ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ

ਡਾ. ਗੁਰਨਾਮ ਕੌਰ, ਕੈਨੇਡਾ
ਸਿੱਖ ਗੁਰੂ ਸਾਹਿਬਾਨ ਨੇ ਪਰੰਪਰਾ ਚਲਾਈ ਕਿ ਸੰਗਤਾਂ ਵਿਚ ਗੁਰਮਤਿ ਜੀਵਨ ਜਾਚ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਨਵਾਂ ਨਗਰ ਸਥਾਪਤ ਕੀਤਾ ਜਾਵੇ| ਗੁਰੂ ਨਾਨਕ ਸਾਹਿਬ ਦਾ ਜਨਮ ਰਾਏ ਭੋਇੰ ਦੀ ਤਲਵੰਡੀ ਵਿਚ ਹੋਇਆ, ਜਿਸ ਨੂੰ ਉਨ੍ਹਾਂ ਦੇ ਨਾਮ ਨਾਲ ਨਨਕਾਣਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ| ਪਿਛੋਂ ਉਨ੍ਹਾਂ ਨੇ ਕਈ ਸਾਲ ਸੁਲਤਾਨਪੁਰ ਲੋਧੀ ਮੋਦੀ ਖਾਨੇ ਦੀ ਨੌਕਰੀ ਕਰਦਿਆਂ ਗੁਜ਼ਾਰੇ, ਜਿੱਥੇ ਉਨ੍ਹਾਂ ਨੇ ਆਪਣਾ ਪਹਿਲਾ ਐਲਾਨਨਾਮਾ ਕੀਤਾ, ‘ਨਾ ਕੋ ਹਿੰਦੂ ਨਾ ਮੁਸਲਮਾਨ’ ਅਤੇ ਗਿਆਨ ਗੋਸ਼ਟੀਆਂ ਕਰਨ ਹਿੱਤ ਮਨੁੱਖਤਾ ਵਿਚ ਗਿਆਨ ਦੀ ਰੌਸ਼ਨੀ ਵੰਡਣ ਤੇ ਮਨੁੱਖਤਾ ਦੇ ਉਧਾਰ ਲਈ ਸੰਸਾਰ ਯਾਤਰਾ (ਉਦਾਸੀਆਂ) ‘ਤੇ ਨਿਕਲ ਪਏ|

ਭਾਈ ਗੁਰਦਾਸ ਨੇ ਇਸ ਨੂੰ ‘ਚੜ੍ਹਿਆ ਸੋਧਣਿ ਧਰਤਿ ਲੁਕਾਈ’ ਕਿਹਾ ਹੈ| ਨਵਾਂ ਨਗਰ ‘ਕਰਤਾਰਪੁਰ ਸਾਹਿਬ’ ਵਸਾਇਆ, ਜਿਥੇ ਉਦਾਸੀਆਂ ਪਿੱਛੋਂ ਪਰਿਵਾਰ ਸਮੇਤ ਵਸ ਗਏ ਅਤੇ ਇਸ ਨੂੰ ਗੁਰਮਤਿ ਸਿਧਾਂਤਾਂ, ਸਿੱਖ ਜੀਵਨ ਜਾਚ ਦੀ ਸਿੱਖਿਆ ਦੇਣ ਦਾ ਕੇਂਦਰ ਬਣਾਇਆ ਕਿ ਕਿਸ ਤਰ੍ਹਾਂ ਗ੍ਰਹਿਸਥ ਜੀਵਨ ਵਿਚ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦੇ ਸਿਧਾਂਤ ਨੂੰ ਅਮਲ ਵਿਚ ਲਿਆਉਂਦਿਆਂ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਉਂਇਆ ਜਾ ਸਕਦਾ ਹੈ| ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਆਪਣੇ ਸਿੱਖ ਭਾਈ ਲਹਿਣੇ ਨੂੰ ਗੁਰਗੱਦੀ ਸੌਂਪ ਕੇ ਆਪਣਾ ਜਾਂਨਸ਼ੀਨ ਥਾਪ ਕੇ ਗੁਰੂ ਅੰਗਦ ਬਣਾਇਆ| ਭਾਈ ਗੁਰਦਾਸ ਨੇ ਇਸ ਦਾ ਵਰਣਨ ਪਹਿਲੀ ਵਾਰ ਦੀ 38ਵੀਂ ਪਉੜੀ ਵਿਚ ਕੀਤਾ ਹੈ,
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ|
ਪਹਿਰਿ ਸੰਸਾਰੀ ਕਪੜੇ
ਮੰਜੀ ਬੈਠਿ ਕੀਆ ਅਵਤਾਰਾ|
ਉਲਟੀ ਗੰਗ ਵਹਾਇਓਨਿ
ਗੁਰ ਅੰਗਦੁ ਸਿਰਿ ਉਪਰਿ ਧਾਰਾ|
ਅਤੇ
ਮਾਰਿਆ ਸਿਕਾ ਜਗਤਿ ਵਿਚਿ
ਨਾਨਕ ਨਿਰਮਲ ਪੰਥੁ ਚਲਾਇਆ|
ਥਾਪਿਆ ਲਹਿਣਾ ਜੀਂਵਦੇ
ਗੁਰਿਆਈ ਸਿਰਿ ਛਤ੍ਰੁ ਫਿਰਾਇਆ|
ਜੋਤੀ ਜੋਤਿ ਮਿਲਾਇ ਕੈ
ਸਤਿਗੁਰ ਨਾਨਕਿ ਰੂਪੁ ਵਟਾਇਆ।
ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਨੂੰ ਨਵਾਂ ਨਗਰ ਖਡੂਰ ਸਾਹਿਬ ਵਸਾਉਣ ਦਾ ਆਦੇਸ਼ ਕੀਤਾ| ਇਸ ਦਾ ਜ਼ਿਕਰ ਸਤਾ ਬਲਵੰਡ ਨੇ ਰਾਮਕਲੀ ਰਾਗ ਵਿਚ ਰਚੀ ਵਾਰ ਵਿਚ ਇਸ ਤਰ੍ਹਾਂ ਕੀਤਾ ਹੈ, “ਫੇਰਿ ਵਸਾਇਆ ਫੇਰੁਆਣਿ ਸਤਿਗਿਰ ਖਾਡੂਰੁ॥” ਅਰਥਾਤ ਫੇਰੂ ਦੇ ਪੁੱਤ, ਭਾਵ ਗੁਰੂ ਅੰਗਦ ਦੇਵ ਨੇ ਖਡੂਰ ਵਿਚ ਆ ਕੇ ਵਾਸਾ ਕੀਤਾ| ਇਸੇ ਪਰੰਪਰਾ ਨੂੰ ਜਾਰੀ ਰੱਖਦਿਆਂ ਜਦੋਂ ਗੁਰੂ ਅੰਗਦ ਦੇਵ ਨੇ ਗੁਰਗੱਦੀ ਗੁਰੂ ਅਮਰ ਦਾਸ ਨੂੰ ਸੌਂਪੀ ਤਾਂ ਉਨ੍ਹਾਂ ਗੁਰੂ ਅੰਗਦ ਦੇਵ ਦੀ ਆਗਿਆ ਦਾ ਪਾਲਣ ਕਰਦਿਆਂ ਬਿਆਸ ਕੰਢੇ ਨਵਾਂ ਪ੍ਰਚਾਰ ਕੇਂਦਰ ਗੋਇੰਦਵਾਲ ਵਸਾਇਆ, ਜਿਸ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ। ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਵਿਚ 22 ਪ੍ਰਚਾਰ ਕੇਂਦਰ ਸਥਾਪਤ ਕੀਤੇ, ਜਿਨ੍ਹਾਂ ਨੂੰ 22 ਮੰਜੀਆਂ ਕਰਕੇ ਜਾਣਿਆ ਜਾਂਦਾ ਹੈ ਅਤੇ ਬਹੁਤ ਸਾਰੇ ਛੋਟੇ ਕੇਂਦਰ ਵੀ ਸਥਾਪਤ ਕੀਤੇ| ਭਾਈ ਗੁਰਦਾਸ ਨੇ ਇਸੇ ਪਰੰਪਰਾ ਦਾ ਜ਼ਿਕਰ ਪਹਿਲੀ ਵਾਰ ਦੀ 46ਵੀਂ ਪਉੜੀ ਵਿਚ ਕੀਤਾ ਹੈ,
ਸੋ ਟਿਕਾ ਸੋ ਛਤ੍ਰੁ ਸਿਰਿ
ਸੋਈ ਸਚਾ ਤਖਤੁ ਟਿਕਾਈ|
ਗੁਰ ਨਾਨਕ ਹੰਦੀ ਮੁਹਰਿ ਹਥਿ
ਗੁਰ ਅੰਗਦ ਦੀ ਦੋਹੀ ਫਿਰਾਈ|
ਦਿਤਾ ਛੋੜਿ ਕਰਤਾਰ ਪੁਰੁ
ਬੈਠਿ ਖਡੂਰੇ ਜੋਤਿ ਜਗਾਈ|
ਜੰਮੇ ਪੂਰਬਿ ਬੀਜਿਆ ਵਿਚਿ
ਵਿਚਿ ਹੋਰੁ ਕੂੜੀ ਚਤੁਰਾਈ|
ਲਹਣੇ ਪਾਈ ਨਾਨਕੋ ਦੇਣੀ
ਅਮਰਦਾਸਿ ਘਰਿ ਆਈ|
ਗੁਰੁ ਬੈਠਾ ਅਮਰੁ ਸਰੂਪ ਹੋਇ
ਗੁਰਮੁਖਿ ਪਾਈ ਦਾਦਿ ਇਲਾਹੀ|
ਫੇਰਿ ਵਸਾਇਆ ਗੋਇੰਦਵਾਲੁ
ਅਚਰਜੁ ਖੇਲੁ ਨ ਲਖਿਆ ਜਾਈ|
ਦਾਤਿ ਜੋਤਿ ਖਸਮੈ ਵਡਿਆਈ॥46॥
ਗੁਰੂ ਰਾਮਦਾਸ ਦਾ ਜਨਮ ਸਥਾਨ ਭਾਵੇਂ ਲਾਹੌਰ ਸੀ, ਪਰ ਉਹ ਗੋਇੰਦਵਾਲ ਸਾਹਿਬ ਵਿਖੇ ਘੁੰਗਣੀਆਂ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ। ਗੁਰੂ ਅਮਰਦਾਸ ਦੀ ਪੁੱਤਰੀ ਬੀਬੀ ਭਾਨੀ ਨਾਲ ਵਿਆਹ ਹੋ ਜਾਣ ਪਿਛੋਂ ਵੀ ਉਹ ਗੋਇੰਦਵਾਲ ਸਾਹਿਬ ਹੀ ਰਹੇ, ਜਿੱਥੇ ਆਪਣਾ ਰੁਜ਼ਗਾਰ ਕਮਾਉਣ ਦੇ ਨਾਲ ਨਾਲ ਗੁਰੂ ਘਰ ਦੀ ਸੇਵਾ ਵਿਚ ਵੀ ਜੁਟੇ ਰਹੇ| ਗੁਰੂ ਅਮਰਦਾਸ ਨੇ ਉਨ੍ਹਾਂ ਨੂੰ ਆਪਣਾ ਵਾਰਸ ਥਾਪਦਿਆਂ ਗੁਰਗੱਦੀ ਸੌਂਪੀ ਅਤੇ ਉਹ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਕਰਕੇ ਨਿਵਾਜੇ. ਗਏ| ਗੁਰੂ ਅਮਰਦਾਸ ਦੀ ਆਗਿਆ ਅਨੁਸਾਰ 1577 ਈਸਵੀ ਵਿਚ ਗੁਰੂ ਰਾਮਦਾਸ ਨੇ ਨਵਾਂ ਨਗਰ ਅੰਮ੍ਰਿਤਸਰ ਵਸਾਇਆ| ਤੁੰਗ, ਗੁਮਟਾਲਾ, ਸੁਲਤਾਨ ਵਿੰਡ ਪਿੰਡਾਂ ਲਾਗੇ ਪਹਿਲਾਂ ਇੱਕ ਤਾਲ ਦੀ ਖੁਦਵਾਈ ਕਰਾਈ, ਜਿਸ ਨੂੰ ਗੁਰੂ ਅਰਜਨ ਦੇਵ ਨੇ ਪੂਰਾ ਕੀਤਾ ਅਤੇ ਇਸ ਦਾ ਨਾਂ ਸੰਤੋਖਸਰ ਰੱਖਿਆ। ਫਿਰ ਇੱਕ ਪਿੰਡ ਬੰਨਿਆ, ਜਿਸ ਦਾ ਨਾਂ ‘ਗੁਰੂ ਕਾ ਚੱਕ’ ਰੱਖਿਆ ਅਤੇ ਰਿਹਾਇਸ਼ ਲਈ ਮਕਾਨ ਬਣਵਾਏ, ਜੋ ‘ਗੁਰੂ ਕੇ ਮਹਿਲ’ ਕਰਕੇ ਜਾਣੇ ਜਾਂਦੇ ਹਨ। ਚੜ੍ਹਦੇ ਪਾਸੇ ਦੁੱਖਭੰਜਨੀ ਬੇਰੀ ਕੋਲ ਤਾਲ ਖੁਦਵਾਇਆ, ਜਿਸ ਨੂੰ ਪੰਚਮ ਪਾਤਿਸ਼ਾਹ ਨੇ ਗੁਰਗੱਦੀ ‘ਤੇ ਬੈਠਣ ਪਿਛੋਂ ਸੰਪੂਰਨ ਕੀਤਾ| ਇਸ ਨਗਰ ਵਿਚ ਦੂਰ-ਨੇੜਿਓਂ ਵਪਾਰੀ, ਹਰ ਤਰ੍ਹਾਂ ਦੇ ਕਿਰਤੀ-ਕਾਮੇ, ਸ਼ਿਲਪਕਾਰ ਬੁਲਾ ਕੇ ਇੱਥੇ ਵਸਾਏ ਗਏ ਅਤੇ ਇਸ ਨਗਰ ਦਾ ਨਾਮ ‘ਰਾਮਦਾਸਪੁਰ’ ਰੱਖਿਆ| ਫਿਰ ਸਰੋਵਰ ਨੂੰ ਪੱਕਾ ਕਰਵਾਇਆ ਅਤੇ ਇਸ ਦਾ ਨਾਂ ‘ਅੰਮ੍ਰਿਤਸਰ’ ਰੱਖਿਆ| ਪੰਜਵੀਂ ਨਾਨਕ ਜੋਤਿ ਨੇ ਹੀ ਸਰੋਵਰ ਵਿਚਾਲੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਸੰਪੂਰਨ ਕਰਨ ਪਿਛੋਂ 1604 ਈਸਵੀ ਵਿਚ ਗੁਰੂ ਗ੍ਰੰਥ ਸਾਹਿਬ ਦੀ ‘ਆਦਿ ਬੀੜ’ ਤਿਆਰ ਕਰਕੇ ਹਰਿਮੰਦਰ ਸਾਹਿਬ ਵਿਚ ਪਹਿਲਾ ਪ੍ਰਕਾਸ਼ ਕੀਤਾ| ਸਰੋਵਰ ਦੇ ਨਾਂ ‘ਤੇ ਹੀ ਹੌਲੀ ਹੌਲੀ ਨਗਰ ਦਾ ਨਾਂ ਅੰਮ੍ਰਿਤਸਰ ਪੈ ਗਿਆ, ਜੋ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਭਾਈ ਗੁਰਦਾਸ ਨੇ ਇਸ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਕੀਤਾ ਹੈ,
ਦਿਚੈ ਪੂਰਬਿ ਦੇਵਣਾ
ਜਿਸ ਦੀ ਵਸਤੁ ਤਿਸੈ ਘਰਿ ਆਵੈ|
ਬੈਠਾ ਸੋਢੀ ਪਾਤਿਸਾਹੁ
ਰਾਮਦਾਸੁ ਸਤਿਗੁਰੂ ਕਹਾਵੈ|
ਪੂਰਨੁ ਤਾਲੁ ਖਟਾਇਆ
ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ|
ਉਲਟਾ ਖੇਲੁ ਖਸੰਮ ਦਾ
ਉਲਟੀ ਗੰਗ ਸਮੁੰਦ੍ਰਿ ਸਮਾਵੈ|
ਦਿਤਾ ਲਈਯੇ ਆਪਣਾ
ਅਣਿਦਿਤਾ ਕਛੁ ਹਥਿ ਨ ਆਵੈ|
ਫਿਰਿ ਆਈ ਘਰਿ ਅਰਜਣੇ ਪੁਤੁ
ਸੰਸਾਰੀ ਗੁਰੂ ਕਹਾਵੈ|
ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਕੇਂਦਰੀ ਗੁਰਧਾਮ ਹੈ, ਜਿੱਥੇ ਅਖੰਡ ਕੀਰਤਨ ਹੁੰਦਾ ਹੈ ਤੇ ਦੁਨੀਆਂ ਭਰ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ। ਇੱਥੇ ਪੰਚਮ ਗੁਰੂ ਨੇ ਵਿਸਾਖੀ ਦਾ ਜੋੜ-ਮੇਲਾ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਕਿਲੇ ਵਿਚੋਂ ਵਾਪਸ ਆਉਣ ‘ਤੇ ਦੀਪ ਮਾਲਾ ਦਾ ਜੋੜ-ਮੇਲਾ ਅਰੰਭ ਕੀਤਾ| ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਮੀਰੀ ਅਤੇ ਪੀਰੀ ਨੂੰ ਸਮਰਪਿਤ ਅਕਾਲ ਤਖਤ (ਮੁਢਲਾ ਨਾਂ ਅਕਾਲ ਬੁੰਗਾ) ਦੀ ਸਥਾਪਨਾ ਕੀਤੀ। ਸ਼ਹਿਰ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲੋਹਗੜ੍ਹ ਕਿਲੇ ਦੀ ਉਸਾਰੀ ਕੀਤੀ|
ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਰਾਮਦਾਸ ਦੇ ਨਾਂ ‘ਤੇ ਰਾਮ ਬਾਗ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਗੋਬਿੰਦਗੜ੍ਹ ਕਿਲਾ ਬਣਾਇਆ| ਸਿੱਖ ਪੰਥ ਨੇ ਆਪਣੇ ਉਦਮ ਨਾਲ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਅਤੇ ਸਿੱਖ ਇਤਿਹਾਸ ਨਾਲ ਜੁੜੇ ਅਨੇਕਾਂ ਸਥਾਨ ਜਿਵੇਂ ਸੰਤੋਖਸਰ, ਕੌਲਸਰ, ਗੁਰੂ ਕਾ ਬਾਜ਼ਾਰ, ਗੁਰੂ ਕੇ ਮਹਿਲ, ਟਾਹਲੀ ਸਾਹਿਬ, ਬਾਬਾ ਅਟੱਲ ਦਾ ਦੇਹਰਾ, ਬਾਬਾ ਬੁੱਢਾ ਜੀ ਦੀ ਬੇਰ ਆਦਿ ਅਨੇਕਾਂ ਯਾਦਗਾਰੀ ਸਥਾਨ ਮੌਜੂਦ ਹਨ| ਗੁਰੂ ਨਾਨਕ ਸਾਹਿਬ ਦੇ 500ਵੇਂ ਗੁਰਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਅੰਮ੍ਰਿਤਸਰ ਵਿਚ ਹੀ ਹੈ| ਭਾਈ ਗੁਰਦਾਸ ਦੇ ਕੀਤੇ ਸੰਖੇਪ ਜ਼ਿਕਰ ਤੋਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕੀਤੇ ਸਿੱਖ ਧਰਮ ਦੇ ਨਿਵੇਕਲੇ ਸਰੂਪ ਦੇ ਅਮਲੀ ਪ੍ਰਕਾਸ਼ਨ ਦਾ ਭਲੀਭਾਂਤ ਪਤਾ ਲੱਗ ਜਾਂਦਾ ਹੈ,
ਪੰਜਿ ਪਿਆਲੇ ਪੰਜਿ ਪੀਰ
ਛਟਮੁ ਪੀਰੁ ਬੈਠਾ ਗੁਰੁ ਭਾਰੀ|
ਅਰਜਨੁ ਕਾਇਆ ਪਲਟਿ ਕੈ
ਮੂਰਤਿ ਹਰਿਗੋਬਿੰਦ ਸਵਾਰੀ|
ਚਲੀ ਪੀੜੀ ਸੋਢੀਆਂ
ਰੂਪੁ ਦਿਖਵਾਣ ਵਾਰੋ ਵਾਰੀ|
ਦਲਿਭੰਜਨੁ ਗੁਰੁ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ|
ਸਿੱਖ ਧਰਮ-ਚਿੰਤਨ ਅਨੁਸਾਰ ਇਸ ਸਾਰੇ ਸੰਸਾਰ ਦਾ ਸਿਰਜਣਹਾਰ ਅਕਾਲ ਪੁਰਖੁ ਆਪ ਹੈ, ਜਿਸ ਨੇ ਇਸ ਦੀ ਸਿਰਜਣਾ ਆਪਣੇ ਆਪ ਤੋਂ ਕੀਤੀ ਹੈ ਅਤੇ ਜੋਤਿ ਸਰੂਪ ਹੋ ਕੇ ਆਪਣੀ ਸਮੁੱਚੀ ਸਿਰਜਣਾ ਵਿਚ ਵਿਆਪਕ ਹੈ| ਇਸ ਲਈ ਸਿੱਖ ਧਰਮ ਵਿਚ ਧਰਮ, ਜਾਤ, ਜਨਮ, ਲਿੰਗ ‘ਤੇ ਆਧਾਰਤ ਕਿਸੇ ਵਿਤਕਰੇ ਲਈ ਕੋਈ ਥਾਂ ਨਹੀਂ, ਸਿਰਜਣਹਾਰ ਦੀ ਨਿਗ੍ਹਾ ਵਿਚ ਸਭ ਬਰਾਬਰ ਹਨ| ਸਿੱਖ ਧਰਮ ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥’ ਦਾ ਧਾਰਨੀ ਹੈ, ਸਭ ਦਾ ਮੂਲ ਇੱਕੋ ਰੱਬੀ ਜੋਤਿ ਨੂੰ ਮੰਨਦਾ ਹੈ| ਮੂਲ ਰੂਪ ਵਿਚ ਸਿੱਖ ਧਰਮ ਸਰਵਅਲਿੰਗਨਕਾਰੀ, ਨਿਰਭਉ ਅਤੇ ਨਿਰਵੈਰ ਦੇ ਸਿਧਾਂਤ ਦਾ ਅਨੁਸਾਰੀ ਹੈ| ਇਸੇ ਲਈ ਅਰਦਾਸ ਵਿਚ ‘ਸਰਬਤ ਦਾ ਭਲਾ’ ਮੰਗਿਆ ਜਾਂਦਾ ਹੈ|
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਇੱਕ ਸਾਥੀ ਅਤੇ ਸੰਗੀਤਕਾਰ ਵਜੋਂ ਸਾਰੀ ਉਮਰ ਨਾਲ ਰੱਖਿਆ, ਜਿਸ ਨੇ ਬਾਣੀ ਦੇ ਗਾਇਨ ਸਮੇਂ ਗੁਰੂ ਨਾਨਕ ਦਾ ਰਬਾਬ ‘ਤੇ ਧੁਨਾਂ ਵਜਾ ਕੇ ਸਾਥ ਦਿੱਤਾ| ਭਾਈ ਮਰਦਾਨੇ ਦਾ ਆਪਣਾ ਧਰਮ ਇਸਲਾਮ ਸੀ| ਇਤਿਹਾਸਕਾਰਾਂ ਅਨੁਸਾਰ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਪੰਚਮ ਪਾਤਿਸ਼ਾਹ ਨੇ ਸਾਈਂ ਮੀਆਂ ਮੀਰ ਪਾਸੋਂ ਰਖਵਾਈ| ਸਤਾ ਅਤੇ ਬਲਵੰਡ ਗੁਰੂ ਅਰਜਨ ਦੇਵ ਦੇ ਸਮੇਂ ਗੁਰੂ ਘਰ ਵਿਚ ਕੀਰਤਨ ਕਰਿਆ ਕਰਦੇ ਸਨ| ਮੁਲਕ ਦੀ ਵੰਡ ਹੋਣ ਤੱਕ ਭਾਈ ਮਰਦਾਨੇ ਦੇ ਜਾਂਨਸ਼ੀਨ ਗੁਰੂ ਘਰ ਵਿਚ ਕੀਰਤਨ ਕਰਦੇ ਰਹੇ ਹਨ| ਹਰਿਮੰਦਰ ਸਹਿਬ ਦੇ ਚਾਰ ਪਰਵੇਸ਼ ਦੁਆਰ ਰੱਖੇ ਗਏ, ਜੋ ਇਸ ਤੱਥ ਦੇ ਪ੍ਰਤੀਕ ਹਨ ਕਿ ਰੱਬ ਦੇ ਘਰ ਦੇ ਦਰਵਾਜੇ ਹਰ ਮਾਈ ਭਾਈ ਲਈ ਖੁੱਲ੍ਹੇ ਹਨ ਭਾਵੇਂ ਉਸ ਦਾ ਸਬੰਧ ਕਿਸੇ ਵੀ ਸਥਾਨ, ਧਰਮ, ਨਸਲ ਜਾਂ ਜਾਤ ਨਾਲ ਹੈ|
‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ਸ਼ਬਦ ਵਿਚ ਪੰਚਮ ਪਾਤਿਸ਼ਾਹ ਨੇ ਦੱਸਿਆ ਹੈ ਕਿ ਸਾਰੇ ਸਥਾਨ ਦੇਖ ਲਏ ਹਨ, ਪਰ ਰਾਮਦਾਸਪੁਰ ਜਿਹਾ ਕੋਈ ਹੋਰ ਸਥਾਨ ਨਹੀਂ ਦਿਸਿਆ, ਜਿਸ ਦੀ ਨੀਂਹ ਅਕਾਲ ਪੁਰਖੁ ਸਿਰਜਣਹਾਰ ਨੇ ਆਪ ਰੱਖੀ ਹੈ| ਇਸੇ ਲਈ ਰਾਮਦਾਸਪੁਰ ਏਨਾ ਸੰਘਣਾ ਵਸਦਾ ਸੋਹਣਾ ਨਜ਼ਰ ਆਉਂਦਾ ਹੈ| ਰਾਮਦਾਸਪੁਰ ਸਰੋਵਰ ਵਿਚ ਨਹਾਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ| ਇਹ ਜ਼ਿਕਰ ਕਰਨਾ ਗੈਰਵਾਜਬ ਨਹੀਂ ਹੋਵੇਗਾ ਕਿ ਰਾਮਦਾਸਪੁਰ ਸਰੋਵਰ ‘ਸਤਿਸੰਗਤਿ’ ਦਾ ਪ੍ਰਤੀਕ ਹੈ, ਜਿਸ ਵਿਚ ਇਸ਼ਨਾਨ ਕੀਤਿਆਂ ਅਰਥਾਤ ਸੰਗਤ ਕੀਤਿਆਂ ਮਨੁੱਖ ਦੇ ਸਾਰੇ ਕਲੇਸ਼ ਖਤਮ ਹੋ ਜਾਂਦੇ ਹਨ ਅਤੇ ਉਹ ਅਨੇਕ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ| ਗੁਰੂ ਰਾਮਦਾਸ ਨੇ ਸਤਿਗੁਰੂ ਨੂੰ ਅੰਮ੍ਰਿਤ ਦਾ ਸਰੋਵਰ ਕਿਹਾ ਹੈ, ਜੋ ਹਮੇਸ਼ਾ ਸੱਚ ਬੋਲਣ ਵਾਲਾ ਹੈ, ਉਸ ਸਰੋਵਰ ਵਿਚ ਨਹਾਤਿਆਂ ਕਾਂ ਵੀ ਹੰਸ ਹੋ ਜਾਂਦੇ ਹਨ|
ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਅੰਮ੍ਰਿਤਸਰ ਸਿੱਖ ਧਰਮ ਦੀਆਂ ਅਧਿਆਤਮਕ ਰਵਾਇਤਾਂ, ਜਾਨ, ਸ਼ਾਨ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਇਸ ਫਲਸਫੇ ਨੂੰ ਸਾਹਮਣੇ ਰੱਖ ਕੇ ਹੀ ਇਸ ਦਾ ਨਿਰਮਾਣ, ਵਿਕਾਸ ਤੇ ਪਸਾਰ ਕੀਤਾ ਗਿਆ|
ਸੰਨ 1999 ਦਾ ਵਰ੍ਹਾ ਖਾਲਸਾ ਸਿਰਜਣਾ ਦੀ 300ਵੀਂ ਸ਼ਤਾਬਦੀ ਨੂੰ ਸਮਰਪਿਤ ਸੀ, ਜਿਸ ਨੂੰ ਧਿਆਨਗੋਚਰੇ ਕਰਦਿਆਂ ਦੇਸ਼-ਵਿਦੇਸ਼ ਵਿਚ ਵੱਖ ਵੱਖ ਅਦਾਰਿਆਂ ਵੱਲੋਂ ਸੈਮੀਨਾਰ, ਗੋਸ਼ਟੀਆਂ ਅਤੇ ਕਾਨਫਰੰਸਾਂ ਕਰਾਈਆਂ ਗਈਆਂ ਤੇ ਇਸ ਨੂੰ ਰਵਾਇਤੀ ਢੰਗ ਨਾਲ ਵੀ ਮਨਾਇਆ ਗਿਆ| ਮੈਨੂੰ ਯਾਦ ਹੈ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਵੱਲੋਂ ਇਸੇ ਸਬੰਧ ਵਿਚ ਦੋ ਦਿਨ ਦਾ ਸੈਮੀਨਾਰ ਉਲੀਕਿਆ ਗਿਆ ਸੀ, ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਇਨਸਾਈਕਲੋਪੀਡੀਆ ਵਿਭਾਗ ਵਿਚੋਂ ਡਾ. ਜੋਧ ਸਿੰਘ ਤੇ ਡਾ. ਧਰਮ ਸਿੰਘ ਅਤੇ ਮੇਰੇ ਵਿਭਾਗ ਵਿਚੋਂ ਮੈਨੂੰ ਸੱਦਿਆ ਗਿਆ ਸੀ| ਮੇਰੇ ਲਈ ਬਨਾਰਸ ਜਾਣ ਦਾ ਇਹ ਪਹਿਲਾ ਮੌਕਾ ਸੀ| ਸਟੇਸ਼ਨ ‘ਤੇ ਟਰੇਨ ‘ਚੋਂ ਉਤਰਦਿਆਂ ਜਿਸ ਪਹਿਲੀ ਚੀਜ਼ ਨੇ ਧਿਆਨ ਖਿੱਚਿਆ, ਉਹ ਰੇਲਵੇ ਸਟੇਸ਼ਨ ਦੀ ਦਿੱਖ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਵਾਕਿਆ ਹੀ ਹਿੰਦੂਆਂ ਦੇ ਪ੍ਰਮੁੱਖ ਧਾਰਮਿਕ ਸਥਾਨ ਦਾ ਰੇਲਵੇ ਸਟੇਸ਼ਨ ਹੈ| ਮੈਨੂੰ ਇਸ ਚੀਜ਼ ਨੇ ਕਾਫੀ ਪ੍ਰਭਾਵਿਤ ਕੀਤਾ ਸੀ|
ਸੈਮੀਨਾਰ ਦੀ ਸਮਾਂ ਸਮਾਪਤੀ ਪਿਛੋਂ ਸਾਨੂੰ ਸਾਰਨਾਥ ਜਾਣ ਦਾ ਵੀ ਮੌਕਾ ਮਿਲਿਆ, ਜਿਸ ਦਾ ਬੁੱਧ ਧਰਮ ਨਾਲ ਖਾਸ ਸਬੰਧ ਹੈ| ਫਿਲਾਸਫੀ, ਖਾਸ ਕਰਕੇ ਧਰਮ ਦੀ ਫਿਲਾਸਫੀ ਦੀ ਵਿਦਿਆਰਥਣ ਹੋਣ ਨਾਤੇ ਮੇਰੇ ਲਈ ਇਹ ਅਹਿਮ ਗੱਲ ਸੀ| ਜਦੋਂ ਅਸੀਂ ਸਾਰਨਾਥ ਦੇ ਸਟੇਸ਼ਨ ‘ਤੇ ਉਤਰੇ ਤਾਂ ਉਥੇ ਵੀ ਜਿਸ ਪਹਿਲੀ ਚੀਜ਼ ਨੇ ਆਪਣੇ ਵੱਲ ਖਿੱਚਿਆ, ਉਹ ਰੇਲਵੇ ਸਟੇਸ਼ਨ ਦੀ ਬੁੱਧ ਧਰਮ ਦੀ ਆਸਥਾ ਅਨੁਸਾਰ ਉਸਾਰੀ ਹੋਈ ਦਿੱਖ ਸੀ| ਅਸੀਂ ਜਾਣਦੇ ਹਾਂ ਕਿ ਬੁੱਧ ਧਰਮ ਦੇ ਨਜ਼ਰੀਏ ਤੋਂ ਸਾਰਨਾਥ ਦੀ ਕੀ ਮਹੱਤਤਾ ਹੈ| ਉਥੇ ਇਹ ਦੇਖ ਕੇ ਹੋਰ ਵੀ ਖੁਸ਼ੀ ਹੋਈ ਕਿ ਪੁਰਾਤਨ ਨਿਸ਼ਾਨੀਆਂ ਨੂੰ ਉਵੇਂ ਹੀ ਮਹਿਫੂਜ਼ ਰੱਖਿਆ ਹੋਇਆ ਹੈ ਅਤੇ ਨਾਲ ਹੀ ਬੁੱਧ ਧਰਮ ਨਾਲ ਸਬੰਧਤ ਚੀਨ, ਜਪਾਨ ਤੇ ਹੋਰ ਬੋਧੀ ਸੰਗਤਾਂ ਵੱਲੋਂ ਵੱਖ ਵੱਖ ਬੋਧੀ ਮੰਦਿਰ ਉਸਾਰੇ ਹੋਏ ਹਨ|
ਮੀਡੀਆ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੀ ਦਿੱਖ ਸੁਆਰਨ ਦੇ ਬਹਾਨੇ ਉਸ ਦੀ ਦਿੱਖ ਸਿੱਖ ਰਵਾਇਤਾਂ ਨਾਲੋਂ ਤੋੜ ਕੇ ਸਜਾਵਟ ਦੇ ਨਾਂ ‘ਤੇ ਕਮਲ ਦੇ ਫੁੱਲ ਦੀ ਸ਼ਕਲ ਦਾ ਸਰੋਵਰ ਉਸਾਰਨ ਦੀ ਯੋਜਨਾ ਦੀ ਚਰਚਾ ਹੈ| ਇਸ ਦਾ ਬਹੁਤ ਸਾਰੀਆਂ ਨਾਮੀ ਸਿੱਖ ਹਸਤੀਆਂ, ਇਮਾਰਤਸਾਜ਼ੀ ਨਾਲ ਜੁੜੇ ਮਾਹਿਰਾਂ ਤੇ ਸਿੱਖ ਬੁੱਧੀਜੀਵੀਆਂ ਨੇ ਵਿਰੋਧ ਕੀਤਾ ਹੈ ਅਤੇ ਇਹ ਵਿਰੋਧ ਵਾਜਬ ਤੇ ਜਾਇਜ਼ ਵੀ ਹੈ| ਇਨ੍ਹਾਂ ਨਾਮੀ ਮਾਹਿਰਾਂ ‘ਚੋਂ ਹੀ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ, ਨਵੀਂ ਦਿੱਲੀ ਦੀ ਕੰਜ਼ਰਵੇਟਿਵ ਵਿਭਾਗ ਦੀ ਸਾਬਕਾ ਮੁਖੀ ਪ੍ਰੋ. ਪ੍ਰਿਆਲੀਨ ਸਿੰਘ ਨੇ ਕਿਹਾ ਹੈ ਕਿ ਬਾਹਰੀ ਦਿਖ ਤੋਂ ਇਹ ਡਿਜ਼ਾਈਨ ਅੰਮ੍ਰਿਤਸਰ ਦੀ ਸਿੱਖ ਵਿਰਾਸਤ ਦੀ ਨੱਕਾਸ਼ੀ ਨਹੀਂ ਕਰਦਾ ਜਾਪਦਾ| ਅੰਮ੍ਰਿਤਸਰ ਦਾ ਮੁੱਢ ਗੁਰੂ ਰਾਮਦਾਸ ਜੀ ਨੇ ਬੰਨ੍ਹਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਹੋਈ ਇਮਾਰਤਸਾਜ਼ੀ, ਨੱਕਾਸ਼ੀ ਅਤੇ ਹੋਰ ਪਹਿਲੂ ਅੰਮ੍ਰਿਤਸਰ ਲਈ ਵਿਸ਼ੇਸ਼ ਹਨ|
ਮੀਡੀਆ ਵਿਚ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਰੇਲਵੇ ਸਟੇਸ਼ਨ ਦੀ ਬਦਲੇ ਜਾਣ ਵਾਲੀ ਦਿੱਖ ਬਾਰੇ ਕਿਹਾ ਹੈ ਕਿ ਕਮਲ ਦੇ ਫੁੱਲ ਨੂੰ ਸਿਰਫ ਭਾਜਪਾ ਦੇ ਚੋਣ ਨਿਸ਼ਾਨ ਨਾਲ ਜੋੜ ਕੇ ਦੇਖਣਾ ਜਾਇਜ਼ ਨਹੀਂ ਹੈ| ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਦਾ ਰੰਗ ਰੋਗਨ ਵਿਰਾਸਤੀ ਰੱਖਿਆ ਗਿਆ ਹੈ| ਇਸ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਪਹਿਲਾਂ ਵਾਂਗ ਹੀ ਸਥਾਪਤ ਰਹੇਗਾ|
ਕਮਲ ਦੇ ਫੁੱਲ ਨੂੰ ਸਿਰਫ ਭਾਜਪਾ ਦੇ ਚੋਣ ਨਿਸ਼ਾਨ ਨਾਲ ਜੋੜ ਕੇ ਦੇਖਣਾ ਜਾਇਜ਼ ਨਹੀਂ ਹੈ, ਕਿਉਂਕਿ ਇਹ ਇਕੱਲਾ ਭਾਜਪਾ ਦਾ ਹੀ ਚੋਣ ਨਿਸ਼ਾਨ ਨਹੀਂ ਹੈ, ਸਗੋਂ ਕਮਲ ਦੇ ਫੁੱਲ ਦਾ ਹਿੰਦੂ ਮਿਥਿਹਾਸ ਵਿਚ ਬਹੁਤ ਅਹਿਮ ਸਥਾਨ ਹੈ| ਹਿੰਦੂ ਮਿਥਿਹਾਸ ਵਿਚ ਤ੍ਰੈਮੂਰਤੀ ਅਰਥਾਤ ਤਿੰਨ ਦੇਵਤਿਆਂ-ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਦਾ ਪ੍ਰਮੁੱਖ ਸਥਾਨ ਹੈ| ਬ੍ਰਹਮਾ ਉਤਪਤੀ ਦਾ ਦੇਵਤਾ ਹੈ, ਜਿਸ ਨੂੰ ਕਮਲਸੁਤ ਅਤੇ ਕਮਲਤਾਤ ਅਰਥਾਤ ਕਮਲ ਦਾ ਪੁੱਤਰ ਕਿਹਾ ਜਾਂਦਾ ਹੈ| ਮਿਥਿਹਾਸ ਅਨੁਸਾਰ ਬ੍ਰਹਮਾ ਦਾ ਜਨਮ ਕਮਲ ਦੀ ਨਾਭੀ ‘ਚੋਂ ਹੋਇਆ| ਵਿਸ਼ਨੂੰ ਦੂਜਾ ਦੇਵਤਾ ਹੈ, ਜਿਸ ਦਾ ਕਾਰਜ ਸੰਸਾਰ ਦੀ ਪਾਲਣਾ ਕਰਨਾ ਅਤੇ ਸੰਭਾਲ ਕਰਨਾ ਹੈ| ਵਿਸ਼ਨੂੰ ਦੇ ਚਾਰ ਹੱਥ ਦਿਖਾਏ ਗਏ ਹਨ, ਜਿਨ੍ਹਾਂ ਵਿਚੋਂ ਇੱਕ ਹੱਥ ਵਿਚ ਸੰਖ, ਦੂਜੇ ਵਿਚ ਕਮਲ, ਤੀਜੇ ਵਿਚ ਚੱਕ੍ਰ ਅਤੇ ਚੌਥੇ ਵਿਚ ਗਦਾ ਹੈ|
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਮਲ ਦਾ ਫੁੱਲ ਹਿੰਦੂ ਧਰਮ ਦੇ ਮਿਥਿਹਾਸ ਅਨੁਸਾਰ ਹਿੰਦੂ ਧਰਮ ਲਈ ਖਾਸ ਮਹੱਤਵ ਰੱਖਦਾ ਹੈ| ਵਿਸ਼ਨੂੰ ਦੇ ਹੱਥ ਵਿਚ ਕਮਲ ਦਾ ਫੁੱਲ ਗੌਰਵਸ਼ਾਲੀ ਅਸਤਿਤਵ ਦਾ ਪ੍ਰਤੀਕ ਹੈ ਅਤੇ ਭਾਜਪਾ ਨੇ ਕਮਲ ਦੀ ਚੋਣ ਸੁਤੇਸਿੱਧ ਨਹੀਂ ਕੀਤੀ ਜਾਪਦੀ| ਭਾਜਪਾ ਦੇ ਪਿਛਲੇ ਪੰਜ ਸਾਲ ਤੋਂ ਉਤੇ ਦੇ ਰਾਜ ਨੇ ਬਹੁਤ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੀ ਰਾਜਨੀਤੀ ਫਿਰਕੂ ਲੀਹਾਂ ‘ਤੇ ਆਧਾਰਤ ਹੈ ਅਤੇ ਉਸ ਦਾ ਏਜੰਡਾ ਇੱਕ ਹਿੰਦੂ ਰਾਸ਼ਟਰ ਕਾਇਮ ਕਰਨ ਦਾ ਹੈ, ਖਾਸ ਕਰਕੇ ਪਿਛਲੇ ਛੇ ਮਹੀਨਿਆਂ ਦੇ ਕਾਰਜਕਾਲ ਨੇ ਇਸ ਸਬੰਧੀ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ| ਹੌਲੀ ਹੌਲੀ ਕਿਧਰੇ ਲੁਕਵੇਂ ਢੰਗ ਨਾਲ (ਜਿਵੇਂ ਅੰਮ੍ਰਿਤਸਰ ਸਾਹਿਬ ਦੇ ਸਟੇਸ਼ਨ ‘ਤੇ ਕਮਲ ਦੇ ਫੁੱਲ ਦੇ ਡਿਜ਼ਾਈਨ ਦਾ ਸਰੋਵਰ) ਅਤੇ ਕਿਧਰੇ ਸਪੱਸ਼ਟ ਰੂਪ ਵਿਚ ਜਿਵੇਂ ਨਵੇਂ ਨਾਗਰਿਕਤਾ ਕਾਨੂੰਨ, ਕਸ਼ਮੀਰ ਵਿਚ 370 ਧਾਰਾ ਖਤਮ ਕਰਕੇ ਰਾਜ ਦਾ ਦਰਜਾ ਖਤਮ ਕਰਨਾ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਵਿਚ ਵੰਡ ਕੇ ਦਫਾ 144 ਲਾਉਣਾ, ਸਿਆਸੀ ਲੀਡਰਾਂ ਨੂੰ ਕੈਦ ਕਰਨਾ ਆਦਿ ਰਾਹੀਂ ਆਪਣੇ ਇਸ ਏਜੰਡੇ ਨੂੰ ਲਾਗੂ ਕਰ ਰਹੀ ਹੈ| ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਬਣਦਿਆਂ ਹੀ ਸਰਕਾਰੀ ਸਕੂਲਾਂ ਦੀਆਂ ਕੰਧਾਂ ਨੂੰ ਭਗਵਾਂ ਰੰਗ ਕਰਨਾ ਸ਼ੁਰੂ ਹੋ ਗਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਨਸ਼ਰ ਹੋਈ ਸੀ|
ਸਿੱਖ ਧਰਮ ਫਲਸਫੇ ਦਾ ਹਿੰਦੂ ਮਿਥਿਹਾਸ ਨਾਲ ਕੋਈ ਸਬੰਧ ਨਹੀਂ ਹੈ| ਇਹ ਇੱਕ ਵੱਖਰਾ ਤੇ ਬਿਲਕੁਲ ਨਿਵੇਕਲਾ ਧਰਮ ਹੈ| ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਪ੍ਰਸਤਾਵਤ ਡਿਜ਼ਾਈਨ ਗਲਤ ਹੈ| ਮੇਰਾ ਵੀ ਮੰਨਣਾ ਹੈ ਕਿ ਇਸ ਨਾਲ ਸਿੱਖ ਪਰੰਪਰਾ, ਜੋ ਨਿਰਭਉ ਅਤੇ ਨਿਰਵੈਰ ਦਾ ਸੰਦੇਸ਼ ਦਿੰਦਿਆਂ ‘ਸਰਬੱਤ ਦਾ ਭਲਾ’ ਚਾਹੁਣ ਅਤੇ ‘ਤੂੰ ਕਿਸੇ ਨ ਦਿਸੈ ਬਾਹਰਾ ਜੀਓ’ ਦੀ ਧਾਰਨੀ ਹੈ, ਉਸ ਨੂੰ ਢਾਹ ਲਗਦੀ ਹੈ ਤੇ ਇਹ ਡਿਜ਼ਾਈਨ ‘ਕੂੜੀ ਚਤੁਰਾਈ’ ਹੈ|
ਪਾਕਿਸਤਾਨ ਜਿਹੇ ਇਸਲਾਮਿਕ ਮੁਲਕ ਦੇ ਹਾਕਮਾਂ ਨੇ ਕਰਤਾਰਪੁਰ ਸਾਹਿਬ ਵਿਖੇ ਮੁੱਖ ਲਾਂਘੇ ‘ਤੇ ਉਸਾਰੀ ਕਰਦਿਆਂ ਸਿੱਖ ਪਰੰਪਰਾਵਾਂ ਦਾ ਪੂਰਾ ਧਿਆਨ ਰੱਖਿਆ ਹੈ| ਹੈਰਾਨੀ ਹੁੰਦੀ ਹੈ ਹਰਸਿਮਰਤ ਕੌਰ ਬਾਦਲ ‘ਤੇ, ਜੋ ਹਰ ਸਮੇਂ ਵਿਰੋਧੀਆਂ ਜਾਂ ਭਾਜਪਾ ਸਰਕਾਰ ਦੇ ਹੱਕ ਵਿਚ ਬਿਨਾ ਵਜ੍ਹਾ ਹੀ ਬਿਆਨ ਦਾਗਦੀ ਰਹਿੰਦੀ ਹੈ, ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਿਜ਼ਾਈਨ ‘ਤੇ ਕੋਈ ਉਜਰ ਕਿਉਂ ਨਹੀਂ ਕੀਤਾ?