ਪਾਕਿਸਤਾਨ ਵਿਚ ਹੋਈਆਂ ਚੋਣਾਂ ਨੇ ਸੰਸਾਰ ਭਰ ਦੇ ਲੋਕਾਂ ਅਤੇ ਮਾਹਿਰਾਂ ਦਾ ਧਿਆਨ ਖਿੱਚਿਆ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ। ਵੱਡਾ ਕਾਰਨ ਤਾਂ ਇਹੀ ਹੈ ਕਿ ਪਾਕਿਸਤਾਨ ਦੇ ਕਦਮ ਜਿਸ ਤਰ੍ਹਾਂ ਡਗ-ਮਗਾ ਰਹੇ ਸਨ ਅਤੇ ਜਿਸ ਤਰ੍ਹਾਂ ਦੀ ਸਿਆਸਤ ਉਥੇ ਹੋ ਰਹੀ ਸੀ, ਉਸ ਨਾਲ ਪਾਕਿਸਤਾਨ ਦੀ ਹੋਂਦ ਬਾਰੇ ਹੀ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਪਿਛਲੇ ਛੇ ਦਹਾਕਿਆਂ ਦੇ ਇਤਿਹਾਸ ਦੌਰਾਨ ਪਾਕਿਸਤਾਨ ਵਿਚ ਫੌਜ ਦਾ ਦਾਬਾ ਰਿਹਾ ਹੈ। ਇਸ ਵਾਰ ਵੀ ਭੈਅ ਸੀ ਕਿ ਫੌਜ ਕਿਤੇ ਨਾ ਕਿਤੇ ਫਾਨਾ ਗੱਡ ਸਕਦੀ ਹੈ, ਪਰ ਇਸ ਵਾਰ ਪਾਕਿਸਤਾਨ ਦੇ ਇਤਿਹਾਸ ਦੀਆਂ ਚੋਣਾਂ ਜਮਹੂਰੀ ਢੰਗ ਨਾਲ ਹੋਈਆਂ ਅਤੇ ਲੋਕਾਂ ਨੇ ਦਹਿਸ਼ਤਪਸੰਦਾਂ ਦੀਆਂ ਧਮਕੀਆਂ ਦੇ ਬਾਵਜੂਦ ਹੁੰਮ-ਹੁਮਾ ਕੇ ਵੋਟਾਂ ਪਾਈਆਂ। ਇਸ ਤੋਂ ਵੀ ਵੱਡੀ ਗੱਲ ਇਹ ਕਿ ਇਨ੍ਹਾਂ ਚੋਣਾਂ ਦਾ ਭਾਰਤ ਨੂੰ ਕਿਤੇ ਵੱਧ ਨਫਾ ਹੋਇਆ ਹੈ। ਪਿਛਲੇ ਕੁਝ ਸਮੇਂ ਦੌਰਾਨ ਉਪਰੋਥਲੀ ਵਾਪਰੀਆਂ ਘਟਨਾਵਾਂ ਨਾਲ ਜਿਸ ਤਰ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਰਿਹਾ ਸੀ ਤੇ ਸਬੰਧ ਵਿਗੜਨ ਦਾ ਖਦਸ਼ਾ ਪੈਦਾ ਹੋ ਰਿਹਾ ਸੀ, ਇਨ੍ਹਾਂ ਚੋਣਾਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਦਿਖਾਈ ਦਰਿਆ-ਦਿਲੀ ਨੇ ਇਕ ਤਰ੍ਹਾਂ ਨਾਲ ਨਵੀਂ ਸਵੇਰ ਦਾ ਹੀ ਆਗਾਜ਼ ਕੀਤਾ ਹੈ। ਪਹਿਲਾਂ ਭਾਰਤ ਵੱਲੋਂ ਧਮਾਕਿਆਂ ਦੇ ਦੋਸ਼ ਵਿਚ ਫੜੇ ਪਾਕਿਸਤਾਨੀ ਨੌਜਵਾਨ ਅਜਮਲ ਕਸਾਬ ਤੇ ਫਿਰ ਕਸ਼ਮੀਰੀ ਨੌਜਵਾਨ ਨੂੰ ਚੁੱਪ-ਚੁਪੀਤੇ ਫਾਂਸੀ, ਫਿਰ ਪਾਕਿਸਤਾਨੀ ਫੌਜੀਆਂ ਵੱਲੋਂ ਭਾਰਤੀ ਫੌਜੀ ਦਾ ਸਿਰ ਕਲਮ ਕਰਨਾ, ਫਿਰ ਲਾਹੌਰ ਜੇਲ੍ਹ ਵਿਚ ਭਾਰਤੀ ਕੈਦੀ ਸਰਬਜੀਤ ਸਿੰਘ ਤੇ ਜੰਮੂ ਜੇਲ੍ਹ ਵਿਚ ਪਾਕਿਸਤਾਨੀ ਕੈਦੀ ਉਤੇ ਹਮਲੇ, ਤੇ ਫਿਰ ਦੋਹਾਂ ਦੀ ਮੌਤ ਨੇ ਦੋਹਾਂ ਦੇਸ਼ਾਂ ਵਿਚ ਵਿਚਕਾਰ ਪਾੜ ਪਾ ਦਿੱਤਾ ਸੀ। ਦੋਹਾਂ ਦੇਸ਼ਾਂ ਦਾ ਵਿਰਸਾ ਤੇ ਵਿਰਾਸਤ ਅਤੇ ਫਿਕਰ ਤੇ ਮੁਸ਼ਕਿਲਾਂ ਸਾਂਝੀਆਂ ਹੋਣ ਦੇ ਬਾਵਜੂਦ ਮੁੱਢ ਤੋਂ ਹੀ ਤਣਾਅ ਰਿਹਾ ਹੈ। ਇਸ ਤਣਾਅ ਨੇ ਇਕ ਵਾਰ ਨਹੀਂ, ਸਗੋਂ ਕਈ ਵਾਰ ਜੰਗਾਂ ਵੀ ਕਰਵਾਈਆਂ ਪਰ ਇਹ ਗੱਲ ਸੌ ਫੀਸਦੀ ਸੱਚ ਹੈ ਕਿ ਦੋਹਾਂ ਦੇਸ਼ਾਂ ਦੇ ਆਵਾਮ ਇਕ-ਦੂਜੇ ਨੂੰ ਗਲਵੱਕੜੀ ਵਿਚ ਲੈਣ ਲਈ ਸਦਾ ਹੀ ਤਿਆਰ ਰਹੇ ਹਨ। ਅਸਲ ਵਿਚ ਦੋਹਾਂ ਪਾਸਿਆਂ ਦੇ ਸਿਆਸਤਦਾਨਾਂ ਵੱਲੋਂ ਸਿਆਸਤ ਹੀ ਅਜਿਹੀ ਖੇਡੀ ਗਈ ਕਿ ਤਣਾਅ ਕੱਟਣ ਲਈ ਕੋਈ ਹੀਲਾ-ਵਸੀਲਾ ਬਣ ਨਹੀਂ ਸਕਿਆ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਦੋਹਾਂ ਦੇਸ਼ਾਂ ਵਿਚ ਤਣਾਅ ਦਾ ਸਭ ਤੋਂ ਵੱਧ ਖਮਿਆਜਾ ਦੋਹਾਂ ਪੰਜਾਬਾਂ ਨੂੰ ਹੀ ਭੁਗਤਣਾ ਪਿਆ ਹੈ। ਇਤਿਹਾਸ ਗਵਾਹ ਹੈ ਕਿ ‘ਅਮਨ ਦੇ ਵਕਤਾਂ’ ਦੌਰਾਨ ਦੋਹਾਂ ਪੰਜਾਬਾਂ ਵਿਚ ਹਰ ਪੱਧਰ ‘ਤੇ ਰਾਬਤਾ ਵਧਿਆ ਹੈ ਅਤੇ ਵਪਾਰ ਲਈ ਰਾਹ ਮੋਕਲੇ ਹੁੰਦੇ ਰਹੇ ਹਨ, ਪਰ ਹਰ ਵਾਰ ਕਿਸੇ ਨਾ ਕਿਸੇ ਘਟਨਾ ਨੇ ਇਸ ਵਿਚ ਵਿਘਨ ਪਾਇਆ ਅਤੇ ਫਿਰ ਗੱਲ ਮੁੜ ਤੋਂ ਸਿਫਰ ਤੋਂ ਸ਼ੁਰੂ ਕਰਨੀ ਪੈਂਦੀ ਰਹੀ ਹੈ।
ਪਾਕਿਸਤਾਨ ਵਿਚ ਇਸ ਵੇਲੇ ਹਾਲਾਤ ਅਸਾਧਾਰਨ ਹਨ। ਭਾਰਤ ਵਾਂਗ ਭ੍ਰਿਸ਼ਟਾਚਾਰ ਤਾਂ ਸਿਖਰਾਂ ‘ਤੇ ਹੈ ਹੀ, ਮਜ਼ਹਬੀ ਕੱਟੜ ਜਥੇਬੰਦੀਆਂ ਨੇ ਦੇਸ਼ ਨੂੰ ਗੋਡਿਆਂ ਪਰਨੇ ਕੀਤਾ ਹੋਇਆ ਹੈ। ਕਤਲੋਗਾਰਤ ਦਾ ਸਿਲਸਿਲਾ ਟੁੱਟ ਨਹੀਂ ਰਿਹਾ। ਗੁਆਂਢੀ ਦੇਸ਼ ਅਫਗਾਨਿਸਤਾਨ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਜਿਥੇ ਕਈ ਦਹਾਕਿਆਂ ਤੋਂ ਖਾਨਾਜੰਗੀ ਚੱਲ ਰਹੀ ਹੈ। ਉਥੇ ਕੱਟੜਪੰਥੀ ਤਾਕਤਾਂ ਵਾਹਵਾ ਹੀ ਤਕੜੀਆਂ ਹਨ ਅਤੇ ਉਨ੍ਹਾਂ ਨੇ ਸਰਕਾਰ ਨੂੰ ਇਕ ਵੀ ਦਿਨ ਚੈਨ ਨਾਲ ਗੁਜ਼ਾਰਨ ਨਹੀਂ ਦਿੱਤਾ। ਇਸ ਦੇ ਨਾਲ ਹੀ ਅਮਰੀਕਾ ਦਾ ਅਸਰ ਵੀ ਫਰਕ ਪਾ ਰਿਹਾ ਹੈ। ਅਮਰੀਕਾ ਦੀਆਂ ਸਿਆਸੀ, ਭੂਗੋਲਕ, ਆਰਥਿਕ ਅਤੇ ਹੋਰ ਗਿਣਤੀਆਂ-ਮਿਣਤੀਆਂ ਨੇ ਪਾਕਿਸਤਾਨੀ ਸਿਆਸਤਦਾਨਾਂ ਨੂੰ ਹੱਥਲ ਕੀਤਾ ਹੋਇਆ ਹੈ। ਇਸੇ ਕਰ ਕੇ ਕੁਝ ਸਿਆਸੀ ਵਿਸ਼ਲੇਸ਼ਕਾਂ ਨੇ ਇਨ੍ਹਾਂ ਚੋਣਾਂ ਬਾਰੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਹਨ। ਨੌਮ ਚੌਮਸਕੀ ਵਰਗੇ ਕਹਿੰਦੇ-ਕਹਾਉਂਦੇ ਵਿਦਵਾਨ ਨੇ ਸਾਫ ਕਿਹਾ ਹੈ ਕਿ ਪਾਕਿਸਤਾਨ ਵਿਚ ਸੱਤਾ ਸੰਭਾਲ ਰਹੇ ਮੀਆਂ ਨਵਾਜ਼ ਸ਼ਰੀਫ ਤੋਂ ਕੋਈ ਬਹੁਤੀ ਵੱਡੀ ਆਸ ਕਰਨੀ ਵਾਜਬ ਨਹੀਂ ਹੈ, ਕਿਉਂਕਿ ਪਾਕਿਸਤਾਨ ਦੇ ਹੋਰ ਸਿਆਸੀ ਲੀਡਰਾਂ ਵਾਂਗ ਉਹ ਵੀ ਆਪਣੀ ਹੋਣੀ ਦੇ ਆਪ ਹੀ ਗੁਲਾਮ ਬਣੇ ਹੋਏ ਹਨ। ਪਾਕਿਸਤਾਨ ਵਿਚ ਸੰਘੀ ਢਾਂਚੇ ਦੀ ਸੰਘੀ ਘੁੱਟਣ ਨੇ ਵੀ ਕਈ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹਨ। ਸਿੰਧ ਅਤੇ ਬਲੋਚਿਸਤਾਨ ਵਰਗੇ ਸੂਬਿਆਂ ਨੂੰ ਪੰਜਾਬ ਦੀ ‘ਤਾਨਾਸ਼ਾਹੀ’ ਨਾਲ ਸਦਾ ਹੀ ਸਮੱਸਿਆ ਰਹੀ ਹੈ। ਫੌਜ ਦਾ ਤਾਂ ਮੁੱਢ ਤੋਂ ਹੀ ਇਕ ਖਾਸ ਏਜੰਡਾ ਰਿਹਾ ਹੈ ਅਤੇ ਇਸ ਨੇ ਪਿਛਲੇ ਛੇ ਦਹਾਕਿਆਂ ਦੌਰਾਨ ਕਿਸੇ ਨਾ ਕਿਸੇ ਰੂਪ ਵਿਚ ਸਰਦਾਰੀ ਵਾਲੀ ਭੂਮਿਕਾ ਨਿਭਾਈ ਹੈ। ਇਹ ਹਨ ਸਾਰੇ ਉਹ ਹਾਲਾਤ ਜਿਨ੍ਹਾਂ ਨੇ ਪਾਕਿਸਤਾਨ ਵਿਚ ਨਵੀਂ ਬਣਨ ਵਾਲੀ ਸਰਕਾਰ ਉਤੇ ਵੀ ਬਿਨਾਂ ਸ਼ੱਕ ਅਸਰ-ਅੰਦਾਜ਼ ਹੋਣਾ ਹੈ। ਚੰਗੀ ਗੱਲ ਇਹ ਹੋਈ ਹੈ ਕਿ ਮੀਆਂ ਨਵਾਜ਼ ਸ਼ਰੀਫ ਨੇ ਭਾਰਤ ਨਾਲ ਬੜਾ ਮੋਹ-ਪਿਆਰ ਜ਼ਾਹਿਰ ਕੀਤਾ ਹੈ। ਉਂਜ ਵੀ ਦੋਹਾਂ ਦੇਸ਼ਾਂ ਦੇ ਸਿਆਸਤਦਾਨਾਂ ਨੇ ਜੰਗਬਾਜ਼ ਨੀਤੀਆਂ ਉਤੇ ਚੱਲ ਕੇ ਦੇਖ ਹੀ ਲਿਆ ਹੈ। ਇੰਨੀਆਂ ਜੰਗਾਂ ਲੜ ਕੇ ਕਿਸੇ ਦਾ ਕੁਝ ਵੀ ਨਹੀਂ ਸੰਵਰਿਆ, ਸਗੋਂ ਮਸਲੇ ਗੁੰਝਲਦਾਰ ਜ਼ਰੂਰ ਹੋਏ ਹਨ। ਇਨ੍ਹਾਂ ਵਿਚ ਹੋਰ ਮਸਲਿਆਂ ਦੇ ਨਾਲ-ਨਾਲ ਕਸ਼ਮੀਰ ਦਾ ਮਾਮਲਾ ਸਭ ਤੋਂ ਅਹਿਮ ਹੈ। ਕੁਝ ਜ਼ਿਆਦਾ ਹੀ ਭਾਵੁਕ ਲੋਕ ਵਾਰ-ਵਾਰ ਦੋਹਾਂ ਪੰਜਾਬਾਂ ਦੇ ਏਕੇ ਦੀ ਗੱਲ ਅਕਸਰ ਤੋਰਦੇ ਹਨ। ਹਕੀਕਤ ਇਹ ਹੈ ਕਿ ਦੋ ਪੰਜਾਬ ਹੁਣ ਦੋ ਵੱਖ-ਵੱਖ ਦੇਸ਼ਾਂ ਦੇ ਸੂਬੇ ਹਨ। ਇਨ੍ਹਾਂ ਦੀ ਆਪੋ-ਆਪਣੀ ਵੱਖਰੀ ਹੋਂਦ ਹੈ। ਇਸ ਤੱਥ ਨੂੰ ਸਵੀਕਾਰ ਕਰ ਹੀ ਲੈਣਾ ਚਾਹੀਦਾ ਹੈ ਅਤੇ ਇਹੀ ਪਹੁੰਚ ਕਸ਼ਮੀਰ ਬਾਰੇ ਹੋਣੀ ਚਾਹੀਦੀ ਹੈ। ਦੂਜੇ, ਦੋਹੀਂ ਪਾਸੀਂ ਜੰਗਬਾਜ਼ਾਂ ਅਤੇ ਮਜ਼ਹਬੀ ਜਨੂੰਨੀਆਂ ਨੂੰ ਨੱਥ ਵੀ ਪਾ ਕੇ ਰੱਖਣੀ ਪਵੇਗੀ। ਹੁਣ ਇਕ ਵਾਰ ਫਿਰ ਮੌਕਾ ਮਿਲਿਆ ਹੈ ਕਿ ਅਮਨ ਦੀ ਸੱਦ ਲਾਈ ਜਾਵੇ। ਇਸ ਮੌਕੇ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਹੁਣ ਤਾਂ ਇਸ ਮਾਮਲੇ ਵਿਚ ਦੋਹਾਂ ਪਾਸਿਆਂ ਦੀ ਸਿਵਲ ਸੁਸਾਇਟੀ ਨੂੰ ਵੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਬਥੇਰੀਆਂ ਮਿਸਾਲਾਂ ਮਿਲ ਜਾਂਦੀਆਂ ਹਨ ਜਿਥੇ ਸਿਵਲ ਸੁਸਾਇਟੀ ਨੇ ਉਲਟ ਦਿਸ਼ਾ ਵੱਲ ਜਾ ਰਹੇ ਸਿਆਸਤਦਾਨਾਂ ਦਾ ਰਾਹ ਡੱਕ ਕੇ ਉਨ੍ਹਾਂ ਨੂੰ ਲੀਹੇ ਪਾਉਣ ਦਾ ਅਹਿਮ ਕਾਰਜ ਨਿਭਾਇਆ ਹੈ।
Leave a Reply