ਸੁਰਿੰਦਰ ਸੋਹਲ
ਕਿਸੇ ਜ਼ਮਾਨੇ ‘ਚ ਕੈਲੀਫੋਰਨੀਆ ਰਹੀ ਤੇ ਹੁਣ ਕੈਨੇਡਾ ਵਸਦੀ ਲੇਖਿਕਾ ਸੁਰਜੀਤ ਨੂੰ ਪਹਿਲਾਂ ਮੈਂ ਸਿਰਫ ਕਵਿੱਤਰੀ ਦੇ ਤੌਰ ‘ਤੇ ਹੀ ਜਾਣਦਾ ਸਾਂ। ਮਗਰੋਂ ਉਸ ਦੀ ਕਾਵਿ-ਮਈ ਵਾਰਤਕ ਪੜ੍ਹ ਕੇ ਮੇਰੇ ਮਨ ‘ਚ ਉਸ ਦਾ ਅਕਸ ਵਧੀਆ ਵਾਰਤਕਕਾਰ ਦਾ ਬਣਿਆ। ਜਦੋਂ ‘ਉੱਤਰ ਅਮਰੀਕੀ ਪੰਜਾਬੀ ਕਹਾਣੀ’ ਦੀ ਸੰਪਾਦਨਾ ਵੇਲੇ ਸਹਿ-ਸੰਪਾਦਕ ਬਣਨ ਦਾ ਸਬਬ ਬਣਿਆ ਤਾਂ ਸੁਰਜੀਤ ਦੀਆਂ ਦੋ ਕਹਾਣੀਆਂ ‘ਪਾਰਲੇ ਪੁਲ’ ਅਤੇ ‘ਆਇਲਨ ਤੇ ਐਵਨ’ ਪੜ੍ਹਨ ਦਾ ਮੌਕਾ ਮਿਲਿਆ। ਇਉਂ ਉਸ ਦੀ ਪ੍ਰਤਿਭਾ ਕਹਾਣੀਕਾਰ ਵਜੋਂ ਰੂਪਮਾਨ ਹੋਈ। ਜਦੋਂ ਉਸ ਵਲੋਂ ਕੈਨੇਡਾ ‘ਚ ਕੀਤੀਆਂ ਜਾ ਰਹੀਆਂ ਸਫਲ ਸਾਹਿਤਕ ਤੇ ਸਮਾਜਕ ਸਰਗਰਮੀਆਂ ਦੀ ਟੋਹ ਮਿਲੀ ਤਾਂ ਉਸ ਦੀ ਸ਼ਖਸੀਅਤ ਦੀਆਂ ਹੋਰ ਗਹਿਰੀਆਂ ਤਹਿਆਂ ਖੁੱਲ੍ਹਣ ਲੱਗ ਪਈਆਂ।
‘ਪਾਰਲੇ ਪੁਲ’ ਉਸ ਦਾ ਪਹਿਲਾ ਕਹਾਣੀ ਸੰਗ੍ਰਿਹ ਹੈ। ਇਹ ਸੰਗ੍ਰਿਹ ਤਸਦੀਕ ਕਰ ਦਿੰਦਾ ਹੈ ਕਿ ਉਸ ਨੂੰ ਕਹਾਣੀ ਕਹਿਣ ਦੀ ਜਾਚ ਹੈ। ਪਾਤਰ ਸਿਰਜਣ ਦੀ ਕਲਾ ਤੋਂ ਭਲੀ ਭਾਂਤ ਵਾਕਿਫ ਹੈ। ਵਿਸ਼ੇ ਦਾ ਨਿਭਾਅ ਕਰਦੇ ਸਮੇਂ ਗਲਪੀ-ਸੁਹਜ ਪੈਦਾ ਕਰਨ ਵਾਸਤੇ ਕੀ ‘ਕਹਿਣਾ’ ਹੈ ਤੇ ਕੀ ‘ਛੱਡਣਾ’ ਹੈ, ਉਸ ਦੀ ਸੂਝ ਸੁਰਜੀਤ ਰੱਖਦੀ ਹੈ। ਇਸ਼ਾਰਿਆਂ, ਸੰਕੇਤਾਂ, ਚਿੰਨ੍ਹਾਂ ਨਾਲ ਬਿਰਤਾਂਤ ਨੂੰ ਗਹਿਰ-ਗੰਭੀਰ ਤੇ ਚਿੰਤਨ-ਮਈ ਬਣਾਉਣ ਵਿਚ ਉਹ ਕਸਰ ਬਾਕੀ ਨਹੀਂ ਛੱਡਦੀ।
‘ਪਾਰਲੇ ਪੁਲ’ ਦੀ ਪਹਿਲੀ ਕਹਾਣੀ ‘ਪਾਰਲੇ ਪੁਲ’ ਦਿਲ ਵਿੰਨ੍ਹਵੇਂ ਬਿੰਬਾਂ, ਚਿੰਨ੍ਹਾਂ, ਪ੍ਰਤੀਕਾਂ ਦੇ ਨਾਲ-ਨਾਲ ਦਰਦਨਾਕ ਤੇ ਖੌਫਨਾਕ ਹਵਾਲਿਆਂ ਨਾਲ ਭਰਪੂਰ ਹੀ ਨਹੀਂ, ਸਗੋਂ ਪਰੁੰਨੀ ਹੋਈ ਕਹਾਣੀ ਹੈ।
ਮੂਸਲੇਧਾਰ ਬਾਰਿਸ਼ ਵਿਚ ਪੁਲ ਕਿਨਾਰੇ ਉੱਗੇ ਝਾੜ-ਬੂਟਿਆਂ ‘ਚ ‘ਠੁਰ-ਠੁਰ’ ਕਰਦਾ ਤੇ ਕੰਬਦਾ ਕਤੂਰਾ ਇਉਂ ਜਾਪਣ ਲੱਗ ਪੈਂਦਾ ਹੈ, ਜਿਵੇਂ ਬੰਬਾਂ ਦੀ ਬਾਰਿਸ਼ ਵਿਚ ਖੌਫਜ਼ਦਾ ਹੋਇਆ ਆਮ ਬੰਦਾ।
ਮਨ ‘ਚ ਸਵਾਲ ਪੈਦਾ ਹੁੰਦੇ ਨੇ, ਆਮ ਬੰਦਾ ‘ਠੁਰ-ਠੁਰ’ ਕਿਉਂ ਕਰਦਾ ਹੈ, ‘ਕੰਬਦਾ’ ਕਿਉਂ ਹੈ? ਕੀ ਇਸ ਹਾਲਤ ‘ਚੋਂ ਨਿਕਲਣ ਦਾ ਕੋਈ ਰਾਹ ਨਹੀਂ ਬਚਿਆ? ਇਨ੍ਹਾਂ ਸਵਾਲਾਂ ਦੇ ਜਵਾਬ ਕਹਾਣੀ ‘ਚ ਨਿਹਿਤ ਹਨ। ਜਦੋਂ ਲੋਕ ਇਹ ਕਹੀ ਜਾਣ “ਮੈਂ ਕੌਣ ਹੁੰਦੀ ਹਾਂ ‘ਉਸ’ ਦੇ ਨਿਜ਼ਾਮ ਵਿਚ ਦਖਲ ਦੇਣ ਵਾਲੀ।” (ਪੰਨਾ 24) ਜਾਂ “ਮੈਂ ਵੀ ਬੜੀ ਉਦਾਸ ਹਾਂ, ਪਰ ਆਪਾਂ ਕਰ ਵੀ ਕੀ ਸਕਦੇ ਹਾਂ?” (ਪੰਨਾ 25), ਉਦੋਂ ਤੱਕ ਹਾਲਾਤ ਨੂੰ ਤਬਦੀਲ ਕਰਨਾ ਨਾਮੁਮਕਿਨ ਹੀ ਹੁੰਦਾ ਹੈ, ਪਰ ਜਦੋਂ ਅਸੀਂ ਨਿਜ਼ਾਮ ‘ਚ ਦਖਲ ਦੇਣ ਲੱਗ ਪਵਾਂਗੇ, ਕੁਝ ਕਰ ਸਕਣ ਲਈ ਕਦਮ ਪੁੱਟ ਲਵਾਂਗੇ ਤਾਂ ਦੁਨੀਆਂ ਹੋਰ ਦੀ ਹੋਰ ਹੀ ਹੋ ਜਾਏਗੀ। ਕਹਾਣੀ ਦੀ ਮੁੱਖ ਪਾਤਰ ਆਪਣੇ ਬਚਾਅ ਵਾਸਤੇ ਤਾਂ ‘ਰਾਊਂਡ ਅਬਾਊਟ’ ‘ਤੇ ਕਾਰ ਹੌਲੀ ਕਰ ਲੈਂਦੀ ਹੈ, ਪਰ ਮੌਤ ਕਿਨਾਰੇ ਪਏ ਕਤੂਰੇ ਨੂੰ ਬਚਾਉਣ ਲਈ ਹੀਲਾ ਨਹੀਂ ਕਰਦੀ, ਪਰ ਉਸੇ ਕਤੂਰੇ ਨੂੰ ਮਿਸਿਜ਼ ਰੰਧਾਵਾ ਦਾ ਬੇਟਾ ਸ਼ੌਨ ਦੇਖ ਲੈਂਦਾ ਹੈ ਤਾਂ ਚੁੱਕ ਲਿਆਉਂਦਾ ਹੈ। ਕਤੂਰਾ ਬਚ ਜਾਂਦਾ ਹੈ। ਸ਼ੌਨ ਦਾ ਕਤੂਰਾ ਚੁੱਕ ਲਿਆਉਣਾ ਕਹਾਣੀ ਦੀ ਮੁੱਖ ਪਾਤਰ ਨੂੰ ਇਕ ਰਾਸਤਾ ਦਿਖਾਉਂਦਾ ਹੈ। ਇਸ ਕਰ ਕੇ ਉਸ ਦੇ ਮਨ ਅੰਦਰ ਵਰ੍ਹ ਰਿਹਾ ਦਵੰਦ ਦਾ ‘ਮੀਂਹ’ ਰੁਕ ਜਾਂਦਾ ਹੈ ਤੇ ਖਿੱਚੋਤਾਣ ਦੇ ਬੱਦਲ ‘ਛਟ’ ਜਾਂਦੇ ਹਨ।
ਮਾਨਵਤਾ, ਧਰਮ ਤੇ ਸਿਆਸਤ ਦੇ ਹਵਾਲੇ ਨਾਲ ਇਸ ਕਹਾਣੀ ‘ਚ ਬਹੁਤ ਬਾਮਾਅਨੇ ਤੱਥ ਮੌਜੂਦ ਹਨ। ਧਰਮ ਦੀ ਵਰਤੋਂ ਜੇ ਭਲਾਈ ਲਈ ਕਰਨੀ ਹੋਵੇ ਤਾਂ ਕੁੱਤੇ ਸ਼ੇਰੂ ਵਰਗੇ ਬੇਜ਼ੁਬਾਨ ਜਾਨਵਰ ਲਈ ‘ਸੁਖਮਨੀ ਸਾਹਿਬ’ ਦਾ ਪਾਠ ਕਰ ਕੇ ਉਸ ਦੀ ਮੁਕਤੀ ਦੀ ਅਰਦਾਸ ਵੀ ਕੀਤੀ ਜਾ ਸਕਦੀ ਹੈ। ਇਹ ਕੁਦਰਤ ਦੇ ਹਰ ਜੀਅ ਅੰਦਰ ਇਕ ਜੋਤ ਨੂੰ ਦੇਖ ਸਕਦਾ ਹੈ। ਜੇ ਇਹੀ ਧਰਮ ਜਨੂੰਨ ਦੀ ਹੱਦ ਤੱਕ ਪਹੁੰਚ ਜਾਵੇ, ‘ਨਾਈਨ ਇਲੈਵਨ’ ਵਰਗੇ ਕਾਰੇ ਦਾ ਬਾਇਸ ਵੀ ਬਣ ਸਕਦਾ ਹੈ। ਇਸੇ ਮੁਆਸ਼ਰੇ ‘ਚ ਡੈਬੀ ਵਰਗੇ ਲੋਕ ਵੀ ਰਹਿੰਦੇ ਨੇ, ਜੋ ਆਪਣੇ ਪਾਲਤੂ ‘ਡੱਡੂ’ ਦੇ ਗਵਾਚਣ ‘ਤੇ ਵੀ ਉਦਾਸ ਹੋ ਜਾਂਦੇ ਨੇ ਤੇ ਉਹ ਸਿਆਸਤਦਾਨ ਵੀ, ਜਿਨ੍ਹਾਂ ਲਈ ਮਨੁੱਖ ਦੀ ਕੀਮਤ ‘ਡੱਡੂ’ ਜਿੰਨੀ ਵੀ ਨਹੀਂ।
‘ਆਇਲਨ ਤੇ ਐਵਨ’ ਕਹਾਣੀ ਦਾ ਪਾਸਾਰ ਬਹੁਤ ਵਿਸ਼ਾਲ ਹੈ। ਇਹ ਸਰੀਰਕ ਦਰਦ, ਮਾਨਸਿਕ ਪੀੜ ਦੇ ਪੜਾਅ ਤੈਅ ਕਰਦੀ-ਕਰਦੀ ਮਨੁੱਖਤਾ ਦੇ ਉਸ ਅਕਹਿ ਦੁੱਖ ਦੀ ਬਾਤ ਪਾਉਣ ਦਾ ਯਤਨ ਕਰਦੀ ਹੈ, ਜੋ ਦੁੱਖ ਮਾਨਵ-ਵਿਰੋਧੀ ਤਾਕਤਾਂ ਨੇ ਜਾਤ-ਪਾਤ ਦੀਆਂ ਕੰਧਾਂ, ਧਰਮ ਦੀਆਂ ਵਾੜਾਂ ਅਤੇ ਨਕਸ਼ੇ ‘ਤੇ ਸਰਹੱਦਾਂ ਦੀਆਂ ਲਕੀਰਾਂ ਵਾਹ ਕੇ ਆਪਣੇ ਮੁਫਾਦ ਵਾਸਤੇ ਪੈਦਾ ਕੀਤਾ ਹੈ।
ਕਹਾਣੀ ਦੀ ਮੁੱਖ ਪਾਤਰ ਸ਼ੋਅ ਦੇਖਣ ਗਈ ਡਿੱਗ ਕੇ ਆਪਣੀ ਸੱਜੀ ਬਾਂਹ ਤੁੜਵਾ ਬੈਠਦੀ ਹੈ। ਇਕ ਵੇਲੇ ਅਸਹਿ ਜਾਪਦੀ ਉਸ ਦੀ ਇਹ ਪੀੜ ਉਦੋਂ ਕੁਝ ਵੀ ਨਹੀਂ ਰਹਿ ਜਾਂਦੀ, ਜਦੋਂ ‘ਸਿਆਸੀ ਖੇਡ’ ਕਾਰਨ ਮਚੀ ਤਬਾਹੀ ਕਰਕੇ ਸੀਰੀਅਨ ਬੱਚਾ ਆਇਲਨ ਸੀਰੀਆ ਦੇ ਬਾਕੀ ਲੋਕਾਂ ਨਾਲ ਕਿਸ਼ਤੀ ਰਾਹੀਂ ਦੂਜੇ ਮੁਲਕ ਹਿਜਰਤ ਕਰਨ ਸਮੇਂ ਮੈਡੀਟਰੇਨੀਅਨ ਸਾਗਰ ਦੀ ਭੇਟ ਚੜ੍ਹ ਜਾਂਦਾ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਬੱਚੇ ਤਾਂ ‘ਗਲੋਬ’ ਦੇ ਜ਼ਖਮਾਂ ਨੂੰ ਦੇਖ ਤੇ ਮਹਿਸੂਸ ਰਹੇ ਹਨ, ਪਰ ਸਿਆਸਤਦਾਨ ਨਹੀਂ। ਇਸ ਸੰਵਾਦ ‘ਚ ਇਕ ਅਹਿਮ ਨੁਕਤਾ ਇਹ ਵੀ ਛੁਪਿਆ ਹੋਇਆ ਹੈ ਕਿ ਗੈਲਰੀਆਂ ‘ਚ ਅਸੀਂ ਦੁੱਖ ਨੂੰ ਅੱਵਲ ਦਰਜੇ ਦਾ ਇਨਾਮ ਤਾਂ ਦੇ ਸਕਦੇ ਹਾਂ, ਇਸ ਦੇ ਇਲਾਜ ਲਈ ਇਕ-ਜੁੱਟ ਨਹੀਂ ਹੋ ਰਹੇ।
ਆਇਲਨ ਜੇ ਆਤੰਕ ਦੇ ਨਾਸੂਰ ਦੀ ਭੇਟ ਚੜ੍ਹਿਆ ਹੈ ਤਾਂ ਐਵਨ ਨਾਂ ਦਾ ਬੱਚਾ ਕੈਂਸਰ ਦੀ ਭੇਟ ਚੜ੍ਹ ਗਿਆ। ਕਹਾਣੀਕਾਰਾ ਇਹ ਨੁਕਤਾ ਉਭਾਰਨ ‘ਚ ਕਾਮਯਾਬ ਰਹੀ ਹੈ ਕਿ ਜੇ ਐਵਨ ਦੀ ਖੁਸ਼ੀ ਲਈ ਸਦੀਆਂ ਪੁਰਾਣੀ ਰਵਾਇਤ ਦੀਆਂ ਬੰਦਿਸ਼ਾਂ ਤੋੜ ਕੇ ‘ਕ੍ਰਿਸਮਸ’ 31 ਅਕਤੂਬਰ ਨੂੰ ਮਨਾਉਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ ਤਾਂ ਆਇਲਨ ਵਰਗੀ ਮਾਸੂਮ ਮਨੁੱਖਤਾ ਨੂੰ ਬਚਾਉਣ ਲਈ ਹੱਦਾਂ-ਸਰਹੱਦਾਂ ਕਿਉਂ ਨਹੀਂ ਤੋੜੀਆਂ ਜਾ ਸਕਦੀਆਂ?
ਕਹਾਣੀ ਪੜ੍ਹਦਿਆਂ ਪਾਠਕ ਪਲ-ਪਲ ਬੋਝਲ ਹੁੰਦਾ ਜਾਂਦਾ ਹੈ। ਉਸ ਅੰਦਰ ਆਇਲਨ ਤੇ ਐਵਨ ਦੇ ਚਿਹਰੇ ਮਘਦੇ ਕੋਲਿਆਂ ਵਾਂਗ ਦਾਗ ਪਾਉਣ ਲੱਗ ਪੈਂਦੇ ਹਨ, ਪਰ ਕਹਾਣੀ ਮੋੜ ਕੱਟ ਕੇ ਬੇਹੱਦ ਸੁਖਾਂਤਕ ਮੋੜ ‘ਤੇ ਪਾਠਕ ਨੂੰ ਲਿਆ ਖੜ੍ਹਾ ਕਰਦੀ ਹੈ। ਕੈਨੇਡਾ ‘ਚ ਸ਼ਰਨਾਰਥੀਆਂ ਦੇ ਸਵਾਗਤ ਦਾ ਵੇਰਵਾ ਪਾਠਕ ਅੰਦਰ ਆਸ ਦੀ ਕਿਰਨ ਜਗਾ ਦਿੰਦਾ ਹੈ, “ਇਉਂ ਜਾਪਦਾ ਹੈ ਜਿਵੇਂ ਤੱਟ ‘ਤੇ ਨੀਲੀ ਨਿੱਕਰ ਅਤੇ ਲਾਲ ਸ਼ਰਟ ਪਾਈ ਖੜ੍ਹਾ ਆਇਲਨ ਦੂਰੋਂ ਹੱਥ ਹਿਲਾ ਰਿਹਾ ਹੋਵੇ।” (ਪੰਨਾ 45)
ਕਹਾਣੀ ‘ਐਮਰਜੈਂਸੀ ਰੂਮ’ ਦੇਖਣ ਨੂੰ ਜਿੰਨੀ ਆਮ ਜਾਪਦੀ ਹੈ, ਓਨੇ ਹੀ ਗਹਿਰੇ ਅਰਥ ਛੁਪਾਈ ਬੈਠੀ ਹੈ। ਕਹਾਣੀ ਪੜ੍ਹਨ ਪਿਛੋਂ ਬੋਧ ਹੁੰਦਾ ਹੈ ਕਿ ਇਹ ਨਿਰਾ ਐਮਰਜੈਂਸੀ ਰੂਮ ਹੀ ਨਹੀਂ, ਸਗੋਂ ਗਲੋਬ ਹੈ ਜੋ ਦਿਨੋ ਦਿਨ ਰੋਗੀ ਹੁੰਦਾ ਜਾ ਰਿਹਾ ਹੈ। ਉਨ੍ਹਾਂ ਰੋਗਾਂ ਦੇ ਲੱਛਣ ਹੀ ਐਮਰਜੈਂਸੀ ਰੂਮ ‘ਚ ਪ੍ਰਗਟ ਹੁੰਦੇ ਦਿਖਾਏ ਗਏ ਹਨ। ਇਹ ਰੋਗ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਹਨ। ਅਰਥਚਾਰੇ ‘ਚ ਫੈਲ ਰਹੇ ਰੋਗ। ਰਿਸ਼ਤਿਆਂ ‘ਚ ਫੈਲ ਰਹੇ ਰੋਗ। ਸਮਾਜਕ ਵਿਵਸਥਾ ‘ਚ ਫੈਲ ਰਹੇ ਰੋਗ। ਕਟਾਖਸ਼ ਦੀ ਸਥਿਤੀ ਤਾਂ ਉਦੋਂ ਪੈਦਾ ਹੁੰਦੀ ਹੈ, ਜਦੋਂ ਕਹਾਣੀਕਾਰਾ ਆਖਦੀ ਹੈ, “ਬੁਰਾ ਹਾਲ ਹੈ ਇਸ ਹਸਪਤਾਲ ਦਾ।” ਦੂਜੇ ਅਰਥਾਂ ‘ਚ ਜੇ ਹਸਪਤਾਲ ਹੀ ਬਿਮਾਰ ਹੋ ਜਾਏਗਾ ਤਾਂ ਮਾਨਵ ਸ਼ਫਾ ਵਾਸਤੇ ਕਿਸ ਦਾ ਦਰ ਖੜਕਾਏਗਾ?
‘ਸੁਰਖ ਸਵੇਰ’ ਕਹਾਣੀ ‘ਪਾਰਕਿਨਸਨ’ ਦੇ ਖੌਫ ਨਾਲ ਮਨ ‘ਚ ਫੈਲਦੇ ਨਾਂਹ-ਪੱਖੀ ਘੁੱਪ ਹਨੇਰੇ ‘ਚੋਂ ਉਗਮਦੀ ਅਜਿਹੀ ਸੂਹੀ ਉਦਮੀ ਸੋਚ ਦਾ ਬਿਰਤਾਂਤ ਹੈ, ਜੋ ਡਿੱਗਦੇ-ਡਿੱਗਦੇ ਬੰਦੇ ਨੂੰ ਵੀ ਜ਼ਿੰਦਗੀ ਜਿਉਣ ਦਾ ਮਕਸਦ ਦਿਖਾ ਜਾਂਦਾ ਹੈ। ਸੰਸਾਰ ਦੀ ਮੌਜੂਦਾ ਹਾਲਤ ਨੂੰ ਕਹਾਣੀ ਦੀ ਇਕ ਸਤਰ ਹੀ ਬਾਖੂਬੀ ਪੇਸ਼ ਕਰ ਜਾਂਦੀ ਹੈ, “ਇਹ ਸ਼ਹਿਰ ਵੀ ਮੇਰੇ ਵਾਂਗ ਬਿਮਾਰ ਲਗਦਾ ਹੈ। ਕਿਵੇਂ ਭੱਜ ਰਿਹੈ? ਕਿੱਥੇ ਨੂੰ ਜਾ ਰਿਹੈ? ਕੀ ਲੱਭ ਰਿਹੈ? ਕੋਈ ਹਸਪਤਾਲ?” (ਪੰਨਾ 54)
‘ਹਸਪਤਾਲ’ ਸ਼ਬਦ ਬਹੁਤ ਅਹਿਮ ਹੈ। ਜ਼ਿਹਨੀ ਤੌਰ ‘ਤੇ ਹਰ ਕੋਈ ਬਿਮਾਰ ਹੈ ਤੇ ਉਸ ਹਸਪਤਾਲ ਦੀ ਤਲਾਸ਼ ‘ਚ ਹੈ, ਜੋ ਸਕੂਨ ਦੇ ਸਕੇ। ਕਹਾਣੀ ਵਿਚ ਅਹਿਮ ਨੁਕਤਾ ਇਹ ਉਭਰਦਾ ਹੈ ਕਿ ਅੱਜ ਦੇ ਬੰਦੇ ਦੀ ਤਾਮੀਰਦਾਰੀ ਕਰਨ ਵਾਲਾ ਅਜਿਹਾ ਹਸਪਤਾਲ ਭੌਤਿਕ ਰੂਪ ‘ਚ ਕਿਤੇ ਬਾਹਰੋਂ ਨਹੀਂ ਲੱਭੇਗਾ, ਸਗੋਂ ਹਿੰਮਤ, ਹੌਸਲੇ, ਆਸ਼ਾਵਾਦੀ ਸੋਚ ਤੇ ਹਾਂ-ਪੱਖੀ ਖਿਆਲਾਂ ਨਾਲ ਮਨੁੱਖ ਦੇ ਅੰਦਰੋਂ ਹੀ ਲੱਭੇਗਾ। ਕਹਾਣੀਕਾਰਾ ਲੁਕਵੇਂ ਜਿਹੇ ਢੰਗ ਨਾਲ ਹੀ ਆਪਣੀ ਗੱਲ ਕਹਿ ਜਾਂਦੀ ਹੈ, “ਜੇ ਤੁਸੀਂ ਪੌਜ਼ੀਟਿਵ ਸੋਚੋਗੇ ਤਾਂ ਤੁਹਾਡੇ ਨਾਲ ਪੌਜ਼ੇਟਿਵ ਹੀ ਹੋਵੇਗਾ।” (ਪੰਨਾ 56)
ਕਮਾਲ ਦੀ ਗੱਲ ਇਹ ਹੈ ਕਿ ਕਹਾਣੀ ਦੀ ਪਾਤਰ ਨੂੰ ਹੋਏ ‘ਪਾਰਕਿਨਸਨ’ ਦੇ ਰੋਗ ਦੇ ਓਹਲੇ ‘ਚ ਲੇਖਿਕਾ ਨੇ ‘ਰਿਸ਼ਤਿਆਂ ਦੇ ਪਾਰਕਿਨਸਨ’ ਨੂੰ ਵਧੇਰੇ ਸ਼ਿੱਦਤ ਨਾਲ ਪ੍ਰਗਟਾਇਆ ਹੈ।
‘ਵੈਲਨਟਾਈਨ ਡੇਅ’ ਕਹਾਣੀ ਵਿਚ ਦਿੱਤਾ ਗਿਆ ਤੋਹਫਾ ਬਹੁਤ ਕਮਾਲ ਦਾ ਹੈ, ਜਿਸ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਹਿੰਦੋਸਤਾਨ ਤੋਂ ਕਾਰੋਬਾਰੀ ਬੰਦੇ ਨਾਲ ਵਿਆਹ ਕਰਵਾ ਕੇ ਅਫਰੀਕਾ ਪਹੁੰਚੀ ਰੋਜ਼ੀ ਕਾਰੋਬਾਰੀ ਪਤੀ ਦੀ ਵਿਖਾਵੇ ਵਾਲੀ ਤੇ ਮਸਨੂਈ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਤੋਂ ਤੰਗ ਹੁੰਦੀ ਹੈ, ਪਰ ਪਤੀ ਉਸ ਦੀ ਗੱਲ ਸਮਝਦਾ ਨਹੀਂ ਸਗੋਂ ਬੱਚਿਆਂ ਦਾ ਭਵਿੱਖ ਬਣਾਉਣ ਲਈ ਉਸ ਨੂੰ ਬੱਚਿਆਂ ਸਮੇਤ ਅਮਰੀਕਾ ਸੈਟਲ ਕਰ ਦਿੰਦਾ ਹੈ ਤੇ ਆਪ ਪਿਛੇ ਰਹਿ ਪੈਂਦਾ ਹੈ। ਅਮਰੀਕਾ ਵੀ ਉਹ ਕੈਲੀਫੋਰਨੀਆ ਦੇ ਉਸ ਇਲਾਕੇ ਵਿਚ ਸੈਟਲ ਕਰਦਾ ਹੈ, ਜਿੱਥੇ ਭੁਚਾਲ ਅਕਸਰ ਆਉਂਦੇ ਹਨ। ਇਹ ‘ਭੁਚਾਲ’ ਅਸਲ ‘ਚ ਰੋਜ਼ੀ ਦੀ ਜ਼ਿੰਦਗੀ ਦੀ ਉਥਲ-ਪੁਥਲ ਦੇ ਗਹਿਰੇ ਅਰਥ ਸਿਰਜਦਾ ਹੈ। ਪਰ ਕਹਾਣੀ ਦਾ ਕਮਾਲ ਹੈ ਇਹ ਕਿ ਉਹ ਇਸ ਉਥਲ-ਪੁਥਲ ਦੇ ਭੁਚਾਲ ‘ਚੋਂ ਆਪਣੇ-ਆਪ ਨੂੰ ਬਚਾਉਂਦੀ ਕਿਵੇਂ ਹੈ।
ਕਹਾਣੀ ‘ਚ ਪਏ ਇਸ਼ਾਰੇ ਬੜੇ ਅਹਿਮ ਹਨ, “ਹਾਈ ਹੀਲ ਦੀ ਸੈਂਡਲ ਵਿਚ ਉਸ ਦੇ ਪੈਰ ਦੁਖਣ ਲੱਗੇ। ਉਹਨੇ ਆਲੇ-ਦੁਆਲੇ ਵੇਖ ਕੇ ਸੈਂਡਲ ਲਾਹ ਕੇ ਹੱਥ ਵਿਚ ਫੜ ਲਏ ਤੇ ਬੁੜਬੁੜਾਉਣ ਲੱਗੀ, ਹਾਇ ਇਹ ਜੁੱਤੀ ਵੀ ਨਾ…।” (ਪੰਨਾ 64) ਪਾਠਕ ਨੂੰ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਇਸ ਗੱਲ ਪਿੱਛੇ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਜਿਹਾ ਮਹੀਨ ਦਰਦ ਛੁਪਿਆ ਪਿਆ ਹੈ।
ਸਾਕਾਰਾਤਮਕਤਾ ਸੁਰਜੀਤ ਦੀਆਂ ਕਹਾਣੀਆਂ ਦਾ ਉੱਘੜਵਾਂ ਲੱਛਣ ਹੈ। ਭਾਵੇਂ ਮਨੁੱਖੀ ਜੀਵਨ ‘ਚ ਪਨਪ ਰਹੀਆਂ ਗਲਤ ਬਿਰਤੀਆਂ ਵੱਲ ਵੀ ਉਹ ਇਸ਼ਾਰੇ ਸੁੱਟਦੀ ਹੈ, ਪਰ ਉਸ ਦਾ ਪ੍ਰਮੁੱਖ ‘ਫੋਕਸ’ ਚੰਗਾ ਵਾਪਰ ਰਹੇ ਵਰਤਾਰਿਆਂ ਵੱਲ ਹੈ। ‘ਜਗਦੀਆਂ ਅੱਖਾਂ ਦਾ ਤਲਿੱਸਮ’ ਇਸ ਦੀ ਮਿਸਾਲ ਹੈ। ਆਮ ਕਰ ਕੇ ਸਮਾਜ ਸੇਵੀ ਸੰਸਥਾਵਾਂ ਦੇ ਦਿਸਦੇ ਚਿਹਰੇ ਪਿੱਛੇ ਪ੍ਰਬੰਧਕਾਂ ਦੇ ਆਪਣੇ ਏਜੰਡੇ ਵੀ ਹੁੰਦੇ ਹਨ। ਬਹੁਤੀ ਵਾਰ ਅਜਿਹੀਆਂ ਸੰਸਥਾਵਾਂ ‘ਚ ਹੋ ਰਹੇ ਘਪਲਿਆਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ, ਪਰ ਸੁਰਜੀਤ ਅਜਿਹੀ ਹੀ ਸੰਸਥਾ ‘ਅਮਰ ਕਰਮਾ ਔਰਗਨ ਡੋਨੇਸ਼ਨ ਸੁਸਾਇਟੀ’ ਵੱਲੋਂ ਕੀਤੇ ਜਾਂਦੇ ਸਾਰਥਕ ਕਾਰਜਾਂ ਦੀ ਨਿਸ਼ਾਨਦੇਹੀ ਕਰਨ ਨੂੰ ਤਰਜੀਹ ਦਿੰਦੀ ਹੈ।
ਕਹਾਣੀ ਦਾ ਸਿਰਲੇਖ ‘ਜਗਦੀਆਂ ਅੱਖਾਂ ਦਾ ਤਲਿੱਸਮ’ ਹੀ ਆਪਣੇ ਆਪ ‘ਚ ਬੜਾ ਕੁਝ ਸਮੋਈ ਬੈਠਾ ਹੈ। ਜੇ ਅਸੀਂ ਸਮਾਜ ਸੇਵੀ ਸੰਸਥਾਵਾਂ ਨਾਲ ‘ਜਗਦੀਆਂ ਅੱਖਾਂ’ ਭਾਵ ਚੇਤੰਨ ਹੋ ਕੇ ਸੁਚੇਤ ਪੱਧਰ ‘ਤੇ ਕੁਝ ਚੰਗਾ ਕਰ ਗੁਜ਼ਰਨ ਲਈ ਜੁੜਦੇ ਹਾਂ ਤਾਂ ਧਰਤੀ ਦੀ ਕੈਨਵਸ ‘ਤੇ ਮਨੁੱਖਤਾ ਦੀ ਦਿਲਕਸ਼ ਤਸਵੀਰ ਉਘਾੜ ਸਕਦੇ ਹਾਂ।
ਮਨੁੱਖ ਦੀ ਬਿਰਤੀ ਨੂੰ ਖੰਡਿਤ ਕਰਨ ਤੇ ਸੰਵੇਦਨਹੀਣ ਬਣਾਉਣ ‘ਚ ਸੋਸ਼ਲ ਮੀਡੀਆ ਨੇ ਭਰਪੂਰ ਯੋਗਦਾਨ ਪਾਇਆ ਹੈ। ਇਸ ਨੇ ਬੰਦੇ ਤੋਂ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰਨ ਦਾ ਆਤਮ-ਵਿਸ਼ਵਾਸ ਖੋਹ ਕੇ ਉਸ ਨੂੰ ਇਕਾਂਤ ‘ਚ ‘ਚੈਟਿੰਗ’ ਕਰਨ ਜੋਗੀ ਥੋਥੀ ਆਦਤ ਦਾ ਗੁਲਾਮ ਬਣਾ ਦਿੱਤਾ ਹੈ। ਚਿਹਰੇ ਦਾ ਨਕਾਬ ਫੈਲ ਕੇ ਰੂਹ ਤੱਕ ਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਆਪਣੀ ਅਸਲ ਪਛਾਣ ਛੁਪਾ ਕੇ ਸਾਦਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ੍ਹਣ ਦਾ ਰੁਝਾਨ ਮਨੁੱਖ ਅੰਦਰ ਦਿਨੋ ਦਿਨ ਵਧ ਰਹੀਆਂ ਮਾਨਸਿਕ ਗੁੰਝਲਾਂ ਵੱਲ ਸੰਕੇਤ ਹੀ ਤਾਂ ਹੈ। ਇਸ ਨਜ਼ਰੀਏ ਤੋਂ ਇਸ ਸੰਗ੍ਰਿਹ ਦੀ ਕਹਾਣੀ ‘ਜੁਗਨੂੰ’ ਬਹੁਤ ਧਿਆਨ ਖਿੱਚਦੀ ਹੈ। ਅਦਿੱਖ ਤਾਰਾਂ ਦਾ ਗੁਲਾਮ ਹੋਈ ਮਨੁੱਖੀ ਮਾਨਸਿਕਤਾ ਦੀ ਮਾਰਮਿਕ ਪੇਸ਼ਕਾਰੀ ਹੈ। ਖੰਡਿਤ ਹੋਈ ਬਿਰਤੀ ਦਾ ਨਮੂਨਾ ਦੇਖੋ, “ਸਾਵੀ ਗੱਲਾਂ ਰੇਨੂੰ ਨਾਲ ਕਰੀ ਜਾਵੇ ਪਰ ਧਿਆਨ ਉਸ ਦਾ ਸੀ ਫੇਸਬੁੱਕ ਵੱਲ।” (ਪੰਨਾ 88)
ਸਾਵੀ ਹਾਜ਼ਰ ਹੋ ਕੇ ਵੀ ਹਾਜ਼ਰ ਨਹੀਂ ਹੈ।
ਕਹਾਣੀ ‘ਚ ‘ਜੁਗਨੂੰ’ ਹਨੇਰੇ ਖਿਲਾਫ ਬਗਾਵਤ ਦੇ ਪਰੰਪਰਾਮਈ ਚਿੰਨ੍ਹ ਵਜੋਂ ਨਹੀਂ ਵਰਤਿਆ ਗਿਆ। ਮਨੁੱਖ ਵਿਰੋਧੀ ਕਾਰੋਬਾਰੀ ਤਾਕਤਾਂ ਨੇ ਜਿਵੇਂ ਮਨੁੱਖੀ ਜਜ਼ਬਿਆਂ ਨੂੰ ਆਪਣੇ ਮੁਫਾਦ ਲਈ ਵਰਤਣ ਦਾ ਰਾਹ ਫੜਿਆ ਹੋਇਆ ਹੈ, ਇਉਂ ਹੀ ਫੇਸਬੁੱਕ ‘ਤੇ ‘ਫੇਕ ਆਈ ਡੀ’ ਵਾਲਾ/ਵਾਲੀ ‘ਜੁਗਨੂੰ’ ਰਵਾਇਤੀ ਸਾਰਥਕ ਅਰਥਾਂ ਦੇ ਪ੍ਰਾਣ ਸੂਤ ਕੇ ਲਾਸ਼ ਘਸੀਟੀ ਫਿਰਦਾ/ਫਿਰਦੀ ਹੈ।
‘ਲੋਹ ਪੁਰਸ਼’ ਕਹਾਣੀ ਦਾ ਸੁਭਾਅ ਕਹਾਣੀ ਨਾਲੋਂ ‘ਸ਼ਬਦ-ਚਿੱਤਰ’ ਨਾਲ ਵੱਧ ਮਿਲਦਾ ਹੈ। ਇਹ ਕਹਾਣੀ ਯਥਾਰਥਕ ਸਿਰਜਣਾ ਦੀ ਥਾਂ ਜੀਵਨ ਦੇ ਯਥਾਰਥ ਦੀ ਫੋਟੋਗ੍ਰਾਫੀ ਵੱਧ ਹੈ। ਕਹਾਣੀ ਵਿਚਲਾ ਮੁੱਖ ਪਾਤਰ ‘ਪਿਤਾ’ ਭਾਵੇਂ ਪ੍ਰਤੀਨਿਧ ਪਾਤਰ ਵਜੋਂ ਆਪਣੀ ਹੋਂਦ ਗ੍ਰਹਿਣ ਨਹੀਂ ਕਰਦਾ, ਫਿਰ ਵੀ ਇਹ ਕਹਾਣੀ ਮਨੁੱਖ ਅੰਦਰਲੀ ਹਿੰਮਤ, ਹੌਸਲੇ, ਜਜ਼ਬੇ ਦੀ ਮਜ਼ਬੂਤੀ ਦੇ ਦਰਸ਼ਨ ਕਰਵਾ ਦਿੰਦੀ ਹੈ। ਮਨੁੱਖ ਅੰਦਰੋਂ ‘ਲੋਹ ਪੁਰਸ਼’ ਹੋਵੇ ਤਾਂ ਉਮਰ ਦਾ ਲੰਮਾ ਸਫਰ ਉਸ ਨੂੰ ਥਕਾ ਨਹੀਂ ਸਕਦਾ। ਸੁਚੱਜੀ ਜੀਵਨ-ਜਾਚ ਹੀ ਮਨੁੱਖ ਨੂੰ ‘ਲੋਹ ਪੁਰਸ਼’ ਬਣਾਉਂਦੀ ਹੈ।
‘ਤੂੰ ਭਰੀਂ ਹੁੰਗਾਰਾ’ ਕਹਾਣੀ ‘ਚ ਮਨੁੱਖ ਤੇ ਰੁੱਖ ਦਾ ਰਿਸ਼ਤਾ ਜੀਵੰਤ ਰੂਪ ‘ਚ ਰੂਪਮਾਨ ਹੁੰਦੇ ਦਰਸਾਇਆ ਗਿਆ ਹੈ। ਪੰਜਾਬੀ ਲੋਕ ਬੋਲੀ ਹੈ, ‘ਰੁੱਖ ਬੋਲ ਨਾ ਸਕਦੇ ਭਾਵੇਂ, ਬੰਦਿਆਂ ਦਾ ਦੁੱਖ ਜਾਣਦੇ।’ ਕਹਾਣੀ ‘ਚ ਮਨੁੱਖ ਵੱਲੋਂ ਰੁੱਖ ਦਾ ਦੁੱਖ ਜਾਣਨ ਦਾ ਯਤਨ ਕੀਤਾ ਗਿਆ ਹੈ। ‘ਜੜ੍ਹਾਂ’ ਚਾਹੇ ਰੁੱਖ ਦੀਆਂ ਹੋਣ, ਚਾਹੇ ਮਨੁੱਖ ਦੀਆਂ, ਜਦੋਂ ਇਕ ਵਾਰ ਪੁੱਟ ਹੋ ਜਾਣ ਤਾਂ ਦੂਜੀ ਵਾਰ ਗੱਡ ਹੋਣ ਲਈ ਸੰਘਰਸ਼ ‘ਚੋਂ ਲੰਘਣਾ ਹੀ ਪੈਂਦਾ ਹੈ। ਇਸ ਗੱਲ ਨੂੰ ਕਹਾਣੀ ‘ਚ ਬਹੁਤ ਹੀ ਸੂਖਮ ਤੇ ਸਹਿਜ ਤਰੀਕੇ ਨਾਲ ਪ੍ਰਗਟਾਇਆ ਗਿਆ ਹੈ।
ਮਨੁੱਖ ਚੰਗੇ ਭਵਿੱਖ ਲਈ ਜਨਮ-ਭੂਮੀ ਛੱਡ ਕੇ ਹਿਜਰਤ ਕਰਦਾ ਹੈ ਤੇ ਬਿਗਾਨੀ ਧਰਤੀ ‘ਤੇ ਆਪਣੀ ਹੋਂਦ ਸਥਾਪਤ ਕਰਨ ਲਈ ਜੱਦੋ-ਜਹਿਦ ਕਰਦਾ ਹੈ। ਕਹਾਣੀ ‘ਚ ‘ਰਬੜ ਪਲਾਂਟ’ ਨੂੰ ਮੋਕਲੀ ਥਾਂ ਬੀਜਣ ਲਈ ਕਹਾਣੀ ਦੀ ਪਾਤਰ ਪਹਿਲੇ ਥਾਂ ਤੋਂ ਪੁੱਟ ਲੈਂਦੀ ਹੈ। ਦੂਜੀ ਥਾਂ ‘ਤੇ ਰਬੜ ਪਲਾਂਟ ਦਾ ਬੂਟਾ ਇਕਦਮ ਜੜ੍ਹਾਂ ਨਹੀਂ ਫੜਦਾ। ਦਿਨੋ-ਦਿਨ ਕੁਮਲਾਉਂਦਾ ਜਾਂਦਾ ਹੈ। ਉਸ ਦੀ ਕੁਮਲਾਹਟ ‘ਚੋਂ ਪਾਤਰ ਨੂੰ ਉਹ ਹਾਲਾਤ ਯਾਦ ਆਉਣ ਲੱਗ ਪੈਂਦੇ ਹਨ, ਜਦੋਂ ਉਹ ਆਪਣੀ ਮਾਤ-ਭੂਮੀ ‘ਚੋਂ ਪੁੱਟ ਹੋ ਕੇ ਬੇਗਾਨੀ ਧਰਤੀ ‘ਤੇ ਆ ਕੇ ਅੰਦਰੇ-ਅੰਦਰ ਕੁਮਲਾਉਣ ਲੱਗ ਪਈ ਸੀ।
ਆਖਿਰ ‘ਰਬੜ ਪਲਾਂਟ’ ਜੜ੍ਹਾਂ ਫੜ ਹੀ ਲੈਂਦਾ ਹੈ। ਇਹ ਸੰਕੇਤ ਹੈ ਕਿ ਵਜੂਦ ਬਚਾਉਣ ਲਈ ‘ਸੰਘਰਸ਼’ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਹੋ ਰਿਹਾ ਸੰਘਰਸ਼ ਨਜ਼ਰ ਵੀ ਆਉਂਦਾ ਹੋਵੇ।
ਇਸ ਸੰਗ੍ਰਿਹ ਦੀ ਆਖਰੀ ਕਹਾਣੀ ‘ਡਿਸਏਬਲ’ ਬਹੁਤ ਅਰਥਭਰਪੂਰ ਕਹਾਣੀ ਹੈ। ਲੇਖਿਕਾ ਨੇ ‘ਡਿਸਏਬਲ’ ਹੋ ਚੁੱਕੇ ਸਮਾਜਕ, ਆਰਥਕ ਅਤੇ ਸਿਆਸੀ ਵਰਤਾਰੇ ਦੀ ਪੇਸ਼ਕਾਰੀ ਤੇ ਮੰਜ਼ਰਕਸ਼ੀ ਬਹੁਤ ਬਾਰੀਕਬੀਨੀ ਨਾਲ ਕੀਤੀ ਹੈ। ਰਿਸ਼ਤੇ-ਨਾਤਿਆਂ ‘ਚ ਆਈ ਮਹੀਨ ‘ਡਿਸਏਬਲਿਟੀ’ ਨੂੰ ਪ੍ਰਤੱਖ ਦਿਖਾ ਦਿੱਤਾ ਹੈ। ਕਹਾਣੀ ਦੀ ਪਾਤਰ ਮੀਰਾ ਮੌਸਮ ਦੀ ਬੇਰਹਿਮੀ ਤੋਂ ਓਨਾ ਨਹੀਂ ਘਬਰਾਉਂਦੀ, ਜਿੰਨਾ ਦਿਹਾੜੀ ਟੁੱਟ ਜਾਣ ਦੇ ਡਰ ਤੋਂ ਘਬਰਾਉਂਦੀ ਹੈ। ਆਖਿਰ ਬੰਦੇ ਨੂੰ ‘ਦਿਹਾੜੀਆਂ’ ਦੇ ਗੇੜ ‘ਚ ਪਾਉਣ ਵਾਲਾ ਸਿਸਟਮ ਕੌਣ ਚਲਾ ਰਿਹਾ ਹੈ? ਅਸਲ ਵਿਚ ਸਾਰਾ ਸਿਸਟਮ ਹੀ ‘ਡਿਸਏਬਲ’ ਕਰ ਦਿੱਤਾ ਗਿਆ ਹੈ ਤਾਂ ਕਿ ਆਮ ਬੰਦੇ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਸਕੇ। ਡਾਕਟਰੀ ਮਾਫੀਆ, ਇੰਸ਼ੋਰੈਂਸ ਕੰਪਨੀਆਂ ਦੀਆਂ ਠੱਗੀਆਂ, ਇਨ੍ਹਾਂ ਠੱਗਾਂ ਨੂੰ ਠਗਣ ਲਈ ਆਮ ਬੰਦਿਆਂ ਵੱਲੋਂ ਕੀਤੀਆਂ ਜਾਂਦੀਆਂ ਨਿੱਕੀਆਂ ਠੱਗੀਆਂ, ਘਰਾਂ ‘ਚ ਨੈਨੀ ਦੀ ਨੌਕਰੀ ਦੇ ਕੇ ਘਰਾਂ ਦਾ ਕੰਮ ਕਰਾਉਣ ਦਾ ਵਰਤਾਰਾ ਆਦਿ ਕਹਾਣੀ ‘ਚ ਇੰਜ ਪਰੋਇਆ ਹੋਇਆ ਹੈ ਕਿ ਪਾਠਕ ਸੋਚੀਂ ਪੈਂਦਾ ਜਾਂਦਾ ਹੈ।
ਕਹਾਣੀ ਦੀ ਪਾਤਰ ਸ਼ਬਨਮ ਕਾਰ ਐਕਸੀਡੈਂਟ ‘ਚ ਸੱਟ ਲਵਾ ਬੈਠੀ ਹੈ। ਇੰਸ਼ੋਰੈਂਸ ਕੰਪਨੀ ਵੱਲੋਂ ਵੱਡੀ ਰਕਮ ਮਿਲਣ ਦੀ ਆਸ ਵਿਚ ਆਪਣੇ-ਆਪ ਨੂੰ ‘ਡਿਸਏਬਲ’ ਦਿਖਾ ਰਹੀ ਹੈ। ਜਦੋਂ ਇੰਸ਼ੋਰੈਂਸ ਕੰਪਨੀ ਦਾ ਏਜੰਟ ‘ਐਕਸੀਡੈਂਟ ਕਲੇਮ ਦੀ ਅਸੈਸਮੈਂਟ’ ਵਾਸਤੇ ਆਉਂਦਾ ਹੈ ਤਾਂ ਉਹ ਚਾਹ ਦਾ ਕੱਪ ਵੀ ਚੁੱਕ ਨਹੀਂ ਸਕਦੀ। ਜਦੋਂ ਘਰ ‘ਚ ਇਕੱਲੀ ਹੈ ਤਾਂ ਭਾਰੀ ਭਰਕਮ ਗਾਰਬੇਜ ਦਾ ਡਰੰਮ ਵੀ ਘਸੀਟ ਲੈਂਦੀ ਹੈ।
ਕਹਾਣੀਕਾਰਾ ਅਛੋਪਲੇ ਜਿਹੇ ਹੀ ਇਸ਼ਾਰਾ ਕਰ ਗਈ ਹੈ ਕਿ ਸ਼ਬਨਮ ‘ਗਾਰਬੇਜ ਦਾ ਡਰੰਮ’ ਨਹੀਂ ਧੂਹ ਰਹੀ, ‘ਡਿਸਏਬਲ’ ਹੋ ਚੁੱਕੀ ਆਪਣੀ ਮਾਨਸਿਕਤਾ ਦਾ ਗਾਰਬੇਜ ਧੂਹ ਰਹੀ ਹੈ। ਨਿਰੀ ਸ਼ਬਨਮ ਹੀ ਨਹੀਂ, ਹਰ ਕੋਈ ‘ਡਿਸਏਬਲ ਸਾਈਕੀ’ ਦਾ ਕੂੜਾ-ਕਬਾੜ ਧੂਹੀ ਫਿਰਦਾ ਹੈ।
ਸੁਰਜੀਤ ਦੀਆਂ ਕਹਾਣੀਆਂ ਅੱਜ ਦੀਆਂ ਕਹਾਣੀਆਂ ਹਨ। ਜੋ ਕੁਝ ਸਮਾਜ ਵਿਚ ਵਾਪਰ ਰਿਹਾ ਹੈ, ਉਸ ਨੂੰ ਨੀਝ ਨਾਲ ਦੇਖ-ਪਰਖ ਕੇ ਸੁਰਜੀਤ ਨੇ ਆਪਣੀਆਂ ਕਹਾਣੀਆਂ ਦਾ ਥੀਮ ਬਣਾਇਆ ਹੈ। ਕਹਾਣੀਆਂ ਦਾ ਨਿਭਾਅ ਖੂਬਸੂਰਤ ਹੈ। ਰਵਾਨੀ ਟੁੱਟਦੀ ਨਹੀਂ। ਕੁਝ ਇਕ ਕਹਾਣੀਆਂ ਗਲਪ ਦੀ ਥਾਂ ਜੀਵਨੀ-ਮੂਲਕ ਵਾਰਤਕ ਦਾ ਪ੍ਰਭਾਵ ਦਿੰਦੀਆਂ ਹਨ। ਸਮੁੱਚੇ ਰੂਪ ‘ਚ ਇਹ ਕਿਤਾਬ ਪੜ੍ਹਨਯੋਗ ਹੈ।