-ਜਤਿੰਦਰ ਪਨੂੰ
ਇਸ ਲਿਖਤ ਨੂੰ ਲਿਖਣ ਵੇਲੇ ਦਿੱਲੀ ਦੇ ਸ਼ਾਹੀਨ ਬਾਗ, ਲਖਨਊ ਅਤੇ ਮੁੰਬਈ ਸਮੇਤ ਕਈ ਥਾਂਈਂ ਨਰਿੰਦਰ ਮੋਦੀ ਸਰਕਾਰ ਵੱਲੋਂ ਨਵੇਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅਣਮਿਥੇ ਸਮੇਂ ਦੇ ਧਰਨਿਆਂ ਵਿਚ ਲੋਕ ਬੈਠੇ ਹੋਏ ਹਨ। ਉਹ ਕਦੋਂ ਤੱਕ ਇਸੇ ਤਰ੍ਹਾਂ ਬੈਠੇ ਰਹਿਣਗੇ, ਕਿਸੇ ਨੂੰ ਪਤਾ ਨਹੀਂ। ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਵਿਰੋਧ ਦੀ ਲੀਹ ਪਏ ਲੋਕਾਂ ਲਈ ਇਹ ਅੱਜ ਦਾ ਨਹੀਂ, ਭਲਕ ਦਾ ਅਤੇ ਅਗਲੀਆਂ ਪੀੜ੍ਹੀਆਂ ਦੇ ਨਸੀਬੇ ਦਾ ਸਵਾਲ ਹੈ।
ਇਸ ਦੌਰਾਨ ਅਮਰੀਕਾ ਤੋਂ ਇੱਕ ਖਬਰ ਆਈ ਹੈ ਕਿ ਉਥੇ ਪੰਜ ਜਣਿਆਂ ਨੂੰ ਪਾਕਿਸਤਾਨ ਲਈ ਐਟਮੀ ਤਕਨੀਕ ਤੇ ਇਸ ਤਕਨੀਕ ਦੇ ਨਾਲ ਵਰਤਿਆ ਜਾਣ ਵਾਲਾ ਅਮਰੀਕਾ ਦਾ ਬਣਿਆ ਸਮਾਨ ਦੁਨੀਆਂ ਭਰ ਤੋਂ ਨਾਜਾਇਜ਼ ਢੰਗ ਨਾਲ ਖਰੀਦਣ ਤੇ ਲੁਕਵੇਂ ਢੰਗ ਵਰਤ ਕੇ ਪਾਕਿਸਤਾਨ ਨੂੰ ਸਪਲਾਈ ਕਰਨ ਦੇ ਦੋਸ਼ ਵਿਚ ਫੜਿਆ ਗਿਆ ਹੈ। ਅਮਰੀਕਾ ਦਾ ਬਣਿਆ ਇਹ ਸਮਾਨ ਕਿਤੋਂ ਵੀ ਖਰੀਦਣ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ, ਤਾਂ ਕਿ ਇਸ ਮਨੁੱਖ-ਮਾਰੂ ਤਕਨੀਕ ਅਤੇ ਸਮਾਨ ਦੀ ਤਸਕਰੀ ਰੋਕੀ ਜਾ ਸਕੇ, ਪਰ ਇਹ ਲੋਕ ਏਦਾਂ ਦੀ ਗੈਰ ਕਾਨੂੰਨੀ ਸੌਦਾਗਰੀ ਕਰਦੇ ਰਹੇ ਸਨ। ਦੋਸ਼ੀ ਮੰਨੇ ਗਏ ਪੰਜਾਂ ਜਣਿਆਂ ਵਿਚੋਂ ਇੱਕ ਪਾਕਿਸਤਾਨੀ ਹੈ, ਬਾਕੀ ਚਾਰ ਹੋਰਨਾਂ ਦੇਸ਼ਾਂ ਦੀ ਨਾਗਰਿਕਤਾ ਲੈ ਚੁਕੇ ਪਾਕਿਸਤਾਨੀ ਮੂਲ ਦੇ ਵਿਅਕਤੀ ਹਨ।
ਕਿਸੇ ਵੀ ਪਾਠਕ ਲਈ ਇਹ ਗੱਲ ਐਵੇਂ ਦੀ ਲੱਗ ਸਕਦੀ ਹੈ ਕਿ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਦੀ ਗੱਲ ਚੱਲਦੀ ਵਿਚ ਇਸ ਖਬਰ ਦੀ ਚਰਚਾ ਦਾ ਕੀ ਅਰਥ ਹੈ, ਪਰ ਇਸ ਦਾ ਅਰਥ ਹੈ ਤੇ ਬਹੁਤ ਵੱਡਾ ਅਰਥ ਹੈ। ਜਿਹੋ ਜਿਹੇ ਪੁਆੜੇ ਅੱਜ ਭਾਰਤ ਵਿਚ, ਤੇ ਇਸੇ ਤਰ੍ਹਾਂ ਕਈ ਹੋਰ ਦੇਸ਼ਾਂ ਵਿਚ ਪਏ ਦਿੱਸਦੇ ਹਨ, ਅਮਰੀਕਾ ਦੀ ਇਸ ਖਬਰ ਦੀ ਜੜ੍ਹ ਬਹੁਤ ਡੂੰਘਾਈ ਵਿਚ ਜਾ ਕੇ ਉਨ੍ਹਾਂ ਸਾਰੇ ਪੁਆੜਿਆਂ ਦੀ ਜੜ੍ਹ ਨਾਲ ਜੁੜੀ ਹੋਈ ਨਿਕਲਦੀ ਹੈ।
ਜਦੋਂ ਭਾਰਤ ਵਿਚ ਮੋਰਾਰਜੀ ਡਿਸਾਈ ਦੀ ਸਰਕਾਰ ਸੀ, ਇੱਕ ਖਾਸ ਘਟਨਾ ਭਾਰਤ ਜਾਂ ਪਾਕਿਸਤਾਨ ਵਿਚ ਨਹੀਂ, ਸਗੋਂ ਉਸ ਤੋਂ ਪਾਰਲੇ ਅਫਗਾਨਿਸਤਾਨ ਵਿਚ ਵਾਪਰੀ ਸੀ। ਉਥੇ ਰਾਜ-ਪਲਟਾ ਹੋਇਆ ਸੀ, ਜਿਸ ਨੂੰ ਸੋਵੀਅਤ ਰੂਸ ਦੀ ਸਰਕਾਰ ਇੱਕ ਹੋਰ ਦੇਸ਼ ਵਿਚ ਇਨਕਲਾਬ ਦਾ ਨਾਂ ਦਿੰਦੀ ਸੀ ਤੇ ਅਮਰੀਕਾ ਨੂੰ ਠੰਢੀ ਜੰਗ ਦੇ ਦੌਰ ਵਿਚ ਕਮਿਊਨਿਜ਼ਮ ਦੀ ਇੱਕ ਪੁਲਾਂਘ ਲੱਗੀ ਸੀ, ਜਿਸ ਦਾ ਰਾਹ ਰੋਕਣ ਲਈ ਸਾਰੇ ਸਾਮਰਾਜੀ ਦੇਸ਼ ਇਕੱਠੇ ਹੋ ਗਏ ਸਨ। ਉਦੋਂ ਪਾਕਿਸਤਾਨ ਵਿਚ ਇੱਕ ਪੜੁੱਲ ਬਣਾਇਆ ਤੇ ਉਥੋਂ ਇਸਲਾਮੀ ਜਨੂੰਨ ਦੀ ਪੁੱਠ ਚਾੜ੍ਹ ਕੇ ਆਮ ਲੋਕਾਂ ਵਿਚੋਂ ਖੜੇ ਕੀਤੇ ਗਏ ਲਸ਼ਕਰਾਂ ਰਾਹੀਂ ਅਫਗਾਨਿਸਤਾਨ ਵਿਚ ਰੂਸ-ਪੱਖੀਆਂ ਦੇ ਵਿਰੋਧ ਲਈ ਜੰਗ ਸ਼ੁਰੂ ਕੀਤੀ ਗਈ ਸੀ। ਉਸ ਜੰਗ ਦਾ ਇਤਿਹਾਸ ਭਾਵੇਂ ਪਿਛੋਂ ਰੂਸ-ਪੱਖੀਆਂ ਦੇ ਪੈਰ ਉਖਾੜ ਕੇ ਅਮਰੀਕਾ-ਪੱਖੀ ਮੁਜਾਹਿਦੀਨ ਦੀ ਸਰਕਾਰ ਬਣਨ ਤੇ ਅਗਲੇ ਕਦਮ ਵਜੋਂ ਪਾਕਿਸਤਾਨ ਦੇ ਹੱਥੀਂ ਚੜ੍ਹੇ ਤਾਲਿਬਾਨ ਵੱਲੋਂ ਮੁਜਾਹਿਦੀਨ ਨੂੰ ਕੁੱਟ ਕੇ ਉਥੇ ਕਬਜ਼ਾ ਕਰਨ ਤੇ ਅਮਰੀਕਾ ਦੇ ਗਲ ਪੈਣ ਤੱਕ ਚਲਾ ਗਿਆ ਸੀ, ਪਰ ਉਹ ਚਰਚਾ ਇਸ ਵੇਲੇ ਕਰਨ ਦੀ ਲੋੜ ਨਹੀਂ। ਅਮਰੀਕਾ ਵਿਚ ਜਿਨ੍ਹਾਂ ਪੰਜਾਂ ਪਾਕਿਸਤਾਨੀ ਏਜੰਟਾਂ ਨੂੰ ਇਸ ਹਫਤੇ ਫੜਿਆ ਗਿਆ ਤੇ ਐਟਮੀ ਤਸਕਰੀ ਦਾ ਦੋਸ਼ੀ ਮੰਨਿਆ ਗਿਆ ਹੈ, ਇਨ੍ਹਾਂ ਦੀ ਤਸਕਰੀ ਦਾ ਮੁੱਢ ਉਦੋਂ ਦੇ ਦੌਰ ਨਾਲ ਜਾ ਜੁੜਦਾ ਹੈ ਤੇ ਇਹ ਗੱਲ ਇਸ ਦੀ ਚੀਰ-ਫਾੜ ਵਿਚੋਂ ਲੱਭ ਜਾਂਦੀ ਹੈ ਕਿ ਉਦੋਂ ਦੀਆਂ ਅਮਰੀਕਾ ਦੇ ਹਾਕਮਾਂ ਦੀਆਂ ਕੀਤੀਆਂ ਗਲਤੀਆਂ ਅੱਜ ਅਮਰੀਕਾ ਅਤੇ ਭਾਰਤ ਦੇ ਲੋਕਾਂ ਨੂੰ ਭੁਗਤਣੀਆਂ ਪੈ ਰਹੀਆਂ ਹਨ।
ਸਾਲ 1987 ਸੀ, ਅਮਰੀਕਾ ਵਿਚ ਰੋਨਾਲਡ ਰੀਗਨ ਦਾ ਰਾਜ ਸੀ ਤੇ ਅਰਸ਼ਦ ਪਰਵੇਜ਼ ਨਾਂ ਦਾ ਪਾਕਿਸਤਾਨ ਦਾ ਇੱਕ ਵਿਅਕਤੀ ਅਮਰੀਕਾ ਵਿਚ ਇਹੋ ਸੌਦਾਗਰੀ ਕਰਦਾ ਫੜਿਆ ਗਿਆ ਸੀ, ਜੋ ਕਰਦੇ ਇਸ ਹਫਤੇ ਪੰਜ ਹੋਰ ਫੜੇ ਗਏ ਹਨ। ਅਮਰੀਕੀ ਏਜੰਸੀਆਂ ਉਦੋਂ ਜਾਣਦੀਆਂ ਸਨ ਕਿ ਇਸ ਤੋਂ ਚਾਰ ਸਾਲ ਪਹਿਲਾਂ 1983 ਦੇ ਇੱਕ ਮੁਕੱਦਮੇ ਵਿਚ ਪਾਕਿਸਤਾਨ ਦੇ ਐਟਮੀ ਵਿਗਿਆਨੀ ਕਹੇ ਜਾਂਦੇ ਕਾਦੀਰ ਖਾਨ ਨੂੰ ਉਸ ਦੀ ਗੈਰ ਹਾਜ਼ਰੀ ਵਿਚ ਹਾਲੈਂਡ ਦੀ ਅਦਾਲਤ ਨੇ ਐਟਮੀ ਤਕਨੀਕ ਦੀ ਤਸਕਰੀ ਦਾ ਦੋਸ਼ੀ ਕਰਾਰ ਦਿੱਤਾ ਹੋਇਆ ਸੀ। ਜਦੋਂ 1987 ਵਿਚ ਅਰਸ਼ਦ ਪਰਵੇਜ਼ ਦੇ ਫੜਨ ਦੀ ਨੌਬਤ ਆਈ, ਕਦੀਰ ਖਾਨ ਦਾ ਨਾਂ ਵੀ ਉਸ ਨਾਲ ਜੁੜਿਆ ਸੀ, ਪਰ ਨਾ ਤਾਂ ਕੈਨੇਡਾ ਵਿਚ ਜਨਮੇ ਅਰਸ਼ਦ ਪਰਵੇਜ਼ ਨਾਂ ਦੇ ਪਾਕਿਸਤਾਨੀ ਮੂਲ ਦੇ ਵਿਅਕਤੀ ਖਿਲਾਫ ਕਾਰਵਾਈ ਕੀਤੀ ਗਈ ਤੇ ਨਾ ਕਦੀਰ ਖਾਨ ਦੇ ਖਿਲਾਫ।
ਇਸ ਤਰ੍ਹਾਂ ਦੀ ਤਸਕਰੀ ਨਾਲ ਨਜਿੱਠਣ ਵਾਲੇ ਅਮਰੀਕੀ ਵਿਭਾਗ ਨੇ ਆਪਣੀ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਪਾਕਿਸਤਾਨ ਨੂੰ ਚਾਰ ਬਿਲੀਅਨ ਡਾਲਰ (ਜੋ ਕਈ ਲੱਖ ਕਰੋੜ ਪਾਕਿਸਤਾਨੀ ਰੁਪਏ ਬਣਦੇ ਸਨ) ਰੋਕ ਕੇ ਝਟਕਾ ਦਿੱਤਾ ਜਾਵੇ, ਪਰ ਉਦੋਂ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸਖਤੀ ਕਰਨ ਤੋਂ ਰੋਕ ਦਿੱਤਾ ਸੀ। ਉਸ ਦੀ ਦਲੀਲ ਸੀ ਕਿ ਇਹ ਸਖਤ ਕਾਰਵਾਈ ਕੀਤੀ ਤਾਂ ਪਾਕਿਸਤਾਨ ਰਾਹੀਂ ਰੂਸ ਨਾਲ ਲੜੀ ਜਾ ਰਹੀ ਲੜਾਈ ਕਮਜ਼ੋਰ ਹੋਵੇਗੀ, ਇਸ ਕਾਰਨ ਪਾਕਿਸਤਾਨ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਤੇ ਉਸ ਦੀ ਹਮਲਾਵਰੀ ਭਾਰਤ ਵਿਰੁਧ ਏਨੀ ਵਧਦੀ ਗਈ ਕਿ ਜਵਾਬ ਵਿਚ ਇਥੇ ਵੀ ਪਾਕਿਸਤਾਨ ਦੇ ਵਿਰੋਧ ਦੇ ਨਾਂ ‘ਤੇ ਮੁਸਲਿਮ ਵਿਰੋਧ ਦੀ ਕਾਂਗ ਚੜ੍ਹਨ ਲੱਗ ਪਈ। ਜਿਸ ਦਹਿਸ਼ਤਵਾਦ ਦੀ ਸਰਪ੍ਰਸਤੀ ਪਾਕਿਸਤਾਨ ਦੀਆਂ ਸਰਕਾਰਾਂ ਨੇ ਹਮੇਸ਼ਾ ਕੀਤੀ ਹੈ, 1987 ਪਿਛੋਂ ਉਹ ਭਾਰਤ ਸਮੇਤ ਕਈ ਮੁਲਕਾਂ ਵਿਚ ਚੜ੍ਹਤ ਵਿਚ ਆਉਣ ਲੱਗ ਪਿਆ ਤੇ ਮੁਸਲਿਮ-ਵਿਰੋਧੀ ਭਾਵਨਾ ਵੀ ਉਨ੍ਹਾਂ ਦੇਸ਼ਾਂ ਵਿਚ ਉਸ ਪਿਛੋਂ ਉਸ ਹੱਦ ਨੂੰ ਛੋਹਣ ਲੱਗੀ ਸੀ, ਜੋ ਹੱਦ ਅੱਜ ਭਾਰਤ ਵਿਚ ਕਈ ਪੁਆੜਿਆਂ ਦੀ ਜੜ੍ਹ ਬਣੀ ਦਿਖਾਈ ਦਿੰਦੀ ਹੈ।
ਪਾਕਿਸਤਾਨ ਵੱਲ ਅਮਰੀਕੀ ਸਰਕਾਰਾਂ ਦਾ ਲਿਹਾਜੂ ਰੁਖ ਕਈ ਕੇਸਾਂ ਵਿਚ ਲੱਭਦਾ ਰਿਹਾ ਸੀ। ਦਹਿਸ਼ਤਗਰਦੀ ਦਾ ਅੱਜ ਤੱਕ ਦਾ ਜੋ ਸਭ ਤੋਂ ਵੱਡਾ ਦੁਖਾਂਤ ਮੁੰਬਈ ਵਿਚ ਵਾਪਰਿਆ ਸੀ, ਉਸ ਤੋਂ ਪਹਿਲਾਂ ਹਮਲੇ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਦੁਕਾਨਾਂ ਦੇ ਬਿੱਲਾਂ ਵਾਲੇ ਕਾਗਜ਼ਾਂ ‘ਤੇ ਉਨ੍ਹਾਂ ਥਾਂਵਾਂ ਵੱਲ ਜਾਂਦੇ ਰਾਹਾਂ ਦੇ ਨਕਸ਼ੇ ਜਿਸ ਆਦਮੀ ਨੇ ਤਿਆਰ ਕਰ ਕੇ ਦਿੱਤੇ ਸਨ, ਡੇਵਿਡ ਕੋਲਮੈਨ ਹੈਡਲੀ ਨਾਂ ਦਾ ਉਹ ਬੰਦਾ ਵੀ ਪਾਕਿਸਤਾਨੀ ਮੂਲ ਦਾ ਸੀ। ਅਸਲੀ ਨਾਂ ਦਾਊਦ ਗਿਲਾਨੀ ਤੋਂ ਬਦਲ ਕੇ ਡੇਵਿਡ ਕੋਲਮੈਨ ਹੈਡਲੀ ਬਣਿਆ ਉਹ ਬੰਦਾ ਅਮਰੀਕੀ ਏਜੰਸੀਆਂ ਲਈ ਕੰਮ ਕਰਦਾ ਸੀ ਤੇ ਉਹ ਏਜੰਸੀਆਂ ਉਸ ਦੀ ਹਰ ਹਰਕਤ ਬਾਰੇ ਜਾਣਦੀਆਂ ਸਨ, ਪਰ ਰੋਕਦੀਆਂ ਨਹੀਂ ਸਨ। ਜਦੋਂ ਉਹ ਡੈਨਮਾਰਕ ਵਿਚ ਏਦਾਂ ਦਾ ਇੱਕ ਹੋਰ ਕਾਂਡ ਕਰਾਉਣ ਲਈ ਇੱਕ ਅਖਬਾਰ ਦੇ ਦਫਤਰ ਵਿਚ ਗਿਆ ਅਤੇ ਉਸ ਦੇਸ਼ ਨਾਲ ਆਪਣੇ ਸਬੰਧਾਂ ਕਾਰਨ ਅਮਰੀਕੀ ਸਰਕਾਰ ਨੂੰ ਚਿੱਪ ਚੜ੍ਹੀ ਤਾਂ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਤੇ ਪਿਛੋਂ ਉਸ ਤੋਂ ਭਾਰਤ ਵਿਚ ਹੋਏ ਦਹਿਸ਼ਤਗਰਦ ਕਾਂਡ ਦੀ ਕਹਾਣੀ ਵੀ ਕੱਢਵਾ ਲਈ।
ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਇਲਾਕੇ ਤੋਂ ਅਮਰੀਕਾ ਗਿਆ ਗੁਲਾਮ ਨਬੀ ਫਾਈ ਜਦੋਂ ਤੱਕ ਭਾਰਤੀ ਸ਼ਖਸੀਅਤਾਂ ਨੂੰ ਉਥੇ ਸੈਮੀਨਾਰਾਂ ਦੇ ਬਹਾਨੇ ਬੁਲਾ ਕੇ ਅਤਿਵਾਦ ਦੀ ਤਰਫਦਾਰੀ ਕਰਦਾ ਰਿਹਾ, ਅਮਰੀਕਾ ਵਾਲਿਆਂ ਨੇ ਰੋਕਿਆ ਨਹੀਂ ਸੀ, ਪਰ ਜਦੋਂ ਅਮਰੀਕੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਾਲਚ ਦੇ ਕੇ ਅਮਰੀਕੀ ਸਰਕਾਰ ਦੇ ਖਿਲਾਫ ਵਰਤਣ ਲੱਗਾ ਤਾਂ ਫੜ ਲਿਆ। ਉਸ ‘ਤੇ ਦੋਸ਼ ਇਹ ਲਾਇਆ ਗਿਆ ਕਿ ਅਮਰੀਕੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਖਰੀਦਣ ਲਈ ਆਈ. ਐਸ਼ ਆਈ. ਦਾ ਦਿੱਤਾ ਪੈਸਾ ਵਰਤਦਾ ਸੀ ਅਤੇ ਲਗਭਗ ਰੋਜ਼ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਦਫਤਰ ਵਿਚ ਦੋ ਅਫਸਰਾਂ ਨਾਲ ਗੱਲਾਂ ਕਰਦਾ ਸੀ।
ਇਨ੍ਹਾਂ ਕੇਸਾਂ ਅਤੇ ਅਜਿਹੇ ਹੋਰ ਕੇਸਾਂ ਵਿਚ ਅਮਰੀਕਾ ਦੀਆਂ ਸਰਕਾਰਾਂ ਆਪਣੇ ਥੋੜ੍ਹ-ਚਿਰੇ ਹਿੱਤਾਂ ਲਈ ਜੋ ਦਾਅ ਖੇਡਦੀਆਂ ਰਹੀਆਂ ਤੇ ਜੋ ਸਮਾਂ ਪਾ ਕੇ ਬੇਪਰਦ ਹੁੰਦੇ ਰਹੇ, ਉਨ੍ਹਾਂ ਬਾਰੇ ਭਾਰਤੀ ਲੋਕਾਂ ਵਿਚਲੀ ਭਾਵਨਾ ਨੂੰ ਇੱਕ ਰਾਜਸੀ ਪਾਰਟੀ ਨੇ ਵਰਤਿਆ ਅਤੇ ਭਾਰਤ ਵਿਚ ਮੋੜਵਾਂ ਜਨੂੰਨ ਪੈਦਾ ਕੀਤਾ, ਜੋ ਸਾਹਮਣੇ ਹੈ। ਜੋ ਕੋਈ ਇਸ ਸਰਕਾਰ ਦੇ ਕਿਸੇ ਕਦਮ ਦਾ ਵਿਰੋਧ ਕਰਦਾ ਹੈ, ਉਸ ਨੂੰ ‘ਪਾਕਿਸਤਾਨ ਚਲੇ ਜਾਓ’ ਕਿਹਾ ਜਾਣ ਦਾ ਧਰਮ ਨਿਰਪੱਖ ਧਿਰਾਂ ਤਾਂ ਬੁਰਾ ਮਨਾਉਂਦੀਆਂ ਹਨ, ਬਾਕੀ ਲੋਕ ਇਸ ਲਈ ਬਹੁਤਾ ਨਹੀਂ ਗੌਲਦੇ ਕਿ ਉਹ ਪਾਕਿਸਤਾਨ ਦੇ ਨਾਂ ‘ਤੇ ਉਸ ਦੀਆਂ ਕਾਰਵਾਈਆਂ ਤੋਂ ਰੋਹ ਵਿਚ ਭਰੇ ਹੋਏ ਹਨ। ਰੋਹ ਪਾਕਿਸਤਾਨ ਦੇ ਖਿਲਾਫ ਹੈ, ਪਰ ਨਿਕਲਦਾ ਉਨ੍ਹਾਂ ਲੋਕਾਂ ‘ਤੇ ਪਿਆ ਹੈ, ਜਿਨ੍ਹਾਂ ਦੇ ਵੱਡਿਆਂ ਨੇ ਇੱਕ ਧਰਮ ਦੇ ਨਾਂ ‘ਤੇ ਬਣਾਏ ਪਾਕਿਸਤਾਨ ਵਿਚ ਜਾਣਾ ਪਸੰਦ ਨਹੀਂ ਸੀ ਕੀਤਾ। ਇਸ ਦੌਰਾਨ ਕਿਸੇ ਨੂੰ ਚੇਤਾ ਵੀ ਨਹੀਂ ਆ ਰਿਹਾ ਕਿ ਤੀਹ ਸਾਲ ਪਹਿਲਾਂ ਦੇ ਇਸ ਪੁਆੜੇ ਦੀ ਜੜ੍ਹ ਅਮਰੀਕਾ ਦੇ ਉਸ ਵੇਲੇ ਦੇ ਹਾਕਮਾਂ ਵੱਲੋਂ ਵਰਤੇ ਪੈਂਤੜਿਆਂ ਵਿਚ ਹੋ ਸਕਦੀ ਹੈ। ਸਿਰਫ ਭਾਰਤ ਦੇ ਲੋਕ ਨਹੀਂ, ਅਮਰੀਕੀ ਸਰਕਾਰਾਂ ਦੇ ਇਨ੍ਹਾਂ ਪੈਂਤੜਿਆਂ ਨੂੰ ਕਈ ਦੇਸ਼ਾਂ ਦੇ ਲੋਕ ਅੱਜ ਭੁਗਤ ਰਹੇ ਹਨ। ਅੱਗੋਂ ਏਦਾਂ ਦਾ ਕੁਝ ਨਹੀਂ ਹੋਵੇਗਾ, ਇਹ ਵੀ ਕੌਣ ਕਹਿ ਸਕਦਾ ਹੈ!
ਭਾਰਤ ਵਿਚ ਜੋ ਕੁਝ ਵਾਪਰ ਰਿਹਾ ਹੈ, ਸਾਨੂੰ ਭਾਰਤੀ ਲੋਕਾਂ ਨੂੰ ਜਿੱਦਾਂ ਭੁਗਤਣਾ ਜਾਂ ਹੰਢਾਉਣਾ ਪਿਆ, ਭੁਗਤ ਲਵਾਂਗੇ, ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਭਾਰਤ ਦੇ ਹਾਲਾਤ ਨੂੰ ਸਿਆਸਤ ਲਈ ਵਰਤ ਕੇ ਇਥੋਂ ਤੱਕ ਪਹੁੰਚਾਉਣ ਵਾਲੀ ਸਿਆਸੀ ਧਿਰ ਅੱਜ ਦੇ ਅਮਰੀਕਾ ਦੇ ਹਾਕਮਾਂ ਦੀ ਵੀ ਚਹੇਤੀ ਬਣੀ ਹੋਈ ਹੈ। ਆਖਰ ਕੀ ਕਾਰਨ ਹੈ ਕਿ ਮਨੁੱਖੀ ਦਰਦ ਨੂੰ ਅਣਗੌਲਿਆ ਕਰ ਕੇ ਜੋ ਵੀ ਧਿਰ ਇਹ ਪੈਂਤੜੇ ਮੱਲਦੀ ਹੈ, ਉਹ ਅਮਰੀਕਾ ਦੀ ਚਹੇਤੀ ਬਣ ਜਾਂਦੀ ਹੈ, ਕੋਈ ਕਾਰਨ ਤਾਂ ਹੈ!