ਗੁਲਜ਼ਾਰ ਸਿੰਘ ਸੰਧੂ
ਲੰਘੇ ਵਰ੍ਹੇ ਦੀ ਇੱਕ ਖਬਰ ਇਹ ਵੀ ਸੀ ਕਿ ਦੱਖਣੀ ਆਸਟਰੇਲੀਆ ਦੇ ਆਦਿਵਾਸੀਆਂ ਨੇ ਆਪਣੇ 10,000 ਜੰਗਲੀ ਊਠਾਂ ਨੂੰ ਮਾਰਨ ਦਾ ਫੈਸਲਾ ਕਰ ਲਿਆ। ਇਨ੍ਹਾਂ ਨੂੰ ਹੈਲੀਕਾਪਟਰਾਂ ‘ਤੇ ਸਵਾਰ ਹੋ ਕੇ ਗੋਲੀਆਂ ਮਾਰਨ ਦੀ ਤਜਵੀਜ਼ ਹੈ। ਊਠ ਏਨੇ ਜੰਗਲੀ ਹਨ ਕਿ ਪੈਦਲ ਬੰਦੂਕਧਾਰੀਆਂ ਨੂੰ ਵਖਤ ਪਾ ਸਕਦੇ ਹਨ। ਹੈਲੀਕਾਪਟਰਾਂ ਰਾਹੀਂ ਊਠਾਂ ਦਾ ਸ਼ਿਕਾਰ ਕਰਨ ਲਈ ਪੇਸ਼ੇਵਰ ਨਿਸ਼ਾਨੇਬਾਜ਼ ਲੱਭੇ ਗਏ ਹਨ। ਦੱਖਣੀ ਆਸਟਰੇਲੀਆ ਦੇ ਵਸਨੀਕਾਂ ਦੀ ਸ਼ਿਕਾਇਤ ਸੀ ਕਿ ਜੰਗਲੀ ਊਠ ਪਾਣੀ ਦੀ ਭਾਲ ਵਿਚ ਉਨ੍ਹਾਂ ਦੇ ਘਰ ਆ ਵੜਦੇ ਹਨ। ਇਹ ਜਾਨਵਰ ਏਨਾ ਪਾਣੀ ਪੀਂਦਾ ਹੈ ਕਿ ਇਸ ਨੂੰ ਰੱਜਵਾਂ ਪਾਣੀ ਦੇਣਾ ਬਹੁਤ ਔਖਾ ਹੈ। ਊਠਾਂ ਨੇ ਏਅਰਕੰਡੀਸ਼ਨਰਾਂ ਵਿਚੋਂ ਪਾਣੀ ਪੀਣ ਦਾ ਵੱਲ ਲੱਭ ਲਿਆ ਹੈ।
ਦੱਸਿਆ ਜਾਂਦਾ ਹੈ ਕਿ ਉਥੋਂ ਦੇ ਜੰਗਲਾਂ ਵਿਚ ਊਠ ਏਦਾਂ ਹਰਲ ਹਰਲ ਫਿਰਦੇ ਹਨ ਜਿਵੇਂ ਪੌਣੀ ਸਦੀ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਦੀਆਂ ਚਰਾਂਦਾ ਵਿਚ ਹਿਰਨ ਘੁੰਮਦੇ ਸਨ-ਪਾਲਾਂ ਦੀਆਂ ਪਾਲਾਂ। ਹੁਣ ਜਦੋਂ ਚਰਾਂਦਾ ਖਤਮ ਕਰ ਕੇ ਉਥੋਂ ਫਸਲਾਂ ਲਈਆਂ ਜਾਂਦੀਆਂ ਹਨ, ਹਿਰਨ ਖਤਮ ਹੋ ਚੁਕੇ ਹਨ। ਆਸਟਰੇਲੀਆ ਜਾ ਕੇ ਵਸਣ ਵਾਲੇ ਭਾਰਤੀ ਤਾਂ ਇਹ ਵੀ ਕਹਿੰਦੇ ਹਨ ਕਿ ਉਥੋਂ ਦੇ ਊਠ ਵੀ ਇਥੋਂ ਹੀ ਓਧਰ ਗਏ ਹੋਏ ਹਨ।
ਮੇਰਾ ਜੱਦੀ ਖੇਤਰ ਵੀ ਊਠਾਂ ਵਾਲਾ ਹੈ। ਮੇਰਾ ਮੁਢਲਾ ਜੀਵਨ ਮਾਲਵੇ ਵਿਚ ਬੀਤਿਆ, ਜਿੱਥੇ ਮੈਂ ਜੰਮਿਆਂ ਤੇ ਮਿਡਲ ਪਾਸ ਕਰਨ ਤੱਕ ਰਿਹਾ। ਮੇਰੀ ਜਵਾਨੀ ਗੜ੍ਹਸ਼ੰਕਰ ਤੇ ਮਾਹਿਲਪੁਰ ਵਿਚ ਬੀਤੀ, ਜਿਥੋਂ ਮੈਂ ਬੀæ ਏæ ਦੀ ਡਿਗਰੀ ਲਈ। ਮਾਲਵੇ ਵਿਚ ਊਠਾਂ ਤੋਂ ਵਾਹੀ ਖੇਤੀ ਅਤੇ ਸਵਾਰੀ ਦਾ ਕੰਮ ਲਿਆ ਜਾਂਦਾ ਸੀ ਤੇ ਦੁਆਬੇ ਵਿਚ ਢੋਅ-ਢੁਆਈ ਦਾ। ਮੇਰੇ ਵਡੇਰੇ ਵੀ ਊਠ ਵਾਹੁੰਦੇ ਸਨ। ਰੋਪੜ ਤੇ ਬਲਾਚੌਰ ਤੋਂ ਲੈ ਕੇ ਊਠਾਂ ਤੇ ਪਠਾਣਕੋਟ ਤੱਕ ਬਹੁਤੇ ਘਰ ਊਠਾਂ ਦੀ ਕਮਾਈ ਖਾਂਦੇ ਸਨ। ਹਰ ਪਿੰਡ ਵਿਚ 18-20 ਊਠ ਹੁੰਦੇ। ਹੁਣ ਪਹਾੜਾਂ ਵਿਚ ਪੱਕੀਆਂ ਸੜਕਾਂ ਹਨ ਤੇ ਢੋਅ ਢੁਆਈ ਦਾ ਕੰਮ ਟਰੱਕ ਕਰਦੇ ਹਨ।
ਮੈਨੂੰ ਆਸਟਰੇਲੀਆ ਦੇ ਊਠਾਂ ਤੇ ਆਦਿਵਾਸੀਆਂ ਦੀ ਜਾਣਕਾਰੀ ਆਸਟਰੇਲੀਅਨ ਨਾਵਲਕਾਰਾ ਬੈਟੀ ਕਾਲਿਨਜ਼ ਤੋਂ ਮਿਲੀ ਸੀ। ਉਹ ਪਿਛਲੀ ਸਦੀ ਦੇ 70ਵਿਆਂ ਵਿਚ ਆਸਟਰੇਲੀਆ ਤੋਂ ਰੂਸ ਜਾਂਦੇ ਸਮੇਂ ਅੰਮ੍ਰਿਤਾ ਪ੍ਰੀਤਮ ਦੇ ਦਿੱਲੀ ਵਾਲੇ ਘਰ ਮੈਨੂੰ ਮਿਲੀ ਤੇ ਮੇਰੀ ਦੋਸਤ ਬਣ ਗਈ। ਏਨੀ ਕਿ ਮਰਦੇ ਦਮ ਤੱਕ ਟਾਈਪ ਕੀਤੀਆਂ ਲੰਮੀਆਂ ਚਿੱਠੀਆਂ ਲਿਖਦੀ ਰਹੀ-ਆਸਟਰੇਲੀਆ ਦੇ ਰੇਤਿਆਂ, ਜੰਗਲਾਂ ਤੇ ਊਠਾਂ ਦੀ ਬਾਤ ਪਾਉਂਦੀਆਂ। ਆਸਟਰੇਲੀਆ ਦਾ ਖੇਤਰਫਲ ਕੋਈ ਦੋ ਸੌ ਕਰੋੜ ਮੁਰੱਬਾ ਮੀਲ ਹੈ। ਇਸ ਵਿਚੋਂ ਬਰਤਾਨੀਆ ਜਿਹੇ 25 ਦੇਸ਼ ਨਿਕਲ ਸਕਦੇ ਹਨ। ਵਸੋਂ ਸਿਰਫ ਸਾਗਰੀ ਤੱਟ ‘ਤੇ ਹੈ। ਦੇਸ਼ ਦਾ ਗੱਭਾ ਏਨਾ ਵੱਡਾ ਤੇ ਰੇਤਲਾ ਹੈ ਕਿ ਇਸ ਵਿਚੋਂ ਕਈ ਰਾਜਸਥਾਨ ਨਿਕਲ ਸਕਦੇ ਹਨ। ਸਾਗਰੀ ਤੱਟ ਯੂਰਪੀਅਨਾਂ ਨੇ ਮੱਲ ਲਿਆ ਹੈ ਤੇ ਜੰਗਲ ਬੇਲੇ ਊਠਾਂ ਤੇ ਆਦਿਵਾਸੀਆਂ ਲਈ ਰਹਿ ਗਏ ਹਨ। ਊਠ ਸਿਰਫ ਪਾਣੀ ਹੀ ਨਹੀਂ ਪੀਂਦੇ, ਉਨ੍ਹਾਂ ਦੇ ਪੇਟ ਦੀ ਗੈਸ ਮੀਥੇਨ ਵਿਚ ਅਜਿਹੇ ਤੱਤ ਹੁੰਦੇ ਹਨ, ਜੋ ਕਾਰਬਨ ਡਾਈਆਕਸਾਈਡ ਨਾਲੋਂ ਵਧ ਹਾਨੀਕਾਰਕ ਹੁੰਦੇ ਹਨ। ਮੀਥੇਨ ਦਾ ਨਿਕਾਸ ਕਰਨ ਵਿਚ ਮੋਟਰ ਕਾਰਾਂ ਵੀ ਘਟ ਨਹੀਂ, ਪਰ ਆਸਟਰੇਲੀਆ ਦੇ ਊਠਾਂ ਦਾ ਪੈਦਾ ਕੀਤਾ ਪਦਾਰਥ ਬੇਅੰਤ ਹਾਨੀਕਾਰਕ ਹੈ।
ਆਸਟਰੇਲੀਆ ਦੀ ਕਾਰਬਨ ਖੇਤੀ ਸੰਸਥਾ ਗੰਗੇਨੋਕੋ ਦੀ ਮੁਖੀ ਟਿੱਮਮੂਰ ਦੇ ਅੰਦਾਜ਼ੇ ਅਨੁਸਾਰ ਉਥੋਂ ਦੇ ਊਠ ਹਰ ਸਾਲ ਏਨਾ ਮੀਥੇਨ ਛੱਡਦੇ ਹਨ, ਜੋ ਸੜਕਾਂ ‘ਤੇ ਚੱਲਦੀਆਂ ਚਾਰ ਲੱਖ ਕਾਰਾਂ ਵੀ ਨਹੀਂ ਛੱਡਦੀਆਂ। ਓਧਰ ਜੰਗਲ ਦੀ ਅੱਗ ਨੇ ਵਿਕਟੋਰੀਆ ਖੇਤਰ ਦੇ ਵਾਸੀਆਂ ਨੂੰ ਏਨਾ ਪ੍ਰੇਸ਼ਾਨ ਕਰ ਰੱਖਿਆ ਹੈ ਕਿ ਆਸਟਰੇਲੀਆ ਦੇ ਸਿਹਤ ਮਹਿਕਮੇ ਨੂੰ ਅਪੀਲ ਕਰਨੀ ਪੈ ਗਈ ਹੈ ਕਿ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਾ ਨਿਕਲਣ ਅਤੇ ਦਰ-ਦਰਵਾਜੇ ਬੰਦ ਰਖਣ। ਜੇ ਕਿਧਰੇ ਜਾਣ ਦੀ ਮਜਬੂਰੀ ਹੋਵੇ ਤਾਂ ਮੂੰਹ ਉਤੇ ਮਾਸਕ ਪਾਏ ਬਿਨਾ ਨਾ ਜਾਣ। ਮੂਲ ਵਾਸੀ ਤਾਂ ਆਪਣੇ ਮੂੰਹ ‘ਤੇ ਮਾਸਕ ਪਾ ਕੇ ਬਚ ਰਹਿੰਦੇ ਹਨ, ਆਦਿ ਵਾਸੀਆਂ ਨੂੰ ਊਠ ਮਾਰਨੇ ਪੈ ਰਹੇ ਹਨ।
ਆਸਟਰੇਲੀਆ ਦੀ ਕਰੀਬ ਸਾਰੀ ਵਸੋਂ ਦੋ ਸੌ ਸਾਲ ਪਹਿਲਾਂ ਯੂਰਪ ਤੋਂ ਭੇਜੇ ਯੂਰਪੀ ਕੈਦੀਆਂ ਦੀ ਸੰਤਾਨ ਹੈ, ਜਿਸ ਨੇ ਉਥੋਂ ਦੇ ਮੂਲ ਵਾਸੀਆਂ ਨੂੰ ਖੂੰਜੇ ਲਾ ਰੱਖਿਆ ਹੈ। ਨਵੇਂ ਵਾਸੀ ਕੁਦਰਤ ਦੀ ਕਰੋਪੀ ਯੂਰਪ ਵਾਸੀਆਂ ਨੂੰ ਵੀ ਨਹੀਂ ਬਖਸ਼ਦੀ। ਦੇਸ਼ ਵਿਚ ਰੇਤ ਦਾ ਪਸਾਰਾ ਏਨਾ ਹੈ ਕਿ ਯੂਰਪ ਵਾਲਿਆਂ ਦੀਆਂ ਸੜਕਾਂ ‘ਤੇ ਜਾਂਦੀਆਂ ਮੋਟਰਕਾਰਾਂ ਖਰਾਬ ਹੋ ਜਾਣ ਤਾਂ ਸੈਂਕੜੇ ਮੀਲ ਤੱਕ ਮਕੈਨਿਕ ਨਹੀਂ ਮਿਲਦਾ। ਸਵਾਰੀਆਂ ਨੂੰ ਚੁਕਣ ਲਈ ਹੈਲੀਕਾਪਟਰ ਭੇਜੇ ਜਾਂਦੇ ਹਨ ਤੇ ਮੋਟਰ ਗੱਡੀਆਂ ਨੂੰ ਸੜਕ ਤੋਂ ਪਰੇ ਧਕ ਕੇ ਸੜਨ-ਗਲਣ ਤੇ ਜੰਗਾਲੇ ਜਾਣ ਲਈ ਛੱਡ ਦਿੱਤਾ ਜਾਂਦਾ ਹੈ।
ਰੇਤੇ ਉਤੇ ਚਲਣ ਵਾਲੇ ਜਹਾਜ ਵਜੋਂ ਜਾਣਿਆ ਜਾਂਦਾ ਇਹ ਜਾਨਵਰ ਸਾਡੇ ਦੇਸ਼ ਵਿਚ ਵੀ ਖਤਮ ਹੋ ਰਿਹਾ ਹੈ। ਬਹੁ-ਕਤਾਰੀ ਸੜਕਾਂ ਉਤੇ ਧੂੜਾਂ-ਪੁੱਟ ਟਰੱਕਾਂ ਤੇ ਟਰਾਲਿਆਂ ਨੇ ਇਨ੍ਹਾਂ ਦੀ ਥਾਂ ਮੱਲ ਲਈ ਹੈ। ਸਾਡੇ ਊਠ ਵੀ ਆਦਿਵਾਸੀਆਂ ਦੀ ਜੂਨ ਪੈ ਚੁਕੇ ਹਨ।
ਸਾਹਿਤਕ ਜਗਤ ਦੇ ਸਿਤਾਰਿਆਂ ਦੀ ਚਿੰਤਾ: ਨਵਾਂ ਸਾਲ ਪੰਜਾਬੀ ਸਾਹਿਤਕ ਜਗਤ ਲਈ ਚਿੰਤਾ ਦੇ ਸੁਨੇਹੇ ਲੈ ਕੇ ਆਇਆ ਹੈ। ਪੰਜਾਬੀ ਦਾ ਬਹੁ-ਵਿੱਧ ਲੇਖਕ ਤੇ ਵਿਦਵਾਨ ਸੁਰਜੀਤ ਹਾਂਸ ਨਹੀਂ ਰਹੇ। ਪ੍ਰਸਿੱਧ ਨਾਵਲਕਾਰਾ ਦਲੀਪ ਕੌਰ ਟਿਵਾਣਾ 2020 ਦਾ ਸਵਾਗਤ ਕਰਨ ਤੋਂ ਪਹਿਲਾਂ ਢਿੱਲੇ ਹੋ ਗਏ। ਹਾਂਸ ਨੂੰ ਦਿਲ ਦੀ ਸ਼ਿਕਾਇਤ ਹੋ ਗਈ ਸੀ ਅਤੇ ਬੀਬੀ ਟਿਵਾਣਾ ਦੇ ਫੇਫੜੇ ਖਰਾਬ ਹੋ ਗਏ ਹਨ।
ਅੰਤਿਕਾ: ਲੋਕ ਗੀਤਾਂ ਵਿਚ ਊਠ
ਭੈਣ: ਬੋਤਾ ਬੰਨ੍ਹ ਦੇ ਪਿੱਪਲ ਦੀ ਛਾਂਵੇਂ
ਮੰਨੀਆ ਰੰਗੀਨ ਗੱਡੀਆਂ।
ਵੀਰ: ਮੱਥਾ ਟੇਕਦਾਂ ਅੰਮਾ ਦੀਏ ਜਾਈਏ
ਬੋਤਾ ਭੈਣੇ ਫੇਰ ਬੰਨਾਂਗਾ।