‘ਚੰਨ ਪ੍ਰਦੇਸੀ’ ਤੇ ‘ਲੌਂਗ ਦਾ ਲਿਸ਼ਕਾਰਾ’ ਵਿਚਲੇ ‘ਦਿੱਤੂ’ ਦੇ ਕਿਰਦਾਰ ਰਾਹੀਂ ਪੰਜਾਬੀ ਸਿਨੇਮੇ ਵਿਚ ਦਮਦਾਰ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਪ੍ਰਸਿੱਧ ਅਦਾਕਾਰ ਓਮ ਪੁਰੀ ਨੇ ਪੰਜਾਬੀ ਹੋਣ ਦੇ ਬਾਵਜੂਦ ਹੁਣ ਤੱਕ ਗਿਣਤੀ ਦੀਆਂ ਹੀ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਹੈ। ਮੁੱਢਲੀਆਂ ਕੁਝ ਕੁ ਪੰਜਾਬੀ ਫ਼ਿਲਮਾਂ ਕਰਨ ਤੋਂ ਬਾਅਦ ਮੁੰਬਈ ਵੱਲ ਰੁਖ਼ ਕਰਨ ਦੇ ਬਾਅਦ ਉਨ੍ਹਾਂ ਦੇ ਰੁਝੇਵੇਂ ਹਿੰਦੀ ਫ਼ਿਲਮਾਂ ਵਿਚ ਐਨੇ ਵਧ ਗਏ ਕਿ ਉਹ ਚਾਹੁੰਦਿਆਂ ਹੋਇਆਂ ਵੀ ਆਪਣੀ ਮਾਤ-ਭਾਸ਼ਾ ਦੇ ਸਿਨੇਮੇ ਨੂੰ ਸਮਾਂ ਨਹੀਂ ਦੇ ਸਕੇ, ਪਰ ਹੁਣ ਓਮ ਪੁਰੀ ਹੁਰਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ ਕਿ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬੀ ਫ਼ਿਲਮਾਂ ਵੱਲ ਰੁਖ ਕਰ ਲਿਆ ਹੈ। ਪੰਜਾਬੀ ਫ਼ਿਲਮਾਂ ਵਿਚ ਆਪਣੀ ਦੂਜੀ ਪਾਰੀ ਦੀ ਪਹਿਲੀ ਫ਼ਿਲਮ ‘ਭਾਅ ਜੀ ਇਨ ਪ੍ਰੌਬਲਮ’ ਦੀ ਸ਼ੂਟਿੰਗ ਲਈ ਉਹ ਪਿਛਲੇ ਦਿਨੀਂ ਚੰਡੀਗੜ੍ਹ ਆਏ ਸਨ। ਬਾਲੀਵੁੱਡ ਸਿਤਾਰੇ ਅਕਸ਼ੈ ਕੁਮਾਰ ਤੇ ਗੁਰਪ੍ਰੀਤ ਘੁੱਗੀ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਨੂੰ ‘ਕੈਰੀ ਆਨ ਜੱਟਾ’ ਫ਼ੇਮ ਸਮੀਪ ਕੰਗ ਨਿਰਦੇਸ਼ਤ ਕਰ ਰਹੇ ਹਨ। ਇਸ ਫ਼ਿਲਮ ਦਾ ਨਾਇਕ ਗਿੱਪੀ ਗਰੇਵਾਲ ਹੈ।
_____________________________
ਕਾਜੋਲ ਲਈ ਡਰਟੀ ਪਿਕਚਰ ਔਖੀ
ਆਪਣੇ ਦੌਰ ਦੀਆਂ ਸਫਲ ਬਾਲੀਵੁੱਡ ਅਭਿਨੇਤਰੀਆਂ ਵਿਚ ਸ਼ਾਮਲ ਰਹੀ ਕਾਜੋਲ ਦਾ ਮੰਨਣਾ ਹੈ ਕਿ ਜੇ ਉਸ ਨੂੰ ‘ਦਿ ਡਰਟੀ ਪਿਕਚਰ’ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਉਸ ਨੂੰ ਕਦੇ ਨਾ ਕਰ ਸਕਦੀ। ਕਾਜੋਲ ਦਾ ਕਹਿਣਾ ਹੈ ਕਿ ਉਸ ਦੇ ਬੱਚੇ ਹਨ, ਪਤੀ ਹੈ ਤੇ ਅਜਿਹੇ ਵਿਚ ਕੁਝ ਚੀਜ਼ਾਂ ਨੂੰ ਉਹ ਸਕਰੀਨ ‘ਤੇ ਸਹਿਜ ਰੂਪ ਵਿਚ ਨਹੀਂ ਕਰ ਸਕਦੀ। ਉਸ ਨੂੰ ਲੱਗਦਾ ਹੈ ਕਿ ਅਜਿਹੀਆਂ ਫਿਲਮਾਂ ਕਰਨ ਲਈ ਇਕ ਸੋਚ, ਸਹਿਜਤਾ ਚਾਹੀਦੀ ਹੈ ਤੇ ਸ਼ਾਇਦ ਉਸ ਵਿਚ ਇਹ ਸਭ ਨਹੀਂ ਹੈ ਇਸ ਲਈ ਉਹ ਇਸ ਕਿਰਦਾਰ ਨਾਲ ਨਿਆਂ ਵੀ ਨਾ ਕਰ ਸਕਦੀ। ਜਿਥੋਂ ਤਕ ‘ਦਿ ਡਰਟੀ ਪਿਕਚਰ’ ਕਿਸਮ ਦੀਆਂ ਬੋਲਡ ਫਿਲਮਾਂ ਨੂੰ ਦੇਖਣ ਦੀ ਗੱਲ ਹੈ ਤਾਂ ਕਾਜੋਲ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਅਜਿਹੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਕਰਦੀ। ਉਸ ਦੀ ਬੇਟੀ ਉਸ ਦੀਆਂ ਫਿਲਮਾਂ ਨੂੰ ਦੇਖ ਕੇ ਕਹਿੰਦੀ ਹੈ ਕਿ ਮੰਮੀ ਤੁਸੀਂ ਹਰ ਫਿਲਮ ਵਿਚ ਰੌਂਦੇ ਕਿਉਂ ਰਹਿੰਦੇ ਹੋ। ਤੁਸੀਂ ‘ਗੋਲਮਾਲ’ ਵਰਗੀਆਂ ਫਿਲਮਾਂ ਕਿਉਂ ਨਹੀਂ ਕਰਦੇ। ਪਾਪਾ ਨੂੰ ਦੇਖੋ ਕਿੰਨੀਆਂ ਵਧੀਆ ਫਿਲਮਾਂ ਕਰਦੇ ਹਨ। ਕਾਜੋਲ ਦਾ ਕਹਿਣਾ ਹੈ ਕਿ ਉਹ ‘ਡਰਟੀ ਪਿਕਚਰ’ ਵਰਗੀ ਫਿਲਮ ਤਾਂ ਨਹੀਂ ਕਰੇਗੀ ਪਰ ਉਸ ਨੂੰ ਲੱਗਦਾ ਹੈ ਕਿ ‘ਕਹਾਨੀ’ ਵਰਗੀ ਫਿਲਮ ਅੱਜ ਤੋਂ ਪੰਜ ਸਾਲ ਪਹਿਲਾਂ ਬਣ ਸਕਦੀ ਸੀ। ਮੈਂ ਚਾਹੁੰਦੀ ਹਾਂ ਕਿ ਹੁਣ ਮੈਨੂੰ ਇੱਦਾਂ ਦੀ ਕੋਈ ਫਿਲਮ ਮਿਲੇ ਅਤੇ ਮੈਂ ਮਨ ਦੇ ਅਰਮਾਨ ਲਾਹ ਲਵਾਂ।
Leave a Reply