ਬਾਲੀਵੁੱਡ ‘ਚ ਵਿਆਹੀਆਂ ਵਰ੍ਹੀਆਂ ਦਾ ਦੌਰ

ਪਿਛਲੇ ਦਿਨੀਂ ਵਿਆਹ ਦੇ ਇਕ ਵਕਫ਼ੇ ਬਾਅਦ ਫ਼ਿਲਮ ‘ਡੇਂਜਰਸ ਇਸ਼ਕ’ ਵਿਚ ਆ ਕੇ ਅਭਿਨੇਤਰੀ ਕ੍ਰਿਸ਼ਮਾ ਕਪੂਰ ਨੇ ਸਿਨੇ ਦਰਸ਼ਕਾਂ ਨੂੰ ਬਹੁਤ ਹੈਰਾਨ ਕੀਤਾ ਸੀ ਜਦੋਂਕਿ ਇਧਰ ਕੁਝ ਸਾਲ ਤੋਂ ਇਹ ਫ਼ਿਲਮੀ ਸੋਚ ਬਣ ਗਈ ਸੀ ਕਿ ਵੱਡੇ ਪਰਦੇ ‘ਤੇ ਵਿਆਹੁਤਾ ਹੀਰੋਇਨਾਂ ਨੂੰ ਦਰਸ਼ਕ ਪਸੰਦ ਨਹੀਂ ਕਰਦੇ। ਹੁਣ ਇਹ ਸੋਚ ਅਪਵਾਦ ਬਣਦੀ ਜਾ ਰਹੀ ਹੈ। ਅੱਜ ਦੀਆਂ ਵਿਆਹੁਤਾ ਹੀਰੋਇਨਾਂ ਹੁਣ ਉਸ ਦੌਰ ਦੀ ਯਾਦ ਤਾਜ਼ਾ ਕਰਾ ਰਹੀਆਂ ਹਨ ਜਦੋਂ ਗੀਤਾਬਾਲੀ, ਵੈਜੰਤੀਮਾਲਾ, ਮੀਨਾ ਕੁਮਾਰੀ ਤੇ ਹੇਮਾ ਮਾਲਿਨੀ ਕਈ ਹੀਰੋਇਨਾਂ ਵਿਆਹ ਤੋਂ ਬਾਅਦ ਵੀ ਫ਼ਿਲਮਾਂ ਵਿਚ ਕੰਮ ਕਰਦੀਆਂ ਰਹੀਆਂ ਹਨ।
ਹੁਣ ਇਕ ਕਮਾਲ ਹੋਰ ਹੋ ਰਿਹਾ ਹੈ। ਵਿਆਹ ਦੇ ਬਾਅਦ ਬਹੁਤ ਅਰਾਮ ਨਾਲ ਘਰ-ਗ੍ਰਹਿਸਥੀ ਦੀ ਜ਼ਿੰਮੇਦਾਰੀ ਸੰਭਾਲਣ ਤੋਂ ਬਾਅਦ ਕਈ ਵਿਆਹੁਤਾ ਹੀਰੋਇਨਾਂ ਫ਼ਿਲਮਾਂ ਵਿਚ ਆਉਣ ਦਾ ਮਨ ਬਣਾ ਰਹੀਆਂ ਹਨ। ਕ੍ਰਿਸ਼ਮਾ ਕਪੂਰ ਨੇ ਪੂਰੀ ਸੋਚ-ਵਿਚਾਰ ਕਰਨ ਤੋਂ ਬਾਅਦ ਫ਼ਿਲਮਾਂ ਵਿਚ ਆਉਣ ਦਾ ਮਨ ਬਣਾਇਆ। ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਪਹਿਲੀ ਫ਼ਿਲਮ ‘ਡੇਂਜਰਸ ਇਸ਼ਕ’ ਨੇ ਉਸ ਨੂੰ ਨਿਰਾਸ਼ ਹੀ ਕੀਤਾ ਪਰ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਮੌਕਾ ਮਿਲੇ ਤਾਂ ਉਹ ਫਿਰ ਆਪਣੇ ਪੁਰਾਣੇ ਸਮੇਂ ਨੂੰ ਵਾਪਸ ਲਿਆ ਸਕਦੀ ਹੈ।
ਅਦਾਕਾਰਾ ਮਾਧੁਰੀ ਦੀਕਸ਼ਤ ਨੇ ਅਮਰੀਕਾ ਤੋਂ ਮੁੰਬਈ ਸ਼ਿਫਟ ਕੀਤਾ ਹੈ। ਹੁਣ ਉਸ ਦੇ ਪਤੀ ਮੁੰਬਈ ਵਿਚ ਕੰਮ ਕਰਦੇ ਹਨ। ਇਸ ਲਈ ਹੁਣ ਉਹ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਹੀ ਕੁਝ ਚੰਗੀਆਂ ਫ਼ਿਲਮਾਂ ਕਰਨਾ ਚਾਹੁੰਦੀ ਹੈ। ਮਾਧੁਰੀ ਦਾ ਕਹਿਣਾ ਹੈ ਕਿ  ‘ਡੇਢ ਇਸ਼ਕੀਆ’ ਤੇ ‘ਗੁਲਾਬੋ’ ਦੋ ਇਸ ਤਰ੍ਹਾਂ ਦੀਆਂ ਫ਼ਿਲਮਾਂ ਹਨ ਜਿਨ੍ਹਾਂ ਨੂੰ ਕਰਕੇ ਉਹ ਬਹੁਤ ਸੰਤੁਸ਼ਟ ਹੈ। ਲਗਾਤਾਰ ਫ਼ਿਲਮਾਂ ਕਰਨਾ ਨਾ ਉਸ ਤੋਂ ਸੰਭਵ ਹੈ ਤੇ ਨਾ ਉਹ ਕਰ ਸਕੇਗੀ।
ਵਿਆਹ ਤੋਂ ਬਾਅਦ ਇਕ-ਅੱਧ ਫ਼ਿਲਮ ਵਿਚ ਕੰਮ ਕਰਕੇ ਐਸ਼ਵਰਿਆ ਰਾਏ ਬੱਚਨ ਵੀ ਬਹੁਤ ਖੁਸ਼ ਹੈ ਪਰ ਬੇਟੀ ਦੇ ਜਨਮ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦੀ ਕਾਇਆ ਬਦਲੀ ਹੈ, ਉਸ ਦੇ ਬਾਅਦ ਦੁਬਾਰਾ ਫ਼ਿਲਮਾਂ ਵਿਚ ਉਸ ਦੇ ਕੰਮ ਸ਼ੁਰੂ ਕਰਨ ਵਿਚ ਥੋੜ੍ਹਾ ਸਮਾਂ ਲੱਗੇਗਾ ਪਰ ਵਿਸ਼ਵ ਸੁੰਦਰੀ ਲਈ ਇਹ ਇਕ ਮਾਮੂਲੀ ਗੱਲ ਹੈ। ਮਣੀ ਰਤਨਮ ਦੀ ਅਗਲੀ ਫ਼ਿਲਮ ਵਿਚ ਉਸ ਦੇ ਕੰਮ ਕਰਨ ਦੀ ਗੱਲ ਤੈਅ ਹੈ।
ਇਕ ਜ਼ਮਾਨੇ ਬਾਅਦ ਸ੍ਰੀਦੇਵੀ ਵਰਗੀ ਸਟਾਰ ਵੀ ਫ਼ਿਲਮਾਂ ਵਿਚ ਵਾਪਸ ਆ ਗਈ ਹੈ। ਉਸ ਦੀ ਫਿਲਮ ‘ਇੰਗਲਿਸ਼ ਵਿੰਗਲਿਸ਼’ ਦੀ ਕਾਫੀ ਚਰਚਾ ਹੈ। ਅਭਿਨੇਤਰੀ ਰਵੀਨਾ ਟੰਡਨ ਵੀ ਕੁਝ ਇਸੇ ਅੰਦਾਜ਼ ਵਿਚ ਆਪਣੇ ਸੈਲਿਊਲਾਈਡ ਪ੍ਰੇਮ ਨੂੰ ਅੱਗੇ ਵਧਾਈ ਰੱਖਣਾ ਚਾਹੁੰਦੀ ਹੈ। ਫ਼ਿਲਮ ‘ਬੁੱਢਾ ਹੋਗਾ ਤੇਰਾ ਬਾਪ’ ਵਿਚ ਉਹ ਨਜ਼ਰ ਆਈ ਸੀ। ਕੁੱਲ ਮਿਲਾ ਕੇ ਉਹ ਛੋਟੇ-ਮੋਟੇ ਤੌਰ ‘ਤੇ ਸਰਗਰਮ ਹੈ। ਮਹਿਮਾ ਵੀ ਪਿੱਛੇ ਨਹੀਂ ਹੈ। ਬੇਟੀ ਆਰਿਨਾ ਦੇ ਵੱਡੇ ਹੋਣ ਤੋਂ ਬਾਅਦ ਮਹਿਮਾ ਚੌਧਰੀ ਨੇ ਵੀ ਫਿਰ ਤੋਂ ਆਪਣੀ ਫ਼ਿਲਮੀ ਸਰਗਰਮੀ ਨੂੰ ਵਧਾ ਦਿੱਤਾ ਹੈ।
‘ਦ ਗੈਂਗਸਟਰ ਵਾਈਫ’ ਵਿਚ ਉਹ ਇਨ੍ਹੀਂ ਦਿਨੀਂ ਕੰਮ ਕਰ ਰਹੀ ਹੈ। ਸਭ ਤੋਂ ਅਹਿਮ ਖ਼ਬਰ ਇਹ ਹੈ ਕਿ ਉਹ ਖੁਦ ਫ਼ਿਲਮ ਪ੍ਰੋਡਕਸ਼ਨ ਵਿਚ ਆਉਣ ਦਾ ਪੂਰਾ ਮਨ ਬਣਾ ਚੁੱਕੀ ਹੈ। ‘ਯਾਦ ਰਖੇਗੀ ਦੁਨੀਆ’ ਦੀ ਬੇਹੱਦ ਸੰਜੀਦਾ ਰੁਖਸਾਰ ਨੂੰ ਭਲਾ ਦਰਸ਼ਕ ਕਿਵੇਂ ਭੁੱਲ ਸਕਦੇ ਹਨ। ਵਿਆਹ ਤੋਂ ਬਾਅਦ ਉਹ ਕਿਤੇ ਗਵਾਚ ਗਈ ਸੀ। ਪਰ ਰਾਮੂ ਦੀ ਫ਼ਿਲਮ ‘ਸਰਕਾਰ’ ਤੋਂ ਬਾਅਦ ਉਹ ਫਿਰ ਤੋਂ ਸਰਗਰਮ ਹੋਈ ਹੈ। ਫ਼ਿਲਮਾਂ ਦੀ ਚੋਣ ਨੂੰ ਲੈ ਕੇ ਰੁਖ਼ਸਾਰ ਦੇ ਮਨ ਵਿਚ ਕੋਈ ਜ਼ਿਦ ਨਹੀਂ ਹੈ। ਇਸ ਲਈ ਉਹ ਛੋਟਾ ਵੱਡਾ ਹਰ ਰੋਲ ਬਹੁਤ ਅਰਾਮ ਨਾਲ ਕਰ ਰਹੀ ਹੈ।
_____________________
ਯਾਮੀ ਗੌਤਮ ਨੇ ਕੀਮਤ ਵਧਾਈ
ਫਿਲਮ ‘ਵਿੱਕੀ ਡੋਨਰ’ ਦੀ ਸਫਲਤਾ ਦੀ ਬਦੌਲਤ ਲੋਕਪ੍ਰਿਯਤਾ ਹਾਸਲ ਕਰ ਚੁੱਕੀ ਯਾਮੀ ਗੌਤਮ ਇਨ੍ਹੀਂ ਦਿਨੀਂ ਕਾਫੀ ਬਿਜ਼ੀ ਹੈ। ਉਸ ਕੋਲ ਕੁਝ ਫਿਲਮਾਂ ਦੇ ਨਾਲ-ਨਾਲ ਕਈ ਵਿਗਿਆਪਨ ਫਿਲਮਾਂ ਵੀ ਹਨ ਪਰ ਆਪਣੀ ਸਫਲਤਾ ਤੋਂ ਉਤਸ਼ਾਹਿਤ ਯਾਮੀ ਨੇ ਹੁਣ ਨਵੇਂ ਵਿਗਿਆਪਨਾਂ ਦੇ ਕਰਾਰ ਲਈ ਆਪਣਾ ਮਿਹਨਤਾਨਾ ਇੰਨਾ ਵਧਾ ਦਿੱਤਾ ਹੈ ਕਿ ਕੰਪਨੀਆਂ ਨੂੰ ਉਸ ਤੋਂ ਆਪਣਾ ਪੱਲਾ ਝਾੜਨਾ ਪੈ ਰਿਹਾ ਹੈ।
ਹਾਲ ਹੀ ਵਿਚ ਇਕ ਜਿਊਲਰੀ ਬ੍ਰਾਂਡ ਕੰਪਨੀ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਸ ਦੇ ਵਿਗਿਆਪਨ ਲਈ ਡੇਢ ਕਰੋੜ ਰੁਪਏ ਦੀ ਮੰਗ ਕਰ ਦਿੱਤੀ। ਹੁਣ ਇਕ ਨਵੀਂ ਅਭਿਨੇਤਰੀ ਨੂੰ ਇੰਨਾ ਪੈਸਾ ਦੇਣ ਨੂੰ ਕੰਪਨੀ ਤਿਆਰ ਨਹੀਂ ਹੈ ਤੇ ਉਸ ਨੇ ਤੁਰੰਤ ਯਾਮੀ ਦੀ ਜਗ੍ਹਾ ਫਿਲਮ ‘ਬਰਫੀ’ ਫੇਮ ਇਲਿਆਨਾ ਡਿਕਰੂਜ਼ ਨੂੰ ਸਾਈਨ ਕਰ ਲਿਆ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਬੇਸ਼ੱਕ ਯਾਮੀ ਦੀ ਮੰਗ ਇਨ੍ਹੀਂ ਦਿਨੀਂ ਕਾਫੀ ਹੈ ਪਰ ਉਸ ਨੇ ਜੋ ਰਕਮ ਮੰਗੀ ਸੀ, ਉਹ ਬਹੁਤ ਜ਼ਿਆਦਾ ਸੀ। ਦੂਜੇ ਪਾਸੇ ਜਿਥੇ ਯਾਮੀ ਨੇ ਹੁਣੇ ਇਕ ਹੀ ਫਿਲਮ ਕੀਤੀ ਹੈ, ਉਥੇ ਹੀ ਇਲਿਆਨਾ ਸਾਊਥ ਇੰਡਸਟਰੀ ਦੀ ਵੱਡੀ ਸਟਾਰ ਹੈ, ਜਿਸ ਨੂੰ ਕੰਪਨੀ ਨੇ 50 ਲੱਖ ਰੁਪਏ ਤੋਂ ਵੀ ਘੱਟ ‘ਚ ਸਾਈਨ ਕਰ ਲਿਆ ਹੈ।

Be the first to comment

Leave a Reply

Your email address will not be published.