ਸਰਾਧਾਂ ਦੇ ਦਿਨਾਂ ਵਿਚ

ਅਮਰ ਮੀਨੀਆਂ, ਗਲਾਸਗੋ
ਫੋਨ: 0044-7868370984
ਬਹੁਤ ਪਿਆਰ ਸੀ ਹਰਮੇਲ ਦਾ ਬਾਪੂ ਨਾਲ। ਜਦੋਂ ਵੀ ਕੋਈ ਗੱਲ ਕਰਦਾ ਤਾਂ ਬਾਪੂ ਦਾ ਜ਼ਿਕਰ ਜ਼ਰੂਰ ਕਰਦਾ। ਘਰੇਲੂ ਦੁੱਖ-ਦਰਦ ਦੀਆਂ ਘਟਨਾਵਾਂ ਵਿਚ ਉਸ ਦਾ ਹੀਰੋ ਬਾਪੂ ਹੀ ਹੁੰਦਾ। ਗੱਲਾਂ ਦਿਲਚਸਪ ਵੀ ਹੁੰਦੀਆਂ, ਪਰ ਵਾਰ ਵਾਰ ਦੁਹਰਾਉਣ ਕਰਕੇ ਅਕਾਊ ਹੋ ਜਾਂਦੀਆਂ। ਘਰ ਵਿਚ ਚੁੱਪ ਚਾਂ ਹੁੰਦੀ ਤਾਂ ਜੰਡਿਆਲੇ ਵਾਲਾ ਜੀਤਾ ਟਕੋਰ ਲਾ ਦਿੰਦਾ, Ḕਹਰਮੇਲ ਸੁਣਾ ਕੋਈ ਬਾਪੂ ਦੀ ਸਾਖੀ।Ḕ ਅਸੀਂ ਅੰਦਰੋਂ ਅੰਦਰ ਜੀਤੇ ਦੀ ਸ਼ਰਾਰਤ ‘ਤੇ ਹੱਸਦੇ, ਪਰ ਭੋਲਾ ਹਰਮੇਲ ਆਪਣੀ ਯਾਦਾਂ ਦੀ ਪਟਾਰੀ ‘ਚੋਂ ਬਾਪੂ ਦਾ ਕੋਈ ਦੁੱਖ-ਦਰਦ ਕੱਢ ਲਿਆਉਂਦਾ।

ਸਾਰੀਆਂ ਘਟਨਾਵਾਂ ਦਾ ਨਿਚੋੜ ਕੱਢਣਾ ਹੋਵੇ ਤਾਂ ਹਰਮੇਲ ਦੇ ਬਾਪੂ ਨੇ ਸਾਰੀ ਉਮਰ ਧੰਦ ਪਿੱਟਿਆ। ਪਿਉ ਦੀ ਕਬੀਲਦਾਰੀ ਅਤੇ ਆਪਣੀ ਨੂੰ ਸੰਭਾਲਦਾ ਮਿੱਟੀ ਨਾਲ ਮਿੱਟੀ ਤੇ ਡੰਗਰਾਂ ਨਾਲ ਡੰਗਰ ਹੋਇਆ ਰਿਹਾ। ਦੋ ਭੈਣਾਂ ਦੇ ਵਿਆਹ ਅਤੇ ਛੋਟੇ ਭਰਾਵਾਂ ਨੂੰ ਪੜ੍ਹਾਉਣ ਤੇ ਨੌਕਰੀਆਂ ਲਵਾਉਣ ਵਿਚ ਪੋਟਾ ਪੋਟਾ ਕਰਜ਼ੇ ਨਾਲ ਪਰੁੰਨਿਆ ਗਿਆ। ਚਾਚਿਆਂ ਨੇ ਜੋ ਸਲੂਕ ਵੱਡੇ ਭਰਾ ਨਾਲ ਕੀਤਾ ਤੇ ਦੋਵੇਂ ਭੂਆ ਵੀ ਚਾਚਿਆਂ ਵੱਲ ਹੋ ਗਈਆਂ। ਇਹ ਸਭ ਸੁਣਾਉਂਦਾ ਹਰਮੇਲ ਅੱਖਾਂ ਭਰ ਆਉਂਦਾ।
ਇੰਗਲੈਂਡ ਆ ਕੇ ਹਰਮੇਲ ਦਾ ਇਕੋ-ਇਕ ਟੀਚਾ ਸੀ, ਬਾਪੂ ਨੂੰ ਐਸ਼ ਕਰਵਾਉਣੀ ਹੈ। ਕਰਜ਼ਾ ਲਾਹਿਆ, ਕੋਠੀ ਬਣਾਈ ਤੇ ਬਾਪੂ ਨੂੰ ਲੰਡੀ ਜੀਪ ਲੈ ਦਿੱਤੀ। ਹੁਣ ਉਹ ਚਾਹੁੰਦਾ ਸੀ ਕਿ ਬਾਪੂ ਨੂੰ ਇਕ ਵਾਰ ਇੰਗਲੈਂਡ ਦਾ ਗੇੜਾ ਜ਼ਰੂਰ ਕਢਵਾਉਣਾ। ਗਾਫੇ (ਬੌਸ) ਦੇ ਮੁੰਡੇ ਦਾ ਵਿਆਹ ਸੀ ਤੇ ਮਿੰਨਤ ਤਰਲਾ ਕਰਕੇ ਬਾਪੂ ਲਈ ਸਪਾਂਸਰਸ਼ਿਪ ਲੈ ਲਈ। ਮਹੀਨੇ ‘ਚ ਹੀ ਬਾਪੂ ਹੀਥਰੋ ਏਅਰਪੋਰਟ ‘ਤੇ ਆ ਉਤਰਿਆ।
ਲੌਂਗ ਵੀਕ ਐਂਡ ਦੀਆਂ ਛੁੱਟੀਆਂ ਸਨ। ਅਸੀਂ ਸਭ ਨੇ ਲੰਡਨ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ। ਦੋ ਤਿੰਨ ਦਿਨ ਘੁੰਮਦੇ ਰਹੇ। ਜਦੋਂ ਵੀ ਬਾਪੂ ਤੋਂ ਪੁੱਛਣਾ ਕਿ ਕਿਵੇਂ ਲੱਗੀ ਵਲੈਤ? ਤਾਂ ਉਸ ਦਾ ਇਕੋ ਜਵਾਬ ਹੁੰਦਾ, “ਇਹ ਤਾਂ ਸੁਰਗ ਆ ਜੁਆਨੋ। ਲੋਕਾਂ ਤੋਂ ਸੁਣਦੇ ਸੀ ਕਿ ਸੁਰਗ-ਨਰਕ ਇੱਥੇ ਹੀ ਆ। ਹੁਣ ਵੇਖ ਵੀ ਲਿਆ, ਸਾਰੀ ਉਮਰ ਨਰਕਾਂ ‘ਚ ਕੱਟੀ ਆ, ਮੇਲੇ ਪੁੱਤ ਨੇ ਮਰਦੇ ਮਰਦੇ ਨੂੰ ਸੁਰਗ ਵਿਖਾ’ਤਾ।”
ਜੀਤਾ ਮਖੌਲ ਕਰਦਾ, “ਬਾਪੂ ਜੇ ਤੇਰੇ ਗਾਤਰਾ ਨਾ ਪਾਇਆ ਹੁੰਦਾ ਤਾਂ ਤੈਨੂੰ ਸੁਰਗਾਂ ਦੀਆਂ ਪਰੀਆਂ ਵੀ ਵਿਖਾਉਣੀਆਂ ਸਨ ਤੇ ਸ਼ਿਵਜੀ ਵਾਲਾ ਸੋਮ ਰਸ ਵੀ ਪਿਆਉਣਾ ਸੀ।”
ਅਸੀਂ ਕੰਮਾਂ ‘ਤੇ ਚਲੇ ਜਾਂਦੇ ਤੇ ਬਾਪੂ ਨਹਾ-ਧੋ ਕੇ ਗੁਰਦੁਆਰੇ ਚਲਾ ਜਾਂਦਾ। ਲੰਗਰ ‘ਚ ਸੇਵਾ ਕਰਦਾ, ਦੇਗ ਵਰਤਾਉਂਦਾ ਤੇ ਗੁਰੂ ਮਹਾਰਾਜ ਨੂੰ ਚੌਰ ਕਰਦਾ। ਸੇਵਾ ਕਰਦਿਆਂ ਦਿਨ ਲੰਘ ਜਾਂਦਾ। ਗੁਰੂ ਘਰ ਦੇ ਸੇਵਾਦਾਰਾਂ, ਪ੍ਰਬੰਧਕਾਂ ਤੇ ਗ੍ਰੰਥੀਆਂ ਨਾਲ ਬਾਪੂ ਦਾ ਚੰਗਾ ਮੋਹ ਪਿਆਰ ਬਣ ਗਿਆ। ਐਤਵਾਰ ਲੰਗਰ ਛਕਣ ਪਿਛੋਂ ਬਾਪੂ ਸਾਡੇ ਨਾਲ ਹੀ ਘਰ ਆ ਜਾਂਦਾ ਤੇ ਸਾਰੇ ਕਿਤੇ ਨਾ ਕਿਤੇ ਘੁੰਮਣ ਚਲੇ ਜਾਂਦੇ।
ਇਕ ਐਤਵਾਰ ਬਾਪੂ ਸਾਨੂੰ ਗੁਰਦੁਆਰੇ ਨਾ ਮਿਲਿਆ। ਪਤਾ ਲੱਗਾ ਕਿ ਗਿਆਨੀਆਂ ਨਾਲ ਕਿਤੇ ਬਾਹਰ ਗਿਆ ਹੋਇਆ ਹੈ। ਅਸੀਂ ਘਰ ਆ ਗਏ। ਘੰਟੇ ਕੁ ਪਿਛੋਂ ਬਾਪੂ ਵੀ ਆ ਗਿਆ। ਗਲ ਵਿਚ ਕੇਸਰੀ ਸਿਰੋਪਾਓ ਪਾਇਆ ਹੋਇਆ ਤੇ ਹੱਥ ਵਿਚ ਪੇ ਪੌਕਟ ਵਾਲਾ ਬੰਦ ਲਿਫਾਫਾ।
“ਯਾਰ ਮੈਨੂੰ ਤਾਂ ਅੱਜ ਗ੍ਰੰਥੀ ਲੈ ਗਏ ਸੀ ਕਿਸੇ ਦੇ ਘਰ, ਡਰੈਵਰ ਸਣੇ ਅਸੀਂ ਪੰਜ ਜਣੇ ਸਾਂ। ਘਰ ਵਾਲਿਆਂ ਨੇ ਬੜੀ ਸੇਵਾ ਕੀਤੀ ਸਾਡੀ। ਪਹਿਲਾਂ ਹੱਥ ਸੁੱਚੇ ਕਰਾਏ, ਫਿਰ ਦੋ ਤਿੰਨ ਭਾਂਤ ਦੀ ਦਾਲ-ਸਬਜ਼ੀ ਨਾਲ ਰੋਟੀ ਖੁਆਈ। ਬਦਾਮਾਂ, ਸੌਗੀਆਂ ਵਾਲੀ ਖੀਰ ਤਾਂ ਬਾਲ੍ਹੀ ਸੁਆਦ ਸੀ। ਆਉਣ ਲੱਗਿਆਂ ਦੇ ਗਲਾਂ ‘ਚ ਪਰਨੇ ਪਾ’ਤੇ ਤੇ ਇਕ ਇਕ ਲਿਫਾਫਾ ਦਿੱਤਾ। ਇਹਦੇ ‘ਚ ਪਤਾ ਨਹੀਂ ਕੀ ਆ? ਵੇਖ ਤਾਂ ਖੋਲ੍ਹ ਕੇ ਮੇਲਿਆ।”
ਲਿਫਾਫੇ ਵਿਚੋਂ ਇੱਕੀ ਪੌਂਡ ਨਿਕਲੇ। ਜੀਤੇ ਨੇ ਆਪਣੀ ਆਦਤ ਮੁਤਾਬਕ ਢੁੱਚਰ ਕੀਤੀ, “ਬਾਪੂ ਇਹ ਦੰਦ ਘਸਾਈ ਆ, ਜਿਵੇਂ ਤੁਸੀਂ ਪਿੰਡ ਪੰਡਿਤਾਂ ਨੂੰ ਖੀਰ ਖੁਆ ਕੇ ਦਿੰਦੇ ਹੁੰਦੇ ਸੀ। ਨਾਲੇ ਬਾਪੂ ਦੰਦ ਤਿੱਖੇ ਕਰ ਲੈ ਅਗਲੇ ਮਹੀਨੇ ਸਰਾਧ ਸ਼ੁਰੂ ਹੋ ਜਾਣੇ ਆ। ਫਿਰ ਵੇਖੀਂ ਪੌਂਡਾਂ ਦਾ ਮੀਂਹ ਵਰ੍ਹਦਾ।”
ਪੂਰੀ ਗੱਲ ਸ਼ਾਇਦ ਸਮਝ ਨਾ ਆਈ ਹੋਵੇ, ਪਰ ਬਾਪੂ ਵੀ ਸਾਡੇ ਨਾਲ ਹੀ ਹੱਸ ਪਿਆ। ਵੈਸੇ ਤਾਂ ਹਰ ਸਨਿਚਰਵਾਰ, ਐਤਵਾਰ ਬਾਪੂ ਇਕ ਅੱਧਾ ਬੰਦ ਲਿਫਾਫਾ ਲੈ ਆਉਂਦਾ, ਪਰ ਸਰਾਧਾਂ ਵੇਲੇ ਤਾਂ ਬਾਪੂ ਪੂਰਾ ਬਿਜ਼ੀ ਹੋ ਗਿਆ। ਹਰ ਰੋਜ਼ ਦੋ ਤਿੰਨ ਲਿਫਾਫੇ ਟੇਬਲ ‘ਤੇ ਪਏ ਹੁੰਦੇ।
ਅਚਾਨਕ ਬਾਪੂ ਨੇ ਗੁਰਦੁਆਰੇ ਜਾਣਾ ਬੰਦ ਕਰ ਦਿੱਤਾ। ਖਾਣਾ ਪੀਣਾ ਵੀ ਬਹੁਤ ਘੱਟ ਕਰ ਦਿੱਤਾ। ਹਰ ਵੇਲੇ ਮਾਲਾ ਫੇਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ। ਸੌਂਦਾ ਵੀ ਘੱਟ, ਜੇ ਸੌਂ ਜਾਂਦਾ ਤਾਂ ਉਭੜ ਵਾਹੇ ਉਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾ। ਹਰਮੇਲ ਦੇ ਨਾਲ ਨਾਲ ਅਸੀਂ ਵੀ ਪ੍ਰੇਸ਼ਾਨ ਹੋ ਗਏ ਕਿ ਇਹਨੂੰ ਚੰਗੇ ਭਲੇ ਨੂੰ ਕੀ ਹੋ ਗਿਆ? ਪੁੱਛਣ ‘ਤੇ ਇਹੀ ਦੱਸੇ ਕਿ ਮੈਨੂੰ ਅਫਰੇਮਾ ਹੋ ਗਿਆ। ਡਾਕਟਰ ਨੂੰ ਵਿਖਾਇਆ, ਖੂਨ ਦਾ ਸੈਂਪਲ ਲਿਆ। ਰਿਪੋਰਟ ‘ਚ ਕੁਝ ਨਾ ਆਇਆ। ਡਾਕਟਰ ਨੇ ਸਲਾਹ ਦਿੱਤੀ ਕਿ ਇਸ ਨੂੰ ਕੋਈ ਮਾਨਸਿਕ ਪ੍ਰੇਸ਼ਾਨੀ ਹੈ, ਮਾਨਸਿਕ ਰੋਗਾਂ ਵਾਲੇ ਕਿਸੇ ਡਾਕਟਰ ਨੂੰ ਵਿਖਾਓ। ਉਸ ਨੇ ਪਾਕਿਸਤਾਨੀ ਪੰਜਾਬੀ ਡਾਕਟਰ ਅਮੀਨ ਸ਼ੇਖ ਦਾ ਨੰਬਰ ਵੀ ਦੇ ਦਿੱਤਾ।
ਜਦ ਡਾæ ਸ਼ੇਖ ਨਾਲ ਅਪੁਆਇੰਟਮੈਂਟ ਲੈਣ ਦੀ ਗੱਲ ਚੱਲੀ ਤਾਂ ਬਾਪੂ ਗੁੱਸਾ ਖਾ ਗਿਆ, “ਮੇਲਿਆ! ਤੂੰ ਮੈਨੂੰ ਪਿੰਡ ਹੀ ਭੇਜ ਦੇਹ, ਤੁਸੀਂ ਤਾਂ ਸਾਰੇ ਮੈਨੂੰ ਪਾਗਲ ਈ ਸਮਝਣ ਲੱਗ ਪਏ। ਮੈਂ ਨ੍ਹੀਂ ਜਾਣਾ ਕਿਸੇ ਡਮਾਗ ਵਾਲੇ ਡਾਕਦਾਰ ਕੋਲ।”
ਹਰਮੇਲ ਨੇ ਬਾਪੂ ਦੇ ਪੈਰ ਫੜ ਲਏ ਤੇ ਭਰੇ ਗਲ ਨਾਲ ਤਰਲਾ ਕੀਤਾ, “ਬਾਪੂ ਅਸੀਂ ਤਾਂ ਆਪ ਸਾਰੇ ਤੇਰੀ ਹਾਲਤ ਵੇਖ ਕੇ ਦੁਖੀ ਹਾਂ। ਤੂੰ ਤਾਂ ਘੋੜੇ ਵਰਗਾ ਸੀ, ਸੁਰਗਾਂ ਦੇ ਨਜ਼ਾਰੇ ਲੈ ਰਿਹਾ ਸੀ। ਇਹ ਅਚਾਨਕ ਤੈਨੂੰ ਹੋ ਕੀ ਗਿਆ? ਗੱਲ ਤਾਂ ਕੋਈ ਹੈ, ਜੋ ਤੂੰ ਲਕੋਨਾਂ ਸਾਡੇ ਤੋਂ। ਬਾਪੂ ਤੈਨੂੰ ਸਹੁੰ ਲੱਗੇ ਗੁਰੂ ਮਹਾਰਾਜ ਦੀ, ਜੇ ਤੂੰ ਅੱਜ ਸੱਚ ਨਾ ਦੱਸੇਂ!”
ਬਾਪੂ ਸੋਫੇ ‘ਤੇ ਬੈਠ ਗਿਆ ਤੇ ਅਸੀਂ ਸਾਰੇ ਕਾਰਪੈਟ ‘ਤੇ ਹੀ ਬੈਠ ਗਏ। “ਗੱਲ ਇਹ ਆ ਮੇਲਿਆ, ਜਦੋਂ ਮੈਂ ਛੋਟਾ ਹੁੰਦਾ ਸਾਂ, ਅੱਠ-ਨੌਂ ਵਰਿਆਂ ਦਾ ਤਾਂ ਸਾਡੇ ਤਾਏ ਨੂੰ ਖੁਰਕ ਪੈ ਗਈ। ਘੌਲ ਘੌਲ ਵਿਚ ਰੋਗ ਵਧ ਕੇ ਕੋਹੜ ਹੀ ਬਣ ਗਿਆ। ਬਥੇਰੀ ਦਵਾ ਬੂਟੀ ਕੀਤੀ, ਕੋਈ ਫਰਕ ਨਾ ਪਿਆ। ਫਿਰ ਬਠਿੰਡੇ ਵੱਲ ਦਾ ਕੋਈ ਸਾਧ ਸੀ, ਉਹਦੇ ਕੋਲ ਲੈ ਕੇ ਗਏ। ਉਹਨੇ ਦਵਾ ਵੀ ਦਿੱਤੀ ਤੇ ਨਾਲ ਸੱਤ ਬਾਹਮਣਾਂ ਨੂੰ ਘਰ ਬੁਲਾ ਕੇ ਰੋਟੀ ਖੁਆਉਣ ਨੂੰ ਵੀ ਕਿਹਾ। ਆਪਣੇ ਪਿੰਡ ਬਿਰਜ ਬਾਹਮਣ ਹੋਰੀਂ ਤਿੰਨ ਭਰਾ ਸਨ ਤੇ ਚਾਰ ਉਨ੍ਹਾਂ ਬਾਹਰੋਂ ਆਪਣੇ ਜਾਣ-ਪਛਾਣ ਵਾਲੇ ਜਾਂ ਸਾਕ ਸ਼ਕੀਰੀ ‘ਚੋਂ ਸੱਦ ਲਏ। ਸਾਧ ਦੀ ਦੱਸੀ ਵਿਧੀ ਨਾਲ ਸੱਤਾਂ ਨੂੰ ਰੋਟੀ ਖੁਆਈ ਤੇ ਜਾਣ ਵੇਲੇ ਸਵਾ ਸਵਾ ਰੁਪਿਆ ਤੇ ਪੰਜ ਕੱਪੜੀ ਵੀ ਦਿੱਤੀ।”
“ਵਿਧੀ ਕਿਹੜੀ ਸੀ ਬਾਪੂ?” ਜੀਤੇ ਦੇ ਸੁਆਲ ਨਾਲ ਸਭ ਨੂੰ ਖਿੱਝ ਤਾਂ ਚੜ੍ਹੀ, ਪਰ ਬਾਪੂ ਨੇ ਹੰਢੇ ਕਥਾਵਾਚਕ ਵਾਂਗ ਲੜੀ ਜੋੜੀ ਰੱਖੀ।
“ਵਿਧੀ ਇਹ ਸੀ ਕਿ ਰੋਟੀ, ਦਾਲ ਜਾਂ ਖੀਰ ਦੀ ਕੌਲੀ ਬਾਹਮਣਾਂ ਕੋਲ ਜਾਣ ਤੋਂ ਪਹਿਲਾਂ ਤਾਏ ਦੇ ਸਿਰ ਉਪਰੋਂ ਸੱਤ ਵਾਰ ਘੁਮਾਈ ਜਾਂਦੀ। ਇਸੇ ਤਰ੍ਹਾਂ ਪੈਸੇ ਤੇ ਕੱਪੜੇ ਵੀ ਤਾਏ ਦੇ ਸਿਰ ਤੋਂ ਵਾਰ ਕੇ ਬਾਹਮਣਾਂ ਨੂੰ ਦਿੱਤੇ ਗਏ। ਤਿੰਨ ਚਾਰ ਮਹੀਨੇ ਪਿਛੋਂ ਤਾਇਆ ਨੌਂ ਬਰ ਨੌਂ ਹੋ ਗਿਆ। ਬਾਪੂ ਹੋਣੀ ਗੱਲਾਂ ਕਰਦੇ ਹੁੰਦੇ ਸੀ ਕਿ ਬਾਹਰ ਵਾਲੇ ਬਾਹਮਣਾਂ ਦਾ ਤਾਂ ਪਤਾ ਨਹੀਂ ਲੱਗਾ, ਪਰ ਪਿੰਡ ਵਾਲੇ ਤਿੰਨਾਂ ਬਾਹਮਣ ਭਰਾਵਾਂ ਦੇ ਖੁਰਕ ਪੈ ਗਈ।”
ਬਾਪੂ ਦੀ ਕਥਾ ਸਮਾਪਤ ਹੋਈ ਤਾਂ ਹਰਮੇਲ ਥੋੜ੍ਹਾ ਖਿੱਝਿਆ ਜਿਹਾ ਬੋਲਿਆ, “ਬਾਪੂ ਗੱਲ ਤੇਰੀ ਬਿਮਾਰੀ ਦੀ ਪੁੱਛੀ ਸੀ, ਤੂੰ ਆਵਦੇ ਤਾਏ ਹੋਰਾਂ ਦੀਆਂ ਉਜੜੀਆਂ ਖੁੱਡਾਂ ‘ਚ ਹੱਥ ਮਾਰਨ ਲੱਗ ਪਿਆਂ।”
ਬਾਪੂ ਨੇ ਤਾਂ ਅਜੇ ਭੂਮਿਕਾ ਹੀ ਬੰਨ੍ਹੀ ਸੀ, ਅਸਲ ਮੁੱਦੇ ‘ਤੇ ਤਾਂ ਹੁਣ ਆਇਆ ਸੀ, ਜਦੋਂ ਅਗਲੀ ਲੜੀ ਫੜ ਲਈ, “ਇੱਥੇ ਇਕ ਦਿਨ ਅਸੀਂ ਇੱਕ ਘਰ ਪ੍ਰਸ਼ਾਦਾ ਛਕਣ ਗਏ। ਪੰਗਤ ‘ਚ ਭੁੰਜੇ ਬੈਠ ਗਏ। ਉਥੇ ਘਰ ਦੇ ਮਾਲਕ ਸਰਦਾਰ ਸਾਹਿਬ ਨੇ ਸਾਡੇ ਹੱਥ ਸੁੱਚੇ ਕਰਾਏ ਤੇ ਫਿਰ ਵਰਤਾਵਾ ਵੀ ਉਹੀ ਸੀ। ਬਹੁਤ ਤੰਗ ਸੀ ਵਿਚਾਰਾ, ਪੜੂਆਂ ਵਾਲੀ ਖੁਰਸੀ (ਵ੍ਹੀਲ ਚੇਅਰ) ‘ਤੇ ਬੈਠੇ ਨੇ ਹੀ ਸੇਵਾ ਕੀਤੀ। ਹੱਥ ਪੈਰ ਵੀ ਸੁੱਜੇ ਹੋਏ ਤੇ ਤੌੜੇ ਤੋਂ ਵੱਡਾ ਢਿੱਡ ਫੁੱਲਿਆ ਹੋਇਆ। ਜਦੋਂ ਪ੍ਰਸ਼ਾਦਾ ਛਕ ਕੇ ਗ੍ਰੰਥੀ ਅਰਦਾਸ ਕਰਨ ਲੱਗਾ, ਉਦੋਂ ਘਰ ਵਾਲਿਆਂ ਨੇ ਦੱਸਿਆ ਕਿ ਡੈਡ ਨੂੰ ਅਫਰੇਮਾ ਹੋਇਆ ਵਿਆ। ਬਹੁਤ ‘ਲਾਜ ਕਰਾਇਆ, ਪਰ ਫਰਕ ਨ੍ਹੀਂ ਪੈਂਦਾ। ਹੁਣ ਕਿਸੇ ਮਹਾਂਪੁਰਖ ਨੇ ਦੱਸਿਆ ਸੀ ਕਿ ਪੰਜ ਸਿੱਖਾਂ ਨੂੰ ਲੰਗਰ ਛਕਾ ਕੇ ਅਰਦਾਸ ਕਰਵਾਓ। ਮੇਰੇ ਤਾਂ ਉਸੇ ਵੇਲੇ ਤਾਏ ਦੇ ਕੋਹੜ ਵਾਲੀ ਗੱਲ ਦਿਲ ਨੂੰ ਵੱਜੀ। ਮੈਨੂੰ ਤਾਂ ਉਦੋਂ ਦਾ ਹੀ ਲੱਗੀ ਜਾਂਦਾ ਜਿਵੇਂ ਮੈਨੂੰ ਅਫਾਰਾ ਹੋਇਆ ਹੁੰਦਾ। ਇਸੇ ਕਰਕੇ ਮੈਂ ਗੁਰਦੁਆਰੇ ਨ੍ਹੀਂ ਜਾਂਦਾ ਕਿ ਜੇ ਮੈਨੂੰ ਫਿਰ ਕਿਸੇ ਦੇ ਘਰ ਲਿਜਾਣ ਲੱਗੇ ਤਾਂ ਮੈਥੋਂ ਕਹਿ ਨਹੀਂ ਹੋਣਾ ਕਿ ਮੈਂ ਤਾਂ ਗੁਰੂ ਦਾ ਸਿੰਘ ਆ, ਖੀਰ ਖਾਣਾ ਬਾਹਮਣ ਨਹੀਂ। ਮੈਨੂੰ ਤਾਂ ਇਉਂ ਲੱਗੀ ਜਾਂਦਾ ਜਿਵੇਂ ਮੇਰੇ ਅੰਦਰ ਬਿਰਜ ਪੰਡਿਤ ਦੀ ਰੂਹ ਵੜ ਗਈ ਹੋਵੇ। ਜਿਵੇਂ ਉਹ ਸਰਾਧਾਂ ਦੇ ਦਿਨੀਂ ਲੋਕਾਂ ਘਰੋਂ ਰੋਟੀ ਖਾ ਕੇ ਦੰਦ ਘਸਾਈ ਲਈ ਜਾਂਦਾ ਸੀ, ਉਹੀ ਕੰਮ ਮੈਂ ਅੰਮ੍ਰਿਤਧਾਰੀ ਹੋ ਕੇ ਕਰਨ ਲੱਗ ਪਿਆ ਸਾਂ। ਮੈਨੂੰ ਤਾਂ ਪੰਡਿਤਾਂ ਤੇ ਭਾਈਆਂ ਵਿਚ ਕੋਈ ਫਰਕ ਨਹੀਂ ਲੱਗਿਆ। ਨਾਲੇ ਮੇਲਿਆ ਉਹ ਦੰਦ ਘਸਾਈ ਵਾਲੇ ਪੈਸੇ ਤੇ ਸਰੋਪੇ ਸਾਰੇ ਗੁਰੂ ਘਰ ਦੇ ਆ। ਜਾਂ ਫਿਰ ਕੋਲੋਂ ਪੰਜ-ਸੱਤ ਸੌ ਪੌਂਡ ਨਾਲ ਰਲਾ ਕੇ ਪਿੰਗਲਵਾੜੇ ਨੂੰ ਭੇਜ ਦੇਹ। ਮੈਂ ਨ੍ਹੀਂ ਹੱਥ ਲਾਉਣਾ ਪੂਜਾ ਦੇ ਧਾਨ ਨੂੰ।”
ਬਾਪੂ ਦਾ ਮਨ ਵੀ ਹਲਕਾ ਹੋ ਗਿਆ ਸੀ ਤੇ ਸਾਡੇ ਲਈ ਉਲਝੀ ਤਾਣੀ ਦਾ ਲੜ ਵੀ ਹੱਥ ਆ ਗਿਆ ਸੀ।
“ਓ ਬਾਪੂ ਤੂੰ ਵਹਿਮ ਨਾ ਕਰ, ਤੈਨੂੰ ਨ੍ਹੀਂ ਕੁਝ ਹੁੰਦਾ। ਅਰਦਾਸ ਗੁਰਦੁਆਰੇ ਦੇ ਗ੍ਰੰਥੀ ਨੇ ਕੀਤੀ ਸੀ ਨਾ, ਉਹਦਾ ਢਿੱਡ ਫੁੱਲਣਾ ਸ਼ੁਰੂ ਹੋ ਗਿਆ। ਕੱਲ੍ਹ ਸ਼ੀਸੇæ ਮੂਹਰੇ ਖੜ੍ਹ ਕੇ ਮਿਣੀ ਜਾਂਦਾ ਸੀ। ਮੈਂ ਅੱਖੀਂ ਵੇਖਿਆ, ਸਹੁੰ ਲੱਗੇ!” ਜੀਤੇ ਦੀ ਇਸ ਘਤਿੱਤ ਨਾਲ ਜਿੱਥੇ ਮਾਹੌਲ ਖੁਸ਼ਗਵਾਰ ਹੋ ਗਿਆ, ਉਥੇ ਕੁਝ ਹੱਦ ਤੱਕ ਬਾਪੂ ਦਾ ਵਹਿਮ ਵੀ ਟੁੱਟ ਗਿਆ।