ਇਕਬਾਲ ਢਿੱਲੋਂ ਬਣਾਏਗਾ ‘ਜੱਟ ਜਿਊਣਾ ਮੌੜ ਰਿਟਰਨਜ਼’

ਅੰਮਿਤ ਪਵਾਰ
ਰਾਸ਼ਟਰਪਤੀ ਐਵਾਰਡ ਜੇਤੂ ਫਿਲਮ ਨਿਰਮਾਤਾ ਇਕਬਾਲ ਢਿੱਲੋਂ ਨੂੰ ‘ਪੁੱਤ ਜੱਟਾਂ ਦੇ’, ‘ਬਦਲਾ ਜੱਟੀ ਦਾ’ ਤੋਂ ਲੈ ਕਿ ‘ਸ਼ਹੀਦ ਊਧਮ ਸਿੰਘ’, ‘ਤਬਾਹੀ’, ‘ਸੁੱਖਾ’, ‘ਮਹਿੰਦੀ ਵਾਲੇ ਹੱਥ’ ਜਿਹੀਆਂ ਸੁਪਰ ਹਿੱਟ ਪੰਜਾਬੀ ਫਿਲਮਾਂ ਬਣਾਉਣ ਦਾ ਮਾਣ ਹਾਸਿਲ ਹੈ।

ਪਾਲੀਵੁੱਡ ਦੇ ਥੰਮ ਇਕਬਾਲ ਢਿੱਲੋਂ ਨੇ ਹੁਣ ‘ਜੱਟ ਜਿਊਣਾ ਮੌੜ ਰਿਟਰਨਜ਼’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਹਿੱਟ ਫਿਲਮ ‘ਜੱਟ ਜਿਊਣਾ ਮੌੜ’ ਵੀ ਇਕਬਾਲ ਨੇ ਹੀ ਬਣਾਈ ਸੀ। ਇਕਬਾਲ ਢਿੱਲੋਂ ਨੇ ਗੁੱਗੂ ਗਿੱਲ, ਯੋਗਰਾਜ ਸਿੰਘ, ਮਨਜੀਤ ਕੁਲਾਰ, ਕੀਰਤੀ ਸਿੰਘ, ਮਿਸ ਪੂਜਾ, ਵਿਸਾਲ ਸਿੰਘ ਜਿਹੇ ਸਟਾਰ ਚਿਹਰੇ ਇੰਡਸਟਰੀ ਨੂੰ ਦਿੱਤੇ ਹਨ। ‘ਪੰਜਾਬੀ ਸਕਰੀਨ ਐਵਾਰਡ’ ਵੀ ਉਸ ਨੂੰ ਮਿਲ ਚੁਕਾ ਹੈ।
ਈਸ਼ਾ ਰਿਖੀ ਗਈ ਬਾਲੀਵੁੱਡ
‘ਮੇਰੇ ਯਾਰ ਕਮੀਨੇ’ ਵਾਲੀ ਈਸਾ ਰਿਖੀ ਨੇ ਗਿੱਪੀ ਗਰੇਵਾਲ ਜਿਹੇ ਸਿਤਾਰਿਆਂ ਨਾਲ ਫਿਲਮਾਂ ਕਰਕੇ ਪਛਾਣ ਬਣਾਈ ਹੈ। ‘ਸਾਂਭ ਲਵਾਂਗੇ ਆਪੇ’ ਉਸ ਦੀ ਲਖਵਿੰਦਰ ਵਡਾਲੀ ਨਾਲ ਆ ਰਹੀ ਫਿਲਮ ਹੈ। ਖਬਰ ਹੈ ਕਿ ਈਸ਼ਾ ਰਿਖੀ ਨੂੰ ਵੱਡੇ ਹਿੰਦੀ ਬੈਨਰ ਦੀ ਫਿਲਮ ਮਿਲੀ ਹੈ। ਈਸ਼ਾ ਰਿਖੀ ਨੇ ਕਿਹਾ ਕਿ ਦੇਖੋ ਤੇ ਇੰਤਜ਼ਾਰ ਕਰੋ, ਇਹ ਬਾਲੀਵੁੱਡ ਫਿਲਮ ਉਸ ਨੂੰ ਕੈਟਰੀਨਾ ਕੈਫ ਜਿਹੀਆਂ ਹੀਰੋਇਨਾਂ ਦੀ ਸ੍ਰੇਣੀ ‘ਚ ਲਿਆਏਗੀ। ਈਸ਼ਾ ਰਿਖੀ ਚੰਡੀਗੜ੍ਹ ਦੀ ਸੁੰਦਰ ਪਰੀ ਵੀ ਰਹਿ ਚੁਕੀ ਹੈ।
ਦਰਸ਼ਨ ਔਲਖ ਹੁਣ ਹਾਲੀਵੁੱਡ ਵੱਲ
ਪੰਜਾਬ ਦੀਆਂ ਅਣਗਿਣਤ ਫਿਲਮਾਂ ਦਾ ਅਭਿਨੇਤਾ ਦਰਸ਼ਨ ਔਲਖ ਹੁਣ ਲਾਇਨ ਨਿਰਮਾਤਾ ਬਣ ਯਸਰਾਜ ਫਿਲਮਜ਼, ਕਬੀਰ ਖਾਨ, ਸਲਮਾਨ ਖਾਨ, ਸਾਹਰੁਖ ਖਾਨ ਦੀਆਂ ਹਿੰਦੀ ਫਿਲਮਾਂ ਦਾ ਲਾਇਨ ਨਿਰਮਾਤਾ ਹੈ। ਨਰਗਿਸ ਫਾਖਰੀ ਨਾਲ ਹਾਲੀਵੁੱਡ ਫਿਲਮ ‘5-ਵੈਕਿੰਗਜ਼’ ਨੇ ਉਸ ਲਈ ਅਭਿਨੇਤਾ ਤੇ ਲਾਇਨ ਨਿਰਮਾਤਾ ਵਜੋਂ ਹਾਲੀਵੁੱਡ ਦੇ ਰਾਹ ਖੋਜ ਦਿੱਤੇ ਹਨ। ਉਹ ਜਲਦੀ ਹੀ ਨਵੀਂ ਹਾਲੀਵੁੱਡ ਲਈ ਲਾਸ ਏਂਜਲਸ ਜਾ ਰਿਹਾ ਹੈ।
ਵਿਨੀਤ ਅਟਵਾਲ ਲਾਹੇਗਾ ‘ਕਰਜ਼ਾ’
ਨਾਮਵਰ ਫਿਲਮ ਅਭਿਨੇਤਾ ਵਿਨੀਤ ਅਟਵਾਲ ਨੂੰ ਜਦ ਤਾਪਸੀ ਪੰਨੂ ਤੇ ਦਿਲਜੀਤ ਦੋਸਾਂਝ ਨਾਲ ਫਿਲਮ ‘ਸੂਰਮਾ’ ਮਿਲੀ ਸੀ, ਤਦ ਪੰਜਾਬੀ ਫਿਲਮ ਇੰਡਸਟਰੀ ਵਿਚ ਸਭ ਦਾ ਵਿਚਾਰ ਸੀ ਕਿ ਉਹ ਹੁਣ ਬਾਲੀਵੁੱਡ ‘ਚ ਸਥਾਪਿਤ ਹੋਣ ਵਾਲਾ ,ਪਰ ਿਵਨੀਤ ਨੇ ਅਭਿਨੈ ਦੀ ਥਾਂ ਫਿਲਮ ਡਾਇਰੈਕਸ਼ਨ ‘ਚ ਪੈਰ ਧਰ ਕੇ ‘ਚੰਨ ਤਾਰਾ’ ਫਿਲਮ ਬਣਾਈ। ਅਰੁਣ ਬਖਸ਼ੀ ਤੇ ਜਸ਼ਨ ਅਗਨੀਹੋਤਰੀ ਇਸ ਫਿਲਮ ‘ਚ ਸਨ।
ਹੁਣ ਨਵੇਂ ਸਾਲ ‘ਚ ਿਵਨੀਤ ਨਵੀਂ ਫਿਲਮ ‘ਕਰਜ਼ਾ’ ਡਾਇਰੈਕਟ ਕਰ ਰਿਹਾ ਹੈ, ਜਿਸ ਦਾ ਨਿਰਮਾਤਾ ਸਤਨਾਮ ਸਿੰਘ ਤਾਤਲਾ ਹੈ ਤੇ ਫਿਲਮ ‘ਚ ਨਵੇਂ ਹੀਰੋ ਸੰਦੀਪ ਸਿੰਘ ਨਾਲ ਯੋਗਰਾਜ ਸਿੰਘ ਦੇ ਕੰਮ ਕਰਨ ਦੀ ਵੀ ਸੰਭਾਵਨਾ ਹੈ।
ਪਰਵੀਨ ਅਖਤਰ ਬਣੀ ਪਰਵੀਨ ਕੌਰ ਅਖਤਰ
‘ਲੁਕਣਮੀਚੀ’, ‘ਦੂਰਬੀਨ’ ਆਦਿ ਫਿਲਮਾਂ ਕਰ ਚੁਕੀ ਪਰਵੀਨ ਅਖਤਰ ਇਸ ਸਮੇਂ ਕਾਫੀ ਪੰਜਾਬੀ ਫਿਲਮਾਂ ਕਰ ਰਹੀ ਹੈ। ਅਹਿਮ ਗੱਲ ਇਹ ਹੈ ਕਿ ਪ੍ਰਸਿੱਧ ਅਭਿਨੇਤਾ ਯੋਗਰਾਜ ਸਿੰਘ ਦੀ ਫਿਲਮੀ ‘ਸੀ. ਈ. ਓ.’ ਵਿਚ ਵੀ ਉਹ ਹੈ। ਯੋਗਰਾਜ ਸਿੰਘ ਦੀ ਯੋਗ ਅਗਵਾਈ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ‘ਚ ਅਥਾਹ ਸ਼ਰਧਾ ਨਾਲ ਪਰਵੀਨ ਕੌਰ ਲਿਖਣ ਲੱਗ ਪਈ ਹੈ ਤੇ ‘ਗੁਰਬਾਣੀ ਪਾਠ’ ਵੀ ਕਰਦੀ ਹੈ। ‘ਹੂ ਮੈਂ ਡਰ ਗਈ’ ਫਿਲਮ ‘ਚ ਉਸ ਦਾ ਕੰਮ ਲਾਜਵਾਬ ਹੈ ਤੇ ਸਿੱਖ ਧਰਮ ਤੋਂ ਉਹ ਬਹੁਤ ਪ੍ਰਭਾਵਿਤ ਹੈ।
ਮੁਕਾਬਲਾ ਪੰਜਾਬੀ ਚੈਨਲਾਂ ਦਾ
ਇਸ ਸਮੇਂ ਡੇਢ ਦਰਜਨ ਪੰਜਾਬੀ ਚੈਨਲ ਦਰਸ਼ਕਾਂ ਲਈ ਮੌਜੂਦ ਹਨ। ਇਕ ਪਾਸੇ ਪੀ. ਟੀ. ਸੀ. ਨੈਟਵਰਕ, ਪੀ. ਟੀ. ਸੀ. ਪੰਜਾਬੀ ਸ਼ੁਰੂ ਕਰ ਚੁਕਾ ਹੈ ਤੇ ਦੂਜੇ ਪਾਸੇ ਫਿਲਮੀ ਚੈਨਲ ‘ਪਿਟਾਰਾ’ ਨੂੰ ਟੱਕਰ ਦੇਣ ਲਈ ਉਸ ਨੇ ‘ਪੀ. ਟੀ. ਸੀ. ਗੋਲਡ’ ਸ਼ੁਰੂ ਕੀਤਾ ਹੈ। ਟਾਈਮ ਟੀ. ਵੀ. ਦਾ ‘ਕੰਟੈਂਟ” ਜ਼ਿਆਦਾ ਧਾਰਮਿਕ ਹੈ ਤੇ ਪੀ. ਟੀ. ਸੀ. ਨੇ ਇਸ ਦੇ ਮੁਕਾਬਲੇ ‘ਪੀ. ਟੀ. ਸੀ. ਸਿਮਰਨ’ ਲਿਆਂਦਾ ਹੈ। ‘9 ਐਕਸ-ਟਸ਼ਨ’ ਲਈ ਉਹ ‘ਪੀ. ਟੀ. ਸੀ. ਚੱਕ ਦੇ’ ਨਾਲ ਭਿੜ ਰਿਹਾ ਹੈ ਤੇ ਐਮ. ਐਚ. ਵੰਨ, ਬੱਲੇ-ਬੱਲੇ, ਪੀ ਟਿਊਨਜ਼, ਪੀ. ਪਲੱਸ ਲਈ ਪੀ. ਟੀ. ਸੀ. ਮਿਉਜ਼ਿਕ ਖੜਾ ਕੀਤਾ ਹੈ।
ਖਬਰਾਂ ‘ਚ ਪੀ. ਟੀ. ਸੀ. ਨਿਊਜ਼ ਤੇ ਅਕਾਲੀ ਦਲ ਹਾਵੀ ਹੈ ਜਦ ਕਿ ਇੰਡੀਆ ਨਿਊਜ਼ ਪੰਜਾਬ, ਜੀ. ਪੰਜਾਬੀ ਖਬਰਾਂ, ਨਿਊਜ਼-18 ਪੰਜਾਬ, ‘ਲਿਵਿੰਗ ਇੰਡੀਆ’ ਨੇ ਪੀ. ਟੀ. ਸੀ. ਨਿਊਜ਼ ਨੂੰ ਟੱਕਰ ਦਿੱਤੀ ਹੈ। ਅਸਲ ‘ਚ ਕੰਮ-ਕਾਰੀ, ਸੱਭਿਆਚਾਰਕ ਤੇ ਪੰਜਾਬੀ ਪੱਖ ਦਾ ਜੇ ਕੋਈ ਸਹੀ ਚੈਨਲ ਹੈ ਤੇ ਉਹ ਹੈ ਡੀ. ਡੀ. ਪੰਜਾਬੀ, 24 ਘੰਟੇ ਮੌਜੂਦ।
ਮੁਹੰਮਦ ਰਫੀ ਨਾਲ ਗਾਉਣ ਵਾਲਾ ਰਮੇਸ਼ ਲੁਧਿਆਣਵੀ
ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਮੇਸ਼ ਲੁਧਿਆਣਵੀ ਨੂੰ ਕੁਲਦੀਪ ਮਾਣਕ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਦੇ ਸੁਨਹਿਰੀ ਦੌਰ ‘ਚ ਗਾਇਕੀ ‘ਚ ਆ ਕਿ ਸਿੱਧਾ ਫਿਲਮੀ ਗਾਇਕ ਬਣਨ ਦਾ ਮਾਣ ਪ੍ਰਾਪਤ ਹੈ। ‘ਸੋਹਣੀ ਮਹੀਂਵਾਲ’ ‘ਚ ਉਸ ਨੇ ਮਹਾਨ ਗਾਇਕ ਮੁਹੰਮਦ ਰਫੀ ਨਾਲ ਗਾਇਆ ਸੀ ਤੇ ਫਿਰ ਰਾਜ ਕਪੂਰ, ਸੁਨੀਲ ਦੱਤ, ਟੀਨਾ ਅੰਬਾਨੀ, ਰਿਸ਼ੀ ਕਪੂਰ ਦੀ ਹਾਜਰੀ ‘ਚ ਫਿਲਮ ਨਗਰੀ ਮੁੰਬਈ ‘ਚ ਵੀ ਗਾਇਆ। 30 ਫਿਲਮਾਂ ਲਈ ਗਾ ਚੁਕੇ ਰਮੇਸ਼ ਲੁਧਿਆਣਵੀ ਦੇ ਗੀਤ ‘ਵਿਸਫੋਟ’, ‘ਨਵੀਆਂ ਰਾਹਾਂ’ ਤੇ ‘ਚੇਤਨਾ’ ‘ਚ ਸੁਣਨ ਨੂੰ ਮਿਲਣਗੇ।
ਮਨੋਰੰਜਨ ਮੌਸਮ ਮੰਨਤ ਦਾ
ਮੰਨਤ ਸਿੰਘ ਲਈ ਹਰ ਮੌਸਮ ਖੁਸ਼ਗਵਾਰ ਹੈ, ਬਸੰਤ ਰੁੱਤ ਮੰਨਤ ‘ਤੇ ਆਈ ਤਾਂ ਉਸ ਨੇ ਕਰੀਬ 300 ਪੰਜਾਬੀ ਗੀਤ ਬਤੌਰ ਮਾਡਲ ਕੀਤੇ। ਗਰਮ ਰੁੱਤ ‘ਚ ਹਿੰਦੀ ਫਿਲਮਾਂ ਰਾਹੁਲ ਰਵੇਲ ਨਾਲ ‘ਬੁੱਢਾ ਮਿਲ ਗਿਆ’ ਤੇ ਸਰਦ ਰੁੱਤ ‘ਚ ਜਲੰਧਰ ਟੀ. ਵੀ. ‘ਤੇ ਐਂਕਰ ਬਣ ਛਾਈ ਰਹੀ। ਪਤਝੜ ਆਈ ਤਾਂ ਵੀ ‘ਮਹਿੰਦੀ ਵਾਲੇ ਹੱਥ’ ਫਿਲਮ ਗੁੱਗੂ ਗਿੱਲ ਨਾਲ ਕੀਤੀ। ਮਨੋਰੰਜਨ ਦੇ ਮੌਸਮ ਦਾ ਤਕਾਜਾ ਮੰਨਤ ਸਿੰਘ ‘ਤੇ ਫਿੱਟ ਹੈ ਤੇ ਹੁਣ ਉਹ ਜਸਵਿੰਦਰ ਭੱਲਾ ਨਾਲ ਫਿਲਮ ਕਰ ਰਹੀ ਹੈ।