ਗੁਰਬਚਨ ਸਿੰਘ
ਫੋਨ: 91-98156-98451
ਭਾਰਤ ਵਿਚ ਫੈਲਾਏ ਜਾ ਰਹੇ ਬ੍ਰਾਹਮਣੀ ਫਾਸ਼ੀਵਾਦ ਦਾ ਵਿਚਾਰਧਾਰਕ ਜੁਆਬ ਦੇਣ ਲਈ ਅੰਬੇਡਕਰੀ ਸੋਚ ਜਰੂਰੀ ਹੈ, ਕਿਉਂਕਿ ਡਾ. ਅੰਬੇਡਕਰ ਨੇ ਹੀ ਇਸ ਦੇਸ਼ ਦੀ ਸਮੁੱਚੀ ਫਿਲਾਸਫੀ ਨੂੰ ਪੂਰੀ ਗੰਭੀਰਤਾ ਨਾਲ ਆਪਣੀ ਪੜਚੋਲ ਹੇਠ ਲਿਆਂਦਾ ਹੈ। ਜਾਤਪਾਤੀ ਪ੍ਰਬੰਧ ਦੀਆਂ ਜੜ੍ਹਾਂ ਫਰੋਲਦਿਆਂ ਉਨ੍ਹਾਂ ਭਾਰਤੀ ਫਿਲਾਸਫੀ ਦੇ ਆਦਿ ਗ੍ਰੰਥ ਵੇਦਾਂ ਤੋਂ ਲੈ ਕੇ ਆਧੁਨਿਕ ਪੱਛਮੀ ਫਿਲਾਸਫੀ ਤਕ ਦੀ ਪੁਣ-ਛਾਣ ਕੀਤੀ ਹੈ। ਉਨ੍ਹਾਂ ਨੇ ਇਸਾਈਅਤ ਤੇ ਪਲੈਟੋ ਦੀ ਸੋਚ ਵਾਲੀ ਪੱਛਮੀ ਜਮਹੂਰੀਅਤ ਦੀ ਪੜਚੋਲ ਕਰਦਿਆਂ ਬ੍ਰਹਮਵਾਦੀ ਜਮਹੂਰੀਅਤ ਦਾ ਸੰਕਲਪ ਵਿਕਸਿਤ ਕੀਤਾ ਹੈ, ਜਿਸ ਦੇ ਆਧਾਰ ‘ਤੇ ਉਨ੍ਹਾਂ ਬ੍ਰਾਹਮਣਵਾਦ ਅਤੇ ਪੂੰਜੀਵਾਦ-ਦੋਹਾਂ ਨੂੰ ਭਾਰਤੀ ਲੋਕਾਂ ਦੇ ਦੁਸ਼ਮਣ ਕਰਾਰ ਦਿੱਤਾ ਹੈ। ਬਾਬਾ ਸਾਹਿਬ ਦਾ ਬ੍ਰਹਮਵਾਦੀ ਜਮਹੂਰੀਅਤ ਬਾਰੇ ਬਣਿਆ ਸੰਕਲਪ ਮਾਰਕਸ ਦੇ ਸਮਾਜਵਾਦੀ ਸਮਾਜ ਦੇ ਸੰਕਲਪ ਨਾਲ ਟਕਰਾਉਂਦਾ ਨਹੀਂ, ਸਗੋਂ ਉਸ ਦਾ ਪੂਰਕ ਹੈ।
ਕਾਰਲ ਮਾਰਕਸ ਦੇ ਪੈਰੋਕਾਰਾਂ ਨੇ ਜਿਵੇਂ ਉਸ ਦੀ ਫਿਲਾਸਫੀ ਦੇ ਖੇਤਰ ਵਿਚ ਕੀਤੀ ਗਈ ਮਹਾਨ ਖੋਜ ਨੂੰ ਅਣਗੌਲਿਆ ਕਰਕੇ ਉਸ ਵਲੋਂ ਵਿਕਸਿਤ ਕੀਤੇ ਗਏ ਰਾਜਸੀ ਆਰਥਕਤਾ ਦੇ ਸਿਧਾਂਤ (ਪੂੰਜੀ) ਨੂੰ ਹੀ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨ ਲਿਆ ਹੈ, ਐਨ ਇਸੇ ਤਰ੍ਹਾਂ ਵੀਹਵੀਂ ਸਦੀ ਦੇ ਮਹਾਨ ਚਿੰਤਕ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰਾਂ ਨੇ ਫਿਲਾਸਫੀ ਦੇ ਖੇਤਰ ਵਿਚ ਦਿੱਤੀ ਗਈ ਉਨ੍ਹਾਂ ਦੀ ਮਹਾਨ ਦੇਣ ਨੂੰ ਅਣਗੌਲਿਆ ਕਰਕੇ ਉਨ੍ਹਾਂ ਦੀ ਸਿਰਫ ਇਕੋ ਦੇਣ ‘ਅਛੂਤ ਜਾਤੀਆਂ ਦੇ ਕਾਨੂੰਨੀ ਰਾਖਵੇਂਕਰਨ’ ਨੂੰ ਹੀ ਉਨ੍ਹਾਂ ਦੀ ਸਭ ਤੋਂ ਵਡੀ ਪ੍ਰਾਪਤੀ ਸਮਝ ਲਿਆ ਹੈ। ਫਿਲਾਸਫੀ ਦੇ ਖੇਤਰ ਵਿਚ ਡਾ. ਅੰਬੇਡਕਰ ਦੀ ਇਸ ਅਹਿਮ ਖੋਜ ਨੂੰ ਅਣਗੌਲਿਆ ਕਰਕੇ ਕਿਸੇ ਵੀ ਨਵੇਂ ਮਨੁੱਖੀ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ, ਸਗੋਂ ਇਸ ਨੂੰ ਸਮਝ ਕੇ ਹੀ ਉਨ੍ਹਾਂ ਦੀ ਅਸਲੀ ਮਹਾਨਤਾ ਪ੍ਰਗਟ ਹੁੰਦੀ ਹੈ।
ਡਾ. ਅੰਬੇਡਕਰ ਆਪਣੀ ਖੋਜ ਦਾ ਅਰੰਭ ਹਿੰਦੂਵਾਦ ਦੀ ਫਿਲਾਸਫੀ ਤੋਂ ਕਰਦੇ ਹਨ। ਉਨ੍ਹਾਂ ਦੇ ਕਥਨ ਅਨੁਸਾਰ, “ਇਸ ਸੁਆਲ ਦਾ ਪੈਦਾ ਹੋਣਾ ਸੁਭਾਵਿਕ ਹੈ। ਸੁਭਾਵਿਕ ਤੋਂ ਬਿਨਾ ਇਸ ਸੁਆਲ ਦੀ ਏਨੀ ਅਹਿਮੀਅਤ ਹੈ ਕਿ ਇਹ ਕਦੀ ਵੀ ਧਿਆਨ ਤੋਂ ਲਾਂਭੇ ਨਹੀਂ ਹੋਇਆ। ਕਿਉਂਕਿ ਇਸ ਤੋਂ ਬਿਨਾ ਹਿੰਦੂਵਾਦ ਦੇ ਆਦਰਸ਼ਾਂ ਅਤੇ ਨਿਸ਼ਾਨਿਆਂ ਨੂੰ ਜਾਣਿਆ ਨਹੀਂ ਜਾ ਸਕਦਾ।”
ਹਿੰਦੂ ਫਿਲਾਸਫੀ ਦੀ ਪੜਚੋਲ ਕਰਨ ਦਾ ਉਨ੍ਹਾਂ ਦਾ ਉਚਾ ਅਤੇ ਸੁੱਚਾ ਮੰਤਵ ‘ਹਿੰਦੂਵਾਦ ਦੇ ਆਦਰਸ਼ਾਂ ਅਤੇ ਨਿਸ਼ਾਨਿਆਂ’ ਨੂੰ ਜਾਣਨ ਦੇ ਨਾਲ-ਨਾਲ ਇਹ ਜਾਣਕਾਰੀ ਦੇਣਾ ਵੀ ਹੈ ਕਿ ਬ੍ਰਾਹਮਣਵਾਦ ਨੇ ਜਿਸ ਵਿਚਾਰਧਾਰਕ ਧੁੰਦ ਦੀ ਦਲਦਲ ਵਿਚ ਹਿੰਦੂ ਸਮਾਜ ਨੂੰ ਲਿਜਾ ਸੁਟਿਆ ਹੈ, ਉਸ ਦਲਦਲ ਵਿਚੋਂ ਬਾਹਰ ਨਿਕਲਣਾ ਭਾਰਤੀ ਸਭਿਅਤਾ ਦੀ ਹੋਂਦ ਦੇ ਬਚੇ ਰਹਿਣ ਲਈ ਕਿੰਨਾ ਜਰੂਰੀ ਹੈ। ਅੱਜ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਰਕਾਰ ਵਲੋਂ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਂ ‘ਤੇ ਵੰਡਣ ਲਈ ਅਪਨਾਈਆਂ ਜਾ ਰਹੀਆਂ ਨੀਤੀਆਂ ਨੇ ਡਾ. ਅੰਬੇਡਕਰ ਦੇ ਇਸ ਕਥਨ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਬ੍ਰਾਹਮਣਵਾਦ ਦੇ ਇਸ ਝੂਠ ਦਾ ਵੀ ਪਰਦਾਫਾਸ਼ ਕੀਤਾ ਹੈ ਕਿ ਭਾਰਤੀ ਸਭਿਅਤਾ ਸਨਾਤਨ ਤਥਾ ਤਬਦੀਲੀ ਰਹਿਤ ਹੈ, ਜਦੋਂ ਕਿ ਤਬਦੀਲੀ ਕੁਦਰਤ ਅਤੇ ਮਨੁੱਖੀ ਸਮਾਜ ਦਾ ਇਕ ਅਟੱਲ ਨਿਯਮ ਹੈ। ਡਾ. ਅੰਬੇਡਕਰ ਨੇ ਵੇਦਾਂ, ਉਪਨਿਸ਼ਦਾਂ ਪੁਰਾਣਾਂ, ਸਿਮਰਤੀਆਂ ਅਤੇ ਹੋਰਨਾਂ ਹਿੰਦੂ ਸ਼ਾਸਤਰਾਂ ਦੇ ਹਵਾਲਿਆਂ ਨਾਲ ਇਹ ਸਿੱਧ ਕੀਤਾ ਹੈ ਕਿ ਭਾਰਤੀ ਸਭਿਅਤਾ ਨਿਰੰਤਰ ਬਦਲਦੀ ਆ ਰਹੀ ਹੈ ਤੇ ਅਨੇਕ ਵਾਰ ਇਸ ਵਿਚ ਮਨੁੱਖਤਾ ਪੱਖੀ ਅਤੇ ਅਗਾਂਹਵਧੂ ਬੜੀਆਂ ਤਬਦੀਲੀਆਂ ਹੋਈਆਂ ਹਨ।
ਡਾ. ਅੰਬੇਡਕਰ ਦੀ ਖੋਜ ਦਾ ਅਸਲੀ ਮੰਤਵ ਇਸ ਸੰਸਾਰ ਵਿਚ ਹਰ ਕਿਸਮ ਦੀ ਬਰਾਬਰੀ ਅਤੇ ਆਤਮਕ ਆਜ਼ਾਦੀ ਦੇ ਆਧਾਰ ‘ਤੇ ਨਵੇਂ ਸਿਰਿਓਂ ਇਕ ਜਮਹੂਰੀ ਮਨੁੱਖੀ ਭਾਈਚਾਰਾ ਸਿਰਜਣਾ ਹੈ। ਮਨੁੱਖੀ ਭਾਈਚਾਰੇ (ਸਮਾਜ) ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਲਈ ਦੋ ਮੁਢਲੀਆਂ ਲੋੜਾਂ ਹਨ। ਪਹਿਲੀ, ਮਨੁੱਖਤਾ ਪੱਖੀ ਸਿਧਾਂਤ (ਫਿਲਾਸਫੀ) ਭਾਵ ਵਿਚਾਰਧਾਰਾ ਅਤੇ ਦੂਜੀ, ਮਨੁੱਖਤਾ ਪੱਖੀ ਰਾਜਨੀਤੀ। ਮਨੁੱਖਤਾ ਪੱਖੀ ਸਿਧਾਂਤ ਵਿਕਸਿਤ ਕਰਨ ਲਈ ਉਨ੍ਹਾਂ ਨੇ ਮਨੁੱਖ ਜਾਤੀ ਦੇ ਆਦਿ ਗ੍ਰੰਥ ਵੇਦਾਂ ਤੋਂ ਲੈ ਕੇ ਮਾਰਕਸਵਾਦ ਸਮੇਤ ਹੁਣ ਤਕ ਵਿਕਸਿਤ ਹੋਈਆਂ ਸਾਰੀਆਂ ਫਿਲਾਸਫੀਆਂ ਦੀ ਪੁਣਛਾਣ ਕੀਤੀ ਹੈ ਅਤੇ ਮਨੁੱਖਤਾ ਪੱਖੀ ਰਾਜਨੀਤੀ ਵਿਕਸਿਤ ਕਰਨ ਲਈ ਉਨ੍ਹਾਂ ਨੇ ਅਜੋਕੇ ਸੰਸਾਰ ਵਿਚ ਰਾਜ (ਸਰਕਾਰ) ਦੇ ਸਭ ਤੋਂ ਵੱਧ ਪ੍ਰਚਲਿਤ ਰੂਪ ਜਮਹੂਰੀਅਤ ਦੀ ਧਾਰਨਾ ਨੂੰ ਆਪਣੀ ਵਿਕਸਿਤ ਕੀਤੀ ਮੌਲਿਕ ਫਿਲਾਸਫੀ ਦੀ ਸਾਣ ‘ਤੇ ਲਾ ਕੇ ਹੋਰ ਵੱਧ ਸਪਸ਼ਟ ਕੀਤਾ ਹੈ।
ਡਾ. ਅੰਬੇਡਕਰ ਸਾਹਮਣੇ ਮੁਖ ਸੁਆਲ ਇਹ ਸੀ ਕਿ ਜਾਤ-ਪਾਤ ਦੀ ਵੰਡ ਨਾਲ ਭ੍ਰਿਸ਼ਟੇ ਹੋਏ ਭਾਰਤੀ ਸਮਾਜ ਵਿਚ ਕਿਰਤੀਆਂ ਨੂੰ ਇਕੱਠਿਆਂ ਕਿਵੇਂ ਕੀਤਾ ਜਾਵੇ? ਭਾਰਤ ਵਿਚ ਸਮਾਜਵਾਦੀ ਸਮਾਜ ਦੀ ਸਿਰਜਣਾ ਲਈ ਕਿਰਤੀ ਜਮਾਤ ਦੀ ਏਕਤਾ ਕਿਵੇਂ ਹਾਸਲ ਕੀਤੀ ਜਾਵੇ? ਉਨ੍ਹਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੀ ਵਸੀਹ ਏਕਤਾ ਹਾਸਲ ਕਰਨ ਦਾ ਅਸਲ ਰਾਹ ਇਹੀ ਹੈ ਕਿ ਸਾਮਾਜਕ ਭੇਦਭਾਵ ਕਰਨ ਵਾਲੇ ਮਜ਼ਦੂਰਾਂ ਨੂੰ ਸਮਝਾਇਆ ਜਾਵੇ ਕਿ ਇਸ ਭੇਦ-ਭਾਵ ਨਾਲ ਇਕ ਭਾਈਚਾਰਾ ਨਹੀਂ ਬਣ ਸਕਦਾ ਅਤੇ ਇਸ ਨਾਲ ਅਨਿਆਈਂ ਪੱਖਪਾਤ ਪੈਦਾ ਹੁੰਦੇ ਹਨ, ਜੋ ਅਸੂਲੀ ਤੌਰ ‘ਤੇ ਗਲਤ ਅਤੇ ਕਿਰਤੀਆਂ ਦੀ ਵਸੀਹ ਏਕਤਾ ਲਈ ਹਾਨੀਕਾਰਕ ਹਨ। ਜੇ ਮਜ਼ਦੂਰ ਜਮਾਤ ਨੂੰ ਇਕੱਠਾ ਕਰਨਾ ਹੈ ਤਾਂ ਮਜ਼ਦੂਰਾਂ ਵਿਚੋਂ ਊਚ-ਨੀਚ ਦੀ ਭਾਵਨਾ ਭਾਵ ਬ੍ਰਾਹਮਣਵਾਦੀ ਸੋਚ ਨੂੰ ਜੜ੍ਹੋਂ ਪੁਟਣਾ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਦਲਿਤ ਵਰਗ ਹੁਣ ਤਕ ਮੁਖ ਤੌਰ ‘ਤੇ ਸਮਾਜੀ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਹੀ ਲੜਦੇ ਆ ਰਹੇ ਹਨ। ਉਨ੍ਹਾਂ ਨੇ ਅਜੇ ਆਰਥਕ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਕੰਮ ਆਪਣੇ ਹੱਥ ਵਿਚ ਨਹੀਂ ਲਿਆ। ਇਹ ਪਹਿਲੀ ਵਾਰ ਹੈ ਕਿ ਉਹ ਆਪਣੀਆਂ ਆਰਥਕ ਮੁਸ਼ਕਿਲਾਂ ਨੂੰ ਵਿਚਾਰਨ ਲਈ ਇਕੱਠੇ ਹੋ ਰਹੇ ਹਨ।
ਬਾਬਾ ਸਾਹਿਬ ਦਾ ਕਥਨ ਹੈ, “ਮੇਰੇ ਖਿਆਲ ਵਿਚ ਮਜ਼ਦੂਰ ਜਮਾਤ ਦੇ ਦੋ ਦੁਸ਼ਮਣ ਹਨ-ਬ੍ਰਾਹਮਣਵਾਦ ਅਤੇ ਪੂੰਜੀਵਾਦ। ਮੇਰੇ ਆਲੋਚਕ ਮੇਰੇ ਇਸ ਖਿਆਲ ਦੀ ਨੁਕਤਾਚੀਨੀ ਕਰਦੇ ਹਨ। ਉਹ ਇਹ ਨਹੀਂ ਮੰਨਦੇ ਕਿ ਬ੍ਰਾਹਮਣਵਾਦ ਵੀ ਇਕ ਅਜਿਹਾ ਦੁਸ਼ਮਣ ਹੈ, ਜਿਸ ਨਾਲ ਕਿਰਤੀਆਂ ਨੂੰ ਲੜਨਾ ਪੈਣਾ ਹੈ। ਜਦੋਂ ਮੈਂ ਕਹਿੰਦਾ ਹਾਂ ਕਿ ਕਿਰਤੀਆਂ ਨੂੰ ਬ੍ਰਾਹਮਣਵਾਦ ਨਾਲ ਵੀ ਲੜਨਾ ਪੈਣਾ ਹੈ ਤਾਂ ਮੈਨੂੰ ਗਲਤ ਨਹੀਂ ਸਮਝਿਆ ਜਾਣਾ ਚਾਹੀਦਾ। ਬ੍ਰਾਹਮਣਵਾਦ ਤੋਂ ਮੇਰਾ ਭਾਵ ਉਨ੍ਹਾਂ ਹੱਕਾਂ, ਸਹੂਲਤਾਂ ਅਤੇ ਹਿਤਾਂ ਤੋਂ ਨਹੀਂ, ਜੋ ਬ੍ਰਾਹਮਣਾਂ ਨੂੰ ਬਤੌਰ ਇਕ ਫਿਰਕੇ ਦੇ ਪ੍ਰਾਪਤ ਹਨ। ਮੈਂ ਬ੍ਰਾਹਮਣਵਾਦ ਸ਼ਬਦ ਨੂੰ ਇਨ੍ਹਾਂ ਅਰਥਾਂ ਵਿਚ ਨਹੀਂ ਵਰਤ ਰਿਹਾ। ਬ੍ਰਾਹਮਣਵਾਦ ਤੋਂ ਮੇਰਾ ਭਾਵ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਦੀ ਅਣਹੋਂਦ ਹੈ। ਇਨ੍ਹਾਂ ਅਰਥਾਂ ਵਿਚ ਇਹ ਸਾਰੀਆਂ ਜਮਾਤਾਂ ਵਿਚ ਮੌਜੂਦ ਹੈ ਅਤੇ ਇਕੱਲੇ ਬ੍ਰਾਹਮਣਾਂ ਤਕ ਸੀਮਤ ਨਹੀਂ ਭਾਵੇਂ ਕਿ ਬ੍ਰਾਹਮਣ ਇਸ ਦੇ ਮੋਢੀ ਹਨ।
ਬ੍ਰਾਹਮਣਵਾਦੀ ਸੋਚ ਏਨੀ ਸਰਵਵਿਆਪਕ ਹੈ ਕਿ ਇਹ ਆਰਥਕ ਖੇਤਰਾਂ ਵਿਚ ਵੀ ਮਾਰ ਕਰਦੀ ਹੈ। ਸਾਡੀ ਆਲੋਚਨਾ ਕਰ ਰਹੇ ਮਜ਼ਦੂਰ (ਕਮਿਊਨਿਸਟ) ਆਗੂ ਅਨੇਕ ਭੁਲੇਖਿਆਂ ਦਾ ਸ਼ਿਕਾਰ ਹਨ। ਉਨ੍ਹਾਂ ਨੇ ਇਹ ਪੜ੍ਹ ਰੱਖਿਆ ਹੈ ਕਿ ਕਾਰਲ ਮਾਰਕਸ ਅਨੁਸਾਰ ਦੋ ਹੀ ਵਰਗ ਹੋ ਸਕਦੇ ਹਨ-ਇਕ ਮਾਲਕ ਅਤੇ ਦੂਜਾ ਮਜ਼ਦੂਰ। ਉਹ ਇਸ ਕਥਨ ਨੂੰ ਭਾਰਤ ‘ਤੇ ਲਾਗੂ ਕਰਦੇ ਸਿੱਧੇ ਹੀ ਕਹਿੰਦੇ ਹਨ ਕਿ ਇਥੇ ਵੀ ਮਾਲਕ ਅਤੇ ਮਜ਼ਦੂਰ-ਦੋ ਹੀ ਵਰਗ ਹਨ ਤੇ ਇਸ ਲਈ ਉਹ ਪੂੰਜੀਵਾਦ ਦੇ ਖਾਤਮੇ ਲਈ ਕੰਮ ਕਰਦੇ ਹਨ। ਮਾਰਕਸ ਨੇ ਸਿਧਾਂਤਕ ਰੂਪ ਵਿਚ ਇਹ ਕਦੇ ਨਹੀਂ ਕਿਹਾ ਕਿ ਮਾਲਕ ਅਤੇ ਮਜ਼ਦੂਰ ਸਿਰਫ ਦੋ ਹੀ ਵਰਗ ਹਨ। ਅਜਿਹਾ ਕਹਿਣਾ ਸੱਚਾਈ ਤੋਂ ਕੋਹਾਂ ਦੂਰ ਹੈ।
ਆਪਣਾ ਪ੍ਰਚਾਰ ਅਜਿਹੀ ਬੁਨਿਆਦ ‘ਤੇ ਉਸਾਰਨਾ ਖਤਰਨਾਕ ਹੈ। ਇਸ ਵਿਚ ਸਫਲਤਾ ਵੀ ਨਹੀਂ ਹੋਵੇਗੀ। ਭਾਰਤ ਦੇ ਮਸਲੇ ਵਿਚ ਇਹ ਲਾਜ਼ਮੀ ਅਸਫਲ ਹੋਵੇਗਾ। ਇਕ ਹੀ ਜਮਾਤ ਦੇ ਸਭ ਮਜ਼ਦੂਰ ਇਕੱਠੇ ਹੋਣ, ਇਹ ਟੀਚਾ ਤਾਂ ਅਜੇ ਹਾਸਲ ਕਰਨਾ ਹੈ। ਟੀਚੇ ਨੂੰ ਹੀ ਹਕੀਕਤ ਮੰਨ ਲੈਣਾ ਵੱਡੀ ਭੁੱਲ ਹੋਵੇਗੀ। ਮਜ਼ਦੂਰਾਂ ਦੀ ਏਕਤਾ ਓਨਾ ਚਿਰ ਨਹੀਂ ਹੋ ਸਕਦੀ, ਜਿੰਨਾ ਚਿਰ ਮਜ਼ਦੂਰਾਂ ਦਾ ਹੀ ਇਕ ਹਿੱਸਾ ਦੂਜੇ ਹਿੱਸੇ ਨੂੰ (ਜਾਤ-ਪਾਤ ਦੇ ਤੌਰ ‘ਤੇ) ਦਬਾਉਂਦਾ ਰਹੇਗਾ। ਨਾ ਹੀ ਇਹ ਏਕਤਾ ਉਸ ਅੰਦੋਲਨ ਨੂੰ ਰੋਕਣ ਨਾਲ ਹੋ ਸਕਦੀ ਹੈ, ਜੋ ਕਿਰਤੀ ਜਮਾਤ ਦਾ ਪੀੜਤ ਵਰਗ ਆਪਣੇ ਨਾਲ ਹੋ ਰਹੇ (ਜਾਤ-ਪਾਤ) ਅਨਿਆਂ ਦੇ ਵਿਰੁਧ ਕਰਦਾ ਹੈ। ਮਜ਼ਦੂਰਾਂ ਵਿਚ ਏਕਤਾ ਲਿਆਉਣ ਦਾ ਸਹੀ ਰਾਹ ਇਹੀ ਹੈ ਕਿ ਉਨ੍ਹਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ, ਜੋ ਇਕ ਮਜ਼ਦੂਰ ਨੂੰ ਜਾਤ ਅਤੇ ਧਰਮ ਦੇ ਆਧਾਰ ‘ਤੇ ਦੂਜੇ ਮਜਦੂਰ ਤੋਂ ਵਖ ਕਰਦੇ ਹਨ। ਉਨ੍ਹਾਂ ਵਿਚ ਏਕਤਾ ਲਿਆਉਣ ਦਾ ਸਹੀ ਰਾਹ ਇਹੀ ਹੈ ਕਿ (ਉਚ-ਜਾਤੀ) ਮਜ਼ਦੂਰਾਂ ਨੂੰ ਸਮਝਾਇਆ ਜਾਵੇ ਕਿ ਉਹ ਉਨ੍ਹਾਂ ਹੱਕਾਂ ਦੀ ਮੰਗ ਨਹੀਂ ਕਰ ਸਕਦੇ, ਜੋ ਉਹ ਦੂਜਿਆਂ ਨੂੰ ਦੇਣ ਲਈ ਤਿਆਰ ਨਹੀਂ ਹਨ। ਉਨ੍ਹਾਂ ਵਿਚ ਏਕਤਾ ਲਿਆਉਣ ਦਾ ਸਹੀ ਢੰਗ ਇਹ ਹੈ ਕਿ (ਉਚ-ਜਾਤੀ) ਮਜ਼ਦੂਰਾਂ ਨੂੰ ਦਸਿਆ ਜਾਵੇ ਕਿ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਸਮਾਜਕ ਭੇਦ-ਭਾਵ, ਜੋ ਅਨਿਆਈਂ ਪੱਖਪਾਤ ਨੂੰ ਜਨਮ ਦਿੰਦੇ ਹਨ, ਅਸੂਲੀ ਤੌਰ ‘ਤੇ ਗਲਤ ਹਨ ਅਤੇ ਕਿਰਤੀਆਂ ਦੀ ਏਕਤਾ ਲਈ ਹਾਨੀਕਾਰਕ ਹਨ। ਦੂਜੇ ਸ਼ਬਦਾਂ ਵਿਚ ਸਾਨੂੰ ਮਜ਼ਦੂਰਾਂ ਵਿਚੋਂ ਬ੍ਰਾਹਮਣਵਾਦੀ ਸੋਚ ਨੂੰ ਜੜ੍ਹੋਂ ਪੁਟ ਕੇ ਸੁਟ ਦੇਣਾ ਚਾਹੀਦਾ ਹੈ। ਕਿਉਂਕਿ ਇਹੀ ਸੋਚ ਉਨ੍ਹਾਂ ਵਿਚ ਊਚ-ਨੀਚ ਦੀ ਭਾਵਨਾ ਪੈਦਾ ਕਰਦੀ ਹੈ।”
ਡਾ. ਅੰਬੇਡਕਰ ਵਲੋਂ ਭਾਰਤੀ ਫਿਲਾਸਫੀ ਦੀ ਕੀਤੀ ਗਈ ਖੋਜ ਅਨੁਸਾਰ ਵੈਦਿਕ ਫਿਲਾਸਫੀ ਦੀਆਂ ਤਿੰਨ ਮੁੱਖ ਧਾਰਾਵਾਂ ਹਨ-ਬ੍ਰਹਮਵਾਦ, ਵੇਦਾਂਤ ਅਤੇ ਬ੍ਰਾਹਮਣਵਾਦ। ਬ੍ਰਹਮਵਾਦ ਦੇ ਤੱਤ ਨੂੰ ਇਕ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ, ਪਰ ਇਸ ਦੀ ਵਿਆਖਿਆ ਤਿੰਨ ਤਰ੍ਹਾਂ ਹੋ ਸਕਦੀ ਹੈ: 1. ਸਾਡੇ ਆਲੇ-ਦੁਆਲੇ ਦਿਸ ਰਿਹਾ ਅਸੀਮ ਪਸਾਰਾ ਬ੍ਰਹਮ ਹੈ। 2. ਮੈਂ ਬ੍ਰਹਮ ਹਾਂ। ਆਤਮਾ ਵੀ ਓਹੀ ਹੈ, ਜੋ ਬ੍ਰਹਮ ਹੈ, ਇਸ ਲਈ ਮੈਂ ਵੀ ਬ੍ਰਹਮ ਹਾਂ। 3. ਕਿਉਂਕਿ ਆਤਮਾ ਹੀ ਬ੍ਰਹਮ ਹੈ, ਇਸ ਲਈ ਤੂੰ ਵੀ ਬ੍ਰਹਮ ਹੈ, ਭਾਵ ਸਾਰੇ ਜੀਵਾਂ ਵਿਚ (ਬ੍ਰਹਮ ਅਤੇ ਆਤਮਾ) ਤਤ ਦੀ ਏਕਤਾ ਹੈ। ਇਨ੍ਹਾਂ ਸੂਤਰਾਂ ਨੂੰ ਮਹਾਂਵਾਕ ਕਿਹਾ ਜਾਂਦਾ ਹੈ। ਇਹ ਬ੍ਰਹਮਵਾਦ ਦਾ ਤਤ ਨਿਚੋੜ ਹਨ।
ਵੇਦਾਂਤ ਦੀਆਂ ਸਿੱਖਿਆਵਾਂ ਦਾ ਤਤ ਨਿਚੋੜ ਹੇਠ ਲਿਖੀਆਂ ਧਾਰਨਾਵਾਂ ਵਿਚ ਪ੍ਰਗਟ ਕੀਤਾ ਗਿਆ ਹੈ: 1. ਸਿਰਫ ਬ੍ਰਹਮ ਸੱਚ ਹੈ। 2. ਸੰਸਾਰ ਮਾਇਆ ਹੈ। 3. ਜੀਵ ਅਤੇ ਬ੍ਰਹਮ (A) ਇਕ ਸੋਚ ਅਨੁਸਾਰ ਇਕੋ ਹਨ, (ਅ) ਦੂਜੀ ਸੋਚ ਅਨੁਸਾਰ ਇਕੋ ਨਹੀਂ ਸਗੋਂ ਉਸ ਦਾ ਤਤ ਹਨ, ਪਰ ਉਸ ਤੋਂ ਵੱਖਰੇ ਨਹੀਂ ਹਨ ਅਤੇ (e) ਤੀਜੀ ਸੋਚ ਅਨੁਸਾਰ ਇਹ ਵੱਖਰੇ ਤੇ ਇਕ-ਦੂਜੇ ਤੋਂ ਨਿਵੇਕਲੇ ਹਨ।
ਬ੍ਰਾਹਮਣਵਾਦ ਦੇ ਸਿਧਾਂਤ ਨੂੰ ਹੇਠ ਲਿਖੀ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ: 1. ਚਾਰ ਵਰਣਾਂ ਵਿਚ ਯਕੀਨ। 2. ਵੇਦਾਂ ਦੀ ਪਵਿਤਰਤਾ ਅਤੇ ਉਨ੍ਹਾਂ ਦੇ ਅਨਾਦੀ ਹੋਣ ਵਿਚ ਯਕੀਨ। 3. ਮਨੁੱਖੀ ਮੁਕਤੀ ਦਾ ਇਕੋ ਇਕ ਸਾਧਨ ਦੇਵਤਿਆਂ ਨੂੰ ਬਲੀ ਦੇਣੀ।
ਬ੍ਰਹਮਵਾਦ ਅਤੇ ਵੇਦਾਂਤ-ਦੋਵੇਂ ਇਹ ਮੰਨਦੇ ਹਨ ਕਿ ਆਤਮਾ ਵੀ ਓਹੀ ਹੈ, ਜੋ ਬ੍ਰਹਮ ਹੈ, ਪਰ ਦੋਹਾਂ ਵਿਚਾਲੇ ਨਿਖੇੜਾ ਇਹ ਹੈ ਕਿ ਬ੍ਰਹਮਵਾਦ ਸੰਸਾਰ ਨੂੰ ਸੱਚਾਈ ਮੰਨਦਾ ਹੈ, ਜਦੋਂ ਕਿ ਵੇਦਾਂਤ ਸੰਸਾਰ ਨੂੰ ਮਾਇਆ (ਛਲਾਵਾ) ਕਹਿੰਦਾ ਹੈ। ਦੋਹਾਂ ਵਿਚਾਲੇ ਇਹੀ ਬੁਨਿਆਦੀ ਨਿਖੇੜਾ ਹੈ। ਇਹੀ ਮਾਰਕਸ ਦਾ ਭੌਤਿਕਵਾਦ (ਪਦਾਰਥਵਾਦ) ਹੈ। ਫਰਕ ਸਿਰਫ ਏਨਾ ਹੈ ਕਿ ਮਾਰਕਸ ਨੇ ਬ੍ਰਹਮ ਸ਼ਬਦ ਦੀ ਥਾਂ ਨੇਚਰ (ਕੁਦਰਤ) ਸ਼ਬਦ ਵਰਤਿਆ ਹੈ। ਮਾਰਕਸਵਾਦੀ ਗਿਆਨ ਅਨੁਸਾਰ ਸਾਡੇ ਆਲੇ-ਦੁਆਲੇ ਪਸਰੀ ਅੰਤਹੀਣ ਕੁਦਰਤ ਇਕ ਜੀਵੰਤ ਆਤਮਾ ਹੈ। ਮਨੁੱਖ ਇਸ ਕੁਦਰਤ ਦਾ ਹੀ ਇਕ ਅਟੁੱਟ ਅੰਗ ਹੈ। ਕੁਦਰਤ ਦਾ ਅਟੁੱਟ ਅੰਗ ਹੋਣ ਕਰਕੇ ਹੀ ਮਨੁੱਖ ਕੁਦਰਤ ਦੀ ਜੀਵੰਤ ਹੋਂਦ ਨੂੰ ਪ੍ਰਗਟ ਕਰਦਾ ਹੈ।
ਡਾ. ਅੰਬੇਡਕਰ ਦੇ ਕਥਨ ਅਨੁਸਾਰ, “ਜਮਹੂਰੀ ਤੌਰ ‘ਤੇ ਜਥੇਬੰਦ ਹੋਏ ਇਕ ਚੰਗੇ ਸਮਾਜ ਲਈ ਦੋ ਜਰੂਰੀ ਸ਼ਰਤਾਂ ਹਨ: ਪਹਿਲੀ, ਸਮਾਜ ਵਿਚੋਂ ਹਰ ਤਰ੍ਹਾਂ ਦੀ ਜਾਤੀ ਤੇ ਜਮਾਤੀ ਵੰਡ ਦਾ ਖਾਤਮਾ ਅਤੇ ਦੂਜੀ, ਵਿਅਕਤੀ ਤੇ ਸਮੂਹ ਦਾ ਸਮਾਜੀ ਵਿਹਾਰ (ਸੁਭਾਅ), ਜੋ ਨਿਰੰਤਰ ਇਕ-ਦੂਜੇ ਦੇ ਹਿਤਾਂ ਨੂੰ ਪਹਿਲ ਦੇਣ ਲਈ ਤਿਆਰ ਰਹੇ। ਕਿਸੇ ਜਮਹੂਰੀ ਸਮਾਜ ਲਈ ਪਹਿਲੀ ਸ਼ਰਤ ਸਭ ਤੋਂ ਵਧ ਜਰੂਰੀ ਹੈ, ਪਰ ਦੂਜੀ ਸ਼ਰਤ ਵੀ ਘਟ ਜਰੂਰੀ ਨਹੀਂ। ਕਿਉਂਕਿ ਇਕ-ਦੂਜੇ ਦੇ ਹਿਤਾਂ ਦੀ ਅਣਦੇਖੀ ਕਰਨ ਨਾਲ ਜਮਹੂਰੀਅਤ ਵਿਰੋਧੀ ਸਿਟੇ ਨਿਕਲਦੇ ਹਨ, ਜੋ ਜਮਹੂਰੀਅਤ ਨੂੰ ਬੇਜਾਨ ਤੇ ਅਰਥਹੀਣ ਬਣਾ ਦਿੰਦੇ ਹਨ। ਬੇਸ਼ਕ ਜਮਹੂਰੀਅਤ ਦੀਆਂ ਉਕਤ ਦੋ ਧਾਰਨਾਵਾਂ ਵਿਚੋਂ ਜੇ ਪਹਿਲੀ ਧਾਰਨਾ ਗਲਤ ਨਹੀਂ ਤਾਂ ਸਤਹੀ ਜਰੂਰ ਹੈ। ਜਿੰਨਾ ਚਿਰ ਸਮਾਜ ਆਪਣੇ ਰੂਪ ਅਤੇ ਤਤ-ਦੋਹਾਂ ਪਖਾਂ ਤੋਂ ਜਮਹੂਰੀ ਨਹੀਂ, ਓਨਾ ਚਿਰ ਜਮਹੂਰੀ ਸਰਕਾਰ ਕਾਇਮ ਨਹੀਂ ਹੋ ਸਕਦੀ। ਜੋ ਲੋਕ ਜਮਹੂਰੀਅਤ ਨੂੰ ਸਿਰਫ ਚੋਣਾਂ ਤਕ ਸੀਮਤ ਕਰਦੇ ਹਨ, ਉਹ ਤਿੰਨ ਗਲਤੀਆਂ ਕਰਦੇ ਹਨ।
ਉਨ੍ਹਾਂ ਦੀ ਪਹਿਲੀ ਗਲਤੀ ਸਰਕਾਰ ਅਤੇ ਸਮਾਜ ਨੂੰ ਇਕ ਦੂਜੇ ਤੋਂ ਤੋੜ ਕੇ ਵੇਖਣਾ ਹੈ। ਸੱਚ ਤਾਂ ਇਹ ਹੈ ਕਿ ਸਰਕਾਰ ਸਮਾਜ ਤੋਂ ਕੋਈ ਵੱਖਰੀ ਤੇ ਨਿਵੇਕਲੀ ਸ਼ੈਅ ਨਹੀਂ। ਸਰਕਾਰ ਉਨ੍ਹਾਂ ਅਨੇਕ ਸੰਸਥਾਵਾਂ ਵਿਚੋਂ ਇਕ ਹੈ, ਜੋ ਸਮੂਹਕ ਸਮਾਜੀ ਜ਼ਿੰਦਗੀ ਨੂੰ ਚਲਾਉਣ ਲਈ ਸਮਾਜ ਕਾਇਮ ਕਰਦਾ ਹੈ। ਸਰਕਾਰ ਇਕ ਸਮਾਜੀ ਅਦਾਰਾ ਹੈ, ਨਾ ਕਿ ਸਮਾਜ ਤੋਂ ਉਪਰ ਹੋਂਦ ਰੱਖਦੀ ਕੋਈ ਸੰਸਥਾ।
ਦੂਜੀ ਗਲਤੀ ਉਹ ਇਹ ਨਾ ਸਮਝਣ ਦੀ ਕਰਦੇ ਹਨ ਕਿ ਸਰਕਾਰ ਸਮੁੱਚੇ ਸਮਾਜ ਦੀਆਂ ਇਛਾਵਾਂ, ਨਿਸ਼ਾਨਿਆਂ, ਮੰਤਵਾਂ ਅਤੇ ਲੋੜਾਂ ਦੀ ਪੂਰਤੀ ਕਰਨ ਦਾ ਇਕ ਸਾਧਨ ਮਾਤਰ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਸਮਾਜ, ਜਿਸ ਦੀ ਸਰਕਾਰ ਪ੍ਰਤੀਨਿਧਤਾ ਕਰ ਰਹੀ ਹੈ, ਜਮਹੂਰੀ ਹੋਵੇ। ਜੇ ਸਮਾਜ ਜਮਹੂਰੀ ਨਹੀਂ ਤਾਂ ਸਰਕਾਰ ਕਦੀ ਵੀ ਜਮਹੂਰੀ ਨਹੀਂ ਹੋ ਸਕਦੀ। ਜਿਥੇ ਸਮਾਜ ਦੋ ਜਮਾਤਾਂ ਵਿਚ ਵੰਡਿਆ ਹੋਇਆ ਹੈ-ਇਕ ਰਾਜ ਕਰਨ ਵਾਲੀ ਜਮਾਤ ਅਤੇ ਦੂਜੀ ਜਿਨ੍ਹਾਂ ਉਤੇ ਰਾਜ ਕੀਤਾ ਜਾ ਰਿਹਾ ਹੈ ਤਾਂ ਯਕੀਨਨ ਹੀ ਉਥੇ ਸਰਕਾਰ ਰਾਜ ਕਰ ਰਹੀ ਜਮਾਤ ਦੀ ਹੋਵੇਗੀ। ਉਹ ਸਮੂਹ ਲੋਕਾਂ ਦੀ ਪ੍ਰਤੀਨਿਧਤਾ ਨਹੀਂ ਕਰੇਗੀ।
ਤੀਜੀ ਗਲਤੀ ਉਹ ਇਹ ਭੁੱਲ ਜਾਣ ਦੀ ਕਰਦੇ ਹਨ ਕਿ ਸਰਕਾਰ ਚੰਗੀ ਹੋਵੇ ਜਾਂ ਮਾੜੀ, ਜਮਹੂਰੀ ਹੋਵੇ ਜਾਂ ਗੈਰਜਮਹੂਰੀ, ਇਹ ਸਾਰਾ ਕੁਝ ਸਰਕਾਰ ਚਲਾਉਣ ਵਾਲੀਆ ਸੰਸਥਾਵਾਂ ‘ਤੇ ਨਿਰਭਰ ਕਰਦਾ ਹੈ, ਜੋ ਕਾਨੂੰਨ ਨੂੰ ਲਾਗੂ ਕਰਦੀਆਂ ਹਨ। ਇਹ ਸੰਸਥਾਵਾਂ ਚਲਾਉਣ ਵਾਲੇ ਲੋਕ ਕਿਸੇ ਖਾਸ ਸਮਾਜੀ ਮਾਹੌਲ ਦੀ ਪੈਦਾਵਾਰ ਹੁੰਦੇ ਹਨ। ਜੇ ਸਮਾਜੀ ਮਾਹੌਲ ਗੈਰਜਮਹੂਰੀ ਹੋਵੇ ਤਾਂ ਸਰਕਾਰ ਜਰੂਰ ਹੀ ਗੈਰਜਮਹੂਰੀ ਹੋਵੇਗੀ। ਇਸ ਵਿਚਾਰ ਦੇ ਧਾਰਨੀ ਲੋਕ ਇਕ ਹੋਰ ਗਲਤੀ ਇਹ ਵੀ ਕਰਦੇ ਹਨ ਕਿ ਉਹ ਸਮਝਦੇ ਹਨ, ਜਮਹੂਰੀਅਤ ਦੇ ਕੰਮ ਕਰਨ ਲਈ ਸਿਰਫ ਸਰਕਾਰ ਦਾ ਜਮਹੂਰੀ ਰੂਪ ਹੀ ਕਾਫੀ ਹੈ। ਇਸ ਗਲਤੀ ਦਾ ਅਹਿਸਾਸ ਕਰਨ ਲਈ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਚੰਗੀ ਸਰਕਾਰ ਤੋਂ ਕੀ ਭਾਵ ਹੈ?
ਚੰਗੀ ਸਰਕਾਰ ਦਾ ਮਤਲਬ ਹੈ, ਚੰਗੇ ਭਾਵ ਮਨੁੱਖ ਪੱਖੀ ਕਾਨੂੰਨ ਅਤੇ ਚੰਗਾ ਭਾਵ ਮਨੁੱਖ ਪੱਖੀ ਪ੍ਰਬੰਧਕੀ ਢਾਂਚਾ। ਇਹ ਚੰਗੀ ਸਰਕਾਰ ਦਾ ਤਤਸਾਰ ਹੈ। ਇਸ ਤੋਂ ਬਿਨਾ ਕੋਈ ਵੀ ਸਰਕਾਰ ਚੰਗੀ ਨਹੀਂ ਹੋ ਸਕਦੀ। ਉਹ ਸਰਕਾਰ ਕਦੇ ਵੀ ਚੰਗੀ ਨਹੀਂ ਹੋ ਸਕਦੀ, ਜੇ ਹੁਕਮਰਾਨ ਜਮਾਤ ਸਾਰੇ ਲੋਕਾਂ ਅਤੇ ਖਾਸਕਰ ਗਰੀਬ ਅਤੇ ਪੱਛੜੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਥਾਂ ਆਪਣੀ ਜਮਾਤ ਦੇ ਭਲੇ ਲਈ ਕੰਮ ਕਰੀ ਜਾਏ। ਸਰਕਾਰ ਦਾ ਜਮਹੂਰੀ ਰੂਪ ਜਰੂਰ ਹੀ ਚੰਗੇ ਸਿੱਟੇ ਕੱਢੇਗਾ, ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਮਾਜ ਵਿਚ ਰਹਿੰਦੇ ਲੋਕਾਂ ਦਾ ਇਕ-ਦੂਜੇ ਪ੍ਰਤੀ ਵਿਹਾਰ ਕਿਹੋ ਜਿਹਾ ਹੈ। ਜੇ ਹਰੇਕ ਵਿਅਕਤੀ ਦਾ ਇਕ-ਦੂਜੇ ਪ੍ਰਤੀ ਮਾਨਸਿਕ ਵਿਹਾਰ ਜਮਹੂਰੀ ਹੈ ਤਾਂ ਜਮਹੂਰੀ ਰੂਪ ਦੀ ਸਰਕਾਰ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਚੰਗੀ ਸਰਕਾਰ ਹੈ। ਪਰ ਜੇ ਇੰਜ ਨਹੀਂ ਤਾਂ ਜਮਹੂਰੀ ਕਿਸਮ ਦੀ ਸਰਕਾਰ ਵੀ ਇਕ ਖਤਰਨਾਕ ਤਾਨਾਸ਼ਾਹ ਕਿਸਮ ਦੀ ਸਰਕਾਰ ਬਣ ਸਕਦੀ ਹੈ।
ਜੇ ਸਮਾਜ ਵਿਚਲੇ ਲੋਕ ਜਾਤਾਂ ਅਤੇ ਜਮਾਤਾਂ ਵਿਚ ਵੰਡੇ ਹੋਏ ਹਨ ਅਤੇ ਜਾਤਾਂ ਤੇ ਜਮਾਤਾਂ ਇਕ ਦੂਜੇ ਤੋਂ ਵੱਖ-ਵੱਖ ਕਤਾਰਬੰਦੀਆਂ ਵਿਚ ਰਹਿ ਰਹੀਆਂ ਹਨ ਅਤੇ ਹਰ ਵਿਅਕਤੀ ਇਹ ਸਮਝਦਾ ਹੈ ਕਿ ਉਸ ਦੀ ਭਲਾਈ ਸਮੂਹ ਨਾਲ ਜੁੜੇ ਰਹਿਣ ਦੀ ਥਾਂ ਆਪਣੀ ਜਾਤ ਤੇ ਜਮਾਤ ਨਾਲ ਜੁੜੇ ਰਹਿਣ ਵਿਚ ਹੈ ਤਾਂ ਉਥੇ ਜਮਹੂਰੀ ਸਰਕਾਰ ਦੀ ਹੋਂਦ ਕਦੇ ਵੀ ਕਾਇਮ ਨਹੀਂ ਰੱਖੀ ਜਾ ਸਕਦੀ। ਜਿਥੇ ਹਰ ਜਾਤ ਤੇ ਜਮਾਤ ਆਪਣੇ ਜਾਤੀ ਤੇ ਜਮਾਤੀ ਹਿਤਾਂ ਲਈ ਕਾਨੂੰਨ ਦੀ ਭੰਨਤੋੜ ਕਰਦੀ ਹੋਵੇ ਅਤੇ ਆਪਣੀ ਜਾਤੀ ਤੇ ਜਮਾਤੀ ਚੌਧਰ ਦੀ ਵਰਤੋਂ ਨਾਲ ਦੂਜੇ ਲੋਕਾਂ ਨਾਲ ਧੱਕਾ ਕਰਦੀ ਹੋਵੇ, ਉਥੇ ਭਲਾ ਜਮਹੂਰੀ ਸਰਕਾਰ ਕੀ ਕਰ ਸਕਦੀ ਹੈ?
ਇਕ ਸਮਾਜ ਵਿਚ ਜਿਥੇ ਜਮਾਤੀ ਟਕਰਾਅ ਮੌਜੂਦ ਹੋਣ, ਸਮਾਜ ਵਿਰੋਧੀ ਭਾਵਨਾਵਾਂ ਭਾਰੂ ਹੋਣ ਅਤੇ ਚੌਧਰਵਾਦ ਦਾ ਬੋਲਬਾਲਾ ਹੋਵੇ, ਉਥੇ ਸਰਕਾਰ ਸਾਰੇ ਲੋਕਾਂ ਨਾਲ ਕਦੇ ਵੀ ਇਨਸਾਫ ਨਹੀਂ ਕਰ ਸਕਦੀ ਅਤੇ ਨਾ ਹੀ ਸਾਰੇ ਲੋਕਾਂ ਨੂੰ ਚੰਗੀ ਸਰਕਾਰ ਦੇ ਸਕਦੀ ਹੈ। ਇਕ ਅਜਿਹੇ ਸਮਾਜ ਵਿਚ ਸਰਕਾਰ ਭਾਵੇਂ ਰੂਪ ਪੱਖੋਂ ਲੋਕਾਂ ਦੀ ਹੋਵੇ ਅਤੇ ਲੋਕਾਂ ਰਾਹੀਂ ਚੁਣੀ ਹੋਈ ਹੋਵੇ, ਪਰ ਇਹ ਲੋਕਾਂ ਲਈ ਸਰਕਾਰ ਕਦੇ ਨਹੀਂ ਹੋ ਸਕਦੀ। ਇਹ ਇਕ ਜਮਾਤ ਦੀ ਦੂਜੀ ਜਮਾਤ ਲਈ ਸਰਕਾਰ ਹੋਵੇਗੀ। ਇਕ ਸਰਕਾਰ ਸਿਰਫ ਉਥੇ ਹੀ ਲੋਕਾਂ ਦੀ ਸਰਕਾਰ ਹੋ ਸਕਦੀ ਹੈ, ਜਿਥੇ ਹਰ ਵਿਅਕਤੀ ਦਾ ਇਕ-ਦੂਜੇ ਪ੍ਰਤੀ ਵਿਹਾਰ ਜਮਹੂਰੀ ਹੋਵੇ। ਭਾਵ ਹਰ ਵਿਅਕਤੀ ਦੂਜਿਆਂ ਨੂੰ ਵੀ ਆਪਣੇ ਬਰਾਬਰ ਸਮਝੇ ਅਤੇ ਉਨ੍ਹਾਂ ਨੂੰ ਵੀ ਓਹੀ ਆਜ਼ਾਦੀ ਦੇਣ ਲਈ ਮਾਨਸਿਕ ਤੌਰ ‘ਤੇ ਤਿਆਰ ਹੋਵੇ, ਜੋ ਆਜ਼ਾਦੀ ਉਹ ਆਪ ਖੁਦ ਮਾਣਨੀ ਚਾਹੁੰਦਾ ਹੈ। ਇਕ ਜਮਹੂਰੀ ਸਮਾਜ ਵਿਚ ਰਹਿੰਦੇ ਹਰ ਵਿਅਕਤੀ ਦੇ ਆਪਣੇ ਮਨ ਵਿਚ ਸਰਬਤ ਦੇ ਭਲੇ ਦੀ ਸਮਾਜੀ ਭਾਵਨਾ ਭਰਨ ਦੇ ਸਿੱਟੇ ਵਜੋਂ ਹੀ ਮਨ ਦਾ ਇਹ ਜਮਹੂਰੀ ਵਿਹਾਰ ਵਿਕਸਿਤ ਹੁੰਦਾ ਹੈ।
ਇਸ ਲਈ ਇਕ ਜਮਹੂਰੀ ਸਰਕਾਰ ਦੀ ਮੁਢਲੀ ਸ਼ਰਤ ਇਕ ਜਮਹੂਰੀ ਸਮਾਜ ਹੈ, ਜਿਸ ਵਿਚ ਇਕ ਜਮਹੂਰੀ ਸਰਕਾਰ ਕੰਮ ਕਰ ਰਹੀ ਹੈ। ਜੇ ਉਹ ਸਮਾਜ ਜਮਹੂਰੀ ਨਹੀਂ ਤਾਂ ਇਹ ਸਰਕਾਰ ਕਿਸੇ ਵੇਲੇ ਵੀ ਉਲਟਾਈ ਜਾ ਸਕਦੀ ਹੈ ਅਤੇ ਜਮਹੂਰੀਅਤ ਖਤਮ ਕੀਤੀ ਜਾ ਸਕਦੀ ਹੈ। ਬਦਕਿਸਮਤੀ ਨਾਲ ਹੁਣ ਤਕ ਇਹ ਬਹੁਤ ਘਟ ਮਹਿਸੂਸ ਕੀਤਾ ਗਿਆ ਹੈ ਕਿ ਇਕ ਚੰਗੀ ਸਰਕਾਰ ਆਪਣੀ ਲੋਕਾਂ ਦੇ ਮਾਨਸਿਕ ਅਤੇ ਸਦਾਚਾਰਕ ਸੁਭਾਅ ‘ਤੇ ਨਿਰਭਰ ਕਰਦੀ ਹੈ। ਜਮਹੂਰੀਅਤ ਇਕ ਰਾਜਸੀ ਮਸ਼ੀਨ ਨਾਲੋਂ ਕਿਤੇ ਵੱਧ ਹੈ। ਇਹ ਇਕ ਸਮਾਜੀ ਪ੍ਰਬੰਧ ਨਾਲੋਂ ਵੀ ਕਿਤੇ ਵੱਧ ਹੈ। ਜਮਹੂਰੀਅਤ ਮਨੁੱਖੀ ਮਨ ਦਾ ਇਕ ਵਿਹਾਰ ਜਾਂ ਜ਼ਿੰਦਗੀ ਦੀ ਇਕ ਫਿਲਾਸਫੀ ਹੈ। ਇਕ ਸਮਾਜੀ ਫਿਲਾਸਫੀ ਨਾਲ ਘੜੇ ਹੋਏ ਮਨ ਦਾ ਵਿਹਾਰ ਹੀ ਜਮਹੂਰੀਅਤ ਨੂੰ ਯਕੀਨੀ ਬਣਾ ਸਕਦਾ ਹੈ। ਕੁਝ ਲੋਕ ਜਮਹੂਰੀਅਤ ਦੀ ਤੁਲਨਾ ਆਜ਼ਾਦੀ ਅਤੇ ਬਰਾਬਰੀ ਨਾਲ ਕਰਦੇ ਹਨ। ਆਜ਼ਾਦੀ ਅਤੇ ਬਰਾਬਰੀ ਬੇਸ਼ਕ ਜਮਹੂਰੀਅਤ ਦੇ ਗੰਭੀਰ ਮੁੱਦੇ ਹਨ, ਪਰ ਸਭ ਤੋਂ ਅਹਿਮ ਸੁਆਲ ਇਹ ਹੈ ਕਿ ਆਜ਼ਾਦੀ ਅਤੇ ਬਰਾਬਰੀ ਸਦੀਵੀ ਤੌਰ ‘ਤੇ ਕਾਇਮ ਕਿਵੇਂ ਰਹਿਣ?
ਕੁਝ ਲੋਕ ਕਹਿੰਦੇ ਹਨ ਕਿ ਸਰਕਾਰੀ ਕਾਨੂੰਨ ਹੀ ਆਜ਼ਾਦੀ ਅਤੇ ਬਰਾਬਰੀ ਨੂੰ ਕਾਇਮ ਰੱਖ ਸਕਦੇ ਹਨ। ਇਹ ਉਕਤ ਸੁਆਲ ਦਾ ਠੀਕ ਜੁਆਬ ਨਹੀਂ ਹੈ। ਆਜ਼ਾਦੀ ਅਤੇ ਬਰਾਬਰੀ ਨੂੰ ਭਰਾਤਰੀ ਭਾਵਨਾ ਦਾ ਅਹਿਸਾਸ ਹੀ ਕਾਇਮ ਰੱਖ ਸਕਦਾ ਹੈ, ਜਿਸ ਨੂੰ ਫਰਾਂਸੀਸੀ ਇਨਕਲਾਬ ਨੇ ਭਾਈਚਾਰਾ ਕਿਹਾ ਸੀ। ਭਾਵੇਂ ਭਾਈਚਾਰਾ (ਫਰੈਟਰਨਿਟੀ) ਸ਼ਬਦ ਇਸ ਭਾਵਨਾ ਦਾ ਪੂਰਾ ਪ੍ਰਗਟਾਵਾ ਨਹੀਂ ਕਰਦਾ।
ਡਾ. ਅੰਬੇਡਕਰ ਦੇ ਦੱਸਣ ਅਨੁਸਾਰ ਇਸ ਭਾਵਨਾ ਲਈ ਤਥਾਗਤ ਬੁਧ ਦਾ ਸ਼ਬਦ ‘ਮੈਤ੍ਰਯ’ ਵੱਧ ਢੁਕਵਾਂ ਹੈ। ਭਾਈਚਾਰੇ ਦੀ ਭਾਵਨਾ ਤੋਂ ਬਿਨਾ ਆਜ਼ਾਦੀ ਬਰਾਬਰੀ ਨੂੰ ਖਤਮ ਕਰ ਦੇਵੇਗੀ ਅਤੇ ਬਰਾਬਰੀ ਆਜ਼ਾਦੀ ਨੂੰ ਖਤਮ ਕਰ ਦੇਵੇਗੀ। ਜੇ ਜਮਹੂਰੀਅਤ ਵਿਚ ਆਜ਼ਾਦੀ ਬਰਾਬਰੀ ਨੂੰ ਖਤਮ ਨਾ ਕਰੇ ਅਤੇ ਬਰਾਬਰੀ ਆਜ਼ਾਦੀ ਨੂੰ ਖਤਮ ਨਾ ਕਰੇ ਤਾਂ ਇਸ ਦਾ ਮੂਲ ਕਾਰਨ ਇਨ੍ਹਾਂ ਦੋਹਾਂ ਦੀ ਬੁਨਿਆਦ ਵਿਚ ਭਾਈਚਾਰੇ ਦੀ ਭਾਵਨਾ ਦੀ ਮੌਜੂਦਗੀ ਹੈ। ਸਰਵਸਾਂਝੀਵਾਲਤਾ ਦੀ ਸਮਾਜੀ ਭਾਵਨਾ ਹੀ ਜਮਹੂਰੀਅਤ ਦੀ ਜੜ੍ਹ ਹੈ।
ਡਾ. ਅੰਬੇਡਕਰ ਦੇ ਕਥਨ ਅਨੁਸਾਰ ਇਸ ਸਾਰੀ ਚਰਚਾ ਦਾ ਮਕਸਦ ਇਸ ਮੁੱਖ ਸੁਆਲ ਨੂੰ ਉਭਾਰਨਾ ਹੈ ਕਿ ਭਾਈਚਾਰੇ ਦੀਆਂ ਜੜ੍ਹਾਂ ਕਿਥੇ ਹਨ, ਜਿਸ ਤੋਂ ਬਿਨਾ ਜਮਹੂਰੀਅਤ ਸੰਭਵ ਨਹੀਂ ਹੋ ਸਕਦੀ? ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ਕ ਇਸ ਦਾ ਮੁੱਢ ਧਰਮ ਹੈ। ਜਮਹੂਰੀਅਤ ਅਤੇ ਇਸ ਦੀ ਕਾਰਜ ਪ੍ਰਣਾਲੀ ਦੀ ਸਫਲਤਾ ਦੀਆਂ ਸੰਭਾਵਨਾਵਾਂ ਫਰੋਲਦਿਆਂ ਸਾਨੂੰ ਲੋਕਾਂ ਦੇ ਧਰਮ ਵੱਲ ਜਾਣਾ ਚਾਹੀਦਾ ਹੈ ਅਤੇ ਇਹ ਘੋਖਣਾ ਚਾਹੀਦਾ ਹੈ ਕਿ ਕੀ ਧਰਮ ਭਾਈਚਾਰੇ ਦੀ ਭਾਵਨਾ ਭਰਦਾ ਹੈ ਜਾਂ ਨਹੀਂ? ਜੇ ਧਰਮ ਸਰਵਸਾਂਝੀਵਾਲਤਾ ਦੀ ਭਰਾਤਰੀ ਭਾਵਨਾ ਪੈਦਾ ਕਰਦਾ ਹੈ ਤਾਂ ਜਮਹੂਰੀ ਸਰਕਾਰ ਦੀਆ ਸੰਭਾਵਨਾਵਾਂ ਬੁਲੰਦ ਹਨ, ਪਰ ਜੇ ਧਰਮ ਇੰਜ ਨਹੀਂ ਕਰਦਾ ਤਾਂ ਇਹ ਸੰਭਾਵਨਾਵਾਂ ਬਹੁਤ ਘਟ ਹਨ। ਇਨ੍ਹਾਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਵੀ ਕਈ ਪੱਖ ਹੋਣਗੇ, ਪਰ ਜੇ ਸਰਵਸਾਂਝੀਵਾਲਤਾ ਦੀ ਭਾਵਨਾ ਨਾ ਹੋਵੇ ਤਾਂ ਜਮਹੂਰੀਅਤ ਨੂੰ ਕਾਇਮ ਕਰਨ ਲਈ ਕੁਝ ਵੀ ਨਹੀਂ ਕੀਤਾ ਜਾ ਸਕਦਾ। ਮੂਲ ਰੂਪ ਵਿਚ ਡਾ. ਅੰਬੇਡਕਰ ਦੀ ਹਿੰਦੂ ਫਿਲਾਸਫੀ ਬਾਰੇ ਖੋਜ ਦਾ ਕੇਂਦਰੀ ਨੁਕਤਾ ਇਹ ਹੈ ਕਿ ਸਾਡੇ ਦੇਸ਼ ਅੰਦਰ ਜਮਹੂਰੀਅਤ ਵਿਕਸਿਤ ਕਿਉਂ ਨਹੀਂ ਹੋਈ?
ਇਸ ਨੁਕਤੇ ਨੂੰ ਜਾਣ ਕੇ ਹੀ ਅੱਜ ਅਸੀਂ ਆਰ ਐਸ ਐਸ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਤਾਕਤ ਲੈ ਰਹੀ ਨਰਿੰਦਰ ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਥਹੁ ਪਾ ਸਕਦੇ ਹਾਂ ਅਤੇ ਬ੍ਰਾਹਮਣਵਾਦੀ ਸੋਚ ਬਾਰੇ ਸਪਸ਼ਟ ਹੋ ਸਕਦੇ ਹਾਂ।
ਡਾ. ਅੰਬੇਡਕਰ ਅਨੁਸਾਰ “ਇਸ ਸੁਆਲ ਦਾ ਜੁਆਬ ਬੜਾ ਸਾਦਾ ਹੈ ਕਿ ਹਿੰਦੂ ਧਰਮ ਭਾਈਚਾਰੇ ਦੀ ਭਾਵਨਾ ਨਹੀਂ ਭਰਦਾ, ਸਗੋਂ ਇਹ ਸਮਾਜ ਨੂੰ ਜਾਤਾਂ ਤੇ ਵਰਣਾਂ ਵਿਚ ਵੰਡਦਾ ਹੈ ਅਤੇ ਇਸ ਵੰਡ ਨੂੰ ਜਮਾਤੀ ਚੇਤਨਾ ਵਿਚ ਪੱਕਾ ਕਰਦਾ ਹੈ। ਅਜਿਹੇ ਸਮਾਜੀ ਪ੍ਰਬੰਧ ਵਿਚ ਜਮਹੂਰੀਅਤ ਲਈ ਕੋਈ ਥਾਂ ਨਹੀਂ ਬਣ ਸਕਦੀ। ਬੇਸ਼ਕ ਸੱਚਾਈ ਇਹ ਵੀ ਹੈ ਕਿ ਹਿੰਦੂ ਸਮਾਜੀ ਪ੍ਰਬੰਧ ਅਚਾਨਕ ਗੈਰਜਮਹੂਰੀ ਨਹੀਂ ਬਣ ਗਿਆ, ਸਗੋਂ ਇਸ ਦੀ ਘਾੜਤ ਹੀ ਗੈਰਜਮਹੂਰੀ ਹੈ। ਹਿੰਦੂ ਸਮਾਜ ਦੀ ਵਰਣਾਂ ਤੇ ਜਾਤਾਂ ਵਿਚ ਵੰਡ ਅਤੇ ਫਿਰ ਜਾਤਾਂ ਤੇ ਅਛੂਤਾਂ ਵਿਚ ਵੰਡ ਨਿਰੋਲ ਸਿਧਾਂਤ ਦਾ ਮਸਲਾ ਨਹੀਂ, ਸਗੋਂ ਇਹ ਹਰ ਹਾਲਤ ਵਿਚ ਮੰਨਣ ਵਾਲੇ ਧਾਰਮਿਕ ਆਦੇਸ਼ ਹਨ, ਜੋ ਜਮਹੂਰੀਅਤ ਵਿਰੁਧ ਦਿੱਤੇ ਗਏ ਫਤਵੇ ਹਨ।”
ਬੇਸ਼ਕ ਹਿੰਦੂ ਧਰਮ ਬਾਰੇ ਆਪਣੀ ਖੋਜ ਦੇ ਇਨ੍ਹਾਂ ਸਿਟਿਆਂ ਤੋਂ ਡਾ. ਅੰਬੇਡਕਰ ਨਿਰਾਸ ਨਹੀਂ ਹਨ। ਉਨ੍ਹਾਂ ਅਨੁਸਾਰ ਇਸ ਉਕਤ ਵਿਆਖਿਆ ਤੋਂ ਇਉਂ ਭਾਸਦਾ ਹੈ ਕਿ ਹਿੰਦੂ ਧਰਮ ਅਤੇ ਹਿੰਦੂ ਫਿਲਾਸਫੀ ਦੀ ਸੋਚ ਭਾਈਚਾਰੇ ਦੇ ਸਿਧਾਂਤ ਤੋਂ ਅਣਜਾਣ ਹੈ, ਪਰ ਇਤਿਹਾਸਕ ਸੱਚਾਈ ਇਸ ਨਿਰਣੇ ਦੀ ਪੁਸ਼ਟੀ ਨਹੀਂ ਕਰਦੀ। ਹਿੰਦੂ ਧਰਮ ਅਤੇ ਹਿੰਦੂ ਫਿਲਾਸਫੀ ਦੀ ਸੋਚ ਨੇ ਇਕ ਅਜਿਹੇ ਸੰਕਲਪ ਨੂੰ ਜਨਮ ਦਿੱਤਾ, ਜਿਸ ਦੀਆਂ ਸਮਾਜੀ ਜਮਹੂਰੀਅਤ ਲਈ ਭਾਈਚਾਰੇ ਦੇ ਸਿਧਾਂਤ ਨਾਲੋਂ ਵੀ ਕਿਤੇ ਵੱਧ ਸੰਭਾਵਨਾਵਾਂ ਹਨ। ਇਹ ਸੰਕਲਪ ਬ੍ਰਹਮਵਾਦ ਦਾ ਸਿਧਾਂਤ ਹੈ। ਬ੍ਰਹਮਵਾਦ ਦਾ ਸਿਧਾਂਤ ਡਾ. ਅੰਬੇਡਕਰ ਦੀ ਸੰਸਾਰ ਫਿਲਾਸਫੀ ਨੂੰ ਦਿੱਤੀ ਗਈ ਮੌਲਿਕ ਦੇਣ ਹੈ। ਬੇਸ਼ਕ ਇਥੇ ਉਨ੍ਹਾਂ ਨੇ ਇਹ ਨੁਕਤਾ ਵੀ ਸਪਸ਼ਟ ਕੀਤਾ ਹੈ ਕਿ ਬ੍ਰਹਮਵਾਦ ਸ਼ਬਦ ਡਾ. ਹਾਪਕਿਨਸ ਦੀ ਲਿਖਤ ‘ਭਾਰਤ ਦੇ ਮਹਾਂਕਾਵਿ’ ਵਿਚੋਂ ਲਿਆ ਗਿਆ ਹੈ।
ਡਾ. ਅੰਬੇਡਕਰ ਦਾ ਕਹਿਣਾ ਹੈ, “ਇਹ ਮੰਨਣਾ ਅਤੇ ਅਹਿਸਾਸ ਕਰਨਾ ਕਿ ਤੁਸੀਂ ਅਤੇ ਮੈਂ ਸਾਰੇ ਇਕੋ ਹੀ ਬ੍ਰਹਮ (ਬ੍ਰਹਿਮੰਡੀ ਕੁਦਰਤ) ਦਾ ਅੰਸ਼ ਹਾਂ ਤਾਂ ਇਹ ਜਮਹੂਰੀਅਤ ਤੋਂ ਬਿਨਾ ਕਿਸੇ ਹੋਰ ਸਿਧਾਂਤ ਲਈ ਕੋਈ ਥਾਂ ਹੀ ਨਹੀਂ ਛੱਡਦਾ। ਇਹ ਸੋਚ ਜਮਹੂਰੀਅਤ ਦਾ ਸਿਰਫ ਪ੍ਰਚਾਰ ਹੀ ਨਹੀਂ ਕਰਦੀ, ਸਗੋਂ ਜਮਹੂਰੀਅਤ ਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਾ ਦਿੰਦੀ ਹੈ। ਜਮਹੂਰੀਅਤ ਨੂੰ ਮਨੁੱਖ ਦੀ ਲੋੜ ਬਣਾ ਦਿੰਦੀ ਹੈ।”
ਡਾ. ਅੰਬੇਡਕਰ ਦੀ ਖੋਜ ਅਨੁਸਾਰ ਬ੍ਰਹਮਵਾਦ ਦੀ ਫਿਲਾਸਫੀ ਜਮਹੂਰੀਅਤ ਦਾ ਸਭ ਤੋਂ ਵਧੀਆ ਅਤੇ ਮੌਲਿਕ ਸਿਧਾਂਤਕ ਆਧਾਰ ਹੈ। ਇਸ ਸੋਚ ਪਿਛੋਂ ਧਰਮਾਂ ਅਤੇ ਜਾਤਾਂ ਵਿਚਲੇ ਵਖਰੇਵੇਂ ਉਂਜ ਹੀ ਮੁੱਕ ਜਾਂਦੇ ਹਨ। ਜਦੋਂ ਅਸੀਂ ਸਾਰੇ ਹੀ ਇਕੋ ਬ੍ਰਹਮ ਦਾ ਅੰਸ਼ ਹਾਂ ਤਾਂ ਫਿਰ ਕੋਈ ਉਚਾ ਤੇ ਨੀਂਵਾਂ ਕਿਵੇਂ ਹੋ ਸਕਦਾ ਹੈ? ਇਸ ਸੋਚ ਪਿਛੋਂ ਹਿੰਦੂ ਧਰਮ ਬਾਰੇ ਆਰ ਐਸ ਐਸ ਦਾ ਫੈਲਾਇਆ ਬ੍ਰਾਹਮਣੀ (ਮਨੂਵਾਦੀ) ਭਰਮਜਾਲ ਅਰਥਹੀਣ ਹੋ ਜਾਂਦਾ ਹੈ।
ਇਸੇ ਆਧਾਰ ‘ਤੇ ਡਾ. ਅੰਬੇਡਕਰ ਨੇ ਅਜੋਕੀ ਪੱਛਮੀ ਤਰਜ ਦੀ ਪ੍ਰਚਲਿਤ ਜਮਹੂਰੀਅਤ ਦੀ ਬੁਨਿਆਦ ਨੂੰ ਗੰਭੀਰ ਚੁਣੌਤੀ ਦਿੱਤੀ ਹੈ, “ਪੱਛਮੀ ਤਰਜ ਦੀ ਜਮਹੂਰੀਅਤ ਦਾ ਆਧਾਰ ਇਹ ਹੈ ਕਿ ਅਸੀਂ ਸਾਰੇ ਪਰਮਾਤਮਾ ਦੇ ਬੱਚੇ ਹਾਂ। ਇਹ ਵਿਚਾਰ ਜਮਹੂਰੀਅਤ ਦੀ ਬੜੀ ਕਮਜ਼ੋਰ ਬੁਨਿਆਦ ਹੈ। ਇਹੀ ਕਾਰਨ ਹੈ ਕਿ ਜਿਥੇ ਕਿਤੇ ਵੀ (ਪੱਛਮੀ ਤਰਜ ਦੀ) ਜਮਹੂਰੀਅਤ ਦੀ ਸਿਰਜਣਾ ਹੋਈ ਹੈ, ਉਥੇ ਹੀ ਇਹ ਇਸ ਕਮਜ਼ੋਰ ਬੁਨਿਆਦ ਉਤੇ ਖੜੀ ਹੈ। ਜਮਹੂਰੀਅਤ ਦੇ ਪੱਛਮੀ ਵਿਦਿਆਰਥੀਆਂ ਨੇ ਇਹ ਵਿਸ਼ਵਾਸ ਪ੍ਰਚਾਰਿਆ ਹੈ ਕਿ ਜਮਹੂਰੀਅਤ ਦਾ ਮੂਲ ਆਧਾਰ ਇਸਾਈ ਧਰਮ ਜਾਂ ਪਲੈਟੋ ਦੀ ਫਿਲਾਸਫੀ ਹੈ ਅਤੇ ਜਮਹੂਰੀਅਤ ਦਾ ਹੋਰ ਕੋਈ ਸੋਮਾ ਨਹੀਂ; ਪਰ ਜੇ ਉਹ ਜਾਣਦੇ ਕਿ ਭਾਰਤ ਨੇ ਬ੍ਰਹਮਵਾਦ ਦਾ ਸਿਧਾਂਤ ਵਿਕਸਿਤ ਕੀਤਾ ਹੈ, ਜੋ ਜਮਹੂਰੀਅਤ ਦੀ ਸਭ ਤੋਂ ਵਧੀਆ ਬੁਨਿਆਦ ਬਣਦਾ ਹੈ ਤਾਂ ਉਹ ਕਦੇ ਵੀ ਏਨੇ ਕੱਟੜਵਾਦੀ ਨਾ ਹੁੰਦੇ।”