‘ਕਿਸਮਤ’ ਅਤੇ ‘ਗੁੱਡੀਆਂ ਪਟੋਲੇ’ ਫਿਲਮ ‘ਚ ਆਪਣੀ ਬਾਕਮਾਲ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵਸੀ ਖੂਬਸੂਰਤ ਅਦਾਕਾਰਾ ਤਾਨੀਆ ਹੁਣ ਪੰਜਾਬੀ ਫਿਲਮ ‘ਸੁਫਨਾ’ ਵਿਚ ਪੰਜਾਬੀ ਸਿਨੇਮਾ ਦੇ ਸਿਰਮੌਰ ਨਾਇਕ ਐਮੀ ਵਿਰਕ ਨਾਲ ਨਜ਼ਰ ਆਵੇਗੀ। ਬੀਤੇ ਦਿਨੀਂ ਫਿਲਮ ਦਾ ਪਹਿਲਾ ਵੀਡੀਓ ਗੀਤ ‘ਕਬੂਲ ਏ’ ਰਿਲੀਜ਼ ਹੋਇਆ ਹੈ, ਜੋ ਪਹਿਲੇ ਹੀ ਦਿਨ ਦਸ ਲੱਖ ਤੋਂ ਵੱਧ ਦਰਸ਼ਕਾਂ ਨੇ ਵੇਖਿਆ। ਖੂਬਸੂਰਤ ਲਫਜ਼ਾਂ ‘ਚ ਪਰੋਇਆ ਇਹ ਗੀਤ ਪੂਰੀ ਤਰ੍ਹਾਂ ਤਾਨੀਆ ਦੀ ਭਾਵਨਾਤਮਕ ਅਦਾਕਾਰੀ ਅਤੇ ਵਧੀਆ ਨ੍ਰਿਤ ਪੇਸ਼ਕਾਰੀ ਕਰਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਫਿਲਮ ਦਾ ‘ਫਸਟ ਲੁੱਕ’ ਗੀਤ ਪੂਰੀ ਤਰ੍ਹਾਂ ਨਾਇਕਾ ਪ੍ਰਧਾਨ ਹੋਣ ਦੀ ਪ੍ਰਤੀਨਿਧਤਾ ਕਰਦਾ ਹੋਵੇ। ਇਸ ਗੀਤ ਤੋਂ ਸਾਫ ਝਲਕਦਾ ਹੈ ਕਿ ਤਾਨੀਆ ਇਸ ਫਿਲਮ ਰਾਹੀਂ ਆਪਣੀ ਕਲਾਤਮਿਕ ਜ਼ਿੰਦਗੀ ਦਾ ਵੱਡਾ ਸੁਫਨਾ ਸੱਚ ਕਰ ਸਕਦੀ ਹੈ।
‘ਪੰਜ ਪਾਣੀ ਫਿਲਮਜ਼’ ਬੈਨਰ ਹੇਠ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫਿਲਮ ‘ਕਿਸਮਤ’ ਵਾਂਗ ਇੱਕ ਵੱਖਰੀ ਹੀ ਕਿਸਮ ਦੀ ਲਵ ਸਟੋਰੀ ਆਧਾਰਤ ਹੋਵੇਗੀ। ਤਾਨੀਆ ਪੰਜਾਬੀ ਸਿਨੇਮਾ ਦੀ ਉਹ ਅਦਾਕਾਰਾ ਹੈ, ਜਿਸ ਦੀ ਕਿਸਮਤ ਅਤੇ ਮਿਹਨਤ ਨੇ ਚੰਗਾ ਸਾਥ ਦਿੱਤਾ ਹੈ। ‘ਗੁੱਡੀਆਂ ਪਟੋਲੇ’ ਨੂੰ ਮਿਲੀ ਸਫਲਤਾ ਪਿਛੋਂ ਅੱਜ ਉਹ ਬਤੌਰ ਨਾਇਕਾ ਐਮੀ ਵਿਰਕ ਨਾਲ ਵੱਡੇ ਪਰਦੇ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਤਾਨੀਆ ਜਿੱਥੇ ਰੰਗ ਰੂਪ, ਨਾਜ਼ ਨਖਰਿਆਂ ਦੀ ਪੁੱਜ ਕੇ ਅਮੀਰ ਹੈ, ਉਥੇ ਅਦਾਕਾਰੀ ਵਿਚ ਵੀ ਸੋਲਾਂ ਕਲਾਂ ਸੰਪੂਰਨ ਹੈ। ਦਰਸ਼ਕ ਉਸ ਦੀ ਅਦਾਕਾਰੀ ਦੇ ਰੰਗ ਮੁਢਲੀਆਂ ਫਿਲਮਾਂ ਵਿਚ ਵੇਖ ਚੁਕੇ ਹਨ। ਹੁਣ ਐਮੀ ਵਿਰਕ ਨਾਲ ਬਤੌਰ ਨਾਇਕਾ ਪਿਆਰ ਮਹੁੱਬਤ ਦੇ ਰੰਗਾਂ ‘ਚ ਰੰਗੀ ਫਿਲਮ ‘ਸੁਫਨਾ’ ਉਸ ਦੇ ਸੁਫਨਿਆਂ ‘ਚ ਰੰਗ ਭਰਨ ਆ ਰਹੀ ਹੈ।
ਰਾਜਸਥਾਨ ਦੀਆਂ ਦਿਲ ਲੁਭਾਉਣੀਆਂ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇਮਾ ਦਰਸ਼ਕਾਂ ਲਈ ਇਕ ਹੁਸੀਨ ਤੋਹਫਾ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਫਿਲਮ ਤੋਂ ਪਹਿਲਾਂ ਦਰਸ਼ਕ ਤਾਨੀਆ ਨੂੰ ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’, ‘ਗੁੱਡੀਆਂ ਪਟੋਲੇ, ‘ਰੱਬ ਦਾ ਰੇਡੀਓ-2’ ਅਤੇ ‘ਕਿਸਮਤ’ ਵਿਚ ਵੀ ਵੇਖ ਚੁਕੇ ਹਨ। ਜਮਸ਼ੇਦਪੁਰ ‘ਚ ਜਨਮੀ ਤੇ ਅੰਮ੍ਰਿਤਸਰ ‘ਚ ਪਲੀ ਤਾਨੀਆ ਨੇ ਦੱਸਿਆ ਕਿ ਉਸ ਨੂੰ ਕਲਾ ਦਾ ਸ਼ੌਕ ਸ਼ੁਰੂ ਤੋਂ ਹੀ ਸੀ। ਕਾਲਜ ਦੇ ਦਿਨਾਂ ਵਿਚ ਉਸ ਦੀ ਅਦਾਕਾਰੀ ਪੂਰੇ ਜੋਬਨ ‘ਤੇ ਰਹੀ, ਜਿੱਥੇ ਥੀਏਟਰ ਕਰਦਿਆਂ ਉਸ ਨੇ ਕਲਾ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕੀਤਾ। ਭਾਵੇਂ ਉਸ ਦੇ ਪਰਿਵਾਰ ‘ਚ ਅਜਿਹਾ ਸ਼ੌਕ ਪਹਿਲਾਂ ਕਿਸੇ ਨੂੰ ਨਹੀਂ ਸੀ, ਪਰ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਇਸ ਖੇਤਰ ‘ਚ ਅੱਗੇ ਵਧਣ ‘ਚ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ। ਉਸ ਨੇ ਅੰਮ੍ਰਿਤਸਰ ਕਾਲਜ ‘ਚ ਪੜ੍ਹਦਿਆਂ ਰੰਗਮੰਚ ‘ਤੇ ਅਨੇਕਾਂ ਨਾਟਕ ਖੇਡੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ ਛੇ ਵਾਰ ਜਿੱਤਿਆ। ਕਲਾ ਤੋਂ ਇਲਾਵਾ ਉਸ ਨੇ ਪੜ੍ਹਾਈ ਖੇਤਰ ਵਿਚ ਵੀ ਆਪਣੇ ਸੁਪਨੇ ਪੂਰੇ ਕੀਤੇ। ਉਸ ਨੇ ਪੋਸਟ ਗਰੈਜੁਏਸ਼ਨ ਅਤੇ ਬਤੌਰ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਕੀਤੀ।
ਤਾਨੀਆ ਨੂੰ ਪਹਿਲਾਂ ਇਕ ਬਾਲੀਵੁੱਡ ਫਿਲਮ ‘ਸਰਬਜੀਤ’ ਮਿਲੀ ਸੀ, ਪਰ ਉਹ ਆਪਣੇ ਫਾਈਨਲ ਪੇਪਰਾਂ ਕਰਕੇ ਨਾ ਕਰ ਸਕੀ। ਫਿਰ ਨਿਰਮਾਤਾ ਕਪਿਲ ਸ਼ਰਮਾ ਦੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਵਿਚ ਲੰਮਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਪਰ ਇਹ ਫਿਲਮ ਰਿਲੀਜ਼ ਦੇਰੀ ਨਾਲ ਹੋਈ ਤੇ ਇਸ ਦੇ ਨਾਲ ਹੀ ਉਸ ਦੀ ਫਿਲਮ ‘ਕਿਸਮਤ’ ਆ ਗਈ। ਹੁਣ ਆਪਣੀ ਨਵੀਂ ਆ ਰਹੀ ਫਿਲਮ ‘ਸੁਫਨਾ’ ਤੋਂ ਤਾਨੀਆ ਨੂੰ ਬਹੁਤ ਉਮੀਦਾਂ ਹਨ।
ਤਾਨੀਆ ਨੇ ਦੱਸਿਆ ਕਿ ‘ਸੁਫਨਾ’ ਲਈ ਉਸ ਨੇ ਜੀ-ਤੋੜ ਮਿਹਨਤ ਕੀਤੀ ਹੈ। ਜਿਮ ਜਾ ਕੇ ਆਪਣਾ ਵਜ਼ਨ ਘਟਾਇਆ ਤੇ ਕਈ ਮਹੀਨੇ ਡਾਈਟ ‘ਤੇ ਰਹੀ। ਉਸ ਨੂੰ ਆਸ ਹੈ ਕਿ ਦਰਸ਼ਕ ਉਸ ਦੀ ਇਸ ਫਿਲਮ ਵਿਚਲੀ ਅਦਾਕਾਰੀ ਨੂੰ ਪਹਿਲੀਆਂ ਫਿਲਮਾਂ ਵਾਂਗ ਜਰੂਰ ਪਸੰਦ ਕਰਨਗੇ।
-ਸੁਰਜੀਤ ਜੱਸਲ
ਫੋਨ: 91-98146-07737