ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਜੀਵਨ ਦੇ ਭਿੰਨ ਭਿੰਨ ਮੌਸਮਾਂ ਦਾ ਵਿਖਿਆਨ ਕੀਤਾ ਸੀ, “ਇਹ ਮੌਸਮ ਕੇਹੇ ਹਨ, ਮੌਸਮ ਮਨ, ਤਨ ਤੇ ਧਨ ਦਾ। ਮੌਸਮ ਬਹਾਰ, ਪੱਤਝੱੜ, ਬਰਸਾਤ ਤੇ ਹੁੱਸੜ ਦਾ। ਮੌਸਮ ਰੰਗਾਂ, ਮਹਿਕਾਂ, ਪੁੰਗਾਰੇ, ਪੀਲੱਤਣਾਂ ਅਤੇ ਹਰਿਆਲੀ ਦਾ।
ਮੌਸਮ ਤਿਤਲੀਆਂ ਅਤੇ ਭੌਰਿਆਂ ਦੇ ਹਾਸਿਆਂ ਤੇ ਝੋਰਿਆ ਦਾ। ਮੌਸਮ, ਰੋਸਿਆਂ ਤੇ ਰੋਣਿਆਂ ਦਾ, ਸ਼ਿਕਵਿਆਂ ਤੇ ਸ਼ਿਕਾਇਤਾਂ ਦਾ, ਜੁਗਤਾਂ ਤੇ ਹਦਾਇਤਾਂ ਦਾ।” ਸਿਆਣਿਆਂ ਸੱਚ ਹੀ ਕਿਹਾ ਹੈ ਕਿ ਬੱਚਾ ਬਾਪ ਦਾ ਗੁਰੂ ਵੀ ਹੁੰਦਾ ਹੈ। ਹਥਲੇ ਲੇਖ ਵਿਚ ਡਾ. ਭੰਡਾਲ ਕਹਿੰਦੇ ਹਨ, “ਬੱਚਿਆਂ ਨੂੰ ਗੁਰੂ ਧਾਰ ਕੇ ਹੀ ਜੀਵਨ ਵਿਚ ਕੁਝ ਅਜਿਹਾ ਬਦਲਾਓ ਲਿਆ ਸਕਦੇ ਹਾਂ, ਜੋ ਜੀਵਨ ਨੂੰ ਸਹਿਜ, ਸੰਤੁਸ਼ਟੀ, ਸੰਤੋਖ, ਸਬਰ ਅਤੇ ਕੁਝ ਨਵਾਂ ਸਿੱਖਣ ਦੇ ਚਾਅ ਤੇ ਹੁਲਾਸ ਨਾਲ ਭਰ ਸਕਦਾ।…ਬੱਚੇ ਦੇ ਮਨ ਵਿਚ ਕੋਈ ਨਹੀਂ ਮਲੀਨਤਾ, ਕੋਹਜ-ਵਿਚਾਰ ਜਾਂ ਮੰਦ-ਭਾਵਨਾ ਵਿਚੋਂ ਉਪਜੀ ਮਲੀਨ ਅਭਿਲਾਸ਼ਾ। ਉਹ ਕਹਿਣੀ ਅਤੇ ਕਰਨੀ ਵਿਚ ਪੂਰਾ। ਬੇਲਾਗ, ਬੇਦਾਗ ਅਤੇ ਸਰਘੀ ਜਿਹਾ, ਜਿਸ ਕਾਰਨ ਆਲੇ-ਦੁਆਲੇ ‘ਚ ਪਾਕੀਜ਼ਗੀ ਦਾ ਪਸਾਰਾ।” ਉਹ ਸਵਾਲ ਕਰਦੇ ਹਨ, “ਕੀ ਤੁਸੀਂ ਵੀ ਬੱਚੇ ਨੂੰ ਗੁਰੂ ਧਾਰਨ ਬਾਰੇ ਕਦੇ ਸੋਚਿਆ ਏ?” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਬੱਚੇ, ਬੱਚੇ ਹੀ ਹੁੰਦੇ ਤੇ ਅਸੀਂ ਉਨ੍ਹਾਂ ਨੂੰ ਸਦਾ ਬੱਚੇ ਹੀ ਸਮਝਦੇ, ਪਰ ਬੱਚਾ, ਬਾਪ ਵੀ ਹੁੰਦਾ, ਜੋ ਬਹੁਤ ਕੁਝ ਅਚੇਤ ਰੂਪ ਵਿਚ ਸਾਡੇ ਮਨ ਵਿਚ ਧਰਦਾ। ਬਚਪਨੀ ਸਿਆਣਪਾਂ ਨੂੰ ਅਪਨਾਉਣ ਅਤੇ ਇਸ ਅਨੁਸਾਰ ਖੁਦ ਨੂੰ ਢਾਲਣ ਲਈ ਪ੍ਰੇਰਿਤ ਵੀ ਕਰਦਾ।
ਬੱਚੇ ਦਾ, ਬੱਚੇ ਤੋਂ ਬਾਪ ਤੀਕ ਦਾ ਸਫਰ ਸਮਝਣ ਲਈ ਚੇਤੰਨ ਪੱਧਰ ‘ਤੇ ਬਹੁਤ ਕੁਝ ਸੋਚਣ ਅਤੇ ਸਮਝਣ ਦੀ ਲੋੜ। ਤਾਂ ਹੀ ਬੱਚੇ ਦੀ ਬਰਕਤੀ ਇਨਾਇਤ ਨੂੰ ਸਮਝ ਸਕਦੇ ਹਾਂ।
ਬੱਚੇ ਬਹੁਤ ਕੁਝ ਵੱਡਿਆਂ ਤੋਂ ਸਿੱਖਦੇ, ਪਰ ਵੱਡੇ ਵੀ ਬੱਚਿਆਂ ਤੋਂ ਕੁਝ ਸਿੱਖਣ। ਬੱਚੇ ਦੀ ਹਰ ਹਰਕਤ, ਬਹੁਤ ਕੁਝ ਵਡੇਰਿਆਂ ਦੀ ਸੋਚ-ਧਰਾਤਲ ਦੇ ਨਾਮ ਕਰਦੀ। ਬੱਚਿਆਂ ਨੂੰ ਗੁਰੂ ਧਾਰ ਕੇ ਹੀ ਜੀਵਨ ਵਿਚ ਕੁਝ ਅਜਿਹਾ ਬਦਲਾਓ ਲਿਆ ਸਕਦੇ ਹਾਂ, ਜੋ ਜੀਵਨ ਨੂੰ ਸਹਿਜ, ਸੰਤੁਸ਼ਟੀ, ਸੰਤੋਖ, ਸਬਰ ਅਤੇ ਕੁਝ ਨਵਾਂ ਸਿੱਖਣ ਦੇ ਚਾਅ ਤੇ ਹੁਲਾਸ ਨਾਲ ਭਰ ਸਕਦਾ।
ਬਹੁਤ ਅਚੰਭਾ ਹੁੰਦਾ ਹੈ, ਬੱਚੇ ਨੂੰ ਗੁਰੂ ਧਾਰਨਾ। ਇਸ ਰਾਹੀਂ ਖੁਦ ਨੂੰ ਨਿਖਾਰਨਾ, ਪਰ ਇਹ ਹੀ ਤਾਂ ਸਮੇਂ ਦਾ ਸੱਚ ਹੈ, ਜਿਸ ਤੋਂ ਅਸੀਂ ਮੁਨਕਰ ਹਾਂ। ਅਸੀਂ ਖੁਦ ਨੂੰ ਵੱਧ ਸਿਆਣਾ, ਸੋਚਵਾਨ ਅਤੇ ਸਮਰੱਥ ਸਮਝਣ ਦੀ ਭੁੱਲ ਜੁ ਕਰਦੇ ਹਾਂ।
ਬੱਚੇ ਦੀਆਂ ਵੱਖੋ-ਵੱਖਰੀਆਂ ਸਥਿਤੀਆਂ ਅਤੇ ਅਵਸਥਾਵਾਂ ਨੂੰ ਸੂਖਮ ਬਿਰਤੀ ਨਾਲ ਵਾਚਿਆਂ ਇਹ ਪ੍ਰਤੱਖ ਹੋ ਜਾਵੇਗਾ ਕਿ ਬੱਚੇ ਵੀ ਅਚੇਤ ਰੂਪ ਵਿਚ ਮੱਤ ਦੇ ਸਕਦੇ ਹਨ, ਜਿਸ ਤੋਂ ਅਵੇਸਲੇਪਣ ਦਾ ਨੁਕਸਾਨ ਅਸੀਂ ਖੁਦ ਹੀ ਉਠਾ ਰਹੇ ਹਾਂ।
ਬੱਚੇ ਨੂੰ ਭੁੱਖ ਲੱਗਦੀ ਤਾਂ ਰੋਂਦਾ ਅਤੇ ਤ੍ਰਿਪਤੀ ਪਿਛੋਂ ਉਸ ਨੂੰ ਪੂਰਨ ਰੱਜ ਹੋ ਜਾਂਦਾ। ਉਸ ਦੇ ਮਨ ਵਿਚ ਆਦਮੀ ਵਾਂਗ ਹਰ ਘੜੀ ਕੁਝ ਖਾਈ ਜਾਣ ਦਾ ਭੋਖੜਾ ਨਹੀਂ ਹੁੰਦਾ। ਇਹ ਮਨੁੱਖੀ ਆਦਤ ਹੀ ਹੈ, ਜਿਸ ਕਰਕੇ ਉਹ ਭੁੱਖਾ ਰਹਿ ਕੇ ਨਹੀਂ ਸਗੋਂ ਵੱਧ ਖਾ ਕੇ ਸ਼ੂਗਰ, ਬਲੱਡ-ਪ੍ਰੈਸ਼ਰ, ਮੁਟਾਪਾ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਆਪਣੀ ਉਮਰ ਨੂੰ ਹੀ ਘਟਾ ਰਿਹਾ। ਇਸ ਕਾਰਨ ਹੀ ਹਸਪਤਾਲਾਂ ਵਿਚ ਭੀੜ ਹੈ। ਅਜੋਕਾ ਮਨੁੱਖ ਖਾਣੇ ਨਾਲੋਂ ਬਿਮਾਰੀਆਂ ‘ਤੇ ਵੱਧ ਖਰਚ ਕਰਦਾ ਹੈ। ਭੁੱਖ ਨੂੰ ਸਮੇਂ ਅਨੁਸਾਰ ਸੁਨਿਸ਼ਚਿਤ ਕਰਨਾ ਅਤੇ ਲੋੜ ਅਨੁਸਾਰ ਖਾਣ ਦੀ ਬਿਰਤੀ ਤਾਂ ਬੱਚੇ ਤੋਂ ਸਿੱਖੀ ਹੀ ਜਾ ਸਕਦੀ ਹੈ। ਕਦੇ ਕਦਾਈਂ ਬੱਚੇ ਨੂੰ ਖੇਡ ਵਿਚ ਮਸਤ ਦੇਖਣਾ। ਉਸ ਨੂੰ ਖਾਣ ਦਾ ਵੀ ਚੇਤਾ ਨਹੀਂ ਰਹਿੰਦਾ। ਆਦਮੀ ਤਾਂ ਸਾਰਾ ਦਿਨ ਇਸੇ ਵਿਚ ਹੀ ਉਲਝਿਆ ਰਹਿੰਦਾ ਕਿ ਇਹ ਫਾਸਟ ਫੂਡ, ਇਹ ਆਰਗੈਨਿਕ, ਇਹ ਬੇਹਾ ਜਾਂ ਇਹ ਤਾਜਾ…। ਜ਼ਿੰਦਗੀ ਵਿਚ ਬਹੁਤ ਕੁਝ ਹੁੰਦਾ, ਜੋ ਸਿਰਫ ਭੋਖੜੇ ਤੋਂ ਦੂਰ ਹੋ ਕੇ ਹੀ ਸਮਝ ਸਕਦੇ ਹਾਂ। ਖਾਣਾ ਜਿਉਣ ਲਈ ਹੁੰਦਾ, ਨਾ ਕਿ ਜਿਉਣਾ ਸਿਰਫ ਖਾਣ ਲਈ ਹੀ। ਜੇ ਅਸੀਂ ਬੱਚੇ ਨੂੰ ਲੋੜ ਤੋਂ ਵੱਧ ਖੁਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬੱਚੇ ਨੂੰ ਬਦਹਜ਼ਮੀ ਹੋ ਜਾਵੇਗੀ। ਬੱਚੇ ਦੇ ਮਨ ਵਿਚ ਕੁਦਰਤੀ ਤੌਰ ‘ਤੇ ਇਕ ਸਬਰ-ਸੰਤੋਖ ਹੁੰਦਾ, ਜਿਸ ਤੋਂ ਮਨੁੱਖ ਉਵੇਂ ਉਵੇਂ ਦੂਰ ਹੋਈ ਜਾਂਦਾ, ਜਿਵੇਂ ਜਿਵੇਂ ਉਸ ਦੀ ਉਮਰ ਵੱਧਦੀ। ਸੀਮਤ ਸਮੇਂ ਦੌਰਾਨ ਸੀਮਤ ਖਾਣਾ ਖਾਣ ਦੀ ਆਦਤ ਤਾਂ ਬੱਚਿਆਂ ਤੋਂ ਸਿੱਖੀ ਹੀ ਜਾ ਸਕਦੀ, ਜਿਨ੍ਹਾਂ ਨੂੰ ਢਿੱਡ ਭਰੇ ਤੋਂ ਨਾਂਹ ਕਰਨੀ ਆਉਂਦੀ ਹੈ।
ਬੱਚਾ ਸਭ ਤੋਂ ਵੱਡਾ ਸਿਖਿਆਰਥੀ, ਹਰ ਦਮ ਸਿੱਖਦਾ। ਕੁਝ ਨਾ ਕੁਝ ਨਵਾਂ ਕਰਨ ਦਾ ਚਾਹਵਾਨ। ਹਰ ਕਾਰਜ ਖੁਦ ਕਰਨ ਲਈ ਕਾਹਲਾ। ਬੱਚਾ ‘ਕੱਲਾ ‘ਕੱਲਾ ਅੱਖਰ ਬੋਲਣ ਦੀ ਜਾਚ ਸਿੱਖਦਾ, ਵਾਕ ਬਣਾਉਂਦਾ, ਗੱਲਾਂ ਜੋੜਦਾ ਅਤੇ ਤੋਤਲੇ ਬੋਲਾਂ ਨਾਲ ਕਾਲਪਨਿਕ ਪਰੀ ਕਹਾਣੀਆਂ ਸੁਣਾਉਂਦਾ, ਸਭ ਦਾ ਜੀਅ ਪ੍ਰਚਾਈ ਰੱਖਦਾ। ਸਭ ਤੋਂ ਪਹਿਲਾਂ ਰਿੜਦਾ ਤੇ ਫਿਰ ਉਂਗਲ ਜਾਂ ਮੰਜੇ ਦੀ ਬਾਹੀ ਫੜ ਕੇ ਹੌਲੀ ਹੌਲੀ ਖੜਾ ਹੋਣਾ ਸਿੱਖਦਾ। ਗਡੀਰੇ ਨਾਲ ਤੁਰਨਾ ਸਿੱਖਦਾ ਅਤੇ ਫਿਰ ਉਡਾਰੂ ਹੋ ਜਾਂਦਾ। ਸਾਈਕਲ ਸਿੱਖਣ ਲੱਗਿਆਂ ਕਈ ਵਾਰ ਡਿੱਗਦਾ, ਪਰ ਕਦੇ ਵੀ ਸੱਟ ਦਾ ਡਰ ਉਸ ਦੇ ਮਨ ਵਿਚ ਪੈਦਾ ਨਹੀਂ ਹੁੰਦਾ। ਉਸ ਦੇ ਮਨ ਵਿਚ ਸਿੱਖਣ ਦੀ ਚਾਹਤ, ਉਸ ਦੀ ਮਾਨਸਿਕ ਤਾਕਤ, ਜਿਸ ਸਾਹਵੇਂ ਨਿੱਕੇ ਨਿੱਕੇ ਡਰ ਨਿਗੂਣੇ। ਇਸ ਕਾਰਨ ਹੀ ਉਹ ਹੌਲੀ ਹੌਲੀ ਸੰਪੂਰਨਤਾ ਵੰਨੀਂ ਕਦਮ ਪੁੱਟਦਾ। ਬੱਚੇ ਹਰ ਹਾਲਤ ਵਿਚ ਸੰਤੁਲਿਤ ਰਹਿੰਦੇ। ਨਿਕਲਣ ਵਾਲੇ ਸਿੱਟਿਆਂ ਤੋਂ ਬੇਲਾਗ ਇਸ ਦਾ ਸਾਹਮਣਾ ਕਰਦੇ। ਭਾਵੇਂ ਕਈ ਵਾਰ ਨੁਕਸਾਨ ਵੀ ਹੋ ਜਾਂਦਾ, ਪਰ ਉਨ੍ਹਾਂ ਦੇ ਮਨ ਵਿਚ ਸਿੱਖਣ ਦੀ ਲਿਲਕ ਹਮੇਸ਼ਾ ਤਾਰੀ ਰਹਿੰਦੀ। ਇਸ ਦੇ ਉਲਟ ਮਨੁੱਖ ਜਦ ਕਿਸੇ ਮੁਕਾਮ ‘ਤੇ ਪਹੁੰਚ ਜਾਂਦਾ ਤਾਂ ਉਹ ਹੇਠਾਂ ਡਿੱਗਣ, ਅਣਹੋਣੀ ਵਾਪਰਨ ਜਾਂ ਅਣਸੁਖਾਵਾਂ ਹੋਣ ਦੇ ਡਰ ਕਾਰਨ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇਸ ‘ਚੋਂ ਉਭਰਨ ਲਈ ਖੁਦ ਨੂੰ ਦਾਅ ‘ਤੇ ਲਾਉਣ ਤੋਂ ਕੰਨੀਂ ਕਤਰਾਉਂਦਾ। ਆਪੇ ਸਿਰਜੇ ਅਰਾਮਦਾਇਕ ਮਾਹੌਲ ਵਿਚੋਂ ਬਾਹਰ ਨਿਕਲਣ ਤੋਂ ਤ੍ਰਹਿੰਦਾ। ਜੀਵਨ ਦੇ ਅਣਛੋਹੇ ਪੜਾਅ, ਨਵੇਂ ਸੁਪਨੇ ਲੈਣ ਅਤੇ ਇਨ੍ਹਾਂ ਦੀ ਪੂਰਤੀ ਤੋਂ ਪਾਸਾ ਵੱਟਣ ਵਿਚ ਹੀ ਭਲਾਈ ਸਮਝਦਾ। ਜਦ ਸੱਤਰਾਂ ਨੂੰ ਢੁੱਕਿਆ, ਪੜ੍ਹਿਆ-ਲਿਖਿਆ ਬੰਦਾ ਮੌਜੂਦਾ ਇਲੈਕਟ੍ਰਾਨਿਕ ਵਸਤਾਂ ਨੂੰ ਵਰਤਣ ਜਾਂ ਸਿੱਖਣ ਤੋਂ ਗੁਰੇਜ਼ ਕਰੇਗਾ ਤਾਂ ਉਹ ਬਹੁਤ ਪਿੱਛੇ ਰਹਿ ਜਾਵੇਗਾ। ਪਿੰਡ ਦੀ ਫਿਰਨੀ ਦੁਆਲੇ ਘੁੰਮ ਰਹੀ ਸੋਚ ਨੂੰ ਮਹਾਂਨਗਰਾਂ ਜਾਂ ਵਿਦੇਸ਼ਾਂ ਵਿਚ ਵੱਸਦੀ ਚੇਤਨਾ ਦੇ ਬਰਾਬਰ ਕਿਵੇਂ ਕਰੋਗੇ? ਅਜਿਹੇ ਸਮੇਂ ਬੱਚਿਆਂ ਨੂੰ ਗੁਰੂ ਧਾਰਨਾ, ਤੁਹਾਨੂੰ ਕੰਪਿਊਟਰ ਵਰਤਣਾ, ਫੋਨ ਦੇ ਵੱਖ-ਵੱਖ ਐਪਸ ਵਰਤਣਾ ਆਦਿ ਬਹੁਤ ਕੁਝ ਸਮਝ ਆ ਜਾਵੇਗਾ। ਲੋੜ ਤਾਂ ਬੱਚੇ ਤੋਂ ਕੁਝ ਸਿੱਖਣ ਦੀ ਏ। ਦਾਦੇ ਜਾਂ ਨਾਨੇ ਜਦ ਬੱਚਿਆਂ ਨੂੰ ਗੁਰੂ ਧਾਰ ਕੇ, ਉਨ੍ਹਾਂ ਦੀ ਸ਼ਰਨ ਵਿਚ ਜਾਂਦੇ ਨੇ ਤਾਂ ਉਹ ਬਹੁਤ ਕੁਝ ਅਜਿਹਾ ਸਿੱਖ ਜਾਂਦੇ ਨੇ, ਜਿਨ੍ਹਾਂ ਦਾ ਚਿੱਤ-ਚੇਤਾ ਵੀ ਨਹੀਂ ਹੁੰਦਾ। ਸਮੇਂ ਦੇ ਹਾਣੀ ਹੋਣ ਅਤੇ ਇਸ ਅਨੁਸਾਰ ਜੀਵਨ ਤੋਰ ਨੂੰ ਨਿਰਧਾਰਤ ਕਰਨ ਵਾਲੇ ਹੀ ਵਕਤ ਦੇ ਸ਼ਾਹ-ਅਸਵਾਰ।
ਬੱਚਿਆਂ ਤੋਂ ਵੱਡਾ ਕੋਈ ਧਰਮ ਨਿਰਪੱਖ ਨਹੀਂ, ਕੋਈ ਨਹੀਂ ਜਾਤ-ਪਾਤ, ਊਚ-ਨੀਚ, ਭੇਦ-ਭਾਵ। ਬੱਚਿਆਂ ਲਈ ਸਾਰੇ ਬਰਾਬਰ। ਇਸ ਬਰਾਬਰੀ ਵਿਚੋਂ ਖੁਸ਼ੀਆਂ ਤੇ ਖੇੜਿਆਂ ਦਾ ਅਜਿਹਾ ਸੰਸਾਰ ਸਿਰਜਦੇ, ਜੋ ਸਿਰਫ ਬੱਚਿਆਂ ਦੀ ਹੀ ਅਮਾਨਤ। ਬੱਚੇ ਹੀ ਇਸ ਦੇ ਸਿਰਜਣਹਾਰੇ ਅਤੇ ਰਖਵਾਲੇ। ਬੱਚਿਆਂ ਦੀ ਦੁਨੀਆਂ ਕਮਾਲ ਅਤੇ ਇਸ ਕਮਾਲ ਨੂੰ ਬਚਪਨੀ ਬਹਿਸ਼ਤ ਕਹਿਣਾ ਕੁਥਾਂ ਨਹੀਂ। ਇਸ ਬਹਿਸ਼ਤ ਵਿਚ ਖੇੜੇ, ਸਦਭਾਵਨਾ, ਪਿਆਰ ਅਤੇ ਨਿਰਛੱਲਤਾ ਦੀ ਰਾਗਣੀ। ਇਸ ‘ਚ ਈਰਖਾ, ਵੈਰ-ਵਿਰੋਧ, ਨਫਰਤ ਜਾਂ ਹੀਣ-ਭਾਵਨਾ ਨਹੀਂ। ਬੱਚੇ ਜਦ ਰੰਗ, ਨਸਲ ਜਾਂ ਕੌਮੀਅਤ ਤੋਂ ਅਣਜਾਣ ਆਪਸ ‘ਚ ਖੇਡਦੇ ਤਾਂ ਜਿੱਤ ਹਾਰ ਲਈ ਨਹੀਂ ਸਗੋ ਚਾਅ, ਖੁਸ਼ੀ, ਸਿਹਤ, ਮਨ-ਮੌਜ ਅਤੇ ਸਿਰਫ ਖੇਡਣ ਲਈ ਖੇਡਦੇ। ਉਨ੍ਹਾਂ ਦੇ ਪਾਕ ਮਨਾਂ ਵਿਚ ਚੰਗੇਰੀ ਸੋਚ ਦੀ ਭਾਅ, ਚਿਹਰਿਆਂ ‘ਤੇ ਸੁਖਨ ਅਭਿਲਾਸ਼ਾ। ਡਿੱਗੇ ਜਾਂ ਪਿੱਛੇ ਰਹਿ ਗਏ ਸਾਥੀ ਲਈ ਬਣਦੇ ਦਿਲਾਸਾ। ਇਕ ਦਾ ਹਾਸਾ ਹੁੰਦਾ ਏ ਸਮੁੱਚ ਦਾ ਹਾਸਾ। ਰੰਗ, ਨਸਲ, ਜਾਤ-ਪਾਤ ਅਤੇ ਧਰਮ ਦੀਆਂ ਸੌੜੀਆਂ ਵਲਗਣਾਂ ਵਿਚ ਫਸੇ ਬੰਦੇ ਨੂੰ ਬੱਚਿਆਂ ਤੋਂ ਕੁਝ ਸੋਝੀ ਲੈਣ ਦੀ ਲੋੜ। ਮਨੁੱਖੀ ਸੰਕੀਰਨਤਾ ਦੂਰ ਕਰਨ ਲਈ ਬਚਪਨੀ ਸੋਚ ਨੂੰ ਆਪਣੇ ਹਿਰਦੇ ਵਿਚ ਵਸਾਓ। ਬੱਚਿਆਂ ਜਿਹਾ ਪਾਕ ਮਨ ਅਤੇ ਰੂਹ ਦੀ ਸਫਾਫਤ ਨੂੰ ਅੰਤਰੀਵ ਦਾ ਹਾਸਲ ਬਣਾਓ। ਨਿੱਕੇ ਨਿੱਕੇ ਦਾਇਰਿਆਂ ਵਿਚ ਸੁੰਗੜੇ ਮਨੁੱਖ ਨੂੰ ਕੁਝ ਹਾਸਲ ਨਹੀਂ ਹੋਣਾ। ਅਧਰਮੀ ਲੋਕਾਂ ਦਾ ਹੱਥ-ਠੋਕਾ ਬਣਨ ਵਾਲਿਆਂ ਦੀ ਥਾਂ ਸੁੱਚੀ ਧਾਰਮਿਕਤਾ ਦੇ ਅਲੰਬਰਦਾਰ ਬਣੋ, ਜੋ ‘ਏਕ ਨੂਰ ਤੇ ਸਭੁ ਜਗੁ ਉਪਜਿਆ’ ਦੀ ਹਾਮੀ ਅਤੇ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ’ ਦੀ ਧਾਰਨੀ। ਇਸ ਵਿਚੋਂ ਹੀ ਸਰਬਤ ਦੇ ਭਲੇ ਨੂੰ ਮਨ ਬੀਹੀ ਵਿਚ ਗਾਉਂਦੇ, ਫਿਜ਼ਾ ਦੇ ਨਾਮ ਜੀਵਨ-ਬੁਲੰਦਗੀ ਕਰ ਸਕਦੇ ਹਾਂ। ਚੌਗਿਰਦੇ ਵਿਚ ਕੱਟੜਤਾ ਉਗਲਣ ਵਾਲੇ ਅਤੇ ਸੌੜੇ ਸਿਆਸੀ ਕਾਰਨਾਂ ਦੀ ਪੂਰਤੀ ਹਿੱਤ ਮੰਦਿਰ, ਮਜਜਿਦ, ਗੁਰਦੁਆਰੇ ਜਾਂ ਚਰਚ ਨੂੰ ਆਪਸ ਵਿਚ ਲੜਾਉਣ ਅਤੇ ਨਿੱਤ ਨਵੇਂ ਮਸਲੇ ਉਪਜਾਉਣ ਵਾਲਿਓ! ਕਦੇ ਬੱਚਿਆਂ ਵਿਚ ਬੱਚੇ ਬਣ ਕੇ ਇਕ ਦਿਨ ਗੁਜ਼ਾਰਨਾ, ਤੁਹਾਨੂੰ ਬੱਚਿਆਂ ਦੀ ਬਿਰਤੀ ‘ਤੇ ਨਾਜ਼ ਹੋਵੇਗਾ, ਜੋ ਕਿਸੇ ਭੇਦ-ਭਾਵ ਤੋਂ ਜੀਵਨ ਨੂੰ ਭਰਪੂਰਤਾ ਨਾਲ ਮਾਣਦੇ। ਸਭ ਨੂੰ ਇਕੋ ਜਿਹੇ ਸਮਝਣ ਅਤੇ ਅਪਨਾਉਣ ਲਈ ਮਨ-ਦਰਾਂ ਨੂੰ ਹਮੇਸ਼ਾ ਖੁੱਲ੍ਹਾ ਰੱਖਦੇ। ਉਨ੍ਹਾਂ ਲਈ ਮੰਦਿਰ, ਮਸਜਿਦ, ਗੁਰਦੁਆਰੇ, ਚਰਚ ਵਿਚ ਕੋਈ ਭੇਦ ਨਹੀਂ।
ਬੱਚਾ ਹੱਸਦਾ ਹੱਸਦਾ ਰੋ ਪੈਂਦਾ ਅਤੇ ਰੋਂਦਿਆਂ ਰੋਂਦਿਆਂ ਹੱਸਣਾ, ਉਸ ਦੀ ਖਾਸੀਅਤ। ਸਾਥੀਆਂ ਨਾਲ ਖੇਡਦਾ ਖੇਡਦਾ ਲੜ ਵੀ ਪੈਂਦਾ, ਗਾਲੀ-ਗਲੋਚ ਵੀ ਹੁੰਦਾ। ਪਲ ਕੁ ਬਾਅਦ ਪੁਰਾਣੇ ਸਾਥੀਆਂ ਨਾਲ ਖੇਡਦਾ, ਹੱਸਦਾ ਅਤੇ ਜੱਫੀਆਂ ਵੀ ਪਾਉਂਦਾ। ਬੱਚੇ ਆਪਸ ਵਿਚ ਸ਼ਰਾਰਤਾਂ ਵੀ ਕਰਦੇ ਅਤੇ ਮਨ ਦੀਆਂ ਲੁੱਡੀਆਂ ਪਾਉਂਦੀ ਭਾਵਨਾ ਨੂੰ ਬਚਪਨੀ ਬਹਾਰ ਦੇ ਨਾਂਵੇਂ ਲਾਉਂਦੇ। ਉਨ੍ਹਾਂ ਦੇ ਮਨ ਵਿਚ ਕਦੇ ਵੀ ਕੋਈ ਗੁੱਸਾ, ਸ਼ਿਕਵਾ, ਰੋਸਾ ਜਾਂ ਹੀਣ-ਭਾਵਨਾ, ਮਾੜੀ ਬਿਰਤੀ, ਨੀਚ ਸੋਚ ਜਾਂ ਕੁਝ ਮਾੜਾ ਕਰਨ ਜਾਂ ਕਰਵਾਉਣ ਦੀ ਧਾਰਨਾ ਨਹੀਂ ਹੁੰਦੀ। ਉਹ ਸਭ ਕੁਝ ਭੁਲਾ ਕੇ ਬੱਚੇ ਹੀ ਰਹਿੰਦੇ।
ਬੱਚਾ, ਪਾਕ ਸੋਚ ਦਾ ਬਿੰਬ। ਕਰਮ ਵਿਚ ਸੁੱਚਮੀ ਧਰਮ। ਅੱਖਾਂ ਵਿਚ ਕੁਝ ਚੰਗੇਰਾ ਕਰਨ ਦਾ ਸੁਪਨਾ। ਬਚਪਨੀ ਦੋਸਤੀਆਂ ਨੂੰ ਨਿਭਾਉਣ ਦਾ ਚਾਅ। ਬੰਦੇ ਨੂੰ ਤਾਂ ਬੱਚੇ ਤੋਂ ਕੁਝ ਸਿੱਖਣ ਦੀ ਬਹੁਤ ਹੀ ਲੋੜ। ਬੰਦਾ ਸਾਰੀ ਉਮਰ ਦੁਸ਼ਮਣੀਆਂ ਪਾਲਦਾ। ਨਫਰਤ ਦਾ ਵਪਾਰ ਕਰਦਾ। ਕਮੀਨਗੀ, ਕੁਤਾਹੀਆਂ ਅਤੇ ਬਦਨੀਤੀ ਨੂੰ ਆਪਣਾ ਹਾਸਲ ਸਮਝਦਾ। ਨਿੱਜੀ ਸੁਆਰਥ ਲਈ ਕਿਸੇ ਦਾ ਕੋਈ ਵੀ ਨੁਕਸਾਨ ਕਰਨ ਲਈ ਤਿਆਰ। ਸੋਚਣ ਦੀ ਲੋੜ ਹੈ ਕਿ ਇਨ੍ਹਾਂ ਰੋਸਿਆਂ, ਮਨ-ਮੁਟਾਵ ਜਾਂ ਦੁਸ਼ਮਣੀਆਂ ਦੇ ਕੀ ਅਰਥ ਰਹਿ ਜਾਣਗੇ ਜਦ ਉਮਰ ਹੀ ਵਿਹਾਜ ਗਈ। ਮਨ ਵਿਚਲੀ ਕੁੜਿੱਤਣ ਕਾਰਨ ਮਨੁੱਖ ਅਲਾਮਤਾਂ ਦਾ ਸ਼ਿਕਾਰ, ਸਿਹਤ ਦਾ ਵਿਗਾੜ, ਮਨ ਦੀ ਭਟਕਣ ਅਤੇ ਆਪਣਿਆਂ ਤੋਂ ਹੀ ਦੂਰ ਜਾਣ ਲਈ ਬਹਾਨਿਆਂ ਦੀ ਭਾਲ। ਕਦੇ ਬੱਚਿਆਂ ਵਾਂਗ ਮਿਲ ਬੈਠਣ ਦਾ ਸਬੱਬ ਭਾਲੋ। ਬੀਤੇ ਨੂੰ ਭੁਲਾ ਕੇ ਵਰਤਮਾਨ ਵਿਚ ਜਿਉਣ ਦਾ ਗੁਣ ਸਿੱਖੋ। ਕਰੋਧ, ਗੁੱਸਾ, ਗਿਲਾ ਜਾਂ ਸ਼ਿਕਵਿਆਂ ਨੂੰ ਭੁਲਾ ਕੇ ਗਲਵੱਕੜੀ ਦਾ ਨਿੱਘ ਬਣੋ। ਰਿਸ਼ਤਿਆਂ ਤੇ ਸਬੰਧਾਂ ਵਿਚ ਆਇਆ ਨਿਖਾਰ, ਤੁਹਾਡੇ ਚਿਹਰੇ ਦੀ ਆਭਾ ਤੇ ਸ਼ਾਨ ਬਣੇਗਾ। ਜੀਵਨ ਪ੍ਰਤੀ ਦਿੱਭ-ਦ੍ਰਿਸ਼ਟੀ ਬਦਲ ਜਾਵੇਗੀ। ਜਿਉਣ ਦਾ ਅੰਦਾਜ਼ ਤੇ ਅਦਬ, ਬਣੇਗਾ ਮਨੁੱਖ ਦਾ ਹਾਸਲ।
ਬੱਚਾ ਕਦੇ ਵੀ ਝੂਠ ਨਹੀਂ ਬੋਲਦਾ। ਜੋ ਸੁਣਦਾ, ਦੇਖਦਾ, ਮਹਿਸੂਸ ਕਰਦਾ ਜਾਂ ਜਾਣਦਾ, ਸਭ ਦੇ ਸਾਹਮਣੇ ਬੇਬਾਕ ਕਹਿ ਦਿੰਦਾ। ਮਾਸੂਮੀਅਤ ਭਰੀ ਦਲੇਰੀ, ਕੋਮਲ ਭਾਵਨਾਵਾਂ ਦਾ ਪ੍ਰਗਟਾਅ ਅਤੇ ਸੱਚ ਨੂੰ ਕਹਿਣ ਦੀ ਜੁ.ਰਅਤ। ਉਸ ਦੇ ਮਨ ਵਿਚ ਕੋਈ ਕੁਹਜ ਨਹੀਂ, ਪਰ ਜਿਵੇਂ ਜਿਵੇਂ ਵੱਡਾ ਹੁੰਦਾ, ਸਮਾਜ ਉਸ ਨੂੰ ਝੂਠ ਬੋਲਣਾ, ਲੋਕਾਂ ਸਾਹਵੇਂ ਆਪੇ ਨੂੰ ਲੁਕਾਉਣਾ ਅਤੇ ਪਰਤਾਂ ਵਿਚ ਜਿਉਣਾ ਸਿਖਾਉਂਦਾ। ਅਜੋਕਾ ਮਨੁੱਖ ਤਾਂ ਜਿਉਂਦਾ ਹੀ ਪਰਤਾਂ ਵਿਚ, ਅਤੇ ਮੁਖੌਟੇ ਬਦਲਣ ਵਿਚ ਮਾਹਰ। ਕੀ ਆਦਮੀ ਨੂੰ ਬੱਚੇ ਤੋਂ ਸਿੱਖਣਾ ਪਵੇਗਾ ਕਿ ਸੱਚ ਬੋਲਣਾ ਚਾਹੀਦਾ ਹੈ, ਸੁੱਚੀ ਕਿਰਤ ਕਰਨੀ ਚਾਹੀਦੀ ਹੈ ਅਤੇ ਅੰਦਰੋਂ-ਬਾਹਰੋਂ ਇਕਸਾਰ ਹੋਣਾ ਚਾਹੀਦਾ? ਬੰਦੇ ਨੂੰ ਕੁਝ ਤਾਂ ਬੱਚੇ ਤੋਂ ਸਿੱਖਣ ਦੀ ਲੋੜ ਆ। ਜੇ ਬੰਦਾ ਇਹ ਸਿੱਖ ਲਵੇ ਤਾਂ ਘਰ ਦੀ ਬੈੱਲ ਵਜਣ ‘ਤੇ ਇਹ ਕਹਿਣ ਦੀ ਲੋੜ ਨਹੀਂ ਪਵੇਗੀ, “ਬੱਚਿਆ ਜਾ ਅਤੇ ਬਾਹਰ ਆਏ ਵਿਅਕਤੀ ਨੂੰ ਕਹਿ ਦੇ ਕਿ ਪਾਪਾ ਘਰ ਨਹੀਂ ਹਨ।” ਬੱਚੇ ਨੂੰ ਕੂੜ ਦੇ ਰਾਹ ਪਾਉਣ ਵਾਲੇ ਬੰਦੇ ਨੂੰ, ਸੱਚੇ ਮਾਰਗ ਤੁਰਨ ਲਈ ਆਖਰ ਬੱਚੇ ਦੀ ਅਤਿਅੰਤ ਲੋੜ। ਜੇ ਬੰਦਾ ਬਚਪਨੀ ਮਾਰਗ ਅਪਨਾ ਲਵੇ ਤਾਂ ਪਰਤਾਂ ਵਿਚ ਜਿਉਣ ਦੀ ਨੌਬਤ ਵੀ ਨਹੀਂ ਰਹਿਣੀ।
ਬੱਚੇ ਲਈ ਸਭ ਤੋਂ ਨੇੜੇ ਅਤੇ ਰੱਬ ਤੋਂ ਵੱਧ ਹੁੰਦੀ ਏ ਮਾਂ, ਜੋ ਹਰ ਲੋੜ ਦੀ ਪੂਰਤੀ ਕਰਦੀ। ਬੱਚੇ ਦਾ ਕੋਈ ਰੱਬ ਨਹੀਂ ਹੁੰਦਾ, ਸਿਰਫ ਮਾਂ ਦਾ ਤੁਸੱਵਰ, ਬਾਪ ਦਾ ਲਾਡ ਅਤੇ ਭੈਣ-ਭਰਾਵਾਂ ਦੇ ਮੋਹ ਦਾ ਖਜਾਨਾ ਹੁੰਦਾ। ਇਸ ਵਿਚੋਂ ਹੀ ਖੁਦ ਨੂੰ ਮਹਿਫੂਜ਼ ਮਹਿਸੂਸ ਕਰਦਾ ਅਤੇ ਸੁਖੀ ਰਹਿੰਦਾ। ਧਾਰਮਿਕ ਸਥਾਨਾਂ ‘ਤੇ ਜਾਣ ਵਾਲਾ, ਪੱਥਰਾਂ ਵਿਚੋਂ ਰੱਬ ਨੂੰ ਭਾਲਣ ਵਾਲਾ, ਤੀਰਥ ਇਸ਼ਨਾਨਾਂ ਵਿਚੋਂ ਹੀ ਆਤਮਿਕ ਉਚਤਾ ਲੱਭਦਾ ਅਤੇ ਸਵਰਗ ਪ੍ਰਾਪਤੀ ਦੀ ਲੋਚਾ ਮਨ ਵਿਚ ਪਾਲਣ ਵਾਲੇ ਨੂੰ ਬਿਰਧ ਆਸ਼ਰਮਾਂ ਵਿਚ ਭੇਜੇ ਮਾਪਿਆਂ ਦਾ ਚੇਤਾ ਕਿਉਂ ਨਹੀਂ ਆਉਂਦਾ ਅਤੇ ਬੱਚੇ ਜਿਹਾ ਰੱਬ ਕਿਉਂ ਨਹੀਂ ਨਜ਼ਰ ਆਉਂਦਾ? ਕਿਉਂ ਨਹੀਂ ਇਕੋ ਕੁੱਖ ਤੋਂ ਜੰਮੇ-ਜਾਇਆਂ ਨਾਲ ਪਿਆਰ ਦੇ ਬੰਧਨ ਮਜਬੂਤ ਕਰਦਾ? ਬੰਦੇ ਨੇ ਜੇ ਇਹ ਸਿਖਿਆ ਬੱਚੇ ਕੋਲੋਂ ਨਾ ਲਈ ਤਾਂ ਉਸ ਦੇ ਬੱਚਿਆਂ ਨੇ ਵੀ ਉਸ ਨਾਲ ਉਹੀ ਵਿਹਾਰ ਕਰਨਾ, ਜੋ ਉਹ ਆਪਣੇ ਮਾਪਿਆਂ ਜਾਂ ਭੈਣਾਂ-ਭਰਾਵਾਂ ਨਾਲ ਕਰ ਰਿਹਾ। ਬੱਚੇ ਤਾਂ ਸਭ ਦੇਖਦੇ ਹੀ ਨੇ।
ਬੱਚੇ ਦੇ ਮਨ ਵਿਚ ਕੋਈ ਨਹੀਂ ਮਲੀਨਤਾ, ਕੋਹਜ-ਵਿਚਾਰ ਜਾਂ ਮੰਦ-ਭਾਵਨਾ ਵਿਚੋਂ ਉਪਜੀ ਮਲੀਨ ਅਭਿਲਾਸ਼ਾ। ਉਹ ਕਹਿਣੀ ਅਤੇ ਕਰਨੀ ਵਿਚ ਪੂਰਾ। ਬੇਲਾਗ, ਬੇਦਾਗ ਅਤੇ ਸਰਘੀ ਜਿਹਾ, ਜਿਸ ਕਾਰਨ ਆਲੇ-ਦੁਆਲੇ ‘ਚ ਪਾਕੀਜ਼ਗੀ ਦਾ ਪਸਾਰਾ। ਰੌਸ਼ਨਮੁੱਖ ਜਿਸ ‘ਚੋਂ ਕਿਰਨਾਂ ਦ੍ਰਿਸ਼ਮਾਨ ਹੁੰਦੀਆਂ। ਇਨ੍ਹਾਂ ਵਿਚ ਧੁੰਦਲਕਾ ਪੈਦਾ ਕਰਨ ਵਾਲੇ ਬੰਦੇ ਨੂੰ ਸੋਚਣ ਦੀ ਲੋੜ ਏ ਕਿ ਉਸ ਨੇ ਸਰਘੀ ਜਿਹੀ ਰੁਹਾਨੀਅਤ ਨੂੰ ਇਸ ਦੇ ਮੂਲ ਰੂਪ ਵਿਚ ਰਹਿਣ ਦੇਣਾ ਹੈ ਜਾਂ ਸ਼ਾਮ ਦੇ ਘੁਸਮੁਸੇ ਜਿਹੇ ਰੂਪ ‘ਚ ਤਬਦੀਲ ਕਰਨਾ। ਇਹ ਬੱਚੇ ਦੇ ਵੱਸ ਨਹੀਂ ਸਗੋਂ ਬੰਦਾ ਹੀ ਕਰਨਹਾਰਾ। ਇਹ ਸਭ ਕੁਝ ਬੱਚੇ ਦੇ ਮਾਰਗ-ਦਰਸ਼ਨ ਵਿਚੋਂ ਹਾਸਲ ਕੀਤਾ ਜਾ ਸਕਦਾ।
ਬੱਚੇ ਨੂੰ ਟਾਫੀ ਦੇ ਦਿਓ, ਖਿਡੌਣਾ ਲਿਆ ਦੇਵੋ, ਕੰਨ੍ਹੇੜੀ ਚੜਾ ਕੇ ਝੂਟਾ ਦੇ ਦਿਓ, ਉਸ ਨਾਲ ਬਾਲ ਖੇਡਾਂ ਖੇਡੋ, ਤੋਤਲੇ ਬੋਲ ਬੋਲੋ ਜਾਂ ਉਸ ਦੀਆਂ ਸ਼ਰਾਰਤਾਂ ਦਾ ਹਿੱਸਾ ਬਣ ਜਾਓ, ਉਸ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਹੇਗਾ। ਨਿੱਕੀਆਂ ਨਿੱਕੀਆਂ ਚੀਜਾਂ ਜਾਂ ਪ੍ਰਾਪਤੀਆਂ ਵਿਚੋਂ ਖੁਸ਼ੀ ਮਾਣਨਾ, ਉਸ ਦਾ ਹਕੀਕੀ ਹੱਕ ਤੇ ਹਾਸਲ; ਪਰ ਬੰਦਾ ਵੱਡੇ ਘਰਾਂ ਦਾ ਮਾਲਕ, ਵਧੀਆਂ ਕਾਰਾਂ, ਵੱਡੀਆਂ ਫੈਕਟਰੀਆਂ ਅਤੇ ਕਰੋੜਾਂ ਦਾ ਮਾਲਕ ਹੋ ਕੇ ਵੀ ਨਾ-ਸ਼ੁਕਰਾ। ਕਦੇ ਵੀ ਖੁਸ਼ ਨਹੀਂ ਹੁੰਦਾ। ਹਮੇਸ਼ਾ ਝੂਰਦਾ। ਉਸ ਦੀ ਬੇਲੋੜੀ ਤਮੰਨਾ ਕਦੇ ਨਹੀਂ ਪੂਰੀ ਹੁੰਦੀ। ਸੰਤੋਖ, ਸਬਰ ਅਤੇ ਸੰਤੁਸ਼ਟੀ ਤੋਂ ਕੋਰਾ ਅਤੇ ਨਾ-ਸ਼ੁਕਰਾ ਵਿਅਕਤੀ ਖੁਸ਼ੀਆਂ ਲੱਭਣ ਲਈ ਕੁਝ ਪਲ ਬੱਚੇ ਨਾਲ ਬਿਤਾਵੇ। ਦੇਖਣਾ ਕਿ ਬੱਚਾ ਕਿਵੇਂ ਉਨ੍ਹਾਂ ਚੀਜਾਂ ਵਿਚੋਂ ਵੀ ਖੁਸ਼ੀ ਤੇ ਖੇੜਾ ਲੱਭ ਲੈਂਦਾ, ਜਿਸ ਤੋਂ ਅਸੀਂ ਅਵੇਸਲੇ ਅਤੇ ਉਸ ਨੂੰ ਤੁੱਛ ਸਮਝਦੇ। ਖੁਸ਼ੀ ਕਿਧਰੇ ਗਵਾਚੀ ਨਹੀਂ, ਆਲੇ-ਦੁਆਲੇ ਹੀ ਹੁੰਦੀ। ਸਿਰਫ ਇਸ ਨੂੰ ਪ੍ਰਾਪਤ ਕਰਨ ਦੀ ਸੋਝੀ ਅਤੇ ਮਾਣਨ ਦੀ ਅਕਲ ਹੋਵੇ ਤਾਂ ਹਰ ਪਲ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ। ਇਸ ਲਈ ਸਭ ਤੋਂ ਜਰੂਰੀ ਹੈ ਬੱਚਿਆਂ ਤੋਂ ਸੇਧ ਲੈਣੀ ਅਤੇ ਇਸ ਨੂੰ ਜੀਵਨ-ਜਾਚ ਬਣਾਉਣਾ।
ਬੱਚਾ ਬੰਦਗੀ, ਬੱਚਾ ਬਾਦਸ਼ਾਹਤ। ਬੱਚਾ ਬੰਦਿਆਈ ਤੇ ਬੱਚਾ ਭਲਿਆਈ। ਬੱਚਾ ਘਰ ਦੀ ਨੀਂਹ, ਕਮਰੇ ਦੀ ਰੌਣਕ ਅਤੇ ਘਰ ਦਾ ਸੁਖਨ। ਬੱਚਾ ਘਰ ਦੀਆਂ ਚਾਰੇ ਕੰਨੀਆਂ। ਬੱਚੇ ਜਿਹੀ ਕਰਮਯੋਗਤਾ ਜੇ ਮਨੁੱਖ ਦੇ ਮਸਤਕ ‘ਤੇ ਉਘੜ ਆਵੇ ਤਾਂ ਘਰ ਦੀਆਂ ਬਰੂਹਾਂ, ਡੋਲੇ ਪਾਣੀ ਨਾਲ ਨਮ ਅਤੇ ਤੇਲ ਨਾਲ ਤਰ ਹੋ ਜਾਣਗੀਆਂ।
ਬੱਚਾ ਗੁਰੂ ਤੇ ਬੱਚਾ ਚੇਲਾ। ਬੱਚਾ ਉਗਦੀ ਲੋਅ ਅਤੇ ਬੱਚਾ ਸਰਘੀ ਵੇਲਾ। ਬੱਚਾ ਹੀ ਬੋਟ-ਪਰਵਾਜ਼, ਬੱਚਾ ਅਰਦਾਸ-ਅੰਦਾਜ਼। ਬੱਚਾ ਅੰਬਰ ਦਾ ਤਾਰਾ, ਬੱਚਾ ਜੀਵਨ ਦਾ ਸਗਲ ਪਸਾਰਾ। ਬੱਚਾ ਸੁਗਮ-ਸੰਗੀਤ, ਬੱਚਾ ਜੀਵਨ ਦੀ ਸੁੰਦਰ ਰੀਤ। ਬੱਚਾ ਪਰਿਵਾਰਕ ਪ੍ਰੀਤ, ਬੱਚਾ ਯੁਗਾਂ ਯੁਗਾਂਤਰਾਂ ਦੀ ਰੀਤ। ਬੱਚਾ ਹਾਸਲ ਹਕੂਕ, ਬੱਚਾ ਹਾਕਮ ਦੀ ਕੂਕ। ਬੱਚਾ ਤੋਤਲੇ ਬੋਲ ਭੰਡਾਰ, ਬੱਚਾ ਲਾਡ-ਦੁਲਾਰ। ਬੱਚਾ ਦੀਦਿਆਂ ‘ਚ ਚਾਅ, ਬੱਚਾ ਅਜ਼ਲੀ ਦੁਆ। ਬੱਚਾ ਅਗਲੀ ਪੀੜ੍ਹੀ ਦਾ ਨਿਸ਼ਾਨ, ਬੱਚਾ ਹੀ ਭਵਿੱਖੀ ਇਨਸਾਨ। ਬੱਚਾ ਸਾਬਤ ਸੀਰਤ, ਬੱਚਾ ਕਿਰਤੀ ਤੇ ਕੀਰਤ।
ਬੱਚੇ ਵਿਚੋਂ ਗੁਰੂ, ਰੱਬ, ਰਹਿਬਰ ਅਤੇ ਰਮਤਾ-ਯੋਗੀ ਜਿਹੇ ਚੰਗੇਰੇ ਬਿੰਬ ਜਦ ਮਨੁੱਖੀ ਸੋਚ ‘ਚ ਸੁੱਚੀਆਂ ਕਲਮਾਂ ਲਾਉਣਗੇ ਤਾਂ ਬੱਚੇ ਦੇ ਜੀਵਨ ਵਿਚੋਂ ਬਹੁਤ ਕੁਝ ਹਾਸਲ ਕਰਕੇ ਜ਼ਿੰਦਗੀ ਨੂੰ ਜਿਉਣ ਜੋਗਾ ਤਾਂ ਬਣਾਇਆ ਹੀ ਜਾ ਸਕਦਾ ਹੈ।
ਕੀ ਤੁਸੀਂ ਵੀ ਬੱਚੇ ਨੂੰ ਗੁਰੂ ਧਾਰਨ ਬਾਰੇ ਕਦੇ ਸੋਚਿਆ ਏ?