ਕੁਲਵੰਤ ਸਿੰਘ ਢੇਸੀ
ਇੰਟਰਨੈਟ ‘ਤੇ ‘ਸਿੱਖ ਸਿਆਸਤ’ ਨਾਂ ਦਾ ਚੈਨਲ ਚਲਾ ਰਹੇ ਸ਼ ਪਰਮਜੀਤ ਸਿੰਘ ਗਾਜ਼ੀ ਨੇ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੁਕਮਨਾਮਾ ਸਾਹਿਬ ਦੇ ਪ੍ਰਚਾਰ ਪ੍ਰਸਾਰ ‘ਤੇ ਆਪਣਾ ਹੱਕ ਜਤਾਇਆ ਹੈ। ਸ਼ ਗਾਜ਼ੀ ਨੇ ਸੋਸ਼ਲ ਮੀਡੀਏ ‘ਤੇ ਪਾਈ ਇੱਕ ਪੋਸਟ ਵਿਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ‘ਸਿੱਖ ਸਿਆਸਤ’ ਵਲੋਂ ਹੁਕਮਨਾਮਾ ਫੇਸ ਬੁੱਕ ‘ਤੇ ਪਾਇਆ ਤਾਂ ਉਨ੍ਹਾਂ ਨੂੰ ਨੋਟਿਸ ਆ ਗਿਆ ਕਿ ਉਹ ਅਜਿਹਾ ਨਹੀਂ ਕਰ ਸਕਦੇ, ਕਿਉਂਕਿ ਹੁਕਮਨਾਮੇ ਦੇ ਇਹ ਹੱਕ ਇੱਕ ਟੀ. ਵੀ. ਕੰਪਨੀ ਦੇ ਰਾਖਵੇਂ ਹਨ। ਇਸ ਸਬੰਧੀ ਸ਼ ਗਾਜ਼ੀ ਨੇ ਤਿੰਨ ਅਹਿਮ ਨੁਕਤਿਆਂ ਵੱਲ ਸਿੱਖਾਂ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ,
1. ਜਿਸ ਅਸਥਾਨ ਤੋਂ ਹੁਕਮਨਾਮੇ ਦੀ ਬਖਸ਼ਿਸ਼ ਹੁੰਦੀ ਹੈ, ਉਹ ਕਿਸੇ ਕੰਪਨੀ ਦਾ ਨਿਜੀ ਨਹੀਂ ਹੈ, ਭਾਵ ਹੁਕਮਨਾਮਾ ਸਾਹਿਬ ਤਾਂ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹ ਕੇ ਸੁਣਾਏ ਜਾਂਦੇ ਹਨ, ਜੋ ਸਮੁੱਚੀ ਮਨੁੱਖਤਾ ਦੇ ਸਾਂਝੇ ਹਨ। ਦਰਬਾਰ ਸਾਹਿਬ ਟੀ. ਵੀ. ਕੰਪਨੀ ਦਾ ਸਟੂਡੀਓ ਨਹੀਂ ਹੈ ਅਤੇ ਜਿਸ ਸਰੋਤ ਤੋਂ ਇਹ ਹੁਕਮਨਾਮਾ ਸਾਹਿਬ ਬਖਸ਼ਿਸ਼ ਹੁੰਦੇ ਹਨ, ਉਹ ਵੀ ਕਿਸੇ ਟੀ. ਵੀ. ਕੰਪਨੀ ਦੀ ਮਲਕੀਅਤ ਨਹੀਂ ਹੈ, ਭਾਵ ਗੁਰੂ ਗ੍ਰੰਥ ਸਾਹਿਬ ਤਾਂ ਕੁਲ ਜਗਤ ਦੇ ਸਾਂਝੇ ਹਨ, ਨਾ ਕਿ ਕਿਸੇ ਟੀ. ਵੀ. ਕੰਪਨੀ ਦੀ ਨਿਜੀ ਮਲਕੀਅਤ ਹਨ।
2. ਜੋ ਵਿਅਕਤੀ ਇਹ ਹੁਕਮਨਾਮਾ ਸਾਹਿਬ ਪੜ੍ਹਦੇ ਹਨ, ਉਹ ਵੀ ਕਿਸੇ ਟੀ. ਵੀ. ਕੰਪਨੀ ਦੇ ਮੁਲਾਜ਼ਮ ਨਹੀਂ ਹਨ, ਭਾਵ ਹੁਕਮਨਾਮਾ ਸਾਹਿਬ ਤਾਂ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਪੜ੍ਹਦੇ ਹਨ, ਜੋ ਕਿਸੇ ਟੀ. ਵੀ. ਕੰਪਨੀ ਦੇ ਮੁਲਾਜ਼ਮ ਨਹੀਂ ਹਨ ਕਿ ਉਨ੍ਹਾਂ ਵਲੋਂ ਪ੍ਰਸਾਰਿਤ ਕੀਤੇ ਹੁਕਮਨਾਮੇ ‘ਤੇ ਕੋਈ ਆਪਣਾ ਹੱਕ ਜਤਾ ਸਕੇ, ਸਗੋਂ ਇਹ ਉਪਦੇਸ਼ ਸਾਰੇ ਜਗਤ ਲਈ ਸਾਂਝਾ ਹੈ।
3. ਜਿਸ ਕਮੇਟੀ ਦੀ ਵੈਬ ਸਾਈਟ ‘ਤੇ ਇਹ ਹੁਕਮਨਾਮਾ ਸਾਹਿਬ ਸੁਸ਼ੋਭਿਤ ਹੁੰਦੇ ਹਨ, ਉਹ ਵੀ ਕਿਸੇ ਟੀ. ਵੀ. ਕੰਪਨੀ ਦੀ ਨਿਜੀ ਜਾਇਦਾਦ ਨਹੀਂ ਹੈ, ਭਾਵ ਹੁਕਮਨਾਮਾ ਸਾਹਿਬ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਵੈਬ ਸਾਈਟ ‘ਤੇ ਸੁਸ਼ੋਭਿਤ ਹੁੰਦੇ ਹਨ, ਜੋ ਸਾਰੀ ਦੁਨੀਆਂ ਲਈ ਸਾਂਝਾ ਉਪਦੇਸ਼ ਹੈ ਅਤੇ ਜੇ ਉਸ ਉਪਦੇਸ਼ ਨੂੰ ਸਿੱਖ ਅਦਾਰੇ ਪ੍ਰਚਾਰਦੇ, ਪ੍ਰਸਾਰਦੇ ਹਨ ਤਾਂ ਇਹ ਹੱਕ ਉਨ੍ਹਾਂ ਤੋਂ ਕੋਈ ਟੀ. ਵੀ. ਕੰਪਨੀ ਕਿਵੇਂ ਖੋਹ ਸਕਦੀ ਹੈ?
ਸ਼ ਗਾਜ਼ੀ ਮੁਤਾਬਕ ਸਬੰਧਤ ਟੀ. ਵੀ. ਕੰਪਨੀ ਦਾ ਪੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਇਆ ਹੈ ਕਿ ਜੇ ਕੋਈ ਵੀ ਅਦਾਰਾ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੁਕਮਨਾਮੇ ਨੂੰ ਸ਼੍ਰੋਮਣੀ ਕਮੇਟੀ ਦੇ ਵੈਬ ਸਾਈਟ ਤੋਂ ਅੱਗੋਂ ਪ੍ਰਚਾਰਦਾ ਹੈ ਤਾਂ ਉਸ ਨੂੰ ਕੰਪਨੀ ਵਲੋਂ ਕਾਨੂੰਨੀ ਨੋਟਿਸ ਮਿਲ ਸਕਦਾ ਹੈ। ਸਬੰਧਤ ਕੰਪਨੀ ਵਲੋਂ ਆਈ ਜਵਾਬ ਤਲਬੀ ਵਿਚ ਕਿਹਾ ਗਿਆ ਹੈ ਕਿ ਹੁਕਮਨਾਮਾ ਸਾਹਿਬ ਦੇ ਪ੍ਰਸਾਰਨ ‘ਤੇ ਉਨ੍ਹਾਂ ਦਾ ‘ਇੰਟਲੈਕਚੂਅਲ ਪ੍ਰਾਪਰਟੀ ਰਾਈਟ’ ਹੈ, ਭਾਵ ਉਸ ਕੰਪਨੀ ਦੀ ਹੁਕਮਾਨਾਮਾ ਸਾਹਿਬ ਦੇ ਪ੍ਰਸਾਰਨ ‘ਤੇ ਬੌਧਿਕ ਇਜਾਰੇਦਾਰੀ ਹੈ।
ਸ਼ ਗਾਜ਼ੀ ਦੇ ਦੱਸਣ ਮੁਤਾਬਕ ਜਿਸ ਕੰਪਨੀ ਵਲੋਂ ਉਨ੍ਹਾਂ ਨੂੰ ਨੋਟਿਸ ਆਏ ਹਨ, ਉਸ ਦਾ ਨਾਂ ‘ਜੀ ਨੈਕਸਟ ਮੀਡੀਆ’ (ਘ ਂeਣਟ ੰeਦਅਿ) ਹੈ, ਜਿਸ ਦੀ ਮਾਰਫਤ ਪੀ. ਟੀ. ਸੀ. (ਫਠਛ) ਇਹ ਦਾਅਵਾ ਕਰ ਰਹੀ ਹੈ ਕਿ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੁਕਮਾਨਾਮਾ ਸਾਹਿਬ, ਜੋ ਸ਼੍ਰੋਮਣੀ ਕਮੇਟੀ ਨੇ ਕੁਲ ਖਲਕਤ ਲਈ ਆਪਣੀ ਵੈਬ ਸਾਈਟ ‘ਤੇ ਪਾਇਆ ਹੁੰਦਾ ਹੈ, ਉਸ ਦਾ ਹੱਕ ਇਨ੍ਹਾਂ ਕੰਪਨੀਆਂ ਕੋਲ ਹੈ।
ਜ਼ਿਕਰਯੋਗ ਹੈ ਕਿ ਪੀ. ਟੀ. ਸੀ. ਚੈਨਲ ਸੰਨ 2008 ਵਿਚ ਸ਼ੁਰੂ ਹੋਇਆ ਸੀ, ਜੋ ਇੱਕ ਸਾਲ ਵਿਚ ਹੀ ਬਹੁਤ ਲੋਕਪ੍ਰਿਅ ਹੋ ਗਿਆ। ਸੰਨ 2009 ਵਿਚ ਇਸ ਚੈਨਲ ਨੇ ਕੌਮਾਂਤਰੀ ਪੱਧਰ ‘ਤੇ ਆਪਣਾ ਪ੍ਰਚਾਰ, ਪ੍ਰਸਾਰ ਵਧਾ ਲਿਆ। ਹੁਣ ਇਹ ਚੈਨਲ ਵੱਖ ਵੱਖ ਸਾਧਨਾਂ ਰਾਹੀਂ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਪ੍ਰਸਾਰਿਤ ਹੋ ਰਿਹਾ ਹੈ, ਜਦ ਕਿ ਯੂਰਪ ਵਿਚ ਇਹ ਸਕਾਈ ‘ਤੇ ਮੁਫਤ ਦਿਖਾਇਆ ਜਾਂਦਾ ਹੈ। ਇਸ ਕੰਪਨੀ ‘ਤੇ ਮਲਕੀਅਤ ‘ਜੀ ਨੈਕਸਟ ਪ੍ਰਾਈਵੇਟ ਲਿਮਟਿਡ’ (ਘ ਂeਣਟ ਫਵਟ। .ਟਦ।) ਦੀ ਹੈ ਅਤੇ ਇਸ ਦਾ ਹੈਡਕੁਆਰਟਰ ਚੰਡੀਗੜ੍ਹ ਵਿਚ ਹੈ। ਪੀ. ਟੀ. ਸੀ. ਨਾਲ ਬਾਦਲ ਪਰਿਵਾਰ ਦਾ ਨਾਂ ਵੀ ਅਖੌਤੀ ਤੌਰ ‘ਤੇ ਜੁੜਿਆ ਹੋਇਆ ਹੈ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਤਾਂ ਇਸ ਚੈਨਲ ਨੂੰ ‘ਬਾਦਲਾਂ ਦਾ ਭੌਂਪੂ’ ਕਹਿ ਕੇ ਭੰਡਿਆ ਸੀ ਕਿ ਇਹ ਸਿਰਫ ਬਾਦਲਾਂ ਅਤੇ ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਸਿਆਸੀ ਪਾਰਟੀ ਦਾ ਪੱਖ ਪੇਸ਼ ਨਹੀਂ ਕਰਦਾ।
ਇਹ ਵਿਸ਼ਾ ਆਪਣੇ ਆਪ ਵਿਚ ਅਹਿਮ ਹੈ ਕਿ ਪੀ. ਟੀ. ਸੀ. ਨੇ ਦਰਬਾਰ ਸਾਹਿਬ ਤੋਂ ਚਲ ਰਹੇ ਪ੍ਰਚਾਰ ਦੇ ਹੱਕ ਕਿਵੇਂ ਪ੍ਰਾਪਤ ਕੀਤੇ? ਪਰ ਸਭ ਤੋਂ ਅਹਿਮ ਮਸਲਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੋਂ ਪ੍ਰਸਾਰਿਤ ਹੁਕਮਨਾਮਾ ਸਾਹਿਬ ਤੋਂ ਸਿੱਖ ਅਦਾਰਿਆਂ ਨੂੰ ਵਾਂਝਾ ਕਰ ਦੇਣਾ। ਇਹ ਸਨਸਨੀਖੇਜ ਪ੍ਰਗਟਾਵਾ ਭਵਿੱਖ ਵਿਚ ਸਿੱਖੀ ਦੇ ਪ੍ਰਚਾਰ ਬਾਰੇ ਕੀ ਸੰਕੇਤ ਦਿੰਦਾ ਹੈ, ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਜਥੇਦਾਰ ਦਾ ਯੂ. ਕੇ. ਦਾ ਦੌਰਾ: ਹੁਣੇ ਹੁਣੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਯੂ. ਕੇ. ਦਾ ਪੰਜ ਰੋਜ਼ਾ ਦੌਰਾ ਕਰਕੇ ਵਾਪਸ ਗਏ ਹਨ। ਇਸ ਦੌਰੇ ਸਮੇਂ ਜਥੇਦਾਰ ਸਾਹਿਬ ਦੇ ਯੂ. ਕੇ. ਦੇ ਗੁਰਦੁਆਰਾ ਸਾਹਿਬਾਨ ਦੀਆਂ ਅਹਿਮ ਸਟੇਜਾਂ ‘ਤੇ ਭਾਸ਼ਣ ਹੋਏ ਹਨ ਅਤੇ ਇਸ ਦੇ ਨਾਲ ਟੀ. ਵੀ. ਅਤੇ ਕਦੀ ਕਿਸੇ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਨਾਲ ਸਵਾਲ-ਜਵਾਬ ਜਾਂ ਗੱਲਬਾਤ ਵੀ ਕੀਤੀ ਗਈ।
ਜਥੇਦਾਰ ਸਾਹਿਬ ਦੇ ਇਸ ਦੌਰੇ ਸਬੰਧੀ ਬਾਗੀ ਧਿਰਾਂ ਦਾ ਵਿਚਾਰ ਸੀ ਕਿ ਇਹ ਦੌਰਾ ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ‘ਤੇ ਜੱਫਾ ਮਾਰਨ ਵਾਲੇ ਸਿਆਸੀ ਕਿਰਦਾਰਾਂ ਪ੍ਰਤੀ ਸਿੱਖ ਸੰਗਤਾਂ ਦੇ ਸਬੰਧ ਸੁਖਾਵੇਂ ਕਰਨ ਦੇ ਮੰਤਵ ਨਾਲ ਹੋ ਰਿਹਾ ਹੈ। ਇਸ ਦਾ ਸਿੱਧਾ ਸਿੱਧਾ ਅਰਥ ਕਰਨਾ ਹੋਵੇ ਤਾਂ ਇਹ ਨਿਕਲਦਾ ਹੈ ਕਿ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਦੇ ਰੁਤਬੇ ‘ਤੇ ਛਾਇਆ ਹੋਇਆ ਹੈ। ਇਸ ਕਰਕੇ ਇਨ੍ਹਾਂ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਦਾ ਮੁਖ ਮੰਤਵ ਬਾਦਲਾਂ ਦੀ ਪੰਥ ‘ਤੇ ਪਕੜ ਅਤੇ ਜਕੜ ਨੂੰ ਬਣਾਈ ਰੱਖਣਾ ਹੈ। ਸਰਬਤ ਖਾਲਸਾ ਵਲੋਂ ਐਲਾਨੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣਾ ਜਥੇਦਾਰ ਮੰਨਣ ਵਾਲਿਆਂ ਨੇ ਵੀ ਦੱਬਵੀਂ ਸੁਰ ਵਿਚ ਜਥੇਦਾਰ ਦੇ ਇਸ ਦੌਰੇ ਸਬੰਧੀ ਆਪਣੀ ਉਦਾਸੀਨਤਾ ਦਾ ਇਜ਼ਹਾਰ ਕੀਤਾ ਹੈ।
ਬਹੁਤ ਸਾਰੇ ਸਿੱਖਾਂ, ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸੇਵਾਦਾਰਾਂ ਦਾ ਇੱਕ ਤੌਖਲਾ ਇਹ ਵੀ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਜਥੇਦਾਰ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜੋ ਲੋਕ ਜਥੇਦਾਰ ਸਾਹਿਬ ਦੇ ਇਸ ਦੌਰੇ ਨੂੰ ਪ੍ਰਚਾਰ, ਪ੍ਰਸਾਰ ਰਹੇ ਹਨ, ਉਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਹੀ ਬਾਗੀ ਹਨ, ਜਿਸ ਸਬੰਧੀ ਜਥੇਦਾਰ ਸਾਹਿਬ ਜ਼ਿਕਰ ਤਕ ਨਹੀਂ ਕਰਦੇ; ਜਦ ਕਿ ਸਿੱਖ ਸਮਾਜ ਵਿਚ ਆਪਸੀ ਏਕਤਾ ਅਤੇ ਸੁੱਖ ਸ਼ਾਂਤੀ ਦੀ ਬੁਨਿਆਦ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਅਮਲ ਹੈ। ਅੱਜ ਅਨੇਕਾਂ ਗੁਰਦੁਆਰਿਆਂ ਵਿਚ ਧੱਕੇ ਨਾਲ ਸਿੱਖ ਰਹਿਤ ਮਰਿਆਦਾ ਦੀ ਖਿਲਾਫਵਰਜੀ ਕੀਤੀ ਜਾ ਰਹੀ ਹੈ ਅਤੇ ਜਥੇਦਾਰ ਸਾਹਿਬ ਇਸ ਪ੍ਰਮੁਖ ਮੁੱਦੇ ਨੂੰ ਅਣਗੌਲਿਆਂ ਕਰ ਰਹੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਖਸੀਅਤ ਆਪਣੇ ਆਪ ਵਿਚ ਵਿਲੱਖਣ ਹੈ। ਉਹ ਇੱਕ ਚੰਗੇ ਵਕਤਾ ਹਨ ਅਤੇ ਸਿੱਖ ਧਰਮ ਦੀ ਸਿਧਾਂਤਕ ਅਤੇ ਇਤਿਹਾਸਕ ਸੂਝ ਰੱਖਦੇ ਹਨ। ਇੱਕ ਖਾਸ ਗੱਲ ਉਨ੍ਹਾਂ ਨੇ ਆਪਣੇ ਦੀਵਾਨਾਂ ਵਿਚ ਇਹ ਕਹੀ ਕਿ ਸਿੱਖ ਪ੍ਰਚਾਰਕ ਆਪਣੀ ਬੋਲੀ ਅਤੇ ਲਹਿਜੇ ਦਾ ਖਿਆਲ ਰੱਖਣ, ਕਿਉਂਕਿ ਇਸ ਵੇਲੇ ਸਿੱਖ ਭਾਈਚਾਰੇ ਵਿਚ ਵੱਧ ਰਹੇ ਤਣਾਓ ਦਾ ਕਾਰਨ ਸੋਸ਼ਲ ਸਾਈਟਾਂ ਅਤੇ ਪੰਥਕ ਸਟੇਜਾਂ ‘ਤੇ ਵਰਤੀ ਜਾ ਰਹੀ ਤਲਖ, ਗਾਲ੍ਹੀ ਗਲੋਚ ਵਾਲੀ ਅਤੇ ਨਿੰਦਾ ਵਾਲੀ ਬੋਲੀ ਹੈ। ਜਥੇਦਾਰ ਸਾਹਿਬ ਇਸ ਗੱਲੋਂ ਕੁਝ ਨਿਰਾਸ਼ ਵੀ ਹੋਏ ਕਿ ਕੁਝ ਇੱਕ ਸਿੱਖ ਉਨ੍ਹਾਂ ਨਾਲ ਸਲੀਕੇ ਨਾਲ ਪੇਸ਼ ਨਹੀਂ ਆਏ।
ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨੀਅਤ ਅਤੇ ਸ਼ਖਸੀਅਤ ‘ਤੇ ਤਾਂ ਕੋਈ ਸ਼ੱਕ ਨਹੀਂ ਹੈ, ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਦੇ ਰੁਤਬੇ ‘ਤੇ ਛਾਏ ਬਾਦਲਾਂ ਦੇ ਕਾਲੇ ਪਰਛਾਵੇਂ ਅਤੇ ਪੰਥਕ ਰਹਿਤ ਮਰਿਆਦਾ ਦੇ ਵਿਰੋਧੀਆਂ ਵਲੋਂ ਕੀਤੀ ਹੋਈ ਘੇਰਾਬੰਦੀ ਉਨ੍ਹਾਂ ਨੂੰ ਅਮਲੀ ਤੌਰ ‘ਤੇ ਕੁਝ ਵੀ ਅਜਿਹਾ ਨਹੀਂ ਕਰਨ ਦੇਵੇਗੀ, ਜੋ ਸਿੱਖ ਭਾਈਚਾਰੇ ਵਿਚ ਖੁਰਦੀ ਜਾ ਰਹੀ ਸਾਂਝੀਵਾਲਤਾ ਵਿਚ ਮੋੜਾ ਲਿਆ ਸਕੇ। ਸਗੋਂ ਤੌਖਲਾ ਇਹ ਹੈ ਕਿ ਅੱਜ ਜਿਨ੍ਹਾਂ ਸੰਪਰਦਾਵਾਂ ਦੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਣ ਅਤੇ ਪ੍ਰਚਾਰਨ ਵਾਲੀਆਂ ਧਿਰਾਂ ‘ਤੇ ਕਰੋਪੀ ਹੈ, ਉਸ ਸਬੰਧੀ ਇਹ ਜਥੇਦਾਰ ਕਿਧਰੇ ਇੱਕ ਸਾਧਨ ਮਾਤਰ ਹੀ ਨਾ ਬਣ ਜਾਣ।
ਬੜਾ ਦੁਖਦਾਈ ਸੱਚ ਹੈ ਕਿ ਅੱਜ ਜੋ ਸਿੱਖ ਜਾਂ ਸਿੱਖ ਅਦਾਰੇ ਸਿੱਖ ਸਿਧਾਂਤ ਅਤੇ ਮਰਿਆਦਾ ‘ਤੇ ਪਹਿਰਾ ਦੇ ਰਹੇ ਹਨ, ਉਨ੍ਹਾਂ ‘ਤੇ ਸੰਪਰਦਾਵਾਂ ਨੇ ਨਿਸ਼ਾਨੇ ਸਾਧੇ ਹੋਏ ਹਨ ਅਤੇ ਸੰਪਰਦਾਵਾਂ ਦਾ ਰਵੱਈਆ ਸਗੋਂ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲਾ ਹੈ। ਸਿੱਖ ਸੰਗਤਾਂ ਇਹ ਸਭ ਦੇਖ ਰਹੀਆਂ ਹਨ ਅਤੇ ਅੰਦਰ ਹੀ ਅੰਦਰ ਇੱਕ ਵਿਰੋਧ ਪੈਦਾ ਹੋ ਰਿਹਾ ਹੈ। ਇਹ ਵੀ ਸੰਭਾਵਨਾ ਬਣਦੀ ਜਾ ਰਹੀ ਹੈ ਕਿ ਭਵਿੱਖ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਗੁਰਦੁਆਰਿਆਂ ਦੀ ਆਜ਼ਾਦੀ ਲਈ ਹੋ ਸਕਦਾ ਹੈ ਕਿ ਮੁੜ ਸਿੰਘ ਸਭਾ ਵਰਗੀ ਲਹਿਰ ਜਲਵਾਗਰ ਹੋ ਜਾਵੇ।
ਆਮ ਸੂਝ ਹੀ ਸਿੱਖ ਸੰਕਟ ਦਾ ਹੱਲ: ਸਿੱਖ ਭਾਈਚਾਰੇ ਵਿਚ ਸਿੱਖੀ ਦੇ ਪ੍ਰਚਾਰ ਨੂੰ ਲੈ ਕੇ ਅੰਦਰ ਹੀ ਅੰਦਰ ਇੱਕ ਲਾਵਾ ਮਘਿਆ ਹੋਇਆ ਹੈ, ਜਿਸ ਨੂੰ ਅਣਗੌਲਿਆ ਕਰਨਾ ਘਾਤਕ ਹੈ। ਅੱਜ ਜੇ ਤੁਸੀਂ ਸੋਸ਼ਲ ਸਾਈਟਾਂ ‘ਤੇ ਚਲ ਰਹੇ ਉਨ੍ਹਾਂ ਗਰੁੱਪਾਂ ਦਾ ਅਧਿਐਨ ਕਰੋ, ਜੋ ਵੱਖ ਵੱਖ ਸੰਪਰਦਾਵਾਂ, ਜਥਿਆਂ, ਮਿਸ਼ਨਰੀਆਂ, ਜਾਗਰੂਕਾਂ ਜਾਂ ਨਿਹੰਗ ਛਾਉਣੀਆਂ ਦੇ ਸਿੱਖਾਂ ਵਲੋਂ ਚਲ ਰਹੇ ਹਨ ਤਾਂ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਏਗੀ ਕਿ ਇਹ ਆਫਤ ਕਿਵੇਂ ਆ ਗਈ, ਜਦ ਕਿ ਸਾਨੂੰ ਤਾਂ ਇਸ ਬਾਰੇ ਕੁਝ ਵੀ ਨਹੀਂ ਪਤਾ। ਚਾਲੂ ਵਿਰੋਧਾਂ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼, ਸਿੱਖ ਸ੍ਰੋਤਾਂ ਵਿਚ ਮਿਲਾਵਟ, ਵੱਖ ਵੱਖ ਰਹਿਤ ਮਰਿਆਦਾਵਾਂ, ਸਿੱਖੀ ਵਿਚ ਕ੍ਰਿਸ਼ਮੇ, ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਨਾਲ ਸਬੰਧਤ ਸਾਖੀਆਂ ਬਾਰੇ ਆਪੋ ਆਪਣੇ ਪੈਂਤੜੇ ਹਨ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਸਿੱਖਾਂ ਦੇ ਘਰ ਅਤੇ ਗੁਰਦੁਆਰੇ ਕੱਚੇ ਸਨ ਅਤੇ ਜਦੋਂ ਸਿੱਖਾਂ ਕੋਲ ਅੱਜ ਵਰਗੇ ਪ੍ਰਚਾਰ ਤੇ ਪ੍ਰਸਾਰ ਦੇ ਵਸੀਹ ਵਸੀਲੇ ਨਹੀਂ ਸਨ, ਤਾਂ ਵੀ ਸਿੱਖੀ ਦੀ ਸ਼ਮ੍ਹਾਂ ਲਟ ਲਟ ਬਲਦੀ ਸੀ, ਜਦ ਕਿ ਅੱਜ ਸਿੱਖਾਂ ਦੇ ਘਰ ਅਤੇ ਗੁਰਦੁਆਰੇ ਪੱਕੇ ਹੀ ਨਹੀਂ ਸਗੋਂ ਸ਼ਾਨੋਸ਼ੌਕਤ ਵਾਲੇ ਹਨ ਅਤੇ ਨੈਟ ਦੇ ਇਸ ਯੁੱਗ ਵਿਚ ਸਾਡੇ ਕੋਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਸੀਹ ਵਸੀਲੇ ਹਨ, ਪਰ ਸਿੱਖ ਸਿੱਖੀ ਨਾਲੋਂ ਵੀ ਅਤੇ ਸਿੱਖ ਸਿੱਖ ਨਾਲੋਂ ਟੁੱਟਦਾ ਜਾ ਰਿਹਾ ਹੈ। ਅੱਜ ਤਾਂ ਸਗੋਂ ਸਾਡੇ ਵਿਰੋਧ ਖੂਨੀ ਹੋ ਗਏ ਹਨ। ਅੱਜ ਸਾਡੇ ਵਿਰੋਧ ਐਸੇ ਹੋ ਗਏ ਹਨ ਕਿ ਸਾਡੇ ‘ਗੁਰਸਿੱਖ’ ਸੋਸ਼ਲ ਸਾਈਟਾਂ ‘ਤੇ ਇਕ ਦੂਜੇ ਨੂੰ ਐਸੀਆਂ ਗਾਲ੍ਹਾਂ ਬਕਦੇ ਹਨ, ਜੋ ਅੱਜ ਤਕ ਕਿਸੇ ਵੀ ਗੰਵਾਰ ਜਾਂ ਜਾਂਗਲੀ ਸਮਾਜ ਨੇ ਨਹੀਂ ਬਕੀਆਂ।
ਮੁਖ ਤੌਰ ‘ਤੇ ਇਹ ਕਤਾਰਬੰਦੀ ਸੰਪਰਦਾਈ ਅਤੇ ਗੈਰ ਸੰਪਰਦਾਈ ਸੰਸਥਾਵਾਂ ਦੀ ਹੈ। ਸੰਪਰਦਾਵਾਂ ਨਾਲ ਸੰਤ ਸਮਾਜ ਅਤੇ ਬਾਦਲਾਂ ਦੀ ਮਿਲੀ ਭੁਗਤ ਹੈ ਅਤੇ ਬਾਦਲਾਂ ਕੋਲ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਚਾਬੀ ਹੈ, ਇਸ ਕਰਕੇ ਸੰਪਰਦਾਵਾਂ ਭਾਵੇਂ ਸ਼ੱਰੇਆਮ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਦੀਆਂ ਹਨ ਅਤੇ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲਾ ਰਵੱਈਆ ਅਪਨਾਇਆ ਹੋਇਆ ਹੈ, ਪਰ ਉਨ੍ਹਾਂ ਨੂੰ ਟੋਕਣ ਵਾਲਾ ਕੋਈ ਨਹੀਂ। ਆਪਸੀ ਵਿਰੋਧ ਦੀ ਇਸ ਜੰਗ ਵਿਚ ਘੱਟ ਮਿਸ਼ਨਰੀ, ਜਾਗਰੂਕ ਜਾਂ ਅਜਿਹੇ ਹੀ ਹੋਰ ਜਥੇ ਵੀ ਨਹੀਂ ਹਨ, ਜੋ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਦੀ ਮਰਿਆਦਾ ਦੇ ਅਨੁਸਾਰੀ ਤਾਂ ਜਰੂਰ ਦੱਸਦੇ ਹਨ, ਪਰ ਕਿਉਂਕਿ ਉਨ੍ਹਾਂ ਪੱਲੇ ਨਾਮ ਬਾਣੀ ਦੀ ਕਮਾਈ ਨਹੀਂ ਹੈ, ਇਸ ਕਰਕੇ ਉਨ੍ਹਾਂ ਦੀ ਬੋਲੀ ਏਨੀ ਰੁੱਖੀ, ਖਰਵੀ ਅਤੇ ਗਾਲ੍ਹੀ ਗਲੋਚ ਵਾਲੀ ਹੈ ਕਿ ਉਨ੍ਹਾਂ ਦੇ ਮਰਿਆਦਾ ਪ੍ਰਸ਼ੋਤਮ ਜੀਵਨ ‘ਤੇ ਵੀ ਸਵਾਲ ਚਿੰਨ੍ਹ ਲੱਗ ਜਾਂਦੇ ਹਨ। ਅੱਜ ਕਲ ਵੱਧ ਜ਼ੋਰ ਸਿੱਖ ਸਿਧਾਂਤ ਨੂੰ ਨਿਖਾਰਨ ਜਾਂ ਸੱਚੇ ਨਾਮ ਦੀ ਸਾਂਝ ਪਾਉਣ ਲਈ ਨਹੀਂ ਲਾਇਆ ਜਾਂਦਾ, ਸਗੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਲਾਇਆ ਜਾਂਦਾ ਹੈ।
ਕਿਸੇ ਨੇ ਕਿਹਾ ਹੈ ਕਿ ਆਪਣੇ ਧਰਮ ਅਤੇ ਧਰਮੀ ਅਮਲ ਵਿਚ ਪਰਪੱਕਤਾ ਲਈ ਸਾਨੂੰ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀਂ ਹੈ (ੀਨ ੋਰਦeਰ ਟੋ ਹਅਵe ਾਅਟਿਹ ਨਿ ੁਰ ੋੱਨ ਪਅਟਹ, ੁ ਦੋਨ’ਟ ਨeeਦ ਟੋ ਪਰੋਵe ਟਹਅਟ ਸੋਮeੋਨe eਲਸe’ਸ ਪਅਟਹ ਸਿ ੱਰੋਨਗ।)। ਦੂਜੀ ਗੱਲ ਇਹ ਹੈ ਕਿ ਸਹਿਣਸ਼ੀਲਤਾ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕਿਸੇ ਵਿਸ਼ਵਾਸ, ਇਜ਼ਮ ਜਾਂ ਵਾਦ ਨਾਲ ਸਬੰਧਤ ਹੋਣ ਦੀ ਮਨਾਹੀ ਹੈ, ਪਰ ਤੁਹਾਡੇ ਵਿਸ਼ਵਾਸ ਦਾ ਇਹ ਮਤਲਬ ਨਾ ਹੋਵੇ ਕਿ ਤੁਹਾਡਾ ਉਨ੍ਹਾਂ ਲੋਕਾਂ ਪ੍ਰਤੀ ਸਲੀਕਾ ਹੀ ਜਾਂਦਾ ਲੱਗੇ, ਜੋ ਤੁਹਾਡੇ ਨਾਲ ਸਹਿਮਤ ਨਹੀਂ ਹਨ (ਠੋਲeਰਅਨਚe ਸਿ ਨੋਟ ਅਬੁਟ ਨੋਟ ਹਅਵਨਿਗ ਬeਲਇਾਸ। ੀਟ’ਸ ਅਬੁਟ ਹੋੱ ੁਰ ਬeਲਇਾਸ ਲeਅਦ ੁ ਟੋ ਟਰeਅਟ ਪeੋਪਲe ੱਹੋ ਦਸਿਅਗਰee ੱਟਿਹ ੁ।)।
ਅੱਜ ਸਾਡੇ ਕੋਲ ਰੋਜ਼ਾਨਾ ਜੋ ਜਾਣਕਾਰੀ ਆਉਂਦੀ ਹੈ, ਉਸ ਵਿਚ ਉਲਾਰ ਹੋ ਕੇ ਅਸੀਂ ਆਮ ਸੂਝ ਜਾਂ ਵਿਵੇਕ ਗਵਾ ਚੁਕੇ ਹਾਂ (ਓਵeਰੇਬੋਦੇ ਗeਟ ਸੋ ਮੁਚਹ ਨੋਰਮਅਟਿਨ ਅਲਲ ਦਅੇ ਲੋਨਗ ਟਹਅਟ ੱe ਲੋਸe ੁਰ ਚੋਮਮੋਨ ਸeਨਸe)। ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ (ਗੁਰਮਤਿ ਵਿਸ਼ੇ ਤੋਂ ਬਾਹਰੀ) ਦਿਮਾਗੀ ਵਰਜਿਸ਼ ਸਿੱਖੀ ਦੀ ਜਾਣਕਾਰੀ ਨਹੀਂ ਹੈ; ਜਾਣਕਾਰੀ ਹੋਵੇ ਵੀ ਤਾਂ ਉਹ ਗਿਆਨ ਨਹੀਂ ਹੁੰਦੀ ਅਤੇ ਗਿਆਨ ਆਪਣੇ ਆਪ ਵਿਚ ਵਿਵੇਕ ਨਹੀਂ ਹੁੰਦਾ (ਧਅਟਅ ਸਿ ਨੋਟ ਨੋਰਮਅਟਿਨ; ਨੋਰਮਅਟਿਨ ਸਿ ਨੋਟ ਕਨੋੱਲeਦਗe; ਕਨੋੱਲeਦਗe ਸਿ ਨੋਟ ੱਸਿਦੋਮ।)। ਅਜ ਅਸੀਂ ਜੇ ਸਿੱਖੀ ਨੂੰ ਬਚਾਉਣਾ ਹੈ ਤਾਂ ਬੌਧਿਕ ਚਤੁਰਾਈਆਂ ਛੱਡ ਕੇ ਨਾਮ ਬਾਣੀ ਦੀ ਕਮਾਈ ਕਰੀਏ ਅਤੇ ਇੱਕ ਦੂਜੇ ਲਈ ਬਾਹਾਂ ਫੈਲਾ ਲਈਏ। ਯਥਾ ਗੁਰਵਾਕ ਹੈ,
ਹਰਿ ਕੀਆ ਕਥਾ ਕਹਾਣੀਆ
ਗੁਰਿ ਮੀਤਿ ਸੁਣਾਈਆ॥
ਬਲਿਹਾਰੀ ਗੁਰ ਆਪਣੇ
ਗੁਰ ਕਉ ਬਲਿ ਜਾਈਆ॥੧॥
ਆਇ ਮਿਲੁ ਗੁਰਸਿਖ ਆਇ ਮਿਲੁ
ਤੂ ਮੇਰੇ ਗੁਰੂ ਕੇ ਪਿਆਰੇ॥ (ਪੰਨਾ 725)