ਡਾ. ਸੁਖਪਾਲ ਸੰਘੇੜਾ
ਪ੍ਰੋਫੈਸਰ ਆਫ ਫਿਜ਼ਿਕਸ ਅਤੇ ਕੰਪਿਊਟਰ ਸਾਇੰਸ,
ਪਾਰਕ ਯੂਨੀਵਰਸਟੀ, ਅਮਰੀਕਾ।
ਪਿੱਠਭੂਮੀ ਤੇ ਪਰਿਚੈ: ਪਿਛਲੇ ਸਾਲ 2019 ਵਿਚ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਕਰਕੇ ਕਰੀਬ ਸਾਰਾ ਸਾਲ ਗੁਰੂ ਨਾਨਕ ਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਸਮਾਗਮਾਂ/ਸੈਮੀਨਾਰਾਂ, ਅਖਬਾਰੀ ਲੇਖਾਂ ਤੇ ਕਿਤਾਬਚਿਆਂ/ਪੁਸਤਕਾਂ ਆਦਿ ਦਾ ਪੰਜਾਬ ਵਿਚ ਹੜ੍ਹ ਜਿਹਾ ਆਇਆ ਰਿਹਾ ਹੈ। ਪੰਜਾਬੀ ਪ੍ਰਕਾਸ਼ਨਾਂ ਨਾਲ ਸਬੰਧਤ ਇੱਕ ਮਿੱਤਰ ਦੇ ਕਹੇ ਅਨੁਸਾਰ ਇਕੱਲੀ ਇੱਕ ਪ੍ਰੈਸ ‘ਚ ਹੀ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਬਾਰੇ ਕਰੀਬ ਦੋ ਸੌ ਪੁਸਤਕਾਂ ਛਪਣ ਲਈ ਆਈਆਂ। ਬਾਹਰਲੇ ਮੁਲਕਾਂ ਦੀਆਂ ਪੰਜਾਬੀ ਅਖਬਾਰਾਂ ਤੇ ਪੰਜਾਬੀ ਭਾਈਚਾਰਿਆਂ ਦਾ ਵੀ ਇਹੀ ਹਾਲ ਰਿਹਾ। ਇਹ ਸ਼ੁਭ ਸ਼ਗਨ ਹੈ, ਉਥੋਂ ਤੱਕ, ਜਿੱਥੋਂ ਤੱਕ ਇਹ ਸਰਗਰਮੀਆਂ ਗੁਰੂ ਜੀ ਦੇ ਜੀਵਨ-ਕੰਮਾਂ ਤੇ ਉਨ੍ਹਾਂ ਵਲੋਂ ਸ਼ੁਰੂ ਕੀਤੀ ਮਾਨਵਵਾਦੀ ਲਹਿਰ ਦੇ ਮੌਜੂਦਾ ਸੰਦਰਭ ਦੇ ਅਨੁਕੂਲ ਹੋਣ; ਠੀਕ ਦਿਸ਼ਾ, ਭਾਵ ਪਿੱਛਲ-ਝਾਤ ਦੀ ਥਾਂ ਭਵਿੱਖ ਵੱਲ ਨੂੰ ਸੇਧਤ ਹੋਣ; ਤੇ ਗੁਰਾਂ ਦੀ ਤਰ੍ਹਾਂ ਹੀ ਕਹਿਣੀ ਨੂੰ ਕਰਨੀ ਸੰਗ ਸੁਮੇਲਦੀਆਂ ਹੋਣ।
ਨੋਟ ਕਰਨਾ ਬਣਦਾ ਹੈ ਕਿ ਗੁਰੂ ਨਾਨਕ ਦੇ ਵਿਚਾਰਾਂ ਦੇ ਅਗਾਂਹਵਧੂ, ਮਾਨਵਵਾਦੀ ਤੇ ਕਿਸੇ ਹੱਦ ਤੱਕ ਵਿਗਿਆਨਕ ਪੱਖਾਂ ਤੇ ਪ੍ਰਸੰਗਾਂ ਨੂੰ ਪੇਸ਼ ਕਰਨ ‘ਤੇ ਵੀ ਕਾਫੀ ਜੋਰ ਦਿੱਤਾ ਗਿਆ ਹੈ। ਇਸ ਰੁਝਾਨ ਦੀ ਨੁਮਾਇੰਦਗੀ ਕਰਦੇ ਸੈਂਕੜੇ ਲੇਖ ਪ੍ਰਕਾਸ਼ਿਤ ਹੋਏ ਅਤੇ ਪ੍ਰਗਤੀਸ਼ੀਲ ਚਿੰਤਕਾਂ ਵੱਲੋਂ ਪੰਜਾਬ ਵਿਚ ਤੇ ਬਾਹਰਲੇ ਮੁਲਕਾਂ ਵਿਚ ਵੀ ਥਾਂ ਥਾਂ ਸਮਾਗਮ/ਸੈਮੀਨਾਰ ਕਰਵਾਏ ਗਏ। ਇਹ ਰੁਝਾਨ ਉਨਾ ਕੁ ਹੀ ਲਾਹੇਵੰਦ ਹੈ, ਜਿੰਨਾ ਅਜਿਹੀ ਪੇਸ਼ਕਾਰੀ ਦਾ ਦਰੁਸਤ ਹੋਣਾ, ਨਾ ਕਿ ਭਾਵੁਕਤਾ ਜਾਂ ਸ਼ਰਧਾ ਵਿਚ ਉਲਾਰ ਹੋ ਕੇ ਸੱਚਾਈ ਨੂੰ ਖਿੱਚ ਖਿੱਚ ਅਜਿਹੇ ਦਾਅਵੇ ਕਰਨ ਲੱਗ ਪਈਏ; ਨਹੀਂ ਤਾਂ ਕੁਲ ਮਿਲਾ ਕੇ ਫਾਇਦੇ ਦੀ ਥਾਂ ਅਜੇਹੀਆਂ ਸਰਗਰਮੀਆਂ ਨਾਲ ਨੁਕਸਾਨ ਹੀ ਹੁੰਦਾ ਹੈ।
ਅਨੇਕਾਂ ਲੇਖਾਂ ਤੇ ਸੈਮੀਨਾਰਾਂ ਵਿਚ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਭਾਂਤ ਭਾਂਤ ਦੇ ਦਾਅਵੇ ਕੀਤੇ ਗਏ ਹਨ। ਇਹ ਦਾਅਵੇ ‘ਵਿਗਿਆਨ ਗੁਰੂ ਨਾਨਕ ਦੀਆਂ ਸਿੱਖਿਆਵਾਂ ਨਾਲ ਅਸਹਿਮਤ ਨਹੀਂ ਹੈ’ ਤੋਂ ਸ਼ੁਰੂ ਹੋ ਕੇ ਗੁਰੂ ਜੀ ਨੂੰ ‘ਵਿਗਿਆਨੀਆਂ ਦੇ ਸਿਰਮੌਰ ਵਿਗਿਆਨੀ’ ਕਰਾਰ ਦੇਣ ਦੀ ਹੱਦ ਤੱਕ ਜਾਂਦੇ ਨੇ। ਇਸ ਲੇਖ ਲੜੀ ਵਿਚ ਅਸੀਂ ਪੰਜਾਬੀ ਚਿੰਤਕਾਂ ਦੇ ਇਨ੍ਹਾਂ ਦਾਅਵਿਆਂ ਨਾਲ ਨਜਿੱਠਦੇ ਹਾਂ। ਵਿਗਿਆਨ, ਵਿਗਿਆਨ ਦਾ ਫਲਸਫਾ, ਵਿਗਿਆਨਕ ਵਿਧੀ, ਸੋਚ, ਪਹੁੰਚ ਆਦਿ ਸੰਕਲਪਾਂ ਦੀਆਂ ਬੁਨਿਆਦੀ ਪਰਿਭਾਸ਼ਾਵਾਂ ਦੀ ਰੋਸ਼ਨੀ ਵਿਚ ਅਸੀਂ ਇਨ੍ਹਾਂ ਦਾਅਵਿਆਂ ਦੀ ਤਰਕਸ਼ੀਲ ਢੰਗ ਨਾਲ ਜਾਂਚ-ਪੜਤਾਲ ਕਰਦੇ ਹਾਂ। ਇਹ ਕਾਰਜ ਜਾਂ ਇਹ ਲੱਭਣਾ ਕਿ ਇਹ ਦਾਅਵੇ ਕਿੰਨੇ ਸਹੀ ਹਨ, ਆਪਣੇ ਆਪ ਵਿਚ ਉਦੇਸ਼ ਨਹੀਂ, ਸਗੋਂ ਸਾਧਨ ਹੈ ਅਸਲੀ ਉਦੇਸ਼ ਪੂਰਤੀ ਦਾ। ਉਹ ਉਦੇਸ਼ ਹੈ, ਇਹ ਜਾਣਨ ਦਾ ਕਿ ਅਸੀਂ, ਜੋ ਗੁਰੂ ਨਾਨਕ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ, ਕੀ ਅਸੀਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਤੋਂ 550 ਸਾਲਾਂ ਬਾਅਦ ਵੀ ਉਹ ਯੋਗਤਾ ਗ੍ਰਹਿਣ ਜਾਂ ਵਿਕਸਿਤ ਕਰ ਲਈ ਹੈ, ਜੋ ਮੌਜੂਦਾ ਪੰਜਾਬ ਨੂੰ ਖੜੋਤ ਦੀ ਸਥਿਤੀ ਵਿਚੋਂ ਕੱਢ ਕੇ ਭਵਿੱਖ ਦੇ ਰਸਤੇ ਪਾਉਣ ਲਈ ਜ਼ਰੂਰੀ ਹੈ?
ਜੋ ਯੋਗਤਾ ਰੈਨੇਸਾਂਸੀਆਂ ਵਿਚ ਸੀ, ਜਿਨ੍ਹਾਂ ਨੇ ਰੈਨੇਸਾਂਸ ਲਹਿਰ ਦੀ ਸ਼ੁਰੂਆਤ ਆਪਣੇ ਪ੍ਰਾਚੀਨ ਸੱਭਿਆਚਾਰ ਤੇ ਫਲਸਫੇ ਦੇ ਤਰਕਸ਼ੀਲ ਪੁਨਰ ਮੁਲੰਕਣ ਨਾਲ ਕੀਤੀ ਸੀ; ਜੋ ਯੋਗਤਾ ਗੁਰੂ ਨਾਨਕ ਵਿਚ ਵੀ ਸੀ, ਜਿਨ੍ਹਾਂ ਰੈਨੇਸਾਂਸੀਆਂ ਵਾਂਗ ਰੈਨੇਸਾਂਸ ਲਹਿਰ ਦੀ ਸਮਕਾਲੀ ਪੰਜਾਬ ਜਾਗ੍ਰਿਤੀ ਲਹਿਰ ਦਾ ਆਧਾਰ ਤਰਕ ਨੂੰ ਹੀ ਬਣਾਇਆ ਸੀ। ਕੀ ਸਾਡੇ ਵਿਚ ਉਹ ਯੋਗਤਾ ਹੈ, ਸਾਡੀਆਂ ਇਤਿਹਾਸਕ ਹਸਤੀਆਂ ਤੇ ਪੋਥੀਆਂ ਸਾਹਮਣੇ ਸ਼ਰਧਾ ਵਿਚ ਉਲਾਰ ਹੋਣ ਦੀ ਥਾਂ ਤਰਕ ਸੰਗ ਆਪਣੇ ਇਤਿਹਾਸ ਦੇ ਕਿਸੇ ਵੀ ਚੈਪਟਰ ਦਾ ਮੁਲੰਕਣ ਕਰਨ ਦੀ?
ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਦਾਅਵੇ: ਬਿਨਾ ਸ਼ੱਕ ਗੁਰੂ ਨਾਨਕ ਪੰਜਾਬ ਦੇ ਮਹਾਨ ਫਿਲਾਸਫਰ ਸਨ। ਉਨ੍ਹਾਂ ਦੀ ਬਾਣੀ ਜਾਂ ਹੋਰ ਕਿਸੇ ਦਸਤਾਵੇਜ਼ੀ ਸਰੋਤ ਤੋਂ ਇਹ ਸੂਹ ਨਹੀਂ ਮਿਲਦੀ ਕਿ ਉਹ ਵਿਗਿਆਨ ਦੇ ਅਭਿਆਸ ਵਿਚ ਹਿੱਸਾ ਲੈਂਦੇ ਸਨ, ਜਾਂ ਉਨ੍ਹਾਂ ਨੇ ਕਦੀ ਵੀ ਕਿਸੇ ਵੀ ਢੰਗ ਨਾਲ ਵੀ ਵਿਗਿਆਨੀ ਹੋਣ ਦਾ ਦਾਅਵਾ ਕੀਤਾ ਸੀ। ਇੱਥੇ ਅਸੀਂ ਪੰਜਾਬੀ ਚਿੰਤਕਾਂ ਦੇ ਉਹ ਦਾਅਵੇ ਪੇਸ਼ ਕਰਦੇ ਹਾਂ, ਜੋ ਅਨੇਕਾਂ ਲੇਖਾਂ ਤੇ ਸੈਮੀਨਾਰਾਂ ਵਿਚ ਕੀਤੇ ਗਏ ਹਨ ਕਿ ਗੁਰੂ ਨਾਨਕ ਮਹਾਨ ਵਿਗਿਆਨੀ ਤੇ ਵਿਗਿਆਨੀਆਂ ਦੇ ਵਿਗਿਆਨੀ ਸਨ।
ਤਰਕ ਪੱਖੋਂ ਇਹ ਦਾਅਵੇ ਵੱਖ ਵੱਖ ਰੂਪਾਂ ਵਿਚ ਸਾਹਮਣੇ ਆਏ ਨੇ। ਕਈ ਲੇਖਕਾਂ ਤੇ ਬੁਲਾਰਿਆਂ ਨੇ ‘ਠਾਹ ਸੋਟਾ’ ਮਾਰਿਆ ਹੈ ਤੇ ਕਈਆਂ ਨੇ ਇਨ੍ਹਾਂ ਦੇ ਹੱਕ ਵਿਚ ਦਲੀਲਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਿਗਿਆਨ ਤਰਕ ਸਿਧਾਂਤ ਮੁਤਾਬਕ ਠੋਸ ਜਾਂ ਖਰੇ ਤਰਕ ਦਾ ਇਕ ਲੱਛਣ ਇਹ ਹੁੰਦਾ ਹੈ ਕਿ ਉਹ ਵਿਰੋਧੀ ਪੱਖ ਦੀ ਸਭ ਤੋਂ ਮਜ਼ਬੂਤ ਦਲੀਲ ਦਾ ਮੁਕਾਬਲਾ ਕਰਦਾ ਹੋਵੇ। ਇਸ ਲਈ ਮੈਂ ਹੇਠਾਂ ਇਨ੍ਹਾਂ ਲੇਖਾਂ ਤੇ ਸੈਮੀਨਾਰਾਂ ਵਿਚ ਉਪਰੋਕਤ ਦਾਅਵਿਆਂ ਦੇ ਪੱਖ ਵਿਚ ਦਿੱਤੀਆਂ ਸਭ ਮੁੱਖ ਦਲੀਲਾਂ ਵਿਚਲੇ ਤਰਕ ਦੀ ਆਪਣੇ ਸਭ ਤੋਂ ਮਜ਼ਬੂਤ ਰੂਪ ਵਿਚ ਪੁਨਰ ਉਸਾਰੀ ਕਰਦਾ ਹਾਂ।
1. ਵਿਗਿਆਨ ਨਾਲ ਸਹਿਮਤੀ: ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਵਿਗਿਆਨੀ ਅਸਹਿਮਤ ਨਹੀਂ ਹਨ; ਸਗੋਂ ਵਿਗਿਆਨਕ ਤੱਥ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦੀਆਂ ਧਾਰਨਾਵਾਂ ਤੇ ਮਾਨਤਾਵਾਂ ਨੂੰ ਵਿਗਿਆਨ ਵਲੋਂ ਕਿਸੇ ਵੀ ਰੂਪ ‘ਚ ਨਾਮਨਜ਼ੂਰ ਨਹੀਂ ਕੀਤਾ ਗਿਆ ਹੈ।
2. ਭੋਜਨ ਬਾਰੇ ਗੁਰਬਾਣੀ ਤੇ ਵਿਗਿਆਨ: ਭੋਜਨ ਬਾਰੇ ਗੁਰੂ ਨਾਨਕ ਫੁਰਮਾਉਂਦੇ ਨੇ,
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥੧॥
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
(ਗੁਰੂ ਗ੍ਰੰਥ ਸਾਹਿਬ, ਪੰਨਾ 16-17)
ਭਾਵ: ਜੇ ਮਨ ਅਕਾਲ ਪੁਰਖ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆਂ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਸੁਰਤੀ ਜੇ ਉਹਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ। ਮੂੰਹ ਨਾਲ ਉਹਦਾ ਨਾਮ ਉਚਾਰਨਾ, ਖੱਟੇ ਪਦਾਰਥ ਦਾ ਸੁਆਦ ਮਾਣਨ ਬਰਾਬਰ ਹੈ। ਅਕਾਲ ਪੁਰਖ ਦੀ ਸਿਫਤਿ-ਸਾਲਾਹ ਦਾ ਕੀਰਤਨ ਮਸਾਲੇ ਦੇ ਤੁਲ ਹੈ। ਉਹਦੇ ਨਾਲ ਇਕ-ਰਸ ਪ੍ਰੇਮ ਵਿਚ ਛੱਤੀ ਕਿਸਮਾਂ ਦੇ ਪਦਾਰਥਾਂ ਦੇ ਸੁਆਦ ਹਨ, ਜਿਸ ‘ਤੇ ਉਹ ਨਜ਼ਰ ਕਰਦਾ ਹੈ। ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿਚ ਮੰਦੇ ਖਿਆਲ ਆਉਂਦੇ ਨੇ, ਉਹ ਪਦਾਰਥ ਖਾਣ ਨਾਲ ਖੁਆਰ ਹੀ ਹੋਣਾ ਹੈ।
ਇਸ ਜਾਂ ਇਸ ਵਰਗੀ ਕਿਸੇ ਹੋਰ ਤੁੱਕ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ, “ਵਿਗਿਆਨੀ ਅਜੇ ਵੀ ਜਿਨ੍ਹਾਂ ਧਾਰਨਾਵਾਂ ਦੀ ਖੋਜ ਕਰ ਰਹੇ ਹਨ, ਉਹ ਗੁਰੂ ਨਾਨਕ ਜੀ ਨੇ ਸਦੀਆਂ ਪਹਿਲਾਂ ਹੀ ਲਿਖ ਦਿਤੀਆਂ ਸਨ। ਸਿੱਖ ਗੁਰੂਆਂ ਨੇ ਸਾਨੂੰ ਬਹੁਤ ਸਮਾਂ ਪਹਿਲਾਂ ਸਿਗਰਟਨੋਸ਼ੀ, ਸ਼ਰਾਬਨੋਸ਼ੀ ਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਸੀ। ਵਿਗਿਆਨੀਆਂ ਨੇ ਵਰ੍ਹਿਆਂ ਦੀ ਖੋਜ ਪਿਛੋਂ ਪੁਸ਼ਟੀ ਕੀਤੀ ਹੈ ਕਿ ਸ਼ਰਾਬ ਪੀਣ, ਸਿਗਰਟਨੋਸ਼ੀ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਸਰੀਰ ‘ਤੇ ਕਾਫੀ ਬੁਰੇ ਪ੍ਰਭਾਵ ਪੈਂਦੇ ਹਨ।”
3. ਬ੍ਰਹਿਮੰਡ ਦੇ ਸਰੋਤ ਤੇ ਅਰੰਭ ਬਾਰੇ ਗੁਰਬਾਣੀ ਤੇ ਵਿਗਿਆਨ: ਬ੍ਰਹਿਮੰਡ ਦੇ ਸਰੋਤ ਤੇ ਅਰੰਭ ਬਾਰੇ ਗੁਰੂ ਨਾਨਕ ਜੀ ਫੁਰਮਾਉਂਦੇ ਨੇ,
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ॥੧॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ
ਨਦੀ ਨ ਨੀਰੁ ਵਹਾਇਦਾ॥੨॥ (ਪੰਨਾ 1035)
ਭਾਵ: (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਵਾਸਤੇ) ਅਰਬਦ ਨਰਬਦ (ਲਫਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਅਜਿਹੀ ਹਾਲਤ ਸੀ, ਜਿਸ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।) ਉਦੋਂ ਨਾ ਧਰਤੀ ਸੀ, ਨਾ ਆਕਾਸ਼ ਸੀ ਅਤੇ ਨਾ ਹੀ ਕਿਤੇ ਬੇਅੰਤ (ਅਕਾਲ ਪੁਰਖੁ) ਦਾ ਹੁਕਮ ਚੱਲ ਰਿਹਾ ਸੀ। ਉਦੋਂ ਨਾ ਦਿਨ, ਰਾਤ, ਚੰਦ, ਸੂਰਜ ਹੀ ਸੀ। ਉਦੋਂ (ਅਕਾਲ ਪੁਰਖੁ) ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ, ਜਿਸ ਵਿਚ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ; ਨਾ ਰਚਨਾ ਦੀਆਂ ਖਾਣੀਆਂ ਸਨ ਤੇ ਨਾ ਜੀਵਾਂ ਦੀਆਂ ਬਾਣੀਆਂ। ਉਦੋਂ ਨਾ ਹਵਾ, ਪਾਣੀ ਤੇ ਉਤਪਤੀ ਸੀ ਅਤੇ ਨਾ ਹੀ ਪਰਲੌ, ਜੰਮਣ ਤੇ ਮਰਨ ਸੀ। ਨਾ ਧਰਤੀ ਦੇ ਨੌ ਖੰਡ, ਪਾਤਾਲ, ਸਤ ਸਮੁੰਦਰ ਸਨ, ਤੇ ਨਾ ਨਦੀਆਂ ਵਿਚ ਪਾਣੀ ਵਹਿੰਦਾ ਸੀ।
ਇਸ ਤੇ ਇਸ ਜਿਹੀਆਂ ਹੋਰ ਤੁਕਾਂ ਦਾ ਠੀਕ ਅਰਥ ਕੱਢਦਿਆਂ ਲੇਖਕ ਤੇ ਬੁਲਾਰੇ ਨੋਟ ਕਰਦੇ ਹਨ ਕਿ ਗੁਰੂ ਨਾਨਕ ਅਨੁਸਾਰ ਪਰਮਾਤਮਾ ਨੇ ਇਸ ਬ੍ਰਹਿਮੰਡ ਨੂੰ ਅਰਬਾਂ ਸਾਲ (ਜਾਂ ਬਹੁਤ ਚਿਰ) ਪਹਿਲਾਂ ਸਿਰਜਿਆ ਸੀ। ਉਹ ਕਹਿਣਾ ਜਾਰੀ ਰੱਖਦੇ ਨੇ, “ਜਦੋਂ ਬ੍ਰਹਿਮੰਡ ਉਪਜਿਆ ਸੀ ਤਾਂ ਵਿਗਿਆਨੀਆਂ ਦੀ ਸੋਚ ਅਨੁਸਾਰ ਉਦੋਂ ਬ੍ਰਹਿਮੰਡ ਸੁੰਨ ਅਵਸਥਾ ਵਿਚ ਸੀ; ਮਾਦਾ/ਊਰਜਾ ਇਕ ਬਿੰਦੂ-ਨੁਮਾ ਗੋਲੇ ਵਿਚ ਇਕੱਠਾ ਸੀ। ਵਿਗਿਆਨ ਅਨੁਸਾਰ ਵੀ ਉਦੋਂ ਸਮਾਂ ਅਜੇ ਸ਼ੁਰੂ ਨਹੀਂ ਸੀ ਹੋਇਆ। ਸੋ, ਨਾ ਧਰਤੀ, ਨਾ ਸੂਰਜ ਤੇ ਨਾ ਦਿਨ-ਰਾਤ ਬਣੇ ਸਨ।
ਉਨ੍ਹਾਂ ਅਨੁਸਾਰ ਗੁਰੂ ਜੀ ਨੇ ਇਹ ਵੀ ਕਿਹਾ ਹੈ ਕਿ ਪਰਮਾਤਮਾ ਨੇ ਇਸ ਬ੍ਰਹਿਮੰਡ ਦਾ ਨਿਰਮਾਣ ਇੱਕ ਵਾਰ ਨਹੀਂ, ਕਈ ਵਾਰ ਕੀਤਾ ਹੈ। ਇੱਥੇ ਮੈਂ ਉਨ੍ਹਾਂ ਨਾਲ ਸਹਿਮਤ ਹਾਂ, ਗੁਰਬਾਣੀ ਦੇ ਸੰਦਰਭ ਵਿਚ। ਬ੍ਰਹਿਮੰਡ ਦੀ ਸਿਰਜਣਾ ਬਾਰੇ ਹੀ ਗੁਰੂ ਅਰਜਨ ਦੇਵ ਫੁਰਮਾਉਂਦੇ ਨੇ,
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥
ਕਈ ਕੋਟਿ ਕੀਨੇ ਬਹੁ ਭਾਤਿ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ (ਪੰਨਾ 276)
ਭਾਵ: (ਸਿਰਜਣਹਾਰ ਤੋਂ) ਕਈ ਵਾਰੀ ਬ੍ਰਹਿਮੰਡ ਰਚਨਾ ਹੋਈ ਹੈ, (ਆਪਾ ਸਮੇਟ ਕੇ) ਹਰ ਵਾਰ ਆਪ ਹੀ ਹੋ ਜਾਂਦਾ ਹੈ; ਸਿਰਜਣਹਾਰ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਸਿਰਜਣਹਾਰ ਤੋਂ ਪੈਦਾ ਹੋ ਕੇ, ਫਿਰ ਸਿਰਜਣਹਾਰ ਵਿਚ ਲੀਨ ਹੋ ਜਾਂਦੇ ਹਨ।
ਉਨ੍ਹਾਂ ਪੰਜਾਬੀ ਚਿੰਤਕਾਂ ਅਨੁਸਾਰ ਹੀ ਗੁਰਬਾਣੀ ਕਹਿੰਦੀ ਹੈ ਕਿ ਜੀਵਨ ਨਾ ਸਿਰਫ ਧਰਤੀ ‘ਤੇ ਹੈ, ਸਗੋਂ ਕਈ ਹੋਰ ਗ੍ਰਹਿਆਂ ‘ਤੇ ਵੀ ਹੈ। ਉਹ ਉਪਰੋਕਤ ਦੋ ਨੁਕਤਿਆਂ ਬਾਰੇ ਕਹਿੰਦੇ ਨੇ, “ਵਿਗਿਆਨ ਅਜੇ ਵੀ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕਰਦਾ, ਉਮੀਦ ਹੈ ਭਵਿੱਖ ‘ਚ ਕਰ ਦੇਵੇਗਾ।” ਅਸਲ ਵਿਚ ਕਈ ਵਿਗਿਆਨਕ ਮਾਡਲ ‘ਵਾਰ ਵਾਰ ਬ੍ਰਹਿਮੰਡ ਸਿਰਜਣਾ’ ਦੀ ਭਵਿੱਖਵਾਣੀ ਕਰਦੇ ਨੇ, ਤੇ ਵਿਗਿਆਨੀ ਧਰਤੀ ਤੋਂ ਇਲਾਵਾ ਬ੍ਰਹਿਮੰਡ ਦੇ ਬਾਕੀ ਹਿੱਸਿਆਂ ‘ਚੋਂ ਇਕੱਤਰ ਕੀਤੇ ਅੰਕੜਿਆਂ ਵਿਚੋਂ ਜੀਵਨ ਦੇ ਨਿਸ਼ਾਨ ਭਾਲਦੇ ਰਹਿੰਦੇ ਨੇ।
4. ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਗੁਰਬਾਣੀ ਤੇ ਵਿਗਿਆਨ: ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਗੁਰੂ ਨਾਨਕ ਫੁਰਮਾਉਂਦੇ ਨੇ,
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥” (ਪੰਨਾ 5)
ਭਾਵ: ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਨ੍ਹਾਂ ਦਾ) ਅੰਤ ਭਾਲਦੇ ਥੱਕ ਗਏ, ਅਸਫਲ ਹੋਏ।
ਅਤੇ
ਖੰਡ ਪਤਾਲ ਅਸੰਖ ਮੈ ਗਣਤ ਨਾ ਹੋਈ॥ (ਪੰਨਾ 1283)
ਇਸ ਤੇ ਇਸ ਜਿਹੀਆਂ ਹੋਰ ਤੁਕਾਂ ਦਾ ਠੀਕ ਅਰਥ ਕੱਢਦਿਆਂ ਲੇਖਕ ਤੇ ਬੁਲਾਰੇ ਨੋਟ ਕਰਦੇ ਹਨ ਕਿ ਗੁਰੂ ਨਾਨਕ ਅਨੁਸਾਰ ‘‘ਅਰਬਾਂ (ਜਾਂ ਬਹੁਤ ਸਾਰੇ) ਖੇਤਰ ਅਤੇ ਗ੍ਰਹਿ ਹਨ, ਅਰਬਾਂ ਚੰਦਰਮਾ ਅਤੇ ਸੂਰਜ ਤੇ ਤਾਰੇ ਹਨ।’’
ਉਹ ਲੇਖਕ ਅੱਜ ਦੇ ਵਿਗਿਆਨ ਦਾ ਹਵਾਲਾ ਦੇ ਕੇ ਕਹਿੰਦੇ ਨੇ, “ਉਕਤ ਤੱਥ ਪੂਰੀ ਤਰ੍ਹਾਂ ਸੱਚ ਹਨ, ਕਿਉਂਕਿ ਮੌਜੂਦਾ ਵਿਗਿਆਨ ਇਨ੍ਹਾਂ ਦੀ ਪੁਸ਼ਟੀ ਕਰਦਾ ਹੈ। ਵਿਗਿਆਨੀਆਂ ਨੇ ਦੇਖਿਆ ਕਿ ਅਰਬਾਂ ਆਕਾਸ਼ਗੰਗਾਵਾਂ ਹਨ ਅਤੇ ਹਰੇਕ ਆਕਾਸ਼ਗੰਗਾ ‘ਚ ਅਰਬਾਂ ਤਾਰੇ, ਲੱਖਾਂ ਗ੍ਰਹਿ ਹਨ, ਜੋ ਉਨ੍ਹਾਂ ਤਾਰਿਆਂ ਦੇ ਚਾਰੇ ਪਾਸੇ ਘੁੰਮਦੇ ਹਨ। ਇਨ੍ਹਾਂ ‘ਚ ਲੱਖਾਂ ਚੰਦਰਮਾ ਹਨ, ਜੋ ਗ੍ਰਹਿਆਂ ਦੇ ਚਾਰੇ ਪਾਸੇ ਘੁੰਮਦੇ ਹਨ। ਸਾਡੀ ਆਕਾਸ਼ਗੰਗਾ (ਮਿਲਕੀ ਵੇਅ) ਵਿਚ ਲਗਭਗ 200 ਬਿਲੀਅਨ ਤਾਰੇ ਅਤੇ ਲੱਖਾਂ ਗ੍ਰਹਿ ਹਨ। ਬ੍ਰਹਿਮੰਡ ‘ਚ ਅਰਬਾਂ ਆਕਾਸ਼ਗੰਗਾਵਾਂ ਹਨ।”
ਉਹ ਦਾਅਵਾ ਕਰਦੇ ਹਨ, “ਇਹ ਅੱਜ ਆਧੁਨਿਕ ਵਿਗਿਆਨ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ, ਪਰ ਗੁਰੂ ਨਾਨਕ ਦੇਵ ਨੇ ਇਨ੍ਹਾਂ ਦੀ ਖੋਜ ਤੋਂ ਬਹੁਤ ਪਹਿਲਾਂ ਇਨ੍ਹਾਂ ਦਾ ਜ਼ਿਕਰ ਕਰ ਦਿੱਤਾ ਸੀ।”
5. ਸਾਧਾਰਨੀਕਰਣ ਦਾ ਤਰਕ: ਇਨ੍ਹਾਂ ਲੇਖਾਂ ਦੇ ਲੇਖਕ ਫਿਰ ਉਪਰੋਕਤ ਨੁਕਤਿਆਂ ਦੇ ਸਾਧਾਰਨੀਕਰਣ (ਨਿਦੁਟਿਨ) ਰਾਹੀਂ ਇਸ ਨਤੀਜੇ ‘ਤੇ ਪਹੁੰਚ ਜਾਂਦੇ ਨੇ, “ਅਜੋਕੇ ਵਿਗਿਆਨ ਦੇ ਯੁਗ ‘ਚ ਵੀ ਵਿਗਿਆਨੀ ਮਿਹਨਤਾਂ-ਮੁਸ਼ੱਕਤਾ-ਖੋਜਾਂ ਤੇ ਵੱਡੇ ਵੱਡੇ ਤਜਰਬੇ ਕਰ ਕੇ ਜਿੱਥੇ ਪੁਜਦੇ ਹਨ, ਉਸ ਪ੍ਰਾਪਤੀ ਦਾ ਆਧਾਰ ਗੁਰਬਾਣੀ ‘ਚ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ।”
ਵੱਖ ਵੱਖ ਲੇਖਕਾਂ ਤੇ ਬੁਲਾਰਿਆਂ ਵਲੋਂ ਦਿੱਤੇ ਹਵਾਲਿਆਂ ਲਈ ਵਰਤੀਆਂ ਤੁੱਕਾਂ ਵੱਖ ਵੱਖ ਹੋ ਸਕਦੀਆਂ ਨੇ ਤੇ ਵਰਤੀ ਸ਼ਬਦਾਵਲੀ ਵੱਖ ਵੱਖ ਹੋ ਸਕਦੀ ਹੈ, ਪਰ ਉਪਰਲੇ ਪੰਜ ਨੁਕਤੇ ਉਨ੍ਹਾਂ ਵਲੋਂ ਪੇਸ਼ ਕੀਤੇ ਤਰਕ ਦੀ ਗਿਰੀ ਬਣਾਉਂਦੇ ਹਨ। ਇਨ੍ਹਾਂ ਸਾਰੇ ਨੁਕਤਿਆਂ ਵਿਚ ਇੱਕ ਸਾਂਝਾ ਦਾਅਵਾ ਹੈ: ਅੱਜ ਵਿਗਿਆਨ ਖੋਜ ਕਰ ਕੇ ਜੋ ਜਾਣ ਰਹੀ ਹੈ, ਉਹ ਗੁਰੂ ਨਾਨਕ ਨੇ ਸਦੀਆਂ ਪਹਿਲਾਂ ਹੀ ਕਹਿ ਦਿੱਤਾ ਸੀ। ਇਸ ਦਾਅਵੇ ਦੇ ਆਧਾਰ ‘ਤੇ, ਉਹ ਉਪਰਲੇ ਪੰਜ ਨੁਕਤਿਆਂ ਵਿਚੋਂ ਇੱਕ ਜਾਂ ਵੱਧ ਨੁਕਤੇ ਵਰਤ ਕੇ ਹੇਠ ਲਿਖੇ ਇੱਕ ਜਾਂ ਵੱਧ ਸਿੱਟਿਆਂ ‘ਤੇ ਪਹੁੰਚਦੇ ਹਨ,
1. ਗੁਰਬਾਣੀ ਵਿਚ ਵਿਗਿਆਨਕ ਸੋਚ ਸੰਮਿਲਿਤ ਹੈ।
2. ਗੁਰੂ ਨਾਨਕ ਜੀ ਵਿਗਿਆਨਕ ਸੋਚ ਦੇ ਧਾਰਨੀ ਸਨ।
3. ਗੁਰੂ ਨਾਨਕ ਜੀ ਵਿਗਿਆਨੀ ਸਨ।
4. ਗੁਰੂ ਨਾਨਕ ਜੀ ਵਿਗਿਆਨੀਆਂ ਦੇ ਵਿਗਿਆਨੀ ਸਨ।
ਦਾਅਵਿਆਂ ਪਿੱਛੇ ਕੰਮ ਕਰਦੀਆਂ ਧਾਰਨਾਵਾਂ: ਉਪਰੋਕਤ ਪੰਜ ਨੁਕਤੇ ਤੇ ਚਰਚਿਤ ਲੇਖ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਹ ਵੀ ਕਹਿੰਦੇ ਜਾਂ ਧਾਰਦੇ ਨੇ ਕਿ ਜੋ ਗੁਰੂ ਨਾਨਕ ਨੇ ਕਿਹਾ, ਜਿਵੇਂ ਕਿ ਬ੍ਰਹਿਮੰਡ ਬਾਰੇ ਅਤੇ ਭੋਜਨ ਤੇ ਸਿਹਤ ਦੇ ਸਬੰਧਾਂ ਬਾਰੇ, ਉਹ ਗੁਰੂ ਜੀ ਦੇ ਸਮੇਂ ਤੇ ਉਦੋਂ ਪਹਿਲਾਂ ਨਾ ਵਿਗਿਆਨੀਆਂ ਨੂੰ ਤੇ ਨਾ ਹੀ ਕਿਸੇ ਹੋਰ ਨੂੰ ਪਤਾ ਸੀ; ਹੁਣ ਵਿਗਿਆਨੀ ਖੋਜ ਕਰਕੇ ਉਨ੍ਹਾਂ ਗੱਲਾਂ ਨੂੰ ਜਾਣ ਰਹੇ ਨੇ। ਇਨ੍ਹਾਂ ਨੁਕਤਿਆਂ ‘ਚੋਂ ਸਿੱਟੇ ਕੱਢਦਿਆਂ ਅਧਿਆਤਮਵਾਦ, ‘ਵਿਗਿਆਨਕ ਸੋਚ’, ਤੇ ‘ਵਿਗਿਆਨ’ ਵਿਚਾਲੇ ਕੋਈ ਫਰਕ ਨਹੀਂ ਕੀਤਾ ਗਿਆ; ਜਿਵੇਂ ਵਿਗਿਆਨਕ ਸੋਚ ਦਾ ਹਰ ਧਾਰਨੀ ਵਿਗਿਆਨੀ ਹੋਵੇ, ਜਿਵੇਂ ਵਿਗਿਆਨ ਦਾ ਕੰਮ ਅਧਿਆਤਮਵਾਦੀ ਫਲਸਫੇ ਦੇ ਦਾਅਵਿਆਂ ਦੀ ਪੁਸ਼ਟੀ ਕਰਨਾ ਜਾਂ ਉਨ੍ਹਾਂ ਨੂੰ ਰੱਦ ਕਰਨਾ ਹੋਵੇ, ਤੇ ਜਿਵੇਂ ਜੇ ਕਿਸੇ ਵੀ ਖੇਤਰ ਵਿਚਲੇ ਖਿਆਲ ਨਾਲ ਵਿਗਿਆਨ ਅਸਹਿਮਤ ਨਾ ਹੋਵੇ, ਤਾਂ ਉਹ ਖਿਆਲ ਵਿਗਿਆਨ ਬਣ ਜਾਂਦਾ ਹੋਵੇ। ਵੱਖੋ ਵੱਖ ਗਿਆਨ ਖੇਤਰਾਂ ਵਿਚ ਇੱਕੋ ਹੀ ਵਿਸ਼ੇ ‘ਤੇ ਮਿਲਦੇ-ਜੁਲਦੇ ਲੱਗਦੇ ਖਿਆਲਾਂ ਵਿਚ ਕੋਈ ਫਰਕ ਨਹੀਂ ਕੀਤਾ ਗਿਆ, ਭਾਵੇਂ ਉਹ ਵੱਖ ਵੱਖ ਸੰਦਰਭਾਂ ਵਿਚ ਹੀ ਕਹੇ ਗਏ ਹੋਣ; ਜਿਵੇਂ ਵਿਗਿਆਨ ਜਦੋਂ ਕਿਸੇ ਖਿਆਲ ‘ਤੇ ਖੋਜ ਕਰਕੇ ਕੁਝ ਗਿਆਨ ਇਕੱਤਰ ਕਰ ਲੈਂਦੀ ਹੈ, ਤਾਂ ਉਸ ਖਿਆਲ ਜਿਹਾ ਕਿਸੇ ਵੀ ਗਿਆਨ ਖੇਤਰ ਤੇ ਕਿਸੇ ਵੀ ਪ੍ਰਸੰਗ ਵਿਚ ਪੇਸ਼ ਹਰ ਖਿਆਲ ਅਚਾਨਕ ਵਿਗਿਆਨਕ ਖਿਆਲ ਤੇ ਵਿਗਿਆਨ ਬਣ ਜਾਂਦਾ ਹੋਵੇ ਤੇ ਉਸ ਖਿਆਲ ਨੂੰ ਪੇਸ਼ ਕਰਨ ਵਾਲਾ, ਵਿਗਿਆਨੀ।
ਇਨ੍ਹਾਂ ਵਿਚੋਂ ਕੁਝ ਚਿੰਤਕ ਅਜਿਹੇ ਵੀ ਹਨ, ਜੋ ਇੱਕ ਹੱਥ ਗੁਰੂ ਨਾਨਕ ਦੀ ਬਾਣੀ ਦਾ ਹਵਾਲਾ ਦੇ ਕੇ ਕਹਿੰਦੇ ਨੇ ਕਿ ਗੁਰੂ ਜੀ ਅਨੁਸਾਰ ਪਰਮਾਤਮਾ ਨੇ ਇਸ ਬ੍ਰਹਿਮੰਡ ਨੂੰ ਸਿਰਜਿਆ, ਅਤੇ ਦੂਜੇ ਹੱਥ ਉਸੇ ਬਾਣੀ, ਕਈ ਵਾਰ ਉਸੇ ਤੁਕ ਵਿਚੋਂ ਇੱਕ ਵਿਗਿਆਨੀ ਜਾਂ ‘ਵਿਗਿਆਨੀਆਂ ਦੇ ਪਿਤਾਮਾ’ ਵੇਖਦੇ ਨੇ। ਇੱਕ ਹੱਥ ਤੇ ਦੂਜੇ ਹੱਥ ਦੇ ਕਹਿਣਿਆਂ ਵਿਚਾਲੇ ਜ਼ਮੀਨ ਅਸਮਾਨ ਦੇ ਫਰਕ ਦਾ ਫਰਕ ਹੋਣ ਦੇ ਬਾਵਜੂਦ ਇੱਕ ਹੱਥ ਦੇ ਦੂਜੇ ਹੱਥ ਤੱਕ ਪਹੁੰਚਣ ਦੇ ਹੱਕ ਜਾਂ ਸਫਾਈ ਵਿਚ ਕੋਈ ਵਿਆਖਿਆ ਜਾਂ ਠੋਸ ਦਲੀਲ ਵੀ ਨਹੀਂ ਦਿੰਦੇ।
ਹਥਲੇ ਲੇਖ ਵਿਚ ਚਰਚਿਤ ਲਿਖਤਾਂ ਤੇ ਸੈਮੀਨਾਰਾਂ ਵਿਚ ਅਪਨਾਈ ਗਈ ਇਸ ਪਹੁੰਚ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਪੰਜਾਬ ਨੂੰ ‘ਅੱਜ’ ਦੇ ਹਾਣ ਦਾ ਹੋਣ ਲਈ ਵਿਗਿਆਨਕ ਸੋਚਣੀ ਤੇ ਵਿਗਿਆਨਕ ਪਹੁੰਚ ਅਪਨਾਉਣ ਦੀ ਬੇਹਦ ਲੋੜ ਹੈ। ਇਹ ਲਿਖਤਾਂ ਵਿਗਿਆਨ, ਵਿਗਿਆਨਕ ਸੋਚ ਤੇ ਵਿਗਿਆਨਕ ਪਹੁੰਚ ਬਾਰੇ ਮਿਲਗੋਭਾ, ਭੰਬਲਭੂਸਾ ਤੇ ਭੁਲੇਖਾ-ਪਾਊ ਸਮਝ ਉਸਾਰਨ ਵਿਚ ਹਿੱਸਾ ਪਾਉਂਦੀਆਂ ਹਨ। ਇਸੇ ਪਹੁੰਚ ‘ਤੇ ਅੱਗੇ ਵਧਦਿਆਂ ਇੱਕ ਅਜਿਹਾ ਦਾਅਵਾ ਕੀਤਾ ਗਿਆ, ਜੋ ਅਕਸਰ ਕਿਸੇ ਗੰਭੀਰ ਫਲਸਫੇ ਵਲੋਂ ਨਹੀਂ, ਸਗੋਂ ਧਰਮ ਦੇ ਪ੍ਰਭਾਵ ਅਧੀਨ ਹੀ ਵੱਖ ਵੱਖ ਰੂਪਾਂ ਵਿਚ ਵਿਸ਼ਵ ਪੱਧਰ ‘ਤੇ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਲੇਖਾਂ ਵਿਚ ਇਹ ਦਾਅਵਾ ਕੁਝ ਇਸੇ ਰੂਪ ਵਿਚ ਕੀਤਾ ਗਿਆ ਹੈ, “ਵਿਗਿਆਨੀ ਹੌਲੀ-ਹੌਲੀ ਪਰਮਾਤਮਾ ਦੀ ਰਚਨਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੂਰੀ ਸ੍ਰਿਸ਼ਟੀ ਇੰਨੀ ਵਿਸ਼ਾਲ ਹੈ ਕਿ ਅੱਜ ਇਹ ਉਸ ਤੋਂ ਵੀ ਪਰ੍ਹੇ ਹੈ, ਜਿਸ ਨੂੰ ਅਸੀਂ ਮਨੁੱਖ ਲੱਭ ਸਕਦੇ ਹਾਂ। ਵਿਗਿਆਨੀ ਪਰਮਾਤਮਾ ਦੀ ਰਚਨਾ ਦਾ ਅਧਿਐਨ ਕਰਦੇ ਹਨ ਅਤੇ ਰਚਨਾ ਦੇ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਜਿੰਨਾ ਵੱਧ ਉਹ ਸਿੱਖਦੇ ਹਨ, ਓਨੇ ਹੀ ਹੈਰਾਨ ਹੁੰਦੇ ਜਾਂਦੇ ਹਨ।”
ਅਜਿਹੀ ਸੋਚ ਜਿੱਥੇ ਵਿਗਿਆਨ ਪ੍ਰਤੀ ਬੇਸਮਝੀ ਜਾਂ ਗਲਤਫਹਿਮੀ ਦਾ ਪ੍ਰਗਟਾ ਜਾਪਦੀ ਹੈ, ਅਧਿਆਤਮਵਾਦ ਤੇ ਵਿਗਿਆਨ ਵਿਚਾਲੇ ਨਿਖੇੜਾ ਕਰਨ ਦੀ ਸਾਡੀ ਅਯੋਗਤਾ ਦਾ ਮੁਜਾਹਰਾ ਕਰਦੀ ਹੈ, ਜਿਸ ਨੂੰ ਮੈਂ ‘ਨਿਖੇੜੇ (ਰeਸੋਲੁਟਿਨ) ਦੀ ਸਮੱਸਿਆਂ’ ਦਾ ਨਾਂ ਦਿੰਦਾ ਹਾਂ। ਇਹ ਹੀ ਸਮੱਸਿਆ ਵਿਗਿਆਨ, ਵਿਗਿਆਨਕ ਸੋਚਣੀ ਤੇ ਵਿਗਿਆਨਕ ਪਹੁੰਚ ਬਾਰੇ ਮਿਲਗੋਭਾ, ਭੰਬਲਭੂਸਾ ਤੇ ਭੁਲੇਖਾ-ਪਾਊ ਸਮਝ ਉਸਰਨ ਦੀ ਜਿੰਮੇਵਾਰ ਵੀ ਹੈ।
ਸਿੱਟੇ: ਮੁੱਕਦੀ ਗੱਲ, ਅਨੇਕਾਂ ਲੇਖਾਂ ਤੇ ਸੈਮੀਨਾਰਾਂ ਵਿਚ ਨਾਨਕ ਬਾਣੀ ਤੇ ਗੁਰੂ ਨਾਨਕ ਜੀ ਦਾ ਵਿਗਿਆਨ ਸੰਗ ਰਿਸ਼ਤਾ ਨਿਰਧਾਰਤ ਕਰਦਿਆਂ ਦਾਅਵੇ ਕੀਤੇ ਜਾਂ ਸਿੱਟੇ ਕੱਢੇ ਗਏ ਕਿ ਗੁਰਬਾਣੀ ਵਿਚ ਵਿਗਿਆਨਕ ਸੋਚ ਸੰਮਿਲਿਤ ਹੈ ਅਤੇ ਗੁਰੂ ਨਾਨਕ ਜੀ ਵਿਗਿਆਨਕ ਸੋਚ ਦੇ ਧਾਰਨੀ, ਵਿਗਿਆਨੀ, ਵਿਗਿਆਨੀਆਂ ਦੇ ਵਿਗਿਆਨੀ ਸਨ। ਇਨ੍ਹਾਂ ਸਿੱਟਿਆਂ ‘ਤੇ ਪੁੱਜਣ ਲਈ ‘ਅਧਿਆਤਮਵਾਦ’, ‘ਵਿਗਿਆਨਕ ਸੋਚ’ ਅਤੇ ‘ਵਿਗਿਆਨ’ ਵਿਚਾਲੇ ਕੋਈ ਫਰਕ ਜਾਂ ਸਪਸ਼ਟ ਨਿਖੇੜਾ ਨਹੀਂ ਕੀਤਾ ਗਿਆ। ਵੱਖੋ ਵੱਖ ਗਿਆਨ ਖੇਤਰਾਂ ਵਿਚ ਇੱਕੋ ਹੀ ਵਿਸ਼ੇ ‘ਤੇ ਮਿਲਦੇ-ਜੁਲਦੇ ਖਿਆਲਾਂ ਵਿਚ ਕੋਈ ਅੰਤਰ ਕੀਤਾ ਗਿਆ ਹੈ, ਭਾਵੇਂ ਵੱਖ ਵੱਖ ਸੰਦਰਭਾਂ ਵਿਚ ਹੀ ਕਹੇ ਗਏ ਹੋਣ। ਇਸ ਪ੍ਰਕ੍ਰਿਆ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਹ ਪੂਰਵ-ਧਾਰਨਾ ਵਰਤੀ ਗਈ ਹੈ ਕਿ ਜੋ ਗੁਰੂ ਨਾਨਕ ਨੇ ਕਿਹਾ, ਜਿਵੇਂ ਕਿ ਬ੍ਰਹਿਮੰਡ ਬਾਰੇ ਅਤੇ ਭੋਜਨ ਤੇ ਸਿਹਤ ਦੇ ਸਬੰਧਾਂ ਬਾਰੇ, ਉਹ ਗੁਰੂ ਜੀ ਦੇ ਸਮੇਂ ਤੇ ਉਦੋਂ ਪਹਿਲਾਂ ਨਾ ਵਿਗਿਆਨੀਆਂ ਨੂੰ ਤੇ ਨਾ ਹੀ ਕਿਸੇ ਹੋਰ ਨੂੰ ਪਤਾ ਸੀ; ਹੁਣ ਵਿਗਿਆਨੀ ਖੋਜ ਕਰਕੇ ਉਨ੍ਹਾਂ ਗੱਲਾਂ ਨੂੰ ਜਾਣ ਰਹੇ ਨੇ। ਗੁੱਝੇ (ਮਿਪਲਇਦ) ਤੌਰ ‘ਤੇ ਇਹ ਵੀ ਧਾਰਿਆ ਗਿਆ ਹੈ, ਜਿਨ੍ਹਾਂ ਖਿਆਲਾਂ ਨਾਲ ਵਿਗਿਆਨ ਸਹਿਮਤ ਹੋਵੇ ਜਾਂ ਵਿਗਿਆਨਕ ਤੱਥ ਉਨ੍ਹਾਂ ਦਾ ਸਮਰਥਨ ਕਰਦੇ ਹੋਣ, ਕਿਸੇ ਵੀ ਸੰਦਰਭ ਵਿਚ ਪੇਸ਼ ਕੀਤੇ ਉਹ ਖਿਆਲ ਵਿਗਿਆਨ ਬਣ ਜਾਂਦੇ ਨੇ, ਤੇ ਉਨ੍ਹਾਂ ਖਿਆਲਾਂ ਨੂੰ ਪੇਸ਼ ਕਰਨ ਵਾਲਾ, ਵਿਗਿਆਨੀ।
ਕਿਉਂਕਿ ਇਹ ਧਾਰਨਾਵਾਂ ਤੇ ਨਤੀਜੇ ਲੇਖਾਂ, ਸੈਮੀਨਾਰਾਂ ਤੇ ਚਿੰਤਕਾਂ ਦੇ ਵੱਡੇ ਨਮੂਨਿਆਂ ‘ਤੇ ਆਧਾਰਿਤ ਹਨ, ਇਨ੍ਹਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਇਸ ਅਹਿਮੀਅਤ ਕਰਕੇ ਇਨ੍ਹਾਂ ਸਿੱਟਿਆਂ ‘ਤੇ ਪੁੱਜਣ ਲਈ ਵਰਤੀਆਂ ਗਈਆਂ ਇਨ੍ਹਾਂ ਧਾਰਨਾਵਾਂ ਦੀ ਜਾਂਚ ਕਰਨੀ ਜ਼ਰੂਰੀ ਹੈ।
ਇਸ ਉਦੇਸ਼ ਨਾਲ ਅਗਲੇ ਦੋ ਲੇਖਾਂ ਵਿਚ ਅਸੀਂ ਫਲਸਫੇ, ਅਧਿਆਤਮਵਾਦ, ਵਿਗਿਆਨ, ਵਿਗਿਆਨਕ ਵਿਧੀ, ਵਿਗਿਆਨਕ ਸੋਚ ਤੇ ਵਿਗਿਆਨਕ ਪਹੁੰਚ ਦੇ ਸੰਕਲਪਾਂ ਵਿਚ ਸਪਸ਼ਟ ਨਿਖੇੜਾ ਕਰਦਿਆਂ ਇਨ੍ਹਾਂ ਦੇ ਆਪਸੀ ਸਬੰਧ ਵਿਚਾਰਾਂਗੇ। ਫਲਸਫੇ ਤੇ ਵਿਗਿਆਨ ਵਿਚ ਮਿਲਦੇ-ਜੁਲਦੇ ਖਿਆਲਾਂ ਵਿਚ ਅੰਤਰ ਦੀ ਅਤੇ ਖਿਆਲਾਂ ਦੇ ਪ੍ਰਗਟਾਵੇ ਦੇ ਸੰਦਰਭਾਂ ਦੀ ਮਹੱਤਤਾ ਨੂੰ ਵੀ ਵਿਚਾਰਿਆ ਜਾਵੇਗਾ। ਅਸੀਂ ਵਿਸ਼ਵ ਸੰਦਰਭ ਵਿਚ ਬ੍ਰਹਿਮੰਡ ਅਤੇ ਭੋਜਨ ਤੇ ਸਿਹਤ ਦੇ ਸਬੰਧਾਂ ਬਾਰੇ ਫਲਸਫੇ ਅਤੇ ਵਿਗਿਆਨ ਵਿਚ ਗਿਆਨ ਪ੍ਰਾਪਤੀ ਦੇ ਇਤਿਹਾਸ ‘ਤੇ ਪੰਛੀ-ਝਾਤ ਮਾਰਾਂਗੇ। ਇਸ ਸੱਭ ਦੇ ਸੰਦਰਭ ਉਪਰੰਤ ਸਿੱਟਿਆਂ ਤੇ ਧਾਰਨਾਵਾਂ ਦਾ ਮੁਲੰਕਣ ਕੀਤਾ ਜਾਵੇਗਾ। ਇਸ ਪ੍ਰਕ੍ਰਿਆ ਦੌਰਾਨ ਅਸੀਂ ਇਹ ਸਿੱਖਾਂਗੇ ਕਿ ਆਪਣੀਆਂ ਇਤਿਹਾਸਕ ਹਸਤੀਆਂ ਤੇ ਪੋਥੀਆਂ ਸਾਹਮਣੇ ਸ਼ਰਧਾ ਵਿਚ ਉਲਾਰ ਹੋਣ ਦੀ ਥਾਂ ਤਰਕਸ਼ੀਲਤਾ ਸੰਗ ਆਪਣੇ ਇਤਿਹਾਸ ਦੇ ਚੈਪਟਰਾਂ ਦਾ ਮੁਲੰਕਣ ਕਰਨ ਦੀ ਯੋਗਤਾ ਅਸੀਂ ਵਿਕਸਿਤ ਕਰ ਲਈ ਹੈ।
(ਚਲਦਾ)