ਪੰਥਕ ਸਿਆਸਤ ਦਾ ਇਕ ਹੰਭਲਾ ਹੋਰ

ਢੀਂਡਸਾ ਦੀ ਮੁਅੱਤਲੀ ਪਿਛੋਂ ਨਵੀਂ ਸਫਬੰਦੀ ਹੋਣ ਲੱਗੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਮੁਅੱਤਲ ਕਰਕੇ ਸਪਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਬਾਦਲਾਂ ਖਿਲਾਫ ਆਵਾਜ਼ ਚੁੱਕਣ ਵਾਲੇ ਦੀ ਅਕਾਲੀ ਦਲ ਵਿਚ ਕੋਈ ਥਾਂ ਨਹੀਂ ਹੈ। ਇਸ ਤੋਂ ਪਹਿਲਾਂ ਬਾਦਲਾਂ ਖਿਲਾਫ ਅਜਿਹੀ ਬਗਾਵਤ ਟਕਸਾਲੀ ਲੀਡਰਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾæ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਵੀ ਪਾਰਟੀ ਵਿਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ।

ਢੀਂਡਸਾ ਪਿਉ-ਪੁੱਤ ਨੂੰ ਭਾਵੇਂ ਅਜੇ ਮੁਅੱਤਲ ਕਰਕੇ ਦੋ ਹਫਤਿਆਂ ਵਿਚ ਜਵਾਬ ਮੰਗਿਆ ਗਿਆ ਹੈ ਪਰ ਜਿਸ ਤਰ੍ਹਾਂ ਇਨ੍ਹਾਂ ਆਗੂਆਂ ਵਲੋਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਹਰ ਸਵਾਲ ਦਾ ਮੋੜਵਾਂ ਜਵਾਬ ਦੇਣ ਦੀ ਗੱਲ ਆਖੀ ਹੈ, ਹੁਣ ਤਕਰੀਬਨ ਤੈਅ ਹੈ ਕਿ ਇਹ ਮੁੜਨ ਵਾਲੇ ਨਹੀਂ; ਹਾਲਾਂਕਿ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਖਾਸ ਕਰਕੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਢੀਂਡਸਾ ਪਿਉ-ਪੁੱਤ ਨੂੰ ਮੁਅੱਤਲ ਕਰਨ ਦੇ ਮੁੱਦੇ ‘ਤੇ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਵੱਡੇ ਢੀਂਡਸਾ ਵਲੋਂ ਹਰ ਮੁੱਦੇ ‘ਤੇ ਤਿੱਖੇ ਜੁਆਬ ਦੇਣ ਤੇ ਬਰਾਬਰ ਦੀ ਨਵੀਂ ਪਾਰਟੀ ਬਣਾਉਣ ਦੀ ਚਰਚਾ ਹੈ।
ਦੂਜੇ ਪਾਸੇ ਢੀਂਡਸਾ ਖਿਲਾਫ ਕਾਰਵਾਈ ਪਿੱਛੋਂ ਬਾਦਲਾਂ ਵਾਲੇ ਅਕਾਲੀ ਖਿਲਾਫ ਵੱਡੀ ਗਿਣਤੀ ਪੰਥਕ ਧਿਰਾਂ ਲਾਮਬੰਦੀ ਵਿਚ ਜੁਟ ਗਈਆਂ ਹਨ। 1920 ਵਿਚ ਸਥਾਪਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਾਦਲਾਂ ਤੋਂ ਨਿਰਾਸ਼ ਅਤੇ ਨਾਰਾਜ਼ ਅਕਾਲੀਆਂ ਨੂੰ ਇਕ ਮੰਚ ਉਤੇ ਲਿਆਉਣ ਲਈ ਯਤਨ ਸ਼ੁਰੂ ਹੋ ਗਏ ਹਨ। ਅਕਾਲੀ ਦਲ (ਟਕਸਾਲੀ) ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਲਦੀ ਇਸ ਸਬੰਧੀ ਮੀਟਿੰਗ ਸੱਦੀ ਜਾ ਰਹੀ ਹੈ ਜਿਸ ਵਿਚ ਜਥੇਬੰਦੀ ਨਾਲ ਜੁੜੇ ਅਕਾਲੀ ਆਗੂ ਇਕੱਠੇ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਮੀਟਿੰਗ ਵਿਚ ਮੁਢਲੇ ਪੜਾਅ ਵਿਚ ਤਾਲਮੇਲ ਕਮੇਟੀ ਕਾਇਮ ਕੀਤੀ ਜਾਵੇਗੀ ਜੋ ਆਪਸੀ ਇਕਜੁੱਟਤਾ ਲਈ ਉਪਰਾਲੇ ਕਰੇਗੀ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਦਸੰਬਰ ਮਹੀਨੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ। ਇਸ ਮੌਕੇ ਅਕਾਲੀ ਦਲ (ਟਕਸਾਲੀ) ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਡਾæ ਰਤਨ ਸਿੰਘ ਅਜਨਾਲਾ, ਡਾæ ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ ਤੋਂ ਇਲਾਵਾ ਹੋਰ ਅਕਾਲੀ ਦਲਾਂ ਦੇ ਆਗੂ ਇਕ ਮੰਚ ਉਤੇ ਪੁੱਜੇ ਸਨ ਜਿਨ੍ਹਾਂ ਵਿਚ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਹੋਏ ਸਨ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ 1920 ਦੇ ਰਵੀਇੰਦਰ ਸਿੰਘ, ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਵੱਖ-ਵੱਖ ਫੈਡਰੇਸ਼ਨ ਧੜਿਆਂ ਦੇ ਆਗੂ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਇਕ ਮੰਚ ਉਤੇ ਇਕੱਠੇ ਹੁੰਦਿਆਂ ਹੋਰ ਨਿਰਾਸ਼ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਵੀ ਇਕ ਮੰਚ ਉਤੇ ਇਕੱਠੇ ਹੋਣ ਅਤੇ ਪੁਰਾਤਨ ਅਕਾਲੀ ਦਲ ਦੀ ਸੁਰਜੀਤੀ ਦਾ ਹੋਕਾ ਦਿੱਤਾ ਸੀ।
ਹੁਣ ਢੀਂਡਸਾ ਖਿਲਾਫ ਕਾਰਵਾਈ ਤੋਂ ਬਾਅਦ ਬਾਦਲ ਵਿਰੋਧੀ ਅਕਾਲੀ ਧਿਰਾਂ ਮੁੜ ਸਰਗਰਮ ਹੋ ਗਈਆਂ ਹਨ। ਮੰਨਿਆ ਜਾ ਰਿਹਾ ਕਿ ਇਨ੍ਹਾਂ ਪੰਥਕ ਧਿਰਾਂ ਦਾ ਪਹਿਲਾ ਟੀਚਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ। ਬਾਦਲ ਵਿਰੋਧੀ ਸਾਰੇ ਧੜੇ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣਗੇ। ਇਸੇ ਆਧਾਰ ਉਥੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਜ਼ਿਆਦਾਤਰ ਟਕਸਾਲੀ ਆਗੂਆਂ ਦਾ ਮੰਨਣਾ ਹੈ ਕਿ ਬਾਦਲ ਪਰਿਵਾਰ ਤੋਂ ਅਕਾਲੀ ਦਲ ਦੇ ਛੁਟਕਾਰੇ ਲਈ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੋਂ ਗਲਬਾ ਤੋੜਨਾ ਲਾਜ਼ਮੀ ਹੈ। ਪੰਥਕ ਸਿਆਸਤ ਵਿਚ ਢੀਂਡਸਾ ਪਰਿਵਾਰ ਦੀ ਸਥਿਤੀ ਕਾਫੀ ਮਜ਼ਬੂਤ ਹੈ। ਢੀਂਡਸਾ ਨੇ ਕਈ ਅਜਿਹੇ ਮੁੱਦੇ ਉਠਾਏ ਹਨ ਜੋ ਪੰਥਕ ਧਿਰਾਂ ਅਤੇ ਸਾਧਾਰਨ ਲੋਕ ਲੰਮੇ ਸਮੇਂ ਤੋਂ ਉਠਾਉਂਦੇ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਾ ਮੁਖੀ ਨੂੰ ਮੁਆਫੀ ਅਤੇ ਬੇਅਦਬੀ ਦਾ ਵਿਰੋਧ ਕਰਨ ਵਾਲਿਆਂ ਉਤੇ ਪੁਲਿਸ ਫਾਇਰਿੰਗ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਨਾਕਾਮੀ ਹੁਣ ਵੀ ਵੱਡੇ ਮੁੱਦੇ ਹਨ। ਇਹ ਵੀ ਸੱਚਾਈ ਹੈ ਕਿ ਮੁੱਖ ਅਕਾਲੀ ਦਲ ਤੋਂ ਵੱਖ ਹੋਈਆਂ ਧਿਰਾਂ ਨੂੰ ਸਿਆਸੀ ਸਫਲਤਾ ਨਹੀਂ ਮਿਲੀ ਪਰ ਇਸ ਵਾਰ ਸੰਕਟ ਕੁਝ ਅਲਗ ਤਰ੍ਹਾਂ ਦਾ ਹੈ ਕਿਉਂਕਿ ਅਕਾਲੀ ਦਲ ਨੂੰ ਉਸ ਦੇ ਪੰਥਕ ਅਕਸ ਦੇ ਫਿੱਕਾ ਪੈਣ ਦੇ ਬਣੇ ਪ੍ਰਭਾਵ ਤੋਂ ਮੁਕਤ ਹੋਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ।
_______________________
ਚੰਦੂਮਾਜਰਾ ਦੀ ਵੀ ਬਗਾਵਤ?
ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਦੀ ਮੁੱਖ ਲੀਡਰਸ਼ਿਪ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਵਲੋਂ ਮੁਅੱਤਲ ਕੀਤੇ ਢੀਂਡਸਾ ਪਿਤਾ-ਪੁੱਤਰ ਖਿਲਾਫ ਜਾਰੀ ਕੀਤੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਪਾਰਟੀ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਕਿ ਅਕਾਲੀ ਦਲ ਵਲੋਂ ਢੀਂਡਸਾ ਪਿਤਾ ਪੁੱਤਰ ਖਿਲਾਫ ਜੋ ਬਿਆਨ ਜਾਰੀ ਕੀਤਾ, ਉਸ ਸਬੰਧੀ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਖਿਲਾਫ ਜੋ ਸ਼ਬਦਾਵਲੀ ਵਰਤੀ ਗਈ ਹੈ, ਉਹ ਵੀ ਇਤਰਾਜ਼ਯੋਗ ਹੈ। ਇਸੇ ਦੌਰਾਨ ਬਾਦਲ ਵਿਰੋਧੀ ਅਕਾਲੀਆਂ ਵਲੋਂ 18 ਜਨਵਰੀ ਨੂੰ ਦਿੱਲੀ ਦੇ Ḕਕੰਸਟੀਟਿਊਸ਼ਨ ਕਲੱਬḔ ਵਿਚ ਮੀਟਿੰਗ ਸੱਦ ਲਈ ਗਈ ਹੈ।