਨੇਤਾ ਅਮਨ ਅਰੋੜਾ ਦੀ ਅਗਵਾਈ ਵਿਚ ‘ਆਪ’ ਵਿਧਾਇਕ ਬਿਜਲੀ ਸਮਝੌਤੇ ਰੱਦ ਕਰਨ ਦੇ ਹੱਕ ਵਿਚ ਨਾਅਰੇ ਲਾਉਂਦੇ ਹੋਏ ਸਦਨ ਵਿਚੋਂ ਵਾਕਆਊਟ ਕਰ ਗਏ। ਇਸ ਤੋਂ ਬਾਅਦ ਅਕਾਲੀ ਵਿਧਾਇਕ ਵੀ ਖੜ੍ਹੇ ਹੋ ਗਏ ਤੇ ਨਾਅਰੇ ਲਾਉਂਦੇ ਸਪੀਕਰ ਦੇ ਆਸਣ ਸਾਹਮਣੇ ਚਲੇ ਗਏ। ਉਹ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਢਿਲੋਂ ਤੇ ਬਿਕਰਮ ਮਜੀਠੀਆ ਦੀ ਅਗਵਾਈ ਵਿਚ ਸਦਨ ‘ਚੋਂ ਵਾਕਆਉੂਟ ਕਰ ਗਏ। ਸਦਨ ਦੇ ਬਾਹਰ ਅਕਾਲੀ ਵਿਧਾਇਕ ਹੱਥਾਂ ਵਿਚ ਛਣਕਣੇ ਲੈ ਕੇ ਰੋਸ ਜ਼ਾਹਰ ਕਰਦਿਆਂ ਕਹਿ ਰਹੇ ਸਨ ਕਿ ਕੈਪਟਨ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਲੋਕਾਂ ਨੂੰ ਛਣਕਣੇ ਫੜਾ ਦਿੱਤੇ ਹਨ।