ਆਗੂ ਬਣਨ ਦੀ ਭੁੱਖ ਤੇ ਅਧੀਨਗੀ ਦੀ ਪ੍ਰਵਿਰਤੀ

ਸੰਤੋਖ ਮਿਨਹਾਸ
ਫੋਨ: 559-283-6376
ਆਗੂ ਹੋਣਾ ਆਪਣਾ ਆਪ ਨਿਛਾਵਰ ਕਰਨ ਦੇ ਹਸਤਾਖਰ ਹੁੰਦੇ ਹਨ। ਆਪਣੀ ਕੁਰਬਾਨੀ ਹੀ ਆਗੂ ਹੋਣ ਦਾ ਨਾਂ ਹੈ। ਆਗੂ ਹੋਣਾ ਕੁਰਸੀ ਨਹੀਂ ਹੁੰਦਾ, ਤੁਹਾਡੀ ਹਾਂ ਵਿਚ ਹਾਂ ਮਿਲਾਉਂਦੀਆਂ ਅਵਾਜ਼ਾਂ ਦੀ ਇੱਕ ਆਸ ਹੁੰਦਾ ਹੈ। ਆਗੂ ਇਤਿਹਾਸ ਸਿਰਜਦੇ ਹਨ। ਕਲੰਕਿਤ ਸਫੇ ਇਤਿਹਾਸ ਦਾ ਹਿੱਸਾ ਨਹੀਂ ਬਣਦੇ, ਸਗੋਂ ਸਦੀਆਂ ਤਕ ਕੌਮਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਹਨ। ਗੱਦਾਰੀਆਂ ਤੇ ਸਰਦਾਰੀਆਂ ਇਤਿਹਾਸ ਦੇ ਨਾਲ ਨਾਲ ਚਲਦੀਆਂ ਹਨ। ਸਿਆਣੇ ਲੋਕ ਆਗੂ ਪੈਦਾ ਕਰਦੇ ਹਨ, ਆਪਣੀ ਰਹਿਨੁਮਾਈ ਆਪਣੇ ਹੱਥੀਂ ਆਪ ਸੌਂਪਦੇ ਹਨ। ਮੂਰਖਾਂ ਦੇ ਟੋਲਿਆਂ ਦੇ ਵੀ ਰਹਿਬਰ ਹੁੰਦੇ ਹਨ। ਇਹ ਆਪਣੇ ਪੈਰੀਂ ਕੁਹਾੜੀ ਤਾਂ ਮਾਰਦੇ ਹੀ ਹਨ, ਪਰ ਕਈ ਵਾਰੀ ਇਹ ਭੀੜਾਂ ਦੋਖੀਆਂ ਦੀ ਥਾਂ ਭਲੇ ਲਈ ਉਠੇ ਹੱਥਾਂ ਨੂੰ ਵੀ ਵੱਢ ਸੁੱਟਦੀਆਂ ਹਨ। ਉਹ ਲੋਕ ਹੀ ਇਤਿਹਾਸ ਦੀ ਜਗਦੀ ਮਿਸ਼ਾਲ ਬਣਦੇ ਹਨ, ਜੋ ਆਪ ਮਿੱਟ ਜਾਂਦੇ ਹਨ, ਪਰ ਕੌਮਾਂ ਸਦਾ ਜਿਉਂਦੀਆਂ ਰਹਿੰਦੀਆਂ ਹਨ।

ਜ਼ਿੰਦਗੀ ਦਾ ਪਸਾਰਾ ਅਥਾਹ ਹੈ। ਮਨੁੱਖ ਜੀਵਨ ਤੋਂ ਮਰਨ ਤਕ ਬੜੇ ਅਜੀਬੋ-ਗਰੀਬ ਹਾਲਾਤ ਵਿਚੋਂ ਗੁਜ਼ਰਦਾ ਹੈ। ਇਸ ਨਿੱਤ ਦੇ ਵਰਤਾਰੇ ਅਤੇ ਕਾਰ ਵਿਹਾਰ ਦੀ ਜ਼ਿੰਦਗੀ ਵਿਚ ਜਦੋਂ ਅਸੀਂ ਵਿਚਰਦੇ ਹਾਂ ਤਾਂ ਸਾਡਾ ਬਹੁਤ ਸਾਰੇ ਲੋਕਾਂ ਨਾਲ ਵਾਹ ਪੈਂਦਾ ਹੈ। ਸਮਾਜਕ, ਸਭਿਆਚਾਰਕ, ਧਾਰਮਿਕ ਕਾਰਜਾਂ ਦੇ ਮੌਕਿਆਂ ‘ਤੇ ਤੁਹਾਨੂੰ ਬਹੁਤ ਸਾਰੇ ਅਜਿਹੇ ਲੋਕ ਮਿਲਦੇ ਹਨ, ਜੋ ਆਪਣੇ ਸੁਭਾਅ ਪੱਖੋਂ ਅਤੇ ਆਪਣੇ ਕੰਮ ਕਰਨ ਦੇ ਢੰਗ ਤਰੀਕੇ ਕਰਕੇ ਦੂਜਿਆਂ ਤੋਂ ਵੱਖਰੇ ਹੁੰਦੇ ਹਨ। ਤੁਹਾਨੂੰ ਉਨ੍ਹਾਂ ਵਿਚ ਆਮ ਮਨੁੱਖਾਂ ਜਿਹੇ ਸਹਿਜ, ਠਰੰਮੇ ਤੇ ਅਪਣੱਤ ਦੀ ਥਾਂ ਬੋਲ-ਚਾਲ ਵਿਚ ਵਖਰੇਵਾਂ ਦਿਸੇਗਾ। ਸਾਨੂੰ ਆਮ ਲੋਕਾਂ ਤੋਂ ਉਨ੍ਹਾਂ ਨੂੰ ਨਿਖੇੜਨ ਵਿਚ ਕੋਈ ਔਖ ਮਹਿਸੂਸ ਨਹੀਂ ਹੁੰਦੀ। ਅਜਿਹੇ ਲੋਕ ਹਰ ਖੇਤਰ ਵਿਚ ਸਹਿਜ ਅਤੇ ਨਿਸ਼ਠਾ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਪਿੱਛੇ ਧੱਕਣ ਦੇ ਆਹਰ ਵਿਚ ਨਜ਼ਰ ਆਉਂਦੇ ਹਨ। ਉਹ ਹਮੇਸ਼ਾ ਅੱਗੇ ਆਉਣ ਦੀ ਕਾਹਲ ਵਿਚ ਹੁੰਦੇ ਹਨ, ਭਾਵੇਂ ਉਹ ਕਿਸੇ ਦੇ ਮੋਢਿਆਂ ‘ਤੇ ਚੜ੍ਹ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਨ ਜਾਂ ਅਗਲਿਆਂ ਨੂੰ ਲਤਾੜ ਕੇ ਮੁਹਰੈਲ ਬਣਨ ਦੀ ਤਾਂਘ ਵਿਚ ਹੋਣ, ਉਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਅਸੀਂ ਮੂਹਰਲੀ ਕਤਾਰ ਦੇ ਬਾਸ਼ਿੰਦੇ ਹੋਈਏ। ਉਹ ਆਪਣੀ ਲਾਲਸਾ ਦੀ ਪੂਰਤੀ ਲਈ ਕੁਝ ਵੀ ਕਰਨ ਤਕ ਜਾਂਦੇ ਹਨ। ਉਹ ਹਮੇਸ਼ਾ ਆਪਣੇ ਆਪ ਨੂੰ ਮੂਹਰੇ ਦਿਸਣਾ ਪਸੰਦ ਕਰਦੇ ਹਨ। ਉਨ੍ਹਾਂ ਵਿਚ ਮੱਲੋ-ਮੱਲੀ ਆਗੂ ਬਣਨ ਜਾਂ ਕਹਾਉਣ ਦੀ ਪ੍ਰਬਲ ਭੁੱਖ ਹੁੰਦੀ ਹੈ। ਭਾਵੇਂ ਉਨ੍ਹਾਂ ਵਿਚ ਆਗੂ ਬਣਨ ਵਾਲੇ ਗੁਣ ਹੋਣ ਜਾਂ ਨਾ ਹੋਣ, ਪਰ ਉਹ ਘਟੀਆ ਤੋਂ ਘਟੀਆ ਸਾਧਨ ਵਰਤ ਕੇ ਆਪਣੀ ਇੱਛਾ ਪੂਰਤੀ ਦਾ ਯਤਨ ਕਰਦੇ ਰਹਿੰਦੇ ਹਨ। ਉਹ ਆਪਣੀ ਯੋਗਤਾ ਸੁਧਾਰਨ ਦੀ ਕਦੇ ਵੀ ਉਚੇਚ ਨਹੀਂ ਕਰਦੇ। ਉਹ ਹਮੇਸ਼ਾ ਉਚੇਚ ਜਾਂ ਖਾਸ ਦਿਸਣਾ ਚਾਹੁੰਦੇ ਹਨ। ਦੂਜੇ ਦੇ ਕੀਤੇ ਉਦਮ ਦਾ ਫਲ ਆਪਣੀ ਝੋਲੀ ਵਿਚ ਵੇਖਣਾ ਪਸੰਦ ਕਰਦੇ ਹਨ। ਉਨ੍ਹਾਂ ਦੇ ਮੂੰਹ ਖੁਲ੍ਹੇ ਹੁੰਦੇ ਹਨ ਤੇ ਜੇਬਾਂ ਨੂੰ ਗੰਢ ਮਾਰ ਕੇ ਰੱਖਦੇ ਹਨ। ਦੂਜਿਆਂ ਦੇ ਕੀਤੇ ਚੰਗੇ ਕੰਮਾਂ ਨੂੰ ਆਪਣੇ ਮੱਥੇ ਦੀ ਸਲੇਟ ਤੇ ਉਕਰਿਆ ਵੇਖਣਾ ਚਾਹੁੰਦੇ ਹਨ।
ਇਸ ਤਰ੍ਹਾਂ ਦੇ ਬੰਦੇ ਹਰ ਖੇਤਰ ਵਿਚ, ਚਾਹੇ ਉਹ ਸਮਾਜਕ, ਸਭਿਆਚਾਰਕ, ਧਾਰਮਿਕ ਖੇਤਰ ਹੋਵੇ ਤੇ ਭਾਵੇਂ ਰਾਜਨੀਤਿਕ ਖੇਤਰ ਹੋਵੇ, ਭੰਮੀਰੀ ਵਾਂਗ ਘੁੰਮਦੇ ਆਮ ਹੀ ਮਿਲ ਜਾਣਗੇ। ਇਹ ਬੰਦੇ ਇੱਕ ਥਾਂ ‘ਤੇ ਟਿਕ ਕੇ ਬਹਿਣ ਵਾਲੇ ਬੰਦੇ ਨਹੀਂ ਹੁੰਦੇ। ਇਹ ਹਮੇਸ਼ਾ ਚੋਰ ਮੋਰੀਆਂ ਦੀ ਭਾਲ ਵਿਚ ਰਹਿੰਦੇ ਹਨ, ਜਦੋਂ ਥੋੜ੍ਹੀ ਜਿਹੀ ਵਿਰਲ ਮਿਲੀ, ਇਹ ਮੂਹਰੇ ਹੋ ਕੇ ਹੋਕਾ ਦੇਣ ਲੱਗਦੇ ਹਨ। ਇਹ ਅੰਦਰੋਂ-ਬਾਹਰੋਂ ਊਣੇ ਬੰਦੇ ਹਰ ਇਕੱਠ ਵਿਚ ਦੂਜਿਆਂ ਦੇ ਬੋਲਣ ਤੋਂ ਪਹਿਲਾਂ ਬੋਲਦੇ ਨਜ਼ਰ ਆਉਣਗੇ। ਹਰ ਗੱਲ ਵਿਚ ਬਿਨਾ ਪੁੱਛੇ ਸਲਾਹ ਦੇਣਾ ਆਪਣਾ ਫਰਜ਼ ਸਮਝਦੇ ਹਨ। ਇਨ੍ਹਾਂ ਕੋਲ ਗੱਲ ਕਹਿਣ ਤੇ ਕਰਨ ਦਾ ਹੁਨਰ ਆਮ ਲੋਕਾਂ ਤੋਂ ਵੱਧ ਹੁੰਦਾ ਹੈ। ਆਪਣੀ ਗੱਲ ਨੂੰ ਵਜ਼ਨਦਾਰ ਤੇ ਸਮਝਦਾਰ ਬਣਾਉਣ ਲਈ ਹਲਕੇ ਫੁਲਕੇ ਚੁਟਕਲਿਆਂ ਦਾ ਸਹਾਰਾ ਆਮ ਹੀ ਲੈਂਦੇ ਹਨ। ਕਈ ਵਾਰੀ ਆਮ ਬੈਠਕਾਂ ਵਿਚ ਵੀ ਜਿੱਥੇ ਭਾਵੇਂ ਓਪਰੇ ਬੰਦੇ ਵੀ ਬੈਠੇ ਹੋਣ, ਬਹੁਤ ਹੀ ਘਟੀਆ ਕਿਸਮ ਦੇ ਲਤੀਫੇ ਸੁਣਾ ਕੇ ਆਪਣੀ ਔਕਾਤ ਨੂੰ ਹੋਰ ਦਿਲਚਸਪ ਬਣਾਉਣ ਲਈ ਉਤਾਵਲੇ ਹੁੰਦੇ ਹਨ।
ਇਹ ਲੋਕ ਗੈਰ ਹਾਜ਼ਰ ਲੋਕਾਂ ਬਾਰੇ ਭੱਦੀਆਂ ਟਿੱਪਣੀਆਂ ਕਰਕੇ ਹਸਾਉਣ ਦੀ ਕੋਸ਼ਿਸ਼ ਕਰਦੇ ਆਪਣੀ ਅਕਲ ਦਾ ਨੰਗ ਢਕਦੇ ਨਜ਼ਰ ਆਉਂਦੇ ਹਨ। ਇਨ੍ਹਾਂ ਕੋਲ ਆਪਣਾ ਕੁਝ ਨਹੀਂ ਹੁੰਦਾ, ਦੂਜਿਆਂ ਦੇ ਸ਼ਬਦਾਂ ਦਾ ਉਤਾਰ ਪਹਿਨਦੇ ਤੇ ਹਢਾਉਂਦੇ ਹਨ। ਇਹ ਬੜੀ ਢੀਠਤਾ ਨਾਲ ਹੋਰਨਾਂ ਦੇ ਚੋਰੀ ਕੀਤੇ ਸ਼ਬਦਾਂ ਦੀ ਆਪਣੀ ਜ਼ੁਬਾਨ ਨਾਲ ਜੁਗਾਲੀ ਕਰਦੇ ਹਨ।
ਆਗੂ ਬਣਨ ਦੀ ਦੌੜ ਵਿਚ ਇਹ ਜੋੜ-ਤੋੜ ਦੇ ਮਾਹਰ ਬੰਦੇ ਵੱਖ ਵੱਖ ਸੰਸਥਾਵਾਂ ਜਥੇਬੰਦੀਆਂ ਵਿਚ ਘੁਸਪੈਠ ਕਰਕੇ ਚੰਗੇ ਉਦਮ ਕਰ ਰਹੀਆਂ ਸੰਸਥਾਵਾਂ ਦਾ ਭੱਠਾ ਕੁਝ ਦਿਨਾਂ ਵਿਚ ਹੀ ਬਿਠਾ ਦਿੰਦੇ ਹਨ। ਆਪਣੇ ਕੁਹਜ ਦੀ ਭਿਣਕ ਕੰਧਾਂ ਤੋਂ ਵੀ ਲੁਕਾ ਕੇ ਰੱਖਦੇ ਹਨ। ਇਕੱਠ ਇਨ੍ਹਾਂ ਨੂੰ ਚੁਭਦਾ ਹੈ, ਖਿਲਾਰਾ ਪਿਆ ਵੇਖ ਕੇ ਮਨ ਵਿਚ ਲੱਡੂ ਭੁਰਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦੀ ਆਪਣੇ ਘਰ ਵਿਚ ਵੁਕਤ ਕੌਡੀ ਦੀ ਵੀ ਨਹੀਂ ਹੁੰਦੀ, ਪਰ ਦੂਜਿਆਂ ਦੇ ਘਰਾਂ ਵਿਚ ਘੁਸ ਕੇ ਮਹਿਮਾਨ ਨਿਵਾਜ਼ੀ ਦੀ ਤਵੱਕੋ ਰੱਖਦੇ ਹਨ। ਇਨ੍ਹਾਂ ਦੀ ਝਾਕਣੀ ‘ਚ ਸ਼ੈਤਾਨੀਅਤ ਤੇ ਬੋਲਾਂ ਵਿਚ ਮਿਸ਼ਰੀ ਦੀ ਮਿਠਾਸ ਦਾ ਮੁਲੰਮਾ ਹੁੰਦਾ ਹੈ। ਇਹ ਆਪਣੇ ਆਸੇ-ਪਾਸੇ ਵਿਚਰਦੇ ਲੋਕਾਂ ਦੀ ਕਮਜ਼ੋਰੀ ਭਾਲ ਕੇ ਰੱਖਦੇ ਹਨ ਤੇ ਚੁਆਤੀ ਨੂੰ ਜੇਬ ਵਿਚ ਸਾਂਭ ਰੱਖਦੇ ਹਨ। ਵੇਲਾ ਆਉਣ ‘ਤੇ ਆਪਣੀ ਜੁਗਤ ਵਰਤਦੇ ਹਨ। ਚਾਣਕਿਆ ਦੀ ਨੀਤੀ ਵਾਂਗ ਬਾਹਰੋਂ ਦਿਆਲੂ ਸੇਵਕ ਤੇ ਭਲੇ ਮਨੁੱਖ ਲੱਗਦੇ ਹਨ, ਪਰ ਅੰਦਰੋਂ ਕਠੋਰ ਤੇ ਹੰਕਾਰੀ ਹੁੰਦੇ ਹਨ। ਆਪਣਾ ਕੱਦ ਉਚਾ ਕਰਨ ਦੀ ਥਾਂ ਹੋਰਨਾਂ ਦੀਆਂ ਲੱਤਾਂ ਵੱਢਣ ਵੱਲ ਵੱਧ ਧਿਆਨ ਦਿੰਦੇ ਹਨ। ਆਪਣੇ ਤੋਂ ਸਿਆਣਾ ਬੰਦਾ ਇਨ੍ਹਾਂ ਨੂੰ ਭੈੜਾ ਲੱਗਦਾ ਹੈ। ਸ਼ਖਸੀਅਤਾਂ ਦੇ ਭੇੜ ਵਿਚੋਂ ਆਪਣੇ ਆਪ ਨੂੰ ਹਮੇਸ਼ਾ ਜੇਤੂ ਵੇਖਣਾ ਪਸੰਦ ਕਰਦੇ ਹਨ। ਇਨ੍ਹਾਂ ਦੀਆਂ ਲਾਲਸਾਵਾਂ ਬਹੁਤ ਉਚੀਆਂ ਹੁੰਦੀਆਂ ਹਨ, ਇਸੇ ਲਈ ਕਿਸੇ ਖੇਤਰ ਵਿਚ ਟਿਕ ਕੇ ਬੈਠਣਾ ਇਨ੍ਹਾਂ ਲਈ ਬੜਾ ਔਖਾ ਹੁੰਦਾ ਹੈ। ਇਸੇ ਲਈ ਇਹ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ ਤੇ ਪਾਰਟੀਆਂ ਬਦਲਦੇ ਰਹਿੰਦੇ ਹਨ।
ਇਹ ਲੋਕ ਕਿਸੇ ਦੀ ਅਗਵਾਈ ਵਿਚ ਕੰਮ ਕਰਨਾ ਹੀਣ-ਭਾਵਨਾ ਮਹਿਸੂਸ ਕਰਦੇ ਹਨ। ਅਧੀਨਗੀ ਦੀ ਪ੍ਰਵਿਰਤੀ ਇਨ੍ਹਾਂ ਦੇ ਮੇਚ ਨਹੀਂ ਆਉਂਦੀ। ਇਹ ਤਾਂ ਝੰਡਾ ਬਰਦਾਰ ਹੁੰਦੇ ਹਨ। ਆਗੂ ਬਣਨ ਦੀ ਇਸ ਪ੍ਰਵਿਰਤੀ ਨੇ ਮਨੁੱਖ ਨੂੰ ਇੰਨਾ ਛੋਟਾ ਕਰ ਦਿੱਤਾ ਹੈ ਕਿ ਕਦੇ ਕਦੇ ਉਨ੍ਹਾਂ ਦੇ ਇਸ ਕਿਰਦਾਰ ‘ਤੇ ਹਾਸਾ ਆਉਣ ਲੱਗਦਾ ਹੈ। ਨਿਯਮ, ਅਸੂਲ, ਮਰਿਆਦਾ ਕੀ ਹੁੰਦੇ ਹਨ, ਇਸ ਦਾ ਉਨ੍ਹਾਂ ਲਈ ਕੋਈ ਅਰਥ ਨਹੀਂ। ਸਮਾਜਕ ਵਰਤਾਰੇ ਦੀ ਤੋੜ-ਫੋੜ ਇਨ੍ਹਾਂ ਨੂੰ ਬੁਰੀ ਨਹੀਂ ਲੱਗਦੀ।
ਇਸ ਤਰ੍ਹਾਂ ਦੇ ਲੋਕ ਕਿਸੇ ਦੇ ਵੀ ਵਫਾਦਾਰ ਨਹੀਂ ਹੁੰਦੇ। ਰਾਜਨੀਤਕ ਲੋਕਾਂ ਵਿਚ ਮੂਹਰੇ ਰਹਿਣ ਦੀ ਭੁੱਖ ਸਭ ਤੋਂ ਵੱਧ ਹੁੰਦੀ ਹੈ। ਜਦੋਂ ਚੋਣਾਂ ਨੇੜੇ ਹੋਣ, ਇਹ ਲੀਡਰ ਕਿਸਮ ਦੇ ਬੰਦੇ ਥੋਕ ਵਿਚ ਵਫਾਦਾਰੀਆਂ ਬਦਲਦੇ ਹਨ। ਜਦੋਂ ਉਹ ਮਹਿਸੂਸ ਕਰਨ ਲੱਗਦੇ ਹਨ ਕਿ ਸਬੰਧਤ ਪਾਰਟੀ ਵਿਚ ਗਰਾਫ ਹੇਠਾਂ ਡਿੱਗ ਪਿਆ ਹੈ ਤੇ ਪਾਰਟੀ ਵਿਚ ਬਤੌਰ ਵਰਕਰ ਕੰਮ ਕਰਨ ਦੀ ਨੌਬਤ ਆ ਸਕਦੀ ਹੈ ਤਾਂ ਉਹ ਦੂਜੀਆਂ ਪਾਰਟੀਆਂ ਨਾਲ ਸੌਦੇਬਾਜ਼ੀ ਕਰਕੇ ਫਿਰ ਪਹਿਲੀ ਕਤਾਰ ਵਿਚ ਆਪਣੀ ਥਾਂ ਬਣਾਉਣ ਲਈ ਚਾਰਾਜੋਈ ਕਰਦੇ ਹਨ। ਸ਼ਰਮ ਦਾ ਪੱਲਾ ਇਨ੍ਹਾਂ ਦੇ ਕੋਲ ਨਹੀਂ ਹੁੰਦਾ ਤੇ ਨਾ ਹੀ ਪਰਵਾਹ ਕਰਦੇ ਹਨ ਕਿ ਲੋਕ ਕੀ ਕਹਿਣਗੇ! ਢੀਠਤਾ ਇਨ੍ਹਾਂ ਦਾ ਗਹਿਣਾ ਹੈ।
ਪਰਿਵਾਰਾਂ ਵਿਚ ਵੀ ਇਹ ਆਮ ਵੇਖਣ ਨੂੰ ਮਿਲਦਾ ਹੈ ਕਿ ਕਈ ਜੀਅ ਘਰ ਦੀ ਨੰਬਰਦਾਰੀ ਹਮੇਸ਼ਾ ਆਪਣੇ ਹੱਥ ਵਿਚ ਲੋਚਦੇ ਹਨ। ਨੰਬਰਦਾਰੀ ਹੱਥ ਵਿਚੋਂ ਨਿਕਲਦੀ ਵੇਖ ਘਰ ਦੀਆਂ ਵੰਡੀਆਂ ਪਾ ਦਿੰਦੇ ਹਨ। ਹੱਸਦੇ-ਵਸਦੇ ਸੋਹਣੇ ਘਰ ਚੌਧਰ ਦੀ ਭੁੱਖ ਦੀ ਭੇਟ ਚੜ੍ਹ ਜਾਂਦੇ ਹਨ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਲਹਿਰਾਂ, ਕੌਮਾਂ ਤੇ ਦੇਸ਼ ਮਾੜੇ ਅਨਸਰਾਂ ਦੀ ਅਗਵਾਈ ਕਾਰਨ ਤਬਾਹ ਹੋ ਜਾਂਦੀਆਂ ਹਨ, ਪਰ ਸਿਦਕਵਾਨ ਉਚੇ ਸੁੱਚੇ ਇਰਾਦਿਆਂ ਵਾਲੇ ਬੰਦੇ ਭਾਵੇਂ ਕਿਸੇ ਵੀ ਪੁਜ਼ੀਸਨ ਵਿਚ ਕੰਮ ਕਰਦੇ ਹੋਣ, ਲੋਕ ਆਪ-ਮੁਹਾਰੇ ਉਨ੍ਹਾਂ ਨੂੰ ਆਗੂ ਮੰਨ ਕੇ ਅੱਗੇ ਲੈ ਆਉਂਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਕੰਮ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਹਜ਼ਾਰਾਂ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ, ਜਦੋਂ ਲੋਕਾਂ ਨੇ ਆਪਣੇ ਆਗੂ ਦੇ ਇੱਕ ਇਸ਼ਾਰੇ ‘ਤੇ ਜਾਨਾਂ ਵਾਰ ਦਿੱਤੀਆਂ। ਲੋਕਾਂ ਦੀ ਤਾਕਤ ਨੇ ਬਾਦਸ਼ਾਹੀਆਂ ਬਖਸ਼ੀਆਂ। ਤਖਤੇ ਤੋਂ ਤਖਤ ‘ਤੇ ਬਿਠਾਇਆ।
ਆਗੂ ਬਣਨਾ ਕੋਈ ਭੈੜ ਨਹੀਂ ਹੈ। ਜੇ ਤੁਸੀਂ ਉਦਮ ਤੇ ਯੋਗਤਾ ਨਾਲ ਪੁਜ਼ੀਸਨ ਹਾਸਲ ਕਰਦੇ ਹੋ ਤਾਂ ਲੋਕ ਵੀ ਤੁਹਾਡਾ ਸਤਿਕਾਰ ਕਰਨਗੇ, ਪਰ ਬਹੁਤੇ ਲੋਕ ਦਾਅ ਲਾਉਣ ਦੀ ਝਾਕ ਵਿਚ ਰਹਿੰਦੇ ਹਨ। ਅੱਜ ਦਾ ਯੁਗ ਇਸ਼ਤਿਹਾਰੀ ਨਾਚ ਨੱਚਦਾ ਹੈ। ਮਾੜੀ ਵਸਤੂ ਨੂੰ ਵੀ ਮੀਡੀਆ ਬਾਜ਼ਾਰ ਵਿਚ ਚੰਗਾ ਬਣਾ ਕੇ ਪੇਸ਼ ਕਰਦਾ ਹੈ। ਇਸ ਤਰ੍ਹਾਂ ਯੋਗਤਾ ਹੀਣ ਬੰਦੇ ਵੀ ਆਪਣਾ ਮੁੱਲ ਪਵਾ ਜਾਂਦੇ ਹਨ, ਪਰ ਮੁਲੰਮਾ ਛੇਤੀ ਲਹਿ ਜਾਂਦਾ ਹੈ। ਲੋਕ ਸਿਆਣੇ ਹੁੰਦੇ ਹਨ, ਛੇਤੀ ਹੀ ਅਸਲ-ਨਕਲ ਦੀ ਪਛਾਣ ਕਰ ਲੈਂਦੇ ਹਨ।
ਸਮਰੱਥਾਵਾਨ ਲੋਕ ਭੀੜਾਂ ਨੂੰ ਪਿੱਛੇ ਛੱਡ ਆਪਣਾ ਰਾਹ ਬਣਾਉਂਦੇ ਹਨ। ਅਸੀਂ ਆਮ ਹੀ ਦੂਜਿਆਂ ਦੀ ਸਮਰੱਥਾ, ਸ਼ਕਤੀ ਨੂੰ ਛੋਟਾ ਅਕਾਂਖਦੇ ਹਾਂ ਅਤੇ ਆਪਣੇ ਆਪ ਨੂੰ ਵੱਡੇ ਮੇਚ ਦੇ ਹੋਣ ਦਾ ਭਰਮ ਪਾਲਦੇ ਹਾਂ। ਉਘੇ ਚਿੰਤਕ ਆਰ. ਐਲ਼ ਸਟੀਵਨਸਨ ਲਿਖਦੇ ਹਨ, “ਆਸ਼ਾਵਾਦੀ ਯਾਤਰਾ ਮੰਜ਼ਿਲ ‘ਤੇ ਪਹੁੰਚਣ ਨਾਲੋਂ ਵੱਧ ਅਹਿਮ ਹੁੰਦੀ ਹੈ, ਸੱਚੀ ਸਫਲਤਾ ਮਿਹਨਤ ਕਰਨ ਵਿਚ ਹੀ ਹੈ।” ਚੁੱਪ ਤੇ ਸ਼ਾਂਤ ਵਹਿੰਦੇ ਦਰਿਆ ਖੌਲਦੇ ਸਾਗਰਾਂ ਤੋਂ ਵੱਧ ਪੈਂਡਾ ਤੈਅ ਕਰਦੇ ਹਨ। ਸਿੱਧੀਆਂ ਡੰਡੀਆਂ ਛੋਟੇ ਰਾਹ ਹੁੰਦੇ ਹਨ, ਟੇਡੀਆਂ ਮੇਢੀਆਂ ਡੰਡੀਆਂ ਹੀ ਲੰਮੇਰੇ ਰਾਹਾਂ ਦੇ ਰਾਹੀਆਂ ਦਾ ਸਿਰਨਾਵਾਂ ਹੁੰਦੀਆਂ ਹਨ। ਲਾਲਸਾ ਅਤੇ ਭੁੱਖ ਦੀ ਦਾਤਰ ਕਈ ਵਾਰੀ ਆਪਣੇ ਹੀ ਹੱਥ ਵੱਢ ਸੁੱਟਦੀ ਹੈ, ਸਬਰ ਸੰਤੋਖ ਵਾਲੇ ਕਿਰਤੀ ਹੱਥ ਹਮੇਸ਼ਾ ਸਲਾਮਤ ਰਹਿੰਦੇ ਹਨ।
ਕੁਦਰਤ ਹਰ ਇੱਕ ਦੀ ਝੋਲੀ ਕੋਈ ਨਾ ਕੋਈ ਗੁਣ ਜ਼ਰੂਰ ਪਾਉਂਦੀ ਹੈ, ਲੋੜ ਹੈ ਉਸ ਗੁਣ ਦੀ ਥਹੁ ਪਾਉਣ ਦੀ, ਪਰ ਅਸੀਂ ਤਾਂ ਦੂਜਿਆਂ ਦੇ ਪਿੱਛਲੱਗ ਬਣ ਕੇ ਆਪਣਾ ਆਪ ਗਵਾ ਬੈਠੇ ਹਾਂ। ਇੱਕ ਫਾਰਸੀ ਕਹਾਵਤ ਹੈ, “ਚੰਗੀ ਤਰ੍ਹਾਂ ਸੋਚਣਾ ਬੁੱਧੀਮਾਨੀ ਹੈ ਅਤੇ ਚੰਗੀ ਤਰ੍ਹਾਂ ਕੰਮ ਨੂੰ ਪੂਰਾ ਕਰਨਾ ਸਭ ਤੋਂ ਵਧੀਆ ਬੁੱਧੀਮਾਨੀ ਹੈ।’ ਪਰ ਅੱਜ ਦਾ ਮਨੁੱਖ ਕੰਮਚੋਰ ਹੁੰਦਾ ਜਾ ਰਿਹਾ ਅਤੇ ਬਿਨਾ ਕੁਝ ਕੀਤਿਆਂ ਸਿਰ ‘ਤੇ ਤਾਜ਼ ਸਜਿਆ ਵੇਖਣਾ ਚਾਹੁੰਦਾ ਹੈ। ਚਾਣਕਿਆ ਲਿਖਦੇ ਹਨ, “ਮਨੁੱਖ ਆਪਣੇ ਗੁਣਾਂ ਨਾਲ ਮਹਾਨ ਬਣਦਾ ਹੈ, ਉਚੀ ਕੁਰਸੀ ‘ਤੇ ਬੈਠਣ ਨਾਲ ਨਹੀਂ। ਕੀ ਉਚੇ ਮਹਿਲਾਂ ‘ਤੇ ਬੈਠ ਕੇ ਕਾਂ ਗਰੁੜ ਬਣ ਸਕਦਾ ਹੈ?”