ਝਾਕੀ ਕੁਲਵੰਤ ਸਿੰਘ ਵਿਰਕ

ਪੰਜਾਬੀ ਸਾਹਿਤ ਜਗਤ ਵਿਚ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਮਿਸਾਲੀ ਕਹਾਣੀਆਂ ਦੀ ਰਚਨਾ ਕੀਤੀ। ਇਸ ਲੇਖ ਵਿਚ ਇਕ ਹੋਰ ਨਾਮੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਅਛੋਹ ਪੱਖਾਂ ਬਾਰੇ ਚਰਚਾ ਕੀਤੀ ਹੈ। ਪ੍ਰੇਮ ਪ੍ਰਕਾਸ਼ ਸੁਭਾਅ ਪੱਖੋਂ ਸ਼ਰਾਰਤੀ ਰੰਗ ਵਾਲਾ ਕਹਾਣੀਕਾਰ ਹੈ; ਇਸ ਲੇਖ ਵਿਚ ਵੀ ਉਹਨੇ ਆਪਣਾ ਇਹ ਰੰਗ ਦਿਖਾਇਆ ਹੈ।

-ਸੰਪਾਦਕ

ਪ੍ਰੇਮ ਪ੍ਰਕਾਸ਼

ਸ਼ਾਇਦ 1958 ਦੀ ਗੱਲ ਏ। ਵਿਰਕ ਕੇਂਦਰ ਸਰਕਾਰ ਦੇ ਸੂਚਨਾ ਬਿਊਰੋ, ਜਲੰਧਰ ‘ਚ ਸਹਾਇਕ ਸੂਚਨਾ ਅਫਸਰ ਸੀ। ਇਹ ਕੋਈ ਵੱਡੀ ਅਫਸਰੀ ਨਹੀਂ ਸੀ, ਪਰ ਬਹੁਤਿਆਂ ਨੂੰ ਵੱਡੀ ਹੀ ਲੱਗਦੀ ਸੀ। ਵਿਰਕ ਦੀ ਉਠਣੀ-ਬੈਠਣੀ ਮੈਥੋਂ ਤੇ ਮਹਿਰਮ ਯਾਰ ਤੋਂ ਇਲਾਵਾ ਪਿਆਰਾ ਸਿੰਘ ਭੋਗਲ ਨਾਲ ਵੀ ਸੀ। ਸਾਹਿਤ ਬਾਰੇ ਗੱਲਾਂ ਕਰਦਿਆਂ ਮੈਂ ਕਦੇ ਵਿਰਕ ਨੂੰ ਛੇੜਦਾ, “ਕਹਾਣੀ ਤਾਂ ਤੁਹਾਡੀ ਚੰਗੀ ਐ ਪਰ ਇਹਦਾ ਅੰਤ ‘ਭੋਗਲ ਵਰਗਾ’ ਏ। ਪਾਠਕ ਨੂੰ ਸਮਝਾਉਣ ਵਾਲਾ।” ਵਿਰਕ ਕਦੇ ਸੰਜੀਦਾ ਹੋ ਕੇ ਮੰਨ ਲੈਂਦਾ। ਮੈਨੂੰ ਛੇੜਨ ਲਈ ਤੀਰ ਛੱਡਦਾ, “ਤੇਰੀ ਕਹਾਣੀ ਚੰਗੀ ਵੀ ਹੋਵੇ, ਪਰ ਉਹ ਸੰਤੋਖ ਸਿੰਘ ਧੀਰ ਦੇ ਨੇੜੇ ਤੇੜੇ ਈ ਰਹਿੰਦੀ ਏ। ਤੁਸੀਂ ਸਾਰੇ ਧੀਰ ਵਾਲੇ ਗਰੁੱਪ ਦੇ ਹੋਂ।”
ਇਕ ਵਾਰ ਵਿਰਕ ਨੂੰ ਸ਼ੌਕ ਕੁੱਦਿਆ ਕਿ ਲੇਖਕਾਂ ਨੂੰ ਘਰ ਸੱਦੇ। ਦਸ ਬਾਰਾਂ ਜਣੇ ਮਾਡਲ ਟਾਊਨ ਉਹਦੇ ਘਰ ਗਏ ਤਾਂ ਉਹਨੇ ਪਕੌੜਿਆਂ ਨਾਲ ਚਾਹ ਦੀ ਸੇਵਾ ਕੀਤੀ। ਫੇਰ ਆਪਣੀ ਨਵੀਂ ਕਹਾਣੀ ਸੁਣਾਈ। ਕਈਆਂ ਨੇ ਨੁਕਤਾਚੀਨੀ ਕੀਤੀ ਜੋ ਵਿਰਕ ਨੂੰ ਸਹਿਣੀ ਔਖੀ ਹੋ ਗਈ। ਤੀਜੇ ਦਿਨ ਵਿਰਕ ਮਿਲਿਆ ਤਾਂ ਬੋਲਣ ਵਾਲਿਆਂ ਨੂੰ ਗਾਲ੍ਹਾਂ ਕੱਢੇ। ਅਖੇ, ਐਵੇਂ ਜਿਸ ਕੁੱਤੇ, ਬਿੱਲੇ ਦਾ ਦਿਲ ਕੀਤਾ, ਬਕਵਾਸ ਕਰਨ ਲੱਗ ਪਿਆ। ਉਹਨੇ ਮੁੜ ਕਦੇ ਸਾਹਿਤਕਾਰਾਂ ਨੂੰ ਘਰ ਨਾ ਸੱਦਿਆ ਤੇ ਨਾ ਕਹਾਣੀ ਸੁਣਾਈ, ਪਰ ਮੈਂ ਅਕਸਰ ਜਾ ਕੇ ਚਾਹ ਤੇ ਸਿਗਰਟਾਂ ਪੀਂਦਾ ਰਹਿੰਦਾ।
ਇਕ ਵਾਰੀ ਵਿਰਕ ਲੇਖਕ ਸਭਾ ਦੀ ਮੀਟਿੰਗ ‘ਚ ਆ ਗਿਆ। ਉਥੇ ਕੋਈ ਅਨਪੜ੍ਹ ਜਿਹਾ ਲੇਖਕ ਆਪਣੀ ਬਦਕਲਾਮੀ ਦਿਖਾਉਂਦਾ ਹਵਾ ਨੂੰ ਗਾਲ੍ਹਾਂ ਕੱਢੀ ਜਾਵੇ। ਵਿਰਕ ਨੂੰ ਬੁਰਾ ਲੱਗਾ। ਉਹਨੇ ਪੈਰੋਂ ਗੁਰਗਾਬੀ ਕੱਢ ਕੇ ਡੈਸਕ ‘ਤੇ ਉਹਦੇ ਅੱਗੇ ਰੱਖ ਕੇ ਉਹਨੂੰ ਗਾਲ੍ਹਾਂ ਕੱਢ ਕੇ ਕਿਹਾ, “ਲੈ ਹੁਣ ਕੱਢ ਗਾਹਲ।” ਓਸ ਬੰਦੇ ਦਾ ਰੰਗ ਪੀਲਾ ਪੈ ਗਿਆ। ਕੁਝ ਚਿਰ ਅੱਖਾਂ ਨੀਵੀਆਂ ਕਰ ਕੇ ਸੋਚਦਾ ਰਿਹਾ। ਫੇਰ ਉਠ ਕੇ ਚਲਾ ਗਿਆ।
ਵਿਰਕ ਬਹੁਤ ਗਲਾਧੜੀ ਸੀ। ਅਸੀਂ ਦੋ-ਦੋ ਘੰਟੇ ਬੈਠੇ ਲੁੱਚ-ਗੜੁੱਚੀਆਂ ਮਾਰਦੇ ਰਹਿੰਦੇ। ਮੈਨੂੰ ਜਦ ਵੀ ਵਿਹਲ ਮਿਲਦੀ, ਮੈਂ ਉਹਦੇ ਦਫਤਰ ਚਲਾ ਜਾਂਦਾ। ਅਸੀਂ ਬਹੁਤੀਆਂ ਗੱਲਾਂ ਆਮ ਆਦਮੀ ਦੇ ਵਿਹਾਰ, ਖਾਸ ਕਰ ਔਰਤ ਤੇ ਮਰਦ ਦੇ ਰਿਸ਼ਤੇ ਬਾਰੇ ਕਰਦੇ। ਵਿਰਕ ਤੇ ਮੇਰੀਆਂ ਬਹੁਤੀਆਂ ਕਹਾਣੀਆਂ ਦਾ ਵਿਸ਼ਾ ਵੀ ਇਹੋ ਰਿਹਾ ਏ। ਵਿਰਕ ਆਪਣੀ ਇਕ ਘਾਟ ਇਹ ਮਹਿਸੂਸ ਕਰਦਾ ਸੀ ਕਿ ਉਹਨੇ ਖੇਤੀ ਦਾ ਕੋਈ ਕੰਮ ਨਹੀਂ ਕੀਤਾ। ਬਸ ਮੱਝਾਂ ਈ ਚਾਰੀਆਂ। ਤਦੇ ਉਹ ਕਹਾਣੀ ‘ਦੋ ਆਨੇ ਦਾ ਘਾਹ’ ਵਿਚ ਮੱਝਾਂ ਦੇ ਚੁਗਣ ਦੀ ਏਨੀ ਬਾਰੀਕ ਤਸਵੀਰ ਖਿੱਚ ਸਕਿਆ। ਉਹ ਚਾਹੁੰਦਾ ਸੀ ਕਿ ਕੋਈ ਅਜਿਹੀ ਕਹਾਣੀ ਲਿਖੇ, ਜਿਸ ਵਿਚ ਖੇਤਾਂ ‘ਚ ਕੰਮ ਹੁੰਦਾ ਹੋਵੇ। ਖੇਤੀ ਦੇ ਕੰਮ ਦੀਆਂ ਗੱਲਾਂ ਜਾਣਨ ਲਈ ਉਹ ਮੈਥੋਂ ਪੁੱਛਦਾ। ਜਿਵੇਂ ਕਣਕ ਦੀ ਗਹਾਈ ਕਿਵੇਂ ਕੀਤੀ ਜਾਂਦੀ ਏ? ਬਲਦਾਂ ਨੂੰ ਹਲ ‘ਚ ਵਗਦੇ ਨੂੰ ਮੁੜਨ ਲਈ ਕੀ ਆਖੀਦਾ ਏ? ਮੈਂ ਖੇਤੀ ਛੱਡ ਕੇ ਈ ਜਲੰਧਰ ਆਇਆ ਸੀ। ਏਸ ਲਈ ਵਿਰਕ ਨੂੰ ਦੱਸਦਾ ਰਹਿੰਦਾ।
ਵਿਰਕ ਨੂੰ ਜਾਤਾਂ ਗੋਤਾਂ ਦਾ ਬੜਾ ਖਿਆਲ ਸੀ। ਓਸੇ ਨੇ ਮੈਨੂੰ ਦੱਸਿਆ ਕਿ ਪ੍ਰੋ. ਮੋਹਨ ਸਿੰਘ ਪੁਰੀ ਖੱਤਰੀ ਏ। ਵਿਰਕ ਖੱਤਰੀਆਂ ਦਾ ਮਾਣ ਕਰਦਾ ਸੀ। ਸ਼ਾਇਦ ਮੇਰੇ ਸਾਹਮਣੇ ਬੈਠਣ ਕਰ ਕੇ। ਉਹ ਕਹਿੰਦਾ ਹੁੰਦਾ, “ਪੁੱਤ ਜੰਮਣ ਖਤਰਾਣੀਆਂ, ਕੋਈ ਵਿਰਲੀ ਜੱਟੀ। ਮੈਂ ਵਿਰਲੀ ਜੱਟੀ ਦਾ ਪੁੱਤਰ ਹਾਂ।” ਉਹ ਆਪਣੀ ਤਾਰੀਫ ਦਾ ਪਹਿਲੂ ਵੀ ਲੱਭ ਲੈਂਦਾ। ਇਕ ਵਾਰ ਅਸੀਂ ਕਿਸੇ ਲੇਖਕ ਦੀ ਜਾਤ ਦਾ ਫੈਸਲਾ ਨਾ ਕਰ ਸਕੇ। ਉਹਨੇ ਉਹਨੂੰ ਫੋਨ ਕਰ ਕੇ ਗੱਲ ਕੀਤੀ ਤੇ ਮੈਨੂੰ ਦੱਸਿਆ, “ਲੈ ਉਹ ਤਰਖਾਣ ਏ। ਉਹਦੀ ਗੱਲ ਵਿਚ ‘ਤੇਸਾ’ ਆ ਗਿਆ।” ਉਹਨੂੰ ਜਾਤਾਂ ਗੋਤਾਂ ਜਾਣਨ ਦਾ ਏਨਾ ਸ਼ੌਕ ਸੀ ਕਿ ਉਹਨੇ ਜੱਟਾਂ ਤੇ ਖੱਤਰੀਆਂ ਦੇ ਤਿੰਨ-ਤਿੰਨ ਸੌ ਗੋਤਾਂ ਦੀਆਂ ਸੂਚੀਆਂ ਬਣਾਈਆਂ ਹੋਈਆਂ ਸਨ।
ਮੈਨੂੰ ਹਫਤਾਵਾਰੀ ਛੁੱਟੀ ਹੁੰਦੀ ਤਾਂ ਵਿਰਕ ਦੇ ਘਰ ਚਲਾ ਜਾਂਦਾ। ਡਰਾਇੰਗ ਰੂਮ ‘ਚ ਬਹਿੰਦਿਆਂ ਈ ਮੈਂ ਸਿਗਰਟ ਲਾਉਣ ਲੱਗਦਾ ਤਾਂ ਵਿਰਕ ਆਪਣੀ ਪਤਨੀ ਬੰਸੀ ਨੂੰ ਕਹਿੰਦਾ, “ਆਹ ਲਿਆਵੀਂ ਜੁੱਤੀ। ਇਹਨੇ ਸਿਗਰਟ ਪੀਣੀ ਏ।” ਉਹਦੇ ਘਰ ਪਿੱਤਲ ਦੀ ਐਸ਼-ਟਰੇ ਹੁੰਦੀ ਸੀ ਜੀਹਦੀ ਸ਼ਕਲ ਦੇਸੀ ਜੁੱਤੀ ਜਿਹੀ ਸੀ। ਵਿਰਕ ਦਾ ਨਿੱਕਾ ਮੁੰਡਾ ਬੜੇ ਧਿਆਨ ਨਾਲ ਮੇਰੇ ਮੂੰਹ ‘ਚੋਂ ਧੂੰਆਂ ਨਿਕਲਦਾ ਦੇਖਦਾ ਰਹਿੰਦਾ। ਉਹ ਹੈਰਾਨੀ ਨਾਲ ਕਹਿੰਦਾ, “ਧੂੰਅ… ਧੂੰਅ।” ਮੈਨੂੰ ਬੜਾ ਚੰਗਾ ਲੱਗਦਾ।
ਇਕ ਵਾਰ ਅਸੀਂ ਗੱਲਾਂ ਕਰਦੇ-ਕਰਦੇ ਜ਼ੋਰ ਅਜ਼ਮਾਈ ਕਰਨ ਲੱਗੇ। ਇਕ ਦੂਜੇ ਨੂੰ ਧੱਕਦੇ ਘੁਲਣ ਲੱਗੇ। ਪਹਿਲਾਂ ਵਿਰਕ ਨੇ ਮੈਨੂੰ ਢਾ ਲਿਆ ਪਰ ਫੇਰ ਮੈਂ ਉਹਨੂੰ ਢਾਇਆ ਤਾਂ ਉਹ ਰੋਂਦ ਪਾ ਕੇ ਕਹਿਣ ਲੱਗਾ, “ਤੂੰ ਪੈਰ ਨਾਲ ਮੇਜ਼ ਦੀ ਅੜੇਸ ਲਾ ਕੇ ਮੈਨੂੰ ਢਾ ਲਿਆ। ਮੁੜ ਕੇ ਆ।”
ਮੈਂ ਕਿਹਾ, “ਰਹਿਣ ਦਿਓ। ਢਹਿਣ ਵਾਲੇ ਇਵੇਂ ਕਹਿੰਦੇ ਹੁੰਦੇ ਨੇ। ਮੁੜ ਕੇ ਆ।”
ਵਿਰਕ ਸੱਭਿਆ ਜੱਟ ਸੀ, ਪਰ ਇਕ ਵਾਰ ਜਦ ਉਹ ਮੁੱਖ ਮੰਤਰੀ ਦਾ ਸੈਕਟਰੀ ਸੀ, ਮੈਂ ਚੰਡੀਗੜ੍ਹ ਲੇਖਕਾਂ ਦੀ ਮੀਟਿੰਗ ਤੋਂ ਵਿਹਲਾ ਹੋ ਕੇ ਉਹਦੇ ਘਰ ਨੂੰ ਤੁਰ ਪਿਆ। ਵਿਰਕ ਨੇ ਡਰਾਇੰਗ ਰੂਮ ਦੇ ਕਾਲੀਨ ਦਾ ਲੜ ਚੁੱਕ ਕੇ ਹੇਠੋਂ ਇਕ ਪਰਚਾ ਕੱਢ ਕੇ ਮੈਨੂੰ ਵਿਖਾਇਆ। ਉਹਦੇ ਵਿਚ ਉਹਦੀ ਨਵੀਂ ਕਹਾਣੀ ਛਪੀ ਸੀ। ਉਹ ਪਰਚਾ ਉਹਨੇ ਆਪਣੀ ਪਤਨੀ ਬੰਸੀ ਤੋਂ ਲੁਕਾ ਕੇ ਰੱਖਿਆ ਹੋਇਆ ਸੀ। ਉਹ ਕਹਾਣੀ ਉਹਦੀ ਸਹੇਲੀ ਬਾਰੇ ਸੀ ਜੀਹਦੀਆਂ ਗੱਲਾਂ ਮੈਂ ਉਹਦੀ ਪਤਨੀ ਬੰਸੀ ਨਾਲ ਮਖੌਲ ਕਰਨ ਲਈ ਕਰਦਾ ਹੁੰਦਾ ਸੀ। ਏਸ ਮਾਮਲੇ ‘ਚ ਉਹ ਡਾਢੀ ਸੀ।
ਵਿਰਕ ਨੂੰ ਕਵਿਤਾ ਤੇ ਸੰਗੀਤ ਵਿਚ ਕੋਈ ਦਿਲਚਸਪੀ ਨਹੀਂ ਸੀ। ਗਜ਼ਲ ਉਹ ਪੜ੍ਹਦਾ ਈ ਨਹੀਂ ਸੀ। ਕਵਿਤਾ ਦਾ ਸਿਰਾ ਉਹਨੂੰ ਲੋਕ-ਗੀਤ ਲੱਗਦੇ। ਉਹ ਬੋਲੀਆਂ ਦੁਹਰਾਉਂਦਾ ਰਹਿੰਦਾ। ਜਿਵੇਂ: ‘ਅੱਧੀ ਤੇਰੀ ਵੇ ਮੁਲਾਹਜੇਦਾਰਾ, ਅੱਧੀ ਆਂ ਗਰੀਬ ਜੱਟ ਦੀ।… ਛੜਿਆਂ ਦੀ ਜੂਨ ਬੁਰੀ।’
ਵਿਰਕ ਬਲਵੰਤ ਗਾਰਗੀ ਨੂੰ ਸਖਤ ਨਫਰਤ ਕਰਦਾ ਸੀ। ਗਾਰਗੀ ਨੇ ਅਮਰੀਕਾ ਦੀ ਆਪਣੀ ਫੇਰੀ ਬਾਰੇ ‘ਆਰਸੀ’ ‘ਚ ਲਿਖਿਆ ਕਿ ਉਹ ਓਸ ਫੈਸਟੀਵਲ ‘ਚ ਸ਼ੋਖ ਰੰਗਾਂ ਦੀ ਚੈਕ ਬੁਸ਼ਰਟ ਪਾਈ ਫਿਰਦਾ ‘ਫਿਲਮੀ ਹੀਰੋ’ ਲੱਗਦਾ ਸੀ। ਆਰਸੀ ਦੇ ਅਗਲੇ ਅੰਕ ਵਿਚ ਵਿਰਕ ਦੀ ਸੰਖੇਪ ਜਿਹੀ ਚਿੱਠੀ ਛਪੀ। ਉਹਨੇ ਪੁੱਛਿਆ, ਕੀ ‘ਗੀਂਢੇ ਤੇ ਗੰਜੇ’ ਵੀ ਫਿਲਮੀ ਹੀਰੋ ਹੋ ਸਕਦੇ ਨੇ?
ਇਕ ਸ਼ਾਮ ਮੈਨੂੰ ਵਿਰਕ ਦਾ ਫੋਨ ਆਇਆ, “ਛੁੱਟੀ ਕਦੋਂ ਕਰਨੀ ਏ? ਐਸ਼ ਸਾਹਿਬ ਨੂੰ ਕਹਿ ਕੇ ਛੁੱਟੀ ਕਰ ਕੇ ਹੁਣੇ ਆ ਜਾ। ਤੈਨੂੰ ਕਿਸੇ ਨਾਲ ਮਿਲਾਉਣਾ ਏ।” ਮੈਂ ਜਦੇ ਸਾਈਕਲ ਚੁੱਕ ਕੇ ਆ ਗਿਆ ਤਾਂ ਉਹਦੇ ਦਫਤਰ ‘ਚ ਗਾਰਗੀ ਬੈਠਾ ਸੀ। ਰਸਮੀ ਤੁਆਰਫ ਪਿਛੋਂ ਵਿਰਕ ਨੇ ਕਿਹਾ ਕਿ ਆਪਾਂ ‘ਮੋਤੀ ਮਹਿਲ’ ਜਾਣਾ ਏ। ਗਾਰਗੀ ਪੇਸ਼ਾਬ ਕਰਨ ਗਿਆ ਤਾਂ ਵਿਰਕ ਨੇ ਉਹਨੂੰ ਪੰਜਾਹ ਗਾਲ੍ਹਾਂ ਕੱਢਦਿਆਂ ਕਿਹਾ ਕਿ ਇਹ ਮੇਰੇ ਘਰ ਜਾਣਾ ਚਾਹੁੰਦਾ ਏ। ਆਪਾਂ ਇਹਨੂੰ ਬੀਅਰ ਪਿਆ ਕੇ ਭਜਾ ਦੇਣਾ ਏ। ਇਹ ਮੇਰੇ ਘਰ ਜਾਵੇਗਾ। ਮੇਰਾ ਬੈੱਡ, ਬਿਸਤਰਾ, ਗੁਸਲਖਾਨਾ, ਤੌਲੀਆ, ਸਾਬਣ ਦੀ ਟਿੱਕੀ, ਭਾਂਡੇ, ਖਾਣਾ ਵੇਖੇਗਾ।…ਫੇਰ ਮੇਰੇ ਰੇਖਾ ਚਿੱਤਰ ਵਿਚ…।
ਫੇਰ ਉਹਨੇ ਆਪਣੇ ਮੇਜ਼ ਦੀ ਹੇਠਲੀ ਦਰਾਜ਼ ਵਿਚ ਪਏ ਕਾਗਜ਼ਾਂ ਵਿਚੋਂ ਦੋ ਤਿੰਨ ਨੋਟ ਕੱਢੇ। ਜੇਬ ‘ਚ ਪਾ ਕੇ ਤਿਆਰ ਹੋ ਗਿਆ। ਅਸੀਂ ਇਕ ਬੀਅਰ ਬਾਰ ‘ਚ ਜਾ ਬੈਠੇ। ਵਿਰਕ ਤੇ ਮੈਂ ਗਾਰਗੀ ਦੀ ਆਖੀ ਹਰ ਗੱਲ ਨੂੰ ਕੱਟ ਦਿੰਦੇ, ਜਿਸ ਤੋਂ ਗਾਰਗੀ ਨੂੰ ਸਾਡੇ ਇਰਾਦੇ ਦਾ ਅਹਿਸਾਸ ਹੋ ਗਿਆ। ਕਿਸੇ ਵੀ ਗੱਲ ‘ਤੇ ਬਹਿਸ ਹੁੰਦੀ ਤਾਂ ਮੈਂ ਵਿਰਕ ਦੀ ਹਰ ਗੱਲ ਦੀ ਹਾਮੀ ਭਰ ਦਿੰਦਾ। ਗਾਰਗੀ ਦੀ ਚੰਗੀ ਗੱਲ ਵੀ ਘੱਟੇ ਪੈ ਜਾਂਦੀ। ਉਹ ਬਹੁਤ ਦੁਖੀ ਹੋ ਗਿਆ।
ਅੰਤ ਨੂੰ ਵਿਰਕ ਨੇ ਪੁੱਛਿਆ, “ਚੱਲੀਏ?” ਉਹਦਾ “ਚਲੋ” ਦਾ ਜਵਾਬ ਸੁਣ ਕੇ ਉਹਨੇ ਬੈਰੇ ਨੂੰ ਬਿਲ ਲਿਆਉਣ ਨੂੰ ਕਿਹਾ। ਬਿਲ ਦੇ ਕੇ ਬਾਹਰ ਨਿਕਲੇ ਤਾਂ ਵਿਰਕ ਨੇ ਪੁੱਛਿਆ, “ਹੁਣ ਤੁਹਾਡਾ ਕੀ ਪ੍ਰੋਗਰਾਮ ਏ?”
ਗਾਰਗੀ ਨੇ ਇਕ ਪਲ ਉਹਦੇ ਮੂੰਹ ਵੱਲ ਦੇਖਿਆ ਤੇ ਫੇਰ ਕਹਿੰਦਾ, “ਮੈਂ ਮੋਹਨ ਸਿੰਘ ਦੇ ਜਾਵਾਂਗਾ।”
ਵਿਰਕ ਨੇ ਕੋਲ ਚੀਂ ਲੰਘਦਾ ਰਿਕਸ਼ਾ ਰੋਕ ਕੇ ਉਹਨੂੰ ਕਿਹਾ, “ਇਨ੍ਹਾਂ ਨੂੰ ਹੁਸ਼ਿਆਰਪੁਰ ਚੌਕ ਲੈ ਜਾਹ।”
ਜਦ ਰਿਕਸ਼ਾ ਥੋੜ੍ਹੀ ਦੂਰ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਪੁੱਜਾ ਤਾਂ ਅਸੀਂ ਦੋਹਾਂ ਨੇ ਇਕ ਦੂਜੇ ਵੱਲ ਦੇਖਿਆ। ਫਤਿਹ ਦੇ ਜੋਸ਼ ‘ਚ ਚੀਕਾਂ ਮਾਰੀਆਂ ਤੇ ਵਿਹਲੀ ਸੜਕ ‘ਤੇ ਨੱਚੇ ਟੱਪੇ। ਫੇਰ ਪੈਦਲ ਦਫਤਰ ਵੱਲ ਟੁਰ ਪਏ।
ਫੇਰ ਵਿਰਕ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਜਾਇੰਟ ਡਾਇਰੈਕਟਰ, ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਬਣ ਕੇ ਦਿੱਲੀ ਤੋਂ ਆ ਗਿਆ। ਸਾਡਾ ਰਾਬਤਾ ਮੁੜ ਜੁੜ ਗਿਆ। ਉਹ ਜ਼ਮਾਨਾ ਨਕਸਲੀ ਲਹਿਰ ਦੇ ਉਭਾਰ ਦਾ ਸੀ। ਲੁਧਿਆਣਾ ਯੂਨੀਵਰਸਿਟੀ ‘ਚ ਸਰਗਰਮੀਆਂ ਜ਼ੋਰਾਂ ‘ਤੇ ਸਨ। ਮੈਂ ‘ਲਕੀਰ’ ਪਰਚਾ ਕੱਢਣਾ ਸ਼ਰੂ ਕੀਤਾ ਸੀ। ਵਿਰਕ ਨੂੰ ਮੇਰਾ ਇਹ ਕੰਮ ਪਸੰਦ ਨਹੀਂ ਸੀ। ਮੈਂ ਵਿਰਕ ਨੂੰ ਚਿੱਠੀ ਲਿਖੀ ਕਿ ‘ਲਕੀਰ’ ਲਈ ਯੂਨੀਵਰਸਿਟੀ ਦਾ ਇਸ਼ਤਿਹਾਰ ਭਿਜਵਾ। ਉਹਦਾ ਜਵਾਬ ਆਇਆ, ਇਕ ਤਾਂ ਤੂੰ ਯੂਨੀਵਰਸਿਟੀ ਦੇ ਵੀ. ਸੀ. ਦੇ ਖਿਲਾਫ ਲਿਖਦਾ ਏਂ, ਦੂਜਾ ਓਸੇ ਤੋਂ ਪੈਸੇ ਚਾਹੁੰਦਾ ਏਂ। ਇਹ ਨਹੀਂ ਹੋਣਾ। ਮੈਂ ਆਪਣੀ ਜੇਬ ਵਿਚੋਂ ਤੈਨੂੰ ਦੇ ਦਿਆਂਗਾ।
ਮੈਂ ਜਦ ਵੀ ਲੁਧਿਆਣੇ ਜਾਂਦਾ, ਵਿਰਕ ਨੂੰ ਉਹਦੇ ਦਫਤਰ ਮਿਲਦਾ। ਉਹ ਕਹਿੰਦਾ, “ਤੂੰ ਆਪ ਤੇ ਆਪਣੀਆਂ ਕਹਾਣੀਆਂ ਲੈ ਕੇ ਮਿਲ। ਆਪਣੇ ਕਾਮਰੇਡੀ ਤੇ ਸਿਆਸੀ ਵਿਚਾਰਾਂ ਨੂੰ ਮੈਥੋਂ ਪਰ੍ਹੇ ਰੱਖ।”
ਉਹ ਸਾਰੇ ਕਾਮਰੇਡਾਂ ਨੂੰ ਗਾਲ੍ਹਾਂ ਕੱਢਦਾ। ਮੇਰੇ ਜਾਣ ‘ਤੇ ਉਹਨੂੰ ਗੱਲਾਂ ਦੇ ਹੱਥੂ ਆ ਜਾਂਦੇ। ਮੈਨੂੰ ਉਹ ਸ਼ਾਮ ਤਕ ਬਿਠਾਈ ਰੱਖਦਾ। ਮੇਰੇ ਮਿਲਣ ‘ਤੇ ਈ ਕਲਰਕ ਨੂੰ ਛੁੱਟੀ ਕਰ ਦਿੰਦਾ ਤੇ ਚਪੜਾਸੀ ਨੂੰ ਬੀਅਰ ਦੀਆਂ ਬੋਤਲਾਂ ਲੈਣ ਭੇਜ ਦਿੰਦਾ। ਅਸੀਂ ਦਫਤਰ ‘ਚ ਬਹਿ ਕੇ ਹੀ ਬੀਅਰ ਪੀਵੀ ਜਾਂਦੇ। ਛੁੱਟੀ ਕਰ ਕੇ ਜਾਣ ਲੱਗਦਾ ਤਾਂ ਬਾਹਰ ਸਰਕਾਰੀ ਡਰਾਈਵਰ ਕਾਰ ਲਈ ਖੜ੍ਹਾ ਹੁੰਦਾ। ਵਿਰਕ ਉਹਨੂੰ ਹੱਥ ਦੇ ਇਸ਼ਾਰੇ ਨਾਲ ਖਾਲੀ ਈ ਟੋਰ ਦਿੰਦਾ। ਆਪ ਪੈਦਲ ਟੁਰਦਾ ਤੇ ਮੈਨੂੰ ਤੋਰਦਾ ਘਰ ਤਕ ਲੈ ਜਾਂਦਾ।
ਇਕ ਵਾਰ ਦੂਰਦਰਸ਼ਨ ਵਾਲਿਆਂ ਨੇ ਵਿਰਕ ਨੂੰ ਇੰਟਰਵਿਊ ਲਈ ਸੱਦਿਆ ਤੇ ਮੈਨੂੰ ਕੰਪੀਅਰਿੰਗ ਲਈ। ਜਦ ਅਸੀਂ ਮੇਕਅੱਪ ਰੂਮ ‘ਚੋਂ ਵਿਹਲੇ ਹੋ ਕੇ ਸਟੂਡਿਓ ਵੱਲ ਨੂੰ ਜਾਣ ਲੱਗੇ ਤਾਂ ਵਿਰਕ ਮੈਨੂੰ ਕੂਹਣੀ ਮਾਰ ਕੇ ਕਹਿੰਦਾ, “ਆ ਸ਼ੁਰਲਾ ਮਾਰ ਲਈਏ।” ਕਮਰੇ ਦੇ ਅੰਦਰ ਜਾ ਕੇ ਵਿਰਕ ਨੇ ਆਪਣੀ ਪੈਂਟ ਦੀ ਹਿੱਪ ਪਾਕਟ ‘ਚੋਂ ਸਟੀਲ ਦਾ ਪਊਆ ਕੱਢ ਕੇ ਦੋ ਚਾਰ ਘੁੱਟ ਭਰ ਲਏ। ਤੇ ਮੈਂ ਲਾਰਪੋਜ਼ ਦੀ ਗੋਲੀ ਲੈ ਲਈ। ਮੈਨੂੰ ਪਤਾ ਸੀ ਕਿ ਸਟੇਜ ਜਾਂ ਮਾਈਕ ‘ਤੇ ਬੋਲਦੇ ਵਿਰਕ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਨੇ, ਪਰ ਮੇਰੇ ਨਾਲ ਬਹਿ ਕੇ ਉਹਨੂੰ ਗੱਲ ਸੁੱਝਦੀ ਰਹਿੰਦੀ ਸੀ। ਮੈਂ ਉਹਦੀਆਂ ਗੱਲਾਂ ਆਪਣੇ ਸਵਾਲਾਂ ਨਾਲ ਮੁੱਕਣ ਨਾ ਦਿੰਦਾ। ਉਹਨੇ ਟੀ. ਵੀ. ‘ਤੇ ਜਿੰਨੇ ਵੀ ਪ੍ਰੋਗਰਾਮ ਕੀਤੇ, ਮੈਨੂੰ ਨਾਲ ਬੁਲਾ ਕੇ ਕੀਤੇ।
ਇਕ ਵਾਰ ਜਸਵੰਤ ਦੀਦ ਰੇਡੀਓ ਸਟੇਸ਼ਨ, ਜਲੰਧਰ ‘ਚ ਸੀ। ਵਿਰਕ ਰਿਟਾਇਰ ਹੋ ਚੁਕਾ ਸੀ। ਮੁਹਾਲੀ ਦੇ ਫੇਜ਼ ਦਸ ‘ਚ ਰਹਿੰਦਾ ਸੀ। ਦੀਦ ਹਰ ਮਹੀਨੇ ਸਾਹਿਤਕਾਰਾਂ ਬਾਰੇ ਪ੍ਰੋਗਰਾਮ ਬ੍ਰਾਡਕਾਸਟ ਕਰਦਾ ਸੀ। ਉਹ ਮੈਨੂੰ ਨਾਲ ਲੈ ਕੇ ਵਿਰਕ ਦੇ ਚਲਾ ਗਿਆ। ਵਿਰਕ ਕੁੜਤੇ ਪਜਾਮੇ ‘ਚ ਗੰਭੀਰ ਬੈਠਾ ਸੀ। ਨਾ ਉਹਨੂੰ ਗੱਲਾਂ ਫੁਰ ਰਹੀਆਂ ਸਨ, ਨਾ ਹਾਸੇ। ਅਸਲ ‘ਚ ਉਹ ਲੁਧਿਆਣੇ ਤੋਂ ਈ ਦਿਲ ਦੀ ਬਿਮਾਰੀ ਲਾਈ ਫਿਰਦਾ ਸੀ। ਉਹ ਡਰਿਆ ਹੋਇਆ ਸੀ। ਮੈਨੂੰ ਪਤਾ ਲੱਗਾ ਕਿ ਲੁਧਿਆਣੇ ਉਹ ਬਹੁਤ ਮਾਨਸਿਕ ਤਣਾਓ ਵਿਚੀਂ ਲੰਘ ਕੇ ਆਇਆ ਸੀ। ਅਸੀਂ ਇਕ ਵੱਖਰੇ ਕਮਰੇ ‘ਚ ਵਿਰਕ ਨਾਲ ਗੱਲਾਂ ਕਰਨ ਲੱਗੇ। ਅਸੀਂ ਸਵਾਲ ਕਰਦੇ ਤਾਂ ਵਿਰਕ ਹਰ ਸਵਾਲ ਦਾ ਸੰਖੇਪ ਜਵਾਬ ਬੜਾ ਸੋਚ ਸੋਚ ਦਿੰਦਾ ਰਿਹਾ। ਉਹਨੇ ਸ਼ੋਖੀ ਵਾਲੀ ਕੋਈ ਗੱਲ ਨਾ ਕੀਤੀ। ਸਾਹਿਤ ਤੋਂ ਹਟ ਕੇ ਜਦੋਂ ਅਸੀਂ ਨਿੱਜੀ ਜ਼ਿੰਦਗੀ ਦੀ ਗੱਲ ਪੁੱਛਦੇ ਤਾਂ ਉਹ ਕਦੇ ਚੁੱਪ ਈ ਕਰ ਜਾਂਦਾ। ਇਕ ਵਾਰੀ ਉਹਨੇ ਕਹਿ ਈ ਦਿੱਤਾ ਕਿ ਸਭ ਗੱਲਾਂ ਦੇ ਜਵਾਬ ਨਹੀਂ ਹੁੰਦੇ।
ਫੇਰ ਅਸੀਂ ਮਿਸਿਜ਼ ਵਿਰਕ ਨਾਲ ਗੱਲਾਂ ਕਰਨ ਲੱਗੇ ਤਾਂ ਵਿਰਕ ਦੂਜੇ ਕਮਰੇ ‘ਚ ਚਲਾ ਗਿਆ। ਮਿਸਿਜ਼ ਵਿਰਕ ਪਹਿਲਾਂ ਤਾਂ ਖੁਸ਼ੀ ‘ਚ ਟਹਿਕੇ। ਫੇਰ ਜਦ ਵਿਰਕ ਦੇ ਨਿੱਜੀ ਜੀਵਨ ਬਾਰੇ ਗੱਲ ਛਿੜੀ ਤਾਂ ਦਿਲ ਦੀ ਭੜਾਸ ਕੱਢਦੀ ਨੇ ਵਿਰਕ ਦੇ ਸਬੰਧਾਂ ਨੂੰ ਲੈ ਕੇ ਬੜੀਆਂ ਸਖਤ ਗੱਲਾਂ ਕੀਤੀਆਂ। ਉਹਦੀਆਂ ਅੱਖਾਂ ‘ਚ ਅੱਥਰੂ ਆ ਗਏ।
ਕੁਝ ਚਿਰ ਬਾਅਦ ਵਿਰਕ ਨੂੰ ਅਧਰੰਗ ਦਾ ਅਟੈਕ ਹੋ ਗਿਆ। ਉਹ ਪੀ. ਜੀ. ਆਈ. ‘ਚੋਂ ਮੁੜਿਆ ਸੀ। ਜਦ ਉਹ ਘਰ ਆ ਗਿਆ ਤਾਂ ਮੈਂ ਖਬਰ ਲੈਣ ਮੁਹਾਲੀ ਗਿਆ। ਉਹ ਡਰਾਇੰਗ ਰੂਮ ‘ਚ ਬੈੱਡ ‘ਤੇ ਬੈਠਾ ਸੀ। ਮੈਨੂੰ ਦੇਖ ਕੇ ਮੁਸਕ੍ਰਾਇਆ। ਬੈਠਣ ਦਾ ਇਸ਼ਾਰਾ ਕੀਤਾ। ਉਹਦੇ ਤੋਂ ਬੋਲ ਨਹੀਂ ਸੀ ਹੁੰਦਾ। ਮੈਂ ਬਿਮਾਰੀ ਦੀ ਕੋਈ ਗੱਲ ਨਾ ਕੀਤੀ। ਮਿਸਿਜ਼ ਵਿਰਕ ਚਾਹ ਲਿਆਈ। ਉਹ ਕਦੇ ਹੱਸਦੀ ਤੇ ਕਦੇ ਉਦਾਸ ਬਿਮਾਰੀ ਦੀ ਗੱਲ ਕਰ ਜਾਂਦੀ। ਵਿਰਕ ਕਦੇ ਕੋਈ ਸ਼ਬਦ ਬੋਲ ਕੇ ਤੇ ਕਦੇ ਇਸ਼ਾਰਿਆਂ ਨਾਲ ਗੱਲਾਂ ਕਰਦਾ ਰਿਹਾ।
ਵਿਰਕ ਫੇਰ ਸਖਤ ਬਿਮਾਰ ਸੀ। ਉਹ ਜਲੰਧਰ ਗੁਰੂ ਤੇਗ ਬਹਾਦਰ ਨਗਰ ਵਿਚ ਆਪਣੀ ਬੇਟੀ ਸੁਦੀਪ ਦੇ ਘਰ ਸੀ। ਮੈਂ ਤੇ ਸੁਰਜੀਤ ਹਾਂਸ ਖਬਰ ਲੈਣ ਗਏ। ਬੂਹੇ ਤੋਂ ਮਿਸਿਜ਼ ਵਿਰਕ ਸਾਨੂੰ ਅੰਦਰ ਲੈ ਗਏ। ਵਿਰਕ ਕੁੜਤੇ ਪਜਾਮੇ ‘ਚ ਬੇਵਸ ਜਿਹਾ ਪਿਆ ਸੀ, ਬਹੁਤ ਕਮਜ਼ੋਰ ਹੋ ਗਿਆ ਸੀ। ਉਹਦੀ ਖੁਲ੍ਹੀ ਚਿੱਟੀ ਦਾਹੜੀ ਛਾਤੀ ‘ਤੇ ਪਈ ਸੀ। ਸਿਰ ‘ਤੇ ਕੋਈ ਕੱਪੜਾ ਲਵ੍ਹੇਟਿਆ ਹੋਇਆ ਸੀ। ਮੈਨੂੰ ਪਤਾ ਸੀ ਕਿ ਉਹਦੇ ਸਿਰ ‘ਤੇ ਹੁਣ ਕੋਈ ਵਾਲ ਨਹੀਂ ਰਿਹਾ। ਵਿਰਕ ਸਾਨੂੰ ਦੇਖ ਕੇ ਮੁਸਕਰਾਇਆ। ਉਹ ਬੋਲ ਨਹੀਂ ਸੀ ਸਕਦਾ। ਸੈਨਤਾਂ ਨਾਲ ਗੱਲਾਂ ਸਮਝਾਉਂਦਾ। ਜੇ ਕੋਈ ਸ਼ਬਦ ਬੋਲਦਾ ਤਾਂ ਮਿਸਿਜ਼ ਵਿਰਕ ਆਪਣਾ ਕੰਨ ਉਹਦੇ ਮੂੰਹ ਦੇ ਨੇੜੇ ਕਰ ਕੇ ਸੁਣਦੀ। ਫੇਰ ਸਾਨੂੰ ਅੰਦਾਜ਼ੇ ਨਾਲ ਦੱਸ ਦਿੰਦੀ। ਮੈਂ ਜਦੋਂ ਵੀ ਵਿਰਕ ਦੇ ਮੰਜੇ ਦੀ ਬਾਹੀ ਤੋਂ ਉਠਣ ਲੱਗਦਾ ਤਾਂ ਉਹ ਮੇਰਾ ਹੱਥ ਨਾ ਛੱਡਦਾ ਤੇ ਮੈਨੂੰ ਦੇਖ ਕੇ ਮੁਸਕਰਾਈ ਜਾਂਦਾ।
ਇਕ ਵਾਰੀ ਮੈਂ ਤੇ ਮੀਸ਼ਾ ਮਿਲਣ ਗਏ। ਵਿਰਕ ਬਹੁਤ ਖੁਸ਼ ਹੋਇਆ। ਉਹ ਅੱਗੇ ਨਾਲੋਂ ਠੀਕ ਜਾਪਦਾ ਸੀ। ਅਸੀਂ ਤਿੰਨੇ ਸੈਨਤਾਂ ਨਾਲ ਈ ਬਹੁਤ ਗੱਲਾਂ ਕਰਦੇ ਰਹੇ। ਉਠ ਕੇ ਜਾਣ ਲੱਗੇ ਤਾਂ ਵਿਰਕ ਨੇ ਮੇਰਾ ਹੱਥ ਫੜ ਕੇ ਨੇੜੇ ਬਹਿਣ ਦੀ ਸੈਨਤ ਕੀਤੀ। ਮੈਂ ਬਹਿ ਗਿਆ। ਉਹਨੇ ਬੋਲਣ ਦੀ ਕੋਸ਼ਿਸ਼ ਵੀ ਕੀਤੀ। ਉਹਦੇ ਬੁੱਲ੍ਹ ਕੋਈ ਗੱਲ ਕਰਨ ਨੂੰ ਜ਼ੋਰ ਮਾਰਦੇ ਰਹੇ। ਜਦ ਕੁਝ ਕਹਿ ਨਾ ਸਕਦੇ ਤਾਂ ਵਿਰਕ ਆਪਣੀ ਬੇਵਸੀ ‘ਤੇ ਆਪ ਈ ਹੱਸ ਪੈਂਦਾ।
ਥੋੜ੍ਹੇ ਸਮੇਂ ਬਾਅਦ ਵਿਰਕ ਦਾ ਦੇਹਾਂਤ ਦਸੰਬਰ 1987 ਨੂੰ ਵਿਦੇਸ਼ ‘ਚ ਆਪਣੀ ਲੜਕੀ ਦੇ ਘਰ ਹੋ ਗਿਆ। ਮੈਨੂੰ ਉਹਦੇ ਗੁਜ਼ਰਨ ਦੀ ਖਬਰ ਚੰਡੀਗੜ੍ਹ ‘ਚ ਹੋਈ ਮਾਤਮੀ ਮੀਟਿੰਗ ਤੋਂ ਲੱਗੀ। ਮੀਡੀਆ ਵਾਲਿਆਂ ਨੂੰ ਉਹਦੇ ‘ਚ ਕੋਈ ਦਿਲਚਸਪੀ ਨਹੀਂ ਸੀ। ਵਿਰਕ ਆਪ ਮੀਡੀਆ ਦਾ ਬੰਦਾ ਹੋ ਕੇ ਵੀ ਮੀਡੀਆ ਤੋਂ ਦੂਰ ਰਹਿਣਾ ਪਸੰਦ ਕਰਦਾ ਸੀ।
1990 ‘ਚ ਜਸਵੰਤ ਦੀਦ ਨੇ ਦੂਰਦਰਸ਼ਨ, ਜਲੰਧਰ ਵਲੋਂ ਵਿਰਕ ਬਾਰੇ ਫਿਲਮ ਬਣਾਉਣੀ ਸੀ। ਵਿਰਕ ਨੂੰ ਗੁਜ਼ਰਿਆਂ ਚੋਖਾ ਚਿਰ ਹੋ ਗਿਆ ਸੀ। ਜਦ ਵਿਰਕ ਨੂੰ ਅਧਰੰਗ ਦਾ ਪਹਿਲਾ ਦੌਰਾ ਪਿਆ ਤਾਂ ਗੁਲਜ਼ਾਰ ਸਿੰਘ ਸੰਧੂ ਉਹਦੀਆਂ ਗੱਲਾਂ ਬੜੇ ਦਰਦਨਾਕ ਅੰਦਾਜ਼ ‘ਚ ਕਰਦਾ ਰਿਹਾ ਸੀ। ਓਸੇ ਹਾਲਤ ‘ਚ ਪੰਜਾਬ ਸਰਕਾਰ ਵੱਲੋਂ ਵਿਰਕ ਦੀ ਫਿਲਮ ਵੀ ਬਣਾਈ ਗਈ ਸੀ।
ਫੇਰ ਜਦ ਦੂਰਦਰਸ਼ਨ, ਜਲੰਧਰ ਨੇ ਵਿਰਕ ਬਾਰੇ ਫਿਲਮ ਬਣਾਈ ਤਾਂ ਮੈਂ ਇਕ ਮਹੀਨਾ ਲਾ ਕੇ ਸਕ੍ਰਿਪਟ ਤਿਆਰ ਕੀਤੀ। ਫਿਲਮ ਦੀ ਸ਼ੂਟਿੰਗ ਵੇਲੇ ਵੀ ਮੈਂ ਨਾਲ-ਨਾਲ ਰਿਹਾ। ਜਲੰਧਰ ‘ਚ ਵਿਰਕ ਦੀ ਲੜਕੀ ਸੁਦੀਪ ‘ਦੀਪੀ’ ਤੇ ਉਹਦਾ ਪਤੀ ਡਾ. ਭੰਗੂ ਦੇ ਮਾਡਲ ਟਾਊਨ ਦੇ ਬਾਹਰਲੇ ਹਿੱਸੇ ‘ਚ ਰਹਿੰਦੇ ਨੇ। ਦੀਦ ਨੇ ਉਥੇ ਹੀ ਸ਼ੂਟਿੰਗ ਕਰਨ ਲਈ ਵਕਤ ਮੁਕੱਰਰ ਕਰ ਕੇ ਮੈਨੂੰ ਵੀ ਬੁਲਾ ਲਿਆ। ਓਥੇ ਵਿਰਕ ਦੀ ਪਤਨੀ ਹਰਬੰਸ ਕੌਰ ਤੇ ਵਿਰਕ ਦਾ ਲਾਹੌਰ ਵੇਲੇ ਦਾ ਸਭ ਤੋਂ ਪੁਰਾਣਾ ਦੋਸਤ ਕੁੰਦਨ ਭਾਅ ਜੀ (ਕੁੰਦਨ ਸਿੰਘ) ਵੀ ਸੀ। ਉਹ ਲੁਧਿਆਣੇ ਤੋਂ ਆਇਆ ਸੀ। ਉਹ ਵਿਰਕ ਬਾਰੇ ਬੜੀਆਂ ਗੱਲਾਂ ਜਾਣਦਾ ਸੀ। ਉਹ ਮੈਨੂੰ ਦੱਸਦੇ ਰਹੇ ਕਿ ਕਿਵੇਂ ਵਿਰਕ ਕਿਤਾਬਾਂ ਦੀ ਦੁਕਾਨ ਤੋਂ ਕਿਤਾਬ ਚੁਰਾ ਲੈਂਦਾ ਸੀ ਤੇ ਕਿਵੇਂ ਉਹ ਇਕ ‘ਕੱਲੇ ਤੇ ਬੰਦ ਮਕਾਨ ਦੇ ਰੋਸ਼ਨਦਾਨ ਵਿਚੀਂ ਅੰਦਰੋਂ ਇਕ ਪੋਟਲੀ ਕੱਢ ਲਿਆਇਆ ਸੀ, ਜੀਹਦੇ ਵਿਚੋਂ ਔਰਤਾਂ ਦੀ ਕੰਘੀ, ਕਲਿੱਪ, ਰੁਮਾਲ ਤੇ ਹੋਰ ਨਿੱਕਾ ਮੋਟਾ ਸਾਮਾਨ ਨਿਕਲਿਆ। ਇਹੋ ਜਿਹੀਆਂ ਚੋਰੀਆਂ ਨਾਲ ਉਹ ਬੜਾ ਖੁਸ਼ ਹੁੰਦਾ ਸੀ।
ਜਦ ਕੈਮਰਾ ਔਨ ਹੋਇਆ ਤਾਂ ਕੁੰਦਨ ਭਾਅ ਜੀ ਨੂੰ ਮੈਂ ਵਿਰਕ ਬਾਰੇ ਸਵਾਲ ਕੀਤਾ ਤਾਂ ਉਹ ਵਿਰਕ ਦੀਆਂ ਦੱਸੀਆਂ ਗੱਲਾਂ ਈ ਦੱਸਣ ਲੱਗ ਪਿਆ। ਵਿਰਕ ਦੀ ਇਹ ਫੱਕੜਬਾਜ਼ੀ ਵੀ ਨਹੀਂ ਸੀ ਦੱਸੀ ਜਾ ਸਕਦੀ ਕਿ ਇਕ ਵਾਰ ਉਹ ਮਾਡਲ ਟਾਊਨ ਤੋਂ ਦਫਤਰ ਵੱਲ ਜਾਂਦਾ ਕੁਝ ਅਜਿਹੀ ਹਰਕਤ ਕਰ ਆਇਆ ਕਿ ਦਫਤਰ ‘ਚ ਹੌਂਕਦਾ ਤੇ ਘਾਬਰਿਆ ਆ ਕੇ ਲੁਕ ਗਿਆ। ਇਹ ਗੱਲਾਂ ਸਾਫ ਕਰ ਦਿੱਤੀਆਂ ਗਈਆਂ ਤੇ ਮੁੜ ਕੁੰਦਨ ਸਿੰਘ ਨੂੰ ਬੋਲਣ ਲਈ ਕਿਹਾ ਗਿਆ।
ਫੇਰ ਲੁਧਿਆਣੇ ਰਹਿੰਦੇ ਦੀ ਵਿਰਕ ਦੀ ਜ਼ਿੰਦਗੀ ‘ਚ ਕਈ ਭੁਚਾਲ ਆਏ। ਮੈਂ ਉਦੋਂ ਉਹਦੇ ਕੋਲ ਨਹੀਂ ਸੀ, ਪਰ ਦੋਸਤ ਦੱਸਦੇ ਕਿ ਵਿਰਕ ਹੁਣ ਬਿਮਾਰ ਜਿਹਾ ਈ ਰਹਿੰਦਾ ਏ। ਇਕ ਵਾਰ ਜਦ ਮੈਂ ਉਹਦੀ ਖਬਰ ਲੈਣ ਗਿਆ ਤਾਂ ਉਹਨੇ ਆਪਣੇ ਇਕ ਗੁੱਝੇ ਰਿਸ਼ਤੇ ਦੀਆਂ ਗੱਲਾਂ ਟੋਟਿਆਂ ‘ਚ ਸੁਣਾਈਆਂ।
ਮੈਂ ਜਦ ਉਹਨੂੰ ਬਿਮਾਰ ਹੋਏ ਨੂੰ ਜਲੰਧਰ ਦੇਖਿਆ ਤਾਂ ਉਹ ਬੋਲ ਨਹੀਂ ਸੀ ਸਕਦਾ। ਮੈਂ ਉਹਦੇ ਮੰਜੇ ‘ਤੇ ਬੈਠਾ ਸੀ ਤੇ ਉਹਦੇ ਹੱਥ ‘ਚ ਮੇਰਾ ਹੱਥ ਸੀ। ਉਹ ਬੋਲ ਨਹੀਂ ਸੀ ਸਕਦਾ, ਪਰ ਮੇਰਾ ਹੱਥ ਘੁੱਟੀ ਰੱਖਿਆ।