ਪ੍ਰਿਅੰਕਾ ਚੋਪੜਾ ਨੂੰ ਖਤਰਿਆਂ ਨਾਲ ਖੇਡਣ ਦੀ ਆਦਤ ਹੈ। ਇਹ ਵੱਖਰੀ ਗੱਲ ਹੈ ਕਿ ਅੱਜਕਲ੍ਹ ਦੀ ਸੰਨੀ ਲਿਓਨ ਉਸ ਨੂੰ ਪਛਾੜਦੀ ਨਜ਼ਰ ਆ ਰਹੀ ਹੈ। ‘ਸ਼ੂਟ ਆਊਟ ਐਟ ਵਡਾਲਾ’ ਫ਼ਿਲਮ ਵਿਚ ਪ੍ਰਿਅੰਕਾ ਦਾ ਆਈਟਮ ਗੀਤ ਹੈ ਪਰ ਪਹਿਲੀ ਵਾਰ ਆਈਟਮ ਨੰਬਰ ਕਰਨ ਵਾਲੀ ਪ੍ਰਿਅੰਕਾ ਨੂੰ ਇਸੇ ਫ਼ਿਲਮ ਵਿਚ ਸੰਨੀ ਨੇ ਨਿੱਕੀ ਜਿਹੀ ਭੂਮਿਕਾ ਨਾਲ ਵਖਤ ਪਾ ਦਿੱਤਾ ਹੈ। ਪ੍ਰਿਅੰਕਾ ਨੂੰ ‘ਸ਼ੂਟ ਆਊਟ ਐਟ ਵਡਾਲਾ’ ਦੇ ਹਰ ਸਮਾਰੋਹ ‘ਤੇ ਸੰਨੀ ਨਾਲੋਂ ਘੱਟ ਮੌਕਾ ਦਿੱਤਾ ਗਿਆ ਹੈ। ਇਸ ਨਾਲ ਇਹ ਪਤਾ ਲੱਗ ਗਿਆ ਹੈ ਕਿ ਪ੍ਰਿਅੰਕਾ ਲਈ ਆਉਣ ਵਾਲੇ ਦਿਨ ਔਖੇ ਹਨ; ਹਾਲਾਂਕਿ ਕਈ ਖਤਰੇ ਪ੍ਰਿਅੰਕਾ ਲਈ ਚੰਗੇ ਸਾਬਤ ਹੋਏ ਹਨ। ‘ਸਾਤ ਖੂਨ ਮੁਆਫ਼’, ‘ਫੈਸ਼ਨ’, ‘ਬਰਫ਼ੀ’ ਵਿਚ ਲਏ ਖਤਰੇ ਪ੍ਰਿਅੰਕਾ ਨੂੰ ਰਾਸ ਆਏ ਸਨ। ਉਹ ਚਾਹੁੰਦੀ ਹੈ ਕਿ ਔਰਤ ਪ੍ਰਧਾਨ ਫ਼ਿਲਮਾਂ ਜ਼ਿਆਦਾ ਬਣਨ। ‘ਜ਼ੰਜੀਰ’ ਲਈ ਪ੍ਰਿਅੰਕਾ ਨੇ ਪੂਰਾ ਜ਼ੋਰ ਲਾ ਦਿੱਤਾ ਹੈ। ਪ੍ਰਿਅੰਕਾ ਦੀ ‘ਫੈਸ਼ਨ’ ਨੇ ਹੀ ਨਾਰੀ ਪ੍ਰਧਾਨ ਫ਼ਿਲਮਾਂ ਨੂੰ ਉਤਸ਼ਾਹਤ ਕੀਤਾ ਸੀ। ਹੁਣ ਸੰਨੀ ਲਿਓਨ ਨਾਲ ਵੀ ਉਹ ਅਭਿਨੈ ਨਾਲ ਹੀ ਨਜਿੱਠ ਲਵੇਗੀ। ਕਿਤੇ ਕਿਤੇ ਅੱਖੋਂ-ਪਰੋਖੇ ਹੋਣ ਦੇ ਮੌਕੇ ਨੂੰ ਉਸ ਨੇ ਦਿਲ ਨਾਲ ਨਹੀਂ ਲਾਇਆ। ਚੁਣੌਤੀਆਂ ਦਾ ਸਾਹਮਣਾ ਕਰਨਾ ਉਸ ਨੂੰ ਆਉਂਦਾ ਹੈ।
_____________________
ਕਰੀਨਾ ਨੂੰ ਸ਼ੋਸ਼ੇਬਾਜ਼ੀ ਤੋਂ ਨਫਰਤ
ਬਬੀਤਾ ਤੇ ਰਣਬੀਰ ਕਪੂਰ ਦੀ ਬੇਟੀ ਤੇ ਸੈਫ਼ ਅਲੀ ਖਾਨ ਦੀ ਨਵੀਂ ਬੇਗਮ ਕਰੀਨਾ ਕਪੂਰ ਦਾ ਸੁਭਾਅ ਆਮ ਜਿਹਾ ਹੈ ਤੇ ਉਹ ਸ਼ੋਸ਼ੇਬਾਜ਼ੀ ਤੋਂ ਦੂਰ ਰਹਿਣਾ ਹੀ ਠੀਕ ਸਮਝਦੀ ਹੈ। ਦੂਸਰੀਆਂ ਹੀਰੋਇਨਾਂ ਦੀ ਤਰ੍ਹਾਂ ਵਾਧੂ ਦਾ ਬਾਡੀਗਾਰਡ ਉਸ ਨੇ ਨਹੀਂ ਰੱਖਿਆ ਕਿਉਂਕਿ ਕਰੀਨਾ ਨੂੰ ਮੁੰਬਈ ਸਭ ਤੋਂ ਸ਼ਾਂਤ ਸ਼ਹਿਰ ਲੱਗਦਾ ਹੈ। ਦਰਅਸਲ ਨਿੱਕੀ ਹੁੰਦੀ ਹੀ ਕਰੀਨਾ ਲਾਡਾਂ ਨਾਲ ਪਲੀ ਹੈ। ਉਸ ਨੂੰ ਇਕ ਵਾਰ ਬੱਸ ਦਾ ਸਫ਼ਰ ਕਰਨਾ ਪਿਆ ਸੀ ਤਾਂ ਉਸ ਦਾ ਮਿਹਦਾ ਹੀ ਖਰਾਬ ਹੋ ਗਿਆ। ਮਾਂ-ਪਿਉ ਨੇ ਇਸੇ ਕਰਕੇ ਬਚਪਨ ਤੋਂ ਹੀ ਬੇਬੋ ਨੂੰ ਮਹਿੰਗੀਆਂ ਕਾਰਾਂ ਦੀ ਸਵਾਰੀ ਕਰਵਾ ਦਿੱਤੀ। ਕਰੀਨਾ ਨੂੰ ਆਪਣੇ ਦੇਸ਼ ਦੀ ਇਕੋ ਗੱਲ ਠੀਕ ਨਹੀਂ ਲਗਦੀ ਕਿ ਇੱਥੇ ਸੋਹਣੀ ਕੁੜੀ ਨੂੰ ਲੋਕ ਇਉਂ ਦੇਖਦੇ ਨੇ ਜਿਵੇਂ ਖਾ ਹੀ ਜਾਣਾ ਹੋਵੇ। ਸ਼ਾਇਦ ਲੰਦਨ ਉਸ ਨੂੰ ਸਭ ਤੋਂ ਵੱਧ ਪਿਆਰਾ ਹੈ। ਲੰਦਨ ਵਿਚ ਜ਼ਿੰਦਗੀ ਏਕਾਂਤ ਤੇ ਸ਼ਾਂਤ ਰਹਿੰਦੀ ਹੈ। ਵਿਦੇਸ਼ ਸ਼ੂਟਿੰਗ ਲਈ ਕਰੀਨਾ ਖਾਸ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੰਦੀ ਹੈ। ਉਥੋਂ ਦੇ ਵਾਤਾਵਰਨ, ਰਹਿਣ ਦੀ ਥਾਂ ਤੇ ਹੋਰ ਸਭ ਕੁਝ ਬਾਰੇ ਜਾਣਕਾਰੀ ਪਹਿਲਾਂ ਹੀ ਲੈ ਲੈਂਦੀ ਹੈ। ਕਰੀਨਾ ਹੁਣ ਅਮਿਤਾਬ ਬੱਚਨ ਨਾਲ ਪ੍ਰਕਾਸ਼ ਝਾਅ ਦੀ ‘ਸੱਤਿਆਗ੍ਰਹਿ’ ਵਿਚ ਕੰਮ ਕਰ ਰਹੀ ਹੈ। ਇਸ ਫਿਲਮ ਤੋਂ ਉਸ ਨੂੰ ਬਹੁਤ ਆਸਾਂ ਹਨ।
Leave a Reply