ਆਦਿ ਸਚੁ ਜੁਗਾਦਿ ਸਚੁ (ਭਾਗ ਦੂਜਾ)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਦਾਰਥ ਦੀ ਪਰਿਭਾਸ਼ਾ ਵਿਚਾਰਦਿਆਂ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਚੁਫੇਰੇ ਦਿਸਦਾ ਹੈ ਜਾਂ ਮਹਿਸੂਸ ਹੁੰਦਾ ਹੈ, ਉਹ ਪਦਾਰਥ ਹੈ। ਮਨੁੱਖ ਪਦਾਰਥ ਵਿਚੋਂ ਪੈਦਾ ਹੁੰਦਾ ਹੈ ਤੇ ਇਸੇ ਵਿਚ ਸਮਾ ਜਾਂਦਾ ਹੈ, ਪਰ ਉਹ ਸੋਚ ਪੱਖੋਂ ਇਸ ਯਥਾਰਥ ਤੋਂ ਇਨਕਾਰੀ ਹੈ, ਕਿਉਂਕਿ ਉਸ ਕੋਲ ਇਸ ਬਾਰੇ ਜਾਣਕਾਰੀ ਦੀ ਘਾਟ ਹੈ। ਉਸ ਕੋਲ ਗਿਆਨ ਇੰਦਰੀਆਂ ਤਾਂ ਹਨ, ਪਰ ਇਨ੍ਹਾਂ ਦੀ ਸ਼ਕਤੀ ਬੜੀ ਸੀਮਤ ਹੈ। ਦੁਆਲੇ ਫੈਲੇ ਅੰਧਕਾਰ ਨਾਲ ਜੂਝ ਕੇ ਵੀ ਇਹ ਉਸ ਨੂੰ ਸਹੀ ਤੇ ਪੂਰੀ ਜਾਣਕਾਰੀ ਨਹੀਂ ਦੇ ਸਕਦੀਆਂ।

ਜਾਣਕਾਰੀ ਦੀ ਇਸ ਘਾਟ ਨੂੰ ਮਨੁੱਖ ਕਲਪਨਾ ਸਹਾਰੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੱਥ-ਵਹੀਨ ਕਲਪਨਾ ਉਸ ਨੂੰ ਅਧਿਆਤਮਵਾਦ ਦੇ ਰਾਹ ਪਾਉਂਦੀ ਹੈ। ਉਹ ਡਰ, ਭੈ, ਉਪਜੀਵਿਕਾ, ਦੁਖ, ਸੁਖ, ਸਿਹਤ ਤੇ ਮੌਤ ਸਮੇਤ ਜੀਵਨ ਤੇ ਬ੍ਰਹਿਮੰਡ ਬਾਰੇ ਸਾਰੇ ਪ੍ਰਸ਼ਨਾਂ ਦੇ ਉਤਰ ਅਧਿਆਤਮਵਾਦ ਦੇ ਕਾਲਪਨਿਕ ਅਡੰਬਰ ਰਾਹੀਂ ਭਾਲਣ ਲਗਦਾ ਹੈ। ਇੰਜ ਉਹ ਆਪਣੇ ਜੀਵਨ ਅਤੇ ਕੁਦਰਤ ਦੇ ਯਥਾਰਥ ਤੋਂ ਹੋਰ ਪਰ੍ਹੇ ਚਲਾ ਜਾਂਦਾ ਹੈ। ਕੁਦਰਤ ਰਾਹੀਂ ਉਸ ਦਾ ਪਦਾਰਥ ਨਾਲ ਹਰ ਰੋਜ ਤੇ ਹਰ ਵੇਲੇ ਵਾਹ ਪੈਣ ਦੇ ਬਾਵਜੂਦ ਉਹ ਇਸ ਦਾ ਮਹੱਤਵ ਨਹੀਂ ਸਮਝਦਾ। ਇਸ ਦੇ ਤਿਲਸਮੀ ਪ੍ਰਗਟਾਵੇ ਦੀ ਛੋਹ ਉਸ ਦੇ ਮਨ ਵਿਚ ਭਰਮ ਤੇ ਤਿਲਮਿਲਾਹਟ ਪੈਦਾ ਕਰਦੀ ਹੈ ਤੇ ਉਹ ਇਸ ਨੂੰ ਮਾਯਾ ਸਮਝ ਕੇ ਇਸ ਦਾ ਬਹਿਸ਼ਕਾਰ ਕਰਦਾ ਹੈ। ਉਹ ਕਿਸੇ ਪੱਕੀ ਟੇਕ ਦੀ ਭਾਲ ਵਿਚ ਇਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਿੱਥੇ ਵੀ ਜਾਂਦਾ ਹੈ, ਉਥੇ ਹੀ ਅਧਿਆਤਮਕ ਢੰਗ ਤਰੀਕੇ ਹੀ ਵਰਤਦਾ ਹੈ।
ਇੱਦਾਂ ਉਸ ਦੇ ਵਿਸ਼ਵਾਸ ਦੀ ਜੜ੍ਹ ਅਧਿਆਤਮਵਾਦ ਵਿਚ ਪੱਕੀ ਲੱਗ ਜਾਂਦੀ ਹੈ। ਉਹ ਪਦਾਰਥ ਦੇ ਯਥਾਰਥ ਨੂੰ ਦੇਖ ਕੇ ਅਣਡਿੱਠ ਕਰੀ ਰੱਖਦਾ ਹੈ ਤੇ ਅਧਿਆਤਮਵਾਦੀ ਧਾਰਨਾ ਦੇ ਕਰਮ ਕਾਂਡ ਵਿਚ ਫਸਿਆ ਰਹਿੰਦਾ ਹੈ। ਧਰਮੀ ਕਰਮੀ ਪੀਰ ਰਹਿਬਰ ਵੀ ਉਸ ਨੂੰ ਇਸ ਗੇੜ ਵਿਚੋਂ ਨਹੀਂ ਕੱਢ ਸਕਦੇ, ਕਿਉਂਕਿ ਉਹ ਵੀ ਉਸੇ ਰਸਤੇ ਦੇ ਰਾਹੀ ਹੁੰਦੇ ਹਨ। ਬੰਦ ਸੋਚ ਕਾਰਨ ਉਹ ਉਦੋਂ ਤੀਕ ਆਪਣੇ ਕਾਲਪਨਿਕ ਸੰਸਾਰ ਵਿਚ ਘੁੰਮਣਘੇਰੀਆਂ ਖਾਈ ਜਾਂਦਾ ਹੈ, ਜਦੋਂ ਤੀਕ ਵਿਧੀਵਤ ਵਿਗਿਆਨ ਦੇ ਲੜ ਲੱਗ ਕੇ ਉਸ ਦੀ ਬੰਦ-ਖਲਾਸੀ ਨਾ ਹੋਵੇ। ਵਿਗਿਆਨ ਦਾ ਇਹ ਰਸਤਾ ਪਹਿਲੀ ਵਾਰ ਗੁਰੂ ਨਾਨਕ ਨੇ ਆਪਣੀ ਬਾਣੀ ਜਪੁਜੀ ਰਾਹੀਂ ਉਜਾਗਰ ਕੀਤਾ ਹੈ।
ਗੁਰੂ ਸਾਹਿਬ ਤੋਂ ਪਹਿਲਾਂ ਵੀ ਤੇ ਪਿਛੋਂ ਵੀ ਵਿਗਿਆਨਕ ਸੋਚ ਦੇ ਲੋਕ ‘ਸਚੁ’ ਦੀ ਭਾਲ ਕਰਦੇ ਰਹੇ ਹਨ। ਪ੍ਰਾਚੀਨ ਭਾਰਤ ‘ਚ ਸੰਖ ਮਾਰਗੀਆਂ ਜਿਹੇ ਕੁਝ ਚਿੰਤਕ ਪਦਾਰਥਵਾਦ ਨੂੰ ਅੰਤਿਮ ਸਚੁ ਸਮਝ ਕੇ ਇਸ ਨਾਲ ਜੁੜੇ ਰਹੇ ਭਾਵੇਂ ਉਨ੍ਹਾਂ ਨੂੰ ਬਿਪਰਵਾਦੀ ਅਧਿਆਤਮਵਾਦੀਆਂ ਦੇ ਕਠੋਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਹਾਤਮਾ ਬੁੱਧ ਜਿਹੇ ਤਪੱਸਵੀ ਦਾਰਸ਼ਨਿਕ ਵੀ ਪਰਮਾਤਮਾ ਦੀ ਧਾਰਨਾ ਨੂੰ ਸਹੀ ਨਾ ਮੰਨ ਕੇ ਅਧਿਆਤਮਵਾਦ ਤੋਂ ਦੂਰੀ ਵੱਟ ਗਏ। ਉਨ੍ਹਾਂ ਨੇ ਰੱਬ ਦੀ ਹੋਂਦ ਤੋਂ ਇਨਕਾਰੀ ਹੋ ਕੇ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ ਤੇ ਇਸੇ ਫਿਲਾਸਫੀ ਸਹਾਰੇ ਹੀ ਆਪਣਾ ਧਰਮ ਚਲਾਇਆ। ਮੱਧ ਯੁਗੀ ਯੂਰਪ ‘ਚ ਇਸਾਈ ਮੱਤ ਦੀ ਚੜ੍ਹਤ ਵੇਲੇ ਵੀ ਸਮੇਂ ਸਮੇਂ ਅਧਿਆਤਮ-ਵਿਰੋਧੀ ਸੁਰਾਂ ਉਠਦੀਆਂ ਰਹੀਆਂ, ਜੋ ਲਹਿਰਾਂ ਦਾ ਰੂਪ ਧਾਰਦੀਆਂ ਗਈਆਂ। ਇਨ੍ਹਾਂ ਨੂੰ ਸਮੁੱਚੇ ਤੌਰ ‘ਤੇ ‘ਪੁਨਰ ਜਾਗ੍ਰਿਤੀ’ (੍ਰeਨਅਸਿਸਅਨਚeਸ) ਦਾ ਨਾਂ ਦਿੱਤਾ ਗਿਆ।
ਪੁਨਰ ਜਾਗ੍ਰਿਤੀ ਨਾਲ ਇਕ ਪਾਸੇ ਧਾਰਮਿਕ ਸੁਧਾਰ ਦਾ ਅੰਦੋਲਨ ਚੱਲਿਆ, ਜਿਸ ਨੇ ਇਸਾਈ ਚਰਚ ਨੂੰ ਨੱਥ ਪਾਈ ਤੇ ਦੂਜੇ ਪਾਸੇ ਵਿਗਿਆਨ ਦਾ ਰਸਤਾ ਪੱਧਰਾ ਹੋਇਆ। ਕਾਪਰਨੀਕਸ, ਗੈਲੇਲੀਓ ਤੇ ਨਿਊਟਨ ਜਿਹੇ ਵਿਗਿਆਨੀਆਂ ਦੀਆਂ ਖੋਜਾਂ ਨਾਲ ਮਨੁੱਖ ਦਾ ਧਿਆਨ ਕਲਪਨਾ ਤੋਂ ਹਟ ਕੇ ਯਥਾਰਥ ਵੱਲ ਪਰਤਿਆ। ਇਸਾਈ ਧਰਮ ਦੇ ਪੁਜਾਰੀ ਵਰਗ ਨੇ ਵਿਗਿਆਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਰੋਕ ਨਾ ਲਾ ਸਕਿਆ।
17ਵੀਂ ਸਦੀ ਦੇ ਅੱਧ ਤੀਕ ਇੰਗਲੈਂਡ ਦੇ ਥਾਮਸ ਹਾਬਜ਼ ਨੇ ਪਰਮਾਤਮਾ ਸਮੇਤ ਸਾਰੀਆਂ ਪਰਾ-ਭੌਤਿਕ ਅਤੇ ਅਧਿਆਤਮਵਾਦੀ ਹੋਂਦਾਂ ਤੇ ਸ਼ਕਤੀਆਂ ਨੂੰ ਨਕਾਰ ਦਿੱਤਾ। ਉਸ ਨੇ ਆਪਣੀ ਪੁਸਤਕ ਲੈਵੀਆਥਾਨ (.eਵਅਿਟਹਅਨ) ਵਿਚ ਕਿਹਾ ਕਿ ਸੰਸਾਰ ‘ਚ ਪਰਾ-ਪ੍ਰਕ੍ਰਿਤਿਕ (ਸੁਪeਰ-ਨਅਟੁਰਅਲ) ਕੁਝ ਵੀ ਨਹੀਂ ਹੈ। ਇੱਥੇ ਜੋ ਵੀ ਹੈ, ਪਦਾਰਥ ਹੈ ਤੇ ਪਦਾਰਥ ਤੋਂ ਬਿਨਾ ਕੁਝ ਵੀ ਨਹੀਂ। ਉਸ ਦਾ ਪਦਾਰਥ ਛੋਟੇ ਛੋਟੇ ਕਿਣਕਿਆਂ ਦਾ ਸੰਗ੍ਰਿਹ ਸੀ, ਜੋ ਕਾਪਰਨੀਕਸ ਦੇ ਆਕਾਸ਼ ਪਿੰਡਾਂ ਵਾਂਗ ਹਮੇਸ਼ਾ ਗਤੀਸ਼ੀਲ ਹੋਏ ਘੁੰਮਦੇ ਰਹਿੰਦੇ। ਉਨ੍ਹੀਵੀਂ ਸਦੀ ਦੇ ਅਰੰਭ ਵਿਚ ਇਟਲੀ ਦੇ ਪ੍ਰਸਿੱਧ ਵਿਗਿਆਨੀ ਐਵੋਗੈਡਰੋ (Aਵੋਗਅਦਰੋ) ਨੇ ਪਦਾਰਥ ਦੀ ਸਭ ਤੋਂ ਛੋਟੀ ਸਥਿਰ ਇਕਾਈ ਮਾਲੀਕਿਊਲ (ੰੋਲeਚੁਲe) ਨੂੰ ਲੱਭਿਆ ਤੇ ਇਸ ਦਾ ਭਾਰ ਪਤਾ ਕਰਨ ਵਾਲਾ ਨਿਯਮ ਵੀ ਦੱਸ ਦਿੱਤਾ। ਵਿਗਿਆਨ ਉਸ ਦੇ ਨਿਯਮ ਨੂੰ ਅੱਜ ਤੀਕ ਸਹੀ ਮੰਨ ਕੇ ਵਰਤ ਰਿਹਾ ਹੈ।
ਨਾਲ ਲੱਗਦਿਆਂ ਹੀ ਬਰਤਾਨੀਆਂ ਦੇ ਜੌਨ੍ਹ ਡਾਲਟਨ (ਝੋਹਨ ਧਅਲਟੋਨ) ਨੇ ਮਾਲੀਕਿਊਲ ਵਿਚ ਹੋਰ ਮਹੀਨ ਕਣ ਲੱਭੇ ਤੇ ਇਨ੍ਹਾਂ ਕਣਾਂ ਨੂੰ ਐਟਮਾਂ ਦਾ ਨਾਂ ਦਿੱਤਾ। ਉਸ ਨੇ ਆਪਣੇ ਸਿਧਾਂਤ ਦਾ ਵਰਣਨ ਕੀਤਾ ਕਿ ਪਦਾਰਥ ਦੀ ਰਚਨਾ ਵੱਖ ਵੱਖ ਤੱਤਾਂ ਤੋਂ ਹੋਈ ਹੈ, ਜਿਨ੍ਹਾਂ ਦੀ ਕੁਲ ਗਿਣਤੀ (ਅੱਜ ਕੱਲ ਅਨੁਸਾਰ) 118 ਹੈ। ਇਹ ਤੱਤ ਅਤਿ ਮਹੀਨ ਤੇ ਸੁਤੰਤਰ ਹੋਂਦ ਵਾਲੇ ਅਣੂੰਆਂ ਦੇ ਬਣੇ ਹੁੰਦੇ ਹਨ। ਹਰ ਤੱਤ ਦੇ ਅਣੂੰ ਭਾਰ ਤੇ ਆਕਾਰ ਅਨੁਸਾਰ ਦੂਜੇ ਤੱਤਾਂ ਦੇ ਅਣੂੰਆਂ ਤੋਂ ਭਿੰਨ ਹੁੰਦੇ ਹਨ। ਇਹ ਅਣੂੰ ਇਕ ਦੂਜੇ ਨਾਲ ਰਸਾਇਣਕ ਪ੍ਰਕ੍ਰਿਆਵਾਂ ਕਰ ਕੇ ਪਦਾਰਥ ਦੇ ਵਿਭਿੰਨ ਰੂਪ ਪੈਦਾ ਕਰਦੇ ਹਨ, ਜਿਨ੍ਹਾਂ ਨਾਲ ਸ੍ਰਿਸ਼ਟੀ ਦੀ ਰੰਗ ਬਰੰਗੀ ਰਚਨਾ ਬਣਦੀ ਹੈ।
ਡਾਲਟਨ ਨੇ ਇਕ ਤਰ੍ਹਾਂ ਨਾਲ ਗੁਰੂ ਸਾਹਿਬ ਦੇ ‘ਰੰਗੀ ਰੰਗੀ ਭਾਤਿ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ’ ਵਾਲੇ ਵਾਕ ਦੀ ਪ੍ਰਮਾਣੀਕ ਵਿਆਖਿਆ ਕੀਤੀ। ਇਸ ਪਿਛੋਂ ਫਿਰ ਚਲ ਸੋ ਚਲ। ਇਕ ਇਕ ਕਰ ਕੇ ਪਦਾਰਥ ਦੀਆਂ ਪਰਤਾਂ ਉਧੜਦੀਆਂ ਗਈਆਂ ਤੇ ਮਨੁੱਖ ਨੂੰ ਆਪਣੇ ਅੜੇ ਹੋਏ ਪ੍ਰਸ਼ਨਾਂ ਦੇ ਉਤਰ ਮਿਲਦੇ ਗਏ।
ਵਿਗਿਆਨ ਦੀਆਂ ਇਨ੍ਹਾਂ ਮੁਢਲੀਆਂ ਪ੍ਰਾਪਤੀਆਂ ਕਰਕੇ ਹੀ ਯੂਰਪ ਵਿਚ ਇਕ ਨਵੇਂ ਪਦਾਰਥਵਾਦੀ ਫਿਲਾਸਫੇ ਦਾ ਜਨਮ ਹੋਇਆ। ਜਰਮਨੀ ਦੇ ਚਿੰਤਕ ਫਾਇਰਬਾਖ (ਾਂeੁeਰਬਅਚਹ) ਨੇ ਇਸਾਈ ਮੱਤ ਦੀ ਆਲੋਚਨਾ ਕਰਦਿਆਂ ਇਕ ਜੜ੍ਹ ਕਿਸਮ ਦੇ ਪਦਾਰਥਵਾਦ ਦੀ ਰੂਪ-ਰੇਖਾ ਦਿੱਤੀ, ਪਰ ਇਸ ਨਿਰਜਿੰਦ ਪਦਾਰਥਵਾਦ ਤੋਂ ਸੰਸਾਰਕ ਉਤਪਤੀ ਤੇ ਇਸ ਦੀਆਂ ਪ੍ਰਕ੍ਰਿਆਵਾਂ ਬਾਰੇ ਕੋਈ ਗਿਆਨ ਨਹੀਂ ਸੀ ਮਿਲਦਾ। ਇਸ ਲਈ ਜਰਮਨੀ ਦੇ ਹੀ ਕਾਰਲ ਮਾਰਕਸ ਨੇ ਉਸ ਦੇ ਪਦਾਰਥਵਾਦ ਦਾ ਖੰਡਨ ਕੀਤਾ ਤੇ ਆਦਰਸ਼ਵਾਦੀ ਚਿੰਤਕ ਫ੍ਰੈਡਰਿਕ ਹੀਗਲ ਦਾ ਦਵੰਧਵਾਦੀ ਦ੍ਰਿਸ਼ਟੀਕੋਣ ਵਰਤ ਕੇ ਆਪਣਾ ਵਿਰੋਧ-ਵਿਕਾਸੀ ਪਦਾਰਥਵਾਦ ਦਾ ਸਿਧਾਂਤ ਦਿੱਤਾ। ਇਹ ਸਿਧਾਂਤ ਉਦੋਂ ਤੀਕ ਦੀਆਂ ਵਿਗਿਆਨਕ ਮੱਲਾਂ ‘ਤੇ ਉਸਰਿਆ ਹੋਇਆ ਸੀ ਤੇ ਇਕ ਸਦੀਵੀ, ਸਵੈ-ਪ੍ਰਕਾਸ਼ਿਤ, ਸਵੈ-ਚਲਿਤ ਤੇ ਸਵੈ-ਵਾਹਕ ਪਦਾਰਥ ਦੀ ਕਲਪਨਾ ਕਰਦਾ ਸੀ, ਜੋ ਸ੍ਰਿਸ਼ਟੀ ਦਾ ਸਵੈ-ਰਚੈਤਾ ਹੋਣ ਦੇ ਪੂਰੀ ਤਰ੍ਹਾਂ ਸਮਰੱਥ ਸੀ।
1872 ਵਿਚ ਫ੍ਰੈਡਰਿਕ ਐਨਗਲਜ਼ ਨੇ ਡਾਇਲੈਕਟਿਕਸ ਆਫ ਨੇਚਰ (ਧਅਿਲeਚਟਚਿਸ ਾ ਂਅਟੁਰe) ਨਾਂ ਦੀ ਪੁਸਤਕ ਲਿਖ ਕੇ ਦਰਸਾਇਆ ਕਿ ਕੁਦਰਤ ਦੇ ਸਭ ਵਰਤਾਰੇ, ਇੱਥੋਂ ਤੀਕ ਕਿ ਗਣਿਤ ਤੇ ਵਿਗਿਆਨ ਦੇ ਢੰਗ ਤਰੀਕੇ ਵੀ ਦਵੰਦਵਾਦੀ ਪਦਾਰਥਵਾਦ ਦੇ ਨਿਯਮਾਂ ਅਨੁਸਾਰ ਚਲਦੇ ਹਨ। ਇਸੇ ਵਿਗਿਆਨੀ ਨੇ ਆਪਣੇ ਲੇਖ ‘ਬਾਂਦਰ ਤੋਂ ਮਨੁੱਖ ਦੀ ਤਬਦੀਲੀ ਵਿਚ ਪਾਇਆ ਕਿਰਤ ਦਾ ਯੋਗਦਾਨ’ (ਠਹe ੍ਰੋਲe ਫਲਅੇeਦ ਬੇ .ਅਬੋਰ ਨਿ ਟਹe ਠਰਅਨਸਟਿਨ ਾਰੋਮ Aਪe ਟੋ ੰਅਨ) ਵਿਚ ਦੱਸਿਆ ਕਿ ਮਨੁੱਖ ਦਾ ਜਨਮ ਵੀ ਪਦਾਰਥ ਦੇ ਧੀਮੀ ਗਤੀ ਦੇ ਦਵੰਦਵਾਦੀ ਅੰਤਰ-ਵਿਕਾਸ ਦਾ ਹੀ ਨਤੀਜਾ ਹੈ। ਇਸ ਸਿਧਾਂਤ ਦੀਆਂ ਅਸੀਮ ਸੰਭਾਵਨਾਵਾਂ ਉਦੋਂ ਸਾਹਮਣੇ ਆਈਆਂ, ਜਦੋਂ ਨੀਲ ਬੋਹਰ (ਂeਲਿ ਭੋਹਰ) ਨੇ ਰੁਦਰਫੋਰਡ ਤੇ ਜੇ. ਜੇ. ਥਾਮਸਨ ਦੀ ਲੀਹ ‘ਤੇ ਕੰਮ ਕਰਦਿਆਂ ਆਪਣੀਆਂ ਖੋਜਾਂ ਰਾਹੀਂ ਇਕ ਵਿਕਸਿਤ ਅਣੂੰ-ਮਾਡਲ (Aਟੋਮਚਿ ੰੋਦeਲ) ਸਿਰਜਿਆ, ਜੋ ਪ੍ਰਗਤੀਵਾਦੀ ਪਦਾਰਥਵਾਦ ਦੀ ਵਿਗਿਆਨਕ ਪੁਸ਼ਟੀ ਕਰਦਾ ਸੀ। ਵਿਗਿਆਨਕ ਖੋਜ ਦੇ ਇਨ੍ਹਾਂ ਨਤੀਜਿਆਂ ਨੇ ਨਾ ਸਿਰਫ ਗੁਰੂ ਨਾਨਕ ਦੀ ‘ਆਦਿ ਸਚੁ ਜੁਗਾਦਿ ਸਚੁ’ ਵਾਲੀ ਧਾਰਨਾ ਵਿਚ ਸੱਚ ਦੇ ਪਾਤਰ ਦੀ ਪਦਾਰਥ ਵਜੋਂ ਪੱਕੀ ਨਿਸ਼ਾਨਦੇਹੀ ਦੇ ਦਿੱਤੀ, ਸਗੋਂ ਗੁਰੂ ਸਾਹਿਬ ਦੇ ਮਹਾਂਵਾਕ ‘ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ’ ਦੀ ਕ੍ਰਿਆਤਮਕ ਵਿਆਖਿਆ ਵੀ ਕਰ ਦਿੱਤੀ।
ਇਸ ਤਰ੍ਹਾਂ ਜਿਵੇਂ ਜਿਵੇਂ ਪਦਾਰਥਵਾਦ ਦੇ ਪੈਰ ਵਿਗਿਆਨ ਦੇ ਠੋਸ ਧਰਾਤਲ ‘ਤੇ ਟਿਕਦੇ ਗਏ, ਅਧਿਆਤਮਵਾਦ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਦੀ ਗਈ। ਭਾਵੇਂ ਵਿਗਿਆਨ ਦੀ ਉਨਤੀ ਤੱਥਾਂ, ਤਰਕਾਂ ਤੇ ਪ੍ਰਯੋਗਾਂ ਦੇ ਸਹਾਰੇ ਹੋਈ ਸੀ ਅਤੇ ਇਸ ਦੀਆਂ ਪ੍ਰਾਪਤੀਆਂ ਪਾਰ-ਦਰਸ਼ੀ ਸਨ, ਫਿਰ ਵੀ ਅਧਿਆਤਮਵਾਦ ਦੇ ਮੁੱਦਈ ਇਸ ਦੇ ਸਿੱਟਿਆਂ ਨੂੰ ਆਪਣੇ ਪੱਖ ਵਿਚ ਖਿੱਚ ਕੇ ਬਹਿਸਣ ਲੱਗੇ। ਪਦਾਰਥਵਾਦ ਦੇ ਸਮਰਥਕ ਸਮੇਂ ਸਮੇਂ ਉਨ੍ਹਾਂ ਨੂੰ ਢੁਕਵਾਂ ਜਵਾਬ ਦੇ ਕੇ ਸ਼ਾਂਤ ਕਰਦੇ ਰਹੇ। ਇਹ ਬਹਿਸ ਸਿਖਰ ‘ਤੇ ਉਦੋਂ ਪਹੁੰਚੀ, ਜਦੋਂ ਐਟਮ ਦੇ ਮਾਡਲ ਵਿਚ ਬਿਜਲੀ ਚਾਰਜ਼ ਵਾਲੇ ਪ੍ਰਮਾਣੂ ਦੀ ਹੋਂਦ ਬਾਰੇ ਸੁਣ ਕੇ ਆਸਟ੍ਰੀਆ ਦੇ ਵਿਗਿਆਨੀ ਅਰਨੈਸਟ ਮਾਖ (ਓਰਨeਸਟ ੰਅਚਹ) ਤੇ ਉਸ ਦੇ ਸਾਥੀਆਂ ਨੇ ਪਦਾਰਥ ਦੇ ਅਲੋਪ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਇਸ ਅਲੋਪਤਾ ਨੂੰ ਅਧਿਆਤਮਵਾਦ ਦੀ ਪਦਾਰਥਵਾਦ ਉਤੇ ਜਿੱਤ ਦੱਸਿਆ।
ਇਸ ਪਿਛੋਂ ਰੂਸ ਦੇ ਵਲਾਦੀਮੀਰ ਲੈਨਿਨ ਨੇ ਪਦਾਰਥਵਾਦ ਦੀ ਨਵੀਂ ਪਰਿਭਾਸ਼ਾ ਦਿੱਤੀ ਤੇ ਇਸ ਬਿਆਨ ਨੂੰ ਖੋਖਲਾ ਦੱਸ ਕੇ ਇਸ ਦਾ ਖੰਡਨ ਕੀਤਾ। ਉਸ ਨੇ 1909 ਵਿਚ ਮੈਟੀਰੀਅਲਿਜ਼ਮ ਅਤੇ ਇੰਪੀਰੀਓ-ਕ੍ਰੀਟੀਸਿਜ਼ਮ (ੰਅਟeਰਅਿਲਸਿਮ ਅਨਦ ਓਮਪਰਿ-ਛਰਟਿਚਿਸਿਮ) ਨਾਂ ਦੀ ਪੁਸਤਕ ਲਿਖ ਕੇ ਦੱਸਿਆ ਕਿ ਚਾਹੇ ਵਿਗਿਆਨਕ ਖੋਜ ਮਨੁੱਖ ਨੂੰ ਭੌਤਿਕ ਪਦਾਰਥ ਤੋਂ ਬਿਜਲਈ ਚਾਰਜ ਵਾਲੇ ਪ੍ਰਮਾਣੂੰ ਕਣਾਂ (eਲeਚਟਰੋਨਚਿ ਪਅਰਟਚਿਲeਸ) ‘ਤੇ ਲੈ ਆਈ ਹੈ, ਪਰ ਇਸ ਨਾਲ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਪਦਾਰਥ ਦਾ ਅੰਤ ਹੋ ਗਿਆ ਹੈ। ਅਸਲ ਗੱਲ ਤਾਂ ਇਹ ਹੈ ਕਿ ਇਸ ਨਾਲ ਪਦਾਰਥ ਦੇ ਸੰਕਲਪ ਬਾਰੇ ਮਨੁੱਖੀ ਅਕਲ ‘ਤੇ ਪਏ ਪਰਦੇ ਦਾ ਅੰਤ ਹੋਇਆ ਹੈ। ਜੇ ਵਿਗਿਆਨ ਅਣੂੰ ਦੇ ਇਨ੍ਹਾਂ ਅਤਿ-ਮਹੀਨ ਭੀਤਰੀ ਅੰਸ਼ਾਂ ਦੀ ਖੋਜ ਕਰ ਕੇ ਇਨ੍ਹਾਂ ਦੇ ਨਿਯਮ ਲੱਭ ਸਕਦਾ ਹੈ ਤਾਂ ਇਹ ਸੂਖਮ ਅੰਸ਼ ਉਸ ਪਦਾਰਥ ਦਾ ਹੀ ਹਿੱਸਾ ਹਨ, ਜੋ ਪੂਰੇ ਬ੍ਰਹਿਮੰਡ ਦੀ ਨੀਂਹ ਹੈ।
ਪਦਾਰਥ ਦੀ ਆਧੁਨਿਕ ਪਰਿਭਾਸ਼ਾ ਦਿੰਦਿਆਂ ਲੈਨਿਨ ਨੇ ਲਿਖਿਆ ਕਿ ਇਹ ਨਾ ਸਮਝੋ ਕਿ ਪਦਾਰਥ ਠੋਸ, ਤਰਲ ਤੇ ਗੈਸ ਅਵਸਥਾਵਾਂ ਵਿਚ ਹੀ ਮਿਲਦਾ ਹੈ, ਸਗੋਂ ਅਜੋਕੇ ਵਿਗਿਆਨ ਨੇ ਇਸ ਦੇ ਅਨੇਕਾਂ ਹੋਰ ਰੂਪ ਪਛਾਣ ਲਏ ਹਨ। ਪਦਾਰਥ ਸ੍ਰਿਸ਼ਟੀ ਦੀ ਹਰ ਉਹ ਸ਼ੈਅ ਹੈ, ਜੋ ਮਨੁੱਖੀ ਗਿਆਨ ਇੰਦਰੀਆਂ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਵੇਖੀ, ਅਨੁਭਵ ਕੀਤੀ, ਕਲਪਨਾ ਕੀਤੀ, ਯਾਦ ਕੀਤੀ, ਸਮਝੀ, ਸਮਝਾਈ, ਪ੍ਰਮਾਣਿਤ ਕੀਤੀ, ਚਿਤਰਾਈ ਤੇ ਦੁਹਰਾਈ ਜਾ ਸਕਦੀ ਹੈ। ਇਹ ਹਰ ਉਹ ਹੋਂਦ ਹੈ, ਜੋ ਮਨੁੱਖੀ ਮਨ ਨੂੰ ਕਿਸੇ ਵੀ ਢੰਗ ਨਾਲ ਪ੍ਰਭਾਵਿਤ ਕਰਕੇ ਉਸ ਵਿਚ ਪ੍ਰਸ਼ਨ ਪੈਦਾ ਕਰਦੀ ਹੈ ਤੇ ਉਨ੍ਹਾਂ ਦੇ ਉਤਰ ਲਈ ਵਿਗਿਆਨਕ ਖੋਜ ਵਾਸਤੇ ਪ੍ਰੇਰਦੀ ਹੈ। ਹਰ ਉਹ ਸ਼ੈਅ, ਜੋ ਹਾਲੇ ਮਨੁੱਖ ਦੀ ਕਲਪਨਾ ਵਿਚ ਵੀ ਨਹੀਂ ਆਈ ਹੈ, ਪਰ ਜਿਸ ਦਾ ਬੋਧ ਭਵਿਖਤ ਖੋਜ ਨਾਲ ਹੋ ਸਕਦਾ ਹੈ, ਵੀ ਪਦਾਰਥ ਹੀ ਹੈ।
ਵਿਗਿਆਨ ਵਿਚ ਵਿਸ਼ਵਾਸ ਦ੍ਰਿੜਾਉਂਦਿਆਂ ਲੈਨਿਨ ਨੇ ਕਿਹਾ ਕਿ ਹਾਲੇ ਤਾਂ ਖੋਜ ਸ਼ੁਰੂ ਹੋਈ ਹੈ, ਇਸ ਦੇ ਵਾਧੇ ਨਾਲ ਪਦਾਰਥ ਦੀਆਂ ਜੋ ਅਨੰਤ ਹੋਰ ਕਿਸਮਾਂ ਤੇ ਸੰਭਾਵਨਾਵਾਂ ਸਾਹਮਣੇ ਆਉਣਗੀਆਂ, ਉਹ ਵੀ ਪਦਾਰਥਕ ਹੀ ਹੋਣਗੀਆਂ। ਉਸ ਨੇ ਸਾਫ ਦੱਸਿਆ ਕਿ ਪਦਾਰਥ ਦੀ ਰੂਪ-ਬਦਲੀ ਹੋ ਸਕਦੀ ਹੈ, ਭਾਵ ਇਹ ਇਕ ਰੂਪ ਬਦਲ ਕੇ ਦੂਜਾ ਰੂਪ ਤਾਂ ਧਾਰ ਸਕਦਾ ਹੈ, ਪਰ ਇਸ ਦਾ ਅੰਤ ਕਦੇ ਨਹੀਂ ਹੋ ਸਕਦਾ। ਕੁਝ ਹੀ ਵਰ੍ਹਿਆਂ ਪਿਛੋਂ ਸੁਪ੍ਰਸਿੱਧ ਵਿਗਿਆਨੀ ਆਇਨਸਟੀਨ ਨੇ ਆਪਣੀ ਖੋਜ ਰਾਹੀਂ ਸਿੱਧ ਵੀ ਕਰ ਦਿੱਤਾ ਕਿ ਪਦਾਰਥ ਤੇ ਸ਼ਕਤੀ ਇਕੋ ਥੈਲੀ ਦੇ ਚੱਟੇ ਵੱਟੇ ਹਨ ਤੇ ਉਸ ਨੇ ਇਨ੍ਹਾਂ ਦੇ ਆਪਸੀ ਰੁਪਾਂਤਰਣ ਬਾਰੇ ਆਪਣੀ ਵਿਸ਼ਵ-ਪ੍ਰਸਿੱਧ ਸਮੀਕਰਣ ਵੀ ਦੇ ਦਿੱਤੀ!
ਇੰਜ ਵਿਗਿਆਨਕ ਖੋਜਾਂ ਨੇ ਦਰਸਾ ਦਿੱਤਾ ਕਿ ਜਿਸ ਸ਼ਕਤੀ ਦੀ ਤਲਾਸ਼ ਵਿਚ ਮਨੁੱਖ ਸਦੀਆਂ ਤੋਂ ਅਧਿਆਤਮਵਾਦ ਦਾ ਸਹਾਰਾ ਲੈਂਦਾ ਭਟਕ ਰਿਹਾ ਹੈ, ਉਹ ਕਿਤੇ ਬਾਹਰ ਨਹੀਂ ਹੈ, ਸਗੋਂ ਅਣੂੰਆਂ ਵਿਚ ਘੁੰਮਦੇ ਪ੍ਰਮਾਣੂਆਂ ਦੀ ਹੀ ਗਤੀ ਹੈ। ਵਿਗਿਆਨ ਅਨੁਸਾਰ ਪਦਾਰਥ ਦੀ ਹੋਂਦ ਹੀ ਗਤੀ ਵਿਚ ਹੋ ਸਕਦੀ ਹੈ ਤੇ ਇਸ ਨੂੰ ਆਪਣੀ ਗਤੀ ਲਈ ਕਿਸੇ ਬਾਹਰੀ ਸ਼ਕਤੀ ਦੀ ਲੋੜ ਨਹੀਂ ਹੈ। ਇਸ ਨਾਲ ਨਿਊਟਨ ਵੇਲੇ ਦਾ ਪਹਿਲੀ ਧਕੇਲ (ਾਂਰਿਸਟ ੀਮਪੁਲਸe) ਦਾ ਵੱਡਾ ਪ੍ਰਸ਼ਨ ਵੀ ਹੱਲ ਹੋ ਗਿਆ, ਜਿਸ ਦੀ ਆੜ ਵਿਚ ਅਧਿਆਤਮਵਾਦੀ ਲੰਮੇ ਸਮੇਂ ਤੀਕ ਆਪਣੀ ਜ਼ਿੱਦ ‘ਤੇ ਅੜੇ ਰਹੇ। ਇਨ੍ਹਾਂ ਵਿਗਿਆਨਕ ਖੋਜਾਂ ਨਾਲ ਮੋਹਰੀ ਬੁਧੀਜੀਵੀ ਭਾਈਚਾਰੇ ਨੂੰ ਸਮਝ ਪੈ ਗਈ ਕਿ ਗਤੀ ਨੂੰ ਪਦਾਰਥ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਹੌਲੀ ਹੌਲੀ ਇਹ ਇਕ ਪੱਕੀ ਵਿਗਿਆਨਕ ਧਾਰਨਾ ਬਣ ਗਈ ਕਿ ਪਦਾਰਥ ਤੇ ਗਤੀ ਦਾ ਜੁਗਾਂ ਜੁਗਾਂਤਰਾਂ ਤੋਂ ਚੱਲਿਆ ਆ ਰਿਹਾ ਮੇਲ ਸਦੀਵੀ ਹੈ ਤੇ ਇਹ ਕਿਸੇ ਹਾਲਤ ਵਿਚ ਵੀ ਨਸ਼ਟ ਨਹੀਂ ਹੋ ਸਕਦਾ।
ਜੇ ਗੁਰੂ ਨਾਨਕ ਦੇ ‘ਆਦਿ ਸਚੁ ਜੁਗਾਦਿ ਸਚੁ’ ਦੇ ਮਹਾਂਵਾਕ ਨੂੰ ਪਦਾਰਥ ਦੀ ਆਧੁਨਿਕ ਪਰਿਭਾਸ਼ਾ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਮੰਨਣਾ ਪਵੇਗਾ ਕਿ ਉਨ੍ਹਾਂ ਦੇ ਕਥਨ ਦੇ ਸਾਰੇ ਅੰਸ਼ ਵਿਗਿਆਨ ਨੇ ਸਵੀਕਾਰ ਕੀਤੇ ਹਨ। ਸੱਚ ਤਾਂ ਇਹ ਹੈ ਕਿ ਗੁਰੂ ਸਾਹਿਬ ਆਪਣੀਆਂ ਕਈ ਪੰਕਤੀਆਂ ਰਾਹੀਂ ਪਹਿਲਾਂ ਹੀ ਸੰਕੇਤ-ਪੂਰਵਕ ਦੱਸ ਚੁਕੇ ਸਨ ਕਿ ਪਰਮ-ਸਤ ਦੀ ਪ੍ਰਕ੍ਰਿਤੀ ਪਦਾਰਥਕ ਹੈ। ਜੇ ‘ਆਪੀਨੈ ਆਪ ਸਾਜਿਓ’ ਭਾਵ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਸਾਜਿਆ ਹੈ, ਤੇ ਜੇ ਜਿਸ ਨੇ ਸਾਜਿਆ ਹੈ, ਉਹ ਸਦੀਵੀ ਤੇ ਅਬਨਾਸੀ ਹੋਂਦ ਦਾ ਹੈ ਅਤੇ ਜੋ ਸਾਜਿਆ ਗਿਆ ਹੈ, ਉਹ ਰੰਗੀ ਰੰਗੀ ਭਾਤੀ ਦੀ ‘ਜਿਨਸੀ ਮਾਇਆ’ ਭਾਵ ਪਦਾਰਥਕ ਬਣਤਰ ਦੀ ਕੁਦਰਤ ਹੈ ਤਾਂ ਆਪਣੇ ਤੋਂ ਆਪ ਨੂੰ ਸਾਜਣ ਵਾਲਾ ‘ਆਪ’ ਤੇ ਕੁਦਰਤ-ਦੋਵੇਂ ਹੀ ਪਦਾਰਥ ਹਨ। ਉਧਰ ਵਿਗਿਆਨ ਦੀ ਦ੍ਰਿਸ਼ਟੀ ਵਿਚ ਵੀ ਪਦਾਰਥ ਅਬਿਨਾਸੀ ਹੈ ਤੇ ਬ੍ਰਹਿਮੰਡ ਦਾ ਸਦੀਵੀ ਮੂਲ ਆਧਾਰ ਹੈ। ਇਸ ਲਈ ਗੁਰੂ ਸਾਹਿਬ ਦੇ ਸਚੁ ਦਾ ਪਾਤਰ ਵੀ ਵਿਗਿਆਨ ਦੇ ਅਬਿਨਾਸੀ ਪਦਾਰਥ ਜਿਹਾ ਹੀ ਪਦਾਰਥ ਹੈ। ਇੰਜ ਗੁਰੂ ਸਾਹਿਬ ਦੀ ਸੋਚ ਵਿਗਿਆਨਕ ਕਸਵੱਟੀ ‘ਤੇ ਪੂਰੀ ਉਤਰਦੀ ਹੈ ਤੇ ਵਿਗਿਆਨ ਇਸ ਨੂੰ ਪ੍ਰਮਾਣਿਤ ਕਰਦਾ ਹੈ।
ਭਾਵੇਂ ਗੁਰੂ ਸਾਹਿਬ ਦੀ ਸੋਚ ਦਾ ਇਹ ਸਿੱਟਾ ਬਿਲਕੁਲ ਸਹੀ ਸੀ, ਪਰ ਉਨ੍ਹਾਂ ਨੇ ਵਿਗਿਆਨਕ ਪੁਸ਼ਟੀ ਤੋਂ ਬਿਨਾ ਇਸ ਨੂੰ ਸਿੱਧੇ ਰੂਪ ਵਿਚ ਬਿਆਨ ਕਰਨ ਤੋਂ ਸੰਕੋਚ ਕੀਤਾ। ਆਪਣੇ ‘ਆਦਿ ਸਚੁ ਜੁਗਾਦਿ ਸਚੁ’ ਵਾਲੇ ਮਹਾਂ-ਵਾਕਾਂ ਵਿਚ ‘ਸਚੁ’ ਦੇ ਪਾਤਰ ਦੀ ਪ੍ਰਕ੍ਰਿਤੀ ਨੂੰ ਪਛਾਣਦਿਆਂ ਵੀ ਉਨ੍ਹਾਂ ਨੇ ਇਸ ਦੀ ਪ੍ਰੋੜਤਾ ਨੂੰ ਵਿਗਿਆਨਕ ਖੋਜ ਸਹਾਰੇ ਛੱਡ ਕੇ ਜੋ ਵਿਗਿਆਨਕ ‘ਗੁਰ’ ਚਲਾਇਆ, ਉਹ ਸਾਇੰਸ ਦੇ ਇਤਿਹਾਸ ਵਿਚ ਆਪਣੀ ਮਿਸਾਲ ਆਪ ਰਹੇਗਾ। ਅਜੋਕੇ ਸਿੱਖ ਵਿਦਵਾਨ ਭਾਵੇਂ ਇਸ ਗੱਲ ਦੀ ਕਦਰ ਪਾਉਣ ਜਾਂ ਨਾ, ਪਰ ਪਦਾਰਥ ਦੀ ਸਹੀ ਪੇਸ਼ੀਨਗੋਈ ਲਈ ਅਜੋਕਾ ਵਿਗਿਆਨ ਉਨ੍ਹਾਂ ਦਾ ਹਮੇਸ਼ਾ ਪਾਣੀ ਭਰਦਾ ਰਹੇਗਾ। ਉਨ੍ਹਾਂ ਦਾ ਇਹ ਅਨੁਭਵੀ ਪੈਂਤੜਾ ਸਿੱਧ ਕਰਦਾ ਹੈ ਕਿ ਉਹ ਆਧੁਨਿਕ ਵਿਗਿਆਨੀਆਂ ਦੇ ਬਾਪਾਂ ਦੇ ਬਾਪ ਸਨ।
ਇਸ ਲਈ ਗੁਰੂ ਨਾਨਕ ਨੂੰ ਕਰਾਮਾਤੀ ਪੁਰਸ਼ ਕਹਿਣਾ ਅਤੇ ਉਨ੍ਹਾਂ ਦੇ ਅਕਸ ਨੂੰ ਕਰਾਮਾਤੀ ਚਮਤਕਾਰਾਂ ਨਾਲ ਉਸਾਰਨਾ ਅਜੋਕੇ ਸਿੱਖਾਂ ਦਾ ਸਰਾਸਰ ਕਸੁੱਧਾ ਰੁਝਾਨ ਹੈ। ਗੁਰੂ ਸਾਹਿਬ ਦੇ ਅਸਲ ਚਮਤਕਾਰ ਤਾਂ ਉਨ੍ਹਾਂ ਦੀ ਵਿਗਿਆਨਕ ਸੋਚ ਤੇ ਸੋਚ ਦੀ ਵਿਗਿਆਨਕਤਾ ਹਨ, ਪਰ ਇਨ੍ਹਾਂ ਦਾ ਜ਼ਿਕਰ ਸ਼ਰਧਾਲੂ ਸਿੱਖ ਕਦੇ ਵੀ ਨਹੀਂ ਕਰਦੇ। ਜੇ ਅਜੋਕੇ ਸਿੱਖ, ਸਾਧ, ਸੰਤ, ਪ੍ਰਚਾਰਕ ਤੇ ਪੁਜਾਰੀ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਅਸਲੋਂ ਬੁੱਝ ਕੇ ਅਮਲ ਵਿਚ ਲਿਆ ਰਹੇ ਹੁੰਦੇ ਤਾਂ ਉਹ ਉਨ੍ਹਾਂ ਦੀਆਂ ਮਨਘੜਤ ਕਰਾਮਾਤਾਂ ਦਾ ਗੁਣਗਾਣ ਕਰਨ ਦੀ ਥਾਂ ਉਨ੍ਹਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਪ੍ਰਤੀ ਜਾਗਰੂਕਤਾ ਫੈਲਾ ਰਹੇ ਹੁੰਦੇ। ਇਸ ਉਦੇਸ਼ ਹਿੱਤ ਉਹ ਗੁਰਬਾਣੀ ਗਿਆਨ ਦੇ ਨਾਲ ਸਿੱਖ ਸ਼ਰਧਾਲੂਆਂ ਲਈ ਗੁਰੂ ਘਰਾਂ ਵਿਚ ਆਧੁਨਿਕ ਵਿਗਿਆਨ ਦੀਆਂ ਕਲਾਸਾਂ ਚਲਾ ਰਹੇ ਹੁੰਦੇ ਤੇ ਦਾਨ-ਚੜ੍ਹਾਵੇ-ਗੋਲਕਾਂ ਪਿੱਛੇ ਨਾ ਦੌੜ ਕੇ ਇਸ ਸੱਚੀ ਕਿਰਤ ਰਾਹੀਂ ਆਪਣੀ ਉਪਜੀਵਕਾ ਕਮਾ ਰਹੇ ਹੁੰਦੇ। ਇੱਦਾਂ ਸਿੱਖੀ ਸਿਧਾਂਤ ਦੀਆਂ ਗੂੰਜਾਂ ਅੱਜ ਪੂਰੇ ਵਿਸ਼ਵ ਵਿਚ ਪੈ ਰਹੀਆਂ ਹੁੰਦੀਆਂ।
(ਸਮਾਪਤ)