ਅਟਕ ਦਰਿਆ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਹ ਦਿੱਤਾ

ਨਿਰਮਲ ਸਿੰਘ ਕਾਹਲੋਂ, ਸਿਡਨੀ
ਫੋਨ: 0468395922
ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਅਟਕ ਤੋਂ ਪਾਰ ਅਫਗਾਨਿਸਤਾਨ ਦਾ ਸੂਬਾ ਪਿਸ਼ਾਵਰ ਜਿੱਤ ਕੇ ਆਪਣੇ ਰਾਜ ਵਿਚ ਮਿਲਾ ਕੇ ਯਾਰ ਮੁਹੰਮਦ ਅਜੀਮ ਖਾਨ ਕੋਲੋਂ ਇਕ ਸਾਲ ਦਾ ਇਕ ਲੱਖ ਰੁਪਿਆ ਲੈਣਾ ਕਰਕੇ ਉਸ ਨੂੰ ਹੀ ਪਿਸ਼ਾਵਰ ਦਾ ਸੂਬੇਦਾਰ ਰਹਿਣ ਦਿੱਤਾ। ਅਜੀਮ ਖਾਨ ਨੇ ਸਾਲ 1822 ਦਾ ਮਾਮਲਾ ਨਹੀਂ ਸੀ ਭੇਜਿਆ। ਮਹਾਰਾਜੇ ਨੇ ਆਪਣੇ ਵਜ਼ੀਰ ਫਕੀਰ ਅਜੀਜ਼ ਖਾਂ ਨੂੰ ਫੌਜ ਦੇ ਕੇ ਮਾਮਲਾ ਲੈਣ ਲਈ ਸੂਬੇਦਾਰ ਯਾਰ ਮੁਹੰਮਦ ਅਜੀਮ ਖਾਨ ਕੋਲ ਪਿਸ਼ਾਵਰ ਭੇਜਿਆ।

ਯਾਰ ਮੁਹੰਮਦ ਅਜੀਮ ਖਾਨ ਨੇ ਫਕੀਰ ਅਜੀਜ਼ ਖਾਂ ਨੂੰ ਦੋ ਕੀਮਤੀ ਘੋੜੇ ਦੇ ਦਿੱਤੇ ਅਤੇ ਫਕੀਰ ਅਜੀਜ਼ ਖਾਂ ਕੋਲ ਪਿਸ਼ਾਵਰ ਨੂੰ ਆਜ਼ਾਦ ਕਰਾਉਣ ਦਾ ਮਤਾ ਪੇਸ਼ ਕਰ ਦਿੱਤਾ, ਜਿਸ ਕਾਰਨ ਫਕੀਰ ਅਜੀਜ਼ ਖਾਂ ਅਤੇ ਯਾਰ ਮੁਹੰਮਦ ਅਜੀਮ ਖਾਨ ਦਾ ਆਪੋ ਵਿਚ ਤਕਰਾਰ ਹੋ ਗਿਆ। ਫਕੀਰ ਅਜੀਜ਼ ਖਾਂ ਤੋਂ ਡਰਦਾ ਯਾਰ ਮੁਹੰਮਦ ਅਜੀਮ ਖਾਨ ਪਿਸ਼ਵਰ ਛੱਡ ਕੇ ਯੂਸਫਜ਼ੋਈ ਪਹਾੜ ‘ਤੇ ਚਲਾ ਗਿਆ। ਫਕੀਰ ਅਜੀਜ਼ ਖਾਂ ਫੌਜ ਅਤੇ ਦੋਵੇਂ ਘੋੜੇ ਲੈ ਕੇ ਲਾਹੌਰ ਆ ਗਿਆ ਤੇ ਘੋੜੇ ਮਹਾਰਾਜੇ ਦੇ ਪੇਸ਼ ਕਰ ਕੇ ਪਿਸ਼ਾਵਰ ਦਾ ਹਾਲ ਦਸਿਆ।
ਯਾਰ ਮੁਹੰਮਦ ਅਜੀਮ ਖਾਨ ਨੇ 27 ਜਨਵਰੀ 1823 ਨੂੰ ਪਿਸ਼ਾਵਰ ਜਾ ਕੇ ਇਸ਼ਤਿਹਾਰ ਕੰਧਾਂ ਉਤੇ ਚਿਪਕਾ ਦਿੱਤੇ, ਜਿਨ੍ਹਾਂ ਵਿਚ ਉਸ ਨੇ ਲੋਕਾਂ ਨੂੰ ਆਖਿਆ, “ਕਾਫਰ ਸਿੱਖਾਂ ਨੇ ਇਸਲਾਮੀ ਸਲਤਨਤ ਦਾ ਬਹੁਤ ਸਾਰਾ ਹਿੱਸਾ ਜਿੱਤ ਲਿਆ ਹੈ, ਇਸ ਨੂੰ ਸਿੱਖਾਂ ਤੋਂ ਛਡਾਉਣਾ ਸਾਡਾ ਫਰਜ਼ ਬਣਦਾ ਹੈ, ਸਾਡੀ ਲੜਾਈ ਮਜਹਬ ਦੀ ਹੈ, ਇਸ ਵਾਸਤੇ ਹਰ ਮੁਸਲਮਾਨ ਨੂੰ ਜਹਾਦ ਵਾਸਤੇ ਸਾਡੇ ਝੰਡੇ ਹੇਠ ਆ ਜਾਣਾ ਚਾਹੀਦਾ ਹੈ।”
ਇਸ਼ਤਿਹਾਰ ਵੇਖ ਕੇ ਹਜ਼ਾਰਾਂ ਪਠਾਣ ਆਪਣੇ ਮਜਹਬ ਵਾਸਤੇ ਲੜਨ ਮਰਨ ਲਈ ਯਾਰ ਮੁਹੰਮਦ ਅਜੀਮ ਖਾਨ ਕੋਲ ਪਿਸ਼ਾਵਰ ਇਕੱਠੇ ਹੋ ਗਏ।
ਕਿਲ੍ਹਾ ਜਹਾਂਗੀਰਾਂ ਦੀ ਜਿੱਤ: ਇਹ ਖਬਰ ਮਹਾਰਾਜਾ ਰਣਜੀਤ ਸਿੰਘ ਨੂੰ ਪਹੁੰਚ ਗਈ ਅਤੇ ਮਹਾਰਾਜੇ ਨੇ ਸਾਹਿਬਜ਼ਾਦਾ ਸ਼ੇਰ ਸਿੰਘ ਨੂੰ ਫੌਜ ਦੇ ਕੇ ਪਿਸ਼ਾਵਰ ਭੇਜ ਦਿੱਤਾ। ਸਾਹਿਬਜ਼ਾਦਾ ਸ਼ੇਰ ਸਿੰਘ ਦੇ ਜਾਣ ਪਿਛੋਂ ਮਹਾਰਾਜੇ ਨੇ ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਅਤਰ ਸਿੰਘ, ਸਰਦਾਰ ਧੰਨਾ ਸਿੰਘ ਆਦਿ ਜਰਨੈਲਾਂ ਨੂੰ ਵੀ ਫੌਜ ਦੇ ਕੇ ਸਾਹਿਬਜ਼ਾਦਾ ਸ਼ੇਰ ਸਿੰਘ ਦੀ ਮਦਦ ਲਈ ਰਵਾਨਾ ਕਰ ਦਿੱਤਾ। ਖਾਲਸਾ ਫੌਜ ਨੇ ਦਰਿਆ ਅਟਕ ਪਾਰ ਕਰਕੇ ਜਹਾਂਗੀਰਾਂ ਕਿਲੇ ਦੁਆਲੇ ਘੇਰਾ ਪਾ ਲਿਆ। ਸਿੰਘਾਂ ਦੀ ਪਠਾਣਾਂ ਨਾਲ ਘਮਸਾਣ ਦੀ ਲੜਾਈ ਹੋਈ, ਜਿਸ ਵਿਚ ਪਠਾਣ ਹਾਰ ਕੇ ਦੌੜ ਗਏ।
ਯਾਰ ਮੁਹੰਮਦ ਅਜੀਮ ਖਾਨ ਨੇ ਬੋਨੇਰ, ਸਵਾਤ, ਖਟਕ ਆਦਿ ਅਸਥਾਨਾਂ ਦੇ ਪਠਾਣਾਂ ਨੂੰ ਪ੍ਰੇਰਣਾ ਦਿੱਤੀ। ਆਪਣੇ ਮਜਹਬ ਲਈ ਸ਼ਹੀਦ ਹੋਣ ਲਈ ਵੱਡੀ ਗਿਣਤੀ ਵਿਚ ਪਠਾਣ ਇਕੱਠੇ ਹੋ ਗਏ। ਕਾਜ਼ੀਆਂ ਨੇ ਵੀ ਜਹਾਦ ਦਾ ਫਤਵਾ ਦੇ ਦਿੱਤਾ। ਬਹੁਤ ਸਾਰੇ ਜਹਾਦੀ ਪਠਾਣ ਇਕੱਠੇ ਹੋ ਕੇ ਪਿਸ਼ਾਵਰ ਵਿਚ ਯਾਰ ਮੁਹੰਮਦ ਅਜੀਮ ਖਾਨ ਦੀ ਫੌਜ ਨਾਲ ਆ ਮਿਲੇ। ਆਪਣੀ ਫੌਜ ਅਤੇ ਜਹਾਦੀਆਂ ਨੂੰ ਨਾਲ ਲੈ ਕੇ ਯਾਰ ਮੁਹੰਮਦ ਅਜੀਮ ਖਾਨ ਨੇ ਜਹਾਂਗੀਰਾਂ ਕਿਲੇ ਵਲ ਜਾਣ ਲਈ ਕੂਚ ਕਰ ਦਿੱਤਾ।
ਦਰਿਆ ਅਟਕ ਦਾ ਮਹਾਰਾਜੇ ਨੂੰ ਰਾਹ ਦੇਣਾ: ਜਿਸ ਸਮੇਂ ਇਹ ਖਬਰ ਲਾਹੌਰ ਪਹੁੰਚੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਰਾਵੀ ਪਾਰ ਕਰਕੇ ਸ਼ਾਹਦਰੇ ਜਾ ਕੇ ਫੌਜ ਦੀ ਗਿਣਤੀ ਕੀਤੀ। ਪਹਿਲਾਂ ਸਾਹਿਬਜ਼ਾਦਾ ਖੜਗ ਸਿੰਘ ਅਤੇ ਮਿਸਰ ਦੀਵਾਨ ਚੰਦ ਨੂੰ ਫੌਜ ਦੇ ਕੇ ਪਿਸ਼ਾਵਰ ਭੇਜਿਆ। ਫਿਰ ਮਹਾਰਾਜਾ ਆਪ ਫੌਜ ਲੈ ਕੇ 13 ਮਾਰਚ 1823 ਨੂੰ ਦਰਿਆ ਅਟਕ ਦੇ ਕੰਢੇ ਪਹੁੰਚ ਗਿਆ। ਉਸ ਸਮੇਂ ਦਰਿਆ ਅਟਕ ਵਿਚ ਹੜ੍ਹ ਆਇਆ ਹੋਇਆ ਸੀ, ਬੇੜੀ ਨਹੀਂ ਸੀ ਠਿੱਲ੍ਹ ਸਕਦੀ ਅਤੇ ਕੋਈ ਵੀ ਮਲਾਹ ਆਪਣੀ ਬੇੜੀ ਦਰਿਆ ਵਿਚ ਠਿੱਲ੍ਹਣ ਲਈ ਤਿਆਰ ਨਹੀਂ ਸੀ, ਪਰ ਜਾਣਾ ਬੜਾ ਹੀ ਜਰੂਰੀ ਸੀ। ਮਹਾਰਾਜੇ ਨੇ ਤੋਪਾਂ ਹਾਥੀਆਂ ਉਤੇ ਲੱਦ ਕੇ ਦਰਿਆ ਪਾਰ ਕਰਵਾ ਦਿੱਤੀਆਂ।
ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਅਟਕ ਦੇ ਕੰਡੇ ਖੜੇ ਹੋ ਕੇ ਗਲ ਵਿਚ ਹਜੂਰੀਆ ਪਾ ਕੇ ਅਰਦਾਸਾ ਸੋਧਿਆ ਅਤੇ ਘੋੜੇ ਉਤੇ ਸਵਾਰ ਹੋ ਕੇ ਘੋੜੇ ਨੂੰ ਅੱਡੀ ਲਾ ਕੇ ਦਰਿਆ ਪਾਰ ਕਰ ਗਿਆ। ਮਹਾਰਾਜੇ ਦੇ ਪਿਛੇ ਕਰੀਬ ਸਾਰੀ ਫੌਜ ਦਰਿਆ ਪਾਰ ਕਰ ਗਈ। ਇੰਨੇ ਸਮੇਂ ਤੱਕ ਦਰਿਆ ਵਿਚ ਪਾਣੀ ਘਟ ਕੇ ਆਦਮੀ ਦੇ ਗੋਡੇ ਗੋਡੇ ਹੋ ਗਿਆ।
ਕਈ ਫੌਜੀਆਂ ਨੇ ਮਹਾਰਾਜੇ ਨੂੰ ਦਰਿਆ ਵਿਚ ਜਾਣ ਤੋਂ ਰੋਕਿਆ ਸੀ, ਪਰ ਮਹਾਰਾਜੇ ਦੇ ਦਰਿਆ ਪਾਰ ਕਰਨ ਪਿਛੋਂ ਇਹ ਫੌਜੀ ਵੀ ਦਰਿਆ ਵਿਚ ਚਲੇ ਗਏ। ਦਰਿਆ ਵਿਚ ਹੜ੍ਹ ਆ ਗਿਆ ਅਤੇ ਕੋਈ 500 ਫੌਜੀ ਦਰਿਆ ਵਿਚ ਰੁੜ੍ਹ ਗਏ।
ਫਕੀਰ ਅਜੀਜ਼ ਖਾਂ ਵੀ ਉਸ ਸਮੇਂ ਮਹਾਰਾਜੇ ਦੇ ਨਾਲ ਸੀ। ਉਸ ਨੇ ਆਪਣੀ ਕਾਪੀ ਵਿਚ ਇਸ ਘਟਨਾ ਨੂੰ ‘ਅੱਖੀਂ ਡਿੱਠਾ’ ਇਸ ਤਰ੍ਹਾਂ ਲਿਖਿਆ ਹੈ, “ਇਹ ਘਟਨਾ ਮਹਾਰਾਜੇ ਦੇ ਇਕਬਾਲ ਅਤੇ ਵਾਹਿਗੁਰੂ ਦੀ ਮਦਦ ਦੇ ਅਚੰਭੇ ਦੀ ਗੱਲ ਸੀ, ਕਿਉਂਕਿ ਉਹ ਦਰਿਆ ਅਟਕ, ਜਿਸ ਵਿਚ ਬੇੜੀ ਵਿਚ ਬੈਠ ਕੇ ਵੀ ਪਾਰ ਜਾਣ ਵਾਲਿਆਂ ਦੇ ਕਾਲਜੇ ਡੋਲ ਜਾਂਦੇ ਹਨ, ਫਿਰ ਉਸ ਵੇਲੇ ਜਦ ਹੜ੍ਹ ਆ ਜਾਣ ਸਮੇਂ ਦਰਿਆ ਜੋਰਾਂ ‘ਤੇ ਹੋਵੇ, ਪੈਦਲ ਪਾਰ ਕਰਨਾ ਵਾਹਿਗੁਰੂ ਦਾ ਚੋਜ ਅਤੇ ਮਹਾਰਾਜੇ ਦਾ ਇਕਬਾਲ ਹੈ।”
ਇਕ ਸਿਪਾਹੀ ਦੀ ਭੇਡ ਦੇ ਗਲੇ ਵਿਚ ਘਿਓ ਦੀ ਕੁੱਪੀ ਬੱਧੀ ਹੋਈ ਸੀ, ਉਹ ਵੀ ਦਰਿਆ ਪਾਰ ਕਰ ਗਈ। ਮਹਾਰਾਜੇ ਦੀ ਨਜ਼ਰ ਉਸ ਭੇਡ ‘ਤੇ ਪੈ ਗਈ। ਮਹਾਰਾਜੇ ਨੇ ਭੇਡ ਦਾ ਹਰ ਰੋਜ ਦਾ ਖਰਚਾ ਬੰਨ ਦਿੱਤਾ।
ਆਪਣੇ ਕੋਲ ਬਹੁਤ ਸਾਰੇ ਲੋਕ ਇਕੱਠੇ ਹੋਣ ਕਾਰਨ ਯਾਰ ਮੁਹੰਮਦ ਅਜੀਮ ਖਾਨ ਨੇ ਸਿੰਘਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ, ਪਰ ਹਾਰ ਗਿਆ ਅਤੇ ਮਹਾਰਾਜੇ ਦੀ ਜਿੱਤ ਹੋ ਗਈ। ਅਗਲੇ ਦਿਨ 17 ਮਾਰਚ 1823 ਨੂੰ ਮਹਾਰਾਜੇ ਨੇ ਹਸਤ ਨਗਰ ‘ਤੇ ਕਬਜਾ ਕਰ ਲਿਆ ਅਤੇ ਉਹ ਪਿਸ਼ਾਵਰ ਵਿਚ ਦਾਖਲ ਹੋ ਗਿਆ। ਸਿੰਘਾਂ ਦਾ ਲਸ਼ਕਰ ਖੈਬਰ ਤੱਕ ਫੈਲ ਗਿਆ। ਮਹਾਰਾਜੇ ਨੇ ਹੁਕਮ ਦਿੱਤਾ ਕਿ ਪਿਸ਼ਾਵਰ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ।
ਯਾਰ ਮੁਹੰਮਦ ਅਜੀਮ ਖਾਨ ਨੇ ਮਹਾਰਾਜੇ ਨੂੰ 5 ਘੋੜੇ ਦੇ ਦਿੱਤੇ। ਇਨ੍ਹਾਂ ਵਿਚ ਗੋਹਰਬਾਦ ਇਕ ਬੜਾ ਹੀ ਮਸ਼ਹੂਰ ਘੋੜਾ ਸੀ ਅਤੇ ਇਸ ਦੀ ਤਾਰੀਫ ਸੁਣ ਕੇ ਮਹਾਰਾਜਾ ਇਸ ਘੋੜੇ ਨੁੰ ਪ੍ਰਾਪਤ ਕਰਨਾ ਚਾਹੁੰਦਾ ਸੀ। ਇਹ ਘੋੜਾ ਪ੍ਰਾਪਤ ਕਰਕੇ ਮਹਾਰਾਜਾ ਬੜਾ ਪ੍ਰਸੰਨ ਹੋਇਆ। ਯਾਰ ਮੁਹੰਮਦ ਅਜ਼ੀਮ ਖਾਨ ਤੋਂ ਸਵਾ ਲੱਖ ਰਪਿਆ ਲੈਣਾ ਕਰਕੇ ਪਿਸ਼ਾਵਰ ਦੀ ਸੂਬੇਦਾਰੀ ਫਿਰ ਉਸ ਦੇ ਹਵਾਲੇ ਕਰ ਦਿੱਤੀ। ਬਿਨਾ ਸ਼ੱਕ ਮਹਾਰਾਜਾ ਰਣਜੀਤ ਸਿੰਘ ਆਪਣੇ ਵੈਰੀਆਂ ਦਾ ਵੀ ਦਿਲ ਜਿੱਤ ਲੈਂਦਾ ਸੀ।
26 ਅਪਰੈਲ 1823 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਆ ਕੇ ਜਿੱਤ ਦੀ ਖੁਸ਼ੀ ਵਿਚ 25 ਹਜਾਰ ਰੁਪਿਆ ਸ੍ਰੀ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਜਾ ਕੇ ਭੇਟ ਕੀਤਾ ਅਤੇ ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ ਕਿ ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਦੀਵਾਰ ਬਣਾਈ ਜਾਏ। ਇਸ ਕਾਰਜ ਲਈ ਮਹਾਰਾਜੇ ਨੇ 1,000 ਰੁਪਿਆ ਸ਼ ਫਤਿਹ ਸਿੰਘ ਆਹਲੂਵਾਲੀਏ ਨੂੰ ਦਿੱਤਾ। ਹੋਰ ਸਰਦਾਰਾਂ ਨੇ ਵੀ ਫਤਿਹ ਸਿੰਘ ਨੂੰ ਪੈਸੇ ਦਿੱਤੇ ਅਤੇ 4 ਮਹੀਨੇ ਮਹਾਰਾਜਾ ਸ੍ਰੀ ਅੰਮ੍ਰਿਤਸਰ ਹੀ ਰਿਹਾ।
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ, ਪਹਾੜੀ ਰਾਜੇ, ਜੰਮੂ, ਕਸ਼ਮੀਰ, ਲੱਦਾਖ ਅਤੇ ਪਿਸ਼ਾਵਰ ਜਿੱਤ ਕੇ ਬੜਾ ਵੱਡਾ ਰਾਜ ਸਥਾਪਤ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ (27 ਜੂਨ 1839) ਪਿਛੋਂ ਇਹ ਰਾਜ ਬਹੁਤਾ ਚਿਰ ਨਾ ਰਿਹਾ। ਅੰਗਰੇਜਾਂ ਨੇ 17 ਦਸੰਬਰ 1845 ਤੋਂ 21 ਫਰਵਰੀ 1849 ਤੱਕ ਅੰਗਰੇਜ਼ੀ ਫੌਜ ਅਤੇ ਹਿੰਦੂ ਰਾਜਿਆਂ ਦੀਆਂ ਫੌਜਾਂ ਨਾਲ ਖਾਲਸਾ ਰਾਜ ਉਤੇ 5 ਹਮਲੇ ਕੀਤੇ। ਨਮਕ ਹਰਾਮੀ ਡੋਗਰੇ ਧਿਆਨ ਸਿੰਘ, ਗੁਲਾਬ ਸਿੰਘ ਅਤੇ ਜਰਨੈਲ ਤੇਜਾ ਸਿੰਘ ਤੇ ਲਾਲ ਸਿੰਘ ਦੀ ਗੱਦਾਰੀ ਕਾਰਨ ਸਿੰਘ ਹਾਰ ਗਏ ਅਤੇ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ। ਸ਼ਾਹ ਮੁਹੰਮਦ ਇਸ ਬਾਰੇ ਲਿਖਦਾ ਹੈ,
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ।
ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਘੋੜੇ ਆਦਮੀ ਗੋਲਿਆਂ ਨਾਲ ਉਡਣ
ਹਾਥੀ ਢਹਿੰਦੇ ਸਣੇ ਅੰਬਸਾਰੀਆਂ ਨੇ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਇਸ ਗੱਦਾਰੀ ਕਾਰਨ ਅੰਗਰੇਜ਼ਾਂ ਨੇ ਗੁਲਾਬ ਸਿੰਘ ਨੂੰ ਜੰਮੂ ਅਤੇ ਕਸ਼ਮੀਰ ਦਾ ਰਾਜ ਭਾਗ ਦੇ ਦਿੱਤਾ।
ਪ੍ਰਿਥਵੀ ਰਾਜ ਚੌਹਾਨ ਦਾ ਦਿੱਲੀ, ਰਾਜਪੂਤਾਨਾ, ਪੰਜਾਬ ਅਤੇ ਕਸ਼ਮੀਰ ਤੱਕ ਰਾਜ ਫੈਲਿਆ ਹੋਇਆ ਸੀ। ਪ੍ਰਿਥਵੀ ਰਾਜ ਚੌਹਾਨ ਦੀ ਫੌਜ ਵਿਚ 3,000 ਹਾਥੀ ਅਤੇ 3,00,000 ਘੋੜ ਸਵਾਰ ਸਨ। ਕੰਧਾਰ ਦੇ ਬਾਦਸ਼ਾਹ ਮੁਹੰਮਦ ਗੌਰੀ ਦਾ ਰਾਜ ਵੀ ਇਰਾਨ, ਕੰਧਾਰ, ਤਾਜਿਕਸਤਾਨ ਅਤੇ ਤੁਰਕਮੇਨਿਸਤਾਨ ਤੱਕ ਫੈਲਿਆ ਹੋਇਆ ਸੀ। ਮੁਹੰਮਦ ਗੌਰੀ ਨੇ 1192 ਈ: ਵਿਚ 1,20,000 ਘੋੜ ਸਵਾਰਾਂ ਨਾਲ ਪ੍ਰਿਥਵੀ ਰਾਜ ‘ਤੇ ਹਮਲਾ ਕਰ ਦਿੱਤਾ। ਇਹ ਲੜਾਈ ਤਰਾਇਨ (ਹਰਿਆਣਾ) ਦੇ ਮੈਦਾਨ ਵਿਚ ਲੜੀ ਗਈ। ਇਸ ਲੜਾਈ ਵਿਚ ਪ੍ਰਿਥਵੀ ਰਾਜ ਚੌਹਾਨ ਮਾਰਿਆ ਗਿਆ ਅਤੇ ਮੁਹੰਮਦ ਗੌਰੀ ਜਿੱਤ ਗਿਆ। ਭਾਰਤ ਵਿਚੋਂ ਹਿੰਦੂਆਂ ਦਾ ਰਾਜ ਖਤਮ ਹੋ ਗਿਆ ਅਤੇ ਹਿੰਦੂ ਮੁਸਲਮਾਨਾਂ ਦੇ ਗੁਲਾਮ ਹੋ ਗਏ।
ਦਿੱਲੀ ਦੀ ਸੂਬੇਦਾਰੀ ਆਪਣੇ ਗੁਲਾਮ ਕੁਤਬ ਦੀਨ ਐਬਕ ਨੂੰ ਦੇ ਕੇ ਬਾਦਸ਼ਾਹ ਮੁਹੰਮਦ ਗੌਰੀ ਕਾਬਲ ਚਲਾ ਗਿਆ। ਦੋ ਸਾਲ ਬਾਅਦ ਜੈ ਪਾਲ ਨੂੰ ਮਾਰ ਕੇ ਉਸ ਦਾ ਰਾਜ ਵੀ ਆਪਣੇ ਅਧੀਨ ਕਰ ਲਿਆ। 12 ਫਰਵਰੀ 1206 ਨੂੰ ਕਿਸੇ ਵਿਅਕਤੀ (ਹੋ ਸਕਦਾ ਹੈ ਹਿੰਦੂ) ਨੇ ਸਵਾਤ ਵਿਚ ਮੁਹੰਮਦ ਗੋਰੀ ਦਾ ਕਤਲ ਕਰ ਦਿੱਤਾ। ਇਹ ਵੀ ਧਾਰਨਾ ਹੈ ਕਿ ਮੁਹੰਮਦ ਗੌਰੀ ਦੀ ਮੌਤ ਬੁਖਾਰ ਚੜ੍ਹਨ ਕਾਰਨ ਸਵਾਤ ਵਿਚ ਹੋਈ ਸੀ।
ਭਾਰਤ ਦੇ ਹਿੰਦੂ ਰਾਜਿਆਂ, ਮੁਸਲਮਾਨ ਅਤੇ ਮੁਗਲ ਬਾਦਸ਼ਾਹਾਂ ਉਤੇ ਵੀ ਅਫਗਾਨਿਸਤਾਨ ਦੇ ਮੁਸਲਮਾਨ ਅਤੇ ਪਠਾਣ ਬਾਦਸ਼ਾਹ ਹਮਲੇ ਕਰਕੇ ਲੁੱਟ ਮਾਰ ਕਰਦੇ ਹੀ ਰਹਿੰਦੇ ਸਨ। ਭਾਰਤ ਦੇ ਕਿਸੇ ਵੀ ਹਿੰਦੂ ਰਾਜੇ, ਮੁਸਲਮਾਨ ਜਾਂ ਮੁਗਲ ਬਾਦਸ਼ਾਹ ਨੇ ਕਦੇ ਵੀ ਅਫਗਾਨਿਸਤਾਨ ‘ਤੇ ਹਮਲਾ ਕਰਨ ਦੀ ਜੁਰਅਤ ਨਹੀਂ ਸੀ ਕੀਤੀ।
ਇਹ ਪਹਿਲੀ ਵਾਰੀ ਹੀ ਹੋਇਆ, ਪੰਜਾਬ ਵਿਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਿਰਫ ਅਫਗਾਨਿਸਤਾਨ ‘ਤੇ ਹਮਲੇ ਹੀ ਕੀਤੇ, ਸਗੋਂ ਅਫਗਾਨਿਸਤਾਨ ਦੇ ਬਹੁਤ ਵੱਡੇ ਹਿੱਸੇ ਉਤੇ ਰਾਜ ਵੀ ਕੀਤਾ।